ਤਰਨ ਤਾਰਨ: ਨੇੜਲੇ ਪਿੰਡ ਡਾਲੇਕੇ ਵਿਚ ਨਗਰ ਕੀਰਤਨ ਦੌਰਾਨ ਚਲਾਏ ਜਾਣ ਵਾਲੇ ਪਟਾਕਿਆਂ ਦੀਆਂ ਬੋਰੀਆਂ ਨੂੰ ਅੱਗ ਲੱਗ ਜਾਣ ਨਾਲ ਹੋਏ ਧਮਾਕੇ ਕਾਰਨ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 20 ਤੋਂ ਵੀ ਵੱਧ ਜਖਮੀ ਹੋ ਗਏ। ਜਖਮੀਆਂ ਵਿਚੋਂ 11 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹੀਦ ਬਾਬਾ ਦੀਪ ਸਿੰਘ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਪਹੁਵਿੰਡ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਤੋਂ ਗੁਰਦੁਆਰਾ ਟਾਹਲਾ ਸਾਹਿਬ ਚੱਬਾ ਜਾ ਰਿਹਾ ਸੀ।
ਨਗਰ ਕੀਰਤਨ ਜਦੋਂ ਪਿੰਡ ਡਾਲੇਕੇ ਪੁੱਜਿਆ ਤਾਂ ਇਸ ਵਿਚ ਸ਼ਾਮਲ ਸ਼ਰਧਾਲੂਆਂ ਵਲੋਂ ਚਲਾਈ ਜਾ ਰਹੀ ਆਤਿਸ਼ਬਾਜ਼ੀ ‘ਚੋਂ ਨਿਕਲੇ ਚੰਗਿਆੜਿਆਂ ਨਾਲ ਟਰਾਲੀ ਵਿਚ ਬੋਰੀਆਂ ਵਿਚ ਰੱਖੇ ਪਟਾਕਿਆਂ ਨੂੰ ਅੱਗ ਲੱਗ ਗਈ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ। ਇਸ ਕਾਰਨ ਮੌਕੇ ਉਤੇ ਹਫੜਾ-ਦਫੜੀ ਮੱਚ ਗਈ। ਹਾਦਸੇ ਵਿਚ ਇਕ ਬੱਚੇ ਦੀ ਮੌਕੇ ਉਤੇ ਹੀ ਮੌਤ ਹੋ ਗਈ। ਉਸ ਦੇ ਸਰੀਰ ਦੇ ਚੀਥੜੇ ਦੂਰ-ਦੂਰ ਤੱਕ ਖਿੱਲਰ ਗਏ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਪਹੁਵਿੰਡ ਵਜੋਂ ਹੋਈ ਹੈ। ਧਮਾਕੇ ਵਿਚ ਗੰਭੀਰ ਜਖਮੀ ਹੋਏ 12 ਵਰ੍ਹਿਆਂ ਦੇ ਗੁਰਪ੍ਰੀਤ ਸਿੰਘ ਵਾਸੀ ਪਹੁਵਿੰਡ ਦੀ ਇਥੋਂ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।
ਤੀਜੇ ਮ੍ਰਿਤਕ ਦੀ ਪਛਾਣ 16 ਸਾਲਾ ਗੁਰਕੀਰਤ ਸਿੰਘ ਵਜੋਂ ਹੋਈ ਹੈ। ਧਮਾਕੇ ਕਾਰਨ ਜਖਮੀ ਹੋਏ 13 ਸ਼ਰਧਾਲੂਆਂ ਨੂੰ ਇਥੋਂ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੋਂ 11 ਦੀ ਹਾਲਤ ਗੰਭੀਰ ਹੋਣ ਕਰਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਕਈ ਹੋਰ ਜਖਮੀਆਂ ਨੂੰ ਇਥੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਖਮੀਆਂ ਵਿਚ ਗੁਰਸਿਮਰਨ ਸਿੰਘ, ਗੁਰਨੂਰ ਸਿੰਘ, ਹਰਮਨ ਸਿੰਘ, ਦਵਿੰਦਰ ਸਿੰਘ, ਨਰਾਇਣਦੀਪ ਸਿੰਘ, ਅਜੇਪਾਲ ਸਿੰਘ, ਅਨਮੋਲਪ੍ਰੀਤ ਸਿੰਘ, ਸਰਗੁਣਪ੍ਰੀਤ ਸਿੰਘ, ਪਰਮਜੋਤ ਸਿੰਘ, ਸਰਬਜੋਤ ਸਿੰਘ, ਕਿਰਤ ਸਿੰਘ ਆਦਿ ਸ਼ਾਮਲ ਹਨ। ਜਖਮੀਆਂ ਵਿਚੋਂ ਜ਼ਿਆਦਾਤਰ ਦੀ ਉਮਰ 15 ਤੋਂ 25 ਸਾਲ ਵਿਚਾਲੇ ਹੈ। ਨਗਰ ਕੀਰਤਨ ਦਾ ਪ੍ਰਬੰਧ ਅੰਮ੍ਰਿਤਸਰ ਵਾਲੇ ਭਾਈ ਗੁਰਕਿਰਪਾਲ ਸਿੰਘ ਵਲੋਂ ਕੀਤਾ ਗਿਆ ਸੀ।
____________________________________________
ਮੁਫਤ ਇਲਾਜ ਕਰਾਏਗੀ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ: ਨਗਰ ਕੀਰਤਨ ਦੌਰਾਨ ਪਟਾਕਿਆਂ ਨੂੰ ਅੱਗ ਲੱਗਣ ਕਾਰਨ ਵਾਪਰੇ ਹਾਦਸੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਡੂੰਘਾ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਇਸ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਜਖਮੀਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਹਾਦਸਾ ਬੇਹੱਦ ਦੁਖਦਾਈ ਹੈ ਅਤੇ ਇਸ ਦੁੱਖ ਦੀ ਘੜੀ ਵਿਚ ਸ਼੍ਰੋਮਣੀ ਕਮੇਟੀ ਪੀੜਤਾਂ ਦੇ ਨਾਲ ਹੈ। ਸ਼੍ਰੋਮਣੀ ਕਮੇਟੀ ਜਖਮੀਆਂ ਦਾ ਬਿਲਕੁਲ ਮੁਫਤ ਇਲਾਜ ਕਰੇਗੀ ਅਤੇ ਇਸ ਸਬੰਧੀ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਪ੍ਰਬੰਧ ਕੀਤਾ ਗਿਆ ਹੈ। ਇਸੇ ਦੌਰਾਨ ਤਖਤ ਸ੍ਰੀ ਕੇਸਗੜ੍ਹ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਨਗਰ ਕੀਰਤਨ ਦੌਰਾਨ ਵਾਪਰੇ ਹਾਦਸੇ ਨੂੰ ਮੰਦਭਾਗਾ ਆਖਦਿਆਂ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਤੇ ਜਖਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕੀਤੀ।
ਕੈਪਟਨ ਵੱਲੋਂ ਮੈਜਿਸਟ੍ਰੇਟੀ ਜਾਂਚ ਦੇ ਹੁਕਮ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨ ਤਾਰਨ ਵਿਚ ਵਾਪਰੇ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਦੀ ਮੈਜਿਸਟ੍ਰੇਟੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਐਸ਼ਡੀ.ਐਮ. ਤਰਨ ਤਾਰਨ ਨੂੰ ਘਟਨਾ ਦੀ ਜਾਂਚ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕਿਹਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦਿੱਤੇ ਜਾਣਗੇ ਤੇ ਸਿਵਲ ਹਸਪਤਾਲ ਤੇ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਜਖਮੀਆਂ ਦਾ ਮੁਫਤ ਇਲਾਜ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਤਰਨ ਤਾਰਨ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੇ ਜਾਣ ਦੀ ਹਦਾਇਤ ਕੀਤੀ ਹੈ।