ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਵਿਚ ਭਾਵੇਂ ਅਜੇ ਦੋ ਸਾਲ ਦਾ ਸਮਾਂ ਬਾਕੀ ਹੈ ਪਰ ਰਾਜਨੀਤਕ ਹਾਲਾਤ ਦੇ ਚੱਲਦਿਆਂ ਮਾਲਵਾ ਖਿੱਤੇ-ਖਾਸ ਤੌਰ ਉਤੇ ਸੰਗਰੂਰ-ਬਰਨਾਲਾ ਜ਼ਿਲ੍ਹਿਆਂ ਦਾ ਰਾਜਨੀਤਕ ਅਖਾੜਾ ਹੁਣ ਤੋਂ ਹੀ ਗਰਮਾਉਣਾ ਸ਼ੁਰੂ ਹੋ ਗਿਆ।
ਸੰਗਰੂਰ-ਬਰਨਾਲਾ ਜ਼ਿਲ੍ਹੇ ਜੋ ਕਿ ਅਕਾਲੀ ਦਲ ਦੇ ਵੱਡੇ ਥੰਮ ਮੰਨੇ ਜਾਂਦੇ ਸੁਖਦੇਵ ਸਿੰਘ ਢੀਂਡਸਾ ਦੇ ਆਪਣੇ ਜ਼ਿਲ੍ਹੇ ਹਨ, ਵਿਚ ਇਸ ਵੇਲੇ ਰਾਜਨੀਤਕ ਉਥਲ ਪੁੱਥਲ ਪੂਰੇ ਉਫਾਨ ਉਤੇ ਹੈ। 2 ਫਰਵਰੀ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪੂਰੀ ਅਕਾਲੀ ਲੀਡਰਸ਼ਿਪ ਨੇ ਅਨਾਜ ਮੰਡੀ ਸੰਗਰੂਰ ਵਿਚ ਵੱਡੀ ਰੈਲੀ ਕਰ ਕੇ ਢੀਂਡਸਾ ਪਰਿਵਾਰ ਲਈ ਚੁਣੌਤੀ ਪੇਸ਼ ਕਰਦਿਆਂ ਇਹ ਸਿੱਧ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਕਿ ਅਕਾਲੀ ਦਲ ‘ਚ ਕਿਸੇ ਵਿਸ਼ੇਸ਼ ਵਿਅਕਤੀ ਦੀ ਅਹਿਮੀਅਤ ਨਹੀਂ ਬਲਕਿ ਪਾਰਟੀ ਨੂੰ ਹੀ ਅਕਾਲੀ ਦਲ ਦੇ ਵਰਕਰ ਮਾਨਤਾ ਦਿੰਦੇ ਹਨ।
ਢੀਂਡਸਾ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਇਸ ਰੈਲੀ ਨੂੰ ਆਪਣੇ ਲਈ ਵੱਡੀ ਰਾਜਨੀਤਕ ਚੁਣੌਤੀ ਮੰਨਦਿਆਂ 23 ਫਰਵਰੀ ਨੂੰ ‘ਬਾਦਲ ਭਜਾਓ, ਪੰਥ ਅਤੇ ਪੰਜਾਬ ਬਚਾਓ’ ਦੇ ਨਾਂ ਉਤੇ ਉਪਰੋਕਤ ਅਕਾਲੀ ਦਲ ਵਾਲੀ ਰੈਲੀ ਵਾਲੀ ਥਾਂ ਦੀ ਹੀ ਚੋਣ ਕਰਦਿਆਂ ਵੱਡੀ ਕਾਨਫਰੰਸ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦੇ 10 ਵਿਧਾਨ ਸਭਾ ਹਲਕਿਆਂ ਵਿਚ ਸ਼ ਢੀਂਡਸਾ ਦਾ ਵਿਆਪਕ ਜਨ ਆਧਾਰ ਮੰਨਿਆ ਜਾਂਦਾ ਹੈ। ਜੇ ਇਹ ਕਿਹਾ ਜਾਵੇ ਕਿ ਪਿਛਲੇ ਤਕਰੀਬਨ ਚਾਲੀ ਸਾਲ ਤੋਂ ਦੋਵਾਂ ਜ਼ਿਲ੍ਹਿਆਂ ਦੇ ਵਰਕਰਾਂ ਨੇ ਬਾਦਲਾਂ ਨੂੰ ਨਹੀਂ ਬਲਕਿ ਆਪਣੇ ਰਾਜਨੀਤਕ ਭਵਿੱਖ ਨੂੰ ਢੀਂਡਸਾ ਪਰਿਵਾਰ ਦੇ ਹੱਥਾਂ ਵਿਚ ਹੀ ਮਹਿਫੂਜ਼ ਮੰਨਿਆ ਹੈ। ਇਸ ਗੱਲ ਦੀ ਤਸਦੀਕ ਕਰਦਿਆਂ ਸ਼ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਲੋਕਾਂ ਦੀ ਹਾਜ਼ਰੀ ਵਿਚ ਵੀ ਮੰਨਿਆ ਸੀ ਕਿ ਢੀਂਡਸਾ ਪਰਿਵਾਰ ਦੀ ਮਰਜ਼ੀ ਬਗੈਰ ਦੋਵਾਂ ਜ਼ਿਲ੍ਹਿਆਂ ਵਿਚ ਪੱਤਾ ਵੀ ਨਹੀਂ ਹਿਲਦਾ ਸੀ। ਇਕੱਠ ਪੱਖੋਂ ਅਕਾਲੀ ਦਲ ਦੀ ਰੈਲੀ ਵੱਡਾ ਰਾਜਨੀਤਕ ਪ੍ਰਭਾਵ ਦੇਣ ਵਿਚ ਸਫਲ ਰਹੀ ਅਤੇ ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ ਦੀ ਗਰਮ ਤਕਰੀਰਾਂ ਨੂੰ ਇਕੱਠ ਨੇ ਜੈਕਾਰਿਆਂ ਨਾਲ ਆਪਣੀ ਹਾਮੀ ਵੀ ਭਰੀ ਪਰ ਰੈਲੀ ਉਪਰੰਤ ਬੁੱਧੀਜੀਵੀ ਵਰਗ ਭਾਵੇਂ ਉਹ ਟਕਸਾਲੀ ਅਕਾਲੀ ਸਨ ਜਾਂ ਅਮਨ ਪਸੰਦ ਸ਼ਹਿਰੀ ਸਨ, ਨੇ ਰੈਲੀ ਵਿਚ ਵਰਤੀ ਸ਼ਬਦਾਵਲੀ ਦੀ ਦੱਬਣੀ ਸੁਰ ਵਿਚ ਨਿਖੇਧੀ ਵੀ ਕੀਤੀ।
ਸ਼ ਸੁਖਦੇਵ ਸਿੰਘ ਢੀਂਡਸਾ ਵਰਗੇ ਬਜ਼ੁਰਗ ਸਿਆਸਤਦਾਨ ਜਿਨ੍ਹਾਂ ਦੇ ਮੂੰਹੋਂ ਕੋਈ ਕੌੜੀ-ਕੁਸੈਲੀ ਸ਼ਬਦਾਵਲੀ ਕਦੇ ਉਨ੍ਹਾਂ ਦੇ ਨੇੜਲੇ ਸਾਥੀਆਂ ਨੇ ਵੀ ਸ਼ਾਇਦ ਨਾ ਸੁਣੀ ਹੋਵੇ, ਉਨ੍ਹਾਂ ਪ੍ਰਤੀ ਸੁਖਬੀਰ ਸਿੰਘ ਬਾਦਲ ਵਲੋਂ ਵਰਤੀ ਗਲਤ ਸ਼ਬਦਾਵਲੀ ਦੀ ਕਲਪਨਾ ਸ਼ ਪ੍ਰਕਾਸ਼ ਸਿੰਘ ਬਾਦਲ ਨੇ ਵੀ ਨਹੀਂ ਕੀਤੀ ਹੋਵੇਗੀ। ਰਾਜਨੀਤਕ ਹਲਕਿਆਂ ਵਿਚ ਚਰਚਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਵਰਤੀ ਇਸ ਤਰ੍ਹਾਂ ਦੀ ਸ਼ਬਦਾਵਲੀ ਨੇ ਢੀਂਡਸਾ ਪਰਿਵਾਰ ਨੂੰ ਵੱਡੀ ਹਮਦਰਦੀ ਹੀ ਦਿਵਾਈ ਹੈ। ਹੁਣ 23 ਫਰਵਰੀ ਦੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਢੀਂਡਸਾ ਸਮਰਥਕ ਹੁਣ ਤੋਂ ਹੀ ਪੱਬਾਂ ਭਾਰ ਹੋਏ ਪਏ ਹਨ। ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਪਹਿਲਾਂ ਹੀ ਜ਼ਿਲ੍ਹੇ ਦੇ ਹਰ ਵਿਧਾਨ ਸਭਾ ਹਲਕੇ ਵਿਚ ਮੀਟਿੰਗਾਂ ਦਾ ਦੌਰ ਆਰੰਭ ਕਰ ਚੁੱਕੇ ਹਨ।
________________________________________
ਬਰਗਾੜੀ ਕਾਂਡ ਨੂੰ ਸੁਖਬੀਰ ਨੇ ਹੰਕਾਰ ‘ਚ ਦਬਾਇਆ: ਢੀਂਡਸਾ
ਸੰਗਰੂਰ: ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਤੇ ਦੋਸ਼ ਲਾਇਆ ਹੈ ਕਿ ਉਸ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਅਤੇ ਬਰਗਾੜੀ ਕਾਂਡ ਜਿਹੇ ਮੁੱਦਿਆਂ ਨੂੰ ਪੰਥਕ ਵਿਚਾਰਧਾਰਾ ਅਤੇ ਅਕਾਲੀ ਦਲ ਦੇ ਸਿਧਾਂਤਾਂ ਅਨੁਸਾਰ ਹੱਲ ਕਰਨ ਦੀ ਬਜਾਏ ‘ਹੰਕਾਰੀ’ ਲਹਿਜ਼ੇ ਵਿਚ ਦਬਾਇਆ ਸੀ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਮੁਆਫੀ ਦੇਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਸੰਵੇਦਨਸ਼ੀਲ ਮੁੱਦਿਆਂ ‘ਤੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਦਿੱਤੀਆਂ ਸਲਾਹਾਂ ਨੂੰ ਦਰਕਿਨਾਰ ਕਰ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਵਲੋਂ ਹਮੇਸ਼ਾ ਪੰਥ ਅਤੇ ਪੰਜਾਬ ਦੇ ਭਲੇ ਲਈ ਸੰਘਰਸ਼ ਲੜੇ ਗਏ ਹਨ ਪਰ ਸੁਖਬੀਰ ਨੇ ਤਾਂ ਬਗੈਰ ਕੋਈ ਸੰਘਰਸ਼ ਕੀਤਿਆਂ ਸਿਰਫ ਅਹੁਦਿਆਂ ਦਾ ਆਨੰਦ ਹੀ ਮਾਣਿਆ ਹੈ। ਇਸੇ ਕਾਰਨ ਸੁਖਬੀਰ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਦਾ ਹਾਣੀ ਨਹੀਂ ਬਣ ਸਕਿਆ।