ਚੰਡੀਗੜ੍ਹ: ਪੰਜਾਬ ਵਿਚ ਲੋੜੀਂਦਾ ਨਿਵੇਸ਼ ਨਾ ਹੋਣ ਦਾ ਮੁੱਦਾ ਚਰਚਾ ਦੇ ਕੇਂਦਰ ਵਿਚ ਰਹਿੰਦਾ ਹੈ। ਜੇਕਰ ਥੋੜ੍ਹਾ ਬਹੁਤ ਨਿਵੇਸ਼ ਹੁੰਦਾ ਵੀ ਹੈ ਤਾਂ ਸਿਆਸੀ ਪਾਰਟੀਆਂ ਅੰਦਰ ਸਿਹਰਾ ਲੈਣ ਦੀ ਦੌੜ ਕਾਰਨ ਪ੍ਰੋਜੈਕਟਾਂ ਦਾ ਕੰਮ ਲਮਕ ਜਾਂਦਾ ਹੈ। ਲੁਧਿਆਣਾ ਵਿਚ ਲਾਡੋਵਾਲ ਵਿਖੇ ਸਥਾਪਿਤ ਹੋ ਰਿਹਾ ਫੂਡ ਪਾਰਕ ਕੇਂਦਰ ਦੇ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਸੂਬਾ ਸਰਕਾਰ ਨੂੰ ਲਿਖੀ ਚਿੱਠੀ ਤੋਂ ਬਾਅਦ ਵਿਵਾਦਾਂ ਵਿਚ ਹੈ। ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਫੂਡ ਪਾਰਕ ਦੀ ਪ੍ਰਵਾਨਗੀ ਵਾਪਸ ਲੈਣ ਦੀ ਚਿਤਾਵਨੀ ਦਿੱਤੀ ਹੈ। ਇਸ ਪ੍ਰੋਜੈਕਟ ਉਤੇ ਕੇਂਦਰ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਗਈ ਹੈ ਜਿਸ ਦੀ ਕਿਸ਼ਤ ਵੀ ਅਜੇ ਬਾਕੀ ਹੈ।
ਸੂਚਨਾ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਪ੍ਰੋਜੈਕਟ ਉੱਤੇ ਵਿਵਾਦ ਪ੍ਰਸ਼ਾਸਨਿਕ ਨਾਲੋਂ ਰਾਜਨੀਤਿਕ ਜ਼ਿਆਦਾ ਹੈ। ਪੰਜਾਬ ਵਿਚ ਅਕਾਲੀ ਦਲ ਅਤੇ ਕਾਂਗਰਸ ਦਰਮਿਆਨ ਸਿਆਸੀ ਜ਼ੋਰ ਅਜ਼ਮਾਈ ਦਾ ਮੌਕਾ 2022 ਵਿਚ ਆਉਣਾ ਹੈ। ਮਸਲਾ ਪ੍ਰੋਜੈਕਟ ਦੇ ਉਦਘਾਟਨ ਕਰਨ ਨਾਲ ਜੁੜਿਆ ਹੋਇਆ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖੁਦ ਉਦਘਾਟਨ ਕਰਨ ਦੇ ਚਾਹਵਾਨ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਦਾ ਉਦਘਾਟਨ ਰਾਜ ਸਰਕਾਰ ਵੱਲੋਂ ਕਰਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਅਗਸਤ 2003 ਵਿਚ ਮੁਕੇਰੀਆਂ-ਗੁਰਦਾਸਪੁਰ ਪੁਲ ਦੇ ਉਦਘਾਟਨ ਨੂੰ ਲੈ ਕੇ ਟਕਰਾਅ ਪੈਦਾ ਹੋ ਗਿਆ ਸੀ। ਤਤਕਾਲੀ ਕੇਂਦਰੀ ਰਾਜ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਵਿਨੋਦ ਖੰਨਾ ਨੇ ਉਦਘਾਟਨ ਕਰ ਦਿੱਤਾ ਪਰ ਕੈਪਟਨ ਬਤੌਰ ਮੁੱਖ ਮੰਤਰੀ ਉਸ ਦਾ ਉਦਘਾਟਨ ਕਰਨਾ ਚਾਹੁੰਦੇ ਸਨ। ਗੁਰੂ ਨਾਨਕ ਸਾਹਿਬ ਦੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਮੌਕੇ ਖਾਸ ਤੌਰ ਉਤੇ ਕਰਤਾਰਪੁਰ ਲਾਂਘੇ ਦੇ ਸਮਾਗਮਾਂ ਬਾਰੇ ਵੀ ਪੰਜਾਬ ਸਰਕਾਰ, ਕੇਂਦਰ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਰਮਿਆਨ ਖਿੱਚੋਤਾਣ ਦੇਖਣ ਵਿਚ ਆਈ ਸੀ।
ਹਰਸਿਮਰਤ ਤੇ ਕੈਪਟਨ ਵਿਚਾਲੇ ਖਿੱਚੋਤਾਣ ਨੇ ਅਜਿਹੀਆਂ ਸਿਆਸੀ ਸਰਗਰਮੀਆਂ ਨੂੰ ਹੋਰ ਹੱਲਾਸ਼ੇਰੀ ਦਿੱਤੀ ਹੈ। ਸੂਤਰਾਂ ਦਾ ਦੱਸਣਾ ਹੈ ਕਿ ਸ੍ਰੀਮਤੀ ਬਾਦਲ ਅਤੇ ਕੈਪਟਨ ਸਰਕਾਰ ਦਰਮਿਆਨ ਖਿੱਚੋਤਾਣ ਪ੍ਰਸ਼ਾਸਕੀ ਨਾ ਹੋ ਕੇ ਰਾਜਸੀ ਹੈ ਤੇ ਦੋਵੇਂ ਧਿਰਾਂ ਵਿਚਾਲੇ ਸਿਆਸੀ ਲਾਭ ਲੈਣ ਦੀ ਦੌੜ ਹੈ। ਹਰਸਿਮਰਤ ਬਾਦਲ ਦੇ ਮੰਤਰਾਲੇ ਨੇ ਆਪਣੀ ਮੰਤਰੀ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਲੁਧਿਆਣਾ ਜ਼ਿਲ੍ਹੇ ਦੇ ਲਾਡੋਵਾਲ ਵਿਚ ਸਥਾਪਤ ਹੋਣ ਵਾਲੇ ‘ਮੈਗਾ ਫੂਡ ਪਾਰਕ’ ਦੀ ਪ੍ਰਵਾਨਗੀ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਮਾਰਕੀਟਿੰਗ ਅਫਸਰ ਜੀਤੇਂਦਰ ਪੀ ਡੌਂਗੇਰ ਨੇ ਚਿਤਾਵਨੀ ਵਾਲਾ ਪੱਤਰ ਪੰਜਾਬ ਐਗਰੋ ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਟਕਰ ਨੂੰ ਲਿਖਿਆ ਹੈ। ਬੀਬੀ ਬਾਦਲ ਦੀ ਅਗਵਾਈ ਹੇਠਲੇ ਮੰਤਰਾਲੇ ਨੇ ਸਪੱਸ਼ਟ ਕਿਹਾ ਹੈ ਕਿ ਇਸ ਫੂਡ ਪਾਰਕ ਲਈ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਵਾਪਸ ਲੈ ਲਈ ਜਾਵੇਗੀ।
ਰਾਜ ਦੇ ਖੇਤੀਬਾੜੀ ਵਿਭਾਗ ਨਾਲ ਸਬੰਧਤ ਸੀਨੀਅਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੇਂਦਰੀ ਮੰਤਰਾਲੇ ਦੇ ਇਸ ਪੱਤਰ ਉਤੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮੁੱਖ ਮੰਤਰੀ ਦਫਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਹਰਸਿਮਰਤ ਕੌਰ ਬਾਦਲ ਇਸ ਮੈਗਾ ਫੂਡ ਪਾਰਕ ਦਾ ਉਦਘਾਟਨ ਕਰਕੇ ਸਿਆਸੀ ਲਾਹਾ ਖੱਟਣਾ ਚਾਹੁੰਦੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਇਸ ਵੱਡੇ ਪ੍ਰੋਜੈਕਟ ਦਾ ਉਦਘਾਟਨ ਖੁਦ ਕਰਕੇ ਆਪਣੇ ਸਿਰ ਸਿਹਰਾ ਬੰਨ੍ਹਣਾ ਚਾਹੁੰਦੇ ਹਨ। ਕੇਂਦਰੀ ਮੰਤਰਾਲੇ ਦਾ ਦਾਅਵਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ ਇਸ ਪ੍ਰੋਜੈਕਟ ‘ਤੇ ਜਿਸ ਢੰਗ ਨਾਲ ਕੰਮ ਕੀਤਾ ਜਾਣਾ ਸੀ ਤੇ ਜਿਸ ਪੱਧਰ ਦੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਸਨ, ਉਹ ਨਹੀਂ ਦਿੱਤੀਆਂ ਗਈਆਂ। ਕੇਂਦਰੀ ਮੰਤਰਾਲੇ ਨੇ ਇਨ੍ਹਾਂ ਸਹੂਲਤਾਂ ਵਿਚ ਸਾਂਝਾ ਕੋਲਡ ਸਟੋਰ ਸਥਾਪਤ ਨਾ ਕੀਤਾ ਜਾਣਾ ਵੀ ਇਕ ਦੱਸਿਆ ਹੈ। ਕੇਂਦਰੀ ਮੰਤਰਾਲੇ ਦਾ ਕਹਿਣਾ ਹੈ ਕਿ ਰਾਜ ਸਰਕਾਰ ਤੇ ਇਸ ਦੇ ਅਦਾਰੇ ਨੇ ਜਿਸ ਰਫਤਾਰ ਨਾਲ ਕੰਮ ਕਰਨਾ ਸੀ, ਉਸ ਤਰ੍ਹਾਂ ਨਾਲ ਨਹੀਂ ਕੀਤਾ। ਲਿਹਾਜ਼ਾ ਪ੍ਰਵਾਨਗੀ ਰੱਦ ਕਰਕੇ ਸਬਸਿਡੀ ਵਾਪਸ ਲਈ ਜਾ ਸਕਦੀ ਹੈ।