ਮੋਦੀ ਸਰਕਾਰ ਵਲੋਂ ਰਾਮ ਮੰਦਿਰ ਦੀ ਉਸਾਰੀ ਲਈ ਸਰਗਰਮੀਆਂ ਤੇਜ਼

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿਚ ਰਾਮ ਮੰਦਿਰ ਦੇ ਨਿਰਮਾਣ ਲਈ ‘ਸ੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ’ ਟਰੱਸਟ ਬਣਾਉਣ ਦਾ ਐਲਾਨ ਕੀਤਾ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ ਨਵੰਬਰ ਵਿਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਕੇਸ ਵਿਚ ਯਾਦਗਾਰੀ ਫੈਸਲਾ ਦਿੰਦਿਆਂ ਰਾਮ ਮੰਦਿਰ ਦੀ ਉਸਾਰੀ ਲਈ ਤਿੰਨ ਮਹੀਨਿਆਂ ਅੰਦਰ ਟਰੱਸਟ ਬਣਾਉਣ ਦੀ ਹਦਾਇਤ ਕੀਤੀ ਸੀ।

ਇਹ ਮਿਆਦ 9 ਫਰਵਰੀ ਨੂੰ ਖਤਮ ਹੋ ਰਹੀ ਸੀ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਟਵੀਟ ਵਿਚ ਕਿਹਾ ਕਿ ਟਰੱਸਟ ਵਿਚ ਕੁੱਲ 15 ਟਰੱਸਟੀ ਹੋਣਗੇ, ਜਿਨ੍ਹਾਂ ਵਿਚੋਂ ਇਕ ਦਲਿਤ ਭਾਈਚਾਰੇ ਨਾਲ ਸਬੰਧਤ ਹੋਵੇਗਾ। ਸ੍ਰੀ ਸ਼ਾਹ ਨੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਅਜਿਹੇ ਇਤਿਹਾਸਕ ਫੈਸਲੇ’ ਨਾਲ ‘ਸਮਾਜਿਕ ਇਕਸੁਰਤਾ’ ਮਜ਼ਬੂਤ ਹੋਵੇਗੀ। ਉਧਰ ਯੂਪੀ ਸਰਕਾਰ ਦੇ ਤਰਜਮਾਨ ਸ੍ਰੀਕਾਂਤ ਸ਼ਰਮਾ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਯੂਪੀ ਸੁੰਨੀ ਵਕਫ ਬੋਰਡ ਨੂੰ ਜਿਹੜੀ ਜ਼ਮੀਨ ਅਲਾਟ ਕੀਤੀ ਜਾਣੀ ਹੈ, ਉਹ ਫੈਜ਼ਾਬਾਦ ਜ਼ਿਲ੍ਹਾ ਸਦਰਮੁਕਾਮ ਤੋਂ ਲਗਭਗ 18 ਕਿਲੋਮੀਟਰ ਦੂਰ ਲਖਨਊ ਹਾਈਵੇਅ ਉਤੇ ਧੰਨੀਪੁਰ ਪਿੰਡ ਵਿਚ ਹੈ।
ਸ੍ਰੀ ਮੋਦੀ ਨੇ ਕੈਬਨਿਟ ਮੀਟਿੰਗ ਤੋਂ ਫੌਰੀ ਮਗਰੋਂ ਲੋਕ ਸਭਾ ਵਿਚ ਇਕ ਬਿਆਨ ਦਿੰਦਿਆਂ ਕਿਹਾ, ‘ਅਸੀਂ ਅਯੁੱਧਿਆ ਵਿਚ ਰਾਮ ਮੰਦਿਰ ਦੀ ਉਸਾਰੀ ਲਈ ਇਕ ਸਕੀਮ ਤਿਆਰ ਕੀਤੀ ਹੈ। ਇਕ ਟਰੱਸਟ ਬਣਾਇਆ ਗਿਆ ਹੈ, ਜਿਸ ਦਾ ਨਾਮ ‘ਸ੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ’ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਸੈਸ਼ਨ ਚਲਦਾ ਹੋਣ ਕਰਕੇ ਸਰਕਾਰ ਨੇ ਕੈਬਨਿਟ ਦੇ ਇਸ ਅਹਿਮ ਫੈਸਲੇ ਬਾਰੇ ਸਦਨ ਨੂੰ ਜਾਣਕਾਰੀ ਦੇਣ ਦਾ ਫੈਸਲਾ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਰਾਮ ਜਨਮ ਭੂਮੀ ਮੁੱਦੇ ਉਤੇ ਫੈਸਲਾ ਆਉਣ ਮਗਰੋਂ ਦੇਸ਼ ਦੇ ਲੋਕਾਂ ਨੇ ਜਮਹੂਰੀ ਅਮਲ ਤੇ ਕਾਰਜਵਿਧੀ ਵਿਚ ਅਸਧਾਰਨ ਭਰੋਸਾ ਵਿਖਾਇਆ ਸੀ। ਉਨ੍ਹਾਂ ਕਿਹਾ, ‘ਮੈਂ ਭਾਰਤ ਦੇ 130 ਕਰੋੜ ਲੋਕਾਂ ਨੂੰ ਸਲਾਮ ਕਰਦਾ ਹਾਂ। ਆਓ ਅਸੀਂ ਸਾਰੇ ਅਯੁੱਧਿਆ ਵਿਚ ਵਿਸ਼ਾਲ ਰਾਮ ਮੰਦਿਰ ਦੇ ਨਿਰਮਾਣ ਦੀ ਹਮਾਇਤ ਕਰੀਏ।’ ਇਸ ਦੌਰਾਨ ਸੱਤਾਧਾਰੀ ਧਿਰ ਨਾਲ ਸਬੰਧਤ ਸੰਸਦ ਮੈਂਬਰਾਂ ਨੇ ਮੇਜ਼ ਥਪਥਪਾਉਣ ਦੇ ਨਾਲ ‘ਜੈ ਸ੍ਰੀ ਰਾਮ’ ਦੇ ਨਾਅਰੇ ਵੀ ਲਾਏ।
__________________________________
ਟਰੱਸਟ ਦੇ ਐਲਾਨ ਬਾਰੇ ਸ਼ਿਵ ਸੈਨਾ ਵਲੋਂ ਮੋਦੀ ਦੀ ਆਲੋਚਨਾ
ਮੁੰਬਈ: ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਵਰ੍ਹਦਿਆਂ ਕਿਹਾ ਹੈ ਕਿ ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਲਈ ਟਰੱਸਟ ਦਾ ਐਲਾਨ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਧਿਆਨ ‘ਚ ਰੱਖ ਕੇ ਕੀਤਾ ਗਿਆ ਹੈ ਅਤੇ ਇਹ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਮੁਕੰਮਲ ਹੋਵੇਗਾ। ‘ਸਾਮਨਾ’ ਵਿਚ ਲਿਖੇ ਸੰਪਾਦਕੀ ‘ਚ ਕਿਹਾ ਗਿਆ ਹੈ ਕਿ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਰਾਮ ਮੰਦਰ ਮੁੱਦੇ ਦਾ ਸਿਆਸੀਕਰਨ ਨਹੀਂ ਹੋਵੇਗਾ ਪਰ ਇਸ ਦੀ ‘ਨੀਂਹ’ ਰੱਖ ਦਿੱਤੀ ਗਈ ਹੈ। ਸ਼ਿਵ ਸੈਨਾ ਨੇ ਕਿਹਾ, ”ਮੋਦੀ ਨੇ ਦਿੱਲੀ ਚੋਣਾਂ ਤੋਂ ਚਾਰ ਦਿਨ ਪਹਿਲਾਂ ‘ਜੈ ਸ੍ਰੀ ਰਾਮ’ ਦਾ ਨਾਅਰਾ ਦਿੱਤਾ ਹੈ। ਉਹ ਖੁਸ਼ ਹੋਣਗੇ ਜੇਕਰ ਸ੍ਰੀ ਰਾਮ ਦੀ ਸਹਾਇਤਾ ਨਾਲ ਦੋ-ਚਾਰ ਸੀਟਾਂ ਵਧ ਮਿਲ ਜਾਣਗੀਆਂ।’