ਦਰਬਾਰ ਸਾਹਿਬ ਵਿਖੇ ਟਿਕ ਟੌਕ ਵੀਡੀਓ ਬਣਾਉਣ ਉਤੇ ਪਾਬੰਦੀ ਲਾਈ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿਚ ਟਿਕਟੌਕ ਵੀਡੀਓ ਬਣਾਉਣ ਉਤੇ ਪਾਬੰਦੀ ਲਾ ਦਿੱਤੀ ਹੈ। ਅਜਿਹੀਆਂ ਵੀਡੀਓਜ਼ ਬਣਾਉਣ ਤੋਂ ਰੋਕਣ ਲਈ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਵੱਖ-ਵੱਖ ਥਾਂਵਾਂ ਉਤੇ ਪੋਸਟਰ ਲਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪਰਿਕਰਮਾ ‘ਚ ਡਿਊਟੀ ਦੇਣ ਵਾਲੇ ਅਮਲੇ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ।

ਸ੍ਰੀ ਦਰਬਾਰ ਸਾਹਿਬ ਵਿਚ ਆਉਂਦੇ ਸ਼ਰਧਾਲੂਆਂ ਵੱਲੋਂ ਵੀਡੀਓ ਬਣਾ ਕੇ ਉਸ ਨੂੰ ‘ਟਿਕਟੌਕ’ ਰਾਹੀਂ ਵਾਇਰਲ ਕਰਨ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਹਾਲ ਹੀ ‘ਚ ਕੁਝ ਕੁੜੀਆਂ ਵੱਲੋਂ ਡਾਂਸ ਕਰਦਿਆਂ ਇਤਰਾਜ਼ਯੋਗ ਗੀਤ ਲਾਇਆ ਗਿਆ ਸੀ। ਇਹ ਵੀਡੀਓ ਵਾਇਰਲ ਹੋਣ ਮਗਰੋਂ ਸੰਗਤ ਨੇ ਇਤਰਾਜ਼ ਕੀਤਾ ਹੈ। ਇਸ ਤੋਂ ਪਹਿਲਾਂ ਵੀ ਇਕ ਕੁੜੀ ਵੱਲੋਂ ਇਸੇ ਤਰ੍ਹਾਂ ਗੀਤ ਵਾਲੀ ਵੀਡੀਓ ਟਿਕਟੌਕ ਰਾਹੀਂ ਵਾਇਰਲ ਕੀਤੀ ਗਈ ਸੀ। ਦੋਵਾਂ ਮਾਮਲਿਆਂ ਵਿਚ ਪ੍ਰਬੰਧਕਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉਤੇ ਇਕ ਅਣਪਛਾਤੀ ਲੜਕੀ ਖਿਲਾਫ ਕੇਸ ਦਰਜ ਕੀਤਾ ਹੈ। ਇਸ ਮਾਮਲੇ ਦਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਵੀ ਨੋਟਿਸ ਲਿਆ ਹੈ। ਉਨ੍ਹਾਂ ਆਖਿਆ ਕਿ ਜੇਕਰ ਇਹ ਰੁਝਾਨ ਨਾ ਰੁਕਿਆ ਤਾਂ ਸ੍ਰੀ ਹਰਿਮੰਦਰ ਸਾਹਿਬ ਵਿਚ ਮੋਬਾਈਲ ਲਿਜਾਣ ਉਤੇ ਰੋਕ ਲਾਉਣੀ ਪਵੇਗੀ।
ਇਸ ਮਾਮਲੇ ਨੂੰ ਲੈ ਕੇ ਸਰਗਰਮ ਹੋਏ ਪ੍ਰਬੰਧਕਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਵੱਖ-ਵੱਖ ਥਾਂਵਾਂ ਉਤੇ ਵੱਡੀ ਗਿਣਤੀ ਵਿਚ ਪੋਸਟਰ ਲਾਏ ਗਏ ਹਨ, ਜਿਨ੍ਹਾਂ ‘ਤੇ ਟਿਕਟੌਕ ਵੀਡੀਓ ਬਣਾਉਣ ਦੀ ਮਨਾਹੀ ਕੀਤੀ ਗਈ ਹੈ। ਅਜਿਹੇ ਪੋਸਟਰ ਜੋੜਾ ਘਰਾਂ ਦੇ ਨੇੜੇ, ਪਰਿਕਰਮਾ ਵਿਚ ਵੱਖ ਵੱਖ ਥਾਂਵਾਂ, ਕੜਾਹ ਪ੍ਰਸਾਦਿ ਵਾਲੇ ਕਾਊਂਟਰਾਂ, ਗੱਠੜੀ ਘਰ, ਲੰਗਰ ਘਰ, ਇਸ਼ਨਾਨ ਘਰ ਤੇ ਹੋਰ ਪ੍ਰਮੁੱਖ ਥਾਂਵਾਂ ਉਤੇ ਲਾਏ ਗਏ ਹਨ। ਇਨ੍ਹਾਂ ਪੋਸਟਰਾਂ ਦੀ ਥਾਂ ‘ਤੇ ਪੱਕੇ ਬੋਰਡ ਵੀ ਲਾਏ ਜਾਣਗੇ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਆਖਿਆ ਕਿ ਟਿਕਟੌਕ ਵੀਡੀਓ ਅਤੇ ਮੋਬਾਈਲ ਰਾਹੀਂ ਵੀਡੀਓ ਬਣਾਉਣ ਤੋਂ ਸੰਗਤ ਨੂੰ ਰੋਕਿਆ ਗਿਆ ਹੈ। ਇਸ ਸਬੰਧੀ ਪੋਸਟਰ ਲਾਏ ਗਏ ਹਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਅਮਲੇ ਨੂੰ ਵੀ ਆਪਣੇ ਕੋਲ ਮੋਬਾਈਲ ਨਾ ਰੱਖਣ ਦੇ ਆਦੇਸ਼ ਦਿੱਤੇ ਹਨ, ਤਾਂ ਜੋ ਉਹ ਡਿਊਟੀ ਦੌਰਾਨ ਕਿਸੇ ਹੋਰ ਪਾਸੇ ਧਿਆਨ ਨਾ ਕਰਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਗੁਰੂ ਘਰ ਦੀ ਮਰਿਆਦਾ ਨੂੰ ਧਿਆਨ ਵਿਚ ਰੱਖਦਿਆਂ ਇਥੇ ਵੀਡਿਓ ਜਾਂ ਫੋਟੋਗਰਾਫੀ ਕਰਨ ਤੋਂ ਗੁਰੇਜ਼ ਕਰਨ। ਇਸ ਸਬੰਧੀ ਪਹਿਲਾਂ ਹੀ ਰੋਕ ਲਾਈ ਹੋਈ ਹੈ।
_______________________________________
ਮੋਬਾਈਲ ਫੋਨ ‘ਤੇ ਰੋਕ ਬਾਰੇ ਵਿਚਾਰਾਂ
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਹੈ ਕਿ ਜੇਕਰ ਸ੍ਰੀ ਹਰਿਮੰਦਰ ਸਾਹਿਬ ਵਿਚ ਦਰਸ਼ਨ ਕਰਨ ਆਉਂਦੇ ਯਾਤਰੂਆਂ ਵਲੋਂ ਇਤਰਾਜ਼ਯੋਗ ਵੀਡੀਓ (ਟਿਕ ਟੌਕ) ਬਣਾਉਣ ਦਾ ਰੁਝਾਨ ਬੰਦ ਨਾ ਹੋਇਆ ਤਾਂ ਭਵਿੱਖ ਵਿਚ ਮੋਬਾਈਲ ਫੋਨ ਅੰਦਰ ਲੈ ਕੇ ਜਾਣ ਉਤੇ ਰੋਕ ਲਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਯਾਤਰੂਆਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਪਰਕਰਮਾ ਵਿਚ ਵੀਡੀਓ ਬਣਾਉਣ ਅਤੇ ਮਗਰੋਂ ਟਿਕਟੌਕ ਰਾਹੀਂ ਇਸ ਨੂੰ ਵਾਇਰਲ ਕਰਨ ਦਾ ਰੁਝਾਨ ਵਧ ਰਿਹਾ ਹੈ ਜਿਸ ਕਾਰਨ ਸਿੱਖਾਂ ‘ਚ ਰੋਸ ਹੈ। ਇਸ ਮਾਮਲੇ ਬਾਰੇ ਜਥੇਦਾਰ ਨੇ ਆਖਿਆ ਕਿ ਅਜਿਹੇ ਵੀਡੀਓਜ਼ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਹ ਨਿੱਜੀ ਤੌਰ ਉਤੇ ਇਸ ਹੱਕ ਵਿਚ ਨਹੀਂ ਹਨ ਕਿ ਨਤਮਸਤਕ ਹੋਣ ਆਉਂਦੇ ਯਾਤਰੂਆਂ ਨੂੰ ਯਾਦਗਾਰ ਵਜੋਂ ਇਥੇ ਤਸਵੀਰ ਨਾ ਲੈਣ ਦਿੱਤੀ ਜਾਵੇ।