ਜਥੇਦਾਰ ਅਤੇ ਢੱਡਰੀਆਂਵਾਲੇ ਵਿਚਾਲੇ ਟਕਰਾਅ ਵਾਲੇ ਹਾਲਾਤ ਬਣੇ

ਮੁਹਾਲੀ: ਰਣਜੀਤ ਸਿੰਘ ਢੱਡਰੀਆਂਵਾਲੇ ਦੇ ਪ੍ਰਚਾਰ ਨੂੰ ਲੈ ਕੇ ਪੈਦਾ ਹੋਇਆ ਧਾਰਮਿਕ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਆਖਿਆ ਕਿ ਜੇਕਰ ਹੁਣ ਤੀਜੀ ਵਾਰ ਵੀ ਢੱਡਰੀਆਂਵਾਲਾ ਅਕਾਲ ਤਖਤ ਉਤੇ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਖਿਲਾਫ ਐਕਸ਼ਨ ਲਿਆ ਜਾਵੇਗਾ। ਦੂਜੇ ਪਾਸੇ ਢੱਡਰੀਆਂ ਵਾਲਿਆਂ ਦੀ ਅੜੀ ਬਰਕਰਾਰ ਹੈ।

ਜਥੇਦਾਰ ਨੇ ਇਹ ਵੀ ਕਿਹਾ ਕਿ ਜੇਕਰ ਢੱਡਰੀਆਂ ਵਾਲਾ ਗੱਲਬਾਤ ਲਈ ਰਾਜ਼ੀ ਹੋਵੇ ਤਾਂ ਇਸ ਬੇਲੋੜੇ ਵਿਵਾਦ ਦਾ ਢੁਕਵਾਂ ਹੱਲ ਹੋ ਸਕਦਾ ਹੈ। ਜਥੇਦਾਰ ਨੇ ਕਿਹਾ ਕਿ ਢੱਡਰੀਆਂਵਾਲੇ ਦੇ ਸੂਰਜ ਪ੍ਰਕਾਸ਼ ਗ੍ਰੰਥ ਉਤੇ ਸਵਾਲ ਬਿਲਕੁਲ ਬੇਬੁਨਿਆਦ ਹਨ। ਇਸ ਸਬੰਧੀ ਉਨ੍ਹਾਂ (ਢੱਡਰੀਆਂਵਾਲਾ) ਦੇ ਪ੍ਰਚਾਰ ਤੋਂ ਪੈਦਾ ਹੋਏ ਵਿਵਾਦ ਨੂੰ ਠੱਲ੍ਹਣ ਲਈ ਦੋ ਵਾਰ ਆਪਣਾ ਪੱਖ ਰੱਖਣ ਲਈ ਸੱਦਿਆ ਜਾ ਗਿਆ ਹੈ ਪਰ ਉਹ ਨਹੀਂ ਆਏ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਕੋਈ ਵੀ ਮਸਲਾ ਨਹੀਂ ਹੈ, ਜੋ ਗੱਲਬਾਤ ਰਾਹੀਂ ਹੱਲ ਨਾ ਹੋ ਸਕਦਾ ਹੋਵੇ। ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਜੇਕਰ ਹੁਣ ਤੀਜੀ ਵਾਰ ਵੀ ਬੁਲਾਏ ਜਾਣ ਉਤੇ ਢੱਡਰੀਆਂਵਾਲਾ ਅਕਾਲ ਤਖਤ ਉਤੇ ਪੇਸ਼ ਨਹੀਂ ਹੁੰਦੇ ਹਨ ਤਾਂ ਇਸ ਸਬੰਧੀ ਪੰਥਕ ਧਿਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਧਰ, ਇਸ ਵਿਵਾਦ ਦੇ ਨਿਬੇੜੇ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਵੀ ਸੰਤ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਕਿਹਾ ਕਿ ਉਹ ਖੁਦ ਤਰੀਕ, ਸਮਾਂ ਅਤੇ ਥਾਂ ਨਿਸ਼ਚਿਤ ਕਰਦੇ ਹਨ ਤਾਂ ਜੋ ਗੱਲਬਾਤ ਰਾਹੀਂ ਵਿਵਾਦ ਸੁਲਝਾਇਆ ਜਾ ਸਕੇ ਪਰ ਢੱਡਰੀਆਂ ਵਾਲਾ ਕੋਈ ਵੀ ਗੱਲ ਮੰਨਣ ਜਾਂ ਸੁਣਨ ਨੂੰ ਤਿਆਰ ਨਹੀਂ ਹਨ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਮੀਡੀਆ ‘ਚ ਜਾਣ ਦੀ ਥਾਂ 5 ਮੈਂਬਰੀ ਕਮੇਟੀ ਨਾਲ ਤਾਲਮੇਲ ਕਰ ਕੇ ਸੰਵਾਦ ਰਾਹੀਂ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪ੍ਰਚਾਰਕ ਢੱਡਰੀਆਂ ਵਾਲੇ ਨੂੰ ਕੋਈ ਸ਼ੱਕ ਹੈ ਤਾਂ ਉਹ ਮਿਲ-ਬੈਠ ਕੇ ਦੂਰ ਕੀਤਾ ਜਾ ਸਕਦਾ ਹੈ। ਇਸ ਮਾਮਲੇ ਨੂੰ ਮੀਡੀਆ ਵਿਚ ਲਿਜਾ ਕੇ ਤੂਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਵਿਵਾਦ ਬਾਰੇ ਦਿੱਤੇ ਬਿਆਨ ਦੀ ਹਮਾਇਤ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਹੀ ਪੰਥ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਢੱਡਰੀਆਂਵਾਲੇ ਨੂੰ ਮੀਡੀਆ ਜ਼ਰੀਏ ਅਪੀਲ ਕੀਤੀ ਹੈ ਕਿ ਉਹ ਪੰਥਕ ਪਰੰਪਰਾਵਾਂ ਦੀ ਕਦਰ ਤਹਿਤ ਅਕਾਲ ਤਖਤ ਸਾਹਿਬ ਨਾਲ ਟਕਰਾਅ ਦੀ ਨੀਤੀ ਤੋਂ ਬਾਹਰ ਆ ਕੇ ਗੱਲਬਾਤ ਦਾ ਰਾਹ ਅਪਨਾਉਣ। ਉਨ੍ਹਾਂ ਆਖਿਆ ਕਿ ਢੱਡਰੀਆਂ ਵਾਲੇ ਵੱਲੋਂ ਅਕਾਲ ਤਖਤ ਸਾਹਿਬ ਨਾਲ ਕਥਿਤ ਤਕਰਾਰ ਦੇ ਮਾਹੌਲ ਦੌਰਾਨ ਪੰਜਾਬ ਅੰਦਰ ਮੁੜ ਭਰਾ ਮਾਰੂ ਜੰਗ ਹੋਣ ਦਾ ਵੱਡਾ ਖਦਸ਼ਾ ਉਪਜਣ ਲੱਗਾ ਹੈ, ਅਜਿਹੇ ‘ਚ ਸੰਵਾਦ ਤਹਿਤ ਸਾਰੇ ਸ਼ੰਕੇ ਮਿਲ ਬੈਠ ਕੇ ਵਿਚਾਰੇ ਜਾਣੇ ਜ਼ਰੂਰੀ ਹਨ। ਸ੍ਰੀ ਪੰਜੋਲੀ ਨੇ ਆਖਿਆ ਕਿ ਢੱਡਰੀਆਂ ਵਾਲੇ ਜਿਥੇ ਚਾਹੁਣ ਉਥੇ ਹੀ ਗੱਲਬਾਤ ਦਾ ਟਿਕਾਣਾ ਬਣਾ ਸਕਦੇ ਹਨ, ਜੇਕਰ ਉਹ ਚਾਹੁਣ ਤਾਂ ਤਖਤ ਦਮਦਮਾ ਸਾਹਿਬ ਵਿਚ ਵੀ ਮਿਲਣੀ ਹੋ ਸਕਦੀ ਹੈ।
_____________________________________
ਢੱਡਰੀਆਂਵਾਲਾ ਹਠ ਤਿਆਗੇ: ਲੌਂਗੋਵਾਲ
ਮੁਹਾਲੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਆਪਣਾ ਹਠ ਤਿਆਗਣਾ ਚਾਹੀਦਾ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਿੱਖ ਵਿਦਵਾਨਾਂ ਆਧਾਰਿਤ ਬਣਾਈ ਸਬ ਕਮੇਟੀ ਅੱਗੇ ਆਪਣਾ ਪੱਖ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿਰਫ ਸੰਵਾਦ ਰਾਹੀਂ ਹੀ ਹੱਲ ਹੋ ਸਕਦਾ ਹੈ। ਸ੍ਰੀ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਟਿਕ ਟੌਕ ਵੀਡੀਓ ਬਣਾਏ ਜਾਣਾ ਮੰਦਭਾਗਾ ਹੈ।
___________________________________
ਸਟੇਜਾਂ ਛੱਡ ਦੇਵਾਂਗਾ, ਸਿੱਖੀ ਦਾ ਪ੍ਰਚਾਰ ਨਹੀਂ: ਢੱਡਰੀਆਂਵਾਲਾ
ਲਹਿਰਾਗਾਗਾ: ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਜੱਦੀ ਪਿੰਡ ਗਿਦੜਿਆਣੀ ‘ਚ ਪੁਲਿਸ ਦੇ ਸਖਤ ਪਹਿਰੇ ਹੇਠ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਤਿੰਨ ਰੋਜ਼ਾ ਦੀਵਾਨ ਸਫਲਤਾਪੂਰਵਕ ਸਮਾਪਤ ਹੋ ਗਏ। ਦੀਵਾਨਾਂ ਦੇ ਆਖਰੀ ਘੰਟੇ ਭਾਈ ਰਣਜੀਤ ਸਿੰਘ ਨੇ ਐਲਾਨ ਕੀਤਾ ਕਿ ਉਹ ਟਕਰਾਅ ਜਾਂ ਲੜਾਈ ਕਰ ਕੇ ਬੰਦੇ ਨਹੀਂ ਮਰਵਾਉਣਾ ਚਾਹੁੰਦੇ, ਜਿਸ ਕਾਰਨ ਉਹ ਸਟੇਜਾਂ ਛੱਡ ਦੇਣਗੇ ਪਰ ਸਿੱਖੀ ਦਾ ਪ੍ਰਚਾਰ ਨਹੀਂ ਛੱਡਣਗੇ। ਭਾਈ ਢੱਡਰੀਆਂ ਵਾਲੇ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਦੀ ਪ੍ਰਵਾਹ ਨਹੀਂ ਕਰਦੇ ਪਰ ਉਹ ਆਮ ਆਦਮੀ ਦਾ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਉਹ ਸਟੇਜਾਂ ਲਾਉਣੀਆਂ ਬੰਦ ਕਰ ਸਕਦੇ ਹਨ ਅਤੇ ਸ਼ਰਧਾਲੂ ਇੰਟਰਨੈੱਟ ਜਾਂ ਫੋਨ ‘ਤੇ ਪ੍ਰਚਾਰ ਸੁਣ ਸਕਦੇ ਹਨ।