ਨਵੀਂ ਪੀੜ੍ਹੀ ਪਰਵਾਸ ਖਾਤਰ ਹਰ ਖਤਰਾ ਮੁੱਲ ਲੈਣ ਲਈ ਤਿਆਰ

ਚੰਡੀਗੜ੍ਹ: ਗੈਰਕਾਨੂੰਨੀ ਪਰਵਾਸ ਖਿਲਾਫ ਸਖਤੀ ਦੇ ਬਾਵਜੂਦ ਇਹ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਭਾਰਤ, ਖਾਸਕਰ ਪੰਜਾਬ ਵਿਚ ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਚੰਗੇ ਭਵਿੱਖ ਲਈ ਹਰ ਹਾਲਤ ਵਿਚ ਜਹਾਜ਼ ਚੜ੍ਹਨ ਉਤਾਵਲੇ ਹਨ। ਅਮਰੀਕਾ ਵਿਚ ਗੈਰਕਾਨੂੰਨੀ ਪਰਵਾਸ ਬਾਰੇ ਸਾਹਮਣੇ ਆਏ ਤਾਜ਼ਾ ਅੰਕੜੇ ਇਹੀ ਦੱਸਦੇ ਹਨ ਕਿ ਸਖਤੀ ਦੇ ਬਾਵਜੂਦ ਨੌਜਵਾਨ ਹਰ ਰਾਹ ਅਪਣਾਉਣ ਲਈ ਤਿਆਰ ਬਰ ਤਿਆਰ ਹਨ।

ਅੰਕੜੇ ਦੱਸਦੇ ਹਨ ਕਿ ਗੈਰਕਾਨੂੰਨੀ ਪਰਵਾਸ ਵਿਰੁੱਧ ਕੱਸੇ ਜਾ ਰਹੇ ਸ਼ਿਕੰਜੇ ਤਹਿਤ ਸਾਲ 2019 ਵਿਚ ਭਾਰਤੀ ਮੂਲ ਦੇ 8447 ਵਿਅਕਤੀਆਂ ਨੂੰ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਪੰਜਾਬੀਆਂ ਦੀ ਗਿਣਤੀ ਵੱਧ ਹੈ। ਇਹ ਅੰਕੜਾ ਵਿੱਤੀ ਸਾਲ 2014 ਤੋਂ ਲੈ ਕੇ 2019 ਤੱਕ ਦਾ ਸਭ ਤੋਂ ਵੱਧ ਅੰਕੜਾ ਹੈ। ਗੈਰਕਾਨੂੰਨੀ ਤੌਰ ਉਤੇ ਅਮਰੀਕਾ ਵਿਚ ਦਾਖਲ ਹੋਏ ਇਨ੍ਹਾਂ ਭਾਰਤੀਆਂ ਨੂੰ ਅਮਰੀਕਾ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਕੀਤਾ ਹੋਇਆ ਹੈ। ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਮੁਤਾਬਕ ਪੰਜਾਬ ਇਸ ਵੇਲੇ ਗੈਰਕਾਨੂੰਨੀ ਮਨੁੱਖੀ ਤਸਕਰੀ ਦਾ ਕੇਂਦਰ ਬਣਿਆ ਹੋਇਆ ਹੈ, ਜਿਥੇ ਕਰੋੜਾਂ ਰੁਪਏ ਦਾ ਗੈਰਕਾਨੂੰਨੀ ਧੰਦਾ ਚੱਲ ਰਿਹਾ ਹੈ। ਸ੍ਰੀ ਚਾਹਲ ਨੇ ਦੱਸਿਆ ਕਿ ਅਮਰੀਕਾ ਦੇ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਵਿਭਾਗ (ਆਈ.ਸੀ.ਈ.) ਪਾਸੋਂ ਸੂਚਨਾ ਦੇ ਅਧਿਕਾਰ ਤਹਿਤ ਹਾਸਲ ਕੀਤੀ ਗਈ ਜਾਣਕਾਰੀ ਅਨੁਸਾਰ ਵਿੱਤੀ ਸਾਲ 2019 ਦੌਰਾਨ ਇਨ੍ਹਾਂ ਭਾਰਤੀ ਮੂਲ ਦੇ ਜੇਲ੍ਹਾਂ ਵਿਚ ਨਜ਼ਰਬੰਦ ਕੀਤੇ ਗਏ ਲੋਕਾਂ ਵਿਚੋਂ 1616 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਅਮਰੀਕਾ ਵਿਚੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਇਨ੍ਹਾਂ ਵਿਚ ਭਾਰਤੀ ਮੂਲ ਦੀਆਂ 76 ਔਰਤਾਂ ਸ਼ਾਮਲ ਸਨ। ਵਿੱਤੀ ਸਾਲ 2014 ਦੌਰਾਨ ਭਾਰਤੀ ਮੂਲ ਦੇ ਜਿਹੜੇ ਕੁੱਲ 2306 ਲੋਕਾਂ ਨੂੰ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਵਿਭਾਗ ਨੇ ਗ੍ਰਿਫਤਾਰ ਕਰ ਕੇ ਜੇਲ੍ਹਾਂ ਵਿਚ ਨਜ਼ਰਬੰਦ ਕੀਤਾ ਸੀ, ਉਨ੍ਹਾਂ ਵਿਚ ਭਾਰਤੀ ਮੂਲ ਦੀਆਂ 146 ਔਰਤਾਂ ਸ਼ਾਮਲ ਸਨ। ਸਤਨਾਮ ਸਿੰਘ ਚਾਹਲ ਨੇ ਸਪੱਸ਼ਟ ਕੀਤਾ ਕਿ ਇਹ ਸਭ ਭਾਰਤ ਵਿਚੋਂ ਹੋ ਰਹੀ ਗੈਰਕਾਨੂੰਨੀ ਮਨੁੱਖੀ ਤਸਕਰੀ ਕਾਰਨ ਹੋ ਰਿਹਾ ਹੈ, ਜਿਸ ਨੂੰ ਠੱਲ੍ਹ ਪਾਉਣ ਲਈ ਭਾਰਤ ਸਰਕਾਰ ਤੇ ਰਾਜਾਂ ਦੀਆਂ ਸਰਕਾਰਾਂ ਫੇਲ੍ਹ ਸਾਬਤ ਹੋ ਰਹੀਆਂ ਹਨ।
ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਚੋਂ ਵਿਦਿਆਰਥੀਆਂ ਵੱਲੋਂ ਉਚੇਰੀ ਸਿੱਖਿਆ ਦੇ ਵੀਜ਼ੇ ਰਾਹੀਂ ਵੱਡੇ ਪੱਧਰ ਉਤੇ ਪਰਵਾਸ ਕੀਤਾ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਦੇ ਦੋ ਪ੍ਰੋਫੈਸਰਾਂ ਵੱਲੋਂ ਮਾਲਵਾ ਖੇਤਰ ਦੇ ਆਈਲੈਟਸ ਕੇਂਦਰਾਂ ਤੋਂ ਸਿਖਲਾਈ ਲੈ ਰਹੇ 540 ਵਿਦਿਆਰਥੀਆਂ ਬਾਰੇ ਕੀਤੇ ਅਧਿਐਨ ਅਨੁਸਾਰ 78 ਫੀਸਦੀ ਵਿਦਿਆਰਥੀ ਕੈਨੇਡਾ ਜਾ ਰਹੇ ਹਨ। ਇਨ੍ਹਾਂ ਵਿਚ ਹੁਣ 79 ਫੀਸਦੀ ਵਿਦਿਆਰਥੀ ਪਿੰਡਾਂ ਦੇ ਰਹਿਣ ਵਾਲੇ ਅਤੇ 70 ਫੀਸਦੀ ਵਿਦਿਆਰਥੀ ਕਿਸਾਨ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਕਿਸਾਨ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ। ਖੇਤੀ ਸੰਕਟ, ਜ਼ਿੰਦਗੀ ਜਿਉਣ ਯੋਗ ਰੁਜ਼ਗਾਰ ਦੀ ਕਮੀ, ਨਸ਼ਿਆਂ ਦਾ ਫੈਲਾਉ ਤੇ ਸੂਬੇ ਦੇ ਰਾਜ ਪ੍ਰਬੰਧ ਵਿਚ ਫੈਲੀ ਹੋਈ ਅਰਾਜਕਤਾ ਪਰਵਾਸ ਦੇ ਵੱਡੇ ਕਾਰਨ ਹਨ। ਕਿਸਾਨ ਪਰਿਵਾਰਾਂ ਅੰਦਰ ਵਿਦੇਸ਼ ਦੀ ਚਾਹਤ ਪ੍ਰਬਲ ਇਸ ਲਈ ਵੀ ਹੋਈ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦੇ ਰੁਤਬੇ ਵਿਚ ਵੀ ਵਾਧਾ ਹੁੰਦਾ ਹੈ। ਦਲਿਤ ਪਰਿਵਾਰਾਂ ਵਿਚੋਂ ਵਿਦੇਸ਼ ਜਾਣ ਵਾਲਿਆਂ ਦਾ ਹਿੱਸਾ ਕੇਵਲ ਦੋ ਫੀਸਦੀ ਇਸ ਲਈ ਹੈ ਕਿਉਂਕਿ ਉਨ੍ਹਾਂ ਕੋਲ ਖਰਚ ਕਰਨ ਲਈ ਲੋੜੀਂਦੇ ਪੈਸੇ ਹੀ ਨਹੀਂ ਹੈ।
ਇਹ ਹਕੀਕਤ ਹੈ ਕਿ ਖੇਤੀ ਹੁਣ ਲਾਹੇਵੰਦਾ ਧੰਦਾ ਨਹੀਂ ਰਹੀ। ਇਸੇ ਕਰਕੇ ਕਿਸਾਨ ਅਤੇ ਮਜ਼ਦੂਰ ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀ ਕਰ ਰਹੇ ਹਨ। ਦੇਸ਼ ਦੀ ਔਸਤਨ 10 ਫੀਸਦੀ ਬੇਰੁਜ਼ਗਾਰੀ ਦੀ ਦਰ ਦੇ ਮੁਕਾਬਲੇ ਪੰਜਾਬ ਵਿਚ ਇਹ 16 ਫੀਸਦੀ ਤੋਂ ਵੱਧ ਹੈ। ਪੰਜਾਬੀਆਂ ਦੇ ਵੱਡੇ ਹਿੱਸੇ ਦੇ ਸੁਪਨਿਆਂ ਦੀ ਧਰਤੀ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਜਿਹੇ ਦੇਸ਼ ਬਣ ਚੁੱਕੇ ਹਨ। ਬਾਰ੍ਹਵੀਂ ਪਾਸ ਵਿਦਿਆਰਥੀਆਂ ਦਾ ਵਿਦੇਸ਼ ਜਾਣਾ ਪੜ੍ਹਾਈ ਦੇ ਬਹਾਨੇ ਵਿਦੇਸ਼ੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਹੈ। ਮੌਜੂਦਾ ਰੁਝਾਨ ਨੇ ਨਵੀਂ ਪਿਰਤ ਪਾਈ ਹੈ; ਆਈਲੈਟਸ ਦੇ ਇਮਤਿਹਾਨ ਵਿਚ ਕੁੜੀਆਂ ਦੇ ਮੋਹਰੀ ਹੋਣ ਕਰਕੇ ਹੁਣ ਚੰਗੇ ਬੈਂਡ ਵਾਲੀਆਂ ਕੁੜੀਆਂ ਲਈ ਰਿਸ਼ਤੇ ਬਹੁਤ ਆਸਾਨ ਹੋ ਗਏ ਹਨ ਅਤੇ ਦਾਜ ਮੰਗਣ ਵਾਲੇ ਲੋਕ ਖੁਦ ਖਰਚ ਕਰਕੇ ਮੁੰਡਿਆਂ ਲਈ ਰਿਸ਼ਤਾ ਮੰਗਣ ਲੱਗ ਪਏ ਹਨ ਤਾਂ ਕਿ ਉਹ ਵੀ ਕੁੜੀਆਂ ਨਾਲ ਵਿਦੇਸ਼ ਜਾ ਸਕਣ।
__________________________________________
ਓਮਾਨ ‘ਚ ਫਸੀਆਂ ਪੰਜਾਬਣਾਂ ਦੀ ਦਰਦਨਾਕ ਦਾਸਤਾਨ..
ਚੰਡੀਗੜ੍ਹ: ਪੰਜਾਬ ਅੰਦਰ ਸੈਂਕੜੇ ਏਜੰਟ ਹਨ ਜੋ ਭੋਲੀਆਂ-ਭਾਲੀਆਂ ਤੇ ਚੰਗੀ ਕਮਾਈ ਦਾ ਲਾਲਚ ਪਾਲਣ ਵਾਲੀਆਂ ਔਰਤਾਂ ਨੂੰ ਅਰਬ ਦੇਸ਼ਾਂ ਵਿਚ ਚੰਗੀ ਨੌਕਰੀ ਤੇ ਤਨਖਾਹ ਦਾ ਝਾਂਸਾ ਦਿੰਦੇ ਹਨ ਤੇ ਅਰਬ ਦੇਸ਼ਾਂ ਨੂੰ ਭੇਜ ਰਹੇ ਹਨ। ਅਜਿਹੀਆਂ ਔਰਤਾਂ ਨੂੰ ਭੇਜਣ ਲਈ ਇਹ ਏਜੰਟ ਇਕ ਤੋਂ ਦੋ ਲੱਖ ਰੁਪਏ ਤੱਕ ਲੈਂਦੇ ਹਨ, ਪਰ ਇਨ੍ਹਾਂ ਦੇ ਦੁਬਈ, ਮਸਕਟ ਜਾਂ ਹੋਰ ਅਰਬ ਦੇਸ਼ਾਂ ਵਿਚ ਪੁੱਜਦਿਆਂ ਹੀ ਮੁਸੀਬਤਾਂ ਦੇ ਪਹਾੜ ਟੁੱਟ ਪੈਂਦੇ ਹਨ। ਪਿਛਲੇ ਦਿਨਾਂ ‘ਚ ਇਨ੍ਹਾਂ ਮੁਲਕਾਂ ਤੋਂ ਵਾਪਸ ਪਰਤੀਆਂ ਕਈ ਔਰਤਾਂ ਨੇ ਆਪਣੀਆਂ ਹੱਡਬੀਤੀਆਂ ਵੀ ਸੁਣਾਈਆਂ ਹਨ। ਹੁਣ ਇਸ ਵੇਲੇ ਦੁਆਬਾ ਖੇਤਰ ਵਿਚੋਂ ਦੁਬਈ ਭੇਜੀਆਂ ਗਈਆਂ ਔਰਤਾਂ ਵਿਚੋਂ 11 ਅਰਬ ਦੇਸ਼ ਓਮਾਨ ਦੀ ਰਾਜਧਾਨੀ ਮਸਕਟ ਵਿਚਲੇ ਭਾਰਤੀ ਸਫਾਰਤਖਾਨੇ ਵਿਚ ਕਈ ਮਹੀਨੇ ਤੋਂ ਫਸੀਆਂ ਹੋਈਆਂ ਹਨ। ਕਰਤਾਰਪੁਰ ਲਾਗਲੇ ਇਕ ਪਿੰਡ ਦੀ 36 ਕੁ ਸਾਲ ਦੀ ਵਿਆਹੀ ਔਰਤ ਨੇ ਫੋਨ ‘ਤੇ ਹੁਬਕੀਆਂ ਲੈਂਦਿਆਂ ਦੱਸਿਆ ਕਿ ਮੁਕੇਰੀਆਂ ਦੇ ਇਕ ਏਜੰਟ ਨੇ ਡੇਢ ਲੱਖ ਰੁਪਏ ਲੈ ਕੇ ਦੁਬਈ ਭੇਜਿਆ ਸੀ ਤੇ ਕਿਹਾ ਗਿਆ ਸੀ ਕਿ ਉਸ ਨੂੰ ਪੈਕਿੰਗ ਦਾ ਕੰਮ ਦਿੱਤਾ ਜਾਵੇਗਾ ਤੇ 1500 ਦਰਾਮ (30,000 ਰੁਪਏ) ਤਨਖਾਹ ਦੇਣ ਦਾ ਇਕਰਾਰਨਾਮਾ ਕੀਤਾ ਸੀ ਪਰ ਜਦ ਉਹ ਪਿਛਲੇ ਸਾਲ ਸਤੰਬਰ ਮਹੀਨੇ ਦੁਬਈ ਪੁੱਜੀ ਤਾਂ ਇਕ ਮਹੀਨਾ ਕੰਮ ਕਰਵਾ ਕੇ ਉਸ ਨੂੰ 300 ਦਰਾਮ ਹੀ ਦਿੱਤੇ ਗਏ ਤੇ ਮਹੀਨੇ ਬਾਅਦ ਮਸਕਟ ਭੇਜ ਦਿੱਤਾ।