ਬਲਜੀਤ ਬਾਸੀ
ਚੂਹੇ ਲਈ ਮੂਸ ਜਾਂ ਮੂਸਾ ਸ਼ਬਦ ਅੱਜ ਕਲ੍ਹ ਆਮ ਵਰਤੋਂ ਵਿਚ ਨਹੀਂ ਆਉਂਦਾ ਪਰ ਇਉਂ ਲਗਦਾ ਹੈ ਕਿ ਕਿਸੇ ਵੇਲੇ ਇਸ ਦੀ ਕਾਫੀ ਵਰਤੋਂ ਹੁੰਦੀ ਰਹੀ ਹੋਵੇਗੀ। ਹੁਣ ਤਾਂ ਇਹ ਵਿਚਾਰਾ ‘ਮਾਮਾ ਮੂਸਾ’ ਸ਼ਬਦ ਯੁਗਮ ਵਿਚ ਹੀ ਕੈਦ ਹੋ ਕੇ ਰਹਿ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਚੂਹਾ ਸ਼ਬਦ ਕੇਵਲ ਦੋ ਵਾਰੀ ਆਇਆ ਹੈ ਪਰ ਮੂਸ ਤੇ ਮੂਸਾ ਘਟੋ ਘਟ ਦਰਜਨ ਵਾਰੀ, ‘ਰਾਤਿ ਅਨੇਰੀ ਸੂਝਸਿ ਨਾਹੀ ਲਜੂ ਟੂਕਸਿ ਮੂਸਾ ਭਾਈ ਰੇ’ (ਗੁਰੂ ਨਾਨਕ) ਅਰਥਾਤ ਮੋਹ ਮਾਇਆ ਦੀ ਰਾਤ ਵਿਚ ਸਾਨੂੰ ਕੁਝ ਵੀ ਸੁਝਦਾ ਨਹੀਂ, ਉਧਰ ਉਮਰ ਰੂਪੀ ਚੂਹਾ ਸਾਨੂੰ ਨਿਤ ਨਿਤ ਵੱਢ ਰਿਹਾ ਹੈ। ਕਬੀਰ ਮਨੁਖ ਦੀ ਸਥਿਤੀ ਮੂਸੇ ਦੇ ਨਿਆਈਂ ਬਿਆਨਦਿਆਂ ਕਹਿੰਦੇ ਹਨ, ‘ਮਾਨਸ ਬਪੁਰਾ ਮੂਸਾ ਕੀਨੋ ਮੀਚ ਬਿਲਈਆ ਖਈ ਹੈ ਰੇ’ ਅਰਥਾਤ ਮਨੁਖ ਤਾਂ ਜਾਣੋ ਵਿਚਾਰਾ ਚੂਹਾ ਹੀ ਹੈ ਜਿਸ ਨੂੰ ਮੌਤ ਰੂਪੀ ਬਿੱਲਾ ਖਾ ਜਾਂਦਾ ਹੈ। ‘ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਂ ਮੁਘਨਾਂ’ (ਗੁਰੂ ਅਰਜਨ ਦੇਵ) ਅਰਥਾਤ ਹੇ ਮਨ ਤੂੰ ਸਰੀਰ ਵਿਚ ਰਹਿ ਕੇ ਗਰਬ ਕਰਦਾ ਹੈਂ ਜਿਵੇਂ ਚੂਹਾ ਖੁੱਡ ਵਿਚ ਰਹਿ ਕੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ। ਇਹ ਮੂਰਖਾਂ ਵਾਲੇ ਕੰਮ ਹੀ ਤਾਂ ਹਨ। ਸੁਲਤਾਨ ਬਾਹੂ ਨੇ ਮੂਸ਼ ਸ਼ਬਦ ਵਰਤਿਆ ਹੈ,
ਮੀਮ-ਮੁਰਸ਼ਦ ਬਾਝੋਂ ਫਕਰ ਕਮਾਵੇ,
ਵਿਚ ਕੁਫਰ ਦੇ ਬੁੱਡੇ ਹੂ।
ਸ਼ੇਖ ਮੁਸਲਾਇਕ ਹੋ ਬਹਿੰਦੇ ਹੁਜਰੇ,
ਗੌਸ ਕੁਤਬ ਬਣ ਵੱਡੇ ਹੂ।
ਰਾਤ ਅੰਧਾਰੀ ਮੁਸ਼ਕਿਲ ਪੈਂਡਾ,
ਸੈ ਸੈ ਆਵਣ ਠੁੱਡੇ ਹੂ।
ਤਸਬੀਹਾਂ ਬਣ ਬਹਿਣ ਮਸੀਤੀਂ ਬਾਹੂ,
ਜਿਵੇਂ ਮੂਸ਼ ਬਹੇ ਵੜ ਖੁੱਡੇ ਹੂ।
ਮੂਸ ਦਾ ਸੰਸਕ੍ਰਿਤ ਰੂਪ ਮੂਸ਼ ਹੈ। ਸੰਸਕ੍ਰਿਤ ਵਿਚ ਇਸ ਦੇ ਕਈ ਹੋਰ ਰੁਪਾਂਤਰ ਵੀ ਹਨ ਜਿਵੇਂ ਮੂਸ਼, ਮੂਸ਼ਾ, ਮੁਸ਼ਕ, ਮੂਸ਼ਕ, ਮੂਸ਼ਿਕਾ ਆਦਿ। ਸੰਸਕ੍ਰਿਤ ਵਿਚ ਕਿਰਿਆ ਦੇ ਰੂਪ ਵਿਚ ‘ਮੂਸ਼’ ਦਾ ਅਰਥ ਚੋਰੀ ਕਰਨਾ, ਲੁੱਟਣਾ ਅਤੇ ਨਾਂਵ ਰੂਪ ਵਿਚ ਚੋਰ ਅਤੇ ਚੂਹਾ ਹੈ। ਇਸ ਸ਼ਬਦ ਦਾ ਧਾਤੂ ਹੈ ‘ਮੁਸ਼’ ਜਿਸ ਵਿਚ ਚੋਰੀ ਕਰਨ ਦੇ ਭਾਵ ਹਨ। ਅਸੀਂ ‘ਮੁੱਠੀ’ ਵਾਲੇ ਲੇਖ ਵਿਚ ਦੱਸਿਆ ਸੀ ਕਿ ਚੋਰੀ ਅਤੇ ਚੂਹੇ ਦੀ ‘ਭਾਵਕ’ ਸਾਂਝ ਹੈ। ਇਸ ਸਬੰਧ ਵਿਚ ਅਸੀਂ ਸੰਸਕ੍ਰਿਤ ਦੇ ‘ਸਤੇਯਿਨ’ ਤੇ ‘ਆਖੂ’ ਸ਼ਬਦਾਂ ਦਾ ਜ਼ਿਕਰ ਕੀਤਾ ਸੀ।
‘ਮੂਸ਼’ ਨਾਲ ਸਬੰਧਤ ਚੂਹੇ ਦੇ ਹੀ ਅਰਥਾਂ ਵਿਚ ਬਹੁਤ ਸਾਰੀਆਂ ਭਾਰੋਪੀ ਭਾਸ਼ਾਵਾਂ ਵਿਚ ਸੁਜਾਤੀ ਸ਼ਬਦ ਮਿਲਦੇ ਹਨ। ਮਿਸਾਲ ਵਜੋਂ ਲਾਤੀਨੀ ਮੁਸ, ਅੰਗਰੇਜ਼ੀ ਮਾਊਸ, ਜਰਮਨ ਮਸਿ, ਅਲਬੇਨੀਅਨ ਮਿ, ਰੂਸੀ ਮਿਸ। ਗੱਲ ਕੀ ਕਰੀਬ ਸੱਭੇ ਭਾਰੋਪੀ ਭਾਸ਼ਾਵਾਂ ਦਾ ਮੂਸੇ ਬਿਨਾਂ ਗੁਜ਼ਾਰਾ ਨਹੀਂ। ਸੰਭਵ ਹੈ ਇਸ ਦਾ ਮੁਢਲਾ ਮੂਲਕ ਸ਼ਬਦ ਨਾਂਵ ਸੀ ਤੇ ਇਸ ਦਾ ਅਰਥ ਚੋਰੀ ਕਰਨ ਵਾਲਾ ਅਰਥਾਤ ਚੋਰ ਸੀ। ਚੋਰੀ ਤੇ ਚੂਹੇ ਦੇ ਸਬੰਧ ਦਰਸਾਉਂਦੇ ਹੋਰ ਭਾਸ਼ਾਵਾਂ ਵਿਚ ਵੀ ਸ਼ਬਦ ਮਿਲਦੇ ਹਨ ਪਰ ਬੇਪਛਾਣ ਜਿਹੇ ਸ਼ਬਦਾਂ ਦਾ ਪਾਠਕਾਂ ‘ਤੇ ਭਾਰ ਪਾਉਣ ਦਾ ਮੇਰਾ ਕੋਈ ਵਿਚਾਰ ਨਹੀਂ। ਸਾਨੂੰ ਪਤਾ ਹੈ ਕਿ ਚੂਹਾ ਘਰਾਂ ਵਿਚ ਰਾਤ ਨੂੰ ਹੀ ਸੰਨ੍ਹ ਲਾ ਕੇ ਉਜਾੜਾ ਕਰਦਾ ਹੈ। ਦਾਣਾ-ਫੱਕਾ ਰਾਤੋ ਰਾਤ ਚਟਮ ਕਰਕੇ ਚੋਰਾਂ ਦੀ ਤਰ੍ਹਾਂ ਤਿੱਤਰ ਹੋ ਜਾਂਦਾ ਹੈ। ਉਂਜ ਚੂਹਾ ਬੜਾ ਸ਼ਰਮਾਕਲ ਤੇ ਡਰਪੋਕ ਜਾਨਵਰ ਹੈ। ਆਪਣਾ ਕਾਰਾ ਕਰਨ ਆਇਆ ਬੰਦੇ ਨੂੰ ਦੇਖ ਕੇ ਸਵੈ-ਰੱਖਿਆ ਲਈ ਇਕ ਦਮ ਪਿਛਲਖੁਰੀ ਭਜ ਤੁਰਦਾ ਹੈ। ਇਹ ਚੋਰਾਂ ਵਾਲੀ ਪ੍ਰਤਿਕ੍ਰਿਆ ਹੀ ਹੈ। ਫਿਰ ਚੂਹੇ ਦੀ ਰਿਹਾਇਸ਼ ਯਾਨਿ ਡੁੱਡ ਵਿਚ ਬੇਸ਼ੁਮਾਰ ਮੋੜ-ਘੇੜ ਹੁੰਦੇ ਹਨ, ਜਾਣੋ ਚੋਰਾਂ ਦਾ ਤਹਿਖਾਨਾ ਹੋਵੇ। ਕਹਿੰਦੇ ਹਨ, ਚੂਹਾ ਅੰਨ੍ਹਾ ਹੁੰਦਾ ਹੈ ਪਰ ਇਹ ਗੱਲ ਨਹੀਂ। ਹਾਂ ਇਸ ਦੀ ਨਜ਼ਰ ਘਟ ਜ਼ਰੂਰ ਹੁੰਦੀ ਹੈ। ਇਹ ਚੀਜ਼ਾਂ ਦੀ ਸੋਝੀ ਸੁੰਘਣ ਸ਼ਕਤੀ ਤੋਂ ਹੀ ਲੈਂਦਾ ਹੈ। ਪੁਰਾਤਤਵ ਖੋਜਾਂ ਅਨੁਸਾਰ ਚੂਹੇ ਦੀ ਹੋਂਦ ਪ੍ਰਾਗ-ਇਤਿਹਾਸ ਵਿਚ ਮਨੁਖੀ ਵਸੇਬੇ ਦੇ ਆਸ-ਪਾਸ ਨਹੀਂ ਰੜਕਦੀ। ਅਸਲ ਵਿਚ ਚੂਹਾ ਜੰਗਲ ਛਡ ਕੇ ਉਦੋਂ ਹੀ ਮਨੁਖੀ ਬਸਤੀ ਵਿਚ ਆਇਆ ਜਦ ਮਨੁਖ ਨੇ ਖੇਤੀ ਸ਼ੁਰੂ ਕੀਤੀ, ਖਾਸ ਤੌਰ ‘ਤੇ ਅਨਾਜ ਦੀ। ਚੂਹਾ ਦਾਣਿਆਂ ਦਾ ਖਉ ਹੈ। ਚੂਹੇ ਨੂੰ ਖਾਣ ਲਈ ਉਸ ਦੇ ਪਿਛੇ-ਪਿਛੇ ਹੀ ਜੰਗਲਾਂ ਵਿਚੋਂ ਬਿੱਲੀ ਵੀ ਮਨੁਖੀ ਬਸਤੀਆਂ ਵਿਚ ਆ ਕੇ ਵਸਣ ਲੱਗੀ।
‘ਮੁਸ਼’ ਧਾਤੂ ਤੋਂ ਹੀ ਗੰਧ ਦੇ ਅਰਥਾਂ ਵਾਲਾ ਮੁਸ਼ਕ ਸ਼ਬਦ ਬਣਿਆ। ਭਾਵੇਂ ਅਜੋਕੀ ਪੰਜਾਬੀ ਵਿਚ ਮੁਸ਼ਕ ਸ਼ਬਦ ਦੇ ਅਰਥਾਂ ਦੀ ਅਵਨਤੀ ਹੋ ਗਈ ਹੈ ਤੇ ਇਹ ਦੁਰਗੰਧ ਦੇ ਅਰਥ ਦੇਣ ਲੱਗ ਪਿਆ ਹੈ ਪਰ ਪੁਰਾਣੀ ਪੰਜਾਬੀ ਵਿਚ ਇਹ ਆਮ ਤੌਰ ‘ਤੇ ਸੁਗੰਧੀ ਦੇ ਅਰਥ ਹੀ ਦਿੰਦਾ ਸੀ। ਇਸ ਦਾ ਕਾਰਨ ਇਹ ਲਗਦਾ ਹੈ ਕਿ ਤੀਬਰ ਵਾਸ਼ਨਾ ਦੇ ਭਾਵ ਭੈੜੀ ਵਾਸ਼ਨਾ ਵਿਚ ਬਦਲ ਗਏ। ਦੇਖਿਆ ਜਾਵੇ ਤਾਂ ਪਹਿਲਾਂ ‘ਬੋਅ’ ਵੀ ਚੰਗੀ ਜਾਂ ਮੰਦੀ ਨਹੀਂ ਸੀ ਪਰ ਅਜ ਕਲ੍ਹ ਇਸ ਦਾ ਅਰਥ ਬਦਬੋਅ ਹੈ। ਅਕਸਰ ਹੀ ਸ਼ਬਦਾਂ ਦੇ ਅਰਥਾਂ ਵਿਚ ਆਮ ਤੋਂ ਖਾਸ ਵੱਲ ਵਧਣ ਦੀ ਰੁਚੀ ਹੁੰਦੀ ਹੈ। ਗੁਰੂ ਰਾਮ ਦਾਸ ਦੀ ਬਾਣੀ ਵਿਚ ਮੁਸ਼ਕ ਸ਼ਬਦ ਕੁਝ ਇਕ ਵਾਰੀ ਵਰਤਿਆ ਮਿਲਦਾ ਹੈ ਤੇ ਇਹ ਸੁਗੰਧੀ ਦੇ ਅਰਥਾਂ ਵਿਚ ਹੀ ਹੈ, ਸਹੀ ਪੁਛੋ ਤਾਂ ਕਸਤੂਰੀ ਦੀ ਵਾਸ਼ਨਾ ਦੇ ਅਰਥਾਂ ਵਿਚ, “ਜਨ ਨਾਨਕੁ ਮੁਸਕਿ ਝਕੋਲਿਆ ਸਭ ਜਨਮੁ ਧਨੁ ਧੰਨਾ” ਅਰਥਾਤ ਨਾਨਕ ਰੱਬ ਦੇ ਨਾਮ ਦੀ ਕਸਤੂਰੀ ਨਾਲ ਸੁਗੰਧਿਤ ਹੋ ਗਿਆ ਹੈ ਤੇ ਉਸ ਦਾ ਜੀਵਨ ਸਫਲਾ ਹੋ ਗਿਆ ਹੈ। ਸੱਚਾਈ ਇਹ ਹੈ ਮੁਢਲੇ ਤੌਰ ‘ਤੇ ਮੁਸ਼ਕ ਦਾ ਅਰਥ ਕਸਤੂਰੀ ਜਾਂ ਮ੍ਰਿਗਮਧ ਹੀ ਹੈ। ਇਹ ਕਸਤੂਰੀ ਇਕ ਖਾਸ ਕਿਸਮ ਦੇ ਨਰ ਮਿਰਗ ਦੀ ਧੁਨੀ ਵਿਚ ਪਈ ਇਕ ਪੋਟਲੀ ‘ਚੋਂਂ ਨਿਕਲਦੀ ਹੈ। ਇਸ ਨੂੰ ਕਸਤੂਰੀ ਮਿਰਗ ਵੀ ਆਖ ਦਿੰਦੇ ਹਨ। ਇਹ ਸਿੰਗਹੀਣ ਜਾਨਵਰ ਹੈ ਤੇ ਮਿਰਗਾਂ ਦੀਆਂ ਕਿਸਮਾਂ ਵਿਚੋਂ ਇਹ ਸਭ ਤੋਂ ਪ੍ਰਾਚੀਨ ਹੈ। ਵਿਕਾਸਕ੍ਰਮ ਅਨੁਸਾਰ ਹਿਰਨਾਂ ਵਿਚ ਸਿੰਗ ਬਹੁਤ ਪਿਛੋਂ ਉਭਰਨੇ ਸ਼ੁਰੂ ਹੋਏ। ਕਸਤੂਰੀ ਮਿਰਗ ਅਫਗਾਨਿਸਤਾਨ, ਰੂਸ, ਭਾਰਤੀ ਖਿੱਤੇ ਦੇ ਪਰਬਤੀ ਇਲਾਕਿਆਂ ਤੇ ਹਿੰਦ-ਚੀਨੀ, ਚੀਨ ਤੇ ਮੰਗੋਲੀਆ ਜਿਹੇ ਏਸ਼ਿਆਈ ਦੇਸ਼ਾਂ ਵਿਚ ਪਾਇਆ ਜਾਂਦਾ ਹੈ। ਯੂਰਪ ਵਿਚ ਇਹ ਕਦੋਂ ਦਾ ਅਲੋਪ ਹੋ ਚੁਕਾ ਹੈ। ਆਮ ਵਿਚਾਰ ਹੈ ਕਿ ਮਿਰਗ ਦੀ ਕਸਤੂਰੀ ਦੀ ਸੁਗੰਧ ਇੰਨੀ ਤੀਬਰ ਹੁੰਦੀ ਹੈ ਕਿ ਬੌਂਦਲਿਆ ਹੋਇਆ ਮਿਰਗ ਖੁਦ ਇਸ ਦੀ ਤਲਾਸ਼ ਵਿਚ ਦੌੜਿਆ ਭਜਿਆ ਫਿਰਦਾ ਹੈ। ਅਧਿਆਤਮਕ ਕਵੀਆਂ ਨੇ ਇਸ ਨੂੰ ਜੀਵ ਅਤੇ ਪਰਮਾਤਮਾ ਦੇ ਰਿਸ਼ਤੇ ਨੂੰ ਦਰਸਾਉਣ ਲਈ ਇਕ ਦ੍ਰਿਸ਼ਟਾਂਤ ਵਜੋਂ ਵਰਤਿਆ ਹੈ। ਭਗਤ ਕਬੀਰ ਫਰਮਾਉਂਦੇ ਹਨ,
ਕਸਤੂਰੀ ਕੁੰਡਲ ਬਸੈ
ਮਿਰਗ ਢੂੰਢੈ ਵਨ ਮਾਂਹਿ।
ਐਸੇ ਘਟ ਘਟ ਰਾਮ ਹੈ
ਦੁਨੀਆ ਦੇਖੇ ਨਾਂਹਿ।
ਅਸਲ ਵਿਚ ਨਰ ਮਿਰਗ ਦੇ ਕਸਤੂਰੀ ਨਾਮੀ ਗ੍ਰੰਥੀ ਵਿਚੋਂ ਮੁਸ਼ਕ ਗੂੰਦ ਵਾਂਗ ਰਿਸਦਾ ਰਹਿੰਦਾ ਹੈ। ਇਸ ਦਾ ਪ੍ਰਕਾਰਜ ਸੰਭੋਗ ਕਰਨ ਲਈ ਮਦੀਨ ਮਿਰਗ ਨੂੰ ਮੋਹਿਤ ਕਰਨਾ ਹੈ ਤਾਂ ਜੋ ਸੰਤਾਨ ਨੂੰ ਅੱਗੇ ਵਧਾਇਆ ਜਾ ਸਕੇ। ‘ਇਸ਼ਕ ਮੁਸ਼ਕ’ ਸ਼ਬਦ ਯੁਗਮ ਵਿਚ ਇਸੇ ਤਰ੍ਹਾਂ ਦੇ ਭਾਵ ਝਲਕਦੇ ਹਨ। ਨਾ ਇਸ਼ਕ ਲੁਕੋਇਆ ਜਾ ਸਕਦਾ ਹੈ ਤੇ ਨਾ ਕਸਤੂਰੀ ਦੀ ਸੁਗੰਧੀ। ਪੰਜਾਬੀ ਵਿਚ ‘ਮੁਸ਼ਕਾਉਣਾ’ ਦਾ ਅਰਥ ਮੁੰਡੇ ਜਾਂ ਕੁੜੀ ਨੂੰ ਪੱਟਣ ਦੀ ਖਾਤਿਰ ਅਜੀਬੋ-ਗਰੀਬ ਸ਼ੁਕੀਨੀ ਧਾਰਨ ਕਰਨਾ ਹੈ। ਮੁਸ਼ਕ ਕਾਫੂਰ ਇਕ ਕਿਸਮ ਦਾ ਤੇਜ਼ ਗੰਧ ਵਾਲਾ ਕਪੂਰ ਹੁੰਦਾ ਹੈ। ਆਮ ਸਮਝ ਦੇ ਉਲਟ ਜੰਗਲ ਵਿਚ ਭਟਕਦਾ ਕਸਤੂਰੀ ਮਿਰਗ ਆਪਣੀ ਸੁਗੰਧੀ ਦੀ ਭਾਲ ਵਿਚ ਨਹੀਂ ਹੁੰਦਾ ਬਲਕਿ ਇਸ ਸੁਗੰਧੀ ਦੇ ਬਲਬੂਤੇ ਮਦੀਨ ਹਿਰਨੀ ਨੂੰ ਭਰਮਾਉਣ ਲਈ ਨੱਸਿਆ ਭੱਜਿਆ ਫਿਰਦਾ ਹੈ।
ਕੁਝ ਵਿਦਵਾਨਾਂ ਅਨੁਸਾਰ ਮੁਸ਼ਕ ਸ਼ਬਦ ‘ਮੁਸ਼’ ਧਾਤੂ ਦੇ ਮੁਗਧ ਕਰਨਾ, ਲੁਭਾਉਣਾ ਦੇ ਅਰਥਾਂ ਤੋਂ ਬਣਿਆ ਹੈ। ਮੁਸ਼ਕ ਦਾ ਸੰਸਕ੍ਰਿਤ ਵਿਚ ਇਕ ਅਰਥ ਅੰਡਕੋਸ਼ ਜਾਂ ਪਤਾਲੂ ਵੀ ਹੈ। ਕਸਤੂਰੀ ਅਸਲ ਵਿਚ ਅੰਡਕੋਸ਼ ਵਿਚੋਂ ਨਿਕਲਦੀ ਹੈ। ਇਹ ਅਰਥ ਅੰਡਕੋਸ਼ ਦੀ ਸ਼ਕਲ ਮੂਸ਼ਕ (ਚੂਹੇ) ਨਾਲ ਮਿਲਦੀ ਹੋਣ ਕਾਰਨ ਹੈ। ਅੰਡਕੋਸ਼ ਦਾ ਰੰਗ ਕਾਲਾ ਜਿਹਾ ਹੁੰਦਾ ਹੈ ਇਸ ਲਈ ‘ਨੀ ਇਕ ਤੇਰਾ ਰੰਗ ਮੁਸ਼ਕੀ’ ਵਿਚਲੇ ਮੁਸ਼ਕੀ ਸ਼ਬਦ ਦਾ ਅਰਥ ਸਾਂਵਲਾ ਹੁੰਦਾ ਹੈ। ਵਾਰਿਸ ਸ਼ਾਹ ਨੇ ਇਹ ਸ਼ਬਦ ਵਰਤਿਆ ਹੈ। ਹੀਰ ਦੇ ਵਿਆਹ ਦੀਆਂ ਤਿਆਰੀਆਂ ਵਿਚ ਕਿਹੜਾ ਪਕਵਾਨ ਨਹੀਂ ਬਣਿਆ,
ਮੁਸ਼ਕੀ ਚਾਵਲਾਂ ਦੇ ਭਰੇ ਆਣ ਕੋਠੇ
ਸੋਇਨ ਪਤੀ ਤੇ ਛੜੀਦੇ ਨੀ।
ਬਾਸਮਤੀ ਮੁਸਾਫਰੀ ਬੇਗਮੀ ਸਨ
ਹਰਚੰਦ ਵੇ ਜ਼ਰਦੀਏ ਧਰੀਦੇ ਸਨ।
ਮੁਸ਼ਕ ਸ਼ਬਦ ਸੰਸਕ੍ਰਿਤ ਤੋਂ ਫਾਰਸੀ ਤੇ ਫਿਰ ਅਰਬੀ ਵਿਚ ਹੁੰਦਾ ਹੋਇਆ ਗਰੀਕ ਲਾਤੀਨੀ ਵਿਚ ਜਾ ਪਹੁੰਚਾ ਤੇ ਉਥੋਂ ਹੋਰ ਯੂਰਪੀ ਭਾਸ਼ਾਵਾਂ ਵਿਚ ਵੜ ਗਿਆ। ਅੰਗਰੇਜ਼ੀ ਵਿਚ ਇਸ ਦਾ ਰੂਪ ਮੁਸਕ ਹੈ ਜੋ ਕਸਤੂਰੀ ਦੇ ਹੀ ਅਰਥਾਂ ਵਿਚ ਵਰਤਿਆ ਜਾਂਦਾ ਹੈ। ਅੰਗਰੇਜ਼ੀ ਮੁਸਕੇ ਦਾ ਅਰਥ ਕਸਤੂਰੀਹਾਰ, ਖੁਸ਼ਬੂਦਾਰ ਹੁੰਦਾ ਹੈ। ਇਸ ਦਾ ਪੰਜਾਬੀ ਵਿਚ ਅਰਥ ਮੁਸ਼ਕੀ ਕਰੀਏ ਤਾਂ ਅਰਥਾਂ ਦਾ ਅਨਰਥ ਹੋ ਜਾਵੇਗਾ। ਅੱਜ ਮੁਸ਼ਕ ਸ਼ਬਦ ਬਨਾਉਟੀ ਕਸਤੂਰੀ, ਗੰਧ ਬਿਲਾਵ ਜਾਂ ਮੁਸ਼ਕ ਬਿੱਲੇ ਆਦਿ ਦੇ ਫੋਤਿਆਂ (ਅੰਡਕੋਸ਼) ਵਿਚੋਂ ਨਿਕਲਦੇ ਰਿਸਾਉ ਲਈ ਵੀ ਵਰਤਿਆ ਜਾਂਦਾ ਹੈ।
ਸੰਸਕ੍ਰਿਤ ਵਿਚ ਬਹੁਤ ਮਾਸਲ ਜਾਂ ਮੋਟੇ ਦੇ ਅਰਥਾਂ ਵਿਚ ਮੁਸ਼ਕ ਸ਼ਬਦ ਦੀ ਵਰਤੋਂ ਹੁੰਦੀ ਹੈ। ਇਥੇ ਵੀ ਚੂਹੇ ਦੇ ਮੋਟੇ ਹੋਣ ਤੋਂ ਇਹ ਭਾਵ ਵਿਕਸਿਤ ਹੋਇਆ। ਦਰਅਸਲ ਮੁਸ਼ ਅਰਥਾਤ ਚੂਹੇ ਨੂੰ ਇਕ ਮਾਸ-ਪੇਸ਼ੀ ਜਾਂ ਪੱਠੇ ਦੇ ਰੂਪ ਵਿਚ ਗ੍ਰਹਿਣ ਕੀਤਾ ਜਾਂਦਾ ਹੈ ਤੇ ਇਸ ਲਈ ਹੈਰਾਨੀ ਨਹੀਂ ਕਿ ਪੱਠਿਆਂ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ੁੰਸਚਲe ਵੀ ਇਸੇ ਧਾਤੂ ਨਾਲ ਜਾ ਜੁੜਦਾ ਹੈ। ਅੰਗਰੇਜ਼ੀ ਮਸਲ ਦਾ ਭਾਵ ਇਸ ਨੂੰ ਇਕ ਛੋਟੇ ਚੂਹੇ ਵਾਂਗੂ ਕਲਪਣ ਤੋਂ ਪੈਦਾ ਹੋਇਆ। ਨਿਰੁਕਤਕਾਰ ਇਸ ਦੀ ਵਿਆਖਿਆ ਕਰਦੇ ਹਨ ਕਿ ਕੁਝ ਪੱਠਿਆਂ ਦੀ ਸ਼ਕਲ ਤੇ ਹਰਕਤ ਮੂਸ (ਚੂਹੇ) ਜਿਹੀ ਹੁੰਦੀ ਹੈ, ਖਾਸ ਤੌਰ ‘ਤੇ ਡੌਲਿਆਂ ਦੀ। ਜੇ ਝੋਲੇ ਵਿਚ ਚੂਹਾ ਪਾਇਆ ਜਾਵੇ ਤਾਂ ਝੋਲੇ ਦੇ ਬਾਹਰੋਂ ਉਸ ਦੀ ਹਰਕਤ ਫਰਕਦੇ ਹੋਏ ਡੌਲੇ ਦੀ ਤਰ੍ਹਾਂ ਪ੍ਰਤੀਤ ਹੁੰਦੀ ਹੈ। ਪੁਰਾਤਨ ਅੰਗਰੇਜ਼ੀ ਵਿਚ ਫਰਕਦੇ ਡੌਲਿਆਂ ਲਈ ਕਿਰਲੀ (ਲਡਿਅਰਦ) ਸ਼ਬਦ ਵੀ ਵਰਤਿਆ ਮਿਲਦਾ ਹੈ। ਹਿੰਦੀ ਵਿਚ ਇਸ ਲਈ ਮੇਂਡਕ ਅਰਥਾਤ ਡੱਡੂ ਸ਼ਬਦ ਹੈ। ਪਾਠਕ ਜਾਣਦੇ ਹੋਣਗੇ ਕਿ ਅਸੀਂ ਪੰਜਾਬੀ ਵਿਚ ਬਣੇ ਹੋਏ ਡੌਲਿਆਂ ਲਈ ਮਛਲੀ ਸ਼ਬਦ ਵਰਤਦੇ ਹਾਂ। ‘ਮਸ਼ਕਾਂ ਬੰਨ੍ਹਣੀਆਂ’ ਵਾਕੰਸ਼ ਵਿਚ ਮਸ਼ਕ ਸ਼ਬਦ ਡੌਲਿਆਂ ਜਾਂ ਕੂਹਣੀ ਤੋਂ ਉਪਰਲੀ ਬਾਂਹ ਦਾ ਅਰਥਾਵਾਂ ਹੈ। ਦਿਲਚਸਪ ਹੈ ਕਿ ਮਹਾਨ ਕੋਸ਼ ਵਿਚ ਇਸ ਸ਼ਬਦ ਦੀ ਵਿਆਖਿਆ ਇਸ ਪ੍ਰਕਾਰ ਹੈ, “ਪਿੱਠ ਪਿਛੇ ਹੱਥ ਜਕੜਨ ਦੀ ਕਿਰਿਆ ਸੰਸਕ੍ਰਿਤ ਵਿਚ ਮੁਸ਼ਕ ਨਾਮ ਚੋਰ ਦਾ ਹੈ, ਚੋਰ ਵਾਂਗ ਬੰ੍ਹਨ ਲੈਣਾæææ।” ਸਿੱਪੀ ਪ੍ਰਜਾਤੀ ਦੇ ਜੀਵਾਂ ਨੂੰ ਅੰਗਰੇਜ਼ੀ ਵਿਚ ਮੁਸਸeਲ ਕਿਹਾ ਜਾਂਦਾ ਹੈ। ਇਹ ਸ਼ਬਦ ਵੀ ਲਾਤੀਨੀ ਵਿਚੋਂ ਅੰਗਰੇਜ਼ੀ ਵਿਚ ਗਿਆ ਹੈ। ਮਸਲ ਦੀ ਸ਼ਕਲ ਤੇ ਅਕਾਰ ਛੋਟੇ ਚੂਹੇ ਵਰਗੀ ਹੁੰਦੀ ਹੈ। ਵਾਈਨ ਬਣਾਉਣ ਵਾਲੇ ਇਕ ਕਿਸਮ ਦੇ ਅੰਗੂਰ ੁੰਸਚਅਟ ਦਾ ਨਾਂ ਇਸ ਦੇ ਮੁਸ਼ਕੀ (ਖੁਸ਼ਬੂਦਾਰ) ਹੋਣ ਦੇ ਗੁਣ ਤੋਂ ਪਿਆ। ਜੈਫਲ ਲਈ ਅੰਗਰੇਜ਼ੀ ਸ਼ਬਦ ਨੁਟਮeਗ ਦੀ ਇਸ ਮੂਲਕ ਨਾਲ ਸਾਂਝ ਹੈ ਪਰ ਇਹ ਲੰਬੀ ਕਹਾਣੀ ਫਿਰ ਕਦੀ।
Leave a Reply