ਪ੍ਰੋæ ਕੁਲਵੰਤ ਸਿੰਘ ਰੋਮਾਣਾ
ਇਹ ਸਤਰ ਤਾਰਿਕ ਫਤਿਹ ਦੀ ਅੰਗਰੇਜ਼ੀ ਵਿਚ ਲਿਖੀ ਕਿਤਾਬ ‘ਚੇਜ਼ਿੰਗ ਏ ਮਿਰਾਜ਼’ ਦੇ ਸਿਰਲੇਖ ਦਾ ਪੰਜਾਬੀ ਵਿਚ ਖੁੱਲ੍ਹਾ ਜਿਹਾ ਤਰਜਮਾ ਹੈ। ਤਾਰਿਕ ਫਤਿਹ ਦਾ ਮੰਨਣਾ ਹੈ ਕਿ ਇਸਲਾਮਿਕ ਰਿਆਸਤ ਮਹਿਜ਼ ਪ੍ਰਛਾਵਾਂ ਜਾਂ ਛਲ ਹੈ ਜਿਸ ਨੂੰ ਕਾਇਮ ਕਰਨ ਲਈ ਸੰਸਾਰ ਭਰ ਦੇ ਇਸਲਾਮੀ ਜਹਾਦੀਆਂ ਨੇ ਕਤਲੋ-ਗਾਰਤ ਦੀ ਕਵਾਇਦ ਸ਼ੁਰੂ ਕਰ ਰੱਖੀ ਹੈ। ਮੇਰਾ ਖਿਆਲ ਹੈ ਕਿ ਇਸ ਦਿਲਚਸਪ ਕਿਤਾਬ ਬਾਰੇ ਜਾਣਨ ਤੋਂ ਪਹਿਲਾਂ ਇਸ ਕਿਤਾਬ ਦੇ ਲੇਖਕ ਤਾਰਿਕ ਫ਼ਤਿਹ ਬਾਰੇ ਜਾਣਨਾ ਜ਼ਿਆਦਾ ਦਿਲਚਸਪ ਤੇ ਜ਼ਰੂਰੀ ਹੈ। ਤਾਰਿਕ ਪਾਕਿਤਸਾਨੀ ਮੂਲ ਦਾ ਕੈਨੇਡੀਅਨ ਸ਼ਹਿਰੀ ਹੈ ਜੋ ਸਥਾਪਤ ਲੇਖਕ, ਪੱਤਰਕਾਰ ਤੇ ਟੀæਵੀæ ਹੋਸਟ ਹੈ। ਅੰਗਰੇਜ਼ੀ ਵਿਚ ਕਿਤਾਬਾਂ ਦਾ ਲੇਖਕ ਹੋਣ ਤੋਂ ਇਲਾਵਾ ਉਹ ‘ਟੋਰਾਂਟੋ ਸਨ’ ਦਾ ਸਥਾਈ ਕਾਲਮਨਵੀਸ ਹੈ ਅਤੇ ‘ਤਾਰਿਕ ਫਤਿਹ ਸ਼ੋਅ’ ਨਾਂ ਦੇ ਅੰਗਰੇਜ਼ੀ ਟਾਕ ਸ਼ੋਅ ਦਾ ਹੋਸਟ ਹੈ। ਤਾਰਿਕ ਖੁਦ ਤੇ ਉਸ ਦੀਆਂ ਲਿਖਤਾਂ ਹਮੇਸ਼ਾ ਵਿਵਾਦਾਂ ਵਿਚ ਰਹੇ ਹਨ। ਰਵਾਇਤੀ ਮਜ਼ਹਬੀ ਤੇ ਗਰਮਖਿਆਲੀ ਮੁਸਲਮਾਨਾਂ ਅਤੇ ਇਸਲਾਮੀ ਤਨਜ਼ੀਮਾਂ ਨੂੰ ਉਹ ਵਿਹੁ ਵਰਗਾ ਲਗਦਾ ਹੈ ਜਿਸ ਕਾਰਨ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਦੀਆਂ ਰਹਿੰਦੀਆਂ ਹਨ। ਦੂਜੇ ਪਾਸੇ, ਫਰਾਖਦਿਲ ਮੁਸਲਮਾਨਾਂ ਤੇ ਆਮ ਲੋਕਾਂ ਲਈ ਉਹ ਐਸੀ ਬੁਲੰਦ ਆਵਾਜ਼ ਹੈ ਜੋ ਮੁਸਲਮਾਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਰੋਸ਼ਨ ਬਾਤ ਕਰ ਰਿਹਾ ਹੈ।
ਤਾਰਿਕ 1949 ਵਿਚ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਚ ਪੈਦਾ ਹੋਇਆ। ਕਰਾਚੀ ਯੂਨੀਵਰਸਿਟੀ ਤੋਂ ਸਾਇੰਸ ਵਿਚ ਗਰੈਜੂਏਸ਼ਨ ਕੀਤੀ। ਵਿਦਿਆਰਥੀ ਜੀਵਨ ਵਿਚ ਲੀਡਰ ਰਿਹਾ ਹੋਣ ਕਰ ਕੇ ਨੌਕਰੀ ਕਰਨ ਦੀ ਬਜਾਏ ਪੱਤਰਕਾਰੀ ਸ਼ੁਰੂ ਕਰ ਦਿੱਤੀ। ਖੋਜੀ ਪੱਤਰਕਾਰ ਬਣਿਆ ਜਿਸ ਕਾਰਨ ਉਸ ਨੂੰ ਦੋ ਵਾਰ ਜੇਲ੍ਹ ਵੀ ਜਾਣਾ ਪਿਆ। ਲਿਖਣ ਤੇ ਬੋਲਣ ਦੀ ਗੁਲਾਮੀ ਤੋਂ ਤੰਗ ਆ ਕੇ ਉਹ 1977 ਵਿਚ ਦੁਬਈ ਚਲਾ ਗਿਆ ਜਿੱਥੇ ਉਸ ਨੇ 10 ਸਾਲ ਕੌਮੀ ਤੇ ਕੌਮਾਂਤਰੀ ਅਖ਼ਬਾਰਾਂ ਤੇ ਰਸਾਲਿਆਂ ਲਈ ਲਿਖਿਆ ਤੇ ਇਸ਼ਤਿਹਾਰਾਂ ਦਾ ਕੰਮ ਕੀਤਾ। ਫਿਰ 1987 ਵਿਚ ਕੈਨੇਡਾ ਜਾ ਡੇਰੇ ਲਾਏ ਅਤੇ ਅੱਜਕੱਲ੍ਹ ਉਹ ਉਥੋਂ ਦਾ ਸ਼ਹਿਰੀ ਹੈ। ਉਸ ਨੇ ਪਾਕਿਸਤਾਨ ਨੂੰ ਬੜਾ ਨੇੜਿਉਂ ਵੇਖਿਆ ਹੈ, ਖੌਰੇ ਇਸੇ ਲਈ ਪਾਕਿਸਤਾਨ ਬਾਰੇ ਉਸ ਦੇ ਵਿਚਾਰ ਬੜੇ ਸਖ਼ਤ ਹਨ। ਉਹ ਕਹਿੰਦਾ ਹੈ ਕਿ ਪਾਕਿਸਤਾਨ ਬਣਿਆ ਹੀ ਸਾਜ਼ਿਸ਼ ਦੀ ਬੁਨਿਆਦ ‘ਤੇ ਹੈ। ਨਾ ਇਹ ਮੁਸਲਿਮ ਲੀਗ ਦੀ ਮੰਗ ਸੀ ਤੇ ਨਾ ਹੀ ਜਿਨਾਹ ਦੀ। ਅਸਲ ਵਿਚ ਦੱਖਣੀ ਏਸ਼ੀਆ ਵਿਚ ਇਸ ਤਰ੍ਹਾਂ ਦਾ ਦੇਸ਼ ਕਾਇਮ ਕਰਨਾ ਦੂਜੀ ਸੰਸਾਰ ਜੰਗ ਤੋਂ ਬਾਅਦ ਯੂਰਪੀ ਬਸਤੀਵਾਦੀਆਂ ਦੀ ਜ਼ਰੂਰਤ ਸੀ। ਇਸੇ ਲਈ ਇਹ ਮੁਲਕ ਅੱਜ ਤੱਕ ਕਲੋਨੀ ਵਾਂਗ ਹੀ ਵਰਤਿਆ ਜਾ ਰਿਹਾ ਹੈ। ਇਸ ਦਾ ਵੱਡਾ ਕਾਰਨ ਹੈ ਕਿ ਇਹ ਦੇਸ਼ ਝੂਠ ‘ਚੋਂ ਜਨਮਿਆ ਤੇ ਅੱਜ ਵੀ ਇਸ ਦੇਸ਼ ਦੇ ਹਰ ਸ਼ੋਅਬੇ ਵਿਚ ਝੂਠ ਪ੍ਰਧਾਨ ਹੈ।
ਤਾਲੀਮ ਨੂੰ ਹੀ ਲੈ ਲਉ। ਤਾਰਿਕ ਕਹਿੰਦਾ ਹੈ ਕਿ ਪੰਜਾਬੀ, ਬਲੋਚ ਤੇ ਪਖਤੂਨ ਬੱਚੇ ਆਪਣੇ ਸਕੂਲਾਂ ਵਿਚ ਆਪਣੀ ਮਾਤ-ਭਾਸ਼ਾ ਪੰਜਾਬੀ, ਬਲੋਚੀ ਜਾਂ ਪਖਤੂਨ ਨਹੀਂ ਪੜ੍ਹ ਸਕਦੇ। ਉਨ੍ਹਾਂ ਨੂੰ ਉਰਦੂ ਹੀ ਪੜ੍ਹਾਈ ਜਾਂਦੀ ਹੈ। ਸੂਬਾਈ ਭਾਸ਼ਾਵਾਂ ਨੂੰ ਅਨਪੜ੍ਹ ਗਵਾਰਾਂ ਦੀ ਭਾਸ਼ਾ ਸਮਝਿਆ ਜਾਂਦਾ ਹੈ। ਮਾਦਰੀ ਜ਼ੁਬਾਨ ਤੋਂ ਬੇਗਾਨੀਆਂ ਹੋਈਆਂ ਕੌਮਾਂ ਕਦੇ ਵੀ ਤਰੱਕੀ ਨਹੀਂ ਕਰ ਸਕਦੀਆਂ। ਤਾਰਿਕ ਅਨੁਸਾਰ ਇਥੇ ਹੀ ਬੱਸ ਨਹੀਂ, ਪਾਠ ਪੁਸਤਕਾਂ ਵਿਚ ਬੱਚਿਆਂ ਨੂੰ ਇਹ ਵੀ ਪੜ੍ਹਾਇਆ ਜਾਂਦਾ ਹੈ ਕਿ ਪਾਕਿਸਤਾਨ ਦੀ ਫੌਜ ਬੜੀ ਬਹਾਦਰ ਤੇ ਹੁੱਬ-ਏ-ਵਤਨ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਭਾਰਤ ਨੇ ਚਾਰ ਵਾਰ ਪਾਕਿਸਤਾਨ ‘ਤੇ ਹਮਲਾ ਕੀਤਾ ਤੇ ਪਾਕਿਸਤਾਨ ਨੇ ਚਾਰੇ ਵਾਰ ਭਾਰਤ ਨੂੰ ਸ਼ਿਕਸਤ ਦਿੱਤੀ। ਅਸਲੀਅਤ ਇਹ ਹੈ ਕਿ ਪਾਕਿ ਫੌਜ ਨਾ ਬਹਾਦਰ ਹੈ ਤੇ ਨਾ ਹੀ ਹੁੱਬ-ਏ-ਵਤਨ ਹੈ। ਇਹ ਵੀ ਸੱਚ ਹੈ ਕਿ ਭਾਰਤ ਨਾਲ ਸਭ ਯੁੱਧਾਂ ਵਿਚ ਪਹਿਲਾਂ ਹਮਲਾ ਪਾਕਿਸਤਾਨ ਨੇ ਕੀਤਾ ਤੇ ਹਾਰ ਵੀ ਪਾਕਿਸਤਾਨ ਦੀ ਹੋਈ। ਹੁੱਬ-ਏ-ਵਤਨੀ ਜਾਂ ਦੇਸ਼ ਭਗਤੀ ਦਾ ਇਹ ਹਾਲ ਹੈ ਕਿ ਵੱਡੇ ਲੋਕਾਂ ਦੇ ਬੱਚਿਆਂ ਦੀ ਪਹਿਲੀ ਪਸੰਦ ਫੌਜੀ ਅਫ਼ਸਰ ਬਣਨਾ ਹੈ। ਕਾਰਨ? ਨੌਕਰੀ ਦੌਰਾਨ ਪੈਸੇ ਦੇ ਖੁੱਲ੍ਹੇ ਗੱਫ਼ੇ ਮਿਲਦੇ ਹਨ, ਕਿਉਂਕਿ ਫੌਜ ਆਪਣਾ ਬਜਟ ਆਪ ਤੈਅ ਕਰਦੀ ਹੈ। ਜਿਥੇ ਵੀ ਕੋਈ ਨਵੀਂ ਕਲੋਨੀ ਬਣਦੀ ਹੈ, ਪਹਿਲਾਂ ਇਕ-ਦੋ ਵੱਡੇ ਤੇ ਚੰਗੇ ਪਲਾਟ ਫੌਜੀ ਜਰਨੈਲਾਂ ਦੀ ਨਜ਼ਰ ਕੀਤੇ ਜਾਂਦੇ ਹਨ। ਰਿਟਾਇਰਮੈਂਟ ‘ਤੇ ਇੰਨੀ ਕੁ ਜ਼ਮੀਨ ਮਿਲਦੀ ਹੈ ਕਿ ਰਿਟਾਇਰ ਜਰਨੈਲ ਚੰਗਾ ਜ਼ਿਮੀਂਦਾਰ ਬਣ ਜਾਂਦਾ ਹੈ ਤੇ ਉਸ ਨੂੰ ਚੰਗਾ ਸਿਵਲ ਅਹੁਦਾ ਵੀ ਮਿਲ ਜਾਂਦਾ ਹੈ। ਸਿਰਫ਼ ਫੌਜ ਦਾ ਇਹ ਹਾਲ ਨਹੀਂ, ਸਗੋਂ ਹਰ ਅਦਾਰੇ ਦਾ ਮੂਲ ਮੰਤਰ ਹੀ ਪੈਸਾ ਹੈ। ਤਾਰਿਕ ਕਹਿੰਦਾ ਹੈ ਕਿ ਉਥੇ ਪੈਸੇ ਨਾਲ ਤੁਸੀਂ ਐਟਮ ਬੰਬ ਤੋਂ ਲੈ ਕੇ ਜੱਜ ਤੱਕ ਖਰੀਦ ਸਕਦੇ ਹੋ।æææਔਰ ਕਮਾਲ ਦੀ ਬਾਤ ਇਹ ਹੈ ਕਿ ਇਹ ਸਭ ਕੁਝ ਅੱਲਾ ਦੇ ਨਾਮ ‘ਤੇ ਹੋ ਰਿਹਾ ਹੈ!
ਉਹ ਦੱਸਦਾ ਹੈ ਕਿ ਜੋ ਕੁਝ ਥੋੜ੍ਹਾ-ਬਹੁਤਾ ਪਾਕਿਸਤਾਨ ਵਿਚ ਹਾਂ-ਪੱਖੀ ਸੀ, ਉਸ ਦਾ ਭੱਠਾ ਜ਼ਿਆ-ਉਲ-ਹੱਕ ਨੇ ਬਿਠਾ ਦਿੱਤਾ। ਉਸ ਨੇ ਪਾਕਿਸਤਾਨ ਨੂੰ ਲਿਖਤੀ ਤੌਰ ‘ਤੇ ਮਜ਼ਹਬੀ ਸਟੇਟ ਬਣਾ ਦਿੱਤਾ ਜਿਥੇ ਜੇ ਕੋਈ ਮੁਸਲਮਾਨ ਹੈ ਤਾਂ ਉਹ ਇਕ ਨੰਬਰ ਦਾ ਸ਼ਹਿਰੀ ਹੈ; ਬਾਕੀ ਸਭ ਦਰਜਾ ਦੋਇਮ। ਜਿਸ ਮੁਲਕ ਵਿਚ ਸ਼ਹਿਰੀਅਤ ਦਾ ਤਾਅਲੁਕ ਸਿੱਧਾ ਮਜ਼ਹਬ ਨਾਲ ਹੋਵੇ, ਉਸ ਨੇ ਬੁਰੀ ਰਿਆਸਤ (੍ਰੋਗੁe ੰਟਅਟe) ਤਾਂ ਬਣਨਾ ਹੀ ਬਣਨਾ ਹੈ। ਤੇ ਪਾਕਿਸਤਾਨ ਐਸੀ ਹੀ ਰਿਆਸਤ ਬਣ ਗਿਆ ਹੈ। ਪੰਜਾਬ ਦੇ ਗਵਰਨਰ ਸਲਮਾਨ ਤਾਸੀਰ ਨੂੰ ਉਸ ਦੇ ਬਾਡੀਗਾਰਡ ਨੇ ਗੋਲੀਆਂ ਨਾਲ ਭੁੰਨ ਦਿੱਤਾ, ਕਿਉਂਕਿ ਉਹ ਬੇਕਸੂਰ ਗਰੀਬ ਇਸਾਈ ਔਰਤ ਨੂੰ ਮੁਲਾਣੇ ਵੱਲੋਂ ਦਿੱਤੀ ਮੌਤ ਦੀ ਸਜ਼ਾ ਦੇ ਖਿਲਾਫ਼ ਸੀ ਤੇ ਉਸ ਨਾਲ ਹਮਦਰਦੀ ਪ੍ਰਗਟ ਕਰਨ ਲਈ ਉਸ ਨੂੰ ਜੇਲ੍ਹ ਵਿਚ ਮਿਲਣ ਗਿਆ ਸੀ। ਜਦੋਂ ਇਸ ਬਾਡੀਗਾਰਡ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਸੈਂਕੜੇ ਵਕੀਲਾਂ ਨੇ ਉਸ ਉਤੇ ਫੁੱਲਾਂ ਦੀ ਵਰਖਾ ਕੀਤੀ। ਇਨ੍ਹਾਂ ਹੀ ਵਕੀਲਾਂ ਵਿਚੋਂ ਇਕ, ਅੱਜ ਇਸਲਾਮਾਬਾਦ ਹਾਈਕੋਰਟ ਦਾ ਜੱਜ ਹੈ। ਤਾਰਿਕ ਪੁੱਛਦਾ ਹੈ ਕਿ ਐਸੇ ਮੁਲਕ ਵਿਚ ਕੀ ਕੋਈ ਇਨਸਾਫ਼ ਦੀ ਤਵੱਕੋ ਕਰ ਸਕਦਾ ਹੈ?
ਜਦੋਂ ਉਹ ਪਾਕਿਸਤਾਨ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਤਾਂ ਅਕਸਰ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਪਾਕਿਸਤਾਨ ਵਿਚ ਜਨਮ ਲੈ ਕੇ ਉਹ ਪਾਕਿਸਤਾਨ ਦੇ ਐਨਾ ਖਿਲਾਫ਼ ਕਿਉਂ ਹੈ? ਉਸ ਦਾ ਜਵਾਬ ਬੜਾ ਸਪੱਸ਼ਟ ਹੁੰਦਾ ਹੈ। ਉਹ ਕਹਿੰਦਾ ਹੈ, “ਮੈਂ ਪਾਕਿਸਤਾਨ ਵਿਚ ਪੈਦਾ ਹੋਇਆ ਹਿੰਦੋਸਤਾਨੀ ਹਾਂ। ਮੇਰੇ ਵਡੇਰੇ 18ਵੀਂ ਸਦੀ ਵਿਚ ਹਿੰਦੂਆਂ ਤੋਂ ਮੁਸਲਮਾਨ ਹੋਏ ਸਨ। ਮੈਂ ਪੰਜਾਬੀ ਹਾਂ ਜੋ ਇਸਲਾਮ ਵਿਚ ਪੈਦਾ ਹੋਇਆ; ਕੈਨੇਡੀਅਨ ਇਮੀਗਰਾਂਟ ਹਾਂ ਜੋ ਐਸੀ ਮੁਸਲਿਮ ਚੇਤੰਨਤਾ ਦਾ ਮਾਲਕ ਹਾਂ ਜਿਸ ਦੀਆਂ ਜੜ੍ਹਾਂ ਮਾਰਕਸਵਾਦ ਵਿਚ ਹਨ। ਕੈਨੇਡਾ ਨੇ ਮੇਰੇ ਅੰਦਰ ਜੁਰਅਤ ਪੈਦਾ ਕੀਤੀ ਹੈ ਜਿਸ ਕਰਕੇ ਮੈਂ ਆਪਣੇ ਮਜ਼ਹਬ ਦੇ ਇਸਲਾਮੀ ਅਗਵਾਕਾਰਾਂ ਖਿਲਾਫ਼ ਬੁਲੰਦ ਆਵਾਜ਼ ਵਿਚ ਬੋਲ ਸਕਿਆ ਹਾਂ। ਤਾਰਿਕ ਇਹ ਇੰਕਸ਼ਾਫ਼ ਵੀ ਕਰਦਾ ਹੈ ਕਿ ਭਾਵੇਂ ਪਾਕਿਸਤਾਨ ਤੇ ਬੰਗਲਾਦੇਸ਼ ਮੁਸਲਿਮ ਮੁਲਕ ਹਨ ਪਰ ਇਨ੍ਹਾਂ ਦੋਹਾਂ ਦੇਸ਼ਾਂ ਦੇ ਆਮ ਮੁਸਲਮਾਨਾਂ ਨਾਲੋਂ ਭਾਰਤ ਵਿਚਲੇ ਆਮ ਮੁਸਲਮਾਨਾਂ ਦੀ ਹਾਲਤ ਕਿਤੇ ਬਿਹਤਰ ਹੈ। ਉਨ੍ਹਾਂ ਕੋਲ ਤਰੱਕੀ ਤੇ ਖੁਸ਼ਹਾਲੀ ਦੇ ਵੱਧ ਮੌਕੇ ਹਨ। ਉਥੇ ਗਰੀਬ ਮੁਸਲਮਾਨਾਂ ਦੀ ਵੱਧ ਸੁਣਵਾਈ ਹੈ।
‘ਚੇਜ਼ਿੰਗ ਏ ਮਿਰਾਜ਼’ ਵਿਚ ਉਹ ਦੱਸਦਾ ਹੈ ਕਿ ਇਸਲਾਮਪ੍ਰਸਤ ਹਮੇਸ਼ਾ ਇਹ ਕਹਿੰਦੇ ਹਨ ਕਿ ਮੁਹੰਮਦ ਸਾਹਿਬ ਦੀ ਮੌਤ ਤੋਂ ਬਾਅਦ ਦਾ ਸਮਾਂ ਇਸਲਾਮ ਲਈ ਸੁਨਿਹਰੀ ਯੁੱਗ ਸੀ ਅਤੇ ਅੱਜ ਮੁਸਲਿਮ ਜਗਤ ਦੀ ਲੋੜ ਹੈ ਕਿ ਉਸੇ ਸੁਨਿਹਰੀ ਯੁੱਗ ਨੂੰ ਮੁੜ ਜ਼ਿੰਦਾ ਕੀਤਾ ਜਾਵੇ। ਤਾਰਿਕ ਸਮਝਦਾ ਹੈ ਕਿ ਮੁਸਲਮਾਨਾਂ ਨੇ ਮੁਹੰਮਦ ਸਾਹਿਬ ਨੂੰ ਦਫ਼ਨ ਕਰਨ ਵੇਲੇ ਇਸਲਾਮ ਦੇ ਉਹ ਕਾਇਦੇ ਕਾਨੂੰਨ ਵੀ ਨਾਲ ਹੀ ਦਫ਼ਨ ਕਰ ਦਿੱਤੇ ਸਨ ਜਿਨ੍ਹਾਂ ਦਾ ਹਜ਼ਰਤ ਮੁਹੰਮਦ ਪ੍ਰਚਾਰ ਕਰਦੇ ਰਹੇ ਸਨ। ਇਸਲਾਮੀ ਤਾਰੀਖ਼ ਦਸਦੀ ਹੈ ਕਿ ਲੋਕਾਂ ਨੇ ਸੱਤਾ ਦੀ ਲਾਲਸਾ ਵੱਸ ਮੁਹੰਮਦ ਸਾਹਿਬ ਦੇ ਨਾਮ ‘ਤੇ ਇਕ-ਦੂਜੇ ਨੂੰ ਕਤਲ ਕੀਤਾ ਹੈ ਅਤੇ ਇਹ ਰੁਝਾਨ ਮੁਹੰਮਦ ਸਾਹਿਬ ਦੀ ਮੌਤ ਤੋਂ ਕੁਝ ਹੀ ਘੰਟੇ ਬਾਅਦ ਸ਼ੁਰੂ ਹੋ ਗਿਆ ਸੀ। ਅੱਜ ਇਸਲਾਮਪ੍ਰਸਤਾਂ ਦੇ ਡਰ ਕਾਰਨ ਇਸ ਕੌੜੀ ਸੱਚਾਈ ਨੂੰ ਇਤਿਹਾਸ ਵਿਚ ਲਿਪ-ਪੋਚ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਅੱਜਕੱਲ੍ਹ ਇਸਲਾਮ ਇਕ ਫਾਸ਼ੀ, ਦਕੀਆਨੂਸ ਅਤੇ ਮਧਯੁੱਗੀ ਵਰਤਾਰਾ ਲੱਗਣ ਲੱਗ ਪਿਆ ਹੈ। ਮਿਸਾਲ ਦੇ ਤੌਰ ‘ਤੇ ਮੁਸਲਿਮ ਬ੍ਰਦਰਹੁੱਡ ਤੇ ਜਮਾਇਤ-ਏ-ਇਸਲਾਮੀ ਵਰਗੀਆਂ ਇਸਲਾਮੀ ਤਨਜ਼ੀਮਾਂ ਮੁਸਲਮਾਨਾਂ ਨਾਲ ਹੋ ਰਹੀ ਬੇਇਨਸਾਫ਼ੀ ਲਈ ਨਹੀਂ ਲੜ ਰਹੀਆਂ ਜਿਵੇਂ ਇਹ ਪ੍ਰਚਾਰ ਕਰ ਰਹੀਆਂ ਹਨ, ਸਗੋਂ ਇਹ ਤਾਰੀਖ਼ ਨੂੰ ਪੁੱਠਾ ਗੇੜਾ ਦੇ ਕੇ ਉਸ ਮੁਕਾਮ ‘ਤੇ ਲੈ ਜਾਣਾ ਚਾਹੁੰਦੀਆਂ ਹਨ ਜਿਥੇ ਮੁਸਲਿਮ ਆਵਾਮ ਇਨ੍ਹਾਂ ਦਾ ਹਰ ਨਾਦਰੀ ਫਰਮਾਨ ਸਿਰ ਝੁਕਾ ਕੇ ਮੰਨਣ। ਇਹ ਸਭ ਕੁਝ ਸੱਤਾ ਦੇ ਭੁੱਖੇ ਲੋਕ ਮਜ਼ਹਬ ਨੂੰ ਸੰਦ ਬਣਾ ਕੇ ਸਮਾਜ ‘ਤੇ ਕਾਬਜ਼ ਹੋਣ ਦੀ ਲਾਲਸਾ ਵੱਸ ਕਰ ਰਹੇ ਹਨ।
ਤਾਰਿਕ ਅਨੁਸਾਰ ਇਸਲਾਮਪ੍ਰਸਤਾਂ ਦਾ ਇਹ ਮਿਸ਼ਨ ਮਹਿਜ਼ ਕਬਾਇਲੀ ਯੁੱਗ ਦਾ ਸੁਪਨਾ ਹੈ ਜੋ ਅੱਜ ਦੇ ਵਿਗਿਆਨਕ ਯੁੱਗ ਵਿਚ ਕਦੇ ਸਾਕਾਰ ਨਹੀਂ ਹੋ ਸਕਦਾ, ਪਰ ਇਸ ਪ੍ਰਛਾਵੇਂ ਨੂੰ ਫੜਨ ਪਿੱਛੇ ਲਾਈ ਆਪਣੀ ਦੌੜ ਕਾਰਨ ਇਸਲਾਮਪ੍ਰਸਤਾਂ ਨੇ ਸੰਸਾਰ ਭਰ ਵਿਚ ਆਮ ਮੁਸਲਮਾਨਾਂ ਨੂੰ ਦੋਜ਼ਖ ਵਿਚ ਪਾ ਦਿੱਤਾ ਹੈ। ਪਾਕਿਸਤਾਨ, ਸੁਡਾਨ, ਇਰਾਕ ਅਤੇ ਸੀਰੀਆ ਦੀ ਹਾਲਤ ਵੇਖੋ! ਹਰ ਰੋਜ਼ ਮੁਸਲਮਾਨ ਧੜਾ-ਧੜ ਥੋਕ ਵਿਚ ਮੁਸਲਮਾਨਾਂ ਨੂੰ ਕਤਲ ਕਰ ਰਹੇ ਹਨ। ਸਿਤਮਜ਼ਰੀਫ਼ੀ ਇਹ ਕਿ ਇਸਲਾਮ ਦੇ ਨਾਂ ‘ਤੇ ਲਗਦਾ ਹੈ ਕਿ ਮੁਸਲਿਮ ਸੰਸਾਰ ਜੋਰੈਸਿਕ ਪਾਰਕ ਦੀ ਸ਼ਕਲ ਅਖਤਿਆਰ ਕਰ ਰਿਹਾ ਹੈ।
ਤਾਰਿਕ ਸਵਾਲ ਕਰਦਾ ਹੈ ਕਿ ਅੱਜ ਦੇ ਯੁੱਗ ਵਿਚ ਕੀ ਐਸੀ ਰਿਆਸਤ ਕਾਇਮ ਹੋ ਸਕਦੀ ਹੈ ਜਿਥੇ ਕੋਈ ਟੀæਵੀæ, ਰੇਡੀਓ, ਸਿਨੇਮਾ ਜਾਂ ਕੋਈ ਗੀਤ-ਸੰਗੀਤ ਨਹੀਂ ਹੋਵੇਗਾ? ਹੁਣ ਤਾਂ ਸਗੋਂ ਇਹ ਸਭ ਕੁਝ ਤੁਹਾਡੀ ਜੇਬ ਵਿਚਲੇ ਮੋਬਾਈਲ ਫੋਨ ਵਿਚ ਮੌਜੂਦ ਹੈ! ਕੀ ਕੋਈ ਐਸੀ ਰਿਆਸਤ ਕਾਇਮ ਹੋ ਸਕਦੀ ਹੈ ਜਿਥੇ ਪੋਲੀਓ ਵਰਗੀ ਖਤਰਨਾਕ ਬਿਮਾਰੀ ਦਾ ਇਲਾਜ ਹੀ ਵਰਜਿਤ ਹੋਵੇ ਜਦੋਂਕਿ ਯੂæਐਨæਓæ ਦੇ ਸਿਹਤ ਸਬੰਧੀ ਅਦਾਰੇ ਡਬਲਿਊæਐਚæਡੀæ ਨੇ ਇਸ ਦਾ ਨਾਮੋ-ਨਿਸ਼ਾਨ ਮਿਟਾਉਣ ਦਾ ਤਹੱਈਆ ਕੀਤਾ ਹੋਇਆ ਹੈ। ਕੀ ਸੰਸਾਰ ਦੇ ਕਿਸੇ ਖਿੱਤੇ ਵਿਚ ਕੁੜੀਆਂ ਨੂੰ ਸਕੂਲਾਂ ਵਿਚ ਪੜ੍ਹਨੋਂ ਰੋਕਿਆ ਜਾ ਸਕਦਾ ਹੈ ਜਦੋਂ ਮਲਾਲਾ ਵਰਗੀ ਕੁੜੀ ਨੂੰ ਆਪਣਾ ਬਣਾਉਣ ਲਈ ਸਾਰਾ ਸੰਸਾਰ ਬਾਹਾਂ ਉਲਾਰ ਰਿਹਾ ਹੈ ਤੇ ਸੰਸਾਰ ਦਾ ਸਭ ਤੋਂ ਵੱਡਾ ਇਨਾਮ ਨੋਬੇਲ ਉਸ ਨੂੰ ਦੇਣ ਦੀ ਵਿਉਂਤ ਬਣਾ ਰਿਹਾ ਹੈ। ਤਾਰਿਕ ਅਨੁਸਾਰ ਇਸਲਾਮੀ ਰਿਆਸਤ ਦੀ ਕਾਇਮੀ ਲਈ ਹੋ ਰਹੀ ਇਹ ਖੂਨੀ ਕਵਾਇਦ ਅੱਜ ਨਾ ਸਿਰਫ਼ ਮੁਸਲਮਾਨਾਂ ਲਈ, ਸਗੋਂ ਸੰਸਾਰ ਦੇ ਸਾਰੇ ਲੋਕਾਂ ਲਈ ਡਾਢੇ ਫ਼ਿਕਰ ਦਾ ਮਸਲਾ ਹੈ। ਇਸ ਦਾ ਇਕੋ-ਇਕ ਹੱਲ ਹੈ ਜੋ ਖੁਦ ਮੁਸਲਮਾਨ ਹੀ ਕਰ ਸਕਦੇ ਹਨ। ਇਸਲਾਮ ਨੂੰ ਸਿਆਸੀ ਸੰਦ ਦੇ ਤੌਰ ‘ਤੇ ਵਰਤਣ ਖਿਲਾਫ਼ ਸੰਸਾਰ ਪੱਧਰ ਦਾ ਮੁਹਾਜ਼ ਖੜ੍ਹਾ ਕੀਤਾ ਜਾਵੇ। ਇਸਲਾਮ ਤੇ ਇਸਲਾਮੀ ਤਾਰੀਖ਼ ਦੀ ਸਹੀ ਤੇ ਵਿਸਥਾਰ ਵਾਲੀ ਵਿਆਖਿਆ ਆਮ ਲੋਕਾਂ, ਖਾਸ ਕਰ ਮੁਸਲਿਮ ਆਵਾਮ ਤਕ ਪਹੁੰਚਾਈ ਜਾਵੇ। ਇਸਲਾਮ ਨੂੰ ਮਾਡਰਨ ਸੰਸਾਰ ਦੇ ਹਵਾਲੇ ਨਾਲ ਵੱਡੇ ਫਰਕ ਬਾਰੇ ਦੱਸਿਆ ਜਾਵੇ। ਦੱਸਿਆ ਜਾਵੇ ਕਿ ਇਸਲਾਮ ਇਕ ਮਜ਼ਹਬ ਹੈ ਜੋ ਬੰਦੇ ਵਾਸਤੇ ਪਾਕ, ਸਾਦਾ ਅਤੇ ਸਾਫ-ਸਫ਼ਾਫ਼ ਜੀਵਨ ਜਾਚ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਇਸਲਾਮੀ ਰਿਆਸਤ ਇਕ ਵਹਿਮ ਹੈ, ਛਲ ਹੈ ਜਿਸ ਦਾ ਮਜ਼ਹਬ ਨਾਲ ਕੋਈ ਸਬੰਧ ਨਹੀਂ। ਅੱਜਕੱਲ੍ਹ ਤਾਰਿਕ ਆਪਣੀ ਅਗਲੀ ਕਿਤਾਬ (ਝਨਿਅਹ’ਸ ੌਰਪਹਅਨਸ) ‘ਜਿਨਾਹ ਦੇ ਯਤੀਮ’ ਲਿਖਣ ਵਾਸਤੇ ਸਮੱਗਰੀ ਇਕੱਠੀ ਕਰਨ ਲਈ ਭਾਰਤ ਦੌਰੇ ‘ਤੇ ਹੈ।
ਤਾਰਿਕ ਫਤਿਹ ਨੇ ਮਜ਼ਹਬ ਨੂੰ ਸਿਆਸੀ ਸੰਦ ਵਜੋਂ ਵਰਤੇ ਜਾਣ ‘ਤੇ ਇਸ ਦੇ ਖ਼ਤਰਨਾਕ ਨਤੀਜਿਆਂ ਦੀ ਗੱਲ ਕੀਤੀ ਹੈ ਪਰ ਜਦੋਂ ਕਿਸੇ ਸ਼ੈਅ ਦੀ ਪੈਦਾਇਸ਼ ਹੀ ਕਿਸੇ ਸ਼ਾਤਰ ਤਰੀਕੇ ਨਾਲ ਖਾਸ ਮਿਸ਼ਨ ਦੀ ਪੂਰਤੀ ਲਈ ਹੋਈ ਹੋਵੇ ਤਾਂ ਉਸ ਦਾ ਉਸੇ ਮਿਸ਼ਨ ਦੀ ਪ੍ਰਾਪਤੀ ਲਈ ਵਰਤਿਆ ਜਾਣਾ ਸੁਭਾਵਕ ਹੈ। ਸੰਸਾਰ ਭਰ ਦੇ ਵਿਗਿਆਨਕ ਸੋਚ ਰੱਖਣ ਵਾਲੇ ਦਾਨਸ਼ਵਰਾਂ ਨੇ ਚਿਰੋਕਣਾ ਇਹ ਤੱਥ ਚਿੱਟੇ ਦਿਨ ਵਾਂਗ ਸਾਫ ਕਰ ਦਿੱਤਾ ਹੈ ਕਿ ਮਨੁੱਖੀ ਸਮਾਜ ਦੇ ਸ਼ੁਰੂ ਵਿਚ ਹੀ ਸ਼ਾਤਰ ਕਿਸਮ ਦੇ ਲੋਕਾਂ ਨੇ ਕੁਦਰਤੀ ਆਫ਼ਤਾਂ ਨੂੰ ਬੱਦਲਾਂ ਤੋਂ ਪਾਰ ਦਫਤਰ ਖੋਲ੍ਹੀ ਬੈਠੇ ਡਾਢੇ ਭਾਈ ਜਿਸ ਨੂੰ ਰੱਬ/ਖੁਦਾ ਕਹਿੰਦੇ ਹਨ, ਦੀ ਕਾਰਵਾਈ ਦੱਸ ਕੇ ਆਮ ਲੋਕਾਂ ਦੇ ਮਨਾਂ ਵਿਚ ਐਸਾ ਭੈਅ ਪੈਦਾ ਕੀਤਾ ਕਿ ਉਹ ਹਰ ਕਿਸਮ ਦੇ ਕੁਦਰਤੀ ਕਹਿਰ ਨੂੰ ਉਸੇ ਡਾਢੇ ਦੀ ਕਰੋਪੀ ਸਮਝਦੇ ਰਹੇ। ਇਸੇ ਡਰ ਤੇ ਵਹਿਮ ਵਿਚੋਂ ਪੁੰਨ-ਪਾਪ, ਨਰਕ-ਸਵਰਗ, ਅਗਲਾ ਜਹਾਨ/ਪਿਛਲਾ ਜਹਾਨ ਅਤੇ ਜਾਤ-ਪਾਤ ਪੈਦਾ ਹੋ ਗਏ। ਇਹ ਸਭ ਕੁਝ ਰਲ ਕੇ ਸਿਸਟਮ ਬਣ ਗਿਆ ਤੇ ਆਦਿ ਕਾਲ ਤੋਂ ਹੀ ਚੌਧਰੀ ਲੋਕ ਇਸ ਨੂੰ ਆਪਣੀ ਚੌਧਰ ਕਾਇਮ ਰੱਖਣ ਲਈ ਸੰਦ ਵਜੋਂ ਵਰਤਦੇ ਰਹੇ ਹਨ।
ਜੇ ਭਾਰਤ ਦੀ ਗੱਲ ਕਰੀਏ ਤਾਂ ਕਹਿ ਸਕਦੇ ਹਾਂ ਕਿ ਉਥੋਂ ਦੀਆਂ ਸਾਰੀਆਂ ਸਿਆਸੀ ਧਿਰਾਂ ਸੱਤਾ ਹਾਸਲ ਕਰਨ ਲਈ ਅਤੇ ਸੱਤਾ ਵਿਚ ਕਾਇਮ ਰਹਿਣ ਲਈ ਇਸ ਸਿਸਟਮ ਨੂੰ ਬਲੈਕਮੇਲ ਕਰਦੀਆਂ ਹਨ। ਜੇ ਭਾਜਪਾ ਤੇ ਅਕਾਲੀ ਦਲ ਸਿੱਧੇ ਤੌਰ ‘ਤੇ ਮਜ਼ਹਬ (ਧਰਮ) ਨੂੰ ਸਿਆਸੀ ਸੰਦ ਵਜੋਂ ਵਰਤਦੇ ਹਨ ਤਾਂ ਦੂਜੀਆਂ ਪਾਰਟੀਆਂ ਜਿਵੇਂ ਕਾਂਗਰਸ ਜਾਂ ਹੋਰ ਖੇਤਰੀ ਪਾਰਟੀਆਂ ਧਰਮ ਵਿਚੋਂ ਫੁੱਟੀਆਂ ਬ੍ਰਾਂਚਾਂ ਜਿਵੇਂ ਜਾਤ-ਪਾਤ, ਖੇਤਰੀਵਾਦ ਆਦਿ ਦਾ ਸਹਾਰਾ ਲੈਂਦੀਆਂ ਹਨ। ਇਨ੍ਹਾਂ ਧਿਰਾਂ ਨੂੰ ਇਸ ਦੀ ਕੀਮਤ ਵੀ ਕੋਈ ਘੱਟ ਨਹੀਂ ਤਾਰਨੀ ਪੈਂਦੀ, ਕੁਰੱਪਟ ਤੇ ਅਪਰਾਧੀ ਕਿਸਮ ਦੇ ਬੰਦਿਆਂ ਦੀ ਸਰਪ੍ਰਸਤੀ ਕਰਨੀ ਪੈਂਦੀ ਹੈ। ਮਿਸਾਲ ਵਜੋਂ ਕਰਨਾਟਕ ਸੂਬੇ ਵਿਚ ਲੰਘੀ 5 ਮਈ ਨੂੰ ਵੋਟਾਂ ਪਈਆਂ ਹਨ। ਕੁਝ 223 ਸੀਟਾਂ ਲਈ ਚੋਣ ਲੜ ਰਹੇ ਉਮੀਦਵਾਰਾਂ ਵਿਚੋਂ 123 ਐਸੇ ਹਨ ਜੋ ਅਪਰਾਧੀ ਹਨ ਤੇ ਜੇਲ੍ਹਾਂ ਵਿਚੋਂ ਜ਼ਮਾਨਤ ‘ਤੇ ਆ ਕੇ ਚੋਣ ਲੜ ਰਹੇ ਹਨ। ਇਨ੍ਹਾਂ ਵਿਚ 55 ਕਾਂਗਰਸ ਅਤੇ 45 ਭਾਜਪਾ ਦੇ ਉਮੀਦਵਾਰ ਸਨ। ਇਨ੍ਹਾਂ ਵਿਚੋਂ ਦੋ ਬਲਾਤਕਾਰ ਦੇ ਦੋਸ਼ੀ ਹਨ ਤੇ ਅੱਠ ਕਤਲ ਕੇਸਾਂ ਦੇ ਮੁਲਜ਼ਮ ਹਨ। ਜਿੰਨੇ ਕੁ ਵੱਡੇ ਪੱਧਰ ‘ਤੇ ਕੋਈ ਧਿਰ ਮਜ਼ਹਬ ਦੇ ਸਿਸਟਮ ਨੂੰ ਆਪਣੇ ਸਵਾਰਥੀ ਮਿਸ਼ਨ ਲਈ ਵਰਤਦੀ ਹੈ, ਉਨੇ ਕੁ ਵੱਡੇ ਖਤਰਿਆਂ ਦਾ ਸਾਹਮਣਾ ਉਸ ਨੂੰ ਦੇਰ-ਸਵੇਰ ਕਰਨਾ ਪੈਂਦਾ ਹੈ।
ਠੰਢੀ ਜੰਗ ਵੇਲੇ ਰੂਸ ਨੂੰ ਅਫ਼ਗਾਨਿਸਾਤਨ ਵਿਚੋਂ ਕੱਢਣ ਲਈ ਅਮਰੀਕਾ ਤੇ ਉਸ ਦੇ ਸਾਥੀਆਂ ਨੇ ਹਰ ਕਿਸਮ ਦੀ ਮਦਦ ਨਾਲ ਅਫ਼ਗਾਨ ਤਾਲਿਬਾਨ ਪੈਦਾ ਕੀਤੇ। ਪਾਕਿਸਤਾਨ ਨੇ ਜਹਾਦੀ ਅਫ਼ਗਾਨਿਸਤਾਨ ਵਿਚ ਧੱਕੇ। ਮੱਧ ਪੂਰਬ ਦੇ ਸਾਰੇ ਦੇਸ਼ਾਂ ਦੇ ਮੂਲਵਾਦੀ ਨੌਜਵਾਨ ਉਥੇ ਇਕੱਠੇ ਕਰ ਲਏ। ਨਤੀਜਾ ਇਹ ਹੋਇਆ ਕਿ ਰੂਸ ਤਾਂ ਉਥੋਂ ਨਿਕਲ ਗਿਆ ਪਰ ਉਸ ਕਵਾਇਦ ਵਿਚ ਪੈਦਾ ਹੋਏ ਅਫ਼ਗਾਨ ਤਾਲਿਬਾਨ, ਪਾਕਿਸਤਾਨ ਤਹਿਰੀਕ-ਏ-ਤਾਲਿਬਾਨ ਅਤੇ ਅਲ-ਕਾਇਦਾ ਹੁਣ ਆਪਣੇ ਆਕਾਵਾਂ ਦੇ ਖੂਨ ਦੇ ਪਿਆਸੇ ਹੋਏ ਫ਼ਿਰਦੇ ਹਨ। ਕਾਂਗਰਸ ਨੇ 70ਵਿਆਂ ਤੇ 80ਵਿਆਂ ਵਿਚ ਪੰਜਾਬ ‘ਚ ਧਰਮ ਦਾ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਸੀ; ਨਤੀਜਾ ਸਾਡੇ ਸਾਹਮਣੇ ਹੈ। ਭਾਜਪਾ ਨੇ ਹਿੰਦੂ ਵੋਟ ਬੈਂਕ ਪੱਕਾ ਕਰਨ ਲਈ ਬਾਬਰੀ ਮਸਜਿਦ ਢਹਿ-ਢੇਰੀ ਕਰ ਦਿੱਤੀ ਪਰ ਇਸ ਨੇ ਹਿੰਦੂ ਤਾਲਿਬਾਨ ਪੈਦਾ ਕਰਨ ਦੇ ਬੀਜ ਬੋਅ ਦਿੱਤੇ ਜਿਹੜੇ ਆਰæਐਸ਼ਐਸ਼ ਦੀਆਂ ਬ੍ਰਾਂਚਾਂ ਜਿਵੇਂ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਆਦਿ ਦੀਆਂ ਕਾਰਵਾਈਆਂ ਤੇ ਐਲਾਨਾਂ ਵਿਚ ਸਾਫ਼ ਦਿਖਾਈ ਦਿੰਦੇ ਹਨ, ਪਰ ਸੱਤਾ ਤੇ ਚੌਧਰ ਦਾ ਸਵਾਦ ਹੀ ਐਸਾ ਹੈ ਕਿ ਹੁਕਮਰਾਨ ਇਸ ਨੂੰ ਕਾਇਮ ਰੱਖਣ ਲਈ ਕਿਸੇ ਕਾਰਵਾਈ ਤੋਂ ਗੁਰੇਜ਼ ਨਹੀਂ ਕਰਦੇ ਤੇ ਉਸ ਤੋਂ ਪੈਦਾ ਹੋਣ ਵਾਲੇ ਖਤਰਿਆਂ ਤੋਂ ਅਵੇਸਲੇ ਹੋ ਜਾਂਦੇ ਹਨ।
ਪਿਛਲੇ ਦਿਨੀਂ ਅਮਰੀਕਾ ਦੇ ਰੱਖਿਆ ਸਕੱਤਰ ਚੈਕ ਹੇਗਲ ਦਾ ਬਿਆਨ ਆਇਆ ਹੈ ਕਿ ਪੈਂਟਾਗਨ ਸੀਰੀਆ ਵਿਚ ਲੋਕਤੰਤਰ ਤੇ ਸ਼ਾਂਤੀ ਕਾਇਮ ਕਰਨ ਲਈ ਪ੍ਰੈਜੀਡੈਂਟ ਬਸ਼ਰ ਅਲ-ਅਸਦ ਦੇ ਖਿਲਾਫ਼ ਲੜ ਰਹੇ ਬਾਗੀਆਂ ਨੂੰ ਹਥਿਆਰ ਸਪਲਾਈ ਕਰਨ ਬਾਰੇ ਸੋਚ ਰਿਹਾ ਹੈ। ਪ੍ਰੈਜੀਡੈਂਟ ਅਲ-ਅਸਦ ਦੀ ਸਰਕਾਰ ਖਿਲਾਫ਼ ਬਗਾਵਤ ਦੀ ਅਗਵਾਈ ਅਲ-ਨੁਸਰਾ ਨਾਂ ਦੀ ਜਥੇਬੰਦੀ ਕਰ ਰਹੀ ਹੈ ਜੋ ਆਪਣੇ ਆਪ ਨੂੰ ਅਲ-ਕਾਇਦਾ ਦਾ ਅੰਗ ਮੰਨਦੀ ਹੈ। ਅਮਰੀਕਾ ਦੇ ਰੱਖਿਆ ਮਾਹਰ, ਰੱਖਿਆ ਸਕੱਤਰ ਨੂੰ ਇਸ ਤਜਵੀਜ਼ ਨੂੰ ਠੰਢੇ ਬਸਤੇ ਵਿਚ ਪਾਉਣ ਦੀ ਸਲਾਹ ਦੇ ਰਹੇ ਕਿਉਂਕਿ ਇਸ ਦੇ ਨਤੀਜੇ ਵੀ ਅਫ਼ਗਾਨਿਸਤਾਨ ਵਾਂਗ ਖ਼ਤਰਨਾਕ ਨਿਕਲ ਸਕਦੇ ਹਨ।
Leave a Reply