ਵਾਸ਼ਿੰਗਟਨ: ਹਿੰਦੂਆਂ, ਸਿੱਖਾਂ, ਬੋਧੀਆਂ ਤੇ ਮੁਸਲਮਾਨਾਂ ਵਿਰੁੱਧ ਪੱਖਪਾਤ ਤੇ ਹਿੰਸਾ ਦਾ ਹਵਾਲਾ ਦਿੰਦਿਆਂ ਅਮਰੀਕਾ ਦੇ ਵਿਦੇਸ਼ ਮੰਤਰੀ ਜੌਹਨ ਕੈਰੀ ਨੇ ਕਿਹਾ ਹੈ ਕਿ ਕੌਮਾਂਤਰੀ ਪੱਧਰ ‘ਤੇ ਧਾਰਮਿਕ ਆਜ਼ਾਦੀ ਨੂੰ ਗੰਭੀਰ ਵੰਗਾਰਾਂ ਰਹਿਣਗੀਆਂ ਤੇ ਖਾਸ ਕਰ ਕੁਝ ਮੁਲਕਾਂ ਵਿਚ ਕੁਫਰ ਵਿਰੁੱਧ ਤੇ ਧਰਮ ਤਿਆਗ ਵਿਰੁੱਧ ਕਾਨੂੰਨਾਂ ਦੀ ਵਰਤੋਂ ਵਧਣ ਦਾ ਰੁਝਾਨ ਵੀ ਬਣਿਆ ਰਹੇਗਾ। ਕੈਰੀ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਆਲਮੀ ਸਫਾਰਤੀ ਉਪਰਾਲਿਆਂ ਦਾ ਧਾਰਮਿਕ ਆਜ਼ਾਦੀ ਅਤੁੱਟ ਹਿੱਸੇ ਵਜੋਂ ਸ਼ਾਮਲ ਹੁੰਦੀ ਰਹੇਗੀ।
ਧਾਰਮਿਕ ਆਜ਼ਾਦੀ ਨੂੰ ਅਮਰੀਕਾ ਦੀ ਮੁੱਖ ਕੀਮਤ ਕਰਾਰ ਦਿੰਦਿਆਂ ਕੈਰੀ ਨੇ ਕਿਹਾ ਕਿ ਧਾਰਮਿਕ ਆਜ਼ਾਦੀ ‘ਤੇ ਹਮਲੇ ਅਮਰੀਕਾ ਲਈ ਨੈਤਿਕ ਤੇ ਰਣਨੀਤਕ ਕੌਮੀ ਸੁਰੱਖਿਆ ਫਿਕਰਮੰਦੀ ਹਨ। ਉਹ ਵਿਦੇਸ਼ ਵਿਭਾਗ ਦੀ ਧਾਰਮਿਕ ਆਜ਼ਾਦੀ ਬਾਰੇ ਸਾਲਾਨਾ ਕੌਮਾਂਤਰੀ ਰਿਪੋਰਟ ਲਾਂਚ ਕੀਤੇ ਜਾਣ ਮੌਕੇ ਬੋਲ ਰਹੇ ਸਨ। ਅਮਰੀਕੀ ਕਾਂਗਰਸ ਨੇ ਇਹ ਜ਼ਰੂਰੀ ਕਰਾਰ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਆਜ਼ਾਦੀ ਕੋਈ ਅਮਰੀਕੀ ਕਾਢ ਨਹੀਂ ਹੈ। ਇਹ ਆਲਮੀ ਪ੍ਰੰਪਰਾ ਹੈ ਤੇ ਸੰਵਿਧਾਨ ਵਿਚ ਇਸ ਨੂੰ ਉੱਚਤਾ ਦਿੱਤੀ ਗਈ ਹੈ ਤੇ ਹਰੇਕ ਦਿਲ ਵਿਚ ਇਹ ਉਕਰੀ ਹੋਈ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਦਾ ਵਿਚਾਰ ਹੈ ਕਿ ਆਪਣੇ ਧਰਮ ਵਿਚ ਭਰੋਸਾ ਰੱਖਣਾ ਤੇ ਇਸ ਨੂੰ ਜਿਉਣਾ, ਇਸ ਵਿਚ ਭਰੋਸਾ ਕਰਨਾ ਜਾਂ ਨਾ ਕਰਨਾ, ਆਪਣੀ ਧਾਰਮਿਕ ਆਸਥਾ ਬਦਲਣਾ ਹਰੇਕ ਮੁਨੱਖੀ ਜੀਵ ਦਾ ਜਨਮ ਸਿੱਧ ਅਧਿਕਾਰ ਹੈ। ਇਸੇ ਗੱਲ ਵਿਚ ਅਮਰੀਕਾ ਭਰੋਸਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਉਹ ਤੈਅ ਕਰ ਰਹੇ ਹਨ ਤੇ ਇਸ ਨੂੰ ਜਾਰੀ ਰੱਖਣਗੇ ਕਿ ਧਾਰਮਿਕ ਆਜ਼ਾਦੀ ਆਲਮੀ ਸਫ਼ਾਰਤੀ ਰੁਝੇਵਿਆਂ ਵਿਚ ਉਨ੍ਹਾਂ ਲਈ ਅੱਵਲ ਤਰਜੀਹ ਰਹੇ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਰਿਲੀਜ਼ ਕਰਨੀ ਇਨ੍ਹਾਂ ਗੰਭੀਰ ਯਤਨਾਂ ਦਾ ਇਕ ਹਿੱਸਾ ਹੈ। ਇਸ ਰਿਪੋਰਟ ਵਿਚ ਆਲਮੀ ਪੱਧਰ ‘ਤੇ ਵੱਖ-ਵੱਖ ਦੇਸ਼ਾਂ ਵਿਚ ਹੁੰਦੇ ਜਾ ਰਹੇ ਪੱਖਪਾਤ ਤੇ ਹਿੰਸਾ ਦਾ ਲੇਖਾ ਜੋਖਾ ਹੈ।
ਰਿਪੋਰਟ ਵਿਚ ਧਾਰਮਿਕ ਸਮੂਹਾਂ ਜਿਵੇਂ ਬਹਾਈ, ਬੋਧੀ, ਸਿੱਖ, ਹਿੰਦੂ, ਯਹੂਦੀ ਤੇ ਈਸਾਈਆਂ ਵਿਰੁੱਧ ਪੱਖਪਾਤ ਤੇ ਹਿੰਸਾ ਬਾਰੇ ਖੁਲਾਸੇ ਕੀਤੇ ਗਏ ਹਨ। ਧਾਰਮਿਕ ਆਜ਼ਾਦੀ ਬਾਰੇ ਕੌਮਾਂਤਰੀ ਸਫ਼ੀਰ ਸੁਜ਼ੈਨ ਜੌਹਨਸਨ ਕੁੱਕ ਨੇ ਕਿਹਾ ਕਿ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚ ਹਿੰਦੂ ਤੇ ਹੋਰ ਘੱਟ ਗਿਣਤੀਆਂ ਵਿਰੁੱਧ ਪਾਬੰਦੀਆਂ ਅਮਰੀਕਾ ਲਈ ਫਿਕਰਮੰਦੀ ਵਾਲਾ ਵਰਤਾਰਾ ਹਨ।
Leave a Reply