ਬਾਲੀਵੁੱਡ ਦੇ ਸਫਲ ਤੇ ਸਭ ਤੋਂ ਵੱਧ ਲੋਕਪ੍ਰਿਯ ਫਿਲਮ ਨਿਰਮਾਤਾ-ਨਿਰਦੇਸ਼ਕਾਂ ਵਿਚੋਂ ਇਕ ਯਸ਼ ਚੋਪੜਾ ਦੇ ਹੱਥਾਂ ਵਿਚ ਜ਼ਿੰਦਗੀ ਦੇ ਰਿਸ਼ਤਿਆਂ ਦੀਆਂ ਬਾਰੀਕੀਆਂ ਨੂੰ ਖੂਬ ਨਜ਼ਾਕਤ ਨਾਲ ਸੁਨਹਿਰੇ ਪਰਦੇ ‘ਤੇ ਪੇਸ਼ ਕਰਨ ਦਾ ਜਾਦੂ ਸਮਾਇਆ ਹੋਇਆ ਸੀ। ਹੁਣੇ ਜਿਹੇ 80 ਸਾਲ ਦੇ ਹੋਏ ਇਸ ਨਿਰਦੇਸ਼ਕ ‘ਚ ਫਿਲਮਾਂ ਬਣਾਉਣ ਦਾ ਜਨੂਨ ਇਸ ਉਮਰ ਵਿਚ ਵੀ ਕਾਇਮ ਸੀ। ਅੱਜਕਲ ਉਹ ਸ਼ਾਹਰੁਖ ਖਾਨ ਤੇ ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਦੇ ਅਭਿਨੈ ਵਾਲੀ ਫਿਲਮ ‘ਜਬ ਤਕ ਹੈ ਜਾਨ’ ਦਾ ਨਿਰਦੇਸ਼ਨ ਕਰਨ ਵਿਚ ਜੀ-ਜਾਨ ਨਾਲ ਜੁਟੇ ਹੋਏ ਸਨ ਪਰ ਡੇਂਗੂ ਤੋਂ ਪੀੜਤ ਹੋਣ ਕਾਰਨ ਕਈ ਦਿਨਾਂ ਤਕ ਹਸਪਤਾਲ ਵਿਚ ਰਹਿਣ ਤੋਂ ਬਾਅਦ 21 ਅਕਤੂਬਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਲਾਹੌਰ ਵਿਚ ਪੈਦਾ ਹੋਏ ਯਸ਼ਰਾਜ ਚੋਪੜਾ ਨੇ ਜਲੰਧਰ ਤੇ ਲੁਧਿਆਣਾ ਵਿਚ ਆਪਣੀ ਸਕੂਲੀ ਸਿੱਖਿਆ ਪੂਰੀ ਕੀਤੀ। ਅੱਲ੍ਹੜ ਉਮਰ ਵਿਚ ਉਨ੍ਹਾਂ ਦੀ ਤਮੰਨਾ ਇੰਜਨੀਅਰ ਬਣਨ ਦੀ ਸੀ। ਇਸੇ ਖਾਹਿਸ਼ ਨਾਲ ਉਹ ਮੁੰਬਈ ਵੀ ਪਹੁੰਚੇ ਪਰ ਉਨ੍ਹਾਂ ਦੀ ਕਿਸਮਤ ਵਿਚ ਇੱਟਾਂ-ਸੀਮੈਂਟ ਦੀਆਂ ਇਮਾਰਤਾਂ ਜਾਂ ਮਸ਼ੀਨਾਂ ਬਣਾਉਣਾ ਨਹੀਂ, ਸਗੋਂ ਸੁਨਹਿਰੇ ਪਰਦੇ ‘ਤੇ ਕਮਾਲ ਦੀਆਂ ਕਹਾਣੀਆਂ ਘੜ੍ਹਨਾ ਲਿਖਿਆ ਸੀ। ਉਨ੍ਹਾਂ ਦੇ ਵੱਡੇ ਭਰਾ ਬੀæਆਰæ ਚੋਪੜਾ ਪਹਿਲਾਂ ਤੋਂ ਹੀ ਫਿਲਮ ਨਿਰਮਾਣ ਵਿਚ ਸੀ।
ਉੱਚ ਸਿੱਖਿਆ ਲਈ ਲੰਦਨ ਜਾਣ ਤੋਂ ਪਹਿਲਾਂ ਜਦੋਂ ਉਹ ਮੁੰਬਈਆ ਆਏ ਤਾਂ ਫਿਲਮ ਨਿਰਮਾਣ ਦੇਖਦੇ ਹੀ ਉਨ੍ਹਾਂ ਦੇ ਮਨ ਵਿਚ ਵੀ ਫਿਲਮਾਂ ਨਾਲ ਕਿਸੇ ਤਰ੍ਹਾਂ ਜੁੜਨ ਦੀ ਇੱਛਾ ਪੈਦਾ ਹੋਈ। ਆਪਣੇ ਭਰਾ ਦੇ ਸਾਹਮਣੇ ਉਨ੍ਹਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਤਾਂ ਉਨ੍ਹਾਂ ਨੂੰ ਬਤੌਰ ਸਹਾਇਕ ਨਿਰਦੇਸ਼ਨ ਸਿੱਖਣ ਲਈ ਆਈæਐਸ਼ਜੌਹਰ ਕੋਲ ਭੇਜ ਦਿੱਤਾ ਗਿਆ ਪਰ ਆਪਣੀ ਮਿਹਨਤ ਤੇ ਲਗਨ ਨਾਲ ਉਨ੍ਹਾਂ ਨੇ ਬੀæਆਰæ ਚੋਪੜਾ ਨੂੰ ਅਜਿਹਾ ਪ੍ਰਭਾਵਿਤ ਕੀਤਾ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਆਪਣਾ ਸੈਕਿੰਡ ਅਸਿਸਟੈਂਟ ਬਣਾ ਲਿਆ ਤੇ ਉਹ ਤਿੰਨ ਫਿਲਮਾਂ ‘ਏਕ ਹੀ ਰਾਸਤਾ’, ‘ਸਾਧਨਾ’ ਤੇ ‘ਨਯਾ ਦੌਰ’ ਵਿਚ ਉਨ੍ਹਾਂ ਨਾਲ ਸਹਾਇਕ ਨਿਰਦੇਸ਼ਕ ਰਹੇ।
ਫਿਰ ਜਲਦੀ ਹੀ ਉਨ੍ਹਾਂ ਨੂੰ ਬੀæਆਰæ ਚੋਪੜਾ ਨੇ ਫਿਲਮ ‘ਧੂਲ ਕਾ ਫੂਲ’ ਦੇ ਨਿਰਦੇਸ਼ਨ ਦੀ ਵੱਡੀ ਜ਼ਿੰਮੇਦਾਰੀ ਸੌਂਪ ਦਿੱਤੀ। ਇਕ ਨਾਜਾਇਜ਼ ਬੱਚੇ ਦੀ ਕਹਾਣੀ ‘ਤੇ ਆਧਾਰਤ ਇਸ ਫਿਲਮ ਦੀ ਸਫਲਤਾ ਨੇ ਯਸ਼ ਚੋਪੜਾ ਨੂੰ ਪ੍ਰਸਿੱਧੀ ਦਿੱਤੀ। ਉਨ੍ਹਾਂ ਦੀ ਅਗਲੀ ਫਿਲਮ ‘ਧਰਮ ਪੁਤਰ’ ਜੋ ਹਿੰਦੂ-ਮੁਸਲਿਮ ਏਕਤਾ ‘ਤੇ ਆਧਾਰਤ ਸੀ। ਬੇਸ਼ੱਕ ਫਿਲਮ ਬਾਕਸ ਆਫਿਸ ‘ਤੇ ਸਫਲ ਨਾ ਰਹੀ ਹੋਵੇ ਪਰ ਇਸ ਨੂੰ ਰਾਸ਼ਟਰੀ ਐਵਾਰਡ ਜ਼ਰੂਰ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਦੀ ਫਿਲਮ ‘ਵਕਤ’ ਨੂੰ ਜੋ ਭਾਰੀ ਸਫਲਤਾ ਮਿਲੀ, ਉਨ੍ਹਾਂ ਨੂੰ ਦੁਬਾਰਾ ਪਿੱਛੇ ਮੁੜ ਕੇ ਦੇਖਣਾ ਨਹੀਂ ਪਿਆ।
ਉਨ੍ਹਾਂ ਨੇ 1971 ਵਿਚ ਯਸ਼ਰਾਜ ਫਿਲਮਸ ਦੀ ਸਥਾਪਨਾ ਕੀਤੀ ਤੇ ਸੁਤੰਤਰ ਨਿਰਦੇਸ਼ਕ ਵਜੋਂ ਫਿਲਮ ‘ਦਾਗ’ ਪੇਸ਼ ਕੀਤੀ। ਇਹ ਫਿਲਮ ਵੀ ਖੂਬ ਸਫਲ ਰਹੀ। ਤਕਰੀਬਨ ਪੰਜ ਦਹਾਕਿਆਂ ਦੇ ਆਪਣੇ ਕਰੀਅਰ ਦੌਰਾਨ ਯਸ਼ ਚੋਪੜਾ ਦੇ ਨਾਂ ਅਣਗਿਣਤ ਸਫਲ ਫਿਲਮਾਂ ਹਨ। ਇਨ੍ਹਾਂ ਵਿਚੋਂ ਮੁੱਖ ਤੌਰ ‘ਤੇ ‘ਇਤੇਫਾਕ’, ‘ਦੀਵਾਰ’, ‘ਕਭੀ-ਕਭੀ’, ‘ਤ੍ਰਿਸ਼ੂਲ’, ‘ਕਾਲਾ ਪੱਥਰ’, ‘ਸਿਲਸਿਲਾ’, ‘ਚਾਂਦਨੀ’, ‘ਲਮਹੇ’, ‘ਡਰ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਦਿਲ ਤੋ ਪਾਗਲ ਹੈ’, ‘ਮੋਹੱਬਤੇਂ’, ‘ਧੂਮ’, ‘ਵੀਰ ਜ਼ਾਰਾ’, ‘ਬੰਟੀ ਔਰ ਬਬਲੀ’, ‘ਫਨਾ’, ‘ਧੂਮ-2’, ‘ਚਕ ਦੇ ਇੰਡੀਆ’, ‘ਰਬ ਨੇ ਬਨਾ ਦੀ ਜੋੜੀ’ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ।
ਫਿਲਮ ਨਿਰਮਾਣ ਤੇ ਨਿਰਦੇਸ਼ਨ ਦੇ ਖੇਤਰ ਵਿਚ ਉੱਤਮ ਯੋਗਦਾਨ ਲਈ ਯਸ਼ ਚੋਪੜਾ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਤਾਂ ਕੀਤਾ ਹੀ ਗਿਆ, ਇਸ ਤੋਂ ਇਲਾਵਾ ਕਈ ਰਾਸ਼ਟਰੀ ਅਤੇ ਫਿਲਮਫੇਅਰ ਐਵਾਰਡ ਉਨ੍ਹਾਂ ਨੂੰ ਮਿਲ ਚੁੱਕੇ ਹਨ।1970 ਵਿਚ ਉਨ੍ਹਾਂ ਨੇ ਪਾਮੇਲਾ ਸਿੰਘ ਨਾਲ ਵਿਆਹ ਕੀਤਾ ਤੇ ਉਨ੍ਹਾਂ ਦੇ ਦੋ ਬੇਟੇ ਆਦਿਤਯ ਤੇ ਉਦੇ ਚੋਪੜਾ ਹਨ ਜੋ ਕ੍ਰਮਵਾਰ ਬਤੌਰ ਨਿਰਮਾਤਾ-ਨਿਰਦੇਸ਼ਕ ਤੇ ਅਭਿਨੇਤਾ ਬਾਲੀਵੁੱਡ ਵਿਚ ਸਰਗਰਮ ਹਨ।
Leave a Reply