ਗਵਾਂਢ ਵੱਲ ਵੱਟੇ ਮਾਰਨ ਦੀ ਪਾਕਿਸਤਾਨ ਦੀ ਕੋਝੀ ਹਰਕਤ

-ਜਤਿੰਦਰ ਪਨੂੰ
ਅਸੀਂ ਭਾਰਤੀ ਲੋਕ ਆਪਣੇ ਦੇਸ਼ ਵਿਚ ਹੁੰਦੀ ਹਰ ਗੱਲ ਬਾਰੇ ਆਪਣੀ ਜਿੰਮੇਵਾਰੀ ਦੀ ਹੱਦ ਵੀ ਜਾਣਦੇ ਹਾਂ ਅਤੇ ਇਸ ਦੇ ਗਲਤ ਜਾਂ ਠੀਕ ਹਰ ਰੁਝਾਨ ਬਾਰੇ ਪ੍ਰਤੀਕਰਮ ਦੇਣਾ ਵੀ ਜਾਣਦੇ ਹਾਂ। ਕਈ ਮੌਕੇ ਅਜਿਹੇ ਵੀ ਆ ਜਾਂਦੇ ਹਨ, ਜਦੋਂ ਇਹ ਸਮਝਿਆ ਜਾਂਦਾ ਹੈ ਕਿ ਸਰਕਾਰ ਕੁਰਾਹੇ ਵੀ ਪਈ ਹੈ ਅਤੇ ਆਪਣੇ ਖਿਲਾਫ ਟਿੱਪਣੀ ਕਰਨ ਵਾਲਿਆਂ ਲਈ ਸਖਤੀ ਦਾ ਰਾਹ ਵੀ ਫੜ ਸਕਦੀ ਹੈ ਜਾਂ ਫੜ ਚੁਕੀ ਹੈ; ਫਿਰ ਵੀ ਜਿਨ੍ਹਾਂ ਸਿਰ ਅਜਿਹੇ ਹਾਲਾਤ ਵਿਚ ਪ੍ਰਤੀਕਰਮ ਦੇਣ ਦੀ ਜਿੰਮੇਵਾਰੀ ਹੈ, ਉਹ ਕਦੇ ਆਪਣੀ ਜਿੰਮੇਵਾਰੀ ਤੋਂ ਖੁੰਝਦੇ ਨਹੀਂ। ਅਸੀਂ ਇਸ ਤੋਂ ਵੀ ਇਨਕਾਰ ਨਹੀਂ ਕਰਾਂਗੇ ਕਿ ਦੇਸ਼ ਵਿਚ ਮੀਡੀਏ ਦਾ ਇੱਕ ਹਿੱਸਾ ਇਸ ਵੇਲੇ ਸਰਕਾਰ ਅਤੇ ਉਸ ਦੇ ਪਿੱਛੇ ਖੜੇ ‘ਪਰਿਵਾਰ’ ਦੀ ਤਰਫਦਾਰੀ ਕਰਨ ਨੂੰ ਪੱਬਾਂ ਭਾਰ ਹੋਇਆ ਪਿਆ ਹੈ, ਪਰ ਹਰ ਦੇਸ਼ ਵਿਚ ਹਰ ਸਰਕਾਰ ਦੇ ਵਕਤ ਇਸ ਤਰ੍ਹਾਂ ਦਾ ਰੁਝਾਨ ਵੇਖਿਆ ਜਾ ਸਕਦਾ ਹੈ ਤੇ ਇਸ ‘ਤੇ ਹੈਰਾਨੀ ਨਹੀਂ ਹੋਣੀ ਚਾਹੀਦੀ। ਅੰਗਰੇਜ਼ਾਂ ਵੇਲੇ ਵੀ ਉਨ੍ਹਾਂ ਦੀ ਤਰਫਦਾਰੀ ਕਰਨ ਵਾਲੇ ਮੌਜੂਦ ਸਨ।

ਭਾਰਤ ਦੇ ਮੌਜੂਦਾ ਮਾਹੌਲ ਨੂੰ ਕੋਈ ਐਮਰਜੈਂਸੀ ਦੇ ਸਮੇਂ ਨਾਲ ਤੋਲਣ ਦਾ ਯਤਨ ਕਰਦਾ ਹੈ ਤੇ ਕੋਈ ਤਾਨਾਸ਼ਾਹੀ ਨਾਲ ਜੋੜ ਕੇ ਵੇਖ ਰਿਹਾ ਹੈ। ਹਰ ਕਿਸੇ ਨੂੰ ਆਪਣੀ ਅੱਖ ਨਾਲ ਵੇਖਣ ਦਾ ਹੱਕ ਹੈ। ਸਾਡੀ ਨਜ਼ਰ ਵਿਚ ਇਹ ਐਮਰਜੈਂਸੀ ਜਿਹਾ ਨਹੀਂ, ਪਰ ਜਿਸ ਕਿਸਮ ਦਾ ਰਾਜ ਹੈ, ਉਹ ਅਣ-ਐਲਾਨੀ ਐਮਰਜੈਂਸੀ ਦੇ ਨੇੜੇ ਮੰਨਿਆ ਜਾ ਸਕਦਾ ਹੈ। ਤਾਨਾਸ਼ਾਹੀ ਭਾਰਤ ਵਿਚ ਆ ਗਈ ਹੋਵੇ, ਅਜੇ ਅਜਿਹੀ ਗੱਲ ਕਹਿਣੀ ਔਖੀ ਹੈ, ਉਂਜ ਇਸ ਦਾ ਖਤਰਾ ਮਹਿਸੂਸ ਕੀਤਾ ਜਾ ਸਕਦਾ ਹੈ।
ਇਹ ਸਭ ਕੁਝ ਸਾਡੇ ਦੇਸ਼ ਨਾਲ ਸਬੰਧਤ ਹੈ ਤੇ ਇਸ ਬਾਰੇ ਟਿੱਪਣੀ ਕਰਨ ਤੋਂ ਸਾਡੇ ਮੀਡੀਏ ਵਿਚਲੇ ਜਿੰਮੇਵਾਰ ਲੋਕ ਨਾ ਅਜੇ ਤੱਕ ਪਿੱਛੇ ਹਟੇ ਹਨ, ਨਾ ਅੱਗੋਂ ਹੀ ਹਟਣਗੇ, ਪਰ ਅਸੀਂ ਇਸ ਗੱਲ ਨੂੰ ਮਾਨਤਾ ਨਹੀਂ ਦੇ ਸਕਦੇ ਕਿ ਬਾਹਰ ਤੋਂ ਕੋਈ ਤਾਕਤ ਉਠ ਕੇ ਭਾਰਤ ਦੇ ਖਿਲਾਫ ਬਾਕਾਇਦਾ ਮੁਹਿੰਮ ਚਲਾਉਣ ਲੱਗ ਪਏ। ਪਾਕਿਸਤਾਨ ਦੀ ਸਰਕਾਰ ਨੇ ਇਸ ਵਕਤ ਇਹੋ ਮੁਹਿੰਮ ਚਲਾਈ ਪਈ ਹੈ ਤੇ ਅਸਲੋਂ ਨਾਜਾਇਜ਼ ਦਖਲ ਦੇ ਰਹੀ ਹੈ। ਉਥੋਂ ਦੀ ਸਰਕਾਰ ਨੇ ਪੰਜ ਫਰਵਰੀ ਨੂੰ ‘ਕਸ਼ਮੀਰ ਡੇਅ’ ਮਨਾਇਆ ਹੈ ਤੇ ਉਸ ਦਿਨ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਲੈ ਕੇ ਛੋਟੇ-ਵੱਡੇ ਆਗੂਆਂ ਤੱਕ ਨੇ ਭਾਰਤ ਵਿਰੁਧ ਰੱਜਵੀਂ ਭੜਾਸ ਕੱਢੀ ਹੈ। ਉਨ੍ਹਾਂ ਨੇ ਕਸ਼ਮੀਰੀ ਲੋਕਾਂ ਨਾਲ ਹਮਦਰਦੀ ਪੇਸ਼ ਕਰਨ ਦੇ ਦਾਅਵੇ ਕਰ ਕੇ ਭਾਰਤ ਦੇ ਖਿਲਾਫ ‘ਜਹਾਦ’ ਦੇ ਨਾਂ ਹੇਠ ਚਲਾਏ ਜਾ ਰਹੇ ਅਤਿਵਾਦ ਦੀ ਵੀ ਹਮਾਇਤ ਕੀਤੀ ਹੈ ਅਤੇ ਇੰਜ ਕਰਨ ਵੇਲੇ ਉਨ੍ਹਾਂ ਨੇ ਹਕੀਕਤਾਂ ਦਾ ਸ਼ੀਸ਼ਾ ਵੇਖਣ ਦੀ ਕਿਸੇ ਪੱਧਰ ‘ਤੇ ਵੀ ਲੋੜ ਨਹੀਂ ਸਮਝੀ।
ਪਾਕਿਸਤਾਨ ਨੂੰ ਹਕੀਕਤਾਂ ਦਾ ਸ਼ੀਸ਼ਾ ਵਿਖਾਉਣ ਤੋਂ ਪਹਿਲਾਂ ਅਸੀਂ ਇਹ ਗੱਲ ਸਾਫ ਕਰ ਦੇਈਏ ਕਿ ਇਸ ਵਕਤ ਦੀ ਭਾਰਤ ਸਰਕਾਰ ਨੇ ਜਿਸ ਤਰ੍ਹਾਂ ਪਿਛਲੇ ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਧਾਰਾ 370 ਤੋੜੀ ਸੀ, ਉਸ ਨਾਲ ਅਸੀਂ ਕਦੇ ਸਹਿਮਤ ਨਹੀਂ ਹੋ ਸਕੇ। ਉਸ ਪਿਛੋਂ ਛੇ ਮਹੀਨੇ ਲੰਘ ਜਾਣ ਦੇ ਬਾਵਜੂਦ ਪਾਬੰਦੀਆਂ ਕਾਇਮ ਰੱਖਣ ਦੀ ਵੀ ਅਸੀਂ ਨੁਕਤਾਚੀਨੀ ਕਰ ਰਹੇ ਹਾਂ ਅਤੇ ਹਾਲਾਤ ਸੁਧਰਨ ਤੱਕ ਕਰਦੇ ਰਹਾਂਗੇ।
ਜਿੱਥੋਂ ਤੱਕ ਗਵਾਂਢੀ ਦੇਸ਼ ਪਾਕਿਸਤਾਨ ਦਾ ਸਬੰਧ ਹੈ, ਉਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਇੱਕ ਕੰਟਰੋਲ ਰੇਖਾ ਇਸੇ ਲਈ ਬਣੀ ਹੋਈ ਹੈ ਕਿ ਉਹ ਓਧਰ ਦਾ ਕੰਟਰੋਲ ਜਿੱਦਾਂ ਵੀ ਸੰਭਾਲਣ, ਭਾਰਤ ਦਖਲ ਦੇਣ ਦੀ ਕੋਸ਼ਿਸ਼ ਨਹੀਂ ਕਰੇਗਾ ਅਤੇ ਏਧਰ ਦੇ ਮਾਮਲਿਆਂ ਵਿਚ ਪਾਕਿਸਤਾਨ ਦਖਲ ਨਹੀਂ ਦੇਵੇਗਾ। ਇੰਦਰਾ ਗਾਂਧੀ ਅਤੇ ਜ਼ੁਲਫਿਕਾਰ ਅਲੀ ਭੁੱਟੋ ਵਿਚਾਲੇ ਹੋਏ ਸ਼ਿਮਲਾ ਸਮਝੌਤੇ ਵਿਚ ਵੀ ਇਹ ਗੱਲ ਕਹੀ ਗਈ ਸੀ ਕਿ ਕੋਈ ਇੱਕ ਦੂਜੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਨਹੀਂ ਦੇਵੇਗਾ ਅਤੇ ਕੰਟਰੋਲ ਰੇਖਾ ਦੀ ਸਥਿਤੀ ਨੂੰ ਇੱਕਤਰਫਾ ਤੌਰ ‘ਤੇ ਬਦਲਣ ਦੀ ਕੋਸ਼ਿਸ਼ ਨਹੀਂ ਕਰੇਗਾ। ਇਸ ਦੇ ਬਾਵਜੂਦ ਪਾਕਿਸਤਾਨ ਨੇ ਕਾਰਗਿਲ ਜੰਗ ਲਾ ਕੇ ਸਥਿਤੀ ਬਦਲਣ ਦਾ ਯਤਨ ਕੀਤਾ ਸੀ। ਉਸ ਨੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਦਾ ਕਦੇ ਕੋਈ ਮੌਕਾ ਨਹੀਂ ਛੱਡਿਆ ਤੇ ਉਸ ਵੱਲੋਂ ‘ਕਸ਼ਮੀਰ ਡੇਅ’ ਦਾ ਤਮਾਸ਼ਾ ਕਰਨਾ ਵੀ ਅਸਲ ਵਿਚ ਭਾਰਤ ਦੇ ਮਾਮਲਿਆਂ ਵਿਚ ਦਖਲ ਦੇਣ ਦਾ ਨਮੂਨਾ ਹੈ।
ਦੁਨੀਆਂ ਜਾਣਦੀ ਹੈ ਕਿ ਬ੍ਰਿਟੇਨ ਦੀ ਸਰਕਾਰ ਨੇ ਜਾਣ ਵੇਲੇ ਭਾਰਤ ਅਤੇ ਪਾਕਿਸਤਾਨ ਦੋ ਦੇਸ਼ ਬਣਾਉਣ ਦੇ ਨਾਲ ਦੇਸੀ ਰਿਆਸਤਾਂ ਦੇ ਰਾਜਿਆਂ ਨੂੰ ਇਹ ਖੁੱਲ੍ਹ ਦੇ ਦਿੱਤੀ ਸੀ ਕਿ ਉਹ ਦੋਹਾਂ ਵਿਚੋਂ ਕਿਸੇ ਵੀ ਦੇਸ਼ ਨਾਲ ਜੁੜ ਜਾਣ ਜਾਂ ਆਜ਼ਾਦ ਰਿਆਸਤ ਵੀ ਰੱਖਣੀ ਚਾਹੁਣ ਤਾਂ ਰੱਖ ਸਕਦੇ ਹਨ। ਕਸ਼ਮੀਰ ਰਿਆਸਤ ਦੇ ਰਾਜੇ ਨੇ ਬੇਵਕੂਫੀ ਕੀਤੀ ਤੇ ਆਜ਼ਾਦ ਰਹਿਣ ਦਾ ਰਾਹ ਚੁਣਿਆ, ਜਿਸ ਵਿਚ ਭਾਰਤ ਨੇ ਦਖਲ ਨਹੀਂ ਸੀ ਦਿੱਤਾ, ਪਰ ਪਾਕਿਸਤਾਨ ਨੇ ਅੰਗਰੇਜ਼ ਫੌਜੀ ਅਫਸਰਾਂ ਨਾਲ ਸਾਜ਼ਿਸ਼ ਕਰ ਕੇ ਕਸ਼ਮੀਰ ‘ਤੇ ਕਬਜ਼ਾ ਕਰਨ ਲਈ ਹਮਲਾ ਕਰ ਦਿੱਤਾ ਸੀ। ਅੱਧੀ ਰਿਆਸਤ ਪਾਕਿਸਤਾਨ ਦੇ ਹੱਥ ਚੜ੍ਹ ਜਾਣ ਪਿੱਛੋਂ ਕਸ਼ਮੀਰ ਦੇ ਰਾਜੇ ਨੇ ਆਪਣੇ ਕਾਨੂੰਨੀ ਹੱਕ ਦੀ ਵਰਤੋਂ ਕਰ ਕੇ ਆਪਣੀ ਰਿਆਸਤ ਭਾਰਤ ਵਿਚ ਸ਼ਾਮਲ ਕਰਨ ਦਾ ਲਿਖਤੀ ਸਮਝੌਤਾ ਕਰ ਲਿਆ ਅਤੇ ਉਸ ਦਿਨ ਤੋਂ ਇਹ ਰਾਜ ਕਾਨੂੰਨੀ ਤੌਰ ‘ਤੇ ਭਾਰਤ ਵਿਚ ਸ਼ਾਮਲ ਹੈ, ਜਦ ਕਿ ਓਧਰਲਾ ਕਸ਼ਮੀਰ ਨਾਜਾਇਜ਼ ਤੌਰ ‘ਤੇ ਪਾਕਿਸਤਾਨ ਨੇ ਕਬਜ਼ੇ ਵਿਚ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਭਾਰਤ ਵੱਲੋਂ ਕਦੇ ਉਹ ਹਿੱਸਾ ਵਾਪਸ ਲੈਣ ਦੀ ਫੌਜੀ ਕੋਸ਼ਿਸ਼ ਨਹੀਂ ਹੋਈ ਤੇ ਪਾਕਿਸਤਾਨ ਬਾਕੀ ਦਾ ਕਸ਼ਮੀਰ ਵੀ ਹੜੱਪਣ ਦੇ ਇਰਾਦੇ ਹੇਠ ਕਈ ਮੌਕਿਆਂ ‘ਤੇ ਹਮਲਾਵਰੀ ਕਰ ਚੁਕਾ ਹੈ। ਉਸ ਦੀ ਇਹ ਹਮਲਾਵਰੀ ਉਸ ਨੂੰ ਮਹਿੰਗੀ ਵੀ ਪੈਂਦੀ ਰਹੀ ਹੈ।
ਇੱਕ ਮੌਕੇ ਭਾਰਤੀ ਖੇਤਰ ਵਿਚ ਪੈਦਾ ਹੋਇਆ ਬੁਰਹਾਨ ਵਾਨੀ ਨਾਂ ਦਾ ਮੁੰਡਾ ਭਾਰਤ ਵਿਚ ਗੁੰਮਰਾਹ ਹੋ ਕੇ ਕਿਸੇ ਤਰ੍ਹਾਂ ਅਤਿਵਾਦ ਦੇ ਰਾਹ ਪਿਆ ਤੇ ਭਾਰਤੀ ਫੋਰਸਾਂ ਨਾਲ ਲੜਦਾ ਭਾਰਤੀ ਖੇਤਰ ਵਿਚ ਹੀ ਮਾਰਿਆ ਗਿਆ। ਉਸ ਦੀ ਮੌਤ ‘ਤੇ ਪਾਕਿਸਤਾਨ ਸਰਕਾਰ ਨੇ ਸਾਰੇ ਦੇਸ਼ ਵਿਚ ਫੌਜਾਂ ਸਮੇਤ ਹਰ ਕਿਸੇ ਨੂੰ ਸੋਗ ਮਨਾਉਣ ਲਈ ਹੁਕਮ ਛੱਡ ਦਿੱਤਾ, ਜਿਸ ਨਾਲ ਸਾਬਤ ਹੋ ਗਿਆ ਕਿ ਉਹ ਪਾਕਿਸਤਾਨੀ ਏਜੰਟ ਵਜੋਂ ਕੰਮ ਕਰਦਾ ਮਾਰਿਆ ਗਿਆ ਸੀ।
ਅਜਿਹੇ ਕਈ ਹੋਰ ਮੌਕੇ ਵੀ ਆਉਂਦੇ ਰਹੇ ਹਨ ਤੇ ਜਦੋਂ ਪਿਛਲੇ ਸਾਲ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਲਈ ਵਿਸ਼ੇਸ਼ ਦਰਜੇ ਦੀ ਧਾਰਾ 370 ਖਤਮ ਕੀਤੀ ਤਾਂ ਉਦੋਂ ਤੋਂ ਪਾਕਿਸਤਾਨ ਸਰਕਾਰ ਨੇ ਸੰਸਾਰ ਭਰ ਵਿਚ ਮੁਹਿੰਮ ਹੀ ਚਲਾ ਦਿੱਤੀ ਹੈ। ਉਨ੍ਹਾਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੁਨੀਆਂ ਭਰ ਦੇ ਦੌਰੇ ਇਸ ਮਕਸਦ ਲਈ ਕੀਤੇ ਕਿ ਇਸ ਮਾਮਲੇ ਵਿਚ ਪਾਕਿਸਤਾਨ ਦੀ ਹਮਾਇਤ ਵਿਚ ਦੂਜੇ ਦੇਸ਼ਾਂ ਨੂੰ ਖੜਾ ਕੀਤਾ ਜਾ ਸਕੇ, ਪਰ ਉਸ ਨਾਲ ਚੀਨ ਸਮੇਤ ਸਿਰਫ ਤਿੰਨ ਦੇਸ਼ ਹੀ ਖੜੇ ਹੋ ਸਕੇ, ਬਾਕੀ ਦੁਨੀਆਂ ਪਾਕਿਸਤਾਨ ਦੇ ਜਾਲ ਵਿਚ ਨਾ ਫਸੀ। ਉਹ ਸਾਰੇ ਦੇਸ਼ ਇਹ ਗੱਲ ਜਾਣਦੇ ਹਨ ਕਿ ਪਾਕਿਸਤਾਨ ਇਸ ਕੰਮ ਦੇ ਬਹਾਨੇ ਅਤਿਵਾਦ ਦੀ ਭੱਠੀ ਚੱਲਦੀ ਰੱਖਣ ਦੇ ਯਤਨ ਵਿਚ ਹੈ।
ਦੂਜੇ ਪਾਸੇ ਦੁਨੀਆਂ ਦੇ ਦੇਸ਼ ਇਹ ਵੀ ਜਾਣਦੇ ਹਨ ਕਿ ਪਾਕਿਸਤਾਨ ਵਿਚ ਆਰਥਕਤਾ ਦਾ ਬਹੁਤ ਬੁਰਾ ਹਾਲ ਹੈ ਤੇ ਇਹ ਦੇਸ਼ ਹਰ ਕਿਸੇ ਦੇਸ਼ ਅੱਗੇ ਚਾਰ ਛਿੱਲੜ ਲੈਣ ਲਈ ਝੋਲੀ ਫੈਲਾਉਂਦਾ ਰਹਿੰਦਾ ਹੈ। ਦੁਨੀਆਂ ਦੇ ਦੇਸ਼ਾਂ ਵਾਲੇ ਇਸ ਪੱਖੋਂ ਉਸ ਦੀ ਮਦਦ ਇਸ ਕਰ ਕੇ ਨਹੀਂ ਕਰਦੇ ਕਿ ਜੋ ਪੈਸਾ ਪਾਕਿਸਤਾਨ ਵਿਚ ਗਿਆ, ਉਹ ਲੋਕਾਂ ਦੇ ਭਲੇ ਵਾਲੇ ਕੰਮਾਂ ਵਿਚ ਲਾਉਣ ਤੋਂ ਪਹਿਲਾਂ ਉਸ ਦਾ ਦਸਵੰਧ ਅਤਿਵਾਦੀ ਜਥੇਬੰਦੀਆਂ ਨੂੰ ਚੱਲਦੀਆਂ ਰੱਖਣ ਲਈ ਕੱਢਿਆ ਜਾਵੇਗਾ ਤੇ ਇਸ ਦਾ ਖਮਿਆਜ਼ਾ ਕਿਸੇ ਨਾ ਕਿਸੇ ਰੂਪ ਵਿਚ ਉਨ੍ਹਾਂ ਨੂੰ ਵੀ ਭੁਗਤਣਾ ਪਵੇਗਾ।
ਇਹ ਗੱਲ ਦੁਨੀਆਂ ਦੇ ਬਹੁਤੇ ਦੇਸ਼ ਜਾਣਦੇ ਹਨ ਕਿ ਪਾਕਿਸਤਾਨ ਦੇ ਲੋਕਾਂ ਦੀ ਕਿੰਨੀ ਮੰਦੀ ਹਾਲਤ ਹੈ, ਪਰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਸ ਪਾਸੇ ਧਿਆਨ ਦੇਣ ਤੋਂ ਵੱਧ ਭਾਰਤ ਵਿਰੋਧੀ ਲਾਮਬੰਦੀ ਕਰਨ ਲਈ ਆਪਣੇ ਖਜਾਨੇ ਦੀ ਬਾਕੀ ਬਚਦੀ ਛੱਲੀ-ਪੂਣੀ ਵੀ ਵੇਚਣ ਤੋਂ ਨਹੀਂ ਹਟਦਾ। ਇਸ ਹਫਤੇ ਉਸ ਨੇ ਮਲੇਸ਼ੀਆ ਤੱਕ ਪਹੁੰਚ ਦੌਰਾਨ ਸਖੀ-ਦਾਤਿਆਂ ਵਾਲੀ ਪੇਸ਼ਕਸ਼ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿ ਉਸ ਦੇਸ਼ ਦਾ ਪਾਮ ਆਇਲ, ਜੋ ਕੱਲ੍ਹ ਤੱਕ ਭਾਰਤ ਖਰੀਦਦਾ ਸੀ ਤੇ ਅੱਜ ਕੱਲ੍ਹ ਲੈਣਾ ਬੰਦ ਕਰ ਦਿੱਤਾ ਹੈ, ਸਾਰੇ ਦਾ ਸਾਰਾ ਪਾਕਿਸਤਾਨ ਖਰੀਦ ਲਵੇਗਾ। ਮਲੇਸ਼ੀਆ ਦਾ ਪਾਮ ਆਇਲ ਜਿੰਨਾ ਪਿਛਲੇ ਸਮੇਂ ਵਿਚ ਪਾਕਿਸਤਾਨ ਖਰੀਦ ਰਿਹਾ ਸੀ, ਭਾਰਤ ਉਸ ਤੋਂ ਤਿੰਨ ਗੁਣਾਂ ਖਰੀਦਦਾ ਸੀ, ਜਦੋਂ ਉਹ ਸਾਰਾ ਤੇਲ ਪਾਕਿਸਤਾਨ ਲੈ ਲਵੇਗਾ ਤਾਂ ਆਪਣੀ ਲੋੜ ਤੋਂ ਵੱਧ ਖਰੀਦ ਕਰ ਕੇ ਉਸ ਦਾ ਕਰੇਗਾ ਕੀ, ਸਿਰਫ ਪੈਸਾ ਹੀ ਫੂਕੇਗਾ ਤੇ ਉਹ ਵੀ ਸਿਰਫ ਇਸ ਲਈ ਕਿ ਮਲੇਸ਼ੀਆ ਨੂੰ ਭਾਰਤ ਦੇ ਵਿਰੋਧ ਵਿਚ ਆਪਣੇ ਨਾਲ ਰੱਖਣਾ ਹੈ। ਇਮਰਾਨ ਖਾਨ ਦੀ ਇਸ ਹਮਾਕਤ ਦਾ ਖਮਿਆਜ਼ਾ ਉਸ ਦੇ ਦੇਸ਼ ਦੇ ਲੋਕ ਜਦੋਂ ਭੁਗਤਣਗੇ ਤਾਂ ਦੇਸ਼ ਦੀ ਹਾਲਤ ਹੋਰ ਵੀ ਮੰਦੀ ਤੋਂ ਮੰਦੀ ਹੁੰਦੀ ਜਾਵੇਗੀ, ਪਰ ਉਸ ਨੂੰ ਇਸ ਦਾ ਫਿਕਰ ਨਹੀਂ।
ਐਨ ਉਦੋਂ, ਜਦੋਂ ਉਸ ਦੇਸ਼ ਵਿਚ ਭਾਰਤ ਵਿਚਲੇ ਕਸ਼ਮੀਰ ਦੇ ਲੋਕਾਂ ਨਾਲ ਹਮਦਰਦੀ ਦੇ ਵਿਖਾਲੇ ਵਜੋਂ ‘ਕਸ਼ਮੀਰ ਡੇਅ’ ਮਨਾਇਆ ਜਾ ਰਿਹਾ ਹੈ, ਉਸ ਦੇਸ਼ ਦੇ ਆਪਣੇ ਕੰਟਰੋਲ ਵਾਲੇ ਕਸ਼ਮੀਰ ਖਿੱਤੇ ਦੀ ਹਾਲਤ ਵੱਲ ਵੇਖਣ ਦੀ ਉਸ ਨੂੰ ਕੋਈ ਲੋੜ ਨਹੀਂ ਜਾਪਦੀ। ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਲੋਕ ਵੀ ਇੱਕ ‘ਕਸ਼ਮੀਰ ਡੇਅ’ ਮਨਾਉਂਦੇ ਹਨ ਤੇ ਉਹ 22 ਅਕਤੂਬਰ ਨੂੰ ਹੁੰਦਾ ਹੈ, ਜੋ ਪਿਛਲੇ 22 ਅਕਤੂਬਰ ਨੂੰ ਵੀ ਮਨਾਇਆ ਗਿਆ ਤੇ ਪਾਕਿਸਾਨੀ ਫੌਜ ਵੱਲੋਂ ਉਨ੍ਹਾਂ ‘ਤੇ ਉਸ ‘ਕਸ਼ਮੀਰ ਡੇਅ’ ਵਾਲੇ ਪ੍ਰਦਰਸ਼ਨਾਂ ਦੌਰਾਨ ਚਲਾਈ ਗੋਲੀ ਨਾਲ ਦੋ ਜਣੇ ਮਾਰੇ ਗਏ ਅਤੇ ਕਈ ਹੋਰ ਲੋਕ ਜ਼ਖਮੀ ਹੋਏ ਸਨ।
ਓਧਰਲੇ ਕਸ਼ਮੀਰ ਦੇ ਲੋਕ 22 ਅਕਤੂਬਰ ਦਾ ਦਿਨ ਇਸ ਵਾਸਤੇ ਮਨਾਉਂਦੇ ਹਨ ਕਿ ਜਦੋਂ ਆਜ਼ਾਦੀ ਮਿਲੀ ਤਾਂ ਉਸ ਤੋਂ ਮਸਾਂ ਸਵਾ ਦੋ ਮਹੀਨੇ ਪਿਛੋਂ 22 ਅਕਤੂਬਰ ਨੂੰ ਉਨ੍ਹਾਂ ‘ਤੇ ਹਮਲਾ ਕਰ ਕੇ ਪਾਕਿਸਤਾਨੀ ਫੌਜ ਨੇ ਉਸ ਇਲਾਕੇ ‘ਤੇ ਨਾਜਾਇਜ਼ ਕਬਜ਼ਾ ਕੀਤਾ ਸੀ। ਉਹ ਅੱਜ ਤੱਕ ਉਸ ਦੇਸ਼ ਵਿਚ ਰਹਿਣ ਨੂੰ ਤਿਆਰ ਨਹੀਂ।
ਸੋਚਣ ਦੀ ਗੱਲ ਹੈ ਕਿ ਕਦੀ ਇਹ ਖਬਰ ਆਈ ਹੀ ਨਹੀਂ ਕਿ ਉਸ ਇਲਾਕੇ ਵਿਚ ਚੱਲਦੀ ਪਾਕਿਸਤਾਨ ਤੋਂ ਵੱਖ ਹੋਣ ਤੇ ਫਿਰ ਭਾਰਤ ਨਾਲ ਜੁੜਨ ਦੀ ਲਹਿਰ ਨੂੰ ਭਾਰਤ ਵੱਲੋਂ ਮਦਦ ਕੀਤੀ ਜਾ ਰਹੀ ਹੈ। ਭਾਰਤ ਇਸ ਤਰ੍ਹਾਂ ਇਸ ਲਈ ਨਹੀਂ ਕਰਦਾ ਕਿ ਉਹ ਸ਼ਿਮਲਾ ਸਮਝੌਤੇ ਸਮੇਤ ਹਰ ਵਾਅਦੇ ਅਤੇ ਹਰ ਦਸਤਾਵੇਜ਼ ‘ਤੇ ਕਾਇਮ ਹੈ ਤੇ ਇਸ ਤਰ੍ਹਾਂ ਦੀ ਸ਼ਰਾਰਤਬਾਜ਼ੀ ਕਰਨ ਨਾਲ ਦੁਨੀਆਂ ਸਾਹਮਣੇ ਆਪਣੇ ਆਪ ਨੂੰ ‘ਪਾਕਿਸਤਾਨ ਜਿਹਾ ਹੀ’ ਸਾਬਤ ਨਹੀਂ ਕਰਨਾ ਚਾਹੁੰਦਾ। ਪਾਕਿਸਤਾਨੀ ਲੀਡਰਾਂ ਦਾ ਉਸ ਦੇਸ਼ ਦੀ ਕਾਇਮੀ ਤੋਂ ਲੈ ਕੇ ਅੱਜ ਤੱਕ ਦਾ ਵਿਹਾਰ ਉਨ੍ਹਾਂ ਤੱਕ ਸੀਮਤ ਹੈ, ਭਾਰਤ ਨੇ ਇਸ ਦੀ ਇਨਫੈਕਸ਼ਨ ਨੂੰ ਆਪਣੇ ਤੀਕ ਨਹੀਂ ਪਹੁੰਚਣ ਦਿੱਤਾ ਤੇ ਸਾਨੂੰ ਲੋਕਾਂ ਨੂੰ ਆਸ ਹੈ ਕਿ ਭਾਰਤ ਇਸ ਨੀਤੀ ਵੱਲ ਕਦੇ ਤੁਰੇਗਾ ਵੀ ਨਹੀਂ।
ਅਸੀਂ ਇਹ ਗੱਲ ਫਿਰ ਕਹਿ ਦੇਈਏ ਕਿ ਸਾਡੇ ਦੇਸ਼ ਵਿਚ ਕਈ ਗੱਲਾਂ ਬਾਰੇ ਸਾਨੂੰ ਵੀ ਸ਼ਿਕਵੇ ਹਨ, ਅਸੀਂ ਆਪਣੇ ਮਤਭੇਦ ਲੁਕਾਏ ਵੀ ਕਦੇ ਨਹੀਂ ਤੇ ਲੁਕਾਵਾਂਗੇ ਵੀ ਨਹੀਂ, ਕਿਉਂਕਿ ਭਾਰਤ ਦਾ ਸੰਵਿਧਾਨ ਸਾਨੂੰ ਇਹ ਸ਼ਿਕਵੇ ਰੱਖਣ ਲਈ ਪੂਰਾ ਹੱਕ ਦਿੰਦਾ ਹੈ, ਪਰ ਭਾਰਤ ਦੇ ਲੋਕ ਕਦੇ ਵੀ ਪਾਕਿਸਤਾਨ ਦੀ ਹਮਲਾਵਰ ਨੀਤੀ ਨੂੰ ਪ੍ਰਵਾਨ ਨਹੀਂ ਕਰ ਸਕਦੇ। ਉਸ ਦੇਸ਼ ਦੇ ਹਾਕਮਾਂ ਨੂੰ ਗਵਾਂਢੀ ਘਰ ਵਿਚ ਇੱਟਾਂ-ਵੱਟੇ ਮਾਰਨ ਦੀ ਨੀਤੀ ਛੱਡ ਕੇ ਆਪਣਾ ਘਰ ਸਾਂਭਣਾ ਚਾਹੀਦਾ ਹੈ।