ਡਾ. ਸੁਖਪਾਲ ਸੰਘੇੜਾ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਪਿੱਠਭੂਮੀ ਤੇ ਪਰਿਚੈ: ਇਸ ਲੇਖ ਵਿਚ ਅਸੀਂ ਪੰਜਾਬੀ ਚਿੰਤਕਾਂ ਦੇ ਗੁਰੂ ਨਾਨਕ ਦੇ ਵਿਗਿਆਨ ਨਾਲ ਸਬੰਧਾਂ ਬਾਰੇ ਦਾਅਵਿਆਂ ਦੇ ਸੰਦਰਭ ਵਿਚ ਪੰਜਾਬ ਦੀ ਨਿਰੰਤਰ ਹਾਰ ਦੇ ਇੱਕ ਮੁੱਖ ਕਾਰਨ ‘ਤੇ ਵਿਚਾਰ ਕਰਦੇ ਹਾਂ। ਇਹ ਹੈ, ਸਾਡੀਆਂ ਇਤਿਹਾਸਕ ਹਸਤੀਆਂ ਤੇ ਪੋਥੀਆਂ ਸਾਹਮਣੇ ਸ਼ਰਧਾ ਵਿਚ ਉਲਾਰ ਹੋਣ ਦੀ ਥਾਂ ਤਰਕਸ਼ੀਲਤਾ ਸੰਗ ਆਪਣੇ ਇਤਿਹਾਸ ਦਾ ਪੜਚੋਲਵਾਂ ਮੁਲੰਕਣ ਕਰਨ ਦੀ ਸਾਡੀ ਅਯੋਗਤਾ, ਜਿਸ ਨੂੰ ‘ਜੜ੍ਹਤਾ’ ਦੇ ਸੰਕਲਪ ਦੇ ਰੂਪ ਵਿਚ ਵੀ ਵਿਚਾਰਿਆ ਗਿਆ ਹੈ। ਪੰਜਾਬੀ ਸਮਾਜ ਦੀ ਜੜ੍ਹਤਾ ਨੂੰ ਸੰਖੇਪ ਵਿਚ ਵਿਸ਼ਵ ਪ੍ਰਸੰਗ ਵਿਚ ਵੀ ਵੇਖਿਆ ਗਿਆ ਹੈ। ਅਸੀਂ ਇਸ ਅਯੋਗਤਾ ਤੇ ਜੜ੍ਹਤਾ ਦਾ ਭੂਤਮੁਖੀ ਸੋਚ ਤੇ ਪਹੁੰਚ ਨਾਲ ਰਿਸ਼ਤਾ ਵੀ ਤੈਅ ਕਰਦੇ ਹਾਂ। ਇਸ ਸਭ ਤੋਂ ਪਹਿਲਾਂ, ਅਸੀਂ ਗੁਰੂ ਨਾਨਕ ਦੇ ਵਿਗਿਆਨ ਨਾਲ ਸਬੰਧਾਂ ਬਾਰੇ ਤਿੰਨ ਲੇਖਾਂ ਵਿਚ ਪੇਸ਼ ਅਧਿਅਨ ਵਿਚੋਂ ਸਮੁੱਚੇ ਤੌਰ ‘ਤੇ ਨਿਕਲੇ ਮੁੱਖ ਨਤੀਜੇ ਸਾਰ ਦਿੰਦੇ ਹਾਂ।
ਗੁਰੂ ਨਾਨਕ ਦੇ ਵਿਗਿਆਨ ਨਾਲ ਸਬੰਧਾਂ ਬਾਰੇ ਸੱਚਾਈ ਕੀ ਹੈ? ਪਿਛਲੇ ਸਾਲ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਂਦਿਆਂ ਪੰਜਾਬੀ ਚਿੰਤਕਾਂ ਨੇ ਅਨੇਕਾਂ ਲੇਖਾਂ ਤੇ ਸੈਮੀਨਾਰਾਂ ਜ਼ਰੀਏ ਉਨ੍ਹਾਂ ਅਤੇ ਉਨ੍ਹਾਂ ਦੀ ਬਾਣੀ ਸਮੇਤ ਗੁਰਬਾਣੀ ਦੇ ਵਿਗਿਆਨ ਨਾਲ ਸਬੰਧਾਂ ਬਾਰੇ ਵੱਖ ਵੱਖ ਦਾਅਵੇ ਕੀਤੇ, ਜਿਨ੍ਹਾਂ ਵਿਚੋਂ ਮੁੱਖ ਹਨ: ਗੁਰਬਾਣੀ ਵਿਚ ਵਿਗਿਆਨਕ ਸੋਚ ਸ਼ਾਮਲ ਹੈ, ਗੁਰੂ ਨਾਨਕ ਵਿਗਿਆਨਕ ਸੋਚ ਦੇ ਧਾਰਨੀ ਸਨ, ਉਹ ਵਿਗਿਆਨੀ ਸਨ, ਤੇ ਵਿਗਿਆਨੀਆਂ ਦੇ ਵਿਗਿਆਨੀ ਸਨ। ਪਿਛਲੇ ਤਿੰਨ ਲੇਖਾਂ ਵਿਚ ਅਸੀਂ ਇਨ੍ਹਾਂ ਦਾਅਵਿਆਂ ਪਿੱਛੇ ਕੰਮ ਕਰਦੀਆਂ ਧਾਰਨਾਵਾਂ ਨੂੰ ਪਛਾਣ ਕੇ ਉਨ੍ਹਾਂ ਦੀ ਪੁਣਛਾਣ ਕੀਤੀ ਸੀ। ਇਸ ਅਧਿਅਨ ਵਿਚੋਂ ਸਮੁੱਚੇ ਤੌਰ ‘ਤੇ ਨਿਕਲੇ ਮੁੱਖ ਨਤੀਜੇ ਹਨ:
1. ਫਲਸਫਾ ਤੇ ਵਿਗਿਆਨ ਦੇ ਗਿਆਨ ਖੇਤਰ ਹੀ ਨਹੀਂ, ਸਗੋਂ ਵਿਗਿਆਨ, ਵਿਗਿਆਨਕ ਵਿਧੀ, ਵਿਗਿਆਨਕ ਸੋਚ ਤੇ ਵਿਗਿਆਨਕ ਪਹੁੰਚ ਦੇ ਸੰਕਲਪ ਵੀ ਵੱਖ ਵੱਖ ਹਨ। ‘ਵਿਗਿਆਨ’ ਸਿਰਫ ਵਿਗਿਆਨ ਦੇ ਖੇਤਰ ਵਿਚ ਹੀ ਹੁੰਦਾ ਹੈ, ਜਦ ਕਿ ‘ਵਿਗਿਆਨਕ’ ਕਿਸੇ ਵੀ ਖੇਤਰ ਵਿਚ ਹੋ ਸਕਦਾ ਹੈ; ਜਿਵੇਂ ਵਿਗਿਆਨਕ ਵਿਧੀ ਬਿਜਨਸ ਦੇ ਖੇਤਰ ਵਿਚ ਵੀ ਵਰਤੀ ਜਾ ਸਕਦੀ ਹੈ ਤੇ ਵਿਗਿਆਨਕ ਪਹੁੰਚ ਸਮਾਜਕ ਮਸਲੇ ਹੱਲ ਕਰਨ ਲਈ।
2. ਵਿਗਿਆਨ ਨਿਰਾਪੁਰਾ ਬਿਆਨਾਂ ਤੋਂ ਨਹੀਂ, ਸਗੋਂ ਪਰਖੇ ਜਾ ਸਕਣ ਵਾਲੇ ਪਰਿਸਿਧਾਂਤਾਂ ਤੋਂ ਸ਼ੁਰੂ ਹੁੰਦਾ ਹੈ।
3. ਫਲਸਫੇ ਤੇ ਵਿਗਿਆਨ ਵਿਚ ਗਿਆਨ ਇਕੱਤਰ ਕਰਨ ਲਈ ਪ੍ਰਸ਼ਨਾਂ, ਵਿਸ਼ਿਆਂ, ਮੁੱਦਿਆਂ ਆਦਿ ਨੂੰ ਨਜਿੱਠਣ ਦੇ ਢੰਗ ਤੇ ਮੰਤਵ ਵੱਖ ਵੱਖ ਹੁੰਦੇ ਹਨ। ਵਿਗਿਆਨ ਵਿਚ ਗਿਆਨ ਇੱਕਤਰ ਕਰਨ ਲਈ ‘ਵਿਗਿਆਨਕ ਵਿਧੀ’ ਵਰਤੇ ਜਾਣਾ ਲਾਜ਼ਮੀ ਹੈ, ਜਦ ਕਿ ਫਲਸਫੇ ਵਿਚ ਇਹ ਲਾਜ਼ਮੀ ਨਹੀਂ।
4. ਅਧਿਆਤਮਵਾਦ ਤੇ ਵਿਗਿਆਨ ਨੂੰ ‘ਭੌਤਿਕ ਤੌਰ ‘ਤੇ ਪਰਖੇ ਜਾ ਸਕਣ ਵਾਲੇ ਹਾਈਪੋਥੀਸਿਜ਼’ ਦਾ ‘ਨਾ ਉਲੰਘਿਆ ਜਾ ਸਕਣ ਵਾਲਾ’ ਪਾੜਾ ਅਲੱਗ ਕਰਦਾ ਹੈ।
5. ਫਲਸਫੇ ਦੇ ਮੁਕਾਬਲੇ ਵਿਗਿਆਨ ਵਿਚ ਗਿਣਤੀਆਂ-ਮਿਣਤੀਆਂ ਸਦਕਾ ਗਿਆਨ ਅਕਾਲਪਨਿਕ ਡੂੰਘਾਈ ਤੇ ਸ਼ੁੱਧਤਾ ਨਾਲ ਪ੍ਰਾਪਤ ਕੀਤਾ ਜਾਂਦਾ ਹੈ; ਗਣਿਤ ਵਿਗਿਆਨ ਦੀ ਭਾਸ਼ਾ ਹੈ।
6. ਫਲਸਫੇ ਤੇ ਵਿਗਿਆਨ ਦੇ ਕੁਝ ਪ੍ਰਸ਼ਨ/ਉਤਰ, ਖਿਆਲ ਤੇ ਬਿਆਨ ਉਤੋਂ ਦੇਖਿਆਂ ਮਿਲਦੇ-ਜੁਲਦੇ ਲੱਗ ਸਕਦੇ ਹਨ। ਵਿਗਿਆਨ ਜਦੋਂ ਕਿਸੇ ਖਿਆਲ ‘ਤੇ ਖੋਜ ਕਰਕੇ ਕੁਝ ਗਿਆਨ ਇਕੱਤਰ ਕਰ ਲੈਂਦਾ ਹੈ, ਤਾਂ ਉਸ ਖਿਆਲ ਜਿਹਾ ਖਿਆਲ ਹੋਰ ਕਿਸੇ ਗਿਆਨ ਖੇਤਰ ਵਿਚ ਤੇ ਕਿਸੇ ਵੀ ਪ੍ਰਸੰਗ ਵਿਚ ਅਚਾਨਕ ਵਿਗਿਆਨਕ ਖਿਆਲ ਤੇ ਵਿਗਿਆਨ ਨਹੀਂ ਬਣ ਜਾਂਦਾ, ਤੇ ਨਾ ਉਸ ਖਿਆਲ ਨੂੰ ਪੇਸ਼ ਕਰਨ ਵਾਲਾ ਵਿਗਿਆਨੀ।
7. ਗੁਰੂ ਗ੍ਰੰਥ ਸਾਹਿਬ, ਵੇਦ, ਬਾਈਬਲ, ਕੁਰਾਨ ਆਦਿ ਵਿਚ ਪ੍ਰਗਟ ਮੂਲ ਖਿਆਲਾਂ ਤੇ ਸਿਧਾਂਤਾਂ ਦੇ ਪੱਖ ਵਿਚ ਭੌਤਿਕ ਤੌਰ ‘ਤੇ ਕੋਈ ਪਰਖੇ ਜਾ ਸਕਣ ਵਾਲੇ ਪਰਿਸਿਧਾਂਤ ਪੇਸ਼ ਨਹੀਂ ਕੀਤੇ ਗਏ। ਇਸ ਲਈ ਇਨ੍ਹਾਂ ਵਿਚਲੇ ਖਿਆਲ ਤੇ ਸਿਧਾਂਤ ਕੁੱਲ ਮਿਲਾ ਕੇ ਅਧਿਆਤਮਵਾਦੀ ਫਲਸਫੇ ਦੇ ਘੇਰੇ ਵਿਚ ਆਉਂਦੇ ਨੇ; ਨਤੀਜਨ ਇਨ੍ਹਾਂ ਪੋਥੀਆਂ ਦੇ ਲੇਖਕਾਂ ਨੂੰ, ਅਧਿਆਤਮਵਾਦੀ ਫਿਲਾਸਫਰ ਕਹਿਣਾ ਹੀ ਦਰੁਸਤ ਹੋਵੇਗਾ, ਵਿਗਿਆਨੀ ਨਹੀਂ।
8. ਗੁਰੂ ਨਾਨਕ ਦੇਵ ਦੇ ਵਿਗਿਆਨ ਸੰਗ ਰਿਸ਼ਤੇ ਬਾਰੇ ਕੁਝ ਪੰਜਾਬੀ ਚਿੰਤਕਾਂ ਦੇ ਦਾਅਵਿਆਂ ਦਾ ਇੱਕ ਮੁੱਖ ਆਧਾਰ ਵਿਗਿਆਨ, ਵਿਗਿਆਨਕ ਤੇ ਅਧਿਆਤਮਵਾਦ ਵਿਚਾਲੇ ਨਿਖੇੜੇ ਦਾ ਸੰਕਟ ਹੈ, ਜੋ ਕਈ ਰੂਪਾਂ ਵਿਚ ਪ੍ਰਗਟ ਹੁੰਦਾ ਹੈ, ਜਿਵੇਂ ਅਧਿਆਤਮਵਾਦ ਤੇ ਵਿਗਿਆਨ ਵਿਚਾਲੇ ‘ਪਰਖੇ ਜਾ ਸਕਣ ਵਾਲੇ ਹਾਈਪੋਥੀਸਿਜ਼’ ਦੇ ਪਾੜੇ ਨੂੰ ਉਲੰਘ ਜਾਣਾ ਅਤੇ ਵਿਗਿਆਨਕ ਸੋਚ ਨੂੰ ਵਿਗਿਆਨ ਸਮਝ ਬੈਠਣਾ। ਇਸ ਅਤੇ ਹੋਰ ਗਲਤ ਧਾਰਨਾਵਾਂ ਨੂੰ ਅਸੀਂ ਤਰਕਸ਼ੀਲ ਢੰਗ ਨਾਲ ਰੱਦ ਕੀਤਾ ਹੈ।
ਬਾਈਬਲ ਤੇ ਕੁਰਾਨ ਵਾਂਗ ਹੀ ਬ੍ਰਹਿਮੰਡ ਬਾਰੇ ਗੁਰੂ ਗ੍ਰੰਥ ਸਾਹਿਬ ਤੇ ਵੇਦਾਂ ਵਿਚਲੇ ਬਿਆਨ ਤੇ ਖਿਆਲ ਮੂਲ ਤੌਰ ‘ਤੇ ਬ੍ਰਹਿਮੰਡ ਬਾਰੇ ਫਿਲਾਸਫੀਕਲ, ਅਸਲ ਵਿਚ ਅਧਿਆਤਮਵਾਦੀ ਖਿਆਲ ਤੇ ਮਾਡਲ ਹਨ। ਇਨ੍ਹਾਂ ਵਿਚੋਂ ਕਈ ਖਿਆਲ ਵਿਗਿਆਨਕ ਹੋ ਸਕਦੇ ਹਨ, ਪਰ ਅਧਿਆਤਮਵਾਦੀ ਘੇਰੇ ‘ਚ। ਗੁਰੂ ਗ੍ਰੰਥ ਸਾਹਿਬ ਵਿਚ ਅਜਿਹੇ ਖਿਆਲਾਂ ਨੂੰ ਸਮਝਣ ਦੀ ਥਾਂ ਪੂਜਣਾ ਇੱਕ ਹੱਦ ਹੈ ਤੇ ਇਨ੍ਹਾਂ ਖਿਆਲਾਂ ਦੇ ਆਧਾਰ ‘ਤੇ ਕਹਿਣਾ ਕਿ ਗੁਰਬਾਣੀ ਵਿਗਿਆਨਕ ਸੋਚ ਦਾ ਸੰਕਲਨ ਹੈ ਅਤੇ ਗੁਰਾਂ ਨੂੰ ਵਿਗਿਆਨੀ ਜਾਂ ‘ਵਿਗਿਆਨੀਆਂ ਦੇ ਵਿਗਿਆਨੀ’ ਕਰਾਰ ਦੇਣਾ, ਦੂਜੀ ਹੱਦ। ਉਕਤ 8 ਨੁਕਤਿਆਂ ਦੇ ਮੱਦੇਨਜ਼ਰ ਸੱਚਾਈ ਇਨ੍ਹਾਂ ਦੋ ਹੱਦਾਂ ਦੇ ਵਿਚ-ਵਿਚਾਲੇ ਹੈ। ਇਹ ਦਾਅਵਾ ਕਿ ਗੁਰਬਾਣੀ ਵਿਚ ਵਿਗਿਆਨਕ ਸੋਚ ਸ਼ਾਮਲ ਹੈ, ਇਹ ਭੁਲੇਖਾ ਦੇ ਸਕਦਾ ਹੈ ਕਿ ਗੁਰਬਾਣੀ ਜ਼ਿਆਦਾਤਰ ਵਿਗਿਆਨਕ ਖਿਆਲਾਂ ਦਾ ਸੰਗ੍ਰਿਹ ਹੈ, ਜਦ ਕਿ ਅਸਲ ਵਿਚ ਨਾਨਕਬਾਣੀ ਸਮੇਤ ਗੁਰਬਾਣੀ ਸਮੁੱਚੇ ਤੌਰ ‘ਤੇ ਅਧਿਆਤਮਵਾਦੀ ਫਲਸਫੇ ਦੀ ਸ਼੍ਰੇਣੀ ਵਿਚ ਆਉਂਦੀ ਹੈ।
ਜਿਵੇਂ ਮੈਂ ਆਪਣੇ ਪਹਿਲੇ ਦੋ ਲੇਖਾਂ ਵਿਚ ਵਿਸਥਾਰ ਸਹਿਤ ਦੱਸਿਆ ਹੈ ਕਿ ਕਿੰਜ ਨਾਨਕਬਾਣੀ ਸਮੇਤ ਗੁਰਬਾਣੀ ਦੀ ਵਿਆਪਕਤਾ ਤੇ ਡੂੰਘਾਈ ਵਿਚ ਉਤਰਿਆਂ ‘ਵਿਗਿਆਨਕ’ ਅੰਸ਼ ਮਿਲ ਜਾਂਦੇ ਨੇ, ਪਰ ਅਧਿਆਤਮਵਾਦ ਦੇ ਪ੍ਰਸੰਗ ਵਿਚ। ਬੌਧਿਕਤਾ ਦੇ ਪ੍ਰਸੰਗ ਵਿਚ ਗੁਰੂ ਨਾਨਕ ਦੇਵ ਬੁਨਿਆਦੀ ਤੌਰ ‘ਤੇ ਮਹਾਨ ਫਿਲਾਸਫਰ ਸਨ, ਜਿਨ੍ਹਾਂ ਨੇ ਬ੍ਰਹਿਮੰਡ ਤੋਂ ਇਲਾਵਾ ਸਮਾਜਕ, ਰਾਜਨੀਤਿਕ ਤੇ ਹੋਰ ਮੁੱਦਿਆਂ ਬਾਰੇ ਦਾਰਸ਼ਨਿਕ ਖਿਆਲ ਤੇ ਮਾਡਲ ਪੇਸ਼ ਕੀਤੇ। ਬਾਣੀ ਤੇ ਆਪਣੇ ਜੀਵਨ ਵਿਚ, ਉਨ੍ਹਾਂ ਨੇ ਅਧਿਆਤਮਵਾਦੀ ਫਲਸਫੇ ਦੇ ਘੇਰੇ ਵਿਚ ਵੀ ਸਪਸ਼ਟ ਤੌਰ ‘ਤੇ ਵਿਗਿਆਨਕ ਤੇ ਭਵਿੱਖਮੁਖੀ/ਪ੍ਰਗਤੀਸ਼ੀਲ ਸੋਚ ਦਾ ਪ੍ਰਗਟਾਵਾ ਕੀਤਾ।
ਪੰਜਾਬ ਦੀ ਨਿਰੰਤਰ ਹਾਰ ਦਾ ਇੱਕ ਕਾਰਨ ਸਾਡੀ ਅਯੋਗਤਾ: ਪਿਛਲੇ ਤੋਂ ਪਿਛਲੇ ਲੇਖ ਵਿਚ ਗੁਰੂ ਨਾਨਕ ਦੇ ਵਿਗਿਆਨ ਨਾਲ ਸਬੰਧਾਂ ਬਾਰੇ ਦਾਅਵਿਆਂ ਦੀ ਪੁਣ-ਛਾਣ ਸ਼ੁਰੂ ਕਰਦਿਆਂ ਅਸੀਂ ਕਿਹਾ ਸੀ ਕਿ ਇਹ ਦਾਅਵੇ ਕਿੰਨੇ ਦਰੁਸਤ ਹਨ, ਆਪਣੇ ਆਪ ਵਿਚ ਉਦੇਸ਼ ਨਹੀਂ, ਸਗੋਂ ਸਾਧਨ ਹੈ, ਅਸਲੀ ਉਦੇਸ਼ ਪੂਰਤੀ ਦਾ। ਉਹ ਉਦੇਸ਼ ਹੈ, ਇਹ ਜਾਣਨ ਦਾ: ਕੀ ਅਸੀਂ ਗੁਰੂ ਜੀ ਦੇ ਜਨਮ ਤੋਂ ਸਾਢੇ ਪੰਜ ਸਦੀਆਂ ਪਿਛੋਂ ਵੀ ਉਹ ਯੋਗਤਾ ਗ੍ਰਹਿਣ ਜਾਂ ਵਿਕਸਿਤ ਕਰ ਲਈ ਹੈ, ਜੋ ਮੌਜੂਦਾ ਪੰਜਾਬ ਨੂੰ ਖੜੋਤ ਦੀ ਸਥਿਤੀ ਵਿਚੋਂ ਕੱਢ ਕੇ ਭਵਿੱਖ ਦੇ ਰਸਤੇ ਪਾਉਣ ਲਈ ਜ਼ਰੂਰੀ ਹੈ? ਜੋ ਯੋਗਤਾ ਰੈਨੇਸਾਂਸੀਆਂ ਵਿਚ ਸੀ, ਜਿਨ੍ਹਾਂ ਨੇ ਰੈਨੇਸਾਂਸ ਲਹਿਰ ਦੀ ਸ਼ੁਰੂਆਤ ਆਪਣੇ ਪ੍ਰਾਚੀਨ ਸੱਭਿਆਚਾਰ ਤੇ ਫਲਸਫੇ ਦੇ ਤਰਕਸ਼ੀਲ ਪੁਨਰ ਮੁਲੰਕਣ ਨਾਲ ਕੀਤੀ ਸੀ; ਜੋ ਯੋਗਤਾ ਗੁਰੂ ਨਾਨਕ ਵਿਚ ਵੀ ਸੀ, ਜਿਨ੍ਹਾਂ ਰੈਨੇਸਾਂਸੀਆਂ ਵਾਂਗ ਰੈਨੇਸਾਂਸ ਲਹਿਰ ਦੀ ਸਮਕਾਲੀ ਪੰਜਾਬ ਜਾਗ੍ਰਿਤੀ ਲਹਿਰ ਦਾ ਆਧਾਰ ਤਰਕ ਨੂੰ ਹੀ ਬਣਾਇਆ ਸੀ। ਕੀ ਸਾਡੇ ਵਿਚ ਉਹ ਯੋਗਤਾ ਹੈ, ਸਾਡੀਆਂ ਇਤਿਹਾਸਕ ਹਸਤੀਆਂ ਤੇ ਪੋਥੀਆਂ ਸਾਹਮਣੇ ਸ਼ਰਧਾ ਵਿਚ ਉਲਾਰ ਹੋਣ ਦੀ ਥਾਂ ਤਰਕਸ਼ੀਲਤਾ ਸੰਗ ਆਪਣੇ ਇਤਿਹਾਸ ਦੇ ਕਿਸੇ ਵੀ ਚੈਪਟਰ ਦਾ ਮੁਲੰਕਣ ਕਰਨ ਦੀ? ਜਿਵੇਂ ਇਸ ‘ਤੇ ਪਿਛਲੇ ਤਿੰਨ ਲੇਖਾਂ ਵਿਚ ਦਿਖਾਇਆ ਗਿਆ ਹੈ, ਉਸ ਯੋਗਤਾ ਤੋਂ ਹਾਲੇ ਵੀ ਅਸੀਂ ਆਵਾਮੀ ਤੇ ਚਿੰਤਕ ਪੱਧਰ ‘ਤੇ ਕੋਹਾਂ ਦੂਰ ਹਾਂ। ਇਹ ਅਯੋਗਤਾ ਨਿਰੰਤਰ ਰਹੀ ਹੈ।
ਗੁਰੂ ਸਾਹਿਬਾਨ ਤੋਂ ਬਾਅਦ ਮੱਧਯੁੱਗੀ ਪੰਜਾਬ ਦੀ ਜਾਗ੍ਰਿਤੀ ਲਹਿਰ ਦੀ ਹਾਰ ਅਤੇ ਸਾਡੇ ਹੁਣ ਤੱਕ ਹਾਰੇ ਰਹਿਣ ਦਾ ਇੱਕ ਮੁੱਖ ਕਾਰਨ ਸਾਡੀ ਇਹ ਅਯੋਗਤਾ ਵੀ ਹੈ। ਗੁਰੂ ਸਾਹਿਬਾਨ ਦੀ ਸ਼ੁਰੂ ਕੀਤੀ ਜਾਗ੍ਰਿਤੀ ਲਹਿਰ ਨੂੰ ਉਨ੍ਹਾਂ ਤੋਂ ਪਿਛੋਂ ਅਸੀਂ ਸੰਗਠਿਤ ਧਰਮ ਵਿਚ ਬਦਲ ਜਾਣ ਦਿੱਤਾ ਅਤੇ ਤੀਰਥ ਯਾਤਰਾ, ਜਾਤ-ਪਾਤ, ਆਰਤੀ ਤੇ ਮੂਰਤੀ ਪੂਜਾ ਆਦਿ ਪਖੰਡਾਂ/ਬੁਰਾਈਆਂ ਨੂੰ ਨਵੇਂ ਨਵੇਂ ਰੂਪਾਂ ਵਿਚ ਨਾ ਸਿਰਫ ਵਧ-ਫੁਲ ਜਾਣ ਦਿੱਤਾ, ਸਗੋਂ ਇਸ ਸਭ ਕਾਸੇ ਦਾ ਸਿੱਧੇ ਜਾਂ ਅਸਿੱਧੇ, ਜਾਣੇ-ਅਣਜਾਣੇ ਤੌਰ ‘ਤੇ ਹਿੱਸਾ ਬਣੇ ਰਹੇ ਹਾਂ; ਇਸ ਅਯੋਗਤਾ ਸਦਕਾ। ਇਸੇ ਸਦਕਾ ਜਦੋਂ ਧਰਤੀ ਦੇ ਦੂਜੇ ਪਾਸੇ ਬਾਦਸ਼ਾਹੀਆਂ ਖਿਲਾਫ ਲੜਾਈਆਂ ਲੜ ਕੇ ਜਮਹੂਰੀਅਤ ਲਾਗੂ ਹੋ ਰਹੀ ਸੀ, ਉਸੇ ਸਮੇਂ ਮੁਗਲ ਬਾਦਸ਼ਾਹੀਆਂ ਦੇ ਖੰਡਰਾਂ ‘ਤੇ ਜਮਹੂਰੀਅਤ ਦੀ ਥਾਂ ਪੰਜਾਬ ‘ਤੇ ਰਣਜੀਤ ਸਿੰਘ ਨੇ ਆਪਣੀ ‘ਬਾਦਸ਼ਾਹੀ’ ਉਸਾਰਨ ਦਾ ਐਲਾਨ ਕੀਤਾ, ਤਾਂ ਕਿਸੇ ਨੇ ਵੀ ‘ਹਾਅ’ ਦਾ ਨਾਹਰਾ ਨਾ ਮਾਰਿਆ।
ਇਸੇ ਅਯੋਗਤਾ ਸਦਕਾ ਅੱਜ ਵੀ ਸਾਡੇ ਪੰਜਾਬੀ ਚਿੰਤਕ ਸੈਮੀਨਾਰਾਂ ਵਿਚ ‘ਹਾਅ’ ਦਾ ਨਾਹਰਾ ਮਾਰਨ ਦੀ ਥਾਂ ਅੱਜ ਦੀਆਂ ਸਮੱਸਿਆਵਾਂ ਹੱਲ ਕਰਨ ਲਈ ‘ਮਹਾਰਾਜਾ ਰਣਜੀਤ ਸਿੰਘ’ ਕੋਲੋਂ ‘ਸੇਧ’ ਲੈਣ ਦਾ ਨਾਹਰਾ ਮਾਰਦੇ ਹਨ। ਇਹ ਕਮਾਲ ਹੈ, ਇਸ ਅਯੋਗਤਾ ਦਾ! ਸਾਡੀ ਇਸ ਅਯੋਗਤਾ ਦੀ ਝਲਕ ਦਿਖਾਉਂਦੇ ਲੇਖਾਂ ਤੇ ਸੈਮੀਨਾਰਾਂ ਵਿਚ ਜੋ ਹੋਇਆ ਹੈ, ਉਹ ਹੀ ਨਹੀਂ, ਸਗੋਂ ਜੋ ਨਹੀਂ ਹੋਇਆ, ਉਹ ਅਹਿਮ ਹੈ।
ਜੋ ਨਹੀਂ ਹੋਇਆ: ਗੁਰੂ ਨਾਨਕ ਦੇ ਵਿਗਿਆਨੀ, ਵਿਗਿਆਨੀਆਂ ਦੇ ਵਿਗਿਆਨੀ ਤੇ ਵਿਗਿਆਨ ਸੋਚ ਦੇ ਧਾਰਨੀ ਹੋਣ ਦੇ ਦਾਅਵੇ ਤਾਂ ਬਥੇਰੇ ਲੇਖਾਂ ਤੇ ਸੈਮੀਨਾਰਾਂ ਵਿਚ ਕੀਤੇ ਗਏ, ਪਰ ਕਿੰਨੇ ਕੁ ਲੇਖਾਂ ਤੇ ਸੈਮੀਨਾਰਾਂ ਵਿਚ ਗੁਰੂ ਜੀ ਦੀ ਉਦੋਂ ਦੀ ਵਿਗਿਆਨਕ ਸੋਚ ਤੋਂ ਉਤਸ਼ਾਹ ਲੈ ਕੇ, ਅੱਜ ਦੇ ਮਸਲਿਆਂ ਦੇ ਹੱਲ ਲੱਭਣ ਲਈ ਅੱਜ ਦੇ ਹਾਲਾਤ ‘ਤੇ ਆਧਾਰਿਤ ਵਿਗਿਆਨ ਸੋਚ ਤੇ ਪਹੁੰਚ ਅਪਨਾਉਣ ‘ਤੇ ਵਿਚਾਰ ਕੀਤੀ ਗਈ? ਇੱਦਾਂ ਦੇ ਬਥੇਰੇ ਲੇਖ ਤੇ ਸੈਮੀਨਾਰ ਸਨ, ਜਿਨ੍ਹਾਂ ਵਿਚ ਪੰਜਾਬੀ ਚਿੰਤਕਾਂ ਨੇ ਪਿਛਾਂਹ ਨੂੰ ਮੂੰਹ ਕਰਕੇ ਗੁਰੂ ਜੀ ਤੇ ਉਨ੍ਹਾਂ ਦੀ ਵਿਚਾਰਧਾਰਾ ਦੇ, ਉਨ੍ਹਾਂ ਦੇ ਸਮੇਂ ਅਨੁਸਾਰ ਅਗਾਂਹਵਧੂ ਤੇ ਮਾਨਵਵਾਦੀ ਪੱਖਾਂ ਦੇ ਗੁਣਗਾਨ ਕੀਤੇ; ਪਰ ਕਿੰਨੇ ਕੁ ਲੇਖਾਂ ਤੇ ਸੈਮੀਨਾਰਾਂ ਵਿਚ ਗੁਰੂ ਜੀ ਦੇ ਇਨ੍ਹਾਂ ਪੱਖਾਂ ਤੋਂ ਉਤਸ਼ਾਹ ਲੈਂਦਿਆਂ ਅਜੋਕੇ ਮੱਸਲਿਆਂ ਦੇ ਹੱਲ ਲੱਭਣ ਲਈ ਪਿੱਛਲ-ਝਾਕ ਦੀ ਥਾਂ ਅੱਜ ਦੇ ਸਥਾਨਕ ਤੇ ਵਿਸ਼ਵ ਹਾਲਾਤ ‘ਤੇ ਆਧਾਰਿਤ ਭਵਿੱਖਮੁਖੀ ਪਹੁੰਚ ਅਪਨਾਉਣ ‘ਤੇ ਜ਼ੋਰ ਦਿੱਤਾ ਗਿਆ? ਸੋ, ਇਨ੍ਹਾਂ ਲੇਖਾਂ ਤੇ ਸੈਮੀਨਾਰਾਂ ਵਿਚ ਜੋ ਕਿਹਾ ਗਿਆ ਹੈ, ਉਹ ਹੀ ਨਹੀਂ, ਜੋ ਨਹੀਂ ਕਿਹਾ ਗਿਆ, ਉਹ ਨਾ-ਕਿਹਾ ਬੜਾ ਕੁਝ ਕਹਿੰਦਾ ਹੈ।
ਸਮੇਂ ਦਾ ਕੈਸਾ ਵਿਅੰਗ ਹੈ ਕਿ ਇੱਕ ਪਾਸੇ ਤਾਂ ਅਸੀਂ ਉਨ੍ਹਾਂ ਦੇ ਆਪਣੇ ਸਮਿਆਂ ਵਿਚ ਤਰਕਸ਼ੀਲ, ਅਗਾਂਹਵਧੂ/ਭਵਿੱਖਮੁਖੀ ਤੇ ਵਿਗਿਆਨਕ ਸੋਚ ਦੇ ਧਾਰਨੀ ਗੁਰੂ ਨਾਨਕ ਦਾ ਇੰਨਾ ਮਾਣ ਕਰਦੇ ਹਾਂ ਕਿ ਉਨ੍ਹਾਂ ਨੂੰ ਅੱਜ ਦੇ ਵਿਗਿਆਨੀਆਂ ਦੇ ਵਿਗਿਆਨੀ ਕਰਾਰ ਦੇਣ ਤੱਕ ਜਾਂਦੇ ਹਾਂ, ਤੇ ਦੂਜੇ ਪਾਸੇ ਖੁਦ ਅਸੀਂ ਆਪਣੇ ਅਜੋਕੇ ਮਸਲੇ ਹੱਲ ਕਰਨ ਲਈ ਅਗਾਂਹਵਧੂ/ਭਵਿੱਖਮੁਖੀ ਤੇ ਵਿਗਿਆਨਕ ਪਹੁੰਚ ਅਪਨਾਉਣ ਦੀ ਥਾਂ ਆਪਣੀ ਸੋਚ ਨੂੰ ਪਿੱਛਲ ਖੁਰੀ ਪੈ ਕੇ ਇਤਿਹਾਸਕ ਹਸਤੀਆਂ ਨੂੰ ਹਾਕਾਂ ਮਾਰਦੇ ਹਾਂ, ਉਨ੍ਹਾਂ ਤੋਂ ‘ਸੇਧ’ ਲੈਣ ਲਈ। ਇਹ ਵੀ ਹੋ ਸਕਦਾ ਸੀ ਕਿ ਅਸੀਂ ਗੁਰੂ ਨਾਨਕ ਦੀ ਤਰਕਸ਼ੀਲ ਸੋਚਣੀ ਤੋਂ ਉਤਸ਼ਾਹ ਲੈ ਕੇ ਅੱਜ ਦੇ ਪੰਜਾਬੀ ਸਮਾਜ ਵਿਚ ਧਰਮ ਤੇ ਧਰਮ ‘ਚੋਂ ਬਾਹਰ ਦੇ ਵੱਖ ਵੱਖ ਖੇਤਰਾਂ ਵਿਚ ਵਾਪਰ ਰਹੀਆਂ ਤਰਕਹੀਣ ਕਰਤੂਤਾਂ ਤੇ ਪਖੰਡਾਂ ਦਾ ਭਾਂਡਾ ਚੌਰਾਹੇ ਵਿਚ ਭੰਨਦਿਆਂ ਅੰਕੜਿਆਂ ਨਾਲ ਲੱਦੇ ਖੋਜ ਭਰਪੂਰ ਲੇਖ ਲਿਖਦੇ: ਜਿਵੇਂ ਹਿੰਦੂ ਤੇ ਸਿੱਖ-ਦੋਹਾਂ ਧਰਮਾਂ ਵਿਚ ਹੀ ਜਾਤ-ਪਾਤ, ਮੂਰਤੀ ਪੂਜਾ, ‘ਤੀਰਥ’ ਯਾਤਰਾ ਤੇ ਇਸ਼ਨਾਨ ਅਤੇ ਹੋਰ ਪਖੰਡ ਦੇ ਨਵੇਂ ਨਵੇਂ ਰੂਪਾਂ ‘ਤੇ; ਸਮਾਜਕ ਤੇ ਰਾਜਨੀਤਿਕ ਖੇਤਰਾਂ ਵਿਚ ਤਰਕਹੀਣ ਰਵਾਇਤਾਂ ਨੂੰ ਜਾਰੀ ਰੱਖਣ ਨਾਲ ਆਰਥਕ, ਮਾਨਸਿਕ, ਤੇ ਹੋਰ ਨੁਕਸਾਨਾਂ ‘ਤੇ; ਜੱਟਵਾਦ, ਚੌਧਰਵਾਦ, ਪੁੱਤਰਾਂ-ਧੀਆਂ ਵਿਚਾਲੇ ਵਿਤਕਰੇ ਦੀ ਤਰਕਹੀਣਤਾ ਤੇ ਨੁਕਸਾਨ ਆਦਿ।
ਅਜਿਹੇ ਲੇਖਾਂ ਤੇ ਸਬੰਧਿਤ ਮਸਲਿਆਂ ਦੇ ਤਰਕਸ਼ੀਲ ਹੱਲਾਂ ਹਿੱਤ ਕਾਰਵਾਈਆਂ ਦਾ ਹੜ੍ਹ ਵੀ ਆਉਂਦਾ ਤਾਂ ਸਮਾਜ ਦੇ ਗੰਦ ਮੰਦ ਨੂੰ ਰੋੜ੍ਹ ਕੇ ਲੈ ਜਾਂਦਾ; ਗੁਰਾਂ ਦੇ ਨਾਮ ‘ਤੇ। ਹੋ ਤਾਂ ਇਹ ਵੀ ਸਕਦਾ ਸੀ ਕਿ ਅਸੀਂ ਗੁਰੂ ਨਾਨਕ ਦੀ ਅਗਾਂਹਵਧੂ/ਭਵਿੱਖਮੁਖੀ ਤੇ ਵਿਗਿਆਨਕ ਸੋਚ ਤੋਂ ਉਤਸ਼ਾਹ ਲੈ ਕੇ ਆਪਣੇ ਅਜੋਕੇ ਮਸਲੇ ਹੱਲ ਕਰਨ ਲਈ ਅਗਾਂਹਵਧੂ, ਭਵਿੱਖਮੁਖੀ ਤੇ ਵਿਗਿਆਨਕ ਪਹੁੰਚ ਅਪਨਾਉਂਦੇ ਅੰਕੜਿਆਂ ਰਾਹੀਂ ਪੁਸ਼ਟੀ ਵਿਚ ਖੋਜ ਭਰਪੂਰ ਲੇਖ ਲਿਖਦੇ: ਜਿਵੇਂ ਵਿਗਿਆਨਕ ਸੋਚ ਦੇ ਆਧਾਰ ‘ਤੇ ਵੱਖ ਵੱਖ ਮੁੱਦਿਆਂ ਤੇ ਵਿਸ਼ਿਆਂ ਪ੍ਰਤੀ ਰਵੱਈਆ ਉਸਾਰਨ ਬਾਰੇ; ਵੱਖ ਵੱਖ ਖੇਤਰਾਂ ਵਿਚ ਸਮੱਸਿਆਵਾਂ ਹੱਲ ਕਰਨ ਲਈ ਵਿਗਿਆਨਕ ਤਕਨੀਕਾਂ ਅਪਨਾਉਣ ਦੇ ਲਾਭਾਂ ਬਾਰੇ; ਵਿਗਿਆਨਕ ਵਿਸ਼ਲੇਸ਼ਣ ਦੇ ਆਧਾਰ ‘ਤੇ ਵੱਖ ਵੱਖ ਖੇਤਰਾਂ ਵਿਚਲੇ ਮੁੱਦਿਆਂ ਨਾਲ ਸਬੰਧਿਤ ਭਵਿੱਖ ਦੇ ਟੀਚੇ ਮਿੱਥਣ ਅਤੇ ਉਨ੍ਹਾਂ ‘ਤੇ ਪਹੁੰਚਣ ਦੇ ਰਾਹਾਂ ਬਾਰੇ; ਆਦਿ।
ਅਜਿਹੇ ਲੇਖਾਂ ਤੇ ਸਬੰਧਿਤ ਮਸਲਿਆਂ ਦੇ ਵਿਗਿਆਨਕ ਹੱਲ ਹਿੱਤ ਕਾਰਵਾਈਆਂ ਦਾ ਹੜ੍ਹ ਆਉਂਦਾ ਤਾਂ ਵਿਗਿਆਨਕ ਪਹੁੰਚ ਦੀ ਰੌਸ਼ਨੀ ਦਾ ਇਹ ਹੜ੍ਹ ਸਮਾਜ ‘ਚੋਂ ਅਗਿਆਨ ਅਤੇ ਅੰਧਵਿਸ਼ਵਾਸ ਦਾ ਹਨੇਰਾ ਹੂੰਝ ਕੇ ਲੈ ਜਾਂਦਾ ਤੇ ਪੰਜਾਬ ਦੀ ਖੜ੍ਹੀ-ਅੜੀ ਗੱਡ ਨੂੰ ਭਵਿੱਖ ਦੇ ਰਾਹ ਪਾ ਜਾਂਦਾ; ਗੁਰਾਂ ਦੇ ਨਾਮ ‘ਤੇ। ਹੋ ਤਾਂ ਇਸ ਤਰ੍ਹਾਂ ਦਾ ਬਹੁਤ ਕੁਝ ਸਕਦਾ ਸੀ, ਪਰ ਹੋਇਆ ਨਹੀਂ। ਇਸ ਨਾ-ਹੋਣ ਦਾ ਸਿਹਰਾ ਕਿਸ ਸਿਰ ਬੰਨੀਏ? ਇੱਕ ਸ਼ਬਦੀ ਉਤਰ ਹੈ, ਜੜ੍ਹਤਾ।
ਮਨੁੱਖੀ ਸਮਾਜ ਦੀ ਜੜ੍ਹਤਾ: ਮੂਲ ਰੂਪ ਵਿਚ ਜੜ੍ਹਤਾ ਫਿਜ਼ਿਕਸ ਦਾ ਸੰਕਲਪ ਹੈ, ਇਹ ਐਸੇ ਸੰਕਲਪਾਂ ਵਿਚੋਂ ਹੈ, ਜੋ ਫਲਸਫੇ ਸਮੇਤ ਹੋਰ ਗਿਆਨ ਖੇਤਰਾਂ ਵਿਚ ਵੀ ਕਿਸੇ ਨਾ ਕਿਸੇ ਪੱਧਰ ‘ਤੇ ਵਰਤੇ ਜਾ ਸਕਦੇ ਨੇ। ‘ਜੜ੍ਹਤਾ’ ਦਾ ਸੰਕਲਪ ਹੈ: ਕਿਸੇ ਵੀ ਭੌਤਿਕ ਚੀਜ਼ (ੋਬਜeਚਟ) ਦਾ ਕੁਦਰਤੀ ਝੁਕਾਓ ਆਪਣੀ ਅਵਸਥਾ ਵਿਚ ਤਬਦੀਲੀ ਦਾ ਵਿਰੋਧ ਕਰਨਾ; ਜਿਵੇਂ ਖੜ੍ਹੀ ਚੀਜ਼ ਤੁਰਨ ਤੋਂ ਇਨਕਾਰੀ ਹੁੰਦੀ ਹੈ, ਇੱਕ ਖਾਸ ਦਿਸ਼ਾ ਵਿਚ ਚੱਲ ਰਹੀ ਚੀਜ਼ ਦਿਸ਼ਾ ਵਿਚ ਤਬਦੀਲੀ ਦਾ ਵਿਰੋਧ ਕਰਦੀ ਹੈ, ਆਦਿ। ਚੀਜ਼ ਵਿਚ ਜੜ੍ਹਤਾ ਦੀ ਮਾਤਰਾ ਜਿੰਨੀ ਵੱਧ ਹੋਵੇਗੀ, ਉਹ ਤਬਦੀਲੀ ਦਾ ਉਨਾ ਹੀ ਵੱਧ ਵਿਰੋਧ ਕਰੇਗੀ। ਭੌਤਿਕ ਚੀਜ਼ ਦਾ ਜਿੰਨਾ ਵੀ ਵੱਧ ਪੁੰਜ (ਮਅਸਸ) ਜਾਂ ਭਾਰ ਹੋਵੇਗਾ, ਉਨੀ ਹੀ ਵੱਧ ਉਸ ਵਿਚ ਜੜ੍ਹਤਾ। ਇਹ ਕੁਦਰਤ ਦਾ ਨਿਯਮ ਹੈ। ਮੈਂ ਇਸ ਨਿਯਮ ਨੂੰ ਮਨੁੱਖੀ ਸਮਾਜ ਦੀ ਗਤੀਸ਼ੀਲਤਾ ਦੌਰਾਨ ਕਈ ਰੂਪਾਂ ਵਿਚ ਲਾਗੂ ਹੋ ਰਿਹਾ ਵੀ ਵੇਖਦਾ ਹਾਂ। ਮਸਲਨ, ਹਰ ਸਮਾਜ ਦੇ ਸਿਰ ‘ਤੇ ਆਪਣੇ ਇਤਿਹਾਸ ਦੀ ਗਠੜੀ ਹੁੰਦੀ ਹੈ, ਜਿਸ ਵਿਚ ਅਣ-ਫੋਲੀਆਂ ਅਣ-ਪੜਚੋਲੀਆਂ ਚੀਜ਼ਾਂ ਹੁੰਦੀਆਂ ਨੇ: ਜਿਵੇਂ ਰਿਵਾਜ, ਰੀਤਾਂ, ਰਸਮਾਂ, ਪੋਥੀਆਂ, ਹਸਤੀਆਂ, ਘਟਨਾਵਾਂ ਆਦਿ। ਜਿੰਨਾ ਵੱਧ ਇਸ ਗਠੜੀ ਦਾ ਭਾਰ ਹੁੰਦਾ ਹੈ, ਉਨੀ ਹੀ ਵੱਧ ਉਸ ਸਮਾਜ ਦੀ ਜੜ੍ਹਤਾ ਹੁੰਦੀ ਹੈ ਯਾਨਿ ਤਬਦੀਲੀ ਦੇ ਵਿਰੋਧ ਦੀ ਸਮਰੱਥਾ।
ਮੱਧ ਯੁੱਗ ਦੇ ਯੂਰਪੀ ਰੈਨੇਸਾਂਸੀਆਂ ਨੇ ਤਰਕ ਦਾ ਪੱਲਾ ਫੜ ਕੇ ਆਪਣੇ ਪ੍ਰਾਚੀਨ ਫਲਸਫੇ, ਕਲਾ, ਪੋਥੀਆਂ, ਕਲਚਰ ਆਦਿ ਦਾ ਪੜਚੋਲਵਾਂ ਮੁਲੰਕਣ ਕਰਕੇ, ਬੇਲੋੜਾ ਨਿੱਕ-ਸੁਕ ਸੁੱਟ ਕੇ ਆਪਣੀ ਗਠੜੀ ਹਲਕੀ ਕਰ ਲਈ ਅਤੇ ਆਪਣੇ ਤਰਕ ਦੀ ਵਿਗਿਆਨ ਨਾਲ ਜੋਟੀ ਪਾ ਕੇ ਯੂਰਪ ਨੂੰ ਆਧੁਨਿਕ ਯੁੱਗ ਦੇ ਰਾਹੇ ਪਾ ਤੁਰੇ। ਮੱਧ ਯੁੱਗ ਦੇ ਅੰਤਲੇ ਸਮੇਂ ਦੇ ਯੂਰਪ ਵਿਚੋਂ ਹੀ ਧਾਰਮਿਕ ਤੇ ਮਨੁੱਖੀ ਹੱਕਾਂ ‘ਤੇ ਛਾਪੇ ਮਾਰ ਰਹੀਆਂ ਲੜਾਈਆਂ ਤੋਂ ਸਤੇ ਕੁਝ ਯੂਰਪੀਆਂ ਨੇ ਆਪਣੀ ਗਠੜੀ ਅਟਲਾਂਟਿਕ ਮਹਾਂਸਾਗਰ ਨੂੰ ਪਾਰ ਕਰਦਿਆਂ ਸਮੁੰਦਰ ਵਿਚ ਵਗਾਹ ਮਾਰੀ, ਤੇ ਸਮੁੰਦਰ ਦੇ ਪਾਰਲੇ ਤੱਟ ‘ਤੇ ਨਵੀਂ ਧਰਤੀ ‘ਤੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕੀਤੀ। ਇੰਜ ਉਨ੍ਹਾਂ ਅੱਜ ਤੋਂ ਕੋਈ ਚਾਰ ਸੌ ਵਰ੍ਹੇ ਪਹਿਲਾਂ ਯਾਨਿ ਗੁਰੂ ਨਾਨਕ ਦੇ ਪ੍ਰਕਾਸ਼ ਤੋਂ ਕੋਈ 150 ਵਰ੍ਹੇ ਪਿਛੋਂ ਇੱਕ ਬਣਨ ਵਾਲੇ ਦੇਸ਼/ਕੌਮ ਦੀ ਨੀਂਹ ਰੱਖੀ। ਉਸੇ ਦੇਸ਼ ਦੀ, ਜਿਹਦੀ ਫੌਜ ਦੇ ਕਮਾਂਡਰ ਜੌਰਜ ਵਾਸ਼ਿੰਗਟਨ ਨੇ ਇੰਗਲੈਂਡ ਦੇ ਖਿਲਾਫ ਆਜ਼ਾਦੀ ਦਾ ਯੁੱਧ ਜਿੱਤਣ ਪਿਛੋਂ ਆਪਣੇ ਆਪ ਨੂੰ ਬਾਦਸ਼ਾਹ ਦੀ ਥਾਂ ਜਮਹੂਰੀਅਤ ਲਾਗੂ ਕਰਨ ਦਾ ਐਲਾਨ ਕਰ ਦਿੱਤਾ, ਜੋ ਦੇਸ਼ ਹੌਲੀ ਹੌਲੀ ਯੂਰਪ ਤੋਂ ਵੀ ਅੱਗੇ ਨਿਕਲ ਗਿਆ, ਤੇ ਜਿਹਨੂੰ ਦੁਨੀਆਂ ਅਮਰੀਕਾ ਜਾਂ ਯੂ. ਐਸ਼ ਏ. ਕਰਕੇ ਜਾਣਦੀ ਹੈ। ਐਸਾ ਕਮਾਲ ਹੁੰਦਾ ਹੈ ਗਠੜੀ ਦੇ ਭਾਰ ਨੂੰ ਘਟਾ ਕੇ ਜਾਂ ਅਲਵਿਦਾ ਕਹਿ ਕੇ ਜੜ੍ਹਤਾ ਨੂੰ ਘੱਟੋ ਘੱਟ ਕਰਨ ਦਾ।
ਇਹਦੇ ਉਲਟ, ਸਾਡੇ ਪੰਜਾਬੀ ਸਮਾਜ ਨੇ ਅਜੇ ਤੱਕ ਨਹੀਂ ਸਿੱਖਿਆ ਕਿ ਗਠੜੀ ਦਾ ਭਾਰ ਕਿੰਜ ਘਟਾਉਣਾ ਹੈ; ਨਤੀਜਨ ਪੰਜਾਬੀ ਸਮਾਜ ਦੀ ਜੜ੍ਹਤਾ ਵਿਸ਼ਵ ਆਧੁਨਿਕਤਾ ਦੇ ਪ੍ਰਸੰਗ ਵਿਚ ਹਾਲੇ ਵੀ ਸਿਖਰਾਂ ਛੋਂਹਦੀ ਹੈ; ਆਧੁਨਿਕ ਸਹੂਲਤਾਂ ਤੇ ਸੰਦ ਵਰਤਦਿਆਂ ਵੀ, ਸਾਡੀ ਸੋਚ ਵਿਚ ਅਜੇ ਵੀ ਮੱਧ ਯੁੱਗ, ਜਾਂ ਅਰਧ-ਮੱਧ ਯੁੱਗ ਘੁੱਗ ਵਸਦਾ ਹੈ। ਜੜ੍ਹਤਾ ਦਾ ਵਿਗਾੜ ਆਵਾਮੀ ਪੱਧਰ ‘ਤੇ ਹੀ ਨਹੀਂ, ਸਗੋਂ ਇਸ ਨੇ ਪੰਜਾਬੀ ਚਿੰਤਕਾਂ/ਬੁੱਧੀਜੀਵੀਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਰੱਖਿਆ ਹੈ। ਮਿਸਾਲ ਵਜੋਂ, ਚਿੰਤਾ ਦੀ ਗੱਲ ਹੈ ਕਿ ਇੱਥੇ ਚਰਚਿਤ ਦਾਅਵੇ ਤੇ ਉਨ੍ਹਾਂ ਪਿੱਛੇ ਕੰਮ ਕਰਦੀਆਂ ਧਾਰਨਾਵਾਂ ‘ਐਰੇ ਗੈਰੇ ਨੱਥੂ ਖੈਰੇ’ ਵਲੋਂ ਨਹੀਂ, ਸਗੋਂ ਮੰਨੇ ਪ੍ਰਮੰਨੇ ਪੰਜਾਬੀ ਚਿੰਤਕਾਂ ਵਲੋਂ ਆਈਆਂ ਨੇ, ਜਿਨ੍ਹਾਂ ਵਿਚ ਉਹ ਵੀ ਸ਼ਾਮਲ ਨੇ ਜਿਨ੍ਹਾਂ ਦਾ ਨਾਂ ‘ਡਾ.’ ਤੋਂ ਸ਼ੁਰੂ ਹੁੰਦਾ ਹੈ, ਅਤੇ ਇਹ ਲੇਖ ‘ਪੰਜਾਬੀ ਟ੍ਰਿਬਿਊਨ’ ਸਮੇਤ ਪੰਜਾਬ ਤੇ ਬਾਹਰਲੀ ਦੁਨੀਆਂ ਦੇ ਚੋਟੀ ਦੇ ਪੰਜਾਬੀ ਅਖਬਾਰਾਂ ਵਿਚ ਪ੍ਰਕਾਸ਼ਿਤ ਹੁੰਦੇ ਰਹੇ ਨੇ (ਮੈਂ ‘ਡਾ.’ ਤੇ ‘ਚੋਟੀ’ ਸ਼ਬਦ ਬਣਦੇ ਸਤਿਕਾਰ ਤੇ ਮਹੱਤਤਾ ਵਜੋਂ ਵਰਤ ਰਿਹਾ ਹਾਂ, ਹੋਰ ਕਿਸੇ ਲਹਿਜੇ ਵਿਚ ਨਹੀਂ)। ਇੱਥੇ ਚਰਚਿਤ ਸੈਮੀਨਾਰ ਯੂਨੀਵਰਸਿਟੀਆਂ ਦੀ ਪੱਧਰ ‘ਤੇ ਹੁੰਦੇ ਰਹੇ ਨੇ।
ਸਾਡੀਆਂ ਇਤਿਹਾਸਕ ਹਸਤੀਆਂ ਤੇ ਪੋਥੀਆਂ ਸਾਹਮਣੇ ਸ਼ਰਧਾ ਵਿਚ ਉਲਾਰ ਹੋਣ ਦੀ ਥਾਂ ਤਰਕਸ਼ੀਲਤਾ ਸੰਗ ਆਪਣੇ ਇਤਿਹਾਸ ਦਾ ਮੁਲੰਕਣ ਕਰਨ ਦੀ ਸਾਡੀ ਅਯੋਗਤਾ ਨੂੰ ਇੰਜ ਜੜ੍ਹਤਾ ਦੇ ਰੂਪ ਵਿਚ ਸਮਝਿਆ ਜਾ ਸਕਦਾ ਹੈ। ਪੰਜਾਬੀ ਸਮਾਜ ਦੀ ਨਿਰੰਤਰ ਚਲੀ ਆਉਂਦੀ ਹਾਰ ਦੇ ਬਹੁਤੇ ਕਾਰਨ, ਸਣੇ ਇਸ ਅਯੋਗਤਾ ਤੇ ਜੜ੍ਹਤਾ ਦੇ, ਇੱਕੋ ਮੁੱਦੇ ਜਾਂ ਨੁਕਤੇ ਵਿਚ ਜਾ ਮਿਲਦੇ ਹਨ।
ਗੱਲ ਇੱਕ ਨੁਕਤੇ ‘ਤੇ ਮੁੱਕਦੀ ਹੈ: ਸਾਡੀ ਉਕਤ ਅਯੋਗਤਾ ਤੇ ਜੜ੍ਹਤਾ ਦੀਆਂ ਜੜ੍ਹਾਂ ਵਿਚ ਬੈਠੀ ਹੈ, ਸਾਡੀ ਭੂਤਮੁਖੀ ਸੋਚ ਤੇ ਪਹੁੰਚ, ਜਿਹਦੇ ਨਾਲ ਮੈਂ ਹੋਰ ਲੇਖਾਂ ਵਿਚ ਵੀ ਨਜਿੱਠਿਆ ਹੈ। ਹਥਲੇ ਵਿਸ਼ੇ ਦੇ ਸੰਦਰਭ ਵਿਚ, ਭੂਤਮੁਖੀ ਸੋਚ ਤੇ ਪਹੁੰਚ ਦੀ ਗੱਲ ਕਰਦਿਆਂ, ਇਹ ਗੌਰ ਕਰਨਾ ਵੀ ਬਣਦਾ ਹੈ ਕਿ ਅਜੋਕੇ ਮਸਲੇ ਹੱਲ ਲਈ ਸੇਧ ਲੈਣ ਵਾਸਤੇ ਇਤਿਹਾਸਕ ਹਸਤੀਆਂ ਨੂੰ ਸਿੱਧੀਆਂ ਹਾਕਾਂ ਮਾਰਨ ਤੋਂ ਇਲਾਵਾਂ ਪੰਜਾਬੀ ਚਿੰਤਕਾਂ ਕੋਲ ਜ਼ਰਾ ਸੂਝ ਭਰੀ (ਸੋਪਹਸਿਟਚਿਅਟeਦ) ਲੱਗਦੀ ਤਕਨੀਕ ਜਾਂ ਵੰਨਗੀ ਦਾ ਬਦਲ ਹੈ, ਜੋ ‘ਯੁੱਗ ਅਨੁਵਾਦ’ ਦੀ ਕਸਰ ਦਾ ਸ਼ਿਕਾਰ ਹੈ। ਇਸ ਬਦਲ ਅਧੀਨ ਅਸੀਂ ਅਤੀਤ ਦੀ ਅੱਜ ਵਿਚ ਪ੍ਰਸੰਗਿਕਤਾ ਤੇ ਸਾਰਥਕਤਾ, ਅਤੀਤ ਦੀ ਆਧੁਨਿਕ ਪ੍ਰਸੰਗਿਕਤਾ ਆਦਿ ਸੋਚਾਂ ਨਾਲ ਅੱਜ ਨੂੰ ਅਤੀਤ ਤੇ ਅਤੀਤ ਨੂੰ ਅੱਜ ਦੇ ਕੱਪੜੇ ਪਹਿਨਾਉਣ ਦੇ ਆਹਰੇ ਲੱਗ ਜਾਂਦੇ ਹਾਂ।
ਸਮੱਸਿਆ ਇਹ ਹੈ ਕਿ ਯੁੱਗ ਬਦਲ ਤਾਂ ਜਾਂਦੇ ਨੇ, ਪਰ ਯੁੱਗਾਂ ਦਾ ਅਨੁਵਾਦ ਨਹੀਂ ਹੁੰਦਾ; ਅਨੁਵਾਦ ਦੀ ਇਸ ਅਸਫਲ ਕੋਸ਼ਿਸ਼ ਵਿਚ ਅਸੀਂ ਅਤੀਤ ਨੂੰ ਅੱਜ ਦੀ ਐਨਕ ਲਾ ਕੇ ਤੇ ਅੱਜ ਨੂੰ ਅਤੀਤ ਦੀ ਐਨਕ ਲਾ ਕੇ ਵੇਖਣ ਤੱਕ ਸੀਮਤ ਰਹਿ ਜਾਂਦੇ ਹਾਂ। ਅਸਲ ਵਿਚ, ਇਹ ਬਦਲ ਵੀ ਭੂਤਮੁਖੀ ਪਹੁੰਚ ਦੀ ਇੱਕ ਵੰਨਗੀ ਹੀ ਹੈ, ‘ਲੱਤਾਂ ਥੱਲਿਓਂ ਕੰਨਾਂ ਨੂੰ ਹੱਥ ਲਾਉਣ’ ਵਾਲੀ ਵੰਨਗੀ; ਅਤੀਤ ਨੂੰ ਸਿੱਧੀਆਂ ਹਾਕਾਂ ਮਾਰਨ ਦੀ ਥਾਂ। ਇਸ ਵੰਨਗੀ ਅਧੀਨ ਗੁਰੂ ਨਾਨਕ ਬਾਰੇ ਅਜਿਹੇ ਸਿਰਲੇਖਾਂ ਵਾਲੇ ਲੇਖਾਂ ਤੇ ਸੈਮੀਨਾਰਾਂ ਦੀ ਭਰਮਾਰ ਰਹੀ: ਸਮਕਾਲੀ ਦੌਰ ਵਿਚ ਨਾਨਕਬਾਣੀ ਤੇ ਫਲਸਫੇ ਦੀ ਪ੍ਰਸੰਗਿਕਤਾ, ਆਧੁਨਿਕਤਾ ਗੁਰੂ ਨਾਨਕ ਦੀ ਬਾਣੀ ਤੇ ਫਲਸਫੇ ਦੇ ਪ੍ਰਸੰਗ ਵਿਚ, ਨਾਨਕਬਾਣੀ ਦੀ ਪ੍ਰਸੰਗਿਕਤਾ ਤੇ ਅਜੋਕੇ ਸਮੇਂ ਦਾ ਸੰਦਰਭ ਆਦਿ।
‘ਯੁੱਗ ਅਨੁਵਾਦ’ ਦੀ ਸਮੱਸਿਆ ਹੈ ਕਿ ਇਸ ਵਿਚ ਸਮਾਜਕ, ਧਾਰਮਿਕ, ਆਰਥਕ, ਰਾਜਨੀਤਿਕ ਆਦਿ ਹਾਲਾਤ ਅਤੇ ਉਨ੍ਹਾਂ ਦੇ ਪ੍ਰਭਾਵਾਂ ਦਾ ਇੱਕ ਸਮੇਂ ਤੋਂ ਦੂਜੇ ਸਮੇਂ ਵਿਚ ਅਨੁਵਾਦ ਸ਼ਾਮਲ ਹੁੰਦਾ ਹੈ, ਜੋ ਕਰੀਬ ਅਸੰਭਵ ਹੈ। ਉਸ ਲਈ ਦੋਨਾਂ ਸਮਿਆਂ ਦੇ ਹਾਲਾਤ ਤੇ ਉਨ੍ਹਾਂ ਦੇ ਪ੍ਰਭਾਵਾਂ ਅਤੇ ਪਹਿਲੇ ਤੋਂ ਦੂਜੇ ਸਮੇਂ ਤੱਕ ਪੁੱਜਣ ਲਈ ਅਪਨਾਏ ਰਾਹ ਬਾਰੇ ਭਰਪੂਰ ਅੰਕੜੇ ਇੱਕਤਰ ਕਰਨੇ ਹੋਣਗੇ। ਫਿਰ ਇਨ੍ਹਾਂ ਦੇ ਵਿਗਿਆਨਕ ਵਿਸ਼ਲੇਸ਼ਣ ਦੀ ਲੋੜ ਪਵੇਗੀ। ਇਨ੍ਹਾਂ ਵਿਸ਼ਲੇਸ਼ਣਾਂ ਵਿਚ ਭਵਿੱਖਵਾਣੀਆਂ ਤੇ ਭੂਤਵਾਣੀਆਂ ਹੋਣਗੀਆਂ, ਜਿਨ੍ਹਾਂ ਵਿਚੋਂ ਕੁਝ ਨੂੰ ਹਕੀਕਤਾਂ ਸੰਗ ਤੋਲਿਆਂ ਜਾਵੇਗਾ, ਬਾਕੀਆਂ ‘ਤੇ ਵਿਸ਼ਵਾਸ ਕਰਨ ਲਈ। ਇਹ ਮੇਰੀ ਦ੍ਰਿਸ਼ਟੀ ਹੈ; ਆਸ ਹੈ ਕਿ ਬਣਾਵਟੀ ਬੁੱਧੀ (ਅਰਟਿਚਿਅਿਲ ਨਿਟeਲਲਗਿeਨਚe) ਤੇ ‘ਬਿੱਗ ਡੈਟਾ’ ਗਿਆਨ ਖੇਤਰਾਂ ਦੀ ਮਦਦ ਨਾਲ ਛੇਤੀ ਹੀ ਅਜਿਹੇ ਸਮਾਜਕ/ਰਾਜਨੀਤਕ ਪ੍ਰਾਜੈਕਟ ਚਲਾਉਣੇ ਸੰਭਵ ਹੋਣਗੇ। ਸੋ, ‘ਯੁੱਗ ਅਨੁਵਾਦ’ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਵਿਗਿਆਨਕ ਪ੍ਰਾਜੈਕਟ ਦੀ ਲੋੜ ਹੋਵੇਗੀ; ਪੰਜਾਬੀ ਚਿੰਤਕਾਂ ਦੇ ਇੱਕਲੇ ਇਕੱਲੇ ਲੇਖਾਂ ਦਾ ਇੱਕਠ ਇਸ ਸਮੱਸਿਆ ਨੂੰ ਹੱਲ ਕਰਨ ਜੋਗਾ ਨਹੀਂ ਹੈ, ਤੇ ਸਿਰਫ ਭੂਤਮੁਖੀ ਸੋਚ ਤੇ ਪਹੁੰਚ ਦਾ ਹੀ ਇੱਕ ਹੋਰ ਰੂਪ ਬਣ ਕੇ ਰਹਿ ਜਾਂਦਾ ਹੈ।
ਕੁੱਲ ਮਿਲਾ ਕੇ, ਗੁਰੂ ਨਾਨਕ ਦੀ ਬਾਣੀ ਤੇ ਫਲਸਫੇ ਨਾਲ ਸਮੁੱਚੇ ਤੌਰ ‘ਤੇ ਇਸ ਢੰਗ ਨਾਲ ਨਜਿੱਠਣਾ ਅਤੇ ਅਜੋਕੀਆਂ ਵਿਗਿਆਨਕ ਖੋਜਾਂ ਦੇ ਆਧਾਰ ‘ਤੇ ਗੁਰਬਾਣੀ ਨੂੰ ਵਿਗਿਆਨਕ ਸੋਚ ਤੇ ਖਿਆਲਾਂ ਦਾ ਸੰਕਲਨ, ਤੇ ਗੁਰੂ ਨਾਨਕ ਦੇਵ ਨੂੰ ਵਿਗਿਆਨੀ ਜਾਂ ਵਿਗਿਆਨੀਆਂ ਦੇ ਵਿਗਿਆਨੀ ਕਰਾਰ ਦੇਣਾ ਭੂਤਮੁਖੀ ਸੋਚ ਤੇ ਪਹੁੰਚ ਦਾ ਸ੍ਰੇਸ਼ਠ ਮੁਜਾਹਰਾ ਹੈ।
ਸਿੱਟੇ: ਮੁੱਕਦੀ ਗੱਲ, ਯੂਰਪੀ ਰੈਨੇਸਾਂਸੀਆਂ ਵਾਂਗ ਹੀ ਗੁਰੂ ਨਾਨਕ ਨੇ ਪੰਜਾਬ ਜਾਗ੍ਰਿਤੀ ਲਹਿਰ ਦਾ ਆਧਾਰ ਤਰਕ ਨੂੰ ਹੀ ਬਣਾਇਆ ਸੀ। ਯੂਰਪੀ ਰੈਨੇਸਾਂਸੀਆਂ ਨੇ ਤਰਕ ਦਾ ਪੱਲਾ ਫੜ ਕੇ ਆਪਣੇ ਪ੍ਰਾਚੀਨ ਇਤਿਹਾਸ ਦਾ ਪੜਚੋਲਵਾਂ ਮੁਲੰਕਣ ਕਰਕੇ, ਆਪਣੇ ਤਰਕ ਦੀ ਵਿਗਿਆਨ ਨਾਲ ਜੋਟੀ ਪਾਉਂਦਿਆਂ ਯੂਰਪ ਨੂੰ ਆਧੁਨਿਕ ਯੁੱਗ ਦੇ ਰਾਹੇ ਪਾ ਤੁਰੇ। ਇਹਦੇ ਉਲਟ, ਸਾਡੀਆਂ ਇਤਿਹਾਸਕ ਹਸਤੀਆਂ ਤੇ ਪੋਥੀਆਂ ਸਾਹਮਣੇ ਸਾਡੀ ਸੋਚ, ਅੱਜ ਵੀ, ਤਰਕਸ਼ੀਲਤਾ ਦਾ ਪੱਲਾ ਫੜਨ ਦੀ ਥਾਂ ਭਾਵੁਕਤਾ ਤੇ ਸ਼ਰਧਾ ਵਿਚ ਉਲਾਰ ਹੋ ਜਾਂਦੀ ਹੈ, ਗੁਲਾਮੀ ਦੀ ਹੱਦ ਤੱਕ; ਨਤੀਜਨ ਭਾਵੁਕਤਾ ਤੇ ਸ਼ਰਧਾ ‘ਚੋਂ ਉਪਜਦੀ ਹੈ ਸਾਡੀ ਅਯੋਗਤਾ, ਆਪਣੇ ਇਤਿਹਾਸ ਦਾ ਤਰਕਸ਼ੀਲ ਮੁਲੰਕਣ ਕਰਨ ਦੀ।
ਸਾਰਾ ਸਾਲ ਹੀ, ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੇਕਾਂ ਸਮਾਗਮਾਂ/ਸੈਮੀਨਾਰਾਂ, ਅਖਬਾਰੀ ਲੇਖਾਂ, ਤੇ ਕਿਤਾਬਚੇ/ਪੁਸਤਕਾਂ ਵਿਚ ਇਸ ਅਯੋਗਤਾ ਦੀਆਂ ਅਲਾਮਤਾਂ ਦਾ ਲਗਾਤਾਰ ਤੇ ਸਪਸ਼ਟ ਰੂਪ ਵਿਚ ਸ਼ੱਰ੍ਹੇਆਮ ਮੁਜਾਹਰਾ ਹੁੰਦਾ ਰਿਹਾ ਹੈ। ਇਸ ਮੁਜਾਹਰੇ ਵਿਚ ਅਸੀਂ ਸਭ ਸ਼ਾਮਲ ਸਾਂ: ਬਾਹਲੇ, ਜੇ ਸਾਰੇ ਨਹੀਂ, ਚਿੰਤਕ/ਬੁੱਧੀਜੀਵੀ, ਚੋਟੀ ਦੀਆਂ ਪੰਜਾਬੀ ਅਖਬਾਰਾਂ/ਮੈਗਜ਼ੀਨਾਂ ਦੇ ਸੰਪਾਦਕ/ਚਾਲਕ, ਯੂਨੀਵਰਸਿਟੀ ਪੱਧਰ ਦੇ ਸੈਮੀਨਾਰਾਂ ਵਿਚ ਸਜੇ ਪ੍ਰੋਫੈਸਰ ਤੇ ਡਾਕਟਰ, ਪਿਛਾਂਹ ਖਿੱਚੂਆਂ ਤੋਂ ਅਗਾਂਹ ਵਧੂਆਂ ਤੱਕ, ਸਾਰੇ ਹੀ। ਇਸ ਮੁਜਾਹਰੇ ਵਿਚ ਉਕਤ ਅਯੋਗਤਾ ਦੀਆਂ ਅਲਾਮਤਾਂ ਦੀਆਂ ਕਈ ਕਿਸਮਾਂ ਪ੍ਰਗਟ ਹੋਈਆਂ, ਪਰ ਇਨ੍ਹਾਂ ਚਾਰ ਲੇਖਾਂ ਵਿਚ ਅਸੀਂ, ਮਿਸਾਲ ਵਜੋਂ, ਅਲਾਮਤਾਂ ਦੀ ਉਸ ਕਿਸਮ ਦਾ ਅਧਿਅਨ ਪੇਸ਼ ਕੀਤਾ ਹੈ, ਜਿਸ ਤਹਿਤ ਅਸੀਂ ਵਿਗਿਆਨ, ਵਿਗਿਆਨਕ ਸੋਚ, ਫਲਸਫਾ, ਅਧਿਆਤਮਵਾਦ ਆਦਿ ਵਿਚਾਲੇ ਫਰਕਾਂ ਦਾ ਮਲੀਆ ਮੇਟ ਕਰਦੀ ਮਿਲਗੋਭਾ ਸੋਚ ਦਾ ਸਹਾਰਾ ਲੈ ਕੇ ਨਾਨਕਬਾਣੀ ਸਮੇਤ ਗੁਰਬਾਣੀ ਨੂੰ ਵਿਗਿਆਨਕ ਸੋਚ ਤੇ ਖਿਆਲਾਂ ਦਾ ਸੰਕਲਨ, ਤੇ ਗੁਰੂ ਨਾਨਕ ਨੂੰ ਵਿਗਿਆਨੀ ਜਾਂ ਵਿਗਿਆਨੀਆਂ ਦੇ ਵਿਗਿਆਨੀ ਕਰਾਰ ਦੇਣ ਤੱਕ ਗਏ।
ਸਾਡੀਆਂ ਇਤਿਹਾਸਕ ਹਸਤੀਆਂ ਤੇ ਪੋਥੀਆਂ ਸਾਹਮਣੇ ਸ਼ਰਧਾ ਵਿਚ ਉਲਾਰ ਹੋਣ ਦੀ ਥਾਂ ਤਰਕਸ਼ੀਲਤਾ ਸੰਗ ਆਪਣੇ ਇਤਿਹਾਸ ਦਾ ਮੁਲੰਕਣ ਕਰਨ ਦੀ ਸਾਡੀ ਇਸ ਅਯੋਗਤਾ ਨੂੰ ਪੰਜਾਬੀ ਸਮਾਜ ਦੀ ਜੜ੍ਹਤਾ ਦੇ ਰੂਪ ਵਿਚ ਸਮਝਿਆ ਜਾ ਸਕਦਾ ਹੈ। ਇਸ ਅਯੋਗਤਾ ਤੇ ਜੜ੍ਹਤਾ ਦੀਆਂ ਜੜ੍ਹਾਂ ਵਿਚ ਬੈਠੀ ਹੈ: ਸਾਡੀ ਭੂਤਮੁਖੀ ਸੋਚ ਤੇ ਪਹੁੰਚ। ਉਕਤ ਮੁਜਾਹਰਾ ਸਾਡੀ ਭੂਤਮੁਖੀ ਸੋਚ ਤੇ ਪਹੁੰਚ ਦਾ ਸ੍ਰੇਸ਼ਠ ਮੁਜਾਹਰਾ ਸੀ, ਜਿਸ ਵਿਚਾਲੇ ਸੱਚਾਈ ਚਾਨਣੀ ਲਾਟ ਅਟੱਲ ਖੜ੍ਹੀ ਰਹੀ ਕਿ ਗੁਰੂ ਨਾਨਕ ਦੇਵ ਬੁਨਿਆਦੀ ਤੌਰ ‘ਤੇ ਪੰਜਾਬ ਦੇ ਮਹਾਨ ਫਿਲਾਸਫਰ ਸਨ, ਜਿਨ੍ਹਾਂ ਨੇ ਬ੍ਰਹਿਮੰਡ ਸਮੇਤ ਸਮਾਜਕ, ਰਾਜਨੀਤਿਕ ਤੇ ਹੋਰ ਮੁੱਦਿਆਂ ਬਾਰੇ ਫਿਲਾਸਫੀਕਲ ਖਿਆਲ ਤੇ ਮਾਡਲ ਪੇਸ਼ ਕੀਤੇ। ਆਪਣੀ ਬਾਣੀ ਤੇ ਜੀਵਨ ਵਿਚ, ਉਨ੍ਹਾਂ ਨੇ ਅਧਿਆਤਮਵਾਦੀ ਫਲਸਫੇ ਦੇ ਘੇਰੇ ਵਿਚ ਵੀ ਸਪਸ਼ਟ ਤੌਰ ‘ਤੇ ਆਪਣੀ ਵਿਗਿਆਨਕ ਤੇ ਭਵਿੱਖਮੁਖੀ/ਪ੍ਰਗਤੀਸ਼ੀਲ ਸੋਚ ਦਾ ਪ੍ਰਗਟਾਵਾ ਕੀਤਾ।
(ਸਮਾਪਤ)