ਬਿਨ-ਪੱਤਰੇ ਬਿਰਖ ਦੀ ਬੰਦਗੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਇਸ ਲੇਖ ਲੜੀ ਦੇ ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਮਨੁੱਖੀ ਜੀਵਨ ਦੀਆਂ ਪਰਤਾਂ ਫੋਲਦਿਆਂ ਕਿਹਾ ਸੀ, “ਹਰੇਕ ਦੀ ਦੇਖਭਾਲ ਤੇ ਖਿਆਲ ਰੱਖਣਾ ਅਤੇ ਆਪਣੇ ਆਪ ਨੂੰ ਸਭ ਤੋਂ ਅਖੀਰ ‘ਤੇ ਰੱਖਣਾ ਉਸ ਦਾ ਕਰਮ। ਇਹ ਕਰਮ ਉਸ ਦਾ ਜੀਵਨ ਧਰਮ। ਇਸ ਵਿਚੋਂ ਹੀ ਮਾਂ ਰੱਬ ਦਾ ਰੁਤਬਾ ਪ੍ਰਾਪਤ ਕਰਦੀ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਪੱਤਝੜ ਦੌਰਾਨ ਪੱਤਾਹੀਣ ਹੋਏ ਰੁੱਖਾਂ ਦੇ ਹਵਾਲੇ ਨਾਲ ਜ਼ਿੰਦਗੀ ਦੀਆਂ ਉਹ ਗੱਲਾਂ ਕੀਤੀਆਂ ਹਨ, ਜੋ ਸਾਡੇ ਕਦੇ ਚਿੱਤ ਚੇਤੇ ਵੀ ਨਹੀਂ ਹੁੰਦੀਆਂ। ਉਹ ਕਹਿੰਦੇ ਹਨ, “ਬਿਨ-ਪੱਤਰਾ ਬਿਰਖ, ਪੱਤਹੀਣ ਹੋ ਕੇ ਵੀ ਆਪਣਾ ਪ੍ਰਛਾਵਾਂ ਧਰਤੀ ‘ਤੇ ਜਰੂਰ ਬਣਾਉਂਦਾ। ਪ੍ਰਛਾਵਾਂ, ਜੋ ਉਸ ਦੀ ਹੋਂਦ ਦਾ ਹਾਸਲ, ਉਸ ਦੀ ਹਸਤੀ ਦਾ ਗਵਾਹ ਅਤੇ ਉਸ ਦੇ ਅਸਤਿਤਵ ਦਾ ਰੂਪ।…ਲੋੜ ਹੈ, ਮਨੁੱਖ ਮਨ ਵਿਚ ਬਿਰਖ ਬਣਨ ਦਾ ਵਿਚਾਰ ਜਰੂਰ ਪੈਦਾ ਕਰੇ, ਪਰ ਰੱੱਬ ਦਾ ਵਾਸਤਾ ਈ! ਬਿਰਖ ਕਦੇ ਵੀ ਬੰਦਾ ਬਣਨ ਵੰਨੀਂ ਨਾ ਅਹੁਲੇ।” ਉਨ੍ਹਾਂ ਦੀ ਨਸੀਹਤ ਹੈ, “ਮਨ ਨੂੰ ਮੰਮਟੀ ਨਹੀਂ, ਮੰਦਿਰ ਬਣਾਓ। ਮਨ ਦੀਆਂ ਤਰਜ਼ੀਹਾਂ ਤੇ ਤਦਬੀਰਾਂ ਵਿਚ ਤੀਬਰਤਾ ਦਾ ਜਾਗ ਲਾਓ, ਮਨ-ਮੰਗੀਆਂ ਮੁਰਾਦਾਂ ਦਾ ਹਾਸਲ ਬਣ ਜਾਵੋਗੇ। ਜ਼ਿੰਦਗੀ ਨੂੰ ਜਿਉਣ ਦਾ ਹੁਨਰ ਅਤੇ ਹਾਸਲ, ਤੁਹਾਡਾ ਸਬੱਬ ਹੋਵੇਗਾ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਬਿਨ-ਪੱਤਰਾ ਬਿਰਖ ਬਹੁਤ ਕੁਝ ਕਹਿੰਦਾ, ਆਲੇ-ਦੁਆਲੇ ਨੂੰ ਸੁਣਦਾ ਤੇ ਬਹੁਤ ਕੁਝ ਸਹਿੰਦਾ, ਪਰ ਅਡੋਲ ਰਹਿੰਦਾ। ਖਾਮੋਸ਼ੀ, ਉਸ ਦੀ ਅਦਾ ਤੇ ਅਦਾਇਗੀ।
ਬਿਨ-ਪੱਤਰੇ ਬਿਰਖ ਨੂੰ ਧਿਆਨ ਨਾਲ ਦੇਖਣਾ, ਇਸ ਦੇ ਪਿੰਡੇ ‘ਤੇ ਉਗੀਆਂ ਛਿੱਲਤਰਾਂ ਦੇ ਰੁੱਖੇਪਣ ਅਤੇ ਇਸ ਦੀ ਤ੍ਰਿਸ਼ਨਗੀ ਨੂੰ ਤੀਬਰਤਾ ਨਾਲ ਨਿਹਾਰਨਾ, ਤੁਹਾਨੂੰ ਇਸ ਦੀ ਪੀੜਾ ਅਤੇ ਇਸ ‘ਚੋਂ ਉਪਜੀ ਸੰਤੁਸ਼ਟੀ ਭਰੀ ਸੰਵੇਦਨਾ ਦੀ ਸਮਝ ਆ ਜਾਵੇਗੀ।
ਬਿਨ-ਪੱਤਰਾ ਬਿਰਖ, ਰੱਕੜ ਦਾ ਮਾਣ, ਮਿੱਟੀ ਦਾ ਮੋਹ। ਇਸ ਰਾਹੀਂ ਜੀਵਨ ਵਿਚ ਸੰਘਰਸ਼ ਕਰਨ ਅਤੇ ਇਸ ਨੂੰ ਜਿੱਤਣ ਦੀ ਆਰਜ਼ੂ ਤੇ ਆਰਜ਼ਾ ਪੈਦਾ ਹੁੰਦੀ।
ਬਿਨ-ਪੱਤਰੇ ਬਿਰਖ ਦੀ ਧਰਤੀ ‘ਤੇ ਪੈਂਦੀ ਛਾਂ ਨੂੰ ਵਾਚਣਾ ਅਤੇ ਇਸ ਰਾਹੀਂ ਧਰਤੀ ‘ਤੇ ਉਕਰੀ ਤਿੱਤਰਖੰਭੀ ਵਿਚੋਂ ਆਪਣਾ ਚਿਹਰਾ ਪੜ੍ਹਨਾ, ਤੁਹਾਨੂੰ ਇਬਾਰਤ ਅਤੇ ਇਬਾਦਤ ਵਿਚਲਾ ਫਰਕ ਜਰੂਰ ਸਮਝ ਆ ਜਾਵੇਗਾ।
ਬਿਨ-ਪੱਤਰਾ ਬਿਰਖ, ਪੱਤਹੀਣ ਹੋ ਕੇ ਵੀ ਆਪਣਾ ਪ੍ਰਛਾਵਾਂ ਧਰਤੀ ‘ਤੇ ਜਰੂਰ ਬਣਾਉਂਦਾ। ਪ੍ਰਛਾਵਾਂ, ਜੋ ਉਸ ਦੀ ਹੋਂਦ ਦਾ ਹਾਸਲ, ਉਸ ਦੀ ਹਸਤੀ ਦਾ ਗਵਾਹ ਅਤੇ ਉਸ ਦੇ ਅਸਤਿਤਵ ਦਾ ਰੂਪ।
ਬਿਨ-ਪੱਤਰਾ ਬਿਰਖ ਸੂਰਜ ਨਾਲ ਗੂਫਤਗੂ ਵਿਚ ਰੁੱਝਾ ਰਹਿੰਦਾ ਅਤੇ ਧੁੱਪ ਨਾਲ ਸੰਵਾਦ ਰਚਾਉਂਦਾ। ਇਸ ਦੀ ਆਮਦ ਲਈ ਬਾਹਾਂ ਫੈਲਾਉਂਦਾ, ਪਿੰਡੇ ਵਿਚ ਰਚਾਉਂਦਾ ਅਤੇ ਫਿਰ ਨਵੇਂ ਪੁੰਗਾਰੇ ਦੀ ਰੁੱਤੇ ਕਰੂੰਬਲਾਂ, ਪੱਤਿਆਂ ਅਤੇ ਲਗਰਾਂ ਦੀਆਂ ਮਹਿਫਿਲਾਂ ਨੂੰ ਤਨ ‘ਤੇ ਸਜਾਉਂਦਾ। ਆਲ੍ਹਣੇ ਪਰਿੰਦਿਆਂ ਨੂੰ ਹਾਕਾਂ ਮਾਰਦੇ ਅਤੇ ਬਿਨ-ਪੱਤਰਾ ਬਿਰਖ ਚਹਿਕਣੀ ਦਾ ਰੂਪ ਧਾਰ ਚੌਗਿਰਦੇ ਨੂੰ ਭਾਗ ਲਾਉਂਦਾ।
ਬਿਨ-ਪੱਤਰੇ ਬਿਰਖ ‘ਤੋਂ ਕਿਰਦੇ ਆਲ੍ਹਣੇ ਦੇ ਤੀਲਿਆਂ ਦੀ ਹੋਣੀ ਅਤੇ ਆਲ੍ਹਣੇ ਦਾ ਆਪਣੀ ਖੁਰ ਰਹੀ ਹੋਂਦ ਦੌਰਾਨ ਬੰਦਗੀ ਵਿਚ ਉਤਰ ਜਾਣਾ ਤੇ ਆਲ੍ਹਣੇ ਦੇ ਰੁਦਨ ਨੂੰ ਭਗਤੀ ਬਣਾਉਣਾ, ਜਦ ਬਿਰਖ ਨੂੰ ਯਾਦ ਆਉਂਦਾ ਤਾਂ ਉਹ ਨਵੇਂ ਜੋਸ਼ੋ-ਖਰੋਸ਼ ਨਾਲ ਆਪਣੇ ਜੀਵਨ ਸਫਰ ਨੂੰ ਨਵੀਆਂ ਤਰਕੀਬਾਂ ਤੇ ਤਰਜ਼ੀਹਾਂ ਦੀ ਤਮੰਨਾ ਬਣਾਉਂਦਾ।
ਕਦੇ ਕਦਾਈਂ ਬਿਨ-ਪੱਤਰੇ ਬਿਰਖ ਦੀ ਛਾਂਵੇਂ ਬੈਠਣਾ। ਇਸ ‘ਚੋਂ ਝਰਦੀ ਕਿਰਨ-ਬਾਰਸ਼ ਨੂੰ ਅੰਦਰਲੇ ਧੁੰਦਲਕੇ ਵਿਚ ਰਮਾਉਣਾ, ਤੁਹਾਨੂੰ ਚਾਨਣ ਅਤੇ ਹਨੇਰ ਦੇ ਫਰਕ ਦਾ ਪਤਾ ਲੱਗ ਜਾਵੇਗਾ ਕਿ ਬਿਨ-ਪੱਤਰੇ ਬਿਰਖ ਸਭ ਕੁਝ ਗਵਾ ਕੇ ਵੀ ਜਿਉਣ ਦਾ ਅਹਿਦ ਤੇ ਸੱਦ ਹੁੰਦਾ, ਜਦ ਕਿ ਮਨੁੱਖ ਸਭ ਕੁਝ ਪਾ ਕੇ ਵੀ ਮਰਨ ਦਾ ਮਰਸੀਆ ਹੀ ਗਾਉਂਦਾ। ਕਿੰਨਾ ਫਰਕ ਹੈ, ਮਨੁੱਖ ਤੇ ਬਿਰਖ ਵਿਚ, ਇਨ੍ਹਾਂ ਦੀ ਸਮੁੱਚ ਤੇ ਸਮਰਪਣ ਵਿਚ, ਪਾਉਣ ਅਤੇ ਲੁਟਾਉਣ ਵਿਚ।
ਲੋੜ ਹੈ, ਮਨੁੱਖ ਮਨ ਵਿਚ ਬਿਰਖ ਬਣਨ ਦਾ ਵਿਚਾਰ ਜਰੂਰ ਪੈਦਾ ਕਰੇ, ਪਰ ਰੱੱਬ ਦਾ ਵਾਸਤਾ ਈ! ਬਿਰਖ ਕਦੇ ਵੀ ਬੰਦਾ ਬਣਨ ਵੰਨੀਂ ਨਾ ਅਹੁਲੇ।
ਬਿਨ-ਪੱਤਰੇ ਸਿਰਫ ਬਿਰਖ ਹੀ ਨਹੀਂ ਹੁੰਦੇ, ਕੁਝ ਲੋਕ ਵੀ ਬਿਨ-ਪੱਤਰੇ ਹੁੰਦੇ, ਪਰ ਉਨ੍ਹਾਂ ਦੇ ਅੰਦਰ ਮੌਲਦੀ ਬਹਾਰ, ਪੱਤਿਆਂ ਦੀ ਰੁਮਕਣੀ ਦਾ ਨਾਦ ਅਤੇ ਕਵਿਤਾ ਜਿਹੇ ਕਰੁੰਬਲੀ ਅਹਿਸਾਸ ਮਨੁੱਖ ਦੇ ਅੰਤਰੀਵ ਨੂੰ ਸਦਾ ਚਿਰੰਜੀਵ ਰੱਖਦੇ। ਉਹ ਬਾਹਰੋਂ ਖੜਸੁੱਕ ਨਜ਼ਰ ਆਉਣ ਦੇ ਬਾਵਜੂਦ ਅੰਦਰੋਂ ਭਰੇ-ਭਕੁੰਨੇ ਅਤੇ ਜਿਉਣ-ਸੰਗ ਲਬਰੇਜ਼। ਕਦੇ ਅਜਿਹਾ ਮਨੁੱਖ ਮਿਲੇ ਤਾਂ ਉਸ ਦੀ ਚਰਨ-ਬੰਦਨਾ ਜਰੂਰ ਕਰਨੀ ਕਿਉਂਕਿ ਅਜੋਕੇ ਸਮਿਆਂ ਵਿਚ ਅਜਿਹੇ ਲੋਕਾਂ ਦੀ ਕਿਨਾਰਾ-ਕਸ਼ੀ ਹੋ ਗਈ ਏ। ਕੋਈ ਹਰਿਆ ਬੂਟਾ ਰਹਿਓ ਰੀ।
ਅਜੋਕੇ ਸਮਿਆਂ ਦੀ ਕੇਹੀ ਤ੍ਰਾਸਦੀ ਹੈ ਕਿ ਮਨੁੱਖ ਬਾਹਰੀ ਰੂਪ ਵਿਚ ਜਿਉਂਦਾ-ਜਾਗਦਾ ਹੋਣ ਦੇ ਬਾਵਜੂਦ ਅੰਦਰੋਂ ਬਹੁਤ ਹੀ ਹੀਣਾ ਤੇ ਸਨਕੀ। ਉਸ ਦਾ ਖੜੂਸਪੁਣਾ ਹੀ ਉਸ ਦੀ ਅੰਤਰੀਵੀ ਨੀਚਤਾ ਨੂੰ ਜੱਗ ਜਾਹਰ ਕਰਦਾ। ਉਹ ਸਿਵਿਆਂ ਵੰਨੀਂ ਜਾਂਦੀ ਆਪਣੀ ਪੈੜ ਨੂੰ ਮਿਟਾਉਣ ਲਈ ਕਦੇ ਉਤਾਵਲਾ ਨਹੀਂ ਹੁੰਦਾ ਸਗੋਂ ਇਸ ਨੂੰ ਹੋਰ ਗੂੜ੍ਹਾ ਕਰਨ ਵਿਚ ਉਤਸੁਕ ਰਹਿੰਦਾ।
ਬਿਨ-ਪੱਤਰੀਆਂ ਸੋਚਾਂ ਵਿਚ ਪੈਦਾ ਹੁੰਦਾ ਖਲਾਅ, ਖਰਵਾਪਣ, ਖੁੰਦਕ ਅਤੇ ਖੁਦਕੁਸ਼ੀ ਜਿਹੀਆਂ ਅਲਾਮਤਾਂ। ਇਨ੍ਹਾਂ ਅਲਾਮਤਾਂ ਦੀ ਮਾਰ ਹੇਠ ਹੈ, ਅਜੋਕਾ ਸਮਾਜ। ਕਦੇ ਮਨ-ਬਿਰਖ ਨੂੰ ਨਵੀਆਂ ਸੋਚਾਂ, ਸੁਪਨਿਆਂ ਅਤੇ ਸੱਧਰਾਂ ਸੰਗ ਮੌਲਣ ਰੁੱਤ ਵੰਨੀਂ ਤੋਰਨਾ, ਤੁਹਾਨੂੰ ਮਨ ਦੀ ਸ਼ਾਂਤੀ, ਸਾਧਨਾ ਅਤੇ ਸੰਤੁਸ਼ਟੀ ਦਾ ਅਹਿਸਾਸ ਹੋਵੇਗਾ ਕਿਉਂਕਿ ਮਨ ਦੀਆਂ ਮੰਨਤਾਂ ਵਿਚੋਂ ਹੀ ਅਸੀਂ ਜੀਵਨ-ਜੁਸਤਜੂ ਨੂੰ ਜ਼ਿੰਦਗੀ ਕਹਿਣ ਦਾ ਹੀਆ ਕਰ ਸਕਦੇ ਹਾਂ। ਮਨ ਨੂੰ ਮੰਮਟੀ ਨਹੀਂ, ਮੰਦਿਰ ਬਣਾਓ। ਮਨ ਦੀਆਂ ਤਰਜ਼ੀਹਾਂ ਤੇ ਤਦਬੀਰਾਂ ਵਿਚ ਤੀਬਰਤਾ ਦਾ ਜਾਗ ਲਾਓ, ਮਨ-ਮੰਗੀਆਂ ਮੁਰਾਦਾਂ ਦਾ ਹਾਸਲ ਬਣ ਜਾਵੋਗੇ। ਜ਼ਿੰਦਗੀ ਨੂੰ ਜਿਉਣ ਦਾ ਹੁਨਰ ਅਤੇ ਹਾਸਲ, ਤੁਹਾਡਾ ਸਬੱਬ ਹੋਵੇਗਾ।
ਬਿਨ-ਪੱਤਰੇ ਮੁਹਾਂਦਰੇ ਵਰਗੀਆਂ ਸ਼ਖਸੀਅਤਾਂ ਵਿਚੋਂ ਕਿਸ ਤਰ੍ਹਾਂ ਦੀ ਸੁੰਦਰਤਾ, ਸਚਿਆਰੇਪਣ, ਸੁਹਿਰਦਤਾ ਜਾਂ ਸਾਦਗੀ ਦੇਖਣ ਵਾਲੇ ਦੇ ਨੈਣਾਂ ਵਿਚ ਸਰਸਰਾਹਟ ਪੈਦਾ ਕਰੇਗੀ। ਤੁਹਾਡੀ ਦਿੱਖ ਵਿਚੋਂ ਹੀ ਤੁਹਾਡਾ ਦ੍ਰਿਸ਼ਟੀਕੋਣ ਅਤੇ ਦਿੱਭ-ਦ੍ਰਿਸ਼ਟੀ ਦਾ ਝਲਕਾਰਾ ਨਜ਼ਰ ਆਉਂਦਾ। ਤੁਸੀਂ ਇਸ ਨੂੰ ਕਿਹੜੇ ਰੰਗ ਵਿਚ ਰੰਗਣਾ, ਇਹ ਤੁਹਾਡੀ ਮੁਰਾਦ, ਨੇਕ-ਨੀਅਤੀ ਜਾਂ ਨੀਤ ‘ਤੇ ਨਿਰਭਰ।
ਬਿਨ-ਪੱਤਰੀਆਂ ਜੂਹਾਂ ਵਿਚ ਕਦੇ ਬਲਦਾਂ ਦੀਆਂ ਟੱਲੀਆਂ, ਰਾਹੀਆਂ ਦੀ ਅਵਾਰਗੀ, ਰਮਤੇ ਜੋਗੀਆਂ ਦੀਆਂ ਧੂਣੀਆਂ ਜਾਂ ਵਾਗੀਆਂ ਦੀਆਂ ਹੇਕਾਂ ਨਹੀਂ ਗੂੰਜਦੀਆਂ, ਸਗੋਂ ਇਸ ਵਿਚ ਹੁੰਦਾ ਏ ਚੁੱਪ ਦਾ ਵਾਸਾ, ਜੋਗੀ ਦੇ ਕਾਸੇ ਵਿਚ ਹਾਵੇ, ਹਿਚਕੀਆਂ ਅਤੇ ਔਂਸੀਆਂ ਦਾ ਜਮਘਟਾ। ਅਜਿਹੀਆਂ ਜੂਹਾਂ ਨੂੰ ਆਪਣੇ ਤੀਕ ਹੀ ਸਿਮਟੇ ਰਹਿਣ ਦਾ ਸਰਾਪ ਅਤੇ ਇਸ ‘ਚੋਂ ਪਨਪਦਾ ਬੰਦੇ ਦੀ ਖੁਦੀ ਕਾਰਨ ਉਪਜਿਆ ਪਾਪ।
ਬਿਨ-ਪੱਤਰੀ ਪੀੜ ਨੂੰ ਕੀ ਨਾਂ ਦੇਵੋਗੇ, ਸਿਰਨਾਵਾਂ ਕੀ ਹੋਵੇਗਾ, ਕਿੰਜ ਹਾਕ ਮਾਰੋਗੇ ਅਤੇ ਇਸ ਦੇ ਮਰਜ਼ ਦੀ ਦਵਾ ਕੌਣ ਬਣੇਗਾ? ਇਸ ਦੀਆਂ ਅਲਾਮਤਾਂ ਦੀ ਜਾਣਕਾਰੀ ਵਿਚੋਂ, ਕਿਸ ਤਰ੍ਹਾਂ ਦੀ ਤਾਸੀਰ ਅਤੇ ਤਕਦੀਰ ਦੀ ਸਿਰਜਣਾ ਹੋਵੇਗੀ? ਕੌਣ ਇਸ ਦੇ ਇਲਾਜ ਲਈ ਤਿਲ ਤਿਲ ਮਰੇਗਾ? ਕਿਉਂਕਿ ਪੀੜ-ਪ੍ਰਾਹੁਣੀ ਨੂੰ ਜਾਂ ਤਾਂ ਅਪਨਾਉਣਾ ਪੈਂਦਾ ਜਾਂ ਇਸ ਦੀ ਸ਼ਰਨ ਵਿਚ ਜਾ ਕੇ ਇਸ ਨੂੰ ਜੀਣਾ ਪੈਂਦਾ। ਇਸ ਵਿਚੋਂ ਹੀ ਅਸੀਂ ਸੁਖਨ-ਸਿਰਜਣਾ ਦੇ ਮਾਰਗ ਦੀ ਨਿਸ਼ਾਨਦੇਹੀ ਕਰਦੇ ਹਾਂ।
ਬਿਨ-ਪੱਤਰੇ ਬੋਲ ਸਦਾ ਹੀ ਰੁੱਖੇ, ਰਹਿੰਦੇ ਰੁੱਠੇ, ਪੈਂਦੇ ਪੁੱਠੇ ਪਰ ਕਦੇ ਨਾ ਤਰੁੱਠੇ। ਬਿਨ ਪੱਤਰੇ ਬਿਰਖ, ਹਰਫਾਂ ਸੰਗ ਦੁੱਖ ਫਰੋਲਦੇ ਸ਼ਬਦ-ਸੁਰ ਬਣਦੇ,
ਬਿਨ ਪੱਤਰੀ ਡਾਲੀ ਦਾ ਹਉਕਾ
ਬਿਰਖ ਦੇ ਨੈਣੀਂ ਦੇਖ
ਬਰਫਾਂ ਵਰਗੀ ਹਿੱਕ ‘ਚ ਉਗਿਆ
ਭਾਫਾਂ ਵਰਗਾ ਸੇਕ।

ਲਗਰ ਦੀ ਕੁੱਖ ‘ਚ ਜੰਮਿਆ ਹੌਕਾ
ਹੰਝੂ ਹੰਝੂ ਹੋਇਆ
ਜਿਸ ਦੇ ਖਾਰੇਪਣ ‘ਚ ਖੁਰ ਕੇ
ਇਕ ਪੁੰਗਾਰਾ ਮੋਇਆ।

ਏਸ ਬਿਰਖ ਦੀ ਟੀਸੀ ਲਟਕੇਂਦਾ
ਆਲ੍ਹਣਾ ਹੋਇਆ ਤੀਲੇ
ਵਿਰਦ ਕਰੇਂਦੇ ਪੰਛੀ ਨੇ ਸੀ
ਕੀਤੇ ਬਹੁਤ ਵਸੀਲੇ।

ਏਸ ਬਿਰਖ ਦੀ ਟਾਹਣੀ
ਕੀਕਣ ਡੋਡੀਆਂ ਬਹਿਣ
ਜਦ ਪੀੜਾਂ ਦੇ ‘ਵਾ-ਵਰੋਲੇ
ਹਰ ਪਲ ਸਾਹੀਂ ਖਹਿਣ।

ਮਾਰੂਥਲ ਵਰਗੀ ਜੂਹ ਕਿਸ ਨੇ
ਮੱਥੇ ‘ਤੇ ਚਿਪਕਾਈ
ਨਾ ਪੱਤਿਆਂ ਦੀ ਖੜ ਖੜ ਸੁਣਦੀ
ਨਾ ਗਾਉਂਦੀ ਪੁਰਵਾਈ।

ਏਸ ਬਿਰਖ ਦੇ ਹਿੱਸੇ ਆਈ
ਕੇਹੀ ਬੇਵਕਤੀ ਮਾਰ
ਆਖਰ ਨੂੰ ਤਾਂ ਲੈਣੀ ਪੈਣੀ
ਸਮੇਂ ਨੂੰ ਇਸ ਦੀ ਸਾਰ।

ਕੋਈ ਕਦੇ ਬੇਅਰਥਾ ਨਹੀਂ ਹੁੰਦਾ
ਰਹਿਮਤੀਂ ਸਭ ਵਰਸੋਏ
ਨਿਰਭਰ ਕਰਦਾ ਕਿ ਕਿਹੜੇ ਵੇਲੇ
ਕਿਥੇ ਉਗ ਖਲੋਏ।

ਆ ਵਕਤਾ! ਬਿਰਖ ਵਿਹੜੇ ਜਾਈਏ
ਤੇ ਬਗਲਗੀਰ ਹੋ ਜਾਈਏ
ਤੇ ਸੱਚੀ ਸੁੱਚੀ ਪਿਉਂਦ ਆਸ ਦੀ
ਖੜਸੁੱਕ ਪਿੰਡੇ ਲਾਈਏ।

ਰੁੱਤ ਬਦਲੀ ਤਾਂ ਏਸ ਬਿਰਖ
ਜਾਂ ਆਪਣਾ ਰੂਪ ਵਟਾਇਆ
ਤਾਂ ਸਭ ਨੇ ਢੁੱਕ ਢੁੱਕ ਕੋਲ ਬਹਿਣਾ
ਬਣ ਇਸ ਦਾ ਹਮਸਾਇਆ।
ਬਿਨ-ਪੱਤਰੇ ਬਿਰਖ ਦਾ ਪ੍ਰਛਾਵਾਂ ਤਾਂ ਨਹੀਂ ਹੁੰਦਾ, ਪਰ ਬਹੁਤ ਸਾਰੇ ਅੰਤਰੀਵੀ ਪ੍ਰਛਾਵੇਂ ਇਸ ਦੀ ਸੋਚ ਵਿਚ ਹੁੰਦੇ। ਜਿਵੇਂ,
ਸੋਚ-ਸੁਗੰਧ ਦਾ ਇਕ ਪ੍ਰਛਾਵਾਂ
ਸਦਾ ਨਾਲ ਹੀ ਰਹਿੰਦਾ
ਬਹੁਤ ਕੁਝ ਸੁਣੇ ਤੇ ਦੇਖੇ
ਅਣਕਿਹਾ ਬਹੁਤ ਕਹਿੰਦਾ
ਪੀੜਾਂ ਮੱਲੇ ਰਾਹਾਂ ਉਤੇ
ਹਰਦਮ ਤਲਖੀਆਂ ਸਹਿੰਦਾ
ਪਰ ਕਦੇ ਨਾ ਸਾਥ ਛੋੜਦਾ
ਸਦਾ ਪੈਰਾਂ ਵਿਚ ਬਹਿੰਦਾ
ਇਕ ਪ੍ਰਛਾਵਾਂ ਪਿਛੇ ਰਹਿ ਜੇ
ਇਕ ਨਾਲ ਹੀ ਰਹਿੰਦਾ
ਇਕ ਤਾਂ ਮਨ ਦੀ ਬੀਹੀ ਮੌਲੇ
ਇਕ ਰੂਹ ਵਸੇਂਦਾ
ਇਕ ਰਾਹਾਂ ਦੀ ਧੂੜ ਬਣੇਂਦਾ
ਇਕ ਮੰਜ਼ਿ.ਲ ਦਾ ਸਿਰਨਾਵਾਂ
ਇਕ ਤਾਂ ਇਕਪਾਸੜ ਹੁੰਦੇ
ਇਹ ਮੱਲਦਾ ਚਾਰ ਦਿਸ਼ਾਵਾਂ
ਪਰ ਕੁਝ ਬਿਨ-ਪੱਤਰੇ ਬਿਰਖ, ਬਿਨ-ਪੱਤਰੇ ਹੋ ਕੇ ਵੀ ਬਿਨ-ਪੱਤਰੇ ਨਹੀਂ ਹੁੰਦੇ। ਉਨ੍ਹਾਂ ਦੇ ਅੰਤਰੀਵ ਵਿਚ ਬਹੁਤ ਕੁਝ ਮੌਲਦਾ। ਉਨ੍ਹਾਂ ਦੀਆਂ ਸੋਚ-ਲਗਰਾਂ ਫੁੱਟਣ ਲਈ ਕਾਹਲੀਆਂ। ਉਨ੍ਹਾਂ ਦੀ ਕਰਮ-ਸ਼ੈਲੀ ਵਿਚ ਡੋਡੀਆਂ ਦਾ ਉਭਾਰ ਅਤੇ ਉਨ੍ਹਾਂ ਦੇ ਹਿਰਦੇ ਵਿਚ ਸੁੱਚੀਆਂ ਸੋਚਾਂ ਅਤੇ ਸ਼ੁਭ-ਕਰਮਨ ਦੇ ਸੂਹੇ ਫੁੱਲ ਖਿੜਨ ਲਈ ਕਾਹਲੇ; ਉਨ੍ਹਾਂ ‘ਚ ਸਮਾਈ ਹੁੰਦੀ ਸੁਗੰਧੀ, ਜੋ ਆਲੇ-ਦੁਆਲੇ ਨੂੰ ਆਪਣੀ ਮਹਿਕ ਨਾਲ ਲਬਰੇਜ਼ ਕਰਨ ਲਈ ਤਤਪਰ।
ਅਜਿਹੇ ਬਿਨ-ਪੱਤਰੇ ਬਿਰਖ ਬਹੁਤ ਕੁਝ ਮਨੁੱਖ ਦੀ ਸੋਚ-ਜੂਹ ਵਿਚ ਧਰਦੇ, ਜੋ ਮੁਸ਼ਕਿਲਾਂ ਅਤੇ ਔਕੜਾਂ ਵਿਚ ਘਿਰਿਆਂ ਕਈ ਵਾਰ ਹੀਣੇ, ਨਿਥਾਵੇਂ ਤੇ ਅਰਥਹੀਣ ਸਮਝਣ ਦੀ ਭੁੱਲ ਕਰਦੇ। ਉਨ੍ਹਾਂ ਦੇ ਅੰਦਰਲੇ ਹੌਸਲੇ, ਹਿੰਮਤ ਅਤੇ ਸਿਰੜ ਨੇ ਨਵੇਂ ਦਿਸਹੱਦਿਆਂ ਦਾ ਸਿਰਨਾਵਾਂ ਹੀ ਤਾਂ ਬਣਨਾ ਹੁੰਦਾ। ਸਿਰਫ ਖੁਦ ਦੇ ਰੂਬਰੂ ਹੋਣ ਅਤੇ ਆਪੇ ਨੂੰ ਜਗਾਉਣ ਦੀ ਲੋੜ। ਜਦ ਕੋਈ ਜਾਗਦਾ ਤਾਂ ਉਸ ਲਈ ਪੱਤਝੜ ਦੇ ਅਰਥ, ਬਹਾਰਾਂ ਦਾ ਸੱਦਾ ਹੁੰਦਾ। ਔੜਾਂ ਵੀ ਅਰਥਹੀਣ ਹੁੰਦੀਆਂ, ਕਿਉਂਕਿ ਵਿਚਾਰਾਂ ਦੀ ਬਾਰਸ਼ ਨਾਲ ਜਦ ਜੀਵਨ-ਰਾਹਾਂ ਦਾ ਧੁੰਦਲਕਾ ਮਿਟਦਾ ਤਾਂ ਨਵੀਆਂ ਪੈੜਾਂ, ਖੁਦ-ਬ-ਖੁਦ ਉਸ ਦੇ ਪੈਰਾਂ ਦੇ ਨਾਮ ਹੁੰਦੀਆਂ।
ਬਿਨ-ਪੱਤਰੇ ਸਿਰਫ ਉਹ ਹੀ ਹੁੰਦੇ, ਜੋ ਆਪਣੀ ਸਮਰੱਥਾ, ਤਾਕਤ ਅਤੇ ਹਿੰਮਤ ਨੂੰ ਆਪਣਾ ਯਾਰ ਬਣਾਉਣ ਤੋਂ ਤ੍ਰਹਿੰਦੇ। ਆਪਣੀ ਕਮੀ ‘ਤੇ ਝੂਰਦੇ ਪਰ ਕਮਜੋਰੀ ਨੂੰ ਤਾਕਤ ਬਣਾਉਣ ਤੋਂ ਡਰਦੇ। ਅਜਿਹੇ ਲੋਕਾਂ ਦਾ ਸਮੁੱਚਾ ਜੀਵਨ ਹੀ ਬੇਥਵਾ ਅਤੇ ਬਿਨ-ਮਕਸਦ। ਉਹ ਖੁਦ ਨੂੰ ਤਰਾਸ਼, ਆਪਣੇ ਨਿਵੇਕਲੇ ਅਤੇ ਨਰੋਏ ਰੂਪ ਤੋਂ ਬਿਲਕੁਲ ਕੋਰੇ। ਲੋੜ ਹੈ, ਅੰਦਰ ਦੀਆਂ ਸੁੱਤੀਆਂ ਕਲਾਂ ਜਗਾਉਣ ਦੀ। ਆਪਣੀਆਂ ਉਮੀਦਾਂ ਨੂੰ ਜਾਗ ਲਾਉਣ ਦੀ। ਆਪਣੀ ਸੋਝੀ ਤੇ ਸਿਆਣਪ ਨੂੰ ਚੁਣੌਤੀਆਂ ਦੇ ਹਾਣ ਦਾ ਕਰ, ਨਵੀਆਂ ਪਗਡੰਡੀਆਂ ਦਾ ਰਾਹ ਮੋਕਲਾ ਕਰਨ ਦੀ।
ਬਿਨ-ਪੱਤਰੀ ਪੁਸਤਕ ਨੂੰ ਕਦੇ ਫਰੋਲਣ ਦਾ ਹੀਆ ਤਾਂ ਕਰਨਾ, ਤੁਹਾਨੂੰ ਆਪਣੇ ਜੀਵਨ ਦਾ ਹਰ ਕਦਮ ਹੀ ਵਰਕੇ ‘ਚੋਂ ਨਜ਼ਰ ਆਵੇਗਾ ਜਿਸ ਦੀ ਇਬਾਰਤ ਵਿਚੋਂ ਹੀ ਨਵੀਆਂ ਸੋਆਂ, ਸੂਹਾਂ ਅਤੇ ਸਾਧਨਾ ਨੂੰ ਸਮਰਥਾ ਬਣਾਉਣਾ ਅਤੇ ਨਵੇਂ ਅਰਥ ਪੈਦਾ ਕਰਨੇ ਹੁੰਦੇ। ਅਰਥ ਜੋ ਬਿਨ-ਪੱਤਰੀਆਂ ਪੁਸਤਕਾਂ ਵਿਚ ਆਪਣੀ ਹੋਂਦ ਨੂੰ ਪ੍ਰਗਟਾਉਣ ਲਈ ਕਾਹਲੇ ਹੁੰਦੇ।
ਬਿਨ-ਪੱਤਰੀਆਂ ਕਿਤਾਬਾਂ ਸਭ ਤੋਂ ਅਨਮੋਲ ਕਿਉਂਕਿ ਇਹ ਕਿਤਾਬਾਂ ਕਲਮ ਨਾਲ ਵਰਕਿਆਂ ‘ਤੇ ਨਹੀਂ ਲਿਖੀਆਂ ਜਾਂਦੀਆਂ, ਸਗੋਂ ਇਹ ਤਾਂ ਰੂਹਾਂ ‘ਤੇ ਖੁਣੀਆਂ ਜਾਂਦੀਆਂ। ਇਨ੍ਹਾਂ ਦੀ ਇਬਾਰਤ, ਇਬਾਦਤ ਹੁੰਦੀ, ਆਪਣੇ ਆਪੇ ਦੀ। ਇਸ ਵਿਚੋਂ ਹੀ ਇਕ ਨਵੇਂ ਮਨੁੱਖ ਦੀ ਪੁਨਰ ਸਿਰਜਣਾ ਹੁੰਦੀ, ਜਿਸ ਲਈ ਹਰ ਮਨੁੱਖ ਤਤਪਰ ਏ, ਪਰ ਇਨ੍ਹਾਂ ਬਿਨ-ਪੱਤਰੀਆਂ ਪੁਸਤਕਾਂ ਨੂੰ ਪੜ੍ਹਨ, ਸਮਝਣ ਅਤੇ ਇਸ ਅਨੁਸਾਰ ਆਪਾ ਢਾਲਣ ਦੀ ਜਾਚ ਬਹੁਤ ਵਿਰਲਿਆਂ ਨੂੰ। ਲੋੜ ਹੈ, ਇਨ੍ਹਾਂ ਵਿਰਲਿਆਂ ਵਿਚੋਂ ਵਿਰਲਾ ਬਣਨ ਦੀ ਜਾਚ, ਮਨੁੱਖ ਦਾ ਹਾਸਲ ਹੋਵੇ।
ਬਿਨ-ਪੱਤਰੇ ਬਿਰਖਾਂ ਦੀ ਛਾਂਵੇਂ ਕੋਈ ਨਹੀਂ ਬਹਿੰਦਾ ਅਤੇ ਨਾ ਹੀ ਕੋਈ ਰਾਹੀ ਉਨ੍ਹਾਂ ਹੇਠ ਬੈਠ ਕੇ ਕੁਝ ਪਲ ਸੁਸਤਾਉਂਦਾ। ਉਨ੍ਹਾਂ ‘ਤੇ ਪੰਛੀ ਵੀ ਆਲ੍ਹਣੇ ਪਾਉਣ ਤੋਂ ਕੰਨੀਂ ਕਤਰਾਉਂਦੇ। ਕਦੇ ਇਨ੍ਹਾਂ ਬਿਨ-ਪੱਤਰੇ ਬਿਰਖਾਂ ਦੇ ਗਲ ਲੱਗ ਕੇ ਇਨ੍ਹਾਂ ਦੇ ਦਰਦ ਦੀ ਥਾਹ ਪਾਉਣਾ, ਇਨ੍ਹਾਂ ਦੀਆਂ ਆਹਾਂ ਅਤੇ ਲੇਰਾਂ ਨੂੰ ਆਪਣੇ ਬੋਲਾਂ ਜਾਂ ਸ਼ਬਦਾਂ ਵਿਚ ਸਮਾਉਣਾ, ਇਨ੍ਹਾਂ ਦੀ ਤ੍ਰਾਸਦੀ ਨੂੰ ਵਕਤ-ਵਰਕਿਆਂ ਦੇ ਨਾਮ ਲਾਉਣਾ, ਸ਼ਾਇਦ ਬਿਨ-ਪੱਤਰੇ ਬਿਰਖਾਂ ਨੂੰ ਵੀ ਬਹਾਰ ਦਾ ਲਿਬਾਸ ਪਾਉਣ ਅਤੇ ਹਰਿਆਲੇ ਰੰਗਾਂ ਦੀ ਸੰਗਤ ਮਨਾਉਣ ਦਾ ਮੌਕਾ ਨਸੀਬ ਹੋਵੇ। ਇਸ ਲਈ ਤੁਹਾਡਾ ਸਬੱਬ, ਸਮਿਆਂ ਦਾ ਹਾਸਲ ਹੋਵੇਗਾ।
ਬਿਨ-ਪੱਤਰੇ ਬਿਰਖਾਂ ਵਰਗੇ ਕੁਝ ਲੋਕ ਵੀ ਹੁੰਦੇ, ਜਿਨ੍ਹਾਂ ਦੇ ਰਾਹਾਂ ਵਿਚ ਕੰਡਿਆਂ ਦੀ ਵਿਛਾਈ, ਦੀਦਿਆਂ ਵਿਚ ਤਿੜਕੇ ਸੁਪਨਿਆਂ ਦਾ ਰੁਦਨ ਅਤੇ ਉਨ੍ਹਾਂ ਦੀ ਉਦਾਸੀ ਵਿਚ ਸਮਿਆਂ ਦੀ ਬੇਗਾਨਗੀ ਅਤੇ ਵੈਰਾਨਗੀ ਦਾ ਪਹਿਰਾ। ਕਦੇ ਉਨ੍ਹਾਂ ਦੇ ਨੈਣਾਂ ਵਿਚ ਵਸਦੀ ਆਸ ਦੀ ਲਿਲਕੜੀ ਦਾ ਹੁੰਗਾਰਾ ਭਰਨਾ। ਉਨ੍ਹਾਂ ਦੀਆਂ ਸੋਚਾਂ ਵਿਚ ਆਪੇ ਨੂੰ ਗਲਤਾਨ ਕਰਨਾ, ਤੁਹਾਨੂੰ ਕਿਸੇ ਦੇ ਗਮ ਵਿਚ ਗਮ ਬਣਨ ਦਾ ਮੌਕਾ ਮਿਲੇਗਾ। ਇਸ ਦਰਦ ਵਿਚੋਂ ਉਭਰਨ ਲੱਗਿਆਂ, ਉਨ੍ਹਾਂ ਦੀ ਪੀੜਾ ਦਾ ਜਦ ਅਹਿਸਾਸ ਹੋਵੇਗਾ ਤਾਂ ਤੁਹਾਡੀ ਸੋਚ ਵਿਚ ਬਿਨ-ਪੱਤਰੇ ਬਿਰਖ ਵਰਗੇ ਲੋਕਾਂ ਦੇ ਕਸ਼ਟ ਨਿਹਾਰਨ, ਨਿਵਾਰਨ ਅਤੇ ਇਨ੍ਹਾਂ ਦੀਆਂ ਮੰਜ਼ਿਲਾਂ ਦੇ ਰਾਹਾਂ ਨੂੰ ਮੋਕਲਾ ਕਰਨ ਦਾ ਹੀਆ ਜਰੂਰ ਪੈਦਾ ਹੋਵੇਗਾ।
ਬਿਨ-ਪੱਤਰੇ ਬਿਰਖਾਂ ਜਿਹੇ ਦਰਿਆਵਾਂ ਦੇ ਦਰਦ ਵਿਚ ਦਰਦ ਬਣਨ ਦਾ ਵੱਲ ਮਨੁੱਖ ਨੂੰ ਆ ਜਾਵੇ ਤਾਂ ਦਰਿਆ ਕਦੇ ਵੀ ਬਰੇਤਾ ਨਾ ਬਣਨ। ਨਾ ਹੀ ਇਨ੍ਹਾਂ ਦੀ ਹੋਂਦ ਨੂੰ ਮਿਟਾਉਣ ਵਾਲੀ ਮਨੁੱਖੀ ਭਾਵਨਾ ਨੂੰ ਆਪਣੀ ਸ਼ਰਮਿੰਦਗੀ ਦਾ ਅਹਿਸਾਸ ਕਰਵਾਉਣਾ ਪਵੇ। ਜੀਵਨ ਜਿਹੇ ਦਰਿਆਵਾਂ ਦੀ ਵੇਦਨਾ ਨਾਲ ਕਦੇ ਆਪਣੀ ਜ਼ਮੀਰ ਨੂੰ ਸਿੰਜਣਾ, ਸੰਵੇਦਨਾ ਵਿਚ ਨਵੀਆਂ ਸੋਚਾਂ ਅਤੇ ਸੁਪਨਿਆਂ ਦੀ ਨਗਰੀ ਨਜ਼ਰ ਆਵੇਗੀ, ਜਿਸ ਵਿਚ ਮਨੁੱਖ ਨੂੰ ਜਿਉਂਦੇ ਹੋਣ ਅਤੇ ਕਿਸੇ ਲਈ ਹੌਕਾ ਬਣਨ ਦਾ ਸ਼ਰਫ ਤਾਂ ਹਾਸਲ ਹੋਵੇ।
ਬਿਨ-ਪੱਤਰੇ ਜੰਗਲਾਂ ਵਿਚ ਕਾਇਨਾਤ ਨਹੀਂ ਵੱਸਦੀ। ਨਾਸ਼ ਹੋ ਜਾਂਦਾ ਏ ਕੁਦਰਤੀ ਜੀਵਾਂ ਦਾ ਅਤੇ ਕੁਦਰਤੀ ਸੰਤੁਲਨ ਤੋਂ ਬਿਨਾ ‘ਬਲਿਹਾਰੀ ਕੁਦਰਤਿ ਵੱਸਿਆ’ ਦੇ ਅਰਥ ਕੀ ਰਹਿ ਜਾਣਗੇ? ਬਿਨ-ਪੱਤਰੇ ਜੰਗਲਾਂ ਕਾਰਨ ਹੀ ਮਾਰੂਥਲਾਂ ਦਾ ਪਸਾਰ ਹੁੰਦਾ ਅਤੇ ਇਸ ਵਿਚ ਉਗਦੀ ਮਾਰੂਥਲੀ ਸੋਚ ਨੇ ਮਨੁੱਖ ਨੂੰ ਮਾਰੂਥਲ ਜਿਹਾ ਬਣਨ ਵਿਚ ਕੋਈ ਕਸਰ ਨਹੀਂ ਛੱਡੀ। ਉਜਾੜੇ ਜਾ ਰਹੇ ਜੰਗਲ, ਜੰਗਲੀ ਜੀਵਾਂ ਦੀ ਨਸਲਕੁਸ਼ੀ, ਜੰਗਲਾਂ ਵਿਚ ਲਗਦੀਆਂ ਅੱਗਾਂ ਅਤੇ ਇਨ੍ਹਾਂ ਵਿਚ ਸਦਾ ਲਈ ਗੁੰਮ ਗਈਆਂ ਜੰਗਲੀ ਜਾਨਵਰਾਂ ਅਤੇ ਪਰਿੰਦਿਆਂ ਦੀਆਂ ਚੀਖਾਂ ਦਾ ਜਵਾਬ ਕੌਣ ਦੇਵੇਗਾ? ਆਲ੍ਹਣਿਆਂ ਵਿਚ ਮਰ ਗਏ ਬੋਟਾਂ ਅਤੇ ਉਨ੍ਹਾਂ ਦੇ ਮਾਸੂਮ ਖੰਭਾਂ ਵਿਚ ਸਦਾ ਲਈ ਸਿਵਾ ਬਣ ਗਈ ਪਰਵਾਜ਼ ਨੂੰ ਕਿੰਜ ਮੁਖਾਤਬ ਹੋਵੇਗਾ ਮਨੁੱਖ? ਇਹ ਮਨੁੱਖੀ ਫਿਤਰਤ ‘ਤੇ ਬਹੁਤ ਵੱਡਾ ਸਵਾਲ। ਇਸ ਦਾ ਜਵਾਬ ਲੱਭਣਾ। ਮਨੁੱਖੀ ਕਮੀਨਗੀ ਨੂੰ ਚੰਗਿਆਈ ਤੇ ਬੰਦਿਆਈ ਦਾ ਮਾਣ ਬਣਾਉਣ ਦਾ ਜਿੰਮਾ ਕੌਣ ਚੁਕੇਗਾ? ਇਹ ਤਾਂ ਮਨੁੱਖ ਨੂੰ ਹੀ ਸੋਚਣਾ ਪੈਣਾ ਜੇ ਉਸ ਦੀ ਸੁੱਤੀ ਚੇਤਨਾ ਦੀ ਕਦੇ ਅੱਖ ਖੁੱਲ੍ਹ ਜਾਵੇ, ਪਰ ਅਜੋਕੇ ਹਾਲਾਤ ਵਿਚ ਇਸ ਦੀ ਆਸ ਨਹੀਂ ਜਾਪਦੀ।
ਬਿਨ-ਪੱਤਰੇ ਬਿਰਖਾਂ, ਜੂਹਾਂ, ਰਾਹਾਂ ਤੇ ਮਨੁੱਖਾਂ ਦੀ ਕਦੇ ਕਦਾਈਂ ਸਾਰ ਲੈਂਦੇ ਰਹੋ, ਕਿਉਂਕਿ ਉਜੜੇ ਖੂਹਾਂ ਦੇ ਪਾਣੀ ਔਂਤਰ ਜਾਂਦੇ। ਰਾਹਾਂ ਵਿਚ ਪਸਰ ਜਾਂਦੀ ਏ ਸੁੰਨ, ਜਿਸ ਵਿਚ ਪੁੰਗਰਦੀ ਏ ਕਬਰਾਂ ਜਿਹੀ ਖਾਮੋਸ਼ੀ। ਮਨੁੱਖ ਸਿਰਫ ਇਕ ਤਾਬੂਤ। ਭਾਵਨਾਵਾਂ ਵਿਚ ਸਦਾ ਲਈ ਧਰਿਆ ਜਾਂਦਾ ਹਉਕਾ। ਜੇ ਇਨ੍ਹਾਂ ਨੂੰ ਮਿਲਦੇ ਰਹੀਏ, ਇਨ੍ਹਾਂ ਦੀ ਖੈਰ-ਸੁੱਖ ਮੰਗਦੇ ਰਹੀਏ ਤਾਂ ਇਹ ਜਿਉਂਦੇ ਰਹਿੰਦੇ ਅਤੇ ਇਨ੍ਹਾਂ ਦਾ ਜਿਉਣਾ ਹੀ ਮਨੁੱਖ ਦਾ ਜਿਉਣਾ। ਮਨੁੱਖ ਨੂੰ ਆਪਣੇ ਜਿਉਣ ਲਈ ਇਨ੍ਹਾਂ ਸੰਗ ਗੁਫਤਗੂ ਕਰਨੀ ਪੈਣੀ। ਇਹ ਗੁਫਤਗੂ ਜਦ ਕਿਸੇ ਵਿਅਕਤੀ ਦਾ ਹਾਸਲ ਬਣ ਗਈ ਤਾਂ ਕਾਇਨਾਤ ਵਿਚ ਅਨਾਦੀ ਧੁਨ ਗੁਣਗੁਣਾਏਗੀ।
ਬਿਨ-ਪੱਤਰੇ ਬਿਰਖ ਕਦੇ ਵੀ ਫਾਲਤੂ ਜਾਂ ਅਰਥਹੀਣ ਨਹੀਂ ਹੁੰਦੇ। ਇਹ ਤਾਂ ਸਮੁੱਚ ਵਿਚ ਮਨੁੱਖ ਨੂੰ ਅਰਪਿਤ। ਕਦੇ ਇਸ ਦੇ ਸਮਰਪਣ ਅਤੇ ਅਰਪਣ ਜਿਹੀ ਸੋਚ ਮਨੁੱਖ ਦਾ ਨਸੀਬ ਬਣ ਜਾਵੇ ਤਾਂ ਮਨੁੱਖ, ਇਨਸਾਨੀਅਤ ਦੇ ਰਾਹ ਦਾ ਮਾਰਗੀ ਬਣ ਜਾਵੇਗਾ।
ਬਿਨ-ਪੱਤਰੇ ਬਿਰਖ ਦੀਆਂ ਟਾਹਣੀਆਂ ਨੂੰ ਹਵਾਵਾਂ ਸੰਗ ਸੰਵਾਦ ਰਚਾਉਂਦੇ ਦੇਖਣਾ, ਉਨ੍ਹਾਂ ਦੇ ਹਿਲੋਰਿਆਂ ਵਿਚ ਸਿਰਜੀ ਜਾਂਦੀ ਕਲਪਿੱਤ ਕਲਾ-ਕਿਰਤ ਨੂੰ ਨਿਹਾਰਨਾ, ਸੁੱਕੀਆਂ ਟਾਹਣੀਆਂ ਦੀ ਤਣੇ ਨਾਲ ਪਕੇਰੀ ਸਾਂਝ ਨੂੰ ਸੋਚ ਵਿਚ ਉਪਜਾਉਣਾ ਅਤੇ ਇਨ੍ਹਾਂ ਦੇ ਤਿੱੜਕਣ ‘ਤੇ ਬਿਰਖ ਦੇ ਨੈਣਾਂ ਵਿਚ ਉਤਰੀ ਸਿੱਲ ਨੂੰ ਕਿਆਸਣਾ, ਤੁਹਾਨੂੰ ਕਿਸੇ ਨਾਲੋਂ ਵਿਛੜਨ ਅਤੇ ਵਿਯੋਗ ਦਾ ਡੂੰਘਾ ਅਹਿਸਾਸ ਹੋਵੇਗਾ।
ਬਿਨ-ਪੱਤਰੇ ਬਿਰਖ ਦੀ ਕੋਈ ਨਹੀਂ ਪਰਦਾਦਾਰੀ। ਆਪਣੀ ਅਸਲੀਅਤ ਵਿਚ ਹਾਜਰ ਨਾਜ਼ਰ। ਨਹੀਂ ਕੋਈ ਓਹਲਾ। ਮਨੁੱਖ ਕਦੇ ਤਾਂ ਇਸ ਬਿਨ-ਪੱਤਰੇ ਬਿਰਖ ਤੋਂ ਕੁਝ ਸਿੱਖਣ ਦਾ ਹੀਆ ਕਰੇ ਤਾਂ ਉਸ ਨੂੰ ਝੂਠ ਬੋਲਣ ਅਤੇ ਆਪਣੇ ਆਪ ਨੂੰ ਖੁਦ ਤੋਂ ਛੁਪਾਉਣ ਲਈ ਮੁਖੌਟੇ ਪਹਿਨਣ ਅਤੇ ਪਰਤਾਂ ਵਿਚ ਜਿਉਣ ਦੀ ਨੌਬਤ ਨਹੀਂ ਆਵੇਗੀ।