ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜੋ ਵਿਦਵਾਨ ਕਹਿੰਦੇ ਹਨ ਕਿ ਅਧਿਆਤਮਵਾਦੀ ਫਲਸਫੇ ਤੇ ਧਰਮ ਦਾ ਸਰੋਕਾਰ ਸਰੋਤ ਨਾਲ ਹੈ ਤੇ ਵਿਗਿਆਨ ਦਾ ਮੁੱਢ ਨਾਲ ਹੈ, ਉਹ ਪੁਰਾਣੇ ਮਕਾਨਕੀ ਵਰਗੀਕਰਣ ਦੇ ਤਾਣੇ-ਬਾਣੇ ਵਿਚ ਫਸੇ ਹੋਏ ਹਨ। ਮੂਲ ਰੂਪ ਵਿਚ ਨਾ ਧਰਮ ਤੇ ਅਧਿਆਤਮਵਾਦੀ ਫਲਸਫਾ ਗਿਆਨ ਦੀ ਕੋਈ ਵੱਖਰੀ ਸ਼੍ਰੇਣੀ ਹੈ ਤੇ ਨਾ ਹੀ ਇਨ੍ਹਾਂ ਦਾ ਵਿਗਿਆਨ ਤੋਂ ਕੋਈ ਵੱਖਰਾ ਸਰੋਕਾਰ ਹੈ। ਇਹ ਮਨ ਆਇਆ ਵਰਗੀਕਰਣ ਹੈ, ਜੋ ਗਿਆਨ ਦੇ ਸਭ ਰਸਤਿਆਂ ਨੂੰ ਵੱਖ ਵੱਖ ਚਿਤਵ ਕੇ ਚਲਦਾ ਹੈ ਤੇ ਉਨ੍ਹਾਂ ਨੂੰ ਵਿਰੋਧ-ਵਿਕਾਸੀ ਪਰਿਪੇਖ ਵਿਚ ਨਹੀਂ ਦੇਖਦਾ। ਜੋ ਵਰਗੀਕਰਣ, ਵਿਚਾਰ ਜਾਂ ਫਲਸਫਾ ਸਮੇਂ ਦੇ ਹਾਣ ਦਾ ਹੋ ਕੇ ਨਹੀਂ ਚਲਦਾ, ਉਹ ਗਿਆਨ ਦੀ ਪੌੜੀ ਨਹੀਂ ਬਣਦਾ।
ਗੱਲ ਨੂੰ ਸਿੱਧਾ ਕਰਨ ਲਈ ਦੱਸਣਾ ਬਣਦਾ ਹੈ ਕਿ ਸੰਸਾਰ ਵਿਚ ਗਿਆਨ ਸਿਰਫ ਇਕੋ ਹੈ, ਜਿਸ ਦੀ ਸਭ ਨੂੰ ਤਾਂਘ ਹੈ। ਉਹ ਹੈ, ਮਨੁੱਖ ਤੇ ਉਸ ਦੇ ਚੌਗਿਰਦੇ ਦਾ ਗਿਆਨ। ਮਨੁੱਖਤਾ ਦੇ ਇਤਿਹਾਸ ਵਿਚ ਇਸ ਗਿਆਨ ਦੀਆਂ ਦੋ ਧਾਰਾਵਾਂ ਸਾਹਮਣੇ ਆਈਆਂ ਹਨ-ਪਹਿਲੀ, ਮਨੁੱਖ ਤੇ ਉਸ ਦੇ ਚੌਗਿਰਦੇ ਨੂੰ ਕਿਸੇ ਨੇ ਬਣਾਇਆ ਹੈ? ਦੂਜੀ, ਇਹ ਆਪੇ ਬਣਿਆ ਹੈ! ਪਹਿਲੀ ਧਾਰਾ ਦੀ ਵਿਧੀ ਆਦਰਸ਼ਵਾਦੀ ਹੈ ਤੇ ਦੂਜੀ ਦੀ ਪਦਾਰਥਵਾਦੀ ਹੈ। ਇਸ ਲਈ ਗਿਆਨ ਪੱਖੋਂ ਅੱਜ ਸਾਰਾ ਸੰਸਾਰ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ-ਇਕ ਆਦਰਸ਼ਵਾਦੀ ਤੇ ਦੂਜਾ ਪਦਾਰਥਵਾਦੀ। ਕੋਈ ਵਿਅਕਤੀ ਇਨ੍ਹਾਂ ਵਿਚੋਂ ਕਿਹੜੇ ਪਾਸੇ ਖੜ੍ਹਾ ਹੈ, ਇਸ ਦਾ ਨਿਪਟਾਰਾ ਇਸ ਗੱਲ ਤੋਂ ਹੋ ਜਾਂਦਾ ਹੈ ਕਿ ਉਹ ਫਿਲਾਸਫੀ ਦੇ ਮੂਲ ਪ੍ਰਸ਼ਨ ਦਾ ਉਤਰ ਕੀ ਦਿੰਦਾ ਹੈ? ਫਿਲਾਸਫੀ ਦਾ ਮੂਲ ਪ੍ਰਸ਼ਨ ਹੈ, ਕੀ ਸ੍ਰਿਸ਼ਟੀ ਨੂੰ ਕਿਸੇ ਨੇ ਬਣਾਇਆ ਹੈ ਜਾਂ ਇਹ ਆਪਣੇ ਆਪ ਬਣੀ ਹੈ? ਜਿਨ੍ਹਾਂ ਦਾ ਉਤਰ ਹੈ ਕਿ ਇਸ ਨੂੰ ਕਿਸੇ ਨੇ ਬਣਾਇਆ ਹੈ, ਉਹ ਆਦਰਸ਼ਵਾਦੀ ਹਨ ਅਤੇ ਜੋ ਕਹਿੰਦੇ ਹਨ ਕਿ ਇਹ ਆਪਣੇ ਆਪ ਬਣੀ ਹੈ, ਉਹ ਪਦਾਰਥਵਾਦੀ ਹਨ।
ਆਦਰਸ਼ਵਾਦ ਦੀਆਂ ਅੱਗੇ ਦੋ ਧਾਰਾਵਾਂ ਹਨ, ਜੋ ਉਪਰੋਕਤ ਪ੍ਰਸ਼ਨ ਦਾ ਆਪੋ ਆਪਣੇ ਢੰਗ ਨਾਲ ਉਤਰ ਦਿੰਦੀਆਂ ਹਨ ਜਾਂ ਖੋਜਦੀਆਂ ਹਨ। ਇਹ ਹਨ, ਅੰਤਰਮੁਖੀ ਆਦਰਸ਼ਵਾਦ (ਸੁਬਜeਚਟਵਿe ਦਿeਅਲਸਿਮ) ਜਾਂ ਅਧਿਆਤਮਵਾਦ ਅਤੇ ਬਾਹਰਮੁਖੀ ਆਦਰਸ਼ਵਾਦ (ੋਬਜeਚਟਵਿe ਦਿeਅਲਸਿਮ)। ਸਭ ਧਰਮ ਅੰਤਰਮੁਖੀ ਆਦਰਸ਼ਵਾਦ ਦੇ ਘੇਰੇ ਵਿਚ ਆਉਂਦੇ ਹਨ, ਕਿਉਂਕਿ ਉਹ ਵੱਖ ਵੱਖ ਲੋਕਾਂ ਦੇ ਅੰਦਰੂਨੀ ਅਨੁਭਵਾਂ ਤੇ ਵਿਸ਼ਵਾਸਾਂ ‘ਤੇ ਟਿਕੇ ਹੁੰਦੇ ਹਨ। ਜੋ ਜਿਸ ਵਿਚਾਰ ਨੂੰ ਘੜ ਲਵੇ ਤੇ ਦੂਜਿਆਂ ਨੂੰ ਜਚਾ ਕੇ ਇਸ ਪਿੱਛੇ ਲਾ ਲਵੇ, ਉਹੀ ਇਕ ਧਰਮ ਬਣ ਜਾਂਦਾ ਹੈ। ਹਰ ਸ਼ਰਧਾਲੂ ਨੇ ਆਪਣੇ ਗਿਆਨ ਨੂੰ ਆਪਣੇ ਢੰਗ ਨਾਲ ਆਪਣੇ ਅੰਦਰੋਂ ਭਾਲਣਾ (ਰeਅਲਡਿe) ਹੁੰਦਾ ਹੈ, ਕਿਉਂਕਿ ਅੰਤਰਮੁਖੀ ਗਿਆਨ ਕਿਸੇ ਦੂਜੇ ਨੂੰ ਸਿਖਾਇਆ ਜਾਂ ਸਮਝਾਇਆ ਨਹੀਂ ਜਾ ਸਕਦਾ, ਸਿਰਫ ਇਸ ਦੇ ਕਰਮ ਕਾਂਡ ਹੀ ਦੱਸੇ ਜਾ ਸਕਦੇ ਹਨ। ਧਰਮ ਦੀ ਬੁਨਿਆਦ ਅੰਨੀ ਸ਼ਰਧਾ ‘ਤੇ ਟਿਕੀ ਹੋਣ ਕਰਕੇ ਇਹ ਕਿਸੇ ਨੂੰ ਕਿੰਤੂ ਪ੍ਰੰਤੂ ਕਰਨ ਦੀ ਖੁੱਲ੍ਹ ਨਹੀਂ ਦਿੰਦਾ, ਤਾਂ ਜੋ ਲੋਕਾਂ ਦਾ ਯਕੀਨ ਕਮਜ਼ੋਰ ਨਾ ਪਵੇ।
ਬਾਹਰਮੁਖੀ ਆਦਰਸ਼ਵਾਦ ਨੂੰ ਫਲਸਫਾ ਜਾਂ ਦਰਸ਼ਨ ਕਹਿੰਦੇ ਹਨ, ਜੋ ਸੰਸਾਰ ਦੇ ਸਿਰਜਣਹਾਰ ਵਿਚ ਯਕੀਨ ਤਾਂ ਕਰਦਾ ਹੈ, ਪਰ ਉਸ ਨੂੰ ਸੋਚ ਜਾਂ ਬੁੱਧੀ ਰਸਤੇ ਜਾਣਨ ਦੀ ਵਿਧੀ ਅਪਨਾਉਂਦਾ ਹੈ। ਇਹ ਪ੍ਰਸ਼ਨ ਕਰਨ ਦੀ ਆਗਿਆ ਦਿੰਦਾ ਹੈ, ਪਰ ਆਪਣੀਆਂ ਦਲੀਲਾਂ, ਧਾਰਨਾਵਾਂ ਤੇ ਸਿੱਟਿਆਂ ਨੂੰ ਅਨੁਭਵ ਤੇ ਪ੍ਰਮਾਣ ਦੀ ਕਸਵੱਟੀ ‘ਤੇ ਨਹੀਂ ਪਰਖਦਾ। ਇਸ ਲਈ ਇਸ ਦੇ ਸਿੱਟੇ ਅਰਧ-ਸੱਚ ਹੁੰਦੇ ਹਨ ਭਾਵ ਇਹ ਵੀ ਗੁਰੂ ਨਾਨਕ ਵਲੋਂ ਦੱਸੇ ‘ਕੂੜ’ ਦੀ ਸ਼੍ਰੇਣੀ ਵਿਚ ਆਉਂਦੇ ਹਨ। ਇਨ੍ਹਾਂ ਦੇ ਉਲਟ ਵਿਗਿਆਨ ਹੈ, ਜੋ ਪ੍ਰਸ਼ਨ ਕਰਨ ਦੀ ਖੁੱਲ੍ਹ ਹੀ ਨਹੀਂ, ਹੱਲਾਸ਼ੇਰੀ ਵੀ ਦਿੰਦਾ ਹੈ। ਇਹ ਪ੍ਰਸ਼ਨਾਂ ਦੇ ਉਤਰ ਤਰਕ, ਖੋਜ, ਵਿਵੇਕ, ਬਾਹਰੀ ਅਨੁਭਵ ਤੇ ਪ੍ਰੀਖਣ ਦੇ ਆਧਾਰ ‘ਤੇ ਪ੍ਰਾਪਤ ਕਰਦਾ ਹੈ। ਇਸ ਦੇ ਸਿੱਟੇ ਪ੍ਰਮਾਣੀਕ ਤੇ ਪਾਰਦਰਸ਼ੀ ਹੁੰਦੇ ਹਨ, ਜੋ ਹਰ ਕਿਸੇ ਵਲੋਂ ਪਰਖੇ ਤੇ ਪੜਤਾਲੇ ਜਾ ਸਕਦੇ ਹਨ। ਜਿੱਥੇ ਫਿਲਾਸਫੀ ਦੇ ਕਈ ਸਕੂਲ ਹਨ, ਉਥੇ ਵਿਗਿਆਨ ਦੀਆਂ ਕਈ ਸ਼ਾਖਾਵਾਂ ਹਨ।
ਇਸ ਲਈ ਜੇ ਕੋਈ ਵਿਦਵਾਨ ਜਾਂ ਵਿਗਿਆਨੀ ਇਹ ਆਖੇ ਕਿ ਅਧਿਆਤਮਵਾਦੀ ਫਲਸਫੇ ਤੇ ਧਰਮ ਦਾ ਸਰੋਕਾਰ ਸਰੋਤ ਨਾਲ ਹੈ ਤੇ ਵਿਗਿਆਨ ਦਾ ਮੁੱਢ ਨਾਲ ਹੈ, ਤਾਂ ਇਹ ਤਰਕਹੀਣ ਗੱਲ ਹੈ। ਜੋ ਵਿਗਿਆਨ ਹਿੱਗਜ਼-ਬੋਸੋਨ ਕਣ (੍ਹਗਿਗਸ-ਭੋਸੋਨ ਫਅਰਟਚਿਲe) ਦੀ ਖੋਜ ਤਕ ਜਾਂਦਾ ਹੈ, ਉਸ ਦਾ ਸਰੋਕਾਰ ਸਰੋਤ ਨਾਲ ਕਿਵੇਂ ਨਹੀਂ ਹੈ? ਇਸੇ ਤਰ੍ਹਾਂ ਜਦੋਂ ਧਰਮ ਕਹਿੰਦਾ ਹੈ ਕਿ ਸ੍ਰਿਸ਼ਟੀ ਦੀ ਰਚਨਾ ਰੱਬ ਨੇ ਕੀਤੀ ਹੈ, ਉਸ ਦਾ ਸਰੋਕਾਰ ਮੁੱਢ ਨਾਲ ਕਿਵੇਂ ਨਹੀਂ ਹੁੰਦਾ? ਦਰਅਸਲ ਗਿਆਨ ਦੀਆਂ ਉਪਰੋਕਤ ਦੋਹਾਂ ਧਾਰਾਵਾਂ ਦਾ ਮਨੁੱਖ ਤੇ ਉਸ ਦੇ ਸਮੁੱਚੇ ਚੌਗਿਰਦੇ ਨੂੰ ਜਾਣਨ ਨਾਲ ਸਰੋਕਾਰ ਹੈ, ਜਿਸ ਵਿਚ ‘ਸਰੋਤ’ ਵੀ ਆਉਂਦਾ ਹੈ ਤੇ ‘ਮੁੱਢ’ ਵੀ। ਫਰਕ ਸਿਰਫ ਇਨ੍ਹਾਂ ਦੀਆਂ ਵਿਧੀਆਂ ਵਿਚ ਹੈ।
ਅਧਿਆਤਮਕ ਫਲਸਫਾ ਤੇ ਧਰਮ ਅਰਧ-ਭੌਤਿਕ (ਮeਟਅਪਹੇਸਚਿਅਲ) ਵਿਧੀ ਅਪਨਾਉਂਦੇ ਹਨ, ਜਦੋਂ ਕਿ ਵਿਗਿਆਨ ਵਿਗਿਆਨਕ (eਮਪਰਿਚਿਅਲ eਣਪeਰਮਿeਨਟਅਲ) ਵਿਧੀ। ਵਿਗਿਆਨ ਦੇ ਸਿੱਟੇ ਚਿਰਸਥਾਈ ਹੁੰਦੇ ਹਨ ਤੇ ਸਿਰਫ ਤੱਥਾਂ ਦੇ ਬਦਲਣ ਨਾਲ ਬਦਲਦੇ ਹਨ। ਧਰਮ ਤੇ ਆਦਰਸ਼ਵਾਦੀ ਫਲਸਫਾ ਆਰਜੀ ਸਿੱਟਿਆਂ ਵਾਲੇ ਹੁੰਦੇ ਹਨ, ਜੋ ਹਾਲਾਤ ਬਦਲਣ ਨਾਲ ਹੀ ਬਦਲ ਜਾਂਦੇ ਹਨ। ਮਿਸਾਲ ਵਜੋਂ ਵੈਦਿਕ ਕਾਲ ਦਾ ਸਮਾਜ ਛੋਟੇ ਛੋਟੇ ਸੁਤੰਤਰ ਕਬੀਲਿਆਂ ਵਿਚ ਵੰਡਿਆ ਸੀ, ਜਿਨ੍ਹਾਂ ਦੇ ਆਪਣੇ ਸੁਤੰਤਰ ਸਰਦਾਰ ਹੁੰਦੇ ਸਨ। ਉਸ ਸਮਾਜ ਦੇ ਪ੍ਰਛਾਵੇਂ ਅਨੁਸਾਰ ਉਨ੍ਹਾਂ ਦਾ ਵੈਦਿਕ ਧਰਮ ਬਣਿਆ। ਉਸ ਵੇਲੇ ਦੇ ਲੋਕ ਅਗਨੀ, ਪਾਣੀ, ਹਵਾ ਤੇ ਸੂਰਜ ਸਮੇਤ ਅਨੇਕ ਸੁਤੰਤਰ ਪ੍ਰਭਾਵਾਂ ਵਾਲੇ ਦੇਵਤਿਆਂ ਵਿਚ ਯਕੀਨ ਰੱਖਦੇ ਸਨ।
ਪਿਛਲੇ ਵੈਦਿਕ ਕਾਲ ਵਿਚ ਖੇਤੀਬਾੜੀ ਦਾ ਯੁਗ ਸ਼ੁਰੂ ਹੋਇਆ ਤਾਂ ਕੁਝ ਕੁ ਸ਼ਕਤੀਸ਼ਾਲੀ ਕਬੀਲਿਆਂ ਨੇ ਦੂਜਿਆਂ ਨੂੰ ਜਿੱਤ ਕੇ ਖੇਤਰੀ ਰਾਜ ਸਥਾਪਤ ਕਰ ਲਏ। ਇਸ ਤਬਦੀਲੀ ਨਾਲ ਧਰਮ ਵਿਚ ਵੀ ਸੁਤੰਤਰ ਕੁਦਰਤੀ ਸ਼ਕਤੀਆਂ ਦੀ ਥਾਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਜਿਹੇ ਕੁਝ ਕੁ ਸ਼ਕਤੀਸ਼ਾਲੀ ਦੇਵਤੇ ਆ ਗਏ। ਇਸ ਉਪਰੰਤ ਮੱਧ ਕਾਲ ਵਿਚ ਰਜਵਾੜਿਆਂ ਨੂੰ ਜਿੱਤ ਕੇ ਚਕਰਵਰਤੀ ਰਾਜ ਹੋਂਦ ਵਿਚ ਆ ਗਏ। ਇਸ ਦੇ ਨਾਲ ਹੀ ਧਰਮ ਨੇ ਰਜਵਾੜਾ ਰੂਪੀ ਦੇਵਤੇ ਛੱਡ ਕੇ ਇਕ ਸਰਬਸ਼ਕਤੀਮਾਨ ਰੱਬ ‘ਤੇ ਟੇਕ ਰੱਖ ਲਈ। 18ਵੀਂ ਸਦੀ ਵਿਚ ਜਦੋਂ ਲੋਕਤੰਤਰ ਨੇ ਪੈਰ ਧਰਿਆ ਤਾਂ ਸਮਝਿਆ ਗਿਆ ਕਿ ਸਿਆਸੀ ਸੱਤਾ ਇਕ ਬੰਦੇ ਵਿਚ ਨਾ ਹੋ ਕੇ ਸਮੂਹ ਲੋਕਾਂ ਵਿਚ ਹੈ ਤਾਂ ਰੱਬ ਨੂੰ ਇਕ ਸ਼ਕਤੀ ਦੇ ਤੌਰ ‘ਤੇ ਸਵੀਕਾਰ ਕੀਤਾ ਜਾਣ ਲੱਗਾ ਤੇ ਇਸ ਨੂੰ ਹਰ ਸ਼ਖਸ ਵਿਚ ਮੌਜੂਦ ਮੰਨਿਆ ਜਾਣ ਲੱਗਾ।
19ਵੀਂ-20ਵੀਂ ਸਦੀ ਵਿਚ ਜਦੋਂ ਰਾਜ ਰਹਿਤ ਸਮਾਜ ਦਾ ਸੰਕਲਪ ਸਾਹਮਣੇ ਆਇਆ ਤੇ ਸਮਾਜ ਸ਼ਾਸਤਰੀਆਂ ਨੇ ‘ਬੰਦਾ ਹੀ ਰਾਜ ਹੈ’ (ਠਹe ਨਿਦਵਿਦੁਅਲ ਸਿ ਅ ਸਟਅਟe ੁਨਟੋ ਹਮਿਸeਲਾ) ਦਾ ਨਾਹਰਾ ਦਿੱਤਾ ਤਾਂ ਧਾਰਮਿਕ ਆਦਰਸ਼ਵਾਦੀ ਵੀ ਕਹਿਣ ਲੱਗੇ ਕਿ ਬੰਦਾ ਹੀ ਰੱਬ ਹੈ। ਇਸ ਤਰ੍ਹਾਂ ਜੇ ਧਰਮ ਤੇ ਅਧਿਆਤਮਵਾਦ ਸਿਰਫ ਸਮਾਜਕ ਹਾਲਾਤ ਦੇ ਪ੍ਰਤੀਬਿੰਬ ਹਨ ਤਾਂ ਕਈ ਆਧੁਨਿਕ ਵਿਦਵਾਨ ਇਨ੍ਹਾਂ ਦੇ ਕਿਹੜੇ ਸੁਤੰਤਰ ‘ਸਰੋਕਾਰਾਂ’ ਦੀ ਗੱਲ ਕਰਦੇ ਹਨ? ਇਹ ਤਾਂ ਹਮੇਸ਼ਾ ਤੋਂ ਸਿਆਸੀ ਸ਼ਕਤੀ ਦੇ ਪਿਛਲੱਗ ਸਨ, ਜੋ ਹੁਣ ਵੀ ਹਨ।
ਗੁਰੂ ਨਾਨਕ ਦੇਵ ਦਾ ਇਸ ਤਰ੍ਹਾਂ ਦੇ ਬੇਬੁਨਿਅਦ ਧਾਰਮਿਕ ਤੇ ਅਧਿਆਤਮਵਾਦੀ ਫਲਸਫੇ ਨਾਲ ਕੋਈ ਸਰੋਕਾਰ ਨਹੀਂ ਸੀ। ਉਹ ਇਕ ਪਾਸੇ ਮੌਕੇ ਦੀਆਂ ਸਿਆਸੀ ਤਾਕਤਾਂ ਦੇ ਉਲਟ ਭੁਗਤੇ ਤੇ ਦੂਜੇ ਪਾਸੇ ਤਤਕਾਲੀ ਧਾਰਮਿਕ ਸੋਚ ਤੇ ਪਰੰਪਰਾਵਾਂ ਦੇ। ਉਹ ਵਿਗਿਆਨ ਦੇ ਸਮਰਥਕ ਤੇ ਵਿਗਿਆਨਕ ਵਿਧੀ ਦੇ ਉਪਦੇਸ਼ਕ ਸਨ। ਉਹ ਪਰਖੀ/ਵਰਤੀ ਗੱਲ ਦੇ ਹੱਕ ਵਿਚ ਸਨ ਤੇ ਪ੍ਰਮਾਣ ਰਹਿਤ ਸੋਚ ਤੇ ਫੋਕੀਆਂ ਗੱਲਾਂ ਨੂੰ ਹਉਮੈ ਸਮਝਦੇ ਸਨ। ਇਹ ਗੱਲ ਜਪੁਜੀ ਦੀ ਤੀਜੀ ਪਉੜੀ ਪੜ੍ਹ ਕੇ ਭਲੀ ਭਾਂਤ ਸਾਬਤ ਹੋ ਜਾਂਦੀ ਹੈ,
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥
ਗਾਵੈ ਕੋ ਦਾਤਿ ਜਾਣੈ ਨੀਸਾਣੁ॥
ਗਾਵੈ ਕੋ ਗੁਣ ਵਡਿਆਈਆ ਚਾਰ॥
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥
ਗਾਵੈ ਕੋ ਸਾਜਿ ਕਰੇ ਤਨੁ ਖੇਹ॥
ਗਾਵੈ ਕੋ ਜੀਅ ਲੈ ਫਿਰਿ ਦੇਹ॥
ਗਾਵੈ ਕੋ ਜਾਪੈ ਦਿਸੈ ਦੂਰਿ॥
ਗਾਵੈ ਕੋ ਵੇਖੈ ਹਾਦਰਾ ਹਦੂਰਿ॥
ਕਥਨਾ ਕਥੀ ਨ ਆਵੈ ਤੋਟਿ॥
ਕਥਿ ਕਥਿ ਕਥੀ ਕੋਟੀ ਕੋਟਿ ਕੋਟਿ॥
ਦੇਦਾ ਦੇ ਲੈਦੇ ਥਕਿ ਪਾਹਿ॥
ਜੁਗਾ ਜੁਗੰਤਰਿ ਖਾਹੀ ਖਾਹਿ॥
ਹੁਕਮੀ ਹੁਕਮੁ ਚਲਾਏ ਰਾਹੁ॥
ਨਾਨਕ ਵਿਗਸੈ ਵੇਪਰਵਾਹੁ॥
ਇਸ ਪਉੜੀ ਵਿਚ ਗੁਰੂ ਸਾਹਿਬ ਦੂਜੀ ਪਉੜੀ ਵਿਚ ਕੀਤੀ ਹਉਮੈ ਤੇ ਹੁਕਮ ਦੀ ਗੱਲ ਨੂੰ ਅੱਗੇ ਤੋਰਦੇ ਹਨ। ਉਹ ਇਨ੍ਹਾਂ ਦੀ ਵਿਆਖਿਆ ਕਰਦਿਆਂ ਲਿਖਦੇ ਹਨ ਕਿ ਨਾ ਸਿਰਫ ਕੋਲੋਂ ਬਣਾਈ ਗੱਲ ਹੀ, ਸਗੋਂ ਅੱਧੀ ਅਧੂਰੀ ਜਾਣਕਾਰੀ ਵਾਲਾ ਕਥਨ ਵੀ ਹਉਮੈ ਹੁੰਦਾ ਹੈ। ਫਿਰ ਵੀ ਇਹ ਦੋਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਲੋਕ ਥੱਕਦੇ ਨਹੀਂ। ਇਸ ਪਉੜੀ ਵਿਚ ਗੁਰੂ ਸਾਹਿਬ ਦੱਸਣ ਜਾਂ ਕਹਿਣ ਦੀ ਥਾਂ ‘ਗਾਵੈ’ ਸ਼ਬਦ ਵਰਤਦੇ ਹਨ, ਕਿਉਂਕਿ ਉਨ੍ਹੀਂ ਦਿਨੀਂ ਲੋਕ ਆਪਣੀ ਗੱਲ ਦਾ ਇਜ਼ਹਾਰ ਵਧੇਰੇ ਭਜਨ ਬੰਦਗੀ ਰਾਹੀਂ ਗਾ ਕੇ ਹੀ ਕਰਦੇ ਸਨ।
ਗੁਰੂ ਜੀ ਫੁਰਮਾਉਂਦੇ ਹਨ ਕਿ ਕਈ ਲੋਕ ਕੁਦਰਤੀ ਨਿਜ਼ਾਮ ਜਾਂ ਇਸ ਦੇ ਨਿਯਮ ਦੀਆਂ ਅਸੀਮ ਸ਼ਕਤੀਆਂ ਬਾਰੇ ਜੋਰ ਲਾ ਕੇ ਗਾਉਂਦੇ ਹਨ। ਕਈ ਹੋਰ ਕਿਸੇ ਅਜਿਹੀ ਕੁਦਰਤੀ ਦਾਤ ਭਾਵ ਸੌਗਾਤ ਦਾ ਜ਼ਿਕਰ ਗਾਈ ਜਾਂਦੇ ਹਨ, ਜਿਸ ਦੀ ਉਨ੍ਹਾਂ ਨੂੰ ਨਿਸ਼ਾਨਦੇਹੀ ਭਾਵ ਖਬਰ ਹੋਵੇ। ਕਈ ਉਨ੍ਹਾਂ ਚਾਰ-ਪੰਜ ਕੁ ਖਾਸੀਅਤਾਂ ਦਾ ਹੀ ਗੁਣਗਾਨ ਕਰੀ ਜਾਂਦੇ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਪਤਾ ਹੁੰਦਾ ਹੈ। ਕਈ ਗਾਉਂਦਿਆਂ ਇਹੀ ਸ਼ਿਕਵਾ ਕਰੀ ਜਾਂਦੇ ਹਨ ਕਿ ਗਿਆਨ ਪ੍ਰਾਪਤੀ ਦੀ ਵਿਦਿਆ ਬੜੀ ਔਖੀ ਤੇ ਟੇਢੀ ਹੈ, ਭਾਵ ਕੁਦਰਤ ਦਾ ਕੁਝ ਵੀ ਪਤਾ ਨਹੀਂ ਲਗਦਾ। ਕਈ ਗਾ ਗਾ ਦੱਸਦੇ ਹਨ ਕਿ (ਕੁਦਰਤ ਦਾ ਨਿਯਮ) ਜੀਵ ਦਾ ਸਰੀਰ ਬਣਉਂਦਾ ਵੀ ਹੈ, ਪਰ ਫਿਰ ਇਸ ਨੂੰ ਖਾਕ ਵੀ ਕਰ ਦਿੰਦਾ ਹੈ।
ਕਈ ਆਧੁਨਿਕ ਵਿਦਵਾਨ ਇਸ ਦਾ ਅਰਥ ਇਹ ਕਰਦੇ ਹਨ ਕਿ ਕਈ ਸ਼ਰਧਾਲੂ ਆਪਣੇ ਸਰੀਰ ਨੂੰ ਖਾਕ ਭਾਵ ਵਿਭੂਤੀ ਨਾਲ ਸਜਾ ਕੇ ਪਰਮਾਤਮਾ ਦੀ ਭਗਤੀ ਕਰਦੇ ਹਨ, ਪਰ ਇਹ ਵਿਆਖਿਆ ਪ੍ਰਮਾਣੀਕ ਨਹੀਂ ਹੈ, ਕਿਉਂਕਿ ਇੱਥੇ ਗੁਰੂ ਸਾਹਿਬ ਗੱਲ ‘ਕੀ’ ਗਾ ਰਹੇ ਹਨ, ਦੀ ਕਰ ਰਹੇ ਹਨ; ‘ਕਿਵੇਂ’ ਗਾ ਰਹੇ ਹਨ, ਦੀ ਨਹੀਂ ਕਰ ਰਹੇ। ਗੁਰੂ ਸਾਹਿਬ ਅਨੁਸਾਰ ਲੋਕ ਇਸ ਵਰਤਾਰੇ ਨੂੰ ਵੀ ਗਾ ਗਾ ਸੁਣਾਉਂਦੇ ਹਨ ਕਿ ਬਣਾਇਆ ਜੀਵ ਨਸ਼ਟ ਕਰਕੇ ਫਿਰ ਵਾਪਸ ਲੈ ਲਿਆ ਜਾਂਦਾ ਹੈ।
ਗੁਰੂ ਸਾਹਿਬ ਅੱਗੇ ਲਿਖਦੇ ਹਨ ਕਿ ਕਈ ਲੋਕ ਇਸ ਗੱਲ ਦਾ ਹੀ ਗੁਣਗਾਨ ਕਰਦੇ ਹਨ ਕਿ ਇਹ (ਕੁਦਰਤ ਜਾਂ ਇਸ ਦਾ ਨਿਯਮ) ਬਹੁਤ ਦੂਰ ਹੈ, ਭਾਵ ਅਪਹੁੰਚ ਜਾਪਦਾ ਹੈ। ਇਸ ਲਈ ਅਜਿਹੇ ਲੋਕ ਕਹਿੰਦੇ ਹਨ ਕਿ ਕੁਦਰਤ ਦੇ ਭੇਦਾਂ ਤੇ ਨਿਯਮਾਂ ਨੂੰ ਪਾਉਣਾ ਜਾਂ ਸਮਝਣਾ ਔਖਾ ਹੈ। ਇਸ ਦੇ ਉਲਟ ਕਈ ਲੋਕ ਇਸ ਵਰਤਾਰੇ ਨੂੰ ਬਹੁਤ ਹੀ ਨੇੜੇ ਸਮਝਦੇ ਹਨ ਜਾਂ ਨਜ਼ਦੀਕੀ ਮੰਨਦੇ ਹਨ। ਲੋਕ ਜੋ ਜੋ ਗੱਲਾਂ ਗਾਉਂਦੇ ਹਨ, ਉਨ੍ਹਾਂ ਦਾ ਕੋਈ ਤੋੜਾ ਨਹੀਂ ਹੈ। ਉਨ੍ਹਾਂ ਨੇ ਗਾਉਣ ਲਈ ਕਰੋੜਾਂ ਕਰੋੜ ਕਹਾਣੀਆਂ ਘੜ ਰੱਖੀਆਂ ਹਨ। ਇਹ ਸਭ ਲੋਕ ਉਂਜ ਮਨਘੜਤ ਜਾਂ ਅੱਧ-ਪਚੱਧ ਗੱਲਾਂ ਤਾਂ ਕਰੀ ਜਾਣਗੇ, ਪਰ ਕਿਸੇ ਨੂੰ ਇਹ ਨਹੀਂ ਫੁਰਦਾ ਕਿ ਆਪ ਅੱਗੇ ਵਧ ਕੇ ਧਿਆਨ ਨਾਲ ਕੋਈ ਖੋਜ ਕਰ ਲੈਣ। ਕੁਦਰਤ ਤੇ ਇਸ ਦਾ ਸੰਗਠਨ ਕੋਈ ਇੱਕਾ ਦੁੱਕਾ ਗੁਣਾਂ ਦਾ ਮਾਲਕ ਨਹੀਂ, ਸਗੋਂ ਅਣਗਿਣਤ ਤੇ ਅਥਾਹ ਦਾਤਾਂ ਦਾ ਭੰਡਾਰ ਹੈ। ਇਹ ਇੰਨਾ ਅਸੀਮ ਬੰਦੋਬਸਤ ਹੈ ਕਿ ਇਸ ਦਾ ਖਜਾਨਾ ਕਦੇ ਖਤਮ ਨਹੀਂ ਹੁੰਦਾ। ਜੁਗਾਂ ਜੁਗਾਂਤਰਾਂ ਤੋਂ ਅਣਗਿਣਤ ਜੀਵ ਇਸ ਨੂੰ ਭੋਗ ਭੋਗ ਕੇ ਥੱਕ ਗਏ ਹਨ, ਪਰ ਇਹ ਫਿਰ ਵੀ ਚਲੀ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਕੁਦਰਤ ਦੇ ਨਿਯਮ ਵੀ ਨਿਯਮ ਅਨੁਸਾਰ ਕੱਸੇ ਹੋਏ ਹਨ, ਜੋ ਸਦਾ ਹੀ ਨਿਰਵਿਘਨ ਚਲਦੇ ਰਹਿੰਦੇ ਹਨ। ਕੀ ਕੋਈ ਆਪੋ ਆਪਣੇ ਨਿੱਕ-ਸੁੱਕ ਵੇਰਵਿਆਂ ਨਾਲ ਇੱਡੀ ਵੱਡੀ ਵਿਵਸਥਾ ਦੀ ਵਿਆਖਿਆ ਕਰ ਸਕੇਗਾ?
ਬਹੁਤੇ ਆਧੁਨਿਕ ਸਿੱਖ ਵਿਦਵਾਨ, ਪ੍ਰਚਾਰਕ ਤੇ ਪੁਜਾਰੀ ਇਸ ਪਉੜੀ ਨੂੰ ਪਰਮਾਤਮਾ ਦੀ ਉਸਤਤ ਨਾਲ ਭਰੀ ਹੋਈ ਵੇਖਦੇ ਹਨ। ਉਹ ਸਮਝਦੇ ਹਨ ਕਿ ਪਰਮਾਤਮਾ ਇੰਨਾ ਮਹਾਨ ਹੈ ਕਿ ਅਣਗਿਣਤ ਲੋਕ ਉਸ ਦੀ ਭਗਤੀ ਵਿਚ ਲੀਨ ਹੋ ਕੇ ਲਗਾਤਾਰ ਉਸ ਦੇ ਗੁਣ ਗਾਉਂਦੇ ਆ ਰਹੇ ਹਨ, ਫਿਰ ਵੀ ਉਨ੍ਹਾਂ ਦਾ ਵਿਖਿਆਨ ਪੂਰਾ ਨਹੀਂ ਹੁੰਦਾ; ਪਰ ਇਹ ਵਿਆਖਿਆ ਸਹੀ ਨਹੀਂ ਹੈ, ਕਿਉਂਕਿ ਇਹ ਉਤਲੀ ਪਉੜੀ ਨਾਲ ਮੇਲ ਨਹੀਂ ਖਾਂਦੀ। ਉਤਲੀ ਪਉੜੀ ਵਿਚ ਗੁਰੂ ਸਾਹਿਬ ਹੁਕਮ ਦੇ ਗਿਆਨ ਦੀ ਘਾਟ ਦੀ ਗੱਲ ਕਰ ਰਹੇ ਹਨ ਤੇ ਹੁਕਮ ਬੁੱਝਣ ‘ਤੇ ਜੋਰ ਦੇ ਰਹੇ ਹਨ। ਇਸ ਪਉੜੀ ਵਿਚ ਉਹ ਉਨ੍ਹਾਂ ਹੀ ਕਮੀਆਂ ਦੀ ਪ੍ਰਸ਼ੰਸਾ ਕਿਵੇਂ ਕਰ ਸਕਦੇ ਹਨ, ਜੋ ਉਤੇ ਦੱਸ ਕੇ ਆਏ ਹਨ? ਉਨ੍ਹਾਂ ਅਨੁਸਾਰ ਹੁਕਮ ਬੁੱਝੇ ਬਿਨਾ ਗਿਆਨ ਸੰਭਵ ਨਹੀਂ ਤੇ ਗਿਆਨ ਤੋਂ ਬਿਨਾ ਸਹੀ ਪ੍ਰਸ਼ੰਸਾ ਨਹੀਂ ਹੋ ਸਕਦੀ। ਅੱਧੀ-ਅਧੂਰੀ ਪ੍ਰਸ਼ੰਸਾ ਗਿਆਨ ਵਿਹੂਣੀ ਹੁੰਦੀ ਹੈ ਤੇ ਹਉਮੈ ਦਾ ਹੀ ਹਿੱਸਾ ਬਣਦੀ ਹੈ। ਇਸ ਲਈ ਮਨੁੱਖ ਨੂੰ ਕੁਦਰਤ ਦੇ ਸਮੁੱਚੇ ਗੁਣਾਂ ਦੀ ਭਾਲ ਕਰਨੀ ਚਾਹੀਦੀ ਹੈ ਤੇ ਇਸ ਦੇ ਵਰਤਾਰਿਆਂ ਦੇ ਨਿਯਮ ਪਤਾ ਕਰਨੇ ਚਾਹੀਦੇ ਹਨ।
ਇਸ ਤਰ੍ਹਾਂ ਇਹ ਪਉੜੀ ਹਉਮੈ ਤੇ ਹੁਕਮ ਦੀ ਗੱਲ ਹੀ ਅੱਗੇ ਤੋਰਦੀ ਹੈ ਅਤੇ ਇਸ ਦਾ ਭਗਤੀ ਤੇ ਪ੍ਰਸ਼ੰਸਾ ਨਾਲ ਕੋਈ ਸਬੰਧ ਨਹੀਂ ਹੈ। ਇਸ ਵਿਚ ਗੁਰੂ ਸਾਹਿਬ ਹਉਮੈ ਦੀਆਂ ਕਿਸਮਾਂ ਦੱਸਦੇ ਹਨ ਕਿ ਕੁਦਰਤ ਇੰਨੀ ਵਿਸ਼ਾਲ ਤੇ ਸੰਗਠਿਤ ਹੈ ਕਿ ਇਸ ਦੀ ਇਕ ਪਾਸੜ ਤੇ ਸੀਮਿਤ ਵਿਆਖਿਆ ਦਾ ਕੋਈ ਅਰਥ ਨਹੀਂ। ਇਸ ਦੇ ਸਮੁੱਚੇ ਜੁਗਾੜ ਨੂੰ ਸਮਝਣ ਲਈ ਇਸ ਦੇ ਨਿਯਮਾਂ ਦੀ ਧਿਆਨ ਦੇ ਕੇ ਖੋਜ ਕਰਨ ਦੀ ਲੋੜ ਹੈ, ਪਰ ਸ਼ਰਧਾਲੂ ਲੋਕ ਸਗੋਂ ਇਸ ਪੱਥ ਤੋਂ ਭਟਕੇ ਹੋਏ ਹਨ!