ਜਦ ਤੁਰ ਜਾਂਦੀਆਂ ਨੇ ਮਾਂਵਾਂ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਦਸ ਜਨਵਰੀ 2020 ਨੂੰ ਮੇਰੀ ਜਨਮ ਦਾਤੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। ਮੈਂ ਉਸ ਨੂੰ ਆਖਰੀ ਵਾਰ 7 ਅਕਤੂਬਰ 1999 ਨੂੰ ਮਿਲਿਆ ਸੀ। ਹੁਣ ਅਸੀਂ ਇੱਕ ਦੂਜੇ ਨੂੰ ਮਿਲਣ ਦੇ ਬਹੁਤ ਹੀ ਨਜ਼ਦੀਕ ਸੀ ਕਿ ਮਾਂ ਦੀ ਸਵਾਸਾਂ ਦੀ ਪੂੰਜੀ ਮੁੱਕ ਗਈ ਅਤੇ ਮਾਂ ਬਿਨਾ ਮਿਲਿਆਂ ਤੁਰ ਗਈ। ਮਾਂ ਨੇ ਮੈਨੂੰ ਮੁਆਫ ਕਰਨਾ ਹੈ ਜਾਂ ਨਹੀਂ, ਪਰ ਮੈਂ ਰਹਿੰਦੀ ਜ਼ਿੰਦਗੀ ਆਪਣੇ ਆਪ ਨੂੰ ਮੁਆਫ ਨਹੀਂ ਕਰ ਸਕਾਂਗਾ। ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਉਂਦਾ-ਬਣਾਉਂਦਾ ਮਾਂ ਨੂੰ ਮੋਢਾ ਨਹੀਂ ਦੇ ਸਕਿਆ। ਆਖਰੀ ਵਾਰੀ ਦੇ ਦਰਸ਼ਨ ਨਹੀਂ ਕਰ ਸਕਿਆ। ਹੁਣ ਸੀਂਢ ਨਾਲ ਕੰਧਾਂ ਲਬੇੜਨ ਦਾ ਕੋਈ ਫਾਇਦਾ ਨਹੀਂ। ਉਹ ਮਿਲਣ ਨੂੰ ਉਡੀਕਦੀ ਰਹੀ ਅਤੇ ਮੈਂ ਗਰੀਨ ਕਾਰਡ ਨੂੰ ਉਡੀਕਦਾ ਰਿਹਾ। ਮੈਂ ਇੰਡੀਆ ਦੀ ਟਿਕਟ ਨਾ ਕਟਾ ਸਕਿਆ ਅਤੇ ਮਾਂ ਨੇ ਧੁਰ ਦੀ ਟਿਕਟ ਕਟਾ ਲਈ। ਅਸੀਂ ਮਾਂ ਵਿਹੂਣੇ ਹੋ ਗਏ।

ਮੈਂ ਵੀ ਹੋਰਾਂ ਵਾਂਗ ਆਪਣੇ ਅਤੇ ਬੱਚਿਆਂ ਦੇ ਚੰਗੇ ਭਵਿਖ ਲਈ ਘਰੋਂ ਤੁਰਿਆ ਸੀ। ਜਦੋਂ ਮੈਂ ਬਾਹਰ ਜਾਣ ਲਈ ਸੰਘਰਸ਼ ਕਰਦਾ ਸਾਂ, ਉਨ੍ਹਾਂ ਦਿਨਾਂ ਵਿਚ ਮਾਂ ਵੀ ਬਹੁਤ ਅਰਦਾਸਾਂ ਕਰਦੀ ਸੀ। ਘਰ ਵਿਚ ਲੱਗੀਆਂ ਗੁਰੂ ਨਾਨਕ ਦੇਵ ਜੀ ਅਤੇ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਅੱਗੇ ਖੜ੍ਹ ਕੇ ਮਾਂ ਨੂੰ ਲੰਮੀ ਅਰਦਾਸ ਕਰਦੀ ਨੂੰ ਮੈਂ ਦੇਖਦਾ ਰਹਿੰਦਾ। ਮਾਂ ਹੱਥ ਜੋੜ ਕੇ ਹਾੜ੍ਹੇ ਕੱਢਦੀ ਮੈਂ ਬਹੁਤ ਵਾਰ ਸੁਣੀ ਸੀ। ਮਾਂ ਦੀਆਂ ਅਰਦਾਸਾਂ ਨੇ ਰੰਗ ਲਿਆਂਦਾ, ਮੈਂ 7 ਅਕਤੂਬਰ 1999 ਨੂੰ ਆਪਣਾ ਪਿੰਡ, ਆਪਣਾ ਘਰ ਛੱਡ ਦਿੱਤਾ ਅਤੇ ਅੱਜ ਤੱਕ ਆਪਣੇ ਪਿੰਡ, ਆਪਣੇ ਘਰ ਨਹੀਂ ਜਾ ਸਕਿਆ। ਪਰਦੇਸਾਂ ਦੀਆਂ ਦਰਦ ਕਹਾਣੀਆਂ ਮੇਰੇ ਹਿੱਸੇ ਵੀ ਆਈਆਂ, ਇਮੀਗ੍ਰੇਸ਼ਨ ਦੀ ਸਰ੍ਹਾਲ ਨੇ ਮੈਨੂੰ ਵੀ ਲਪੇਟੀ ਰੱਖਿਆ। ਮੈਂ ਚੀਕਾਂ ਮਾਰਦਾ ਰਿਹਾ ਅਤੇ ਮਾਰ ਰਿਹਾ ਹਾਂ।
ਮਾਂ ਦੱਸਦੀ ਹੁੰਦੀ ਸੀ: ਮੇਰੀ ਕੁੱਖ ਵਿਆਹ ਤੋਂ ਪੰਜ ਸਾਲ ਬਾਅਦ ਹਰੀ ਹੋਈ ਸੀ। ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸੀ ਸੀ, ਪਰ ਉਹ ਜਨਮ ਲੈਂਦਾ ਹੀ ਰੱਬ ਨੂੰ ਪਿਆਰਾ ਹੋ ਗਿਆ। ਪਹਿਲੀ ਔਲਾਦ ਦਾ ਮਸਾਂ ਮੂੰਹ ਦੇਖਿਆ ਸੀ, ਪਰ ਵਾਹਿਗੁਰੂ ਨੇ ਪੁੱਤ ਦੇ ਕੇ ਖੋਹ ਲਿਆ। ਫਿਰ ਮੈਨੂੰ ਦਰਬਾਰ ਸਾਹਿਬ ਲਿਜਾ ਕੇ ਗੁਰੂ ਰਾਮਦਾਸ ਸਰੋਵਰ ‘ਚ ਇਸ਼ਨਾਨ ਕਰਵਾਇਆ ਗਿਆ ਤੇ ਪੁੱਤਰ ਦੀ ਦਾਤ ਲਈ ਅਰਦਾਸ ਕਰਵਾਈ ਗਈ। ਫਿਰ ਦੋ ਸਾਲਾਂ ਬਾਅਦ ਪੁੱਤਰ ਪੈਦਾ ਹੋਇਆ। ਲੁਧਿਆਣੇ ਹਸਪਤਾਲ ਵਿਚ, ਵੱਡੇ ਅਪ੍ਰੇਸ਼ਨ ਨਾਲ। ਪੁੱਤਰ ਜੰਮਣ ਲਈ ਮੈਂ ਢਿੱਡ ਪੜਵਾਇਆ।
ਮਾਂ ਅਖੀਰ ਤੱਕ ਇਹ ਗੱਲ ਕਹਿੰਦੀ ਰਹਿੰਦੀ ਸੀ ਕਿ ਦੇਖ! ਤੇਰਾ ਮੂੰਹ ਦੇਖਣ ਲਈ ਮੈਂ ਆਪਣਾ ਸਰੀਰ ਵੀ ਪੜਵਾ ਲਿਆ।… ਸੱਚੀਂ! ਮਾਂ ਨੇ ਬਹੁਤ ਤਕਲੀਫਾਂ ਝੱਲ ਕੇ ਮੈਨੂੰ ਜੰਮਿਆ ਤੇ ਪਾਲਿਆ ਸੀ।
ਅੱਜ ਮਾਂ ਮੇਰੇ ਕੋਲ ਨਹੀਂ ਹੈ, ਪਰ ਉਸ ਦੀਆਂ ਯਾਦਾਂ, ਮਿੱਠੀਆਂ-ਕੌੜੀਆਂ ਯਾਦਾਂ ਰੋਜ਼ ਮੇਰੇ ਦਿਲ ਦੇ ਵਿਹੜੇ ਫੇਰਾ ਪਾਉਂਦੀਆਂ ਹਨ, ਰੁਆਉਂਦੀਆਂ ਹਨ, ਹਸਾਉਂਦੀਆਂ ਹਨ। ਮੈਂ ਮਾਂ ਦੀਆਂ ਯਾਦਾਂ ਨਾਲ ਬਚਪਨ ਵਾਂਗ ਖੇਡਦਾ ਹਾਂ। ਕੰਧ ‘ਤੇ ਲੱਗੀ ਮਾਂ ਦੀ ਫੋਟੋ ਮੈਨੂੰ ਤੱਕਦੀ ਹੈ, ਰੋਂਦੇ ਅਤੇ ਹੱਸਦੇ ਨੂੰ ਪਰ ਬੋਲਦੀ ਨਹੀਂ, ਜਿਵੇਂ ਪਹਿਲਾਂ ਬੋਲਦੀ ਸੀ। ਮਾਂ ਦਿਆਲੂ ਸੀ, ਕਿਰਪਾਲੂ ਸੀ, ਮਿਲਣਸਾਰ ਸੀ ਪਰ ਨਾਲ ਜ਼ਿੱਦਲ ਤੇ ਅੜਬ ਵੀ ਬਹੁਤ ਸੀ। ਸ਼ਾਇਦ ਮਾਂ ਦੇ ਅੜਬ ਸੁਭਾਅ ਦੀ ਭੱਠੀ ਵਿਚੋਂ ਰੜ੍ਹ ਕੇ ਹੀ ਮੈਂ ਹੀਰਾ ਬਣ ਸਕਿਆ। ਸ਼ਾਇਦ ਜੋ ਮੈਂ ਅੱਜ ਹਾਂ, ਇਹ ਨਾ ਹੁੰਦਾ। ਮਾਂ ਨੇ ਬਹੁਤ ਕੁੱਟਿਆ। ਮੈਂ ਕਈ ਵਾਰ ਕਹਿੰਦਾ, ਮਾਂ! ਮੈਨੂੰ ਨਹੀਂ ਲੱਗਦਾ ਕਿ ਤੂੰ ਮੈਨੂੰ ਇੰਨੀਆਂ ਅਰਦਾਸਾਂ ਕਰਕੇ ਲਿਆ ਹੋਊ, ਜੇ ਇੰਜ ਲਿਆ ਹੁੰਦਾ ਤਾਂ ਮੈਨੂੰ ਇੰਜ ਨਾ ਕੁੱਟਦੀ ਤੇ ਫੁੱਲਾਂ ਵਾਂਗ ਸਾਂਭਦੀ।
ਮਾਂ ਕਹਿ ਦਿੰਦੀ, ‘ਧੀ-ਪੁੱਤ ਤੇ ਰੰਬਾ ਜਿੰਨਾ ਚੰਡੀਏ, ਓਨਾ ਹੀ ਚੰਗਾ।’ ਮੈਥੋਂ ਬਾਅਦ ਮਾਂ ਨੇ ਦੋ ਪੁੱਤ ਜੰਮੇ। ਉਹ ਵੀ ਪਹਿਲੇ ਪੁੱਤ ਵਾਂਗ ਜੰਮਣ ਤੋਂ ਬਾਅਦ ਰੱਬ ਨੂੰ ਪਿਆਰੇ ਹੋ ਗਏ। ਫਿਰ ਮੇਰਾ ਛੋਟਾ ਭਰਾ ਹੋਇਆ, ਜੋ ਅੰਗਹੀਣ ਹੈ; ਭਾਵ ਪੰਜ ਪੁੱਤਾਂ ਵਿਚੋਂ ਅਸੀਂ ਦੋ ਹੀ ਕਾਇਮ ਹਾਂ। ਮੈਂ ਬਹੁਤ ਸਖਤ ਕਮਾਈ ਕੀਤੀ, ਜਿਵੇਂ ਹਰ ਪਰਦੇਸੀ ਆਪਣੇ ਪਰਿਵਾਰ ਲਈ ਕਰਦਾ ਹੈ। ਮਾਂ ਨੂੰ ਇਥੇ ਹੀ ਸਵਰਗ ਦਿਖਾ ਦਿੱਤਾ ਸੀ, ਪਰ ਕਈ ਵਾਰ ਮਾਂ ਫਿਰ ਵੀ ਕਹਿ ਦਿੰਦੀ, ਕਾਸ਼! ਮੇਰੇ ਉਹ ਤਿੰਨੇ ਪੁੱਤ ਵੀ ਜਿਉਂਦੇ ਹੁੰਦੇ ਤਾਂ ਮੈਂ ਆਪਣੀ ਸੱਸ ਵਾਂਗ ਪੰਜਾਂ ਪੁੱਤਾਂ ਦੀ ਮਾਂ ਅਖਵਾਉਣਾ ਸੀ, ਮੈਂ ਪੋਤਿਆਂ ਵਿਚ ਬੈਠੀ ਨੇ ਦਿਸਣਾ ਨਹੀਂ ਸੀ। ਫਿਰ ਆਪ ਹੀ ਵਾਹਿਗੁਰੂ ਦਾ ਸ਼ੁਕਰਾਨਾ ਕਰ ਦਿੰਦੀ ਕਿ ਜੋ ਦਿੱਤੇ ਨੇ, ਉਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖੀਂ ਮਾਲਕਾ!
ਮਾਂ ਕਿਸੇ ਦਾ ਦੁੱਖ ਨਹੀਂ ਸੀ ਦੇਖ ਸਕਦੀ। ਹਰ ਇਕ ਦਾ ਦੁੱਖ ਉਸ ਨੂੰ ਆਪਣਾ ਦੁੱਖ ਲਗਦਾ। ਪਿੰਡ ਵਿਚ ਕਿਸੇ ਦੇ ਵੀ ਮਰਗ ਹੋ ਜਾਵੇ, ਮਾਂ ਜ਼ਰੂਰ ਦੁੱਖ ਸਾਂਝਾ ਕਰਨ ਜਾਂਦੀ। ਇਸ ਗੱਲ ਦੀ ਗਵਾਹੀ ਮਾਂ ਦੇ ਜਾਣ ਪਿਛੋਂ ਮਿਲੀ, ਕਿਉਂ ਜੋ ਪਿੰਡ ਦਾ ਹਰ ਬੰਦਾ, ਤੀਵੀਂ ਮਾਂ ਦੀ ਆਖਰੀ ਵਿਦਾਇਗੀ ਵਿਚ ਸ਼ਾਮਲ ਹੋਇਆ। ਮਾਂ ਕਿਸੇ ਵੀ ਮੰਗਤੇ ਨੂੰ ਖਾਲੀ ਨਾ ਮੋੜਦੀ; ਕਦੇ ਨਹੀਂ ਕਿਹਾ, ‘ਜਾਹ! ਭਾਈ ਅਗਾਂਹ ਜਾਹ।’ ਨਹੀਂ, ਕਦੇ ਵੀ ਨਹੀਂ। ਹਮੇਸ਼ਾ ਦਾਣੇ, ਆਟਾ ਜਾਂ ਦੁੱਧ ਪਾ ਕੇ ਮੰਗਤੇ ਨੂੰ ਦਰੋਂ ਤੋਰਦੀ। ਮੈਂ ਕਈ ਵਾਰ ਕਹਿ ਦਿੰਦਾ, ਮਾਂ! ਆਹ ਆਟੇ ਦੀ ਕੌਲੀ ਪਸੂਆਂ ਦੇ ਪੱਠਿਆਂ ‘ਤੇ ਪਾ ਦਿੰਦੀ, ਚੰਗਾ ਨਹੀਂ ਸੀ! ਮਾਂ ਕਹਿੰਦੀ, ਮੰਗਣਾ ਬਹੁਤ ਔਖਾ ਹੈ, ਮੰਗਣ ਗਿਆ ਸੋ ਮਰ ਗਿਆ। ਇਹ ਵਿਚਾਰੇ ਵੱਸਦੇ ਘਰਾਂ ਵਿਚ ਹੀ ਆਉਂਦੇ ਨੇ, ਉਜੜੇ ਘਰਾਂ ਵਿਚ ਨਹੀਂ। ਇਨ੍ਹਾਂ ਦੀ ਦੁਰ-ਅਸੀਸ ਮਾੜੀ ਹੁੰਦੀ ਹੈ। ਮੇਰੀ ਜਦੋਂ ਦੀ ਸੁਰਤੀ ਸੰਭਲੀ ਹੈ, ਉਦੋਂ ਤੋਂ ਹੀ ਇਕ ਕੁੱਤਾ ਹਮੇਸ਼ਾ ਰਾਤ ਨੂੰ ਰੋਟੀ ਖਾ ਕੇ ਬੂਹੇ ਅੱਗੋਂ ਜਾਂਦਾ। ਮਾਂ ਹਮੇਸ਼ਾ ਕੁੱਤੇ ਨੂੰ ਰੋਟੀ ਪਾਉਂਦੀ ਅਤੇ ਕਹਿੰਦੀ, ਇਹ ਦਰਵੇਸ਼ ਹੁੰਦੇ ਹਨ। ਕੋਠੇ ਉਤੇ ਜਨੌਰਾਂ ਨੂੰ ਦਾਣੇ ਵੀ ਰੋਜ਼ ਸਵੇਰੇ ਪਾਉਣੇ ਹੀ ਹਨ। ਇਕ ਵਾਰ ਕਿਸੇ ਪੰਡਿਤ ਨੇ ਮਾਂ ਨੂੰ ਆਖ ਦਿੱਤਾ, ਮਾਤਾ! ਤੇਰਾ ਪੁੱਤ ਬਾਹਰ ਚਲਿਆ ਜਾਊਗਾ, ਤੂੰ ਇੰਜ ਕਰਨਾ, ਪੰਜ ਰੋਟੀਆਂ ਦੀ ਦੇਸੀ ਘਿਓ ਵਿਚ ਚੂਰੀ ਕੁੱਟ ਕੇ ਤਾਜ਼ੀ ਸੂਈ ਕੁੱਤੀ ਨੂੰ ਪੰਜ ਦਿਨ ਪਾਉਣੀ ਹੈ। ਮਾਂ ਨੇ ਇੰਜ ਹੀ ਕੀਤਾ ਸੀ।
ਮਾਂ ਕੋਰੀ ਅਨਪੜ੍ਹ ਸੀ, ਪਰ ਅੱਜ ਦੇ ਲੱਖਾਂ ਪੜ੍ਹਿਆਂ ਨਾਲੋਂ ਮਾਂ ਦਾ ਦਿਲ ਸਾਫ ਸੀ। ਦਿਲ ਵਿਚ ਕੋਈ ਹੇਰਾ-ਫੇਰੀ ਜਾਂ ਈਰਖਾ ਨਹੀਂ ਸੀ। ਸੱਚੀਂ, ਭੋਲੀ ਸੀ ਮਾਂ ਮੇਰੀ।
ਮੇਰੇ ਹਮਜਮਾਤੀ ਅੱਜ ਵੀ ਮੈਨੂੰ ਮਖੌਲ ਕਰਦੇ ਹਨ, ਕਿਵੇਂ ਆ ਕੁਲਾਰਾ! ਐਡਵੋਕੇਟ ਲੈ ਲਿਆ ਕਿ ਨਹੀਂ। ਅਸਲ ਵਿਚ ਗੱਲ ਇੰਜ ਹੋਈ, ਮੈਂ ਮੁੱਲਾਪੁਰ ਪੜ੍ਹਦਾ ਸੀ, ਉਥੇ ਚਾਹ ਪਾਣੀ ਪੀਣ ਲਈ ਪੈਸੇ ਚਾਹੀਦੇ ਹੁੰਦੇ ਸੀ। ਮਾਂ ਰੋਜ਼ ਜੇਬ ਖਰਚਾ ਤਾਂ ਨਹੀਂ ਦਿੰਦੀ ਸੀ, ਪਰ ਮੈਂ ਊਟ-ਪਟਾਂਗ ਬਹਾਨੇ ਮਾਰ ਕੇ ਪੈਸੇ ਲੈ ਜਾਂਦਾ ਸੀ।
ਅਸੀਂ ਚਾਰ ਪੰਜ ਜਣੇ ਸਾਡੇ ਘਰੋਂ ਇਕੱਠੇ ਹੀ ਤੁਰਦੇ। ਮੈਂ ਸਾਰਿਆਂ ਦਾ ਲੀਡਰ ਹੁੰਦਾ। ਇਕ ਦਿਨ ਸਾਰੇ ਮੁੰਡੇ ਘਰ ਸੀ। ਮੈਂ ਮਾਂ ਤੋਂ ਪੰਜ ਰੁਪਏ ਮੰਗੇ ਤਾਂ ਮਾਂ ਨੇ ਜਵਾਬ ਦੇ ਦਿੱਤਾ। ਮੈਂ ਹਾੜ੍ਹੇ ਕੱਢਦੇ ਨੇ ਕਿਹਾ, ਮਾਂ! ਮੈਂ ਐਡਵੋਕੇਟ ਲੈਣਾ ਹੈ। ਮਾਂ ਅਨਪੜ੍ਹ, ਉਸ ਨੂੰ ਕੀ ਪਤਾ, ਐਡਵੋਕੇਟ ਕੀ ਸ਼ੋਅ ਹੈ! ਮੈਂ ਦੋ ਕੁ ਹਾੜ੍ਹੇ ਕੱਢ ਕੇ ਪੰਜ ਰੁਪਏ ਲੈ ਗਿਆ। ਇਸ ਐਡਵੋਕੇਟ ਨੇ ਦੋ ਮਹੀਨੇ ਚਾਹ ਨਾਲ ਸਮੋਸੇ ਖੁਆਏ, ਪਰ ਫਿਰ ਮਾਂ ਨੂੰ ਪਤਾ ਲੱਗ ਗਿਆ ਕਿ ਇਹ ਐਡਵੋਕੇਟ ਕਿਸ ਨੂੰ ਕਹਿੰਦੇ ਹਨ। ਫਿਰ ਮੈਂ ਕਿੰਨੀ ਵਾਰੀ ਹੀ ਮਾਂ ਨੂੰ ‘ਸਫਲਤਾ ਦੀ ਕੁੰਜੀ’ ਲੈਣੀ ਆਖ ਕੇ ਰੁਪਏ ਲੈਂਦਾ ਰਿਹਾ। ਮਾਂ ਰੁਪਏ ਦੇ ਦਿੰਦੀ। ਅੱਜ ਡਾਲਰਾਂ ਨਾਲ ਪਰਸ ਭਰਿਆ ਪਿਆ ਹੈ, ਪਰ ਮਾਂ ਨਹੀਂ ਹੈ।
ਮਾਂ ਦੇ ਅੜਬ ਸੁਭਾਅ ਬਾਰੇ ਮੈਂ ਆਪਣੇ ਕਾਲਮ ‘ਮੂੰਹ ਆਈ ਬਾਤ’ ਵਿਚ ਬਹੁਤ ਕੁਝ ਲਿਖਿਆ, ਪਰ ਇਕ ਵਾਕਿਆ ਸਾਂਝਾ ਕਰਦਾ ਹਾਂ। ਕੋਈ ਚੀਜ਼ ਲੈਣ ਦੀ ਜ਼ਿੱਦ ਨਾਲ ਮੈਂ ਮਾਂ ਨਾਲ ਲੜ ਰਿਹਾ ਸੀ, ਲੜਦੇ-ਲੜਦੇ ਮੈਂ ਕਹਿ ਬੈਠਾ ਕਿ ਜੇ ਮੈਨੂੰ ਇਹ ਚੀਜ਼ ਨਾ ਲੈ ਕੇ ਦਿੱਤੀ ਤਾਂ ਮੈਂ ਢੱਟਾਂ ਵਾਲੀ ਰੇਲ ਥੱਲੇ ਸਿਰ ਦੇ ਦੇਣਾ ਹੈ। ਮਾਂ ਨੇ ਸੁਣ ਕੇ ਗੁੱਸੇ ਵਿਚ ਪੁੱਛਿਆ, ਟਾਈਮ ਕੀ ਹੋਇਆ ਹੈ? ਮੈਂ ਕਿਹਾ, ਦੋ ਵਜ ਗਏ ਹਨ। ਮਾਂ ਕਹਿੰਦੀ, ਛੇਤੀ ਕਰ ਢਾਈ ਵਜੇ ਵਾਲੀ ਰੇਲ ਆਉਣ ਵਾਲੀ ਹੈ, ਟਾਈਮ ਨਾਲ ਪਹੁੰਚ। ਮੈਂ ਗੁੱਸੇ ਵਿਚ ਚੱਪਲਾਂ ਪਾ ਕੇ ਘਰੋਂ ਨਿਕਲ ਤੁਰਿਆ। ਮੈਂ ਅੱਗੇ, ਮਾਂ ਪਿੱਛੇ। ਹੱਥ ਵਿਚ ਸੋਟੀ, ਦੁਪਹਿਰਾ ਟਿਕਿਆ ਹੋਇਆ ਸੀ। ਸ਼ੇਖੂਪੁਰੇ ਦੇ ਕੱਚੇ ਰਾਹ ਪੈ ਗਿਆ। ਪਿੰਡੋਂ ਦੂਰ ਨਿਕਲਿਆ ਤਾਂ ਸੋਚਿਆ, ਮਨਾ! ਪੰਗਾ ਹੀ ਲੈ ਲਿਆ। ਮਾਂ ਤਾਂ ਕਾਲੀ ਮਾਤਾ ਬਣੀ ਪਿੱਛੇ ਤੁਰੀ ਆਉਂਦੀ ਹੈ। ਰਾਹ ਵਿਚ ਕੋਈ ਮਿਲੇ ਵੀ ਨਾ, ਜਿਸ ਨੂੰ ਕਹਿ ਕੇ ਮਾਂ ਨੂੰ ਪਿੱਛੇ ਮੋੜ ਦਿੰਦਾ।
ਅਖੀਰ ਰੱਬ ਨੇ ਸਾਥ ਦਿੱਤਾ। ਰਾਹ ਵਿਚ ਨਾਜਰ ਚਾਚੇ ਦਾ ਟਿਊਬਵੈਲ ਚਲਦਾ ਸੀ। ਮੈਂ ਮਾਂ ਤੋਂ ਇਕ ਕਿੱਲਾ ਵਾਟ ਮੂਹਰੇ ਸੀ। ਮੈਨੂੰ ਦੇਖ ਕੇ ਨਾਜਰ ਚਾਚਾ ਕਹਿੰਦਾ, ਉਏ! ਤੁਹਾਨੂੰ ਕੀ ਹੋ ਗਿਆ, ਮਾਂ-ਪੁੱਤ ਨੂੰ? ਸਿਖਰ ਦੁਪਹਿਰੇ ਭੱਜੀ ਜਾਂਦੇ ਹੋ। ਮੈਂ ਝੱਟ ਦੇਣੇ ਚਾਚੇ ਨੂੰ ਸਾਰੀ ਕਹਾਣੀ ਸੁਣਾ ਦਿੱਤੀ ਤੇ ਮਾਂ ਤੋਂ ਖਹਿੜਾ ਛੁਡਾਉਣ ਲਈ ਕਿਹਾ।
“ਭਾਬੀ! ਤੂੰ ਕਮਲੀ ਹੋਈ ਐਂ, ਜੁਆਕ ਨੂੰ ਕੁੱਟਦੀ ਐਂ।”
“ਨਾਜਰਾ! ਪਰ੍ਹਾਂ ਹੋ ਜਾਹ, ਸਾਡੇ ਕੋਲ ਟਾਈਮ ਘੱਟ ਐ, ਤੇ ਰੇਲ ਆਉਣ ਵਾਲੀ ਐ। ਮੈਂ ਇਸ ਕੰਜਰ ਦਾ ਰੋਜ਼ ਦਾ ਸਿਆਪਾ ਮੁਕਾ ਆਉਣਾ।”
ਨਾਜਰ ਚਾਚੇ ਨੇ ਮਿੰਨਤਾਂ-ਤਰਲੇ ਕਰਕੇ ਮਾਂ ਨੂੰ ਸਮਝਾਇਆ, ਪਾਣੀ ਪਿਲਾ ਕੇ ਉਹਦਾ ਗੁੱਸਾ ਠੰਢਾ ਕੀਤਾ ਤਾਂ ਕਿਤੇ ਜਾ ਕੇ ਮੇਰੀ ਜਾਨ ਛੁੱਟੀ। ਅਸੀਂ ਦੋਵੇਂ ਮਾਂ-ਪੁੱਤ ਬਿਨਾ ਗੱਲ ਕੀਤਿਆਂ ਘਰ ਮੁੜ ਆਏ। ਮੈਂ ਫਿਰ ਕਦੇ ਫੋਕਾ ਡਰਾਵਾ ਨਹੀਂ ਦਿੱਤਾ ਅਤੇ ਮਾਂ ਦੇ ਅੜਬ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਿਆ ਸੀ।
ਮਾਂ ਨੇ ਪੰਜ ਪੁੱਤਾਂ ਨੂੰ ਹੀ ਜਨਮ ਦਿੱਤਾ ਸੀ, ਕੋਈ ਧੀ ਨਹੀਂ ਸੀ ਹੋਈ। ਮਾਂ ਨੇ ਸਾਡੀ ਮਾਸੀ ਦੀ ਕੁੜੀ, ਜੋ ਇਕ ਸਾਲ ਦੀ ਸੀ, ਲੈ ਆਈ ਸੀ। ਫਿਰ ਉਸ ਨੂੰ ਮਾਂ ਨੇ ਪਾਲਿਆ, ਪੜ੍ਹਾਇਆ ਤੇ ਫਿਰ ਅਸੀਂ ਹੀ ਉਸ ਦਾ ਵਿਆਹ ਕੀਤਾ। ਮਾਂ ਨੇ ਸਭ ਤੋਂ ਵੱਡਾ ਪੁੰਨ ਇਹੀ ਕੀਤਾ ਸੀ। ਸਾਡੇ ਪਿੰਡ ਦੇ ਬਹੁਤਿਆਂ ਨੂੰ ਨਹੀਂ ਪਤਾ ਕਿ ਇਹ ਕੁੜੀ ਸਾਡੀ ਮਾਸੀ ਦੀ ਹੈ। ਉਹ ਸਾਡੀ ਸਕੀ ਭੈਣ ਨਾਲੋਂ ਵੀ ਵਧ ਕੇ ਹੈ। ਮਾਂ ਨੇ ਬਹੁਤ ਔਖੇ ਦਿਨ ਦੇਖੇ ਸੀ, ਪਰ ਮੇਰੇ ਅਮਰੀਕਾ ਆਉਣ ਤੋਂ ਬਾਅਦ ਮਾਂ ਨੇ ਸਵਰਗਾਂ ਵਰਗੇ ਦਿਨ ਬਤੀਤ ਕੀਤੇ।
ਮਾਂ ਦੇ ਤੁਰ ਜਾਣ ਦੀ ਖਬਰ ਨੇ ਮੈਨੂੰ ਸੁੰਨ ਕਰ ਦਿੱਤਾ ਸੀ। ਉਸ ਦਿਨ ਮੈਂ ਘਰੇ ਇਕੱਲਾ ਹੀ ਸੀ। ਬੱਚੇ ਕੰਮਾਂ ‘ਤੇ ਗਏ ਹੋਏ ਸਨ। ਆਪੇ ਰੋਂਦਾ ਤੇ ਆਪੇ ਚੁੱਪ ਹੋ ਜਾਂਦਾ ਸੀ। ਮਾਂ ਨੂੰ ਨਾ ਮਿਲਣ ਦਾ ਝੋਰਾ ਵੱਢ-ਵੱਢ ਖਾ ਰਿਹਾ ਸੀ। ਫਿਰ ਪਿੰਡ ਇਕ ਬਜੁਰਗ ਨਾਲ ਗੱਲ ਹੋਈ, ਉਸ ਨੇ ਸਮਝਾਇਆ, ਪੁੱਤਰਾ! ਜੋ ਤੂੰ ਸੱਤ ਸਮੁੰਦਰੋਂ ਪਾਰ ਬੈਠ ਕੇ ਆਪਣੀ ਮਾਂ ਦੀ ਸੇਵਾ ਕੀਤੀ ਹੈ, ਸ਼ਾਇਦ ਤੂੰ ਇਥੇ ਹੁੰਦਾ ਤਾਂ ਉਹ ਨਾ ਕਰ ਸਕਦਾ। ਇਥੇ ਬਹੁਤੇ ਪੁੱਤਾਂ ਨੇ ਆਪਣੇ ਮਾਪੇ ਬਿਰਧ ਆਸ਼ਰਮਾਂ ਵਿਚ ਛੱਡੇ ਹੋਏ ਹਨ, ਪਰ ਤੂੰ ਆਪਣੀ ਮਾਂ ਦੇ ਹਰ ਸਾਹ ਤੋਂ ਆਪਣੀ ਜਾਨ ਵਾਰਦਾ ਰਿਹਾ। ਤੂੰ ਇਲਾਜ ਕਰਵਾਉਣ ਦੀ ਕਸਰ ਬਾਕੀ ਨਹੀਂ ਛੱਡੀ, ਤੇਰੀ ਸੇਵਾ ਕੀਤੀ ਸਫਲ ਹੈ।
31 ਮਈ 2018 ਨੂੰ ਮੈਂ ਆਪਣੇ ਪਰਿਵਾਰ ਨੂੰ 17 ਸਾਲ 8 ਮਹੀਨਿਆਂ ਬਾਅਦ ਸੈਨ ਫਰਾਂਸਿਸਕੋ ਦੀ ਧਰਤੀ ‘ਤੇ ਮਿਲਿਆ ਸੀ। ਮਾਂ ਨੇ ਮੇਰੇ ਪੱਕੇ ਹੋਣ ਲਈ ਬਹੁਤ ਅਰਦਾਸ਼ਾਂ ਕੀਤੀਆਂ। ਉਹ ਆਪਣੀ ਨੂੰਹ ਅਤੇ ਦੋ ਪੋਤਿਆਂ ਨੂੰ ਅਮਰੀਕਾ ਨੂੰ ਰਵਾਨਾ ਕਰਕੇ ਬਹੁਤ ਖੁਸ਼ ਸੀ। ਉਸ ਦੀ ਅਰਦਾਸ ਪਰਮਾਤਮਾ ਨੇ ਸੁਣ ਲਈ ਸੀ। ਹੁਣ ਬੱਸ ਉਹਦੀ ਇਕੋ ਚਾਹਤ ਸੀ: ਮੇਰਾ ਪੁੱਤ ਆ ਕੇ ਮੈਨੂੰ ਮਿਲ ਜਾਵੇ, ਪਰ ਮਾਂ ਬਿਨਾ ਮਿਲਿਆਂ ਹੀ ਤੁਰ ਗਈ।
ਮਾਂ ਨੂੰ ਬਸ ਹਰ ਰੋਜ਼ ਵੀਡੀਓ ਕਾਲ ਕਰਕੇ ਦੇਖ ਲੈਂਦਾ ਸੀ, ਗੱਲਾਂ ਕਰ ਲੈਂਦਾ ਸੀ। ਹੁਣ ਤਾਂ ਪਿੰਡ ਫੋਨ ਕਰਨ ਨੂੰ ਦਿਲ ਵੀ ਨਹੀਂ ਕਰਦਾ, ਪਿੰਡ ਜਾਣ ਨੂੰ ਦਿਲ ਨਹੀਂ ਕਰਦਾ। ਹੁਣ ਕਿਹੜਾ ਮਾਂ ਨੇ ਬੂਹੇ ਅੱਗੇ ਖੜ੍ਹ ਕੇ ਉਡੀਕਣਾ ਹੈ। ਹੁਣ ਤਾਂ ਮਾਂ ਦੀਆਂ ਯਾਦਾਂ ਨਾਲ ਜ਼ਿੰਦਗੀ ਕੱਟਣੀ ਹੈ। ਬੀਤਿਆ ਸਮਾਂ ਮੁੜ ਕੇ ਨਹੀਂ ਮਿਲਦਾ, ਗਏ ਮਾਪੇ ਦੁਬਾਰਾ ਨਹੀਂ ਮਿਲਦੇ। ਵੀਡੀਓ ਕਾਲ ਵਿਚ ਉਸ ਦੇ ਮਿਲਣ ਲਈ ਕੱਢੇ ਹਾੜ੍ਹੇ ਮੈਨੂੰ ਰੋਜ਼ ਰੁਆਉਂਦੇ ਹਨ। ਇਹ ਸਭ ਕੁਝ ਮੈਂ ਝੱਲ ਰਿਹਾ ਹਾਂ। ਸੋਚਦਾਂ, ਸਾਰਾ ਕੁਝ ਛੱਡ ਕੇ ਕਿਉਂ ਨਾ ਚੱਲਿਆ ਗਿਆ! ਜਿਹੜੇ ਉਥੇ ਰਹਿੰਦੇ ਹਨ, ਉਹ ਕਿਹੜਾ ਭੁੱਖੇ ਸੌਂਦੇ ਆ! ਹੁਣ ਹਰ ਦਿਨ ਤਾਂ ਕੀ, ਮਾਂ ਹਰ ਪਲ ਹਉਕਾ ਬਣ ਕੇ ਨਾਲ ਰਹਿੰਦੀ ਹੈ। ਸ਼ਾਲਾ! ਸਭ ਦੀਆਂ ਮਾਂਵਾਂ ਸਲਾਮਤ ਰੱਖੀਂ!! ਰੱਬ ਰਾਖਾ!!!