ਪ੍ਰਿੰਸੀਪਲ ਸਰਵਣ ਸਿੰਘ ਦਾ ਜਸਵੰਤ ਸਿੰਘ ਕੰਵਲ

ਗੁਲਜ਼ਾਰ ਸਿੰਘ ਸੰਧੂ
ਜਸਵੰਤ ਸਿੰਘ ਕੰਵਲ ਨੂੰ ਪ੍ਰਿੰਸੀਪਲ ਸਰਵਣ ਸਿੰਘ ਦਾ ਕਹਿ ਕੇ ਪੇਸ਼ ਕਰਨਾ ਗੁਸਤਾਖੀ ਤਾਂ ਹੈ, ਪਰ ਇਹ ਬੇਵਜ੍ਹਾ ਨਹੀਂ। ਸਰਵਣ ਸਿੰਘ ਪੰਜਾਬੀ ਸਾਹਿਤ ਦੇ ਤੁਰ ਗਏ ਮਹਾਰਥੀ ਨੂੰ 62 ਸਾਲ ਤੋਂ ਜਾਣਦਾ ਹੈ, 1956 ਵਿਚ ਕੰਵਲ ਵਲੋਂ ਆਪਣੇ ਪਿੰਡ ਢੁੱਡੀਕੇ ਅਰੰਭ ਕਰਵਾਏ ਖੇਡ ਮੇਲਿਆਂ ਦੇ ਸਮੇਂ ਤੋਂ। ਸਰਵਣ ਸਿੰਘ ਇਨ੍ਹਾਂ ਮੇਲਿਆਂ ਬਾਰੇ ਲਗਾਤਾਰ ਲਿਖਦਾ ਵੀ ਰਿਹਾ ਹੈ। 2020 ਦੀ ਜਨਵਰੀ ਦੇ ਅੰਤ ਵਾਲਾ ਮੇਲਾ ਇਸ ਲੜੀ ਦਾ 65ਵਾਂ ਮੇਲਾ ਸੀ। ਕੰਵਲ ਦੀ ਹਾਜਰੀ ਮੇਲੇ ਦਾ ਧੁਰਾ ਹੁੰਦਾ ਸੀ। ਸਰਵਣ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਤੇ ਦੁੱਖ ਹੈ ਕਿ ਉਸ ਦਾ ਬਾਈ ਕੰਵਲ ਸਿਹਤ ਨਾਸਾਜ਼ ਹੋਣ ਕਾਰਨ ਇਸ ਮੇਲੇ ਵਿਚ ਹਾਜ਼ਰ ਨਾ ਹੋ ਸਕਿਆ। ਪਿਛਲੇ 3-4 ਸਾਲ ਤੋਂ ਸਰਵਣ ਸਿੰਘ ਧੱਕੋ ਜ਼ੋਰੀ ਉਸ ਦੀ ਹਾਜ਼ਰੀ ਲਵਾਉਂਦਾ ਰਿਹਾ ਹੈ।

ਇਸ ਵਾਰੀ ਮੁਕੰਦਪੁਰ ਵਾਲਾ ਗੁਰਚਰਨ ਸਿੰਘ ਸ਼ੇਰਗਿੱਲ ਤੇ ਉਹ ਉਸ ਨੂੰ ਲੈਣ ਗਏ ਤਾਂ ਉਸ ਨੇ ਖਿਮਾ ਮੰਗਦਿਆਂ ਦੋਹਾਂ ਨੂੰ ਕਿਹਾ ਕਿ ਉਨ੍ਹਾਂ ਦੋਹਾਂ ਦੀ ਸ਼ਿਰਕਤ ਉਸ ਦੀ ਆਪਣੀ ਸ਼ਿਰਕਤ ਨਾਲੋਂ ਦੁੱਗਣਾ ਵਜ਼ਨ ਰੱਖਦੀ ਹੈ। ਮੀਂਹ ਦੀ ਕਿਣਮਿਣ ਨੇ ਮੌਸਮ ਵੀ ਖਰਾਬ ਕੀਤਾ ਹੋਇਆ ਸੀ। ਇਹ ਗੱਲ 28 ਜਨਵਰੀ 2020 ਦੀ ਹੈ।
ਪੰਜ ਦਿਨ ਪਿੱਛੋਂ ਪਹਿਲੀ ਫਰਵਰੀ ਨੂੰ ਬਾਈ ਕੰਵਲ ਇਸ਼ਨਾਨ ਕਰਕੇ ਕੱਪੜੇ ਪਹਿਨਣ ਲੱਗਾ ਤਾਂ ਕਮੀਜ਼ ਦੀ ਦੂਜੀ ਬਾਂਹ ਵਿਚ ਹੱਥ ਪਾਉਂਦਾ ਤੁਰ ਗਿਆ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਇਸ ਘਟਨਾ ਤੋਂ 6 ਮਹੀਨੇ ਪਹਿਲਾਂ ਸਰਵਣ ਸਿੰਘ ਆਪਣੇ ਬਾਈ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਪੂਰੀ ਪੁਸਤਕ ਲਿਖ ਚੁਕਾ ਸੀ। ਇਸ ਦਾ ਮੁੱਖ ਬੰਦ ਉਸ ਨੇ ਬਰੈਂਪਟਨ (ਕੈਨੇਡਾ) ਹੁੰਦਿਆਂ ਜੂਨ 2019 ਵਿਚ ਲਿਖਿਆ ਸੀ। ਕੰਵਲ ਵਲੋਂ ਉਮਰ ਦਾ ਸੈਂਕੜਾ ਮਾਰਨ ਸਮੇਂ ਉਸ ਲਿਖਿਆ,
“ਜਸਵੰਤ ਸਿੰਘ ਕੰਵਲ ਸੌ ਸਾਲਾਂ ਦਾ ਹੋ ਗਿਐ। ਉਸ ਨੇ ਅੱਸੀ ਸਾਲਾਂ ਤੋਂ ਲਿਖਦੇ ਰਹਿਣ ਤੇ ਸੌ ਸਾਲਾਂ ਤੋਂ ਵੱਧ ਜੀਂਦੇ ਰਹਿਣ ਦਾ ਰਿਕਾਰਡ ਰੱਖ ਦਿੱਤੈ। ਉਹਦੇ ਵਿਚਾਰਾਂ ਨਾਲ ਕੋਈ ਸਹਿਮਤ ਹੋਵੇ ਜਾਂ ਨਾ, ਪਰ ਇਹ ਤੱਥ ਸਭ ਮੰਨਦੇ ਹਨ ਕਿ ਉਸ ਨੇ ਸਭ ਤੋਂ ਵੱਧ ਪੰਜਾਬੀ ਪਾਠਕ ਪੈਦਾ ਕੀਤੇ ਹਨ। ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਉਸ ਦੀ ਵੱਡੀ ਦੇਣ ਹੈ।
ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਬੂਟਾ ਹੈ। ਉਹ ਵਗਦੀਆਂ ‘ਵਾਵਾਂ ਦੇ ਵੇਗ ਵਿਚ ਝੂਮਦੈ। ਕਦੇ ਖੱਬੇ ਲਹਿਰਾਉਂਦੇ, ਕਦੇ ਸੱਜੇ ਤੇ ਕਦੇ ਵਾਵਰੋਲੇ ਵਾਂਗ ਘੁੰਮ ਕੇ। ਉਹਦਾ ਤਣਾ ਮਜ਼ਬੂਤ ਹੈ ਤੇ ਜੜ੍ਹਾ ਡੂੰਘੀਆਂ, ਜਿਸ ਕਰਕੇ ਝੱਖੜ ਤੂਫਾਨ ਵੀ ਉਸ ਨੂੰ ਧਰਤੀ ਤੋਂ ਨਹੀਂ ਹਿਲਾ ਸਕੇ। ਉਹ ਵੇਗਮੱਤਾ ਲੇਖਕ ਹੈ ਤੇ ਲੋਹੜੇ ਦਾ ਉਪਭਾਵੁਕ। ਉਹਦੇ ਰੁਮਾਂਚਕ ਰਉਂ ‘ਚ ਲਿਖੇ ਵਾਕ ਸਿੱਧੇ ਦਿਲਾਂ ‘ਤੇ ਵਾਰ ਕਰਦੇ ਹਨ। ਉਸ ਨੇ ਹਜ਼ਾਰਾਂ ਸੰਵਾਦ ਰਚੇ, ਜੋ ਨੌਜੁਆਨਾਂ ਦੀਆਂ ਡਾਇਰੀਆਂ ਉਤੇ ਚੜ੍ਹਦੇ ਰਹੇ। ਉਹਦੀ ਪ੍ਰੀਤ ਭਿੱਜੀ ਰੁਮਾਂਚਕ ਸ਼ੈਲੀ ਨੇ ਲੱਖਾਂ ਪਾਠਕ ਪੱਟੇ। ਡਾ. ਜਸਵੰਤ ਗਿੱਲ ਉਹਦੇ ਨਾਵਲ ‘ਰਾਤ ਬਾਕੀ ਹੈ’ ਦੀ ਪੱਟੀ ਹੋਈ ਢੁੱਡੀਕੇ ਆ ਬੈਠੀ ਸੀ।
ਚੜ੍ਹਦੀ ਜਵਾਨੀ ਵਿਚ ਉਹ ਹੀਰ ਗਾਉਂਦਾ, ਕਵਿਤਾ ਲਿਖਦਾ ਸਾਧਾਂ ਸੰਤਾਂ ਤੇ ਵੈਲੀਆਂ ਬਦਮਾਸ਼ਾਂ ਦੀ ਸੰਗਤ ਕਰਦਾ, ਵੇਦਾਂਤ ਤੇ ਮਾਰਕਸਵਾਦ ਪੜ੍ਹਦਾ, ਸੱਜੇ ਖੱਬੇ ਕਾਮਰੇਡਾਂ ਤੇ ਨਕਸਲੀਆਂ ਦਾ ਹਮਦਰਦ ਬਣਦਾ, ਪ੍ਰੋ. ਕਿਸ਼ਨ ਸਿੰਘ ਦੇ ਨਿਤਾਰੇ ਮਾਰਕਸੀ ਨਜ਼ਰੀਏ ਤੋਂ ਸਿੱਖ ਇਨਕਲਾਬ ਵੱਲ ਮੋੜਾ ਪਾਉਂਦਾ, ਸਿੱਖ ਹੋਂਮਲੈਂਡ ਦਾ ਸਮਰਥਨ ਕਰਦਾ, ਖਾੜਕੂਆਂ ਦਾ ਹਮਦਰਦ ਬਣ ਗਿਆ। ਸਿਆਸੀ ਨੇਤਾਵਾਂ ਨੂੰ ਖੁੱਲ੍ਹੀਆਂ ਚਿੱਠੀਆਂ ਲਿਖਦਾ ਪੰਥ-ਪੰਥ ਤੇ ਪੰਜਾਬ-ਪੰਜਾਬ ਕਰਨ ਲੱਗ ਪਿਆ। ਅਖੀਰ ਉਹ ‘ਪੰਜਾਬ ਤੇਰਾ ਕੀ ਬਣੂੰ?’ ਦੇ ਝੌਰੇ ਝੂਰਨ ਲੱਗ ਪਿਐ।”
ਗੱਲਾਂ ਗੱਲਾਂ ਵਿਚ ਸਰਵਣ ਸਿੰਘ ਨੇ ਇਹ ਵੀ ਦੱਸਿਆ, “ਦਸੰਬਰ 2018 ਤੱਕ ਉਹਦੀ ਸਿਹਤ ਠੀਕ ਠਾਕ ਸੀ। ਥੋੜ੍ਹਾ ਉਚਾ ਸੁਣਦਾ ਸੀ, ਪਰ ਨਜ਼ਰ ਬਿਲਕੁਲ ਠੀਕ ਸੀ। ਕੋਈ ਹਾਲ ਪੁੱਛੇ ਤਾਂ ਆਖਦਾ, ਮੇਰਾ ਤਾਂ ਚੰਗੈ, ਪੰਜਾਬ ਦਾ ਮਾੜੈ।”
ਕੰਵਲ ਕੋਲ ਰਾਤ ਕੱਟਣ ਤੋਂ ਪਿੱਛੋਂ ਸਰਵਣ ਸਿੰਘ ਨੇ ਉਸ ਦੇ ਸਰ੍ਹਾਣੇ ਤੋਂ ਇਕ ਕਾਗਜ਼ ਚੁੱਕਿਆ, ਜੋ ਉਸ ਨੇ ਤਾਜ਼ਾ ਤਾਜ਼ਾ ਲਿਖਿਆ ਸੀ। ਲਿਖਤ ਸਾਫ ਤੇ ਸ਼ਬਦ-ਜੋੜ ਸ਼ੁੱਧ।
ਪੰਜਾਬੀ ਲੋਕ ਗੀਤਾਂ ਦੇ ਬੋਲ:
ਕਾਲੀ ਗਾਨੀ ਮਿੱਤਰਾਂ ਦੀ
ਗਲ ਪਾ ਕੇ ਲੱਖਾਂ ਦੀ ਹੋ ਜਾਹ।
ਆਪਣਾ ਆਪ ਸੰਭਾਲ ਕੁੜੀਏ
ਤੂੰ ਜਾਣਾ ਅਗਲੇ ਜਹਾਨ ਕੁੜੀਏ।
ਜੱਗ ਜਿਉਂਦੀਆਂ ਰਹਿਣ ਭਰਜਾਈਆਂ
ਪਾਣੀ ਮੰਗੇ ਦੁੱਧ ਦਿੰਦੀਆਂ।
ਤੇਰਾ ਵਾਲ ਵਿੰਗ ਨਾ ਹੋਵੇ
ਤੇਰੀ ਆਈ ਮੈਂ ਮਰ ਜਾਂ।
ਮੇਰੇ ਗੁਰੂ ਕੋਲ ਬਰਕਤਾਂ ਬੇਥਾਹ
ਵਰਤਦਾ ਸੰਕੋਚ ਨਾਲ ਹੈ।
ਸਰਵਣ ਸਿੰਘ ਨੇ ਪੁਰਾਣੇ ਪੈਡ ਦੇ ਅੱਧੇ ਕਾਗਜ਼ ਉਤੇ ਲਿਖੀ ਇਹ ਲਿਖਤ ਸਾਂਭ ਕੇ ਰੱਖਣ ਲਈ ਆਪਣੇ ਬਟੂਏ ਵਿਚ ਪਾ ਲਈ। ਉਹ ਚੰਡੀਗੜ੍ਹ ਵਾਲੇ ਪੁਸਤਕ ਮੇਲੇ ਉਤੇ ਮਿਲਿਆ ਤਾਂ ਆਪਣੇ ਬਾਈ ਦੀ ਹੱਥ ਲਿਖਤ ਮੈਨੂੰ ਵੀ ਵਿਖਾਈ। ਲੋਕ ਬੋਲਾਂ ਵਿਚ ਵਖਰੇਵਾਂ ਸੀ, ਪਰ ਲਿਖਣ ਸਮੇਂ ਕੰਵਲ ਦਾ ਹੱਥ ਉਕਾ ਵੀ ਨਹੀਂ ਸੀ ਡੋਲਿਆ। ਮੈਂ ਘਰ ਆ ਕੇ ਸਰਵਣ ਸਿੰਘ ਦੀ ਪੁਸਤਕ ਵਿਚੋਂ ਮੁੱਖ ਬੰਦ ਦੇ ਅੰਤਲੇ ਪੈਰੇ ਪੜ੍ਹੇ।
“ਉਸ ਨੂੰ ਲਿਖਣ ਦੀ ਪ੍ਰੇਰਨਾ ਗੁਰਬਾਣੀ, ਵਾਰਸ ਦੀ ਹੀਰ, ਸੂਫੀ ਕਵਿਤਾ ਤੇ ਲੋਕ ਗੀਤਾਂ ਤੋਂ ਮਿਲੀ ਸੀ। ਪ੍ਰੋ. ਪੂਰਨ ਸਿੰਘ, ਵਿਕਟਰ ਹਿਊਗੋ, ਚਾਰਲਸ ਡਿਕਨਜ਼, ਬਾਲਜਾਕ ਤੇ ਟਾਲਸਟਾਏ ਆਦਿ ਲੇਖਕਾਂ ਤੋਂ ਪ੍ਰਭਾਵਿਤ ਹੋਇਆ। ਉਹ ਭਾਵੇਂ ਦਸਵੀਂ ‘ਚ ਅੜ ਗਿਆ ਸੀ, ਪਰ ਲਿਖਣ ‘ਚ ਏਨਾ ਅੱਗੇ ਵਧਿਆ ਕਿ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਡੀ. ਲਿੱਟ ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨਿਆ। ਪੰਜਾਬ ਸਰਕਾਰ ਨੇ ਸਾਹਿਤ ਰਤਨ ਦਾ ਖਿਤਾਬ ਦਿੱਤਾ। ਪੰਜਾਬੀ ਸਾਹਿਤ ਅਕਾਦਮੀ ਤੇ ਭਾਰਤੀ ਸਾਹਿਤ ਅਕਾਦਮੀ ਨੇ ਵੀ ਆਪੋ ਆਪਣੇ ਅਵਾਰਡ ਦਿੱਤੇ। ਉਸ ਨੂੰ ਸਰਵਸ੍ਰੇਸ਼ਟ ਪੁਰਸਕਾਰ ਨਾਲ ਵਡਿਆਇਆ ਗਿਆ। ਸੈਮਸੰਗ ਕੰਪਨੀ ਨੇ ਸਾਹਿਤ ਅਕਾਦਮੀ ਦਿੱਲੀ ਰਾਹੀਂ ਟੈਗੋਰ ਯਾਦਗਾਰੀ ਅਵਾਰਡ ਦਿੱਤਾ…।”
ਇਹ ਪੜ੍ਹਦਿਆਂ ਮੈਨੂੰ ਵੀ ਚੇਤੇ ਆਇਆ ਕਿ ਮੇਰੇ ਵਿਆਹ ਸਮੇਂ ਮੇਰੇ ਜਾਂਜੀਆਂ ਵਿਚ ਪ੍ਰੋ. ਮੋਹਨ ਸਿੰਘ, ਡਾ. ਸਾਧੂ ਸਿੰਘ ਹਮਦਰਦ, ਸੰਤ ਸਿੰਘ ਸੇਖੋਂ, ਐਸ਼ ਐਸ਼ ਮੀਸ਼ਾ, ਕੁਲਵੰਤ ਸਿੰਘ ਵਿਰਕ, ਸ਼ਿਵ ਕੁਮਾਰ ਬਟਾਲਵੀ ਜਿਹੇ ਉਚ ਦੁਮਾਲੜੇ ਮਹਾਰਥੀ ਸਨ, ਪਰ ਮੇਰੀ ਹੋਣ ਵਾਲੀ ਬੀਵੀ ਦੇ ਨੌਜਵਾਨ ਭਤੀਜੇ ਨਿਰਾਸ਼ ਹੋ ਗਏ ਕਿ ਉਨ੍ਹਾਂ ਵਿਚ ਉਨ੍ਹਾਂ ਦਾ ਮਨਭਾਉਂਦਾ ਲੇਖਕ ਕੰਵਲ ਨਹੀਂ ਸੀ। ਉਦੋਂ ਉਹ ਮੇਰਾ ਨਹੀਂ, ਪ੍ਰਿੰ. ਸਰਵਣ ਸਿੰਘ ਤੇ ਉਹਦੇ ਵਰਗਿਆਂ ਦਾ ਬਾਈ ਸੀ। ਸਰਵਣ ਸਿੰਘ ਨੇ ਆਪਣੀ ਪੁਸਤਕ ਨੂੰ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਸਿਰਲੇਖ ਦੇ ਕੇ ਉਸ ਨੂੰ ਦੁਨੀਆਂ ਭਰ ਦੇ ਪੰਜਾਬੀਆਂ ਦੇ ਬਾਈ ਵਾਲਾ ਸਤਿਕਾਰ ਦਿੱਤਾ ਹੈ। ਹੋਰ ਪੁਛਦੇ ਹੋ ਤਾਂ ਉਸ ਨੇ ਪੁਸਤਕ ਦੇ ਪਹਿਲੇ ਕਾਂਡ ਦਾ ਨਾਂ ਵੀ ‘ਪੰਜਾਬੀਆਂ ਦਾ ਰਸੂਲ ਹਮਜ਼ਾਤੋਵ’ ਰੱਖਿਆ ਹੈ। ਕਿਸੇ ਹੋਰ ਲੇਖਕ ਨੇ ਕੰਵਲ ਨੂੰ ਇਹ ਰੁਤਬਾ ਦਿੱਤਾ? ਹੈ ਨਾ ਮੇਰੀ ਗੁਸਤਾਖੀ ਵਿਚ ਦਮ!
ਅੰਤਿਕਾ: ਬਾਬਾ ਸ਼ੇਖ ਫਰੀਦ
ਫਰੀਦਾ ਖਾਕੁ ਨਾ ਨਿੰਦੀਐ
ਖਾਕੁ ਜੇਡੁ ਨਾ ਕੋਇ॥
ਜੀਵਦਿਆ ਪੈਰਾ ਤਲੈ
ਮੁਇਆ ਉਪਰਿ ਹੋਇ॥