ਗੱਲ ਏਧਰਲੇ ਪੰਜਾਬ ਦੀ ਤੇ ਓਧਰਲੇ ਪੰਜਾਬ ਦੀ

ਇਸ ਫਾਨੀ ਸੰਸਾਰ ਤੋਂ ਰੁਖਸਤ ਹੋਈ ਨਾਮੀ ਲੇਖਕਾ ਡਾ. ਦਲੀਪ ਕੌਰ ਟਿਵਾਣਾ ਦੀ ਪੰਜਾਬੀ ਸਾਹਿਤ ਜਗਤ ਨੂੰ ਦੇਣ ਅਮੁੱਲ ਹੈ। ਉਸ ਨੇ ਆਪਣੇ ਨਾਵਲਾਂ, ਕਹਾਣੀਆਂ ਅਤੇ ਵਾਰਤਕ ਵਿਚ ਪੰਜਾਬੀ ਸਭਿਆਚਾਰ ਨੂੰ ਬੁਲੰਦ ਕੀਤਾ। ਇਥੇ ਅਸੀਂ ਆਪਣੇ ਪਾਠਕਾਂ ਲਈ ਉਨ੍ਹਾਂ ਦਾ ਦੋਹਾਂ ਪੰਜਾਬਾਂ ਬਾਰੇ ਲਿਖਿਆ ਲੇਖ ਛਾਪ ਰਹੇ ਹਾਂ, ਜਿਸ ਵਿਚ ਉਨ੍ਹਾਂ ਦੇ ਵਿਚਾਰਾਂ ਦੇ ਦਰਸ਼ਨ ਤਾਂ ਹੁੰਦੇ ਹੀ ਹਨ, ਦੋਹਾਂ ਪੰਜਾਬਾਂ ਦੇ ਆਰ-ਪਾਰ ਬੈਠੇ ਲੋਕਾਂ ਦੇ ਵਲਵਲੇ ਵੀ ਸਾਹਮਣੇ ਆਉਂਦੇ ਹਨ।

-ਸੰਪਾਦਕ

ਦਲੀਪ ਕੌਰ ਟਿਵਾਣਾ

ਕਈ ਸਾਲ ਹੋਏ ਪਾਕਿਸਤਾਨੀ ਲੇਖਕਾ ਅਫਜ਼ਲ ਤੌਸੀਫ ਦਿੱਲੀ ਅੰਮ੍ਰਿਤਾ ਨੂੰ ਮਿਲਣ ਆਈ। ਉਸ ਕੋਲ ਭਾਵੇਂ ਪਟਿਆਲੇ ਦਾ ਵੀਜ਼ਾ ਨਹੀਂ ਸੀ, ਉਹ ਟੈਕਸੀ ਵਿਚ ਪਟਿਆਲੇ, ਪੰਜਾਬੀ ਯੂਨੀਵਰਸਿਟੀ ਸਾਡੇ ਘਰ ਆ ਗਈ। “ਮੇਰੇ ਕਿਹੜਾ ਮੱਥੇ ‘ਤੇ ਲਿਖਿਆ ਹੋਇਆ ਕਿ ਮੈਂ ਪਾਕਿਸਤਾਨੀ ਹਾਂ। ਮੈਂ ਵੀ ਤਾਂ ਤੁਹਾਡੇ ਲੋਕਾਂ ਜਿਹੀ ਹੀ ਹਾਂ। ਨਾਲੇ ਜੇ ਕੋਈ ਪੁੱਛ ਵੀ ਲੈਂਦਾ ਤਾਂ ਮੈਂ ਆਖਣਾ ਸੀ ਕਿ ਮੈਂ ਟਿਵਾਣਾ ਦੇ ਘਰ ਚੱਲੀ ਹਾਂ। ਫੇਰ ਮੈਨੂੰ ਕੀਹਨੇ ਰੋਕਣਾ ਸੀ। ਸੁਣਿਐ ਇਧਰਲੇ ਪੰਜਾਬ ਵਿਚ ਲੋਕ ਤੇਰੀ ਬੜੀ ਇੱਜਤ ਕਰਦੇ ਨੇ।” ਉਸ ਨੇ ਚਾਹ ਪੀਂਦੀ ਨੇ ਹੱਸ ਕੇ ਦੱਸਿਆ।
ਫੇਰ ਅੱਗੋਂ ਆਖਣ ਲੱਗੀ, “ਜਲੰਧਰ ਕੋਲ ਸਾਡਾ ਪਿੰਡ ਹੈ। ਉਥੇ ਹੁਣ ਸਾਡਾ ਕੋਈ ਨਹੀਂ। ਹੱਲਿਆਂ ਵੇਲੇ ਮੇਰੇ ਸਾਰੇ ਘਰਦਿਆਂ ਨੂੰ ਵੱਢ ਕੇ ਖੂਹ ‘ਚ ਸੁੱਟ ਦਿੱਤਾ ਸੀ। ਉਸ ਵੇਲੇ ਮੈਂ ਕਿਧਰੇ ਗਈ ਹੋਈ ਸਾਂ ਤਾਂ ਬਚ ਗਈ। ਬੜਾ ਜੀਅ ਕਰਦਾ ਸੀ ਕਿ ਆਪਣੇ ਪੇਕਿਆਂ ਦੀ ਧਰਤੀ ਨੂੰ ਦੇਖਣ ਦਾ। ਤੂੰ ਸੁਣਾ, ਤੇਰਾ ਕੀ ਹਾਲ ਐ। ਅੰਮ੍ਰਿਤਾ ਤੈਨੂੰ ਬੜਾ ਯਾਦ ਕਰਦੀ ਸੀ। ਉਸੇ ਨੂੰ ਮੈਂ ਪੁੱਛਿਆ ਸੀ ਕਿ ਹੋਰ ਮੈਂ ਕੀਹਨੂੰ ਮਿਲਣ ਜਾਵਾਂ। ਉਸ ਨੇ ਤੇਰਾ ਨਾਂ ਲਿਆ ਸੀ।”
“ਚੰਗਾ ਕੀਤਾ। ਹੁਣ ਸਾਡੇ ਕੋਲ ਰਹਿਣਾ ਦੋ ਚਾਰ ਦਿਨ।” ਮੈਂ ਕਿਹਾ।
“ਟੈਕਸੀ ਵਾਲੇ ਨੂੰ ਮੈਂ ਮੋੜ ਦਿੱਤਾ। ਇਕ ਅੱਧ ਦਿਨ ਤਾਂ ਰਹਾਂਗੀ ਨਾ। ਤੇਰਾ ਸਰਦਾਰ ਜੀ ਤਾਂ ਨਹੀਂ ਗੁੱਸੇ ਹੋ ਸੀ?” ਉਸ ਨੇ ਪੁੱਛਿਆ। ਫੇਰ ਕਹਿਣ ਲੱਗੀ, “ਉਂਜ ਮੈਂ ਆਪੇ ਸੋਚ ਲਿਆ ਸੀ ਕਿ ਤੇਰਾ ਘਰ ਵਾਲਾ ਕੋਈ ਆਮ ਬੰਦਾ ਤਾਂ ਹੋਵੇਗਾ ਨਹੀਂ, ਜੋ ਤੇਰੇ ਨਾਲ ਨਾਰਾਜ਼ ਹੋਵੇ, ਬਈ ਮੁਸਲਮਾਨ ਔਰਤ ਨੂੰ ਘਰ ਰੱਖ ਲਿਐ। ਤੇਰਾ ਬਸ ਇਕੋ ਬੇਟਾ ਐ ਨਾ?”
“ਹਾਂ। ਬਹੁਤ ਸਾਊ ਹੈ।” ਮੈਂ ਕਿਹਾ।
ਉਹ ਹੱਸ ਪਈ ਤੇ ਕਹਿਣ ਲੱਗੀ, “ਮੇਰਾ ਵੀ ਇਕੋ ਬੇਟਾ ਐ। ਬਹੁਤ ਸ਼ਰੀਫ। ਉਸ ਦਾ ਮੈਂ ਬੜੇ ਚਾਵਾਂ ਨਾਲ ਵਿਆਹ ਕੀਤਾ, ਪਰ ਵਹੁਟੀ ਲੈ ਕੇ ਅੱਡ ਹੋ ਗਈ। ਹੁਣ ਮੈਨੂੰ ਸਮਝ ਆਉਂਦੀ ਹੈ ਕਿ ਕਿਸੇ ਨੇ ਸੱਚ ਆਖਿਆ ਹੈ, ‘ਨੋਟ ਤੁੜਵਾਇਆ ਤੇ ਗਿਆ, ਮੁੰਡਾ ਵਿਆਹਿਆ ਤੇ ਗਿਆ।’ ਹੁਣ ਮੁੰਡਾ ਮੇਰਾ ਬੜਾ ਦੁਖੀ ਹੈ। ਵਹੁਟੀ ਉਸ ਦੀ ਨੂੰ ਆਪਣੇ ਆਪ ਤੋਂ ਬਿਨਾ ਕਿਸੇ ਦਾ ਖਿਆਲ ਹੀ ਨਹੀਂ। ਕੁੜੀਆਂ ਵਿਆਹ ਤੋਂ ਪਹਿਲਾਂ ਕੁਝ ਹੋਰ ਹੁੰਦੀਆਂ ਨੇ, ਵਿਆਹ ਪਿਛੋਂ ਹੋਰ ਹੋ ਜਾਂਦੀਆਂ ਨੇ। ਹਾਂ ਸੱਚ, ਤੂੰ ਮੇਰਾ ਕੁਝ ਪੜ੍ਹਿਆ ਵੀ ਹੈ ਕਿ ਨਹੀਂ।”
“ਮੈਂ ਕਹਾਣੀਆਂ ਦੀਆਂ ਤੁਹਾਡੀਆਂ ਤਿੰਨ ਕਿਤਾਬਾਂ ਪੜ੍ਹੀਆਂ ਨੇ।” ਮੈਂ ਕਿਹਾ।
“ਮੈਨੂੰ ਪਤਾ ਐ ਮੈਂ ਚੰਗਾ ਲਿਖਦੀ ਹਾਂ। ਉਂਜ ਤਾਂ ਰੱਬ ਦਾ ਦਿੱਤਾ ਸਭ ਕੁਝ ਐ, ਫੇਰ ਵੀ ਖੋਹ ਜਿਹੀ ਪੈਂਦੀ ਰਹਿੰਦੀ ਐ। ਜੀਅ ਕਰਦੈ ਸਮਾਂ ਪੁੱਠਾ ਗਿੜ ਜਾਵੇ, ਮੁੜ ਕੇ ਉਹੀ ਆਪਣਾ ਗਰਾਂ, ਉਹੀ ਸਾਰੇ ਲੋਕ ਤੇ ਸਭ ਕੁਝ ਪਹਿਲਾਂ ਜਿਹਾ ਹੋ ਜਾਵੇ। ਇਸ ਵਾਰੀ ਤਾਂ ਨਹੀਂ, ਅਗਲੀ ਵਾਰੀ ਵੀਜ਼ਾ ਲੈ ਕੇ ਮੈਂ ਆਪਣੇ ਪਿੰਡ ਜਾਵਾਂਗੀ ਤੇ ਉਹ ਖੂਹ ਵੀ ਦੇਖ ਕੇ ਆਵਾਂਗੀ, ਜਿਸ ਵਿਚ ਮੇਰੇ ਸਾਰੇ ਘਰ ਦੇ ਵੱਢ ਕੇ ਸੁੱਟੇ ਸਨ। ਮੈਂ ਦੇਖਣਾ ਚਾਹਾਂਗੀ ਕਿ ਉਥੋਂ ਦੇ ਲੋਕ ਕਿਵੇਂ ਜਿਉਂਦੇ ਨੇ। ਸਾਨੂੰ ਯਾਦ ਕਰਦੇ ਨੇ ਕਿ ਨਹੀਂ। ਖਵਰੇ ਅਜੇ ਵੀ ਮੇਰੇ ਘਰਦਿਆਂ ਦੀਆਂ ਹੱਡੀਆਂ ਉਸੇ ਖੂਹ ‘ਚ ਪਈਆਂ ਹੋਣ।” ਤੌਸੀਫ ਨੇ ਕਿਹਾ।
“ਤੌਸੀਫ, ਸੋਚ ਕੇ ਇਹ ਬਹੁਤ ਅਜੀਬ ਲੱਗਦੈ; ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਸੀ।” ਮੈਂ ਆਖਿਆ।
ਤੌਸੀਫ ਨੇ ਕਿਹਾ, “ਦਿਨੇ ਤਾਂ ਕੰਮਾਂ-ਧੰਦਿਆਂ ਵਿਚ ਭੁੱਲ ਜਾਂਦੈ। ਰਾਤ ਨੂੰ ਜਦੋਂ ਕਦੇ ਅੱਖ ਖੁੱਲ੍ਹ ਜਾਵੇ ਤਾਂ ਮੈਂ ਇਧਰ ਆਪਣੇ ਪਿੰਡ ਤੁਰੀ ਫਿਰਦੀ ਰਹਿੰਦੀ ਹਾਂ। ਕਦੇ-ਕਦੇ ਇਹ ਵੀ ਸੋਚੀਦੈ, ਉਹ ਤਾਂ ਕੋਈ ਡਰਾਉਣਾ ਸੁਪਨਾ ਸੀ।”
ਮੇਰੇ ਕੋਲ ਤੌਸੀਫ ਦੀਆਂ ਗੱਲਾਂ ਦਾ ਕੋਈ ਜੁਆਬ ਨਹੀਂ ਸੀ। ਉਹ ਫਿਰ ਪੁੱਛਣ ਲੱਗੀ, “ਟਿਵਾਣਾ, ਜਦੋਂ ਬੰਦਿਆਂ ਦੀਆਂ ਆਪਸੀ ਲੜਾਈਆਂ ਹੁੰਦੀਆਂ ਨੇ ਤਾਂ ਗਾਲ੍ਹਾਂ ਔਰਤਾਂ ਨੂੰ ਕੱਢਦੇ ਨੇ, ਉਨ੍ਹਾਂ ਦਾ ਸਾਰਾ ਵਹਿਸ਼ੀਪਣ ਵੀ ਔਰਤਾਂ ‘ਤੇ ਹੀ ਕਿਉਂ ਨਿਕਲਦੈ?”
“ਇਸ ਲਈ ਕਿ ਆਦਮੀਆਂ ਦੇ ਮੁਕਾਬਲੇ ਔਰਤਾਂ ਕਮਜ਼ੋਰ ਹੁੰਦੀਆਂ ਨੇ, ਸੰਕਟ ਦੀ ਘੜੀ ਬਹੁਤ ਡਰ ਜਾਂਦੀਆਂ ਨੇ।” ਮੈਂ ਉਤਰ ਦਿੱਤਾ।
“ਤੁਹਾਡੇ ਗੁਰੂ ਨੇ ਔਰਤਾਂ ਨੂੰ ਵੀ ਛੋਟੀ ਕਿਰਪਾਨ ਪਾ ਕੇ ਰੱਖਣ ਲਈ ਸ਼ਾਇਦ ਇਸੇ ਲਈ ਆਖਿਆ ਸੀ ਕਿ ਸੰਕਟ ਦੀ ਘੜੀ ਉਹ ਜ਼ਾਲਮ ਦਾ ਟਾਕਰਾ ਕਰ ਸਕਣ।” ਤੌਸੀਫ ਬੋਲੀ।
ਉਸ ਰਾਤ ਤੌਸੀਫ ਮੇਰੇ ਨਾਲ ਬੜੀ ਰਾਤ ਤਕ ਇਧਰ-ਓਧਰ ਦੀਆਂ ਗੱਲਾਂ ਕਰਦੀ ਰਹੀ। ਉਸ ਨੇ ਇਹ ਵੀ ਆਖਿਆ ਕਿ ਦੇਸ਼ ਦੀ ਵੰਡ ਕਰਕੇ ਅੰਗਰੇਜ਼ ਸਾਨੂੰ ਕਿੱਡਾ ਬੇਵਕੂਫ ਬਣਾ ਗਏ ਨੇ, ਬਈ ਆਪਸ ‘ਚ ਲੜੀ ਜਾਓ, ਮਰੀ ਜਾਓ।
ਇਉਂ ਤੌਸੀਫ ਸਾਡੇ ਕੋਲ ਦੋ ਦਿਨ ਰਹੀ। ਜਾਣ ਤੋਂ ਪਹਿਲਾਂ ਉਸ ਨੇ ਆਖਿਆ, “ਕਿੱਡੀ ਸ਼ਾਂਤੀ ਹੈ ਤੇਰੀ ਯੂਨੀਵਰਸਿਟੀ ‘ਚ, ਤੇ ਤੇਰੇ ਘਰ ਵਿਚ। ਤੂੰ ਮੈਨੂੰ ਹਮੇਸ਼ਾ ਲਈ ਇਥੇ ਰੱਖ ਲੈ।” ਉਸ ਨੇ ਜਿਵੇਂ ਤਰਲੇ ਵਾਂਗ ਆਖਿਆ।
“ਜੇ ਮੇਰੇ ਵੱਸ ਹੋਵੇ, ਮੈਂ ਪਾਰਟੀਸ਼ਨ ਵਾਲੀ ਲਕੀਰ ਨੂੰ ਹੀ ਮਿਟਾ ਦਿਆਂ।” ਮੈਂ ਕਿਹਾ।
“ਹੋ ਸਕਦੈ, ਸੌ ਦੋ ਸੌ ਸਾਲਾਂ ਨੂੰ ਸਾਡੇ ਨਾਲੋਂ ਵੱਧ ਸਿਆਣੇ ਤੇ ਸਾਡੇ ਨਾਲੋਂ ਵੱਧ ਚੰਗੇ ਲੋਕ ਇਸ ਧਰਤੀ ‘ਤੇ ਵਸਦੇ ਹੋਣ। ਫੇਰ ਉਹ ਪਾਰਟੀਸ਼ਨ ਨੂੰ ਬੇਵਕੂਫੀ ਸਮਝ ਪਾਰਟੀਸ਼ਨ ਵਾਲੀ ਲਕੀਰ ਨੂੰ ਮੇਟ ਦੇਣ।” ਮੈਂ ਆਖਿਆ।
ਤੀਜੇ ਦਿਨ ਜਦ ਉਹ ਜਾਣ ਲੱਗੀ ਤਾਂ ਮੈਂ ਉਸ ਨੂੰ ਸਿਲਕ ਦੇ ਦੋ ਸੂਟ, ਲੱਡੂਆਂ ਦਾ ਡੱਬਾ ਦਿੱਤਾ।
“ਇਹ ਕੀ?” ਉਸ ਨੇ ਪੁੱਛਿਆ।
“ਪਰਲੇ ਪਾਰ ਜੇ ਤੇਰੇ ਸਹੁਰੇ ਨੇ ਤਾਂ ਉਰਲੇ ਪਾਰ ਤੇਰੇ ਪੇਕੇ ਨੇ। ਪੇਕਿਆਂ ਦੇ ਘਰੋਂ ਧੀ ਖਾਲੀ ਨਹੀਂ ਜਾਂਦੀ ਹੁੰਦੀ।” ਇਹ ਸੁਣ ਕੇ ਉਸ ਦੀਆਂ ਅੱਖਾਂ ਛਲਕ ਪਈਆਂ ਤੇ ਕਿਹਾ, “ਤੂੰ ਵੀ ਕਦੇ ਉਧਰ ਮੇਰੇ ਘਰ ਆ।”
“ਠੀਕ ਹੈ, ਮੈਂ ਵੀ ਆਵਾਂਗੀ।” ਮੈਂ ਇਹ ਕਹਿ ਕੇ ਉਸ ਨੂੰ ਆਪਣੀ ਕਾਰ ‘ਚ ਦਿੱਲੀ ਭੇਜ ਦਿੱਤਾ, ਕਿਉਂਕਿ ਉਸ ਨੇ ਦਿੱਲੀ ਤੋਂ ਹੀ ਵਾਪਸ ਜਾਣਾ ਸੀ।
ਕੁਝ ਸਾਲਾਂ ਪਿਛੋਂ ਮੇਰਾ ਉਧਰ ਪਾਕਿਸਤਾਨ ਜਾਣ ਦਾ ਸਬੱਬ ਬਣ ਗਿਆ। ਆਲਮੀ ਪੰਜਾਬੀ ਕਾਨਫਰੰਸ ਉਦੋਂ ਲਾਹੌਰ ਵਿਚ ਹੋਣੀ ਸੀ। ਇਸ ਦਾ ਪ੍ਰਬੰਧ ਫਖਰ ਜ਼ਮਾਨ ਨੇ ਕੀਤਾ ਸੀ। ਬਹੁਤ ਸਾਰੇ ਹੋਰ ਲੋਕਾਂ ਦੇ ਨਾਲ ਮੈਨੂੰ ਵੀ ਉਸ ਕਾਨਫਰੰਸ ‘ਚ ਸੱਦਿਆ ਗਿਆ ਸੀ। ਅੰਗਰੇਜ਼ਾਂ ਵੇਲੇ ਦੇ ਇਕ ਆਲੀਸ਼ਾਨ ਮਹਿੰਗੇ ਹੋਟਲ ਵਿਚ ਸਾਨੂੰ ਠਹਿਰਾਇਆ ਗਿਆ। ਉਥੇ ਰਹਿਣ, ਖਾਣ-ਪੀਣ ਦਾ ਪ੍ਰਬੰਧ ਕਾਨਫਰੰਸ ਵਾਲਿਆਂ ਦਾ ਸੀ, ਸਿਰਫ ਬੈੱਡ ਟੀ ਅਸੀਂ ਪੱਲਿਓਂ ਪੀਣੀ ਸੀ। ਮੈਨੂੰ ਤੇ ਹਰਜਿੰਦਰ ਕੌਰ ਨੂੰ ਇਕ ਕਮਰੇ ਵਿਚ ਠਹਿਰਾਇਆ ਗਿਆ ਸੀ। ਸਵੇਰੇ-ਸਵੇਰੇ ਬੈਰਾ ਦੋ ਕੱਪ ਚਾਹ ਦੇ ਲੈ ਆਇਆ। ਕੱਪ ਲੈਣ ਆਏ ਬੈਰੇ ਦੀ ਟਰੇਅ ਵਿਚ ਮੈਂ ਸੌ ਦਾ ਨੋਟ ਰੱਖ ਦਿੱਤਾ ਤੇ ਉਹ ਸਲਾਮ ਕਰਕੇ ਚਲਾ ਗਿਆ।
ਹਰਜਿੰਦਰ ਕੌਰ ਮੈਨੂੰ ਪੁੱਛਣ ਲੱਗੀ ਕਿ ਇਹ ਬਾਕੀ ਦੇ ਪੈਸੇ ਦੇਣ ਨਹੀਂ ਆਊਗਾ। ਮੈਂ ਆਖਿਆ ਕਿ ਪਤਾ ਨਹੀਂ। ਉਸ ਨੇ ਟੈਲੀਫੋਨ ਕਰਕੇ ਇਕ ਡੈਲੀਗੇਟ ਤੋਂ ਪੁੱਛਿਆ ਕਿ ਬੈੱਡ ਟੀ ਦਾ ਕੱਪ ਕਿੰਨੇ ਦਾ ਹੈ। ਪਤਾ ਲੱਗਣ ‘ਤੇ ਉਸ ਨੇ ਮੈਨੂੰ ਹੈਰਾਨ ਹੋ ਕੇ ਦੱਸਿਆ ਕਿ ਇਥੇ ਇਕ ਚਾਹ ਦਾ ਕੱਪ ਚਾਲੀ ਰੁਪਏ ਦਾ ਹੈ। ਮੈਂ ਹੱਸ ਕੇ ਕਿਹਾ ਕਿ ਤਾਂ ਹੀ ਸਵੇਰੇ ਬੈਰਾ ਅੱਸੀ ਰੁਪਏ ਦੇ ਚਾਹ ਦੇ ਦੋ ਕੱਪ ਤੇ ਵੀਹ ਰੁਪਏ ਟਿੱਪ ਦੇ ਸਮਝ ਕੇ ਲੈ ਕੇ ਸਲਾਮ ਕਰਕੇ ਚਲਾ ਗਿਆ।
“ਮੈਂ ਤਾਂ ਸੋਚਿਆ ਸੀ ਕਿ ਕੱਲ੍ਹ ਨੂੰ ਬੈੱਡ ਟੀ ਦੇ ਪੈਸੇ ਮੈਂ ਦੇ ਦਿਆਂਗੀ, ਪਰ ਨਾ ਬਾਬਾ ਨਾ, ਕੱਲ੍ਹ ਆਪਾਂ ਬੈੱਡ ਟੀ ਮੰਗਵਾਉਣੀ ਹੀ ਨਹੀਂ। ਕਿਹੜਾ ਸੌ ਰੁਪਏ ਵਿਚ ਚਾਹ ਦੇ ਦੋ ਕੱਪ ਮੰਗਵਾਏ।” ਹਰਜਿੰਦਰ ਕੌਰ ਨੇ ਦਲੀਲ ਦਿੱਤੀ।
“ਇਸ ਹਿਸਾਬ ਨਾਲ ਸਾਡੀ ਰਿਹਾਇਸ਼ ਤੇ ਰੋਟੀ-ਪਾਣੀ ‘ਤੇ ਕਿੰਨਾ ਖਰਚ ਕਰਦੇ ਹੋਣਗੇ ਤੇ ਸੌ ਰੁਪਏ ਬਚਾਉਣ ਲਈ ਬੈੱਡ ਟੀ ਨਾ ਪੀਈਏ, ਇਹ ਚੰਗਾ ਨਹੀਂ ਲੱਗਣਾ।” ਮੈਂ ਕਿਹਾ।
ਕਾਨਫਰੰਸ ਦਾ ਪਹਿਲਾ ਸੈਸ਼ਨ ਖਤਮ ਹੋਣ ਨੂੰ ਸੀ। ਮੈਨੂੰ ਦੱਸਿਆ ਗਿਆ ਕਿ ਅਖਬਾਰ ਵਿਚ ਡੈਲੀਗੇਟਾਂ ਦੀ ਲਿਸਟ ਵਿਚ ਤੁਹਾਡਾ ਨਾਂ ਪੜ੍ਹ ਕੇ ਇਧਰਲੇ ਕੁਝ ਟਿਵਾਣੇ ਤੁਹਾਨੂੰ ਮਿਲਣ ਆਏ ਨੇ।
“ਅਸੀਂ ਤੇ ਬੜੇ ਖੁਸ਼ ਹੋਏ, ਜਦ ਪਤਾ ਲੱਗਿਐ, ਸਾਡੀ ਆਪਾ ਆਈ ਐ। ਇਸੇ ਲਈ ਮਿਲਣ ਆ ਗਏ ਹਾਂ।” ਦਾਨੇ ਸਿਆਣੇ ਤੇ ਕਈ ਨੌਜਵਾਨ ਵੱਡਾ ਸਾਰਾ ਗੁਲਾਬ ਦੀਆਂ ਡੋਡੀਆਂ ਦਾ ਗੁਲਦਸਤਾ ਅਤੇ ਵੱਡਾ ਸਾਰਾ ਕੇਕ ਲੈ ਕੇ ਆਏ ਸਨ।
ਇਕ ਨੇ ਕਿਹਾ, “ਕੋਈ ਅਜਿਹਾ ਸਿਲਸਿਲਾ ਬਣਾਓ ਕਿ ਆਪਾਂ ਇਧਰ-ਓਧਰ ਆਉਂਦੇ ਜਾਂਦੇ ਰਹੀਏ ਤੇ ਮਿਲਦੇ ਜੁਲਦੇ ਰਹੀਏ।”
ਮੈਂ ਦੱਸਿਆ, “ਉਧਰ ਟਿਵਾਣਾ ਬ੍ਰਦਰਹੁੱਡ ਨਾਂ ਦੀ ਸੰਸਥਾ ਬਣੀ ਹੋਈ ਹੈ। ਤੁਸੀਂ ਉਸ ਦੇ ਮੈਂਬਰ ਬਣ ਜਾਓ। ਫੇਰ ਆਉਣਾ-ਜਾਣਾ ਸੌਖਾ ਹੋ ਜਾਵੇਗਾ।”
“ਠੀਕ ਹੈ, ਫਾਰਮ ਸਾਨੂੰ ਭਿਜਵਾ ਦਿਓ।” ਇਕ ਬੋਲਿਆ। ਫੇਰ ਕਾਫੀ ਚਿਰ ਗੱਲਾਂ-ਬਾਤਾਂ ਹੁੰਦੀਆਂ ਰਹੀਆਂ।
ਮੈਂ ਕਿਹਾ, “ਇਹ ਕੇਕ ਹੁਣੇ ਕੱਟ ਲੈਂਦੇ ਹਾਂ। ਮੈਂ ਲੈ ਕੇ ਨਹੀਂ ਜਾ ਸਕਣਾ।”
“ਤੁਸੀਂ ਹੇਠਾਂ ਦੇ ਦੇਣਾ। ਉਹ ਸਾਰੇ ਡੈਲੀਗੇਟਾਂ ਨੂੰ ਦੇ ਦੇਣਗੇ।” ਇਕ ਬੋਲਿਆ।
ਫੇਰ ਉਨ੍ਹਾਂ ਵਿਚੋਂ ਇਕ ਨੇ ਕਿਹਾ, “ਆਪਾ, ਕੱਲ੍ਹ ਆਪਾਂ ਸਰਗੋਧੇ ਚਲਦੇ ਹਾਂ ਮੇਰੇ ਪਿੰਡ।”
“ਮੇਰੇ ਕੋਲ ਤਾਂ ਵੀਜ਼ਾ ਸਿਰਫ ਲਾਹੌਰ ਦਾ ਹੈ।” ਮੈਂ ਦੱਸਿਆ।
“ਜਦ ਇਹ ਤੁਹਾਡੇ ਨਾਲ ਹੋਣਗੇ, ਵੀਜ਼ਾ ਪੁੱਛਣ ਦੀ ਕਿਸ ਦੀ ਮਜ਼ਾਲ ਐ। ਪੁਲਿਸ ਵਾਲੇ ਤੁਹਾਨੂੰ ਆਪ ਐਸਕੋਰਟ ਕਰਕੇ ਲੈ ਕੇ ਜਾਣਗੇ।” ਉਸ ਨੇ ਕਿਹਾ।
ਉਹ ਸ਼ਾਇਦ ਆਪਣੇ ਇਲਾਕੇ ਦਾ ਕੋਈ ਵੱਡਾ ਬੰਦਾ ਸੀ। ਮੈਂ ਆਖਿਆ, “ਅਗਲੀ ਵਾਰੀ ਆਵਾਂਗੀ ਸਰਗੋਧੇ।”
ਜਾਣ ਲੱਗਿਆਂ ਉਨ੍ਹਾਂ ਵਿਚੋਂ ਇਕ ਤਕੜੇ ਜਿਹੇ ਚਾਲੀਆਂ ਤੋਂ ਉਪਰ ਟੱਪੇ ਬੰਦੇ ਵੱਲ ਹੱਥ ਕਰਕੇ ਇਕ ਨੇ ਕਿਹਾ, “ਇਨ੍ਹਾਂ ਦੀ ਗੱਡੀ ਹਰ ਵੇਲੇ ਤੁਹਾਡੇ ਲਈ ਏਥੇ ਰਹੇਗੀ। ਫੰਕਸ਼ਨ ਪਿਛੋਂ ਜਿਥੇ ਜਿਥੇ ਆਖਿਆ ਕਰੋਗੇ, ਲੈ ਜਾਇਆ ਕਰੇਗੀ।”
ਮੈਂ ਧੰਨਵਾਦ ਕੀਤਾ ਤੇ ਉਹ ਬੜੇ ਆਦਰ ਨਾਲ ਸਲਾਮ ਆਖ ਕੇ ਚਲੇ ਗਏ।
ਅਗਲੇ ਦਿਨ ਦੇ ਸੈਸ਼ਨ ਪਿਛੋਂ ਉਹ ਬੰਦਾ ਵੱਡੀ ਸਾਰੀ ਕਾਰ ਲਈ ਉਸ ਹੋਟਲ ਦੇ ਸਾਹਮਣੇ ਮੈਨੂੰ ਤੇ ਹਰਜਿੰਦਰ ਕੌਰ ਨੂੰ ਮਿਲਿਆ ਤੇ ਪੁੱਛਿਆ, “ਆਪਾ, ਕਿਥੇ ਜਾਣਾ ਚਾਹੋਗੇ? ਉਂਜ ਮਲਿਕ ਸਾਬ੍ਹ ਨੇ ਵੀ ਤੁਹਾਨੂੰ ਆਪਣੇ ਘਰ ਸੱਦਿਆ ਹੋਇਆ ਹੈ। ਪਹਿਲਾਂ ਕੁਝ ਥਾਂਵਾਂ ਦੇਖ ਲਓ। ਫੇਰ ਉਧਰ ਚਲੇ ਚਲਾਂਗੇ।”
ਉਸ ਨੇ ਸਾਨੂੰ ਲਾਹੌਰ ਦਾ ਮਿਊਜ਼ੀਅਮ ਦਿਖਾਇਆ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਕੁੜੀਆਂ ਦੇ ਕਾਲਜ ਲੈ ਕੇ ਗਿਆ, ਫੇਰ ਕਿਸੇ ਦੇ ਘਰ ਲੈ ਗਿਆ, ਜਿਥੇ ਉਸ ਪਰਿਵਾਰ ਨੇ ਕੁਝ ਇਤਿਹਾਸਕ ਚੀਜ਼ਾਂ ਸਾਂਭੀਆਂ ਹੋਈਆਂ ਸਨ। ਇਸ ਪਿਛੋਂ ਉਹ ਮਲਿਕ ਸਾਬ੍ਹ ਦੇ ਘਰ ਲੈ ਗਿਆ। ਘਰ ਕੀ ਸੀ, ਪੂਰਾ ਮਹਿਲ ਸੀ। ਮਹਿਲ ਵਾਂਗ ਹੀ ਪਹਿਰੇਦਾਰ-ਗਾਰਡ, ਮਹਿਲ ਜਿਹੀ ਹੀ ਘਰ ਦੀ ਸਜਾਵਟ ਤੇ ਫਰਨੀਚਰ। ਡਰਾਇੰਗ ਰੂਮ ‘ਚ ਤਿੰਨ ਚਾਰ ਬੰਦੇ ਸਨ, ਜੋ ਤਪਾਕ ਨਾਲ ਮਿਲੇ, “ਵੂਈ ਆਰ ਪਰਾਊਡ ਆਫ ਆਪਾ।”
ਚਾਂਦੀ ਦੇ ਬਰਤਨਾਂ ਵਿਚ ਚਾਹ ਆ ਗਈ। ਮੈਂ ਇਧਰ ਓਧਰ ਝਾਕੀ ਤਾਂ ਘਰ ਦਾ ਮਾਲਕ ਸਮਝ ਗਿਆ ਤੇ ਆਖਣ ਲੱਗਾ, “ਆਪਾ, ਭਾਬੀ ਨੂੰ ਜ਼ਨਾਨਖਾਨੇ ਵਿਚ ਜਾ ਕੇ ਮਿਲਣਾ ਪਵੇਗਾ।”
ਚਾਹ ਪੀਣ ਪਿਛੋਂ ਬੈਰਾਨੁਮਾ ਬੰਦਾ ਮੈਨੂੰ ਅੰਦਰ ਲੈ ਗਿਆ। ਅਤਿ ਸੁੰਦਰ ਬੇਗਮ ਨੇ ਸਲਾਮ ਅਰਜ਼ ਕੀਤੀ। ਬੇਗਮ ਨੇ ਛੋਟੇ-ਛੋਟੇ ਦੋ ਬੱਚਿਆਂ ਨੂੰ ਆਖਿਆ, “ਆਪ ਕੀ ਬੂਆ ਇੰਡੀਆ ਸੇ ਆਈ ਹੈ।” ਉਸ ਤੋਂ ਮੈਨੂੰ ਪਤਾ ਲੱਗਾ ਕਿ ਵੱਡੇ ਘਰਾਂ ਦੀਆਂ ਔਰਤਾਂ ਖੁੱਲ੍ਹੇਆਮ ਨਹੀਂ ਵਿਚਰਦੀਆਂ।
“ਆਪ ਕੁਛ ਦਿਨ ਹਮਾਰੇ ਪਾਸ ਹੀ ਰਹੀਏ।” ਉਸ ਨੇ ਮੇਰਾ ਹੱਥ ਫੜਦਿਆਂ ਆਖਿਆ।
“ਹੁਣ ਤਾਂ ਵੀਜ਼ਾ ਮੇਰਾ ਕਾਨਫਰੰਸ ਤਕ ਦਾ ਹੀ ਹੈ। ਤੁਹਾਡੇ ਕੋਲ ਰਹਿਣ ਲਈ ਫੇਰ ਆਵਾਂਗੀ।” ਮੈਂ ਕਿਹਾ।
“ਤੁਸੀਂ ਵੀ ਕਦੇ ਆਓ।” ਮੈਂ ਫੇਰ ਕਿਹਾ।
“ਹਮ ਗਏ ਹੈਂ ਦੋ ਬਾਰ। ਮਗਰ ਦੇਹਲੀ ਸੇ ਹੀ ਘੂਮ ਫਿਰ ਕੇ ਵਾਪਸ ਆ ਜਾਤੇ ਹੈਂ। ਹਮਾਰਾ ਉਧਰ ਕੋਈ ਹੈ ਹੀ ਨਹੀਂ। ਹਮ ਤੋ ਸ਼ੁਰੂ ਸੇ ਹੀ ਇਧਰ ਹੈਂ।” ਬੇਗਮ ਬੋਲੀ।
ਫੇਰ ਉਸ ਨੇ ਖਾਨਸਾਮੇ ਨੂੰ ਆਖਿਆ, “ਆਪਾ ਕੋ ਕੁਛ ਖਿਲਾਓ। ਮੂੰਹ ਮੀਠਾ ਕਰਾਓ।”
ਖਾਨਸਾਮਾ ਪਲੇਟ ਵਿਚ ਪਿਸਤੇ ਕਾਜੂ ਦੀ ਵਰਕਾਂ ਵਾਲੀ ਬਰਫੀ ਲੈ ਆਇਆ। ਫਿਰ ਬੇਗਮ ਉਠ ਕੇ ਅੰਦਰੋਂ ਮੇਰੇ ਲਈ ਸਿਲਕ ਦਾ ਜ਼ਰੀ ਨਾਲ ਕੱਢਿਆ ਸੂਟ ਲੈ ਆਈ ਤੇ ਕਿਹਾ, “ਯੇ ਹਮਾਰੀ ਤਰਫ ਸੇ। ਆਪ ਕਾ ਸ਼ੁਕਰੀਆ, ਆਪ ਹਮਾਰੇ ਘਰ ਆਏ।”
ਮੈਂ ਉਸ ਔਰਤ ਨੂੰ ਦੇਖਦੀ ਰਹਿ ਗਈ।
ਅਗਲੇ ਦਿਨ ਸੈਸ਼ਨ ਪਿਛੋਂ ਉਹੀ ਵੱਡੀ ਸਾਰੀ ਕਾਰ ਵਾਲਾ ਭਾਈ ਮੈਨੂੰ ਤੇ ਹਰਜਿੰਦਰ ਕੌਰ ਨੂੰ ਪੁੱਛਣ ਲੱਗਾ, “ਅੱਜ ਕਿਥੇ ਚਲਨਾ ਜੇ।”
ਹਰਜਿੰਦਰ ਨੇ ਕਿਹਾ, “ਕੱਪੜੇ ਦੀਆਂ ਦੁਕਾਨਾਂ ਵੱਲ ਲੈ ਚਲੋ। ਉਥੋਂ ਅਸੀਂ ਚਿਕਨ ਦੇ ਸੂਟ ਖਰੀਦਣੇ ਨੇ।”
ਸਾਨੂੰ ਉਹ ਕੱਪੜੇ ਦੀਆਂ ਦੁਕਾਨਾਂ ਵੱਲ ਲੈ ਗਿਆ।
ਉਸ ਨੇ ਕਿਹਾ, “ਅੱਗੇ ਸੜਕ ਭੀੜੀ ਹੈ, ਕਾਰ ਅੱਗੇ ਨਹੀਂ ਜਾ ਸਕਣੀ। ਮੈਂ ਇਥੇ ਵੇਟ ਕਰਾਂਗਾ। ਤੁਸੀਂ ਅੱਗੇ ਜਾ ਕੇ ਸੂਟ ਲੈ ਆਓ।”
ਉਸ ਭੀੜੀ ਸੜਕ ਦੇ ਦੋਵੇਂ ਪਾਸੇ ਕੱਪੜੇ ਦੀਆਂ ਦੁਕਾਨਾਂ ਸਨ। ਅਸੀਂ ਦੋ ਤਿੰਨ ਦੁਕਾਨਾਂ ‘ਤੇ ਚਿਕਨ ਦੇਖੀ, ਚੰਗੀ ਸੀ ਪਰ ਮਹਿੰਗੀ ਬਹੁਤ ਸੀ।
ਹਰਜਿੰਦਰ ਨੇ ਆਖਿਆ, “ਏਡੀ ਮਹਿੰਗੀ ਚਿਕਨ ਕੀ ਕਰਨੀ ਐ।” ਅਸੀਂ ਵਾਪਸ ਆ ਗਈਆਂ। ਸਾਨੂੰ ਖਾਲੀ ਮੁੜੀਆਂ ਆਉਂਦੀਆਂ ਨੂੰ ਦੇਖ ਕਾਰ ਵਾਲੇ ਭਾਈ ਨੇ ਆਖਿਆ, “ਤੁਸੀਂ ਪੰਜ ਮਿੰਟ ਬੈਠੋ, ਮੈਂ ਹੁਣੇ ਆਇਆ।”
ਸਾਨੂੰ ਉਥੇ ਬਿਠਾ ਕੇ ਉਹ ਬਾਜ਼ਾਰ ਵੱਲ ਗਿਆ।
“ਆਪਾਂ ਅੱਜ ਸ਼ਾਮ ਨੂੰ ਤੁਹਾਡੇ ਉਸ ਕਰਨਲ ਟਿਵਾਣੇ ਵੱਲ ਡਿਨਰ ‘ਤੇ ਵੀ ਜਾਣਾ, ਭੁੱਲ ਨਾ ਜਾਇਓ।” ਹਰਜਿੰਦਰ ਕੌਰ ਨੇ ਮੈਨੂੰ ਆਖਿਆ।
“ਭੁੱਲਣਾ ਕੀ ਐ। ਉਹ ਕਾਰ ਵਾਲੇ ਭਾਈ ਨੂੰ ਪੱਕਾ ਕਰ ਕੇ ਗਿਆ ਕਿ ਸੱਤ ਵਜੇ ਸਾਨੂੰ ਉਸ ਦੇ ਘਰ ਲੈ ਜਾਵੇ।”
“ਵੈਸੇ ਕਿੰਨਾ ਚੰਗਾ ਹੈ ਇਹ ਭਾਈ।” ਮੈਂ ਕਿਹਾ।
“ਇਥੋਂ ਦੇ ਲੋਕਾਂ ਦਾ ਮੋਹ-ਪਿਆਰ ਦੇਖ ਕੇ ਇਥੇ ਰਹਿਣ ਨੂੰ ਜੀ ਕਰ ਰਿਹਾ ਹੈ।” ਹਰਜਿੰਦਰ ਨੇ ਕਿਹਾ।
“ਫੇਰ ਤਾਂ ਮੈਨੂੰ ਤੇਰੀ ਰਾਖੀ ਕਰਨੀ ਪੈਣੀ ਐ, ਕਿਸੇ ਨਾਲ ਭੱਜ ਹੀ ਨਾ ਜਾਵੇਂ।” ਮੈਂ ਹੱਸ ਕੇ ਕਿਹਾ। ਏਨੇ ਨੂੰ ਕਾਰ ਵਾਲਾ ਭਾਈ ਵਾਪਸ ਆ ਗਿਆ।
ਉਸ ਦੇ ਹੱਥ ਵਿਚ ਦੋ ਲਿਫਾਫੇ ਸਨ। ਉਸ ਨੇ ਕਾਰ ‘ਚ ਬੈਠਣ ਤੋਂ ਪਹਿਲਾਂ ਉਹ ਲਿਫਾਫੇ ਮੈਨੂੰ ਫੜਾਉਂਦੇ ਆਖਿਆ ਕਿ ਆਪਾ ਇਹ ਸੂਟ ਤੁਹਾਡੇ ਦੋਵਾਂ ਲਈ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਉਸ ਦਾ ਧੰਨਵਾਦ ਕਿਵੇਂ ਕਰਾਂ।
ਹਰਜਿੰਦਰ ਨੇ ਲਿਫਾਫੇ ਖੋਲ੍ਹ ਕੇ ਵੇਖੇ। ਉਹ ਵਧੀਆ ਚਿਕਨ ਦੇ ਇਕੋ ਜਿਹੇ ਦੋ ਸੂਟ ਸਨ। ਉਦੋਂ ਹੀ ਤੌਸੀਫ ਦਾ ਫੋਨ ਆਇਆ ਕਿ ਤੁਸੀਂ ਕਿਥੇ ਹੋ? ਅੱਜ ਤਾਂ ਤੁਸੀਂ ਮੇਰੇ ਵੱਲ ਆਉਣਾ ਸੀ।
“ਬਸ ਹੁਣ ਅਸੀਂ ਤੇਰੇ ਵੱਲ ਹੀ ਆ ਰਹੇ ਹਾਂ।” ਮੈਂ ਕਿਹਾ। ਇਸ ਪਿਛੋਂ ਅਸੀਂ ਤੌਸੀਫ ਦੇ ਘਰ ਗਏ। ਸਾਦਾ ਜਿਹਾ ਸਲੀਕੇ ਨਾਲ ਰੱਖਿਆ ਸੀ ਘਰ। “ਮੈਨੂੰ ਸਮਝ ਨਹੀਂ ਆਉਂਦੀ, ਤੁਹਾਡੀ ਕੀ ਖਾਤਿਰਦਾਰੀ ਕਰਾਂ। ਮੇਰੇ ਪੇਕਿਆਂ ਤੋਂ ਆਏ ਹੋ।” ਉਸ ਨੇ ਕਿਹਾ।
“ਸੂਟ ਸਾਨੂੰ ਮਿਲ ਗਏ ਨੇ। ਤੁਹਾਡਾ ਪਿਆਰ ਹੀ ਬਹੁਤ ਹੈ।” ਮੈਂ ਕਿਹਾ। ਉਸ ਨੇ ਪਲਾਸਟਿਕ ਦੇ ਸੱਚੀਮੁੱਚੀ ਦੇ ਦਿਸਦੇ ਫਲਾਂ ਦੀ ਟੋਕਰੀ ਦਿੱਤੀ।
ਸੁਨਹਿਰੀ ਕਢਾਈ ਵਾਲੀਆਂ ਗੱਦੀਆਂ ਦਿੱਤੀਆਂ ਤੇ ਆਪਣੀ ਪਸੰਦ ਦਾ ਅਤਿ ਸੁਆਦ ਖਾਣਾ ਖੁਆਇਆ ਤੇ ਅੱਖਾਂ ਭਰ ਕੇ ਆਖਣ ਲੱਗੀ, “ਮੇਰਾ ਜੀਅ ਕਰਦਾ, ਮੇਰਾ ਕੀ, ਸਭ ਦਾ ਜੀਅ ਕਰਦਾ ਕਿ ਸਾਨੂੰ ਚੀਰ ਕੇ ਅੱਡ ਕਰਨ ਵਾਲੀ ਵੰਡ ਦੀ ਲੀਕ ਮਿਟ ਜਾਵੇ। ਮੁੜ ਕੇ ਪਹਿਲਾਂ ਵਾਲਾ ਪੰਜਾਬ ਬਣ ਜਾਵੇ। ਜੋ ਵੱਢੇ ਟੁੱਕੇ ਤੇ ਮਾਰੇ ਗਏ ਨੇ, ਮੁੜ ਕੇ ਜਿਉਂਦੇ ਹੋ ਜਾਣ। ਅਸੀਂ ਉਵੇਂ ਰਲ ਮਿਲ ਕੇ ਰਹੀਏ। ਹੁਣ ਵਾਲਾ ਜਿਉਣਾ ਕੀ ਜਿਉਣਾ ਹੋਇਆ!”
“ਤੌਸੀਫ ਇਧਰਲੇ ਲੋਕ ਵੀ ਤੇ ਓਧਰਲੇ ਲੋਕ ਵੀ ਦੁਆ ਕਰਦੇ ਨੇ। ਖਵਰੇ ਰੱਬ ਕਦੇ ਸੁਣ ਹੀ ਲਵੇ।” ਮੈਂ ਉਸ ਦਾ ਹੱਥ ਫੜ ਕੇ ਦਿਲਾਸਾ ਦੇਣਾ ਚਾਹਿਆ, ਪਰ ਉਸ ਦਾ ਰੋਣਾ ਥੰਮ੍ਹਦਾ ਹੀ ਨਹੀਂ ਸੀ।
ਕਰਨਲ ਟਿਵਾਣੇ ਦੇ ਘਰ ਰਾਤ ਨੂੰ ਜਾਣਾ ਸੀ। ਮੈਨੂੰ ਤੌਸੀਫ ਕੋਲ ਛੱਡ ਹਰਜਿੰਦਰ ਨੇ ਹੋਰ ਕਈ ਥਾਂਵਾਂ ‘ਤੇ ਜਾਣਾ ਸੀ। ਉਹ ਕਾਰ ਵਾਲੇ ਭਾਈ ਨਾਲ ਚਲੀ ਗਈ।
ਆਥਣੇ ਜਦੋਂ ਹਰਜਿੰਦਰ ਮੁੜ ਕੇ ਆਈ ਤਾਂ ਉਸ ਨੇ ਮੈਨੂੰ ਦੱਸਿਆ ਕਿ ਬੜਾ ਪਿਆਰ ਕਰਦੇ ਨੇ ਇਥੋਂ ਦੇ ਲੋਕ। ਜਿਥੇ ਵੀ ਗਈ, ਲੋਕਾਂ ਨੇ ਮੱਲੋ-ਮੱਲੀ ਤੋਹਫੇ ਫੜਾ ਦਿੱਤੇ। ਅਗਲੀ ਵਾਰੀ ਆਪਾਂ ਜਦੋਂ ਕਦੇ ਆਏ, ਅਸੀਂ ਇਨ੍ਹਾਂ ਸਭ ਲਈ ਕੁਝ ਨਾ ਕੁਝ ਲੈ ਕੇ ਆਵਾਂਗੇ।”
ਤੌਸੀਫ ਨੂੰ ਨਾਲ ਲਿਜਾ ਕੇ ਅਸੀਂ ਕਰਨਲ ਦੇ ਘਰ ਵੱਲ ਜਾ ਰਹੇ ਸੀ ਤਾਂ ਕਰਨਲ ਦਾ ਫੋਨ ਆਇਆ ਕਿ ਡਿਨਰ ਮੈਸ ਵਿਚ ਹੈ, ਉਥੇ ਆ ਜਾਇਓ।
ਮੈਂ ਸੋਚਿਆ ਕਿ ਘਰੇ ਵਹੁਟੀ ਦੀ ਖੇਚਲ ਬਚਾਉਣ ਲਈ ਖਾਣਾ ਮੈਸ ਵਿਚ ਕਰ ਦਿੱਤਾ ਹੋਣਾ।
ਉਥੇ ਪਹੁੰਚ ਕੇ ਪਤਾ ਲੱਗਾ ਕਿ ਕਰਨਲ ਨੇ 100-150 ਲੋਕਾਂ ਨੂੰ ਖਾਣੇ ‘ਤੇ ਬੁਲਾਇਆ ਹੋਇਆ ਸੀ। ਬਹੁਤ ਸਾਰੇ ਵਿਚੋਂ ਟਿਵਾਣੇ ਹੀ ਸਨ ਤੇ ਮੈਨੂੰ ਮਿਲਣ ਆਏ ਸਨ। ਪਤਾ ਲੱਗਾ ਕਿ ਇਧਰ ਪਾਕਿਸਤਾਨ ਵਿਚ ਟਿਵਾਣੇ ਬਹੁਤ ਹਨ। ਮੈਂ ਕਰਨਲ ਟਿਵਾਣਾ ਨੂੰ ਆਖਿਆ, “ਅਸੀਂ ਤਾਂ ਗਰੇਟਫੁੱਲ ਹਾਂ ਏਸ ਟਿਵਾਣੇ ਦੇ, ਜੋ ਕੰਮਕਾਰ ਛੱਡ ਕੇ ਸਾਰਾ ਵੇਲਾ ਸਾਡਾ ਡਰਾਈਵਰ ਬਣਿਆ ਰਹਿੰਦਾ ਹੈ।” ਉਹ ਮੇਰੀ ਗੱਲ ਸੁਣ ਕੇ ਹੱਸਿਆ ਤੇ ਕਹਿਣ ਲੱਗਾ, “ਆਪਾ ਜਾਣਦੇ ਓ ਉਹ ਕੌਣ ਐ। ਪੰਜਾਬ ਦਾ ਸਭ ਤੋਂ ਅਮੀਰ ਬੰਦਾ। ਅੱਠ ਹਜ਼ਾਰ ਏਕੜ ਭੋਇੰ ਦਾ ‘ਕੱਲਾ ਮਾਲਕ। ਸਭ ਤੋਂ ਮਹਿੰਗੀ ਕਾਰ ਪੰਜਾਬ ਵਿਚ ਸਭ ਤੋਂ ਪਹਿਲਾਂ ਇਸੇ ਦੇ ਘਰ ਆਉਂਦੀ ਐ। ਆਪਣੇ ਗਾਰਡਾਂ ਤੋਂ ਬਿਨਾ ਤੁਹਾਡਾ ਡਰਾਈਵਰ ਬਣਿਆ ਪੁਰਾਣੀ ਕਾਰ ‘ਚ ਤੁਹਾਡੇ ਨਾਲ ਇਸ ਕਰਕੇ ਤੁਰਿਆ ਫਿਰਦੈ ਕਿ ਕੋਈ ਇਸ ਨੂੰ ਪਛਾਣ ਨਾ ਲਵੇ। ਉਥੇ ਜਦੋਂ ਅਸੀਂ ਸਾਰੇ ਹੋਟਲ ਵਿਚ ਤੁਹਾਨੂੰ ਮਿਲਣ ਗਏ ਸੀ ਤਾਂ ਉਸ ਨੇ ਆਪ ਹੀ ਆਖਿਆ ਸੀ, ਆਪਾ ਜਿੰਨੇ ਦਿਨ ਇਥੇ ਰਹਿਣਗੇ, ਮੈਂ ਇਨ੍ਹਾਂ ਨਾਲ ਰਹਾਂਗਾ।”
ਡਿਨਰ ਪਿਛੋਂ ਤੌਸੀਫ ਸਾਨੂੰ ਫੂਡ ਸਟਰੀਟ ਦਿਖਾਉਣ ਲੈ ਗਈ। ਉਥੇ ਸੜਕ ਦੇ ਦੋਵੇਂ ਪਾਸੀਂ ਖਾਣ-ਪੀਣ ਦੀਆਂ ਹਰ ਤਰ੍ਹਾਂ ਦੀਆਂ ਦੁਕਾਨਾਂ ਸਨ। ਦੁਕਾਨਦਾਰ ਵਾਰ-ਵਾਰ ਆਪਣੀਆਂ ਦੁਕਾਨਾਂ ਵੱਲ ਸੱਦ ਰਹੇ ਸਨ ਤੇ ਆਖਦੇ ਸਨ, “ਤੁਸੀਂ ਜੋ ਮਰਜ਼ੀ ਖਾਓ, ਜੋ ਮਰਜ਼ੀ ਪੀਓ, ਅਸੀਂ ਪੈਸੇ ਕੋਈ ਨਹੀਂ ਲੈਣੇ, ਤੁਸੀਂ ਸਾਡੇ ਭੈਣ ਭਾਈ ਓਧਰਲੇ ਪੰਜਾਬ ਤੋਂ ਆਏ ਹੋ।”
ਜਿਸ ਦੁਕਾਨ ਅੱਗੇ ਵੀ ਮਾੜਾ ਜਿਹਾ ਅਸੀਂ ਰੁਕਦੇ, ਦੁਕਾਨਦਾਰ ਕਦੇ ਰਸ-ਮਲਾਈ, ਕਦੇ ਗਰਮ-ਗਰਮ ਜਲੇਬੀਆਂ, ਕਿਤੇ ਚਾਟ, ਕਿਤੇ ਪੀਲੇ ਖੁਸ਼ਬੂਦਾਰ ਚੌਲ ਆਦਿ ਚੀਜ਼ਾਂ ਪਲੇਟਾਂ ਵਿਚ ਪਾ ਕੇ ਕਾਹਲੀ ਕਾਹਲੀ ਲੈ ਆਉਂਦੇ ਤੇ ਮਿੰਨਤ ਵਾਂਗ ਆਖਦੇ: ਜ਼ਰੂਰ ਕੁਝ ਨਾ ਕੁਝ ਖਾ ਲਓ। ਉਨ੍ਹਾਂ ਨੂੰ ਦੇਖ ਕੇ ਇਉਂ ਲੱਗਦਾ ਸੀ, ਜਿਵੇਂ ਅਸੀਂ ਉਨ੍ਹਾਂ ਨੂੰ ਮਸਾਂ ਮਿਲੇ ਸੀ।
ਜਿਸ ਦਿਨ ਅਸੀਂ ਵਾਪਸ ਆਉਣਾ ਸੀ, ਗੱਡੀ ਚੜ੍ਹਾਉਣ ਆਏ ਲੋਕਾਂ ਦੀ ਬੇਸ਼ੁਮਾਰ ਭੀੜ ਸੀ। ਫਿਰ ਆਉਣ ਲਈ ਤਾਕੀਦਾਂ ਕਰ ਰਹੇ ਸਨ। ਕਈ ਤਾਂ ਹੌਲੀ ਤੁਰਦੀ ਗੱਡੀ ਦੇ ਨਾਲ ਹੱਥ ਹਿਲਾਉਂਦੇ ਭੱਜੇ ਆ ਰਹੇ ਸਨ।
ਇਕ ਨੌਜਵਾਨ, ਜੋ ਹਰਜਿੰਦਰ ਕੋਲ ਬੈਠਾ ਸੀ, ਗੱਡੀ ਚੱਲਣ ਵੇਲੇ ਨਾ ਉਠਿਆ, ਨਾ ਗੱਡੀ ਵਿਚੋਂ ਉਤਰਿਆ। ਉਹ ਬਹੁਤ ਉਦਾਸ ਸੀ, “ਉਤਰਨਾ ਨਹੀਂ?” ਹਰਜਿੰਦਰ ਨੇ ਹੱਸ ਕੇ ਪੁੱਛਿਆ।
“ਮੈਂ ਇਸੇ ਗੱਡੀ ਵਿਚ ਬੈਠਾ ਇਉਂ ਹੀ ਮੁੜ ਆਵਾਂਗਾ। ਇਉਂ ਮੈਂ ਉਧਰਲੀ ਧਰਤੀ ਨੂੰ ਗੱਡੀ ਵਿਚ ਬੈਠਾ ਨੇੜਿਓਂ ਹੀ ਤੱਕ ਲਵਾਂਗਾ।” ਉਸ ਨੇ ਕਿਹਾ।
ਤੌਸੀਫ ਕਈ ਵਰ੍ਹੇ ਹੋਏ ਇਹ ਦੁਨੀਆਂ ਛੱਡ ਕੇ ਜਾ ਚੁਕੀ ਹੈ। ਮੈਂ ਹੁਣ ਵੀ ਕਈ ਵਾਰੀ ਦੋਵਾਂ ਪੰਜਾਬਾਂ ਦੇ ਲੋਕਾਂ ਦਾ ਇਕ ਦੂਜੇ ਲਈ ਮੋਹ ਦੇਖ ਕੇ ਹੈਰਾਨ ਹੁੰਦੀ ਹਾਂ ਕਿ ਕਿਵੇਂ ਵੰਡ ਵੇਲੇ ਇਹ ਲੋਕ ਇਕ ਦੂਜੇ ਦੇ ਦੁਸ਼ਮਣ ਬਣ ਗਏ ਸਨ। ਕਈ ਵਰ੍ਹੇ ਲੰਘ ਜਾਣ ਪਿਛੋਂ ਦੋਹਾਂ ਪਾਸਿਆਂ ਦੇ ਸਿਆਸਤਦਾਨਾਂ ਨੇ ਕਸ਼ਮੀਰ ਦਾ ਮੁੱਦਾ ਖੜ੍ਹਾ ਕਰਕੇ ਇਕ ਦੂਜੇ ਨੂੰ ਦੁਸ਼ਮਣ ਬਣਾਉਣ ਦਾ ਕਾਰਜ ਅਰੰਭਿਆ ਹੋਇਆ ਹੈ। ਵੰਡ ਵਾਲੀ ਲਕੀਰ ‘ਤੇ ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਹਨ ਅਤੇ ਫੌਜ ਦੇ ਪਹਿਰੇ ਲਾ ਦਿੱਤੇ ਹਨ। ਫਿਰ ਵੀ ਵੇਲੇ-ਕੁਵੇਲੇ ਪਰਲੇ ਪਾਰ ਦੀ ਕੋਈ ਗੋਲੀ ਇਧਰਲੇ ਕਿਸੇ ਫੌਜੀ ਨੂੰ ਢੇਰ ਕਰ ਦਿੰਦੀ ਹੈ ਤਾਂ ਰਾਜਸੀ ਪਾਰਟੀਆਂ ਦੇ ਹਮਾਇਤੀ, ਅਖਬਾਰ ਅਤੇ ਟੀ. ਵੀ. ਚੈਨਲ ਉਸ ਮਰੇ ਬੰਦੇ ਦੇ ਰੋਂਦੇ ਕੁਰਲਾਉਂਦੇ ਪਰਿਵਾਰ, ਸਰਕਾਰੀ ਸਨਮਾਨਾਂ ਨਾਲ ਉਸ ਦਾ ਸਸਕਾਰ ਤੇ ਰੋਹ ‘ਚ ਆਏ ਲੋਕਾਂ ਦੇ ਪਾਕਿਸਤਾਨ ਵਿਰੁਧ ਨਾਅਰੇ ਦਿਖਾ ਕੇ ਪਾਕਿਸਤਾਨ ਵਿਰੁਧ ਨਫਰਤ ਪੈਦਾ ਕਰਦੇ ਹਨ। ਇਸੇ ਤਰ੍ਹਾਂ ਇਧਰਲੀ ਗੋਲੀ ਨਾਲ ਜਦੋਂ ਕੋਈ ਉਧਰਲਾ ਮਰਦਾ ਹੈ ਤਾਂ ਉਹ ਲੋਕ ਵੀ ਭਾਰਤ ਵਿਰੁਧ ਨਾਅਰੇ ਲਾਉਂਦੇ ਹਨ ਤੇ ਨਫਰਤਾਂ ਉਗਲਦੇ ਹਨ।
ਇਹ ਨਫਰਤਾਂ ਹੌਲੀ-ਹੌਲੀ ਵਧਦੀਆਂ ਜਾ ਰਹੀਆਂ ਹਨ। ਵਿਦੇਸ਼ੀ ਲੋਕ, ਜਿਨ੍ਹਾਂ ਨੂੰ ਇਨ੍ਹਾਂ ਨਫਰਤਾਂ ਵਿਚ ਜੰਗ-ਯੁੱਧ ਦੀ ਸੰਭਾਵਨਾ ਦਿਸਦੀ ਹੈ, ਜੰਗ ਯੁੱਧ ਵਿਚ ਆਪਣਾ ਫਾਇਦਾ ਤੇ ਨਫਾ ਦੇਖ ਕੇ ਕਦੇ ਇਕ ਪਾਸੇ ਤੇ ਕਦੇ ਦੂਜੇ ਪਾਸੇ ਦਾ ਪੱਖ ਪੂਰ ਕੇ ਦੋਹਾਂ ਦੇਸ਼ਾਂ ਨੂੰ ਲੜਨ ਲਈ ਹੋਰ ਉਕਸਾਉਂਦੇ ਤੇ ਬੇਵਕੂਫ ਬਣਾਉਂਦੇ ਹਨ।
ਮੈਂ ਇਸ ਗੱਲ ਦੇ ਸਖਤ ਖਿਲਾਫ ਹਾਂ ਕਿ ਰੋਟੀ ਰੋਜ਼ੀ ਲਈ ਫੌਜ ‘ਚ ਭਰਤੀ ਹੋਏ ਬੇਲੋੜੀ ਮੌਤ ਮਰੇ ਨੂੰ ਸ਼ਹੀਦ ਆਖ ਕੇ ਹੋਰ ਲੋਕਾਂ ਨੂੰ ਵੀ ਇਸ ਰਾਹ ਉਤੇ ਤੁਰਨ ਲਈ ਉਕਸਾਇਆ ਜਾਂਦਾ ਹੈ। ਇਸ ਤਰ੍ਹਾਂ ਪਾਕਿਸਤਾਨ ਵਿਚ ਵੀ ਜੰਗਾਂ-ਯੁੱਧਾਂ ਵਿਚ ਮਾਰੇ ਗਏ ਲੋਕਾਂ ਨੂੰ ਜੰਨਤ ਦੇ ਲਾਰੇ ਲਾ ਕੇ ਇਸ ਜੀਵਨ ਨੂੰ ਭੁੱਲ ਕੇ ਹਕੂਮਤਾਂ ਦੇ ਮੋਹਰੇ ਬਣ ਕੇ ਜਾਨਾਂ ਗੁਆਉਣ ਲਈ ਪ੍ਰੇਰਿਆ ਜਾਂਦਾ ਹੈ।
ਇਹ ਸਾਰਾ ਕੁਝ ਸਾਡੀਆਂ ਅੱਖਾਂ ਅੱਗੇ ਵਾਪਰ ਰਿਹਾ ਹੈ। ਫਿਰ ਵੀ ਅਸੀਂ ਅਸਲੀਅਤ ਨੂੰ ਨਹੀਂ ਸਮਝਦੇ। ਸ਼ਹੀਦ ਉਹ ਹੁੰਦਾ ਹੈ, ਜੋ ਕਿਸੇ ਰੱਬੀ ਕੰਮ ਲਈ ਰੱਬ ਦੇ ਬੰਦਿਆਂ ਦੇ ਹਿੱਤ ਲਈ ਸਭ ਕੁਝ ਜਾਣਦਿਆਂ ਬੁੱਝਦਿਆਂ ਖਤਰੇ ਵਾਲਾ ਰਾਹ ਚੁਣਦਾ ਹੈ ਤੇ ਫਿਰ ਮਾਰਿਆ ਜਾਂਦਾ ਹੈ। ਫੌਜ ਅਤੇ ਪੁਲਿਸ ਦਾ ਬੰਦਾ ਕਿਸੇ ਨੂੰ ਮਾਰਦਾ ਹੈ ਜਾਂ ਕਿਸੇ ਤੋਂ ਮਾਰਿਆ ਜਾਂਦਾ ਹੈ, ਇਹ ਉਸੇ ਤਰ੍ਹਾਂ ਹੈ, ਜਿਵੇਂ ਦੋ ਭਰਾ ਲੜ ਪੈਣ; ਤੇ ਲੜਾਈ ਦਾ ਕਾਰਨ ਜ਼ਰ, ਜੋਰੂ ਤੇ ਜ਼ਮੀਨ ਕੁਝ ਵੀ ਹੋ ਸਕਦਾ ਹੈ; ਲੜਦਿਆਂ ਜੋ ਮਰ ਜਾਂਦਾ ਹੈ, ਉਸ ਨੂੰ ਅਸੀਂ ਸ਼ਹੀਦ ਨਹੀਂ ਆਖ ਸਕਦੇ। ਠੀਕ ਹੈ, ਉਸ ਦੀ ਮੌਤ ਘਰਦਿਆਂ, ਮਿੱਤਰਾਂ, ਦੇਸ਼ ਲਈ ਘਾਟਾ ਜ਼ਰੂਰ ਹੁੰਦਾ ਹੈ, ਪਰ ਉਸ ਨੂੰ ਈਦ ‘ਤੇ ਵੱਢੇ ਜਾਂਦੇ ਬੱਕਰੇ ਵਾਂਗ ਅਸੀਂ ਸ਼ਹੀਦ ਹੋਇਆ ਨਹੀਂ ਆਖ ਸਕਦੇ।
ਇਹ ਤਾਂ ਚਲਾਕ ਧਿਰਾਂ ਸਾਨੂੰ ਵਡਿਆ ਕੇ ਮਰਨ-ਮਾਰਨ ਲਈ ਤਿਆਰ ਕਰਦੀਆਂ ਹਨ।
ਨਾ ਲੜਾਈ ਪਰਲੇ ਪਾਸੇ ਦੇ ਪੰਜਾਬੀ ਲੋਕ ਚਾਹੁੰਦੇ ਹਨ ਤੇ ਨਾ ਹੀ ਉਰਲੇ ਪਾਸੇ ਦੇ ਪੰਜਾਬੀ ਚਾਹੁੰਦੇ ਹਨ, ਫੌਜੀ ਸਿਰਫ ਬਲੀ ਦੇ ਬੱਕਰੇ ਬਣਦੇ ਹਨ। ਮੇਰੀ ਇਹ ਗੱਲ ਦੇਸ਼ਧ੍ਰੋਹ ਦੀ ਗੱਲ ਨਹੀਂ। ਦੇਸ਼ ਨੇ ਕਿਧਰੇ ਚਲਿਆ ਨਹੀਂ ਜਾਣਾ, ਇਥੇ ਹੀ ਰਹੇਗਾ। ਇਹ ਉਨ੍ਹਾਂ ਬਾਰੇ ਹੈ, ਜੋ ਇਸ ਸਭ ਤੋਂ ਬੇਖਬਰ ਹੀ ਮਾਰੇ ਜਾਂਦੇ ਹਨ।