ਪੰਜਾਬ: ਮੁਸਲਿਮ-ਸਿੱਖ ਸਿਆਸਤ ਦੀ ਪੁਣਛਾਣ

ਇਹ ਪੁਸਤਕ ਨਾਂ ਤੋਂ ਸਿੱਖਾਂ ਤੇ ਮੁਸਲਮਾਨਾਂ ਦੀ ਸਿਆਸਤ ਬਾਰੇ ਲੱਗਦੀ ਹੈ, ਪਰ ਇਸ ਵਿਚ ਪੰਜਾਬ ਦੇ ਉਹ ਸਾਰੇ ਪੱਖ ਕਿਸੇ ਨਾ ਕਿਸੇ ਰੂਪ ਵਿਚ ਆ ਗਏ ਹਨ, ਜਿਨ੍ਹਾਂ ਦਾ ਸਬੰਧ 1947 ਦੀ ਵੰਡ ਨਾਲ ਜੁੜਿਆ ਹੋਇਆ ਹੈ। ਕਿਸੇ ਵੀ ਪੰਜਾਬੀ ਅਦੀਬ ਦਾ ਇਸ ਅਰਸੇ ਬਾਰੇ ਲਿਖਦਿਆਂ ਨਿਰਲੇਪ ਰਹਿਣਾ ਮੁਸ਼ਕਿਲ ਹੈ ਅਤੇ ਇਸ ਸਮੇਂ ਨਾਲ ਜੁੜੀਆਂ ਲਿਖਤਾਂ ਨੂੰ ਉਸ ਵੇਲੇ ਦੀ ਸਿਆਸਤ ਅਤੇ ਸਿਆਸਤ ਨਾਲ ਜੁੜੇ ਧਰਮ ਪ੍ਰਭਾਵਿਤ ਕਰਦੇ ਆਏ ਹਨ। ਸਿੱਖਾਂ ਅਤੇ ਮੁਸਲਮਾਨਾਂ ਦੀ ਪੰਜਾਬ ਕੇਂਦਰਤ ਸਾਂਝ ਨੂੰ ਸਮਝਣ ਲਈ ਤਾਰਿਕ ਫਤਿਹ ਦੀ ਇਹ ਟਿੱਪਣੀ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਪੰਜਾਬੀ ਮੁਸਲਮਾਨ ਜਿਵੇਂ ਪੰਜਾਬੀ ਜ਼ਬਾਨ ਨਾਲ ਜੁੜਿਆ ਹੋਇਆ ਹੈ, ਉਸ ਤਰ੍ਹਾਂ ਕੁਰਾਨ ਦੀ ਜ਼ਬਾਨ ਨਾਲ ਨਹੀਂ ਜੁੜਿਆ ਹੋਇਆ।

ਲੇਖਕ: ਅਖਤਰ ਹੁਸੈਨ ਸੰਧੂ
ਪ੍ਰਕਾਸ਼ਕ: ਡੋਗਰ ਪਬਲਿਸ਼ਰਜ਼, 36 ਉਰਦੂ ਬਾਜ਼ਾਰ, ਲਾਹੌਰ।

ਡਾ. ਬਲਕਾਰ ਸਿੰਘ ਪਟਿਆਲਾ
ਡਾਇਰੈਕਟਰ ਵਰਲਡ ਪੰਜਾਬੀ ਸੈਂਟਰ, ਪਟਿਆਲਾ।
ਫੋਨ: 91-93163-01328

ਇਹ ਪੁਸਤਕ ਨਾਂ ਤੋਂ ਸਿੱਖਾਂ ਤੇ ਮੁਸਲਮਾਨਾਂ ਦੀ ਸਿਆਸਤ ਬਾਰੇ ਲੱਗਦੀ ਹੈ, ਪਰ ਇਸ ਵਿਚ ਪੰਜਾਬ ਦੇ ਉਹ ਸਾਰੇ ਪੱਖ ਕਿਸੇ ਨਾ ਕਿਸੇ ਰੂਪ ਵਿਚ ਆ ਗਏ ਹਨ, ਜਿਨ੍ਹਾਂ ਦਾ ਸਬੰਧ 1947 ਦੀ ਵੰਡ ਨਾਲ ਜੁੜਿਆ ਹੋਇਆ ਹੈ। ਕਿਸੇ ਵੀ ਪੰਜਾਬੀ ਅਦੀਬ ਦਾ ਇਸ ਅਰਸੇ ਬਾਰੇ ਲਿਖਦਿਆਂ ਨਿਰਲੇਪ ਰਹਿਣਾ ਮੁਸ਼ਕਿਲ ਹੈ ਅਤੇ ਇਸ ਸਮੇਂ ਨਾਲ ਜੁੜੀਆਂ ਲਿਖਤਾਂ ਨੂੰ ਉਸ ਵੇਲੇ ਦੀ ਸਿਆਸਤ ਅਤੇ ਸਿਆਸਤ ਨਾਲ ਜੁੜੇ ਧਰਮ ਪ੍ਰਭਾਵਿਤ ਕਰਦੇ ਆਏ ਹਨ। ਸਿੱਖਾਂ ਅਤੇ ਮੁਸਲਮਾਨਾਂ ਦੀ ਪੰਜਾਬ ਕੇਂਦਰਤ ਸਾਂਝ ਨੂੰ ਸਮਝਣ ਲਈ ਤਾਰਿਕ ਫਤਿਹ ਦੀ ਇਹ ਟਿੱਪਣੀ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਪੰਜਾਬੀ ਮੁਸਲਮਾਨ ਜਿਵੇਂ ਪੰਜਾਬੀ ਜ਼ਬਾਨ ਨਾਲ ਜੁੜਿਆ ਹੋਇਆ ਹੈ, ਉਸ ਤਰ੍ਹਾਂ ਕੁਰਾਨ ਦੀ ਜ਼ਬਾਨ ਨਾਲ ਨਹੀਂ ਜੁੜਿਆ ਹੋਇਆ। ਇਸ ਨਾਲ ਇਹ ਨੁਕਤਾ ਸਾਹਮਣੇ ਆ ਜਾਂਦਾ ਹੈ ਕਿ ਪੰਜਾਬੀ ਮੁਸਲਮਾਨ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਭੇਤੀ/ਨੇੜੂ/ਜਾਣੂ ਹੈ, ਉਸ ਤਰ੍ਹਾਂ ਹਜ਼ਰਤ ਮੁਹੰਮਦ ਸਾਹਿਬ ਦਾ ਨਹੀਂ ਹੈ ਜਾਂ ਨਹੀਂ ਹੋ ਸਕਦਾ। ਪੰਜਾਬੀ ਕੌਮੀਅਤ ਦਾ ਇਹ ਪ੍ਰਸੰਗ ਇਸ ਪੁਸਤਕ ਵਿਚੋਂ ਇਸ ਕਰਕੇ ਗੁੰਮ ਲੱਗਦਾ ਹੈ ਕਿਉਂਕਿ ਸਿਆਸਤ ਨੇ ਪੰਜਾਬੀਆਂ ਨੂੰ ਪਹਿਲਾਂ ਹਿੰਦੂ ਸਿਆਸਤ ਤੇ ਮੁਸਲਮਾਨ ਸਿਆਸਤ ਦੇ ਕੱਟੜ ਵਰਤਾਰਿਆਂ ਵਿਚ ਵੰਡਿਆ ਸੀ ਅਤੇ ਫਿਰ ਪੰਜਾਬ ਦੇ ਹਵਾਲੇ ਨਾਲ ਏਸੇ ਨੂੰ ਸਿੱਖ ਸਿਆਸਤ ਤੇ ਮੁਸਲਿਮ ਸਿਆਸਤ ਵਿਚ ਵੰਡ ਕੇ ਵੇਖਣ ਵਾਲਿਆਂ ਨੂੰ ਵੇਖਿਆ, ਸੁਣਿਆ ਅਤੇ ਹੰਢਾਇਆ ਜਾਂਦਾ ਰਿਹਾ ਹੈ।
ਅਸਲ ਵਿਚ ਪੰਜਾਬੀਆਂ ਨੂੰ ਸਿਆਸੀ ਪਰਤਾਂ ਵਿਚ ਵੰਡ ਕੇ ਵੇਖਣ ਦੀ ਕੋਸ਼ਿਸ਼ ਓਨੀ ਪੰਜਾਬੀਆਂ ਦੀ ਨਹੀਂ, ਜਿੰਨੀ ਪਹਿਲਾਂ ਅੰਗਰੇਜ਼ਾਂ ਦੀ ਸੀ ਅਤੇ ਫਿਰ ਭਾਰਤੀ ਸਿਆਸਤਦਾਨਾਂ ਨੇ ਕੀਤੀ ਹੈ। ਕਾਰਨ, ਅੰਗਰੇਜ਼ਾਂ ਨੂੰ ਪੰਜਾਬੀਆਂ ਦੀ ਸਿਆਸਤ ਸਮਝਣ ਲਈ ਉਚੇਚੀਆਂ ਕੋਸ਼ਿਸ਼ਾਂ ਕਰਨੀਆਂ ਪਈਆਂ, ਕਿਉਂਕਿ ਇਹ ਉਨ੍ਹਾਂ ਦੀ ਸਿਆਸੀ ਲੋੜ ਸੀ ਅਤੇ ਭਾਰਤੀ ਪ੍ਰਸੰਗ ਵਿਚ ਹਿੰਦੂਆਂ ਦੀ ਪ੍ਰਤੀਨਿਧਤਾ ਮਹਾਤਮਾ ਗਾਂਧੀ ਕਰ ਰਿਹਾ ਸੀ ਤੇ ਮੁਸਲਮਾਨਾਂ ਦੀ ਮੁਹੰਮਦ ਅਲੀ ਜਿਨਾਹ। ਜਿਵੇਂ ਮਹਾਤਮਾ ਗਾਂਧੀ ਭਾਰਤੀਆਂ ਦਾ ਬਾਪੂ ਐਲਾਨ ਦਿੱਤਾ ਗਿਆ, ਉਵੇਂ ਹੀ ਜਿਨਾਹ ਨੂੰ ਪਾਕਿਸਤਾਨ ਦਾ ਕਾਇਦੇ ਆਜ਼ਮ ਐਲਾਨ ਦਿੱਤਾ ਗਿਆ। ਦੋਵੇਂ ਹੀ ਪੰਜਾਬੀਆਂ ਨੂੰ ਪੰਜਾਬ ਰਾਹੀਂ ਸਮਝਣ ਦੇ ਸਮਰੱਥ ਨਹੀਂ ਸਨ। ਇਸੇ ਕਰਕੇ ਪਾਕਿਸਤਾਨ ਮੁਸਲਿਮ ਬਹੁਗਿਣਤੀ ਵਾਲਾ ਦੇਸ਼ ਬਣ ਗਿਆ ਅਤੇ ਭਾਰਤ ਹਿੰਦੂ ਬਹੁਗਿਣਤੀ ਵਾਲਾ। ਨਤੀਜਨ ਪੰਜਾਬੀਆਂ ਦੀ ਕੀਮਤ ‘ਤੇ ਦੋਹਾਂ ਦੇਸ਼ਾਂ ਦੇ ਪੰਜਾਬਾਂ ਨੂੰ ਜਿਹੋ ਜਿਹੀ ਸਿਆਸੀ ਹੋਣੀ ਭੋਗਣੀ ਪਈ ਸੀ ਜਾਂ ਭੋਗਣੀ ਪੈ ਰਹੀ ਹੈ, ਇਸ ਨੂੰ ਦੋ ਕੌਮਾਂ ਦੀ ਸਿਆਸਤ ਰਾਹੀਂ ਸਮਝਿਆ ਹੀ ਨਹੀਂ ਜਾ ਸਕਦਾ। ਅਖੰਡ ਭਾਰਤ ਅਤੇ ਪਾਕਿਸਤਾਨ ਦੇ ਸਿਆਸੀ ਮੁੱਦਈਆਂ ਲਈ ਪੰਜਾਬ ਦਾ ਮਹੱਤਵ ਆਪੋ ਆਪਣੀਆਂ ਸਿਆਸੀ ਗਰਜਾਂ ਨਾਲ ਜੁੜਿਆ ਹੋਇਆ ਸੀ। ਦੋ ਕੌਮਾਂ ਦੇ ਸਿਧਾਂਤ ਦਾ ਮੁੱਦਈ ਕੱਟੜ ਹਿੰਦੂ ਸਾਵਰਕਰ ਸੀ ਅਤੇ ਇਸ ਦਾ ਸਿਆਸੀ ਲਾਹਾ ਪਾਕਿਸਤਾਨ ਦੇ ਰੂਪ ਵਿਚ ਲਿਬਰਲ ਮੁਸਲਿਮ ਕਾਇਦੇ ਆਜ਼ਮ ਦੀ ਸਿਆਸਤ ਨੂੰ ਮਿਲਿਆ ਤੇ ਲਿਬਰਲ ਹਿੰਦੂ ਮਹਾਤਮਾ ਗਾਂਧੀ ਨੂੰ ਭਾਰਤ ਦੇ ਰੂਪ ਵਿਚ।
ਦੋਹਾਂ ਲਈ ਪੰਜਾਬ ਦੀ ਕਿੰਨੀ ਕੁ ਅਹਿਮੀਅਤ ਸੀ, ਇਸ ਵੱਲ ਇਸ਼ਾਰੇ ਇਸ ਪੁਸਤਕ ਵਿਚ ਬੇਸ਼ਕ ਹੋ ਗਏ ਹਨ, ਪਰ ਉਹ ਪੰਜਾਬੀਆਂ ਨੂੰ ਪੰਜਾਬ ਦੇ ਹਵਾਲੇ ਨਾਲ ਸਮਝਣ ਦੀ ਥਾਂ ਦੋ ਕੌਮਾਂ ਦੇ ਸਿਧਾਂਤ ਦੇ ਇਰਦ ਗਿਰਦ ਹੀ ਘੁੰਮਦੇ ਨਜ਼ਰ ਆ ਜਾਂਦੇ ਹਨ। ਇਹ ਕਿਸੇ ਨੂੰ ਚੇਤਾ ਹੀ ਨਾ ਰਿਹਾ ਕਿ ਪਾਕਿਸਤਾਨੀ ਮੁਸਲਮਾਨਾਂ ਨਾਲੋਂ ਭਾਰਤੀ ਮੁਸਲਮਾਨਾਂ ਦੀ ਗਿਣਤੀ ਵੱਧ ਹੋਣ ਦੇ ਬਾਵਜੂਦ ਉਹ ਭਾਰਤ ਵਿਚ ਘਟਗਿਣਤੀ ਵਾਲੇ ਮਹਿਕੂਮ ਹੋਣ ਦੇ ਅਜਿਹੇ ਅਹਿਸਾਸ ਵੱਲ ਧੱਕੇ ਗਏ ਹਨ, ਜਿਸ ਦਾ ਪ੍ਰਗਟਾਵਾ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਰਾਹੀਂ ਜਿਸ ਤਰ੍ਹਾਂ ਇਸ ਵੇਲੇ ਸਾਹਮਣੇ ਆਉਣ ਲੱਗ ਪਿਆ ਹੈ, ਉਸ ਦੇ ਹਵਾਲੇ ਨਾਲ ਵੇਖਣ ਦੀ ਕੋਸ਼ਿਸ਼ ਕਰਾਂਗੇ ਤਾਂ ਨਤੀਜੇ ਇਸ ਪੁਸਤਕ ਦੇ ਨਤੀਜਿਆਂ ਜਿਹੇ ਨਹੀਂ ਨਿਕਲਣਗੇ। ਜਿਹੋ ਜਿਹੀ ਸਿਆਸਤ ਧਰਮ ਦੇ ਨਾਂ ‘ਤੇ ਪਾਕਿਸਤਾਨ ਦੇ ਬਣ ਜਾਣ ਨਾਲ ਸ਼ੁਰੂ ਹੋਈ ਸੀ, ਉਸ ਦਾ ਇਕ ਨਤੀਜਾ ਬੰਗਲਾ ਦੇਸ਼ ਦੇ ਪਾਕਿਸਤਾਨ ਨਾਲੋਂ ਵੱਖ ਹੋ ਜਾਣ ਨਾਲ ਇਹ ਸਾਬਤ ਹੋ ਗਿਆ ਹੈ ਕਿ ਪਾਕਿਸਤਾਨ ਬਣ ਜਾਣ ਨਾਲ ਮੁਸਲਮਾਨਾਂ ਦੀਆਂ ਮੁਸ਼ਕਿਲਾਂ ਘਟੀਆਂ ਨਹੀਂ, ਵਧੀਆਂ ਹਨ। ਜਿਨ੍ਹਾਂ ਨੇ ਦੇਸ਼ ਦੀ ਵੰਡ ਵੇਲੇ ਪਾਕਿਸਤਾਨ ਜਾਣ ਨਾਲੋਂ ਭਾਰਤ ਵਿਚ ਰਹਿਣ ਦਾ ਫੈਸਲਾ ਗੱਜ ਵੱਜ ਕੇ ਲਿਆ ਸੀ, ਉਨ੍ਹਾਂ ਨੂੰ ਬਿਨਾ ਪੁੱਛੇ ਪਾਕਿਸਤਾਨ ਚਲੇ ਜਾਣ ਦੇ ਸਿਆਸੀ ਮਿਹਣੇ ਲਗਾਤਾਰ ਸਹਿਣੇ ਪੈ ਰਹੇ ਹਨ। ਇਹ ਟਿਪਣੀ ਦੋ ਕੌਮਾਂ ਦੇ ਸਿਧਾਂਤ ਨਾਲ ਜੁੜੀ ਹੋਈ ਇਸ ਪੁਸਤਕ ਬਾਰੇ ਗੱਲ ਸ਼ੁਰੂ ਕਰਨ ਨਾਲ ਜੁੜੀ ਹੋਈ ਹੈ।
ਇਸ ਪੁਸਤਕ ਵਿਚ ਦੋ ਕੌਮਾਂ ਦੇ ਸਿਧਾਂਤ ਨੂੰ ਲੈ ਕੇ ਜਿਹੋ ਜਿਹੀ ਸਿਆਸਤ ਦੇ ਵੇਰਵੇ ਵਿਸਥਾਰ ਵਿਚ ਆ ਗਏ ਹਨ, ਉਹ ਕੱਟੜ ਮੁਸਲਿਮ ਸਿਆਸਤ ਅਤੇ ਕੱਟੜ ਹਿੰਦੂ ਸਿਆਸਤ ਨੂੰ ਠੀਕ ਬੈਠਦੇ ਹੋ ਸਕਦੇ ਹਨ, ਪਰ ਉਸ ਨਾਲ ਲਿਬਰਲ ਹਿੰਦੂ ਤੇ ਲਿਬਰਲ ਮੁਸਲਮਾਨ ਨੂੰ ਲਾਭ ਤਾਂ ਕੀ ਹੋਣਾ ਸੀ, ਲਗਾਤਾਰ ਕੀਮਤ ਦੇਣੀ ਪੈ ਰਹੀ ਹੈ। ਇਸ ਨੂੰ ਅੱਜ ਕਲ ਮੌਲਵੀਆਂ ਅਤੇ ਪੰਡਿਤਾਂ ਦੀ ਸਿਆਸਤ ਕਿਹਾ ਜਾਣ ਲੱਗਾ ਹੈ। ਇਸ ਵਿਚ ਕੱਟੜ ਸਿੱਖਾਂ ਦੀ ਸਿਆਸਤ ਵੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰਨ ਲੱਗ ਪਈ ਹੈ।
ਕੌਣ ਕਿਸ ਨੂੰ ਦੱਸੇ ਕਿ ਕੱਟੜਤਾ ਕਿਸੇ ਵੀ ਕੌਮ ਦਾ ਆਵਾਮ ਨਹੀਂ ਹੋ ਸਕਦੀ ਅਤੇ ਪ੍ਰਤੀਸ਼ਤ ਦੇ ਹਿਸਾਬ ਨਾਲ ਕੱਟੜਤਾ, ਪੰਜਾਬ ਦੇ ਹਵਾਲੇ ਵਿਚ ਆਪੋ ਆਪਣੇ ਭਾਈਚਾਰਿਆਂ ਵਿਚ ਮਸਾਂ 2% ਬਣਦੀ ਹੋਵੇਗੀ। ਇਸ ਹਾਲਤ ਵਿਚ ਇਸ ਪੁਸਤਕ ਬਾਰੇ ਗੱਲ ਕਰਨੀ ਬਹੁਤ ਦਿਲਚਸਪ ਹੋ ਗਈ ਹੈ, ਕਿਉਂਕਿ ਮੈਂ ਆਪਣੇ ਆਪ ਨੂੰ ਲਿਬਰਲ ਸਿੱਖ ਸਮਝਦਾ ਹਾਂ ਅਤੇ ਇਸ ਪੁਸਤਕ ਨੂੰ ਸਿਆਸੀ ਸ਼ਿਕੰਜੇ ਵਿਚ ਕੱਸ ਕੇ ਵੇਖਣ ਦੀ ਥਾਂ ਪੰਜਾਬੀ ਸਭਿਆਚਾਰ, ਸਿੱਖ ਸਭਿਆਚਾਰ, ਹਿੰਦੂ ਸਭਿਆਚਾਰ ਅਤੇ ਮੁਸਲਿਮ ਸਭਿਆਚਾਰ ਦੇ ਹਵਾਲੇ ਨਾਲ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਨਾਲ ਤਿੰਨਾਂ ਧਰਮਾਂ ਦੇ ਸਭਿਆਚਾਰਾਂ ਨੂੰ ਪੰਜਾਬ ਦੇ ਹਵਾਲੇ ਨਾਲ ਆਪੋ ਆਪਣੇ ਧਰਮ ਨਾਲ ਨਿਭਦਿਆਂ, ਇਕ ਦੂਜੇ ਨਾਲ ਨਿਭਣ ਦੇ ਸਲੀਕੇ ਨੂੰ ਪੰਜਾਬੀ ਸਭਿਆਚਾਰ ਕਹਿ ਰਿਹਾ ਹਾਂ। ਅਜਿਹਾ ਨਹੀਂ ਸਮਝਾਂਗੇ ਤਾਂ ਕਿਸੇ ਨਾ ਕਿਸੇ ਕਿਸਮ ਦੇ ਸਿਆਸੀ ਵਹਿਣ ਵਿਚ ਵਹਿਣ ਦੀ ਸਿਧਾਂਤਕਤਾ ਨਾਲ ਨਿਭਣ ਦੀ ਸਿਆਸਤ ਕਰ ਰਹੇ ਹੋਵਾਂਗੇ ਜਾਂ ਦੋ ਕੌਮਾਂ ਦੇ ਸਿਧਾਂਤ ਦੀ ਸਿਆਸੀ ਪੱਤਰਕਾਰੀ ਕਰ ਰਹੇ ਹੋਵਾਂਗੇ। ਅਜਿਹੀ ਦ੍ਰਿਸ਼ਟੀ ਤੋਂ ਅਖਤਰ ਹੁਸੈਨ ਸੰਧੂ ਜਿਹੇ ਜਾਗੇ ਹੋਏ ਪੰਜਾਬੀ ਦਾਨਸ਼ਵਰ ਦੀ ਇਸ ਪੁਸਤਕ ਨੂੰ ਰਿੜਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਦੋਂ ਸਿਆਸੀ ਵਹਿਣ ਵਿਚ ਵਹਿ ਰਹੇ ਹੋਈਏ ਤਾਂ ਆਪਣਾ ਸਿਧਾਂਤ ਅਤੇ ਦੂਜੇ ਦੇ ਅਮਲ ਨੂੰ ਲੈ ਕੇ ਮਨਮਰਜ਼ੀ ਦੇ ਨਤੀਜੇ ਕੱਢਣ ਦੇ ਰਾਹ ਪੈ ਜਾਣ ਦਾ ਖਤਰਾ ਰਹਿੰਦਾ ਹੈ। ਪੱਤਰਕਾਰੀ ਵਿਚ ਅਜਿਹੀ ਗੱਲ ਇਸ ਕਰਕੇ ਚੱਲ ਜਾਂਦੀ ਹੈ ਕਿਉਂਕਿ ਪੱਤਰਕਾਰੀ ਦੇ ਕੇਂਦਰ ਵਿਚ ਵੀ ਮੇਰੇ ਨਜ਼ਦੀਕ ਸਿਆਸਤ ਜਿਹਾ ਹੀ ਗੌਂਅਮੁਖੀ ਵਰਤਾਰਾ ਜਾਂ ਸਿਆਸੀ ਪਹੁੰਚ ਭਾਰੂ ਰਹਿੰਦੀ ਹੈ। ਇਸੇ ਕਰਕੇ ਸੰਧੂ ਸਾਹਿਬ ਜਦੋਂ ਹਵਾਲਿਆਂ ਦੀ ਚੋਣ ਅਤੇ ਪੇਸ਼ਕਾਰੀ ਨੂੰ ਲੀਗੀ ਸਿਆਸਤ ਦੇ ਹੱਕ ਵਿਚ ਭੁਗਤਾਉਂਦੇ ਹਨ ਤਾਂ ਇਹ ਭੁੱਲ ਰਹੇ ਹੁੰਦੇ ਹਨ ਕਿ ਇਸ ਨੂੰ ਜਦੋਂ ਕਿਸੇ ਹੋਰ ਧਰਮ ਦੀ ਸਿਆਸਤ ਨੂੰ ਜਾਣਨ ਜਾਂ ਮੰਨਣ ਵਾਲਾ ਪੜ੍ਹੇਗਾ ਤਾਂ ਕਿਹੋ ਜਿਹੇ ਨਤੀਜੇ ਕੱਢੇਗਾ? ਮਿਸਾਲ ਵਜੋਂ ਵੰਡੋ ਤੇ ਰਾਜ ਕਰੋ ਦੀ ਸਿਆਸਤ ਹਰ ਰੰਗ ਦੀ ਸਿਆਸਤ ਦਾ ਹਿੱਸਾ ਰਹੀ ਹੈ ਅਤੇ ਰਹਿਣੀ ਵੀ ਹੈ। ਸੰਧੂ ਸਾਹਿਬ ਜਦੋਂ ਇਸ ਆਮ ਸਿਆਸੀ ਪੈਂਤੜੇ ਤੋਂ ਬਸਤੀਵਾਦੀ ਸਿਆਸਤ ਨੂੰ ਬਰੀ ਕਰਕੇ ਹਿੰਦੂ ਸਿਆਸਤ ਦੀ ਚੂਲ ਗਰਦਾਨਦੇ ਹਨ (34, 134) ਤਾਂ ਤੇਰੀ ਸਿਆਸਤ, ਮੇਰੀ ਸਿਆਸਤ ਅਤੇ ਉਹਦੀ ਸਿਆਸਤ ਦੇ ਚੱਕਰਵਿਊ ਵਿਚ ਫਸੇ ਲੱਗਣ ਲਗਦੇ ਹਨ। ਪੁਸਤਕ ਕਿਸੇ ਵੀ ਮੁੱਦੇ ਦਾ ਪ੍ਰਸੰਗਿਕ ਬਿਰਤਾਂਤ ਹੁੰਦੀ ਹੈ।
ਪੁਸਤਕ ਦਾ ਪ੍ਰਸੰਗ ਬੇਸ਼ਕ ਸਿੱਖ-ਮੁਸਲਿਮ ਸਿਆਸਤ ਹੈ, ਪਰ ਇਸ ਵਿਚੋਂ ਸਿੱਖ-ਮੁਸਲਿਮ ਰਿਸ਼ਤਿਆਂ ਦਾ ਪੰਜਾਬੀਅਤ ਵਾਲਾ ਪੱਖ ਗੁੰਮ ਹੀ ਕਹਿ ਸਕਦੇ ਹਾਂ, ਕਿਉਂਕਿ 15ਵੇਂ-16ਵੇਂ ਕਾਂਡ ਵਿਚ ਪੰਜਾਬ ਅਤੇ ਪੰਜਾਬੀਅਤ ਦਾ ਚਲਾਵਾਂ ਜਿਹਾ ਜ਼ਿਕਰ ਆ ਤਾਂ ਗਿਆ ਹੈ, ਪਰ ਉਸ ਨਾਲ ਪਹਿਲਾਂ ਹੋ ਗਈਆਂ ਸਥਾਪਤੀਆਂ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਸਿੱਖਾਂ ਨੂੰ ਇਤਿਹਾਸ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਨਿਰਸੰਦੇਹ ਮੁਗਲ ਜੇਤੂਆਂ ਜਿਹਾ ਲੱਗਣ ਲੱਗ ਪਵੇਗਾ। ਸਿੱਖ ਨੂੰ ਜੇ ਸਿੱਖੀ ਦੇ ਪ੍ਰਸੰਗ ਵਿਚ ਸਮਝਣਾ ਹੈ ਤਾਂ ਬਾਣੀ ਦੇ ਪ੍ਰਸੰਗ ਵਿਚ ਹੀ ਸਮਝਣਾ ਪਵੇਗਾ। ਇਸ ਪੱਖੋਂ ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਦੇ ਬੰਦੇ ਦੀ ਹੈਸੀਅਤ ਵਿਚ ਧਰਮ-ਯੁੱਧ ਨੂੰ ਲੋਕ-ਯੁੱਧ ਵਿਚ ਤਬਦੀਲ ਕਰਦਾ ਹੈ। ਪਰ ਇਸ ਦੀ ਨਿਰੰਤਰਤਾ ਵਿਚ ਪੈਦਾ ਹੋਈਆਂ ਸਿੱਖ-ਮਿਸਲਾਂ, ਮੁਗਲਾਂ ਦਾ ਸਿਆਸੀ ਬਦਲ ਬਣਨ ਨਾਲ ਸੰਤੁਸ਼ਟ ਹੋ ਜਾਂਦੀਆਂ ਹਨ। ਇਹ ਸਿੱਖ ਸਿਆਸਤ ਤਾਂ ਕਹੀ ਜਾ ਸਕਦੀ ਹੈ ਅਤੇ ਇਸ ਦੀਆਂ ਪ੍ਰਾਪਤੀਆਂ ਨੂੰ ਇਤਿਹਾਸ ਨੇ ਬੇਸ਼ਕ ਸਿੱਖ ਰਾਜ ਵਾਂਗ ਸੰਭਾਲਿਆ ਹੋਇਆ ਵੀ ਹੈ, ਪਰ ਇਸ ਦਾ ਬਾਣੀ ਦੀ ਰੌਸ਼ਨੀ ਵਿਚ ਵਿਸ਼ਲੇਸ਼ਣ ਕਰਨ ਵੱਲ ਧਿਆਨ ਅਜੇ ਜਾਣਾ ਹੈ। ਇਸ ਕਰਕੇ ਸੰਧੂ ਸਾਹਿਬ ਨੂੰ ਜਿਵੇਂ ਮੁਸਲਿਮ ਸਿਆਸਤ ਇਸਲਾਮ ਲੱਗਦੀ ਹੈ, ਮੈਨੂੰ ਸਿੱਖ ਸਿਆਸਤ ਸਿੱਖੀ ਨਹੀਂ ਲੱਗਦੀ। ਜਿਨ੍ਹਾਂ ਵੇਲਿਆਂ ਦੀ ਸਿੱਖ ਸਿਆਸਤ ਦੀ ਛਾਣਬੀਣ ਇਸ ਪੁਸਤਕ ਵਿਚ ਹੋਈ ਹੈ, ਉਸ ਵੇਲੇ ਤੱਕ ਤਾਂ ਸਿੱਖਾਂ ਦੀ ਮੁੱਖ ਧਾਰਾ ਬਰਾਸਤਾ ਸਿੰਘ ਸਭਾ ਲਹਿਰ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ ਸੀ, ਉਸ ਤਰ੍ਹਾਂ ਸ੍ਰੋਮਣੀ ਅਕਾਲੀ ਦਲ ਸਿੱਖਾਂ ਦਾ ਸਿਆਸੀ ਵਿੰਗ ਹੋ ਜਾਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਵਾਂਗ ਸਿੱਖਾਂ ਦੀ ਮੁੱਖ ਧਾਰਾ ਨਹੀਂ ਹੋ ਸਕਿਆ ਸੀ। ਏਸੇ ਕਰਕੇ ਮਾਸਟਰ ਤਾਰਾ ਸਿੰਘ ਜਿਹੇ ਸਿੱਖ ਸਿਆਸਤਦਾਨ ਨੂੰ ਵੀ ਮੁੱਖ ਧਾਰਾ ਨੂੰ ਨਾਲ ਲੈਣ ਵਾਸਤੇ ਇਹ ਕਹਿਣਾ ਪੈਂਦਾ ਸੀ ਕਿ ਜੋ ਪੰਥਕ ਨਹੀਂ, ਉਹ ਉਸ ਦੀ ਸਿਆਸਤ ਨਹੀਂ ਹੈ। ਜੇ ਉਨ੍ਹਾਂ ਦੀ ਇਸ ਪਹੁੰਚ ਨੂੰ ਨਹੀਂ ਸਮਝਾਂਗੇ ਤਾਂ ਸਿਆਸੀ ਭੇੜ ਵਿਚ ਮਾਸਟਰ ਤਾਰਾ ਸਿੰਘ ਦੀ ਭੂਮਿਕਾ ਦਾ ਪ੍ਰਸੰਗਿਕ ਉਸਾਰ ਨਹੀਂ ਕਰ ਸਕਾਂਗੇ। ਇਹ ਘਾਟ ਇਸ ਪੁਸਤਕ ਨੂੰ ਪੜ੍ਹਦਿਆਂ ਨਜ਼ਰ ਆ ਜਾਂਦੀ ਹੈ।
ਇਸ ਪੁਸਤਕ ਵਿਚ ਪਾਕਿਸਤਾਨ ਦੇ ਚਿਤਵਨ ਤੋਂ ਲੈ ਕੇ ਬਣ ਜਾਣ ਬਾਰੇ ਜੋ ਕੁਝ ਵੀ ਲਿਖਿਆ ਗਿਆ ਹੈ, ਉਸ ਦੀ ਦਿੱਤੇ ਗਏ ਹਵਾਲਿਆਂ ਰਾਹੀਂ ਨਿਸ਼ਾਦੇਹੀ ਬੇਸ਼ਕ ਹੋ ਗਈ ਹੈ, ਪਰ ਲੀਗੀ ਸਿਆਸਤ ਦੇ ਲੜ ਲੱਗ ਕੇ ਪੰਜਾਬ ਦੀ ਸਿਆਸਤ ਦਾ ਲੇਖਾ ਜੋਖਾ ਉਸ ਤਰ੍ਹਾਂ ਇਸ ਪੁਸਤਕ ਦਾ ਹਿੱਸਾ ਨਹੀਂ ਹੈ, ਜਿਸ ਤਰ੍ਹਾਂ ਕੌਮੀ ਪ੍ਰਸੰਗ ਵਿਚ ਲੀਗੀ ਸਿਆਸਤ ਦਾ ਹੈ। ਜੇ ਇਹ ਨਹੀਂ ਹੈ ਤਾਂ ਫਿਰ ਸਿੱਖਾਂ ਦੀ ਸੂਬਾਈ ਸਿਆਸਤ ਨੂੰ ਮੁਸਲਮਾਨਾਂ ਦੀ ਕੌਮੀ ਸਿਆਸਤ ਦੇ ਹਵਾਲੇ ਨਾਲ ਕਿਵੇਂ ਸਮਝਿਆ ਜਾ ਸਕਦਾ ਹੈ? ਫਿਰ ਵੀ ਇਸ ਪੁਸਤਕ ਰਾਹੀਂ ਹੋਈ ਮਿਹਨਤ ਲਈ ਸੰਧੂ ਸਾਹਿਬ ਇਸ ਲਈ ਵਧਾਈ ਦੇ ਪਾਤਰ ਹਨ ਕਿ ਹਵਾਲਿਆਂ ਦੇ ਹੜ੍ਹ ਵਿਚੋਂ ਵੀ ਉਹ ਚੰਗੇ ਤਾਰੂ ਵਾਂਗ ਬਚੇ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨਾਲ ਅਸਹਿਮਤ ਤਾਂ ਹੋਇਆ ਜਾ ਸਕਦਾ ਹੈ, ਪਰ ਉਨ੍ਹਾਂ ਦੀ ਦਿਆਨਤਦਾਰੀ ‘ਤੇ ਸ਼ੱਕ ਨਹੀਂ ਕੀਤਾ ਜਾ ਸਕਦਾ।
ਪਾਕਿਸਤਾਨ ਦੀ ਮੋਹੜੀ ਗੱਡਣ ਵਾਲਾ ਬੇਸ਼ਕ ਕਾਇਦੇ ਆਜ਼ਮ ਹੀ ਸੀ ਅਤੇ ਇਸ ਨੂੰ ਅੰਜਾਮ ਤੱਕ ਲੈ ਕੇ ਵੀ ਉਹੀ ਗਿਆ, ਕਿਉਂਕਿ ਉਹੀ ਜਾ ਸਕਦਾ ਸੀ। ਇਸ ਦੀ ਹਮਾਇਤ ਸਿੱਖਾਂ ਨੇ ਕਦੇ ਵੀ ਨਹੀਂ ਕੀਤੀ ਕਿਉਂਕਿ ਸਿੱਖ ਸਿਆਸਤਦਾਨਾਂ ਨੂੰ ਇਹ ਸਮਝ ਸੀ ਕਿ ਪਾਕਿਸਤਾਨ ਬਣਨ ਦੀ ਕੀਮਤ ਸਭ ਤੋਂ ਵੱਧ ਸਿੱਖਾਂ ਅਤੇ ਪੰਜਾਬੀਆਂ ਨੂੰ ਹੀ ਦੇਣੀ ਪੈਣੀ ਹੈ। ਅਜਿਹੀ ਸਥਿਤੀ ਵਿਚ ਜਿਹੋ ਜਿਹੀ ਸਿਆਸਤ ਸਿੱਖਾਂ ਨੂੰ ਕਰਨੀ ਪਈ, ਉਹ ਸਿੱਖਾਂ ਦੀ ਆਪਣੀ ਸਹੇੜ ਘੱਟ ਅਤੇ ਦੂਜਿਆਂ ਵੱਲੋਂ ਗਲ ਪਾਈ ਸਿਆਸਤ ਵੱਧ ਸੀ। ਵੈਸੇ ਵੀ ਸਿੱਖ-ਸਿਆਸਤ ਦਾ ਅਰੰਭ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ 1708 ਤੋਂ ਹੀ ਹੋਇਆ ਕਹਿਣਾ ਚਾਹੀਦਾ ਹੈ ਕਿਉਂਕਿ ਗੁਰੂ ਕਾਲ ਵਿਚ ਤਾਂ ਸਿੱਖ-ਸਿਆਸਤ ਜਿਹਾ ਕੁਝ ਵੀ ਨਹੀਂ ਸੀ। ਉਦੋਂ ਸਿੱਖ ਭਾਈਚਾਰਾ ਡਰਨ ਅਤੇ ਡਰਾਉਣ ਦੀ ਸਿਆਸਤ ਤੋਂ ਨਾਬਰ ਹੋ ਕੇ ਸਵੈ-ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ-ਬਰ-ਤਿਆਰ ਭਾਈਚਾਰਾ ਹੋ ਗਿਆ ਸੀ। ਅਜਿਹੀ ਨਾਬਰੀ ਨੂੰ ਹਕੂਮਤਾਂ ਬਰਦਾਸ਼ਤ ਨਹੀਂ ਕਰਦੀਆਂ ਅਤੇ ਏਸੇ ਦੀ ਕੀਮਤ ਪਹਿਲਾਂ ਗੁਰੂ ਸਾਹਿਬਾਨ ਦੀ ਸ਼ਹੀਦੀ ਨਾਲ ਸ਼ੁਰੂ ਹੋ ਕੇ ਗੁਰੂ ਦੇ ਸਿੱਖਾਂ ਦੀਆਂ ਸ਼ਹੀਦੀਆਂ ਦਾ ਇਤਿਹਾਸ ਸਿਰਜਦੀ ਰਹੀ। ਜੰਗਾਂ ਤਾਂ ਗੁਰੂ ਸਾਹਿਬਾਨ ਨੂੰ ਵੀ ਲੜਨੀਆਂ ਪਈਆਂ ਅਤੇ ਇਹੀ ਸਿਆਸਤ ਮੁਕਤ ਜੰਗਾਂ ਆਮ ਕਰਕੇ ਲੋਕ ਲਹਿਰ ਅਤੇ ਖਾਸ ਕਰਕੇ ਸਿੱਖ ਲਹਿਰ ਦਾ ਹਿੱਸਾ ਹੋ ਗਈਆਂ। ਇਸ ਨੂੰ ਮੁਸਲਿਮ-ਸਿੱਖ ਸਿਆਸਤ ਵਾਂਗ ਤਾਂ ਬਾਬਾ ਬੰਦਾ ਸਿੰਘ ਵੇਲੇ ਵੀ ਨਹੀਂ ਵੇਖਿਆ ਜਾ ਰਿਹਾ ਸੀ। ਏਸੇ ਦੀ ਨਿਰੰਤਰਤਾ ਵਿਚ ਸਿੱਖ-ਸਿਆਸਤ, ਮਿਸਲਾਂ ਵਜੋਂ ਉਸਰਦੀ ਰਹੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਸਿੱਖ ਰਾਜ (1799-1849) ਵਜੋਂ ਸਥਾਪਤ ਹੋ ਗਈ। ਮਾਰਧਾੜ ਅਤੇ ਖੋਹਾਖਿੰਝੀ ਦੀ ਇਸ ਸਿਆਸਤ ਵਿਚ ਵੀ ਆਮ ਮੁਸਲਮਾਨ ਨੂੰ ਮੁਸਲਮਾਨ ਵਜੋਂ ਨਿਸ਼ਾਨਾ ਨਹੀਂ ਸੀ ਬਣਾਇਆ ਗਿਆ।
ਪੰਜਾਬ ਉਤੇ ਅੰਗਰੇਜ਼ਾਂ ਦਾ ਕਬਜਾ ਹੋ ਜਾਣ ਤੱਕ ਸ਼ਾਹ ਮੁਹੰਮਦ ਦੇ ਸ਼ਬਦਾਂ ਵਿਚ ਮੁਸਲਿਮ-ਸਿੱਖ ਸਿਆਸਤ ਜਿਹੀ ਬਲਾ ਪੰਜਾਬ ਦੇ ਗਲ ਨਹੀਂ ਸੀ ਪਈ ਅਤੇ ਪੰਜਾਬੀਅਤ ਨਾਲ ਸਿੱਖ, ਮੁਸਲਮਾਨ ਤੇ ਹਿੰਦੂ ਇਕੱਠੇ ਨਿਭ ਰਹੇ ਸਨ। ਅੰਗਰੇਜ਼ਾਂ ਦੀ ਪਰਜਾ ਹੋ ਗਿਆ ਪੰਜਾਬ ਆਪੋ ਆਪਣੇ ਧਰਮਾਂ ਨਾਲ ਨਿਭਦਾ ਜਿਸ ਤਰ੍ਹਾਂ ਦੇ ਧਾਰਮਿਕ ਸਹਿਚਾਰ ਵਿਚ ਪੰਜਾਬੀਅਤ ਦੀ ਕਿੱਲੀ ਦੁਆਲੇ ਘੁੰਮ ਰਿਹਾ ਸੀ, ਉਸ ਵਿਚ ਪਹਿਲੀ ਚੁਆਤੀ ਈਸਾਈਅਤ ਦੀ ਧਰਮ ਬਦਲੀ ਦੀ ਸਿਆਸਤ ਨੇ ਲਾਈ ਸੀ। ਧਰਮ ਬਦਲੀ ਤਾਂ ਇਸਲਾਮੀ ਸਿਆਸਤ ਦਾ ਵੀ ਹਿੱਸਾ ਰਹੀ ਸੀ, ਪਰ ਇਸ ਨੂੰ ਲੈ ਕੇ ਜੋ ਖਲਲ ਈਸਾਈਅਤ ਦੇ ਪੈਰੋਂ ਪੰਜਾਬ ਵਿਚ ਪਿਆ, ਉਹ ਇਸਲਾਮ ਦੀ ਧਰਮ ਬਲਦੀ ਦੀ ਸਿਆਸਤ ਨਾਲ ਨਹੀਂ ਸੀ ਪਿਆ। ਲੇਖਕ ਅਨੁਸਾਰ ਇਸ ਦਾ ਕਾਰਨ ਇਹ ਸੀ ਕਿ ਇਸਲਾਮ ਵਿਚ ਖਾਂਦੇ ਪੀਂਦੇ ਪੰਜਾਬੀ ਗਏ ਸਨ ਅਤੇ ਉਹ ਧਰਮ ਬਦਲ ਕੇ ਵੀ ਪੰਜਾਬੀ ਹੀ ਰਹੇ ਸਨ; ਪਰ ਈਸਾਈਅਤ ਵਿਚ ਭੁੱਖੇ ਨੰਗੇ ਪੰਜਾਬੀ ਗਏ ਅਤੇ ਜਿਵੇਂ ਉਹ ਈਸਾਈ ਹੋ ਜਾਣ ਤੋਂ ਪਹਿਲਾਂ ਪੰਜਾਬੀਅਤ ਨਾਲ ਜੁੜੇ ਹੋਏ ਸਨ, ਉਹ ਵੀ ਛੱਡ ਬੈਠੇ ਸਨ। ਜਦੋਂ ਮੈਂ ਕਿਤਾਬ ਵਿਚੋਂ ਇਸ ਪ੍ਰਸੰਗ ਵਿਚ ‘ਕੰਮੀ’ ਸ਼ਬਦ ਪੜ੍ਹਿਆ ਤਾਂ ਮੈਨੂੰ ਲੱਗਾ ਕਿ ਧਰਮ ਹੀ ਹੈ, ਜਿਥੇ ਕੰਮੀ ਅਤੇ ਸਰਦਾਰ ਇਕੱਠੇ ਵਿਚਰ ਸਕਦੇ ਹਨ। ਇਸ ਦ੍ਰਿਸ਼ਟੀ ਤੋਂ ਪੰਜਾਬੀਆਂ ਵਿਚ ਕਮਜ਼ੋਰੀਆਂ ਅਤੇ ਵਿਤਕਰਿਆਂ ਨੂੰ ਢਕਣ ਵਾਸਤੇ ਧਰਮ ਨੂੰ ਸਿਆਸੀ ਜੁਗਾੜ ਵਾਂਗ ਵੀ ਵਰਤਿਆ ਜਾਂਦਾ ਰਿਹਾ ਹੈ। ਏਥੇ ਜਾ ਕੇ ਮੈਨੂੰ ਤੇ ਸੰਧੂ ਨੂੰ ਸਿੱਖ ਤੇ ਮੁਸਲਿਮ ਸਿਆਸਤ ਵੱਖ ਵੱਖ ਲੱਗਣ ਲੱਗ ਸਕਦੀ ਹੈ। ਜਿਨ੍ਹਾਂ ਵੇਲਿਆਂ ਦੀ ਇਸ ਪੁਸਤਕ ਵਿਚ ਗੱਲ ਕੀਤੀ ਗਈ ਹੈ, ਉਸ ਵੇਲੇ ਤਾਂ ਸਿਆਸੀ ਦ੍ਰਿਸ਼ਟੀ ਤੋਂ ਦੋ ਹੀ ਧਿਰਾਂ ਸਨ-ਅੰਗਰੇਜ਼ ਅਤੇ ਭਾਰਤੀ। ਮੁੱਦਾ ਦੋਹਾਂ ਲਈ ਆਜ਼ਾਦੀ ਨਾਲ ਜੁੜਿਆ ਹੋਇਆ ਸੀ। ਜਦੋਂ ਆਜ਼ਾਦੀ ਆਉਂਦੀ ਦਿੱਸਣ ਲੱਗੀ ਤਾਂ ਸਭ ਨੂੰ ਦੇਸ਼ ਦੀ ਆਜ਼ਾਦੀ ਦੀ ਥਾਂ ਆਪੋ ਆਪਣੇ ਧਰਮਾਂ ਅਤੇ ਭਾਈਚਾਰਿਆਂ ਦੀ ਆਜ਼ਾਦੀ ਦਾ ਫਿਕਰ ਪੈ ਗਿਆ। ਇਸ ਖੋਹਾਖਿੰਝੀ ਵਿਚੋਂ ਨਿਕਲੀ ਇਹ ਪੁਸਤਕ ਮੈਨੂੰ ਪੰਜਾਬੀਆਂ ਦੀ ਸਿਆਸਤ ਦੀ ਸਾਂਝੀ ਹੋਣੀ ਦਾ ਲੇਖਾ-ਜੋਖਾ ਲੱਗਦੀ ਹੈ। ਟੋਟੇ ਟੋਟੇ ਹੋਈ ਪੰਜਾਬੀ ਸਿਆਸਤ ਦੇ ਖੋਜੀਆਂ ਲਈ ਇਹ ਪੁਸਤਕ ਪੰਜਾਬੀਆਂ ਦੀ ਸਿਆਸਤ ਦਾ ਸਮਕਾਲੀ ਪ੍ਰਸੰਗ ਉਸਾਰਨ ਵਾਸਤੇ ਬਹੁਤ ਕੰਮ ਆ ਸਕਦੀ ਹੈ।
ਇਸ ਵੇਲੇ ਹਰ ਰੰਗ ਦੇ ਪੰਜਾਬੀ, ਵਸੇਬੇ ਅਤੇ ਉਜਾੜੇ ਨਾਲ ਜੁੜੇ ਹਿਜਰਤੀ ਹਵਾਲਿਆਂ ਵਿਚ ਫਸੇ ਹੋਏ ਹਨ। ਇਸ ਨਾਲ ਪੈਦਾ ਹੋ ਗਏ ਆਲਮੀ ਪ੍ਰਸੰਗ ਵਿਚ ਇਸ ਕਿਤਾਬ ਵਿਚਲੀ ਸਿੱਖ-ਮੁਸਲਿਮ ਸਿਆਸਤ ਬਹੁਤ ਪਿੱਛੇ ਰਹਿ ਗਈ ਹੈ। ਪੰਜਾਬੀਆਂ ਦੇ ਧਾਰਮਿਕ ਭਾਈਚਾਰਿਆਂ ਵਿਚ ਜਿਸ ਤਰ੍ਹਾਂ ਦੀ ਉਥਲ ਪੁੱਥਲ ਪਾਕਿਸਤਾਨੀ ਪੰਜਾਬ ਅਤੇ ਹਿੰਦੋਸਤਾਨੀ ਪੰਜਾਬ ਵਿਚ ਹੋਈ ਜਾ ਰਹੀ ਹੈ, ਉਸ ਤਰ੍ਹਾਂ ਦੇ ਹਾਲਾਤ ਨਵੇਂ ਪੈਦਾ ਹੋ ਰਹੇ ਆਲਮੀ ਪੰਜਾਬ ਵਿਚ ਨਹੀਂ ਹਨ। ਜਿਸ ਤਰ੍ਹਾਂ ਦਾ ਤਣਾਉ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਦੋਹਾਂ ਦੇਸ਼ਾਂ ਦੀ ਸਿਆਸਤ ਦੇ ਗਲ ਪੈਂਦਾ ਜਾ ਰਿਹਾ ਹੈ, ਇਸ ਨਾਲ ਤਾਂ ਅਨਭੋਲ ਖਰੋਚ ਵੀ ਸਿਆਸੀ ਜ਼ਖਮ ਵਾਂਗ ਲੱਗਣ ਲੱਗ ਪਈ ਹੈ। ਇਸ ਦੀ ਜੜ੍ਹ ਤਾਂ ਦੋ ਕੌਮਾਂ ਦਾ ਸਿਧਾਂਤ ਹੀ ਹੈ। ਪੰਜਾਬੀਆਂ ਦੇ ਇਹ ਕਦੇ ਵੀ ਮੇਚ ਨਹੀਂ ਆਇਆ ਸੀ, ਕਿਉਂਕਿ ਇਹ ਭਾਰਤ ਦੇ ਸ਼ਹਿਰੀਕਰਣ ਦੀ ਸਿਆਸਤ ਦੀ ਪੈਦਾਵਾਰ ਸੀ ਅਤੇ ਪੇਂਡੂ ਪੰਜਾਬੀਆਂ ਦੇ ਤਾਂ ਗਲ ਹੀ ਪੈ ਗਈ ਸਿਆਸਤ ਕਹਿਣੀ ਚਾਹੀਦੀ ਹੈ। ਸਿੱਖ ਸਿਆਸਤ ਨੂੰ ਇਸ ਨਾਲ ਤੀਜੀ ਧਿਰ ਵਾਂਗ ਨਿਭਣਾ ਜ਼ਰੂਰ ਪਿਆ ਕਿਉਂਕਿ ਭਾਰਤੀ ਸਿਆਸਤ ਵਿਚ ਦੋ ਕੌਮਾਂ ਦੇ ਸਿਧਾਂਤ ਦੀ ਇਹ ਲੜਾਈ ਭਾਰਤ ਨਾਲੋਂ ਪੰਜਾਬ ਵਿਚ ਵੱਧ ਲੜੀ ਜਾ ਰਹੀ ਸੀ। ਕਾਇਦੇ ਆਜ਼ਮ ਰਾਹੀਂ ਲੀਗੀ-ਸਿਆਸਤ ਨਾਲ ਹੋਰਨਾ ਗੈਰ ਪੰਜਾਬੀਆਂ ਨੂੰ ਵੀ ਪੰਜਾਬ ਦੀ ਸਿਆਸਤ ਵਿਚ ਸ਼ਾਮਲ ਹੋਣ ਦਾ ਮੌਕਾ ਮਿਲ ਗਿਆ ਸੀ। ਪੰਜਾਬ ਸਦਾ ਹੀ ਨਵੀਆਂ ਗੱਲਾਂ ਦਾ ਗਾਹਕ ਰਿਹਾ ਹੈ। ਏਸੇ ਕਰਕੇ ਕਾਇਦੇ ਆਜ਼ਮ ਨੂੰ ਜੋ ਹੁੰਗਾਰਾ ਪੰਜਾਬ ਵਿਚੋਂ ਮਿਲਿਆ, ਉਹ ਭਾਰਤ ਦੇ ਹੋਰ ਕਿਸੇ ਸੂਬੇ ਵਿਚੋਂ ਨਹੀਂ ਮਿਲਿਆ ਸੀ।
ਪੰਜਾਬ ਨੂੰ ਹੁੰਗਾਰਾ ਭਰਨ ਦੇ ਸੁਭਾ ਦੀ ਸਜ਼ਾ ਦੀ ਸਿਖਰ ਬੇਸ਼ਕ 1947 ਦੀ ਵੰਡ ਸੀ, ਪਰ ਕਿਸੇ ਨਾ ਕਿਸੇ ਰੂਪ ਵਿਚ ਦੋ ਕੌਮਾਂ ਦੇ ਸਿਧਾਂਤ ਦੀ ਸਜ਼ਾ ਪੰਜਾਬੀਆਂ ਨੂੰ ਲਗਾਤਾਰ ਭੁਗਤਣੀ ਪਈ ਹੈ। ਸਿੱਖ-ਮੁਸਲਿਮ ਸਿਆਸਤ ਦੀ ਚੀਰ ਫਾੜ ਕਰਦੀ ਇਸ ਪੁਸਤਕ ਨਾਲ ਪੰਜਾਬੀਆਂ ਦਾ ਇਹ ਦੁਖਾਂਤ ਸਾਹਮਣੇ ਆ ਗਿਆ ਹੈ ਕਿ ਸਿੱਖਾਂ ਤੋਂ ਬਿਨਾ ਕਿਸੇ ਵੀ ਪੰਜਾਬੀ ਭਾਈਚਾਰੇ ਕੋਲ ਕੋਈ ਪੰਜਾਬ ਦਾ ਸਿਆਸੀ ਲੀਡਰ ਨਹੀਂ ਸੀ। ਏਸੇ ਕਰਕੇ ਲੇਖਕ ਮਾਸਟਰ ਤਾਰਾ ਸਿੰਘ ਨੂੰ ਸੂਬਾਈ ਪ੍ਰਸੰਗ ਵਿਚ ਵੇਖਣ ਦੀ ਥਾਂ, ਕੌਮੀ ਪ੍ਰਸੰਗ ਵਿਚ ਉਲਝਾਉਂਦਾ ਨਜ਼ਰ ਆ ਜਾਂਦਾ ਹੈ। ਪਾਕਿਸਤਾਨ ਦਾ ਵਿਰੋਧ ਮਾਸਟਰ ਤਾਰਾ ਸਿੰਘ ਦੀ ਸਿਆਸਤ ਦਾ ਹਿੱਸਾ ਸੀ ਅਤੇ ਇਸ ਦਾ ਆਧਾਰ ਇਸ ਪੁਸਤਕ ਦੇ ਹਵਾਲੇ ਨਾਲ (ਪੰਨਾ 160) ਇਹੀ ਸੀ ਕਿ ਜਿਸ ਤਰ੍ਹਾਂ ਦਾ ਖਤਰਾ ਮੁਸਲਮਾਨਾਂ ਨੂੰ ਹਿੰਦੂ ਬਹੁਸੰਮਤੀ ਦੀ ਸਿਆਸਤ ਤੋਂ ਲੱਗਦਾ ਸੀ, ਓਹੋ ਜਿਹਾ ਖਤਰਾ ਸਿੱਖਾਂ ਨੂੰ ਮੁਸਲਮਾਨਾਂ ਦੀ ਬਹੁਗਿਣਤੀ ਦੀ ਸਿਆਸਤ ਤੋਂ ਲੱਗਦਾ ਸੀ। ਵਾਧਾ ਇਹ ਹੋਇਆ ਕਿ ਦੋ ਕੌਮਾਂ ਦੇ ਸਿਧਾਂਤ ਦੇ ਮੁੱਦਈ ਸਿੱਖ ਉਸ ਤਰ੍ਹਾਂ ਹੋ ਹੀ ਨਹੀਂ ਸਕਦੇ ਸਨ, ਜਿਸ ਤਰ੍ਹਾਂ ਉਸ ਵੇਲੇ ਕੱਟੜ ਮੁਸਲਿਮ ਅਤੇ ਕੱਟੜ ਹਿੰਦੂ ਹੋ ਗਏ ਸਨ।
ਕੱਟੜ ਹਿੰਦੂਆਂ ਨੂੰ ਉਸ ਵੇਲੇ ਵੀ ਉਸ ਤਰ੍ਹਾਂ ਲਿਬਰਲ ਹਿੰਦੂਆਂ ਵੱਲੋਂ ਹੁੰਗਾਰਾ ਨਹੀਂ ਸੀ ਮਿਲਿਆ, ਜਿਸ ਤਰ੍ਹਾਂ ਕੱਟੜ ਮੁਸਲਿਮ ਸਿਆਸਤ ਨੂੰ ਲਿਬਰਲ ਮੁਸਲਮਾਨਾਂ ਦਾ ਪੰਜਾਬ ਵਿਚੋਂ ਵੀ ਮਿਲਣ ਲੱਗ ਪਿਆ ਸੀ। ਇਸ ਫਰਕ ਨਾਲ ਸਿੱਖਾਂ ਦੀ ਹਮਦਰਦੀ ਹਿੰਦੂਆਂ ਨਾਲ ਹੋਣੀ ਕੁਦਰਤੀ ਸੀ। ਵੈਸੇ ਵੀ ਲੇਖਕ ਦੀ ਇਹ ਗੱਲ ਠੀਕ ਹੈ ਕਿ ਇਸਲਾਮੀ ਸਿਆਸਤ ਦੇ ਪੈਰੋਂ ਹੋਈਆਂ ਵਧੀਕੀਆਂ ਸਿੱਖ ਚੇਤਿਆਂ ਵਿਚੋਂ ਕਦੇ ਕਿਰੀਆਂ ਹੀ ਨਹੀਂ ਸਨ। ਇਸ ਹਾਲਤ ਵਿਚ ਲੇਖਕ ਦਾ ਇਹ ਮੰਨਣਾ ਕਿ ਦੇਸ਼ ਦੀ ਵੰਡ ਵੇਲੇ ਸਿੱਖਾਂ ਦਾ ਭਾਰਤ ਨਾਲ ਜਾਣ ਦਾ ਫੈਸਲਾ ਆਤਮਘਾਤੀ ਸੀ (49), ਕਾਹਲੀ ਵਿਚ ਅਤੇ ਮਰਜੀ ਮੁਤਾਬਿਕ ਕੀਤੀ ਟਿੱਪਣੀ ਹੈ।
ਪੁਸਤਕ ਦੀ ਪਹਿਲ ਅਤੇ ਖੂਬਸੂਰਤੀ ਇਹ ਹੈ ਕਿ ਸਿੱਖਾਂ ਨੂੰ ਸਿੱਖ ਸਿਆਸਤ ਦੇ ਹਵਾਲੇ ਨਾਲ ਸਮਝਣ ਦੀ ਜਿਸ ਤਰ੍ਹਾਂ ਕੋਸ਼ਿਸ਼ ਇਸ ਕਿਤਾਬ ਵਿਚ ਕੀਤੀ ਗਈ ਹੈ, ਇਸ ਤਰ੍ਹਾਂ ਦੀ ਕੋਸ਼ਿਸ਼ ਹੋਰ ਕਿਧਰੇ ਨਹੀਂ ਮਿਲਦੀ। ਇਕ ਕਾਰਨ ਇਹ ਵੀ ਹੈ ਕਿ ਅਕਸਰ ਸਿੱਖਾਂ ਨੂੰ ਸਿੱਖ ਪਛਾਣ ਰਾਹੀਂ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਨਿਆਂ ਤਾਂ ਉਦੋਂ ਹੀ ਹੋਣਾ ਹੈ, ਜਦੋਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਸਮਝਣ ਦੇ ਯਤਨ ਹੋਣਗੇ। ਗੁਰੂ ਨਾਨਕ ਦੇਵ ਜੀ ਨੇ ਤਾਂ ਸਿੱਖੀ ਨੂੰ ਬੰਦੇ ਦੀ ਬਿਹਤਰੀ ਵਾਸਤੇ ਕਿਸੇ ਵੀ ਸਮਕਾਲ ਲਈ ਲੋੜੀਂਦੀ ਤਕਨਾਲੋਜੀ ਵਾਂਗ ਸਾਹਮਣੇ ਲਿਆਂਦਾ ਸੀ। ਗੁਰੂ ਨਾਨਕ ਦੇ ਸਿੱਖਾਂ ਵਿਚ ਜਿਸ ਤਰ੍ਹਾਂ ਰਾਏ ਬੁਲਾਰ ਅਤੇ ਭਾਈ ਮਰਦਾਨਾ ਸ਼ਾਮਲ ਸਨ, ਉਸ ਤਰ੍ਹਾਂ ਤਾਂ ਬਾਬੇ ਨਾਨਕ ਦੇ ਘਰ ਵਾਲੇ ਵੀ ਸ਼ਾਮਲ ਨਹੀਂ ਸਨ। ਇਸ ਧਾਰਮਿਕ ਖੁਲ੍ਹ ਦੀ ਪੁਸ਼ਟੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਬਾਣੀਕਾਰਾਂ ਨਾਲ ਵੀ ਹੋ ਜਾਂਦੀ ਹੈ।
ਸਿੱਖ ਸਿਆਸਤ ਇਸ ਸਿਧਾਂਤਕ ਸ਼ਾਨ ਵੱਲ ਪਿੱਠ ਕਰਕੇ ਨਹੀਂ ਤੁਰ ਸਕੀ ਅਤੇ ਨਾ ਹੀ ਤੁਰ ਸਕੇਗੀ। ਸਿੱਖ ਸਿਆਸਤ ਵਿਚ ਕੱਟੜਤਾ ਨੂੰ ਮਾਨਤਾ ਤਾਂ ਮਿਸਲਾਂ ਵੇਲੇ ਵੀ ਨਹੀਂ ਸੀ ਮਿਲੀ। ਇਸ ਦੇ ਬਾਵਜੂਦ ਸਿੱਖੀ, ਕੱਟੜਤਾ ਤੋਂ ਬਿਲਕੁਲ ਮੁਕਤ ਬੇਸ਼ਕ ਨਹੀਂ ਹੈ ਅਤੇ ਏਸੇ ਨੂੰ ਵਰਤਣ ਦੀ ਇਸ ਕਿਤਾਬ ਵਿਚ ਕੋਸ਼ਿਸ਼ ਵੀ ਕੀਤੀ ਗਈ ਹੈ। ਧਿਆਨ ਵਿਚ ਰਹੇ ਕਿ ਕੱਟੜਤਾ, ਸਿੱਖੀ ਦੀ ਮੁੱਖਧਾਰਾ ਕਦੇ ਵੀ ਨਹੀਂ ਸੀ ਬਣ ਸਕੀ ਅਤੇ ਕਦੇ ਬਣ ਵੀ ਨਹੀਂ ਸਕੇਗੀ। ਇਸ ਪੱਖ ਨੂੰ ਧਿਆਨ ਵਿਚ ਰੱਖਾਂਗੇ ਤਾਂ ਸਮਝ ਸਕਾਂਗੇ ਕਿ ਮਾਸਟਰ ਤਾਰਾ ਸਿੰਘ ਆਪਣੇ ਸਮਿਆਂ ਦੇ ਓਡੇ ਹੀ ਵੱਡੇ ਕੌਮੀ ਲੀਡਰਾਂ ਵਿਚੋਂ ਸੀ, ਜਿਸ ਤਰ੍ਹਾਂ ਡਾ. ਜਗਤਾਰ ਸਿੰਘ ਗਰੇਵਾਲ ਨੇ ਉਨ੍ਹਾਂ ਬਾਰੇ ਲਿਖੀ ਪੁਸਤਕ ਵਿਚ ਰਿਕਾਰਡ ਕਰ ਦਿੱਤਾ ਹੈ ਅਤੇ ਆਕਸਫੋਰਡ ਨੇ ਉਸ ਨੂੰ ਛਾਪ ਵੀ ਦਿੱਤਾ ਹੈ। ਜਿਵੇਂ ਇਸ ਕਿਤਾਬ ਦੇ ਲੇਖਕ ਨੂੰ ਬਰਤਾਨਵੀ ਪੰਜਾਬ ਵਿਚ ਸਿੱਖ ਸਿਆਸਤ ਆਪਸੀ ਫੁੱਟ ਦਾ ਸ਼ਿਕਾਰ ਹੋਈ ਲੱਗਦੀ ਹੈ, ਉਸ ਤਰ੍ਹਾਂ ਰਾਏ ਦਾ ਵਿਰੋਧ ਅਤੇ ਪਹੁੰਚ ਦੇ ਵਖਰੇਵੇਂ ਉਸ ਵੇਲੇ ਦੀ ਕਿਹੜੀ ਪਾਰਟੀ ਵਿਚ ਨਹੀਂ ਸਨ? ਉਸ ਵੇਲੇ ਦੀ ਜ਼ਿਕਰਯੋਗ ਲੀਡਰਸ਼ਿਪ ਦਾ ਪੱਧਰ ਕੌਮੀ ਸਿਆਸਤ ਤੋਂ ਸ਼ੁਰੂ ਹੁੰਦਾ ਸੀ ਅਤੇ ਖੇਤਰੀ ਲੀਡਰਸ਼ਿਪ ਨੂੰ ਤਾਂ ਉਸ ਦੇ ਮਗਰ ਲੱਗਣ ਦੀ ਸਿਆਸੀ ਹੋਣੀ ਹੰਢਾਉਣੀ ਪੈਂਦੀ ਰਹੀ ਸੀ। ਇਸ ਹਾਲਤ ਵਿਚ ਸਿੱਖ ਹੀ ਸਨ, ਜੋ ਮਗਰ ਲੱਗਣ ਦੀ ਸਿਆਸਤ ਨਹੀਂ ਸਨ ਕਰ ਸਕੇ।
ਸਿੱਖ ਲੀਡਰਸ਼ਿਪ ਦਾ ਮੁਕਾਬਲਾ ਤਾਂ ਸਿਕੰਦਰ ਹਯਾਤ ਅਤੇ ਸਰ ਛੋਟੂ ਰਾਮ ਨਾਲ ਕੀਤਾ ਜਾ ਸਕਦਾ ਹੈ, ਜਿਨਾਹ ਤੇ ਗਾਂਧੀ ਨਾਲ ਨਹੀਂ। ਇਸ ਰੌਸ਼ਨੀ ਵਿਚ ਮਾਸਟਰ ਤਾਰਾ ਸਿੰਘ ਦੀ ਇਹ ਟਿੱਪਣੀ ਕਿ ਪਾਕਿਸਤਾਨ ਦੀ ਸਿਆਸਤ ਨਾਲ ਪੰਜਾਬੀ ਮੁਸਲਮਾਨਾਂ ਵਿਚ ਤਰਫਦਾਰੀ ਦਾ ਅਹਿਸਾਸ ਅਤੇ ਗੈਰ ਪੰਜਾਬੀ ਮੁਸਲਮਾਨਾਂ ਵਿਚ ਡਰ ਪੈਦਾ ਕਰਨ ਦੀ ਸਿਆਸਤ ਹੋ ਰਹੀ ਹੈ, ਸੁਜੱਗ ਸਿਆਸੀ ਟਿੱਪਣੀ ਹੋ ਗਈ ਸੀ। ਪੰਜਾਬੀ ਮੁਸਲਮਾਨ ਜਦੋਂ ਲੀਗੀ ਸਿਆਸਤ ਦੇ ਮਗਰ ਲੱਗ ਗਏ ਤਾਂ ਸਮਝੋ ਸਿੱਖ ਸਿਆਸਤ ਨੂੰ ਸਮਝਣ ਵਾਲਾ ਕੋਈ ਪੰਜਾਬੀ ਮੁਸਲਮਾਨ ਰਿਹਾ ਹੀ ਨਹੀਂ ਸੀ ਅਤੇ ਪੰਜਾਬ ਵਿਚ ਕਿਸੇ ਇਕ ਭਾਈਚਾਰੇ ਦਾ ਮੁਸਲਿਮ ਰਾਜ ਸਿੱਖਾਂ ਨੇ ਨਾ ਕਦੇ ਬਰਦਾਸ਼ਤ ਕੀਤਾ ਸੀ ਅਤੇ ਨਾ ਕਦੇ ਕਰ ਸਕਣਗੇ ਕਿਉਂਕਿ ਉਹ ਪੰਜਾਬ ਨੂੰ ਸ਼ੇਰਾਂ ਦੀ ਜੂਹ ਮੰਨਦੇ ਹਨ।
ਦੁਖਾਂਤ ਇਹ ਹੈ ਕਿ ਪਾਕਿਸਤਾਨ ਨਾਲ ਸਿੱਖਾਂ ਦੇ ਗਲ ਪਈ ਪੰਜਾਬ ਦੀ ਵੰਡ, ਭਾਰਤੀ ਪੰਜਾਬ ਦੇ ਤਿੰਨ ਟੋਟੇ ਕਰ ਚੁਕੀ ਹੈ। ਵੰਡ ਦਰ ਵੰਡ ਦੀ ਚਸਕ, ਕਿਸੇ ਵੀ ਫਿਰਕੇ ਦੇ ਲਿਬਰਲ ਪੰਜਾਬੀਆਂ ਨੂੰ ਸਿਆਸਤ ਦੀ ਸਿਤਮਜ਼ਰੀਫੀ ਵਾਂਗ ਸਦਾ ਚਸਕਦੀ ਰਹਿਣੀ ਹੈ। ਲੇਖਕ ਨੇ ਸਿੱਖਾਂ ਦੇ ਵੰਡ ਵੇਲੇ ਦੇ ਫੈਸਲੇ ਦਾ ਪਾਕਿਸਤਾਨ ਅਤੇ ਭਾਰਤ ਨੂੰ ਹੋਏ ਫਾਇਦੇ ਤੇ ਨੁਕਸਾਨ ਨੂੰ ਤਾਂ ਬਿਆਨ ਕੀਤਾ ਹੈ ਅਤੇ ਦੋਹਾਂ ਧਿਰਾਂ ਵਿਚੋਂ ਕਿਸੇ ਨੂੰ ਵੀ ਹੋਏ ਨੁਕਸਾਨ ਦੀ ਜਿੰਮੇਵਾਰੀ ਸਿੱਖ ਲੀਡਰਸ਼ਿਪ ਦੀ ਹੀ ਕਿਉਂ ਸੀ, ਇਹ ਨਹੀਂ ਦੱਸਿਆ। ਇਸ ਵਾਸਤੇ ਵਰਤੇ ਗਏ ਹਵਾਲੇ ਬਹੁਤੇ ਸਰਕਾਰੀ ਏਜੰਸੀਆਂ (242) ਦੇ ਹਨ ਅਤੇ ਕੁਝ ਕੁ ਕੱਟੜਤਾ ਦੀ ਸਿਆਸਤ ਦੇ ਮੁੱਦਈਆਂ ਦੇ ਹਨ। ਹਵਾਲਿਆਂ ਨਾਲ ਲੱਦੀ ਇਸ ਕਿਤਾਬ ਦੇ ਲੇਖਕ ਦੀ ਜਿੰਮੇਵਾਰੀ ਮਿਥਣ ਲੱਗਿਆਂ ਵੇਖਣਾ ਪਵੇਗਾ ਕਿ ਹਵਾਲੇ ਕਿਧਰੇ ਮਨ ਮਰਜ਼ੀ ਦੇ ਸਿੱਟਿਆਂ ਵੱਲ ਤਾਂ ਨਹੀਂ ਉਲਰਦੇ?
ਪੁਸਤਕ ਵਿਚ ਵਰਤੇ ਗਏ ਹਵਾਲਿਆਂ ਤੋਂ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਲੇਖਕ ਨੂੰ ਲੀਗੀ ਸਿਆਸਤ ਦਾ ਰਾਹ ਰੋਕਦੀ ਕੋਈ ਵੀ ਕਾਰਵਾਈ ਪਸੰਦ ਨਹੀਂ ਹੈ। ਇਸ ਦੀ ਸ਼ੁਰੂਆਤ ਵੰਡੋ ਤੇ ਰਾਜ ਕਰੋ ਦੀ ਸਿਆਸਤ ਨੂੰ ਹਿੰਦੂਆਂ ਦੇ ਗਲ ਪਾਉਣ ਨਾਲ ਹੋ ਜਾਂਦੀ ਹੈ ਅਤੇ ਇਸ ਵਾਸਤੇ ਵੀ ਅੰਗਰੇਜ਼ਾਂ ਨੂੰ ਨਹੀਂ, ਕਾਂਗਰਸ ਨੂੰ ਹੀ ਦੋਸ਼ੀ ਠਹਿਰਾਇਆ ਗਿਆ ਹੈ। ਇਹ ਠੀਕ ਹੈ ਕਿ ਸ੍ਰੋਤਾਂ ਅਤੇ ਹਵਾਲਿਆਂ ਨੂੰ ਆਪਣੇ ਰੰਗ ਵਿਚ ਰੰਗ ਲੈਣ ਦੀ ਅਕਾਦਮਿਕਤਾ ਹੁੰਦੀ ਰਹਿਣੀ ਹੈ। ਹੁਣ ਤਾਂ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਪੰਜਾਬ ਦੀ ਵੰਡ ਦੀ ਲੋੜ ਹੀ ਕੱਟੜ ਧਰਮੀਆਂ ਦੀ ਸਿਆਸਤ ਦੀ ਸੀ। ਇਸ ਵਾਸਤੇ ਜਿੰਨੀ ਕੀਮਤ ਪੰਜਾਬੀਆਂ ਨੂੰ ਦੇਣੀ ਪਈ, ਓਨਾ ਫਾਇਦਾ ਪਾਕਿਸਤਾਨ ਅਤੇ ਭਾਰਤ ਨੂੰ ਨਹੀਂ ਹੋਇਆ। ਜੋ ਸਿੱਖ ਸਿਆਸਤ ਬਸਤੀਵਾਦੀ ਹਕੂਮਤ ਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਰੂਪ ਵਿਚ ਹਰਾ ਚੁਕੀ ਸੀ ਅਤੇ ਧਾਰਮਿਕ ਭਾਈਚਾਰਿਆਂ ਵਿਚ ਆਪਣੇ ਆਪ ਨੂੰ ਕਿਸੇ ਤੋਂ ਪਿਛੇ ਨਹੀਂ ਸੀ ਸਮਝਦੀ, ਉਸ ਨੂੰ ਲੇਖਕ ਮੁਤਾਬਿਕ ਹਿੰਦੂ ਸਿਆਸਤ ਦਾ ਪਿਛਲੱਗ ਕਿਵੇਂ ਕਿਹਾ ਜਾ ਸਕਦਾ ਹੈ?
ਕਿਤਾਬ ਵਿਚੋਂ ਹੀ ਮੈਨੂੰ ਇਹ ਸਮਝ ਆਇਆ ਹੈ ਕਿ ਧਰਮ ਜੇ ਧਰਮੀ ਹੋਣ ਤੱਕ ਸਿਮਟ ਜਾਏ ਤਾਂ ਧਰਮ ਦੀ ਸਿਆਸਤ ਵੱਲ ਆਪਣੇ ਆਪ ਧੱਕਿਆ ਜਾਂਦਾ ਹੈ। ਨਤੀਜਾ ਇਹ ਨਿਕਲਦਾ ਹੈ ਕਿ ਆਪੋ ਆਪਣੇ ਢੰਗ ਨਾਲ ਯੁੱਗ ਬਦਲੀ ਦੀ ਗੱਲ ਕਰਨ ਵਾਲੀ ਧਾਰਮਿਕ ਪਹੁੰਚ ਅਣਵਰਤੀ ਰਹਿ ਜਾਂਦੀ ਹੈ। ਏਸੇ ਤਰ੍ਹਾਂ ਸਿਧਾਂਤ ਜੇ ਇਤਿਹਾਸ ਹੋ ਜਾਣ ਨਾਲ ਸੰਤੁਸ਼ਟ ਹੋ ਜਾਵੇ ਜਾਂ ਇਤਿਹਾਸ ਤੱਕ ਮਹਿਦੂਦ ਹੋ ਜਾਵੇ ਤਾਂ ਕਿਸੇ ਵੀ ਧਰਮ ਦੀ ਸਿਧਾਂਤਕ ਤਾਜ਼ਗੀ, ਖੜੋਤ ਦਾ ਸ਼ਿਕਾਰ ਹੋ ਕੇ ਕੱਟੜਤਾ ਵਾਂਗ ਪ੍ਰਗਟ ਹੋਣ ਲੱਗ ਜਾਵੇਗੀ। ਪਹਿਲ ਤਾਜ਼ਗੀਆਂ ਦੇ ਬੁੱਸਣ ਦੇ ਵਰਤਾਰੇ ਨੂੰ ਕੱਟੜਤਾ ਕਿਹਾ ਜਾ ਰਿਹਾ ਹੈ। ਇਹ ਵਰਤਾਰਾ ਧਰਮ ਦੀ ਪਛਾਣ ਨਾਲ ਸ਼ੁਰੂ ਹੁੰਦਾ ਹੈ ਅਤੇ ਧਰਮ ਦੀ ਸਿਆਸਤ ‘ਤੇ ਮੁੱਕ ਜਾਂਦਾ ਹੈ। ਇਸ ਪਾਸੇ ਧਿਆਨ ਜਾਂਦਾ ਤਾਂ ਲੇਖਕ ਦੀ ਦਾਨਸ਼ਮੰਦੀ ਇਸ ਪੁਸਤਕ ਰਾਹੀਂ ਸਿੱਖੀ ਨੂੰ ਸਿਆਸਤ ਵਾਂਗ ਸਮਝਣ ਤੋਂ ਬਚ ਕੇ ਸਿੱਖਾਂ ਅਤੇ ਮੁਸਲਮਾਨਾਂ ਵਿਚਾਲੇ ਪੀਡੀਆਂ ਗੰਢਾਂ ਦੀ ਗੱਲ ਕਰ ਸਕਦੀ ਸੀ।
ਨਿਸ਼ਾਨਾ ਸਿਆਸੀ ਹੋਵੇ ਤਾਂ ਅਕਾਦਮਿਕਤਾ ਦੇ ਦਾਅ ‘ਤੇ ਲੱਗ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ, ਕਿਉਂਕਿ ਇਸ ਤਰ੍ਹਾਂ ਚੰਗੇ ਦਸਤਾਵੇਜ਼ ਵੀ ਸਹੀ ਨਤੀਜਿਆਂ ‘ਤੇ ਪਹੁੰਚਣ ਲਈ ਮਦਦ ਨਹੀਂ ਕਰਦੇ। ਕਿਸੇ ਵੀ ਧਰਮ ਦੀ ਸਿਆਸਤ ਨੂੰ ਜੇ ਸਿਧਾਂਤਕੀ ਦਾ ਬੰਧਨ ਨਹੀਂ ਹੋਵੇਗਾ ਤਾਂ ਇਕ ਪਾਸੇ ਸਿਧਾਂਤ ਤੇ ਅਮਲ ਇਕ ਦੂਜੇ ਦੇ ਟਕਰਾ ਵਿਚ ਆ ਜਾਣਗੇ ਅਤੇ ਦੂਜੇ ਪਾਸੇ ਅਨੈਤਿਕ ਬੇਲਗਾਮੀ ਦੀ ਸਿਆਸਤ ਦਾ ਬੋਲਬਾਲਾ ਹੋ ਜਾਏਗਾ। ਜੋ ਕੋਈ ਵੀ ਇਸ ਪਾਸੇ ਸੋਚੇਗਾ, ਉਹ ਇਹ ਸਮਝ ਜਾਵੇਗਾ ਕਿ ਸਿਕੰਦਰ-ਬਲਦੇਵ ਸਿੰਘ ਸਮਝੌਤੇ ਵਿਚ ਲੀਗੀ ਸਿਆਸਤ ਦੇ ਦਖਲ ਨਾਲ ਕੱਟੜਤਾ ਦੀ ਸਿਆਸਤ ਦਾ ਬੀਜ ਪੰਜਾਬ ਵਿਚ ਬੀਜਿਆ ਗਿਆ ਸੀ। 1946 ਵਿਚ ਜਿਸ ਤਰ੍ਹਾਂ ਬੰਗਾਲ ਦੀ ਲੀਗੀ-ਸਿਆਸਤ ਦਾ ਹਿੱਸੇਦਾਰ ਕੱਟੜ ਹਿੰਦੂ ਸਿਆਸਤ ਦਾ ਮੁੱਦਈ ਸ਼ਿਆਮਾ ਪ੍ਰਸਾਦ ਮੁਕਰਜੀ ਹੋ ਗਿਆ ਸੀ, ਉਸ ਨਾਲ ਦੋ ਕੌਮਾਂ ਦੇ ਸਿਧਾਂਤ ਮੁਤਾਬਿਕ ਦੇਸ਼ ਦੀ ਵੰਡ ਦੇ ਹਮਾਇਤੀਆਂ ਤੇ ਵਿਰੋਧੀਆਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਤਾਂ ਸਮਝ ਆ ਜਾਏਗਾ ਕਿ ਲੀਗੀਆਂ ਦੇ ਪਾਕਿਸਤਾਨ ਅਤੇ ਆਰ. ਐਸ਼ ਐਸ਼ ਦੇ ਹਿੰਦੋਸਤਾਨ ਦੀ ਸਿਆਸਤ ਵਿਚ ਬਹੁਤਾ ਫਰਕ ਨਹੀਂ। ਇਸ ਨੂੰ ਧਿਆਨ ਵਿਚ ਰੱਖ ਕੇ ਕਹਿ ਸਕਦੇ ਹਾਂ ਕਿ ਜਿਵੇਂ ਜ਼ਿਆ ਉਲ ਹੱਕ ਦਾ ਪਾਕਿਸਤਾਨ, ਕਾਇਦੇ ਆਜ਼ਮ ਦਾ ਪਾਕਿਸਤਾਨ ਨਹੀਂ ਸੀ, ਉਵੇਂ ਹੀ ਭਾਜਪਾਈਆਂ ਦਾ ਹਿੰਦੋਸਤਾਨ, ਗਾਂਧੀ ਦਾ ਹਿੰਦੋਸਤਾਨ ਨਹੀਂ ਹੈ। ਕੱਟੜ ਅਤੇ ਲਿਬਰਲ ਸਿਆਸਤ ਦਾ ਇਹ ਵਹਿਣ ਪਹਿਲਾਂ ਵੀ ਚੱਲਦਾ ਰਿਹਾ ਹੈ, ਇਸ ਵੇਲੇ ਵੀ ਚੱਲ ਰਿਹਾ ਹੈ ਅਤੇ ਅੱਗੋਂ ਵੀ ਚੱਲਦਾ ਰਹਿ ਸਕਦਾ ਹੈ। ਇਸ ਸਾਰੇ ਕੁਝ ਵਿਚ ਸਿੱਖ, ਪਹਿਲਾਂ ਵੀ ਕਿਥੇ ਸਨ ਅਤੇ ਹੁਣ ਵੀ ਕਿਥੇ ਹਨ?
ਦੇਸ਼ ਦੀ ਵੰਡ ਵੇਲੇ ਸਿੱਖਾਂ ਦੇ ਘਟਗਿਣਤੀ ਹੋਣ ਵਿਚ ਧੜੇਬਾਜ਼ੀ ਨੂੰ ਲੈ ਕੇ ਜਿਹੋ ਜਿਹੇ ਨਤੀਜੇ ਲੇਖਕ ਨੇ ਕੱਢ ਲਏ ਹਨ, ਉਸ ਨੂੰ ਸਿੱਖ ਮਿਸਲਾਂ ਦੇ ਹਵਾਲੇ ਨਾਲ ਸਮਝਣ ਵਾਲੇ ਰਾਹ ਪਿਆ ਜਾ ਸਕਦਾ ਸੀ ਕਿਉਂਕਿ ਸਿੱਖ-ਮੁਸਲਿਮ ਸਿਆਸਤ ਦਾ ਮੁੱਢ ਤਾਂ ਉਥੋਂ ਹੀ ਬੱਝ ਰਿਹਾ ਸੀ; ਪਰ ਪੁਸਤਕ ਵਿਚੋਂ ਤਾਂ ਸਿੱਖ ਸਿਆਸਤ ਦਾ ਸ਼ੁਰੂਆਤੀ ਦੌਰ 1716 ਤੋਂ 1849 ਤੱਕ ਗੁੰਮ ਹੈ। ਇਹੀ ਸਮਾਂ ਹੈ, ਜਦੋਂ ਮੁਸਲਮਾਨਾਂ ਅਤੇ ਸਿੱਖਾਂ ਦੀ ਸਿਆਸਤ ਦੀਆਂ ਪੈੜਾਂ, ਇਸਲਾਮੀ ਸਿਆਸਤ ਦੀਆਂ ਸਿੱਖ ਵਿਰੋਧੀ ਵਧੀਕੀਆਂ ਦੇ ਬਾਵਜੂਦ ਪੈ ਰਹੀਆਂ ਸਨ। ਜੱਸਾ ਸਿੰਘ ਰਾਮਗੜ੍ਹੀਆ, ਅਦੀਨਾ ਬੇਗ ਨਾਲ ਰਲ ਕੇ ਨਾਦਰ ਸ਼ਾਹ ਦੇ ਖਿਲਾਫ ਲੜ ਰਿਹਾ ਸੀ। ਪੰਜਾਬੀਆਂ ਦੇ ਵਿਦੇਸ਼ੀ ਧਾੜਵੀਆਂ ਵਿਰੁਧ ਸੰਘਰਸ਼ ਦੀ ਸਿਖਰ ਮਹਾਰਾਜਾ ਰਣਜੀਤ ਸਿੰਘ ਸੀ। ਇਸ ਦਾ ਹਵਾਲਾ ਦੇਣ ਦੀ ਲੋੜ ਕਿਉਂ ਨਹੀਂ ਸਮਝੀ ਗਈ, ਇਸ ਦਾ ਉਤਰ ਪੁਸਤਕ ਦੇ ਹਵਾਲੇ ਨਾਲ ਨਹੀਂ ਦਿੱਤਾ ਜਾ ਸਕਦਾ। ਜੇ ਸਿੱਖ ਮਹਾਰਾਜੇ ਦਾ ਨਾਂ ਆ ਹੀ ਗਿਆ ਹੈ ਤਾਂ ਹਿੰਦੂ ਹਿਤੈਸ਼ੀ ਅਤੇ ਮੁਸਲਿਮ ਵਿਰੋਧੀ ਦੱਸਣ ਦੀ ਮਨਸ਼ਾ ਨਾਲ ਗਊ ਘਾਤ ਵਿਰੁਧ ਬਣਾਏ ਗਏ ਕਾਨੂੰਨ ਦੇ ਹਵਾਲੇ ਵਰਤ ਲਏ ਗਏ ਹਨ (93)। ਹਾਲਾਂਕਿ ਇਹ ਹਵਾਲਾ ਕਿਸੇ ਹੋਰ ਪ੍ਰਸੰਗ ਵਿਚ ਹੈ। ਬਿਨਾ ਹਵਾਲੇ ਤੋਂ ਇਹ ਟਿੱਪਣੀ ਵੀ ਕਰ ਦਿੱਤੀ ਗਈ ਹੈ ਕਿ ਸਿੱਖਾਂ ਨੇ ਬੇਦੋਸੇ. ਮੁਸਲਮਾਨਾਂ ਨੂੰ ਮਾਰਿਆ ਸੀ ਕਿਉਂਕਿ ਮੁਸਲਿਮ ਹਾਕਮਾਂ ਨੇ ਸਿੱਖਾਂ ਦੇ ਵਡੇਰਿਆਂ ਨੂੰ ਮਾਰਿਆ ਸੀ (92)।
ਇਹ ਜੋੜ ਮੇਰੀ ਪੜ੍ਹਤ ਅਤੇ ਸਮਝ ਤੋਂ ਬਾਹਰ ਹੈ ਕਿਉਂਕਿ ਸਿੱਖਾਂ ਦੀ ਲੜਾਈ ਇਸਲਾਮੀ ਹਕੂਮਤ ਨਾਲ ਸੀ, ਮੁਸਲਮਾਨਾਂ ਖਿਲਾਫ ਕਦੇ ਵੀ ਨਹੀਂ ਸੀ। ਅਜਿਹੇ ਹਵਾਲਿਆਂ ਨਾਲ ਲੇਖਕ ਸਿੱਧਾ ਹੀ ਦੋ ਕੌਮਾਂ ਦੇ ਸਿਧਾਂਤ ਵਾਸਤੇ ਲੋੜੀਂਦੀ ਸਿਆਸਤ ਲਈ ਸਿੱਖਾਂ ਅਤੇ ਮੁਸਲਮਾਨਾਂ ਦੇ ਭਰੱਪਨ ਦੀ ਬਲੀ ਦੇ ਰਿਹਾ ਲੱਗਦਾ ਹੈ। ਸਿੱਖ-ਮੁਸਲਿਮ ਰਿਸ਼ਤਿਆਂ ਨੂੰ ਪੰਜਾਬੀਅਤ ਦੇ ਹਵਾਲੇ ਨਾਲ ਨਹੀਂ ਸਮਝਾਂਗੇ ਤਾਂ ਲੀਗੀ ਸਿਆਸਤ ਦੀ ਤਰਫਦਾਰੀ ਦੇ ਠੱਪੇ ਤੋਂ ਨਹੀਂ ਬਚਿਆ ਜਾ ਸਕੇਗਾ। ਪੁਸਤਕ ਦੇ 16ਵੇਂ ਕਾਂਡ ਦੀ ਸ਼ੁਰੂਆਤ ਵੰਡ ਤੋਂ ਪਹਿਲਾਂ ਦੇ ਪੰਜਾਬੀ ਭਰੱਪਨ ਨਾਲ ਹੁੰਦੀ ਹੈ ਅਤੇ ਸਾਂਝੀਆਂ ਕੜੀਆਂ (390-95) ਦੀ ਗੱਲ ਕਰਦਿਆਂ ਇਸ ਨੂੰ ਜਾਤੀਵਾਦੀ ਸਿਆਸਤ ਵੱਲ ਲੈ ਕੇ ਜਾਣ ਲਈ ਜਿੰਮੇਵਾਰ ਅਕਾਲੀ ਸਿਆਸਤ ਨੂੰ ਦੱਸਿਆ ਜਾਣਾ ਮਨਸ਼ਾ ਮੁੱਦੇ ਵਰਗਾ ਲੱਗਦਾ ਹੈ (397)। ਇਸ ਦਾ ਕਾਰਨ ਲੇਖਕ ਮੁਤਾਬਿਕ ਸਿੱਖਾਂ ਕੋਲ ਗਾਂਧੀ ਅਤੇ ਜਿਨਾਹ ਦੇ ਪੱਧਰ ਦਾ ਲੀਡਰ ਨਾ ਹੋਣਾ ਕਿਉਂ ਮੰਨ ਲਿਆ ਗਿਆ ਹੈ, ਸਵਾਲ ਹੋ ਗਿਆ ਹੈ? ਜਿਹੋ ਜਿਹੇ ਹਵਾਲਿਆਂ ਨਾਲ ਲੇਖਕ ਇਸ ਨਤੀਜੇ ‘ਤੇ ਪਹੁੰਚਦਾ ਹੈ ਕਿ ਜਿਨਾਹ ਨੇ ਖਾਲਿਸਤਾਨ ਦੀ ਮੰਗ ਮੰਨ ਲਈ ਸੀ ਅਤੇ ਉਹ ਇਹੀ ਜਾਣਨਾ ਚਾਹੁੰਦਾ ਸੀ ਕਿ ਇਹ ਕਿਥੇ ਅਤੇ ਕਿਵੇਂ ਬਣਾਇਆਂ ਜਾਵੇ ਵਰਗੀ ਸਿਆਸੀ ਟਿੱਪਣੀ ਨਾਲ ਜੋ ਕੁਝ ਵੀ ਸਮਝ ਆਉਂਦਾ ਹੈ, ਸਿੱਖ ਸਿਆਸਤ ਨੂੰ ਸਮਝਣ ਵਾਸਤੇ ਮਦਦ ਨਹੀਂ ਕਰਦਾ ਕਿਉਂਕਿ ਨਾਲ ਹੀ ਇਹ ਦੱਸ ਦਿੱਤਾ ਹੈ ਕਿ 13% ਸਿੱਖਾਂ ਦੀ ਇਹ ਮੰਗ ਨਹੀਂ ਮੰਨੀ ਜਾ ਸਕਦੀ ਸੀ।
ਸਿੱਖ ਸਿਆਸਤ ਸਾਹਮਣੇ ਮਸਲਾ ਦੇਸ਼ ਨੂੰ ਵੰਡੇ ਜਾਣ ਦਾ ਸੀ ਕਿਉਂਕਿ ਬਣ ਰਹੇ ਪਾਕਿਸਤਾਨ ਦੇ ਕੇਂਦਰ ਵਿਚ ਪੰਜਾਬ ਅਤੇ ਪੰਜਾਬੀਆਂ ਦੀ ਬਲੀ ਹੀ ਸੀ। ਸਿੱਖ ਇਹ ਕਿਵੇਂ ਮੰਨ ਸਕਦੇ ਸਨ, ਜਦੋਂ ਕਿ ਲੀਗੀ ਸਿਆਸਤ ਨੇ ਇਹ ਮੰਨ ਲਿਆ ਸੀ ਕਿ ਜਿੰਨਾ ਉਹ ਸਿੱਖਾਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਦੇ ਹਨ, ਓਨਾ ਹੀ ਉਨ੍ਹਾਂ ਦੀ ਲੀਡਰਸ਼ਿਪ ਪੰਥ ਨੂੰ ਕਾਂਗਰਸ ਵੱਲ ਧੱਕ ਰਹੀ ਹੈ (348)। ਸਿੱਖ ਕੌਮ, ਜਿਸ ਦਾ ਜਨਮ ਹੀ ਘਟਗਿਣਤੀ ਦੇ ਧਰਮ ਵਜੋਂ ਹੋਇਆ ਸੀ, ਉਸ ਨੂੰ ਇਕ ਪਾਸੇ ਛੋਟੀ (ਟਨੇ/355) ਦੱਸਿਆ ਜਾ ਰਿਹਾ ਸੀ ਅਤੇ ਦੂਜੇ ਪਾਸੇ ਇਹ ਸਿਆਸੀ ਗਾਜਰ ਟੰਗੀ ਜਾ ਰਹੀ ਸੀ ਕਿ ਜਿੰਨਾ ਚਿਰ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਮਿਲਦਾ, ਓਨਾ ਚਿਰ ਉਨ੍ਹਾਂ ਦੀ ਪਛਾਣ ਅਧੂਰੀ ਹੈ (356)। ਕੌਣ ਕਿਸ ਨੂੰ ਪੁੱਛਦਾ ਕਿ ਕੌਮ ਛੋਟੀ ਕਿਵੇਂ ਹੋ ਸਕਦੀ ਹੈ ਅਤੇ ਸਿੱਖ ਪਛਾਣ ਨੂੰ ਸਿਆਸਤ ਦੀ ਮੁਥਾਜੀ ਨਾਲ ਕਿਉਂ ਤੇ ਕਿਵੇਂ ਜੋੜਿਆ ਜਾ ਰਿਹਾ ਹੈ? ਭਾਰਤ ਦੇ ਸਭਿਆਚਾਰਕ ਅਤੇ ਸਿਆਸੀ ਹਾਲਾਤ ਵਿਚ ਪੈਦਾ ਹੋ ਰਹੇ ਪਾਕਿਸਤਾਨ ਵਿਚ ਸਿੱਖ ਲੀਡਰਸ਼ਿਪ ਨੇ ਜੋ ਭਰੋਸਾ ਨਹੀਂ ਕੀਤਾ ਸੀ, ਉਸ ਦੀ ਵਾਜਬੀਅਤ ‘ਤੇ ਸਵਾਲੀਆ ਨਿਸ਼ਾਨ ਅੱਜ ਪਾਕਿਸਤਾਨ ਵਿਚ ਵੱਸਦੇ ਸ਼ੀਆ ਮੁਸਲਮਾਨਾਂ ਅਤੇ ਕਾਦਿਆਨੀ ਮੁਸਲਮਾਨਾਂ ਦੇ ਨਾਲ ਨਾਲ ਹਿੰਦੂ ਅਤੇ ਸਿੱਖ ਵੀ ਲਾ ਸਕਦੇ ਹਨ।
ਨੋਬਲ ਇਨਾਮ ਜਿੱਤਣ ਵਾਲੇ ਪਾਕਿਸਤਾਨ ਦੇ ਕਾਦਿਆਨੀ ਬਾਸ਼ਿੰਦੇ ਅਤੇ ਪਹਿਲੇ ਮੁਸਲਮਾਨ ਡਾ. ਅਬਦੁਸ ਸਲਾਮ ਦੇ ਹਵਾਲੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਮਾਸਟਰ ਤਾਰਾ ਸਿੰਘ ਦੇ ਸਿਆਸੀ ਫੈਸਲੇ ਦੀ ਦਾਦ ਦੇਣੀ ਪਵੇਗੀ। ਇਸ ਦੇ ਬਾਵਜੂਦ ਸਿੱਖ ਸਿਆਸਤ ਵਾਸਤੇ ਦੇਸ਼ ਦੀ ਵੰਡ ਵੇਲੇ (1947) ਟੰਗੀ ਗਈ ਸਿਆਸੀ ਗਾਜਰ ਅਜੇ ਵੀ ਸਿੱਖ ਸਿਆਸਤ ਦਾ ਖਹਿੜਾ ਨਹੀਂ ਛੱਡ ਰਹੀ। ਇਸ ਹਵਾਲੇ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੱਖ, ਮੁੱਢ ਤੋਂ ਹੀ ਬਹੁਗਿਣਤੀ ਦੀ ਸਿਆਸਤ ਅਤੇ ਧਾਰਮਿਕ ਕੱਟੜਤਾ ਨਾਲ ਖਹਿ ਕੇ ਤੁਰਦੇ ਆਏ ਹਨ। ਸਿੱਖੀ ਦੀ ਨੀਂਹ ਹੀ ਘਟਗਿਣਤੀ ਦੇ ਧਰਮ ਵਜੋਂ ਰੱਖੀ ਗਈ ਸੀ ਕਿਉਂਕਿ ਇਕ ਥਾਂਵੇਂ ਬਹੁਗਿਣਤੀ, ਕਿਸੇ ਦੂਜੀ ਥਾਂ ‘ਤੇ ਘਟਗਿਣਤੀ ਵੀ ਹੁੰਦੀ ਹੈ। ਗਲੋਬਲ ਪ੍ਰਸੰਗ ਵਿਚ ਇਸ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ, ਪਰ ਲੇਖਕ ਨੂੰ ਤਾਂ ਸਿੱਖ ਸਿਆਸਤ ਇਸ ਹੱਦ ਤੱਕ ਮੁੱਦਾਹੀਣ ਲੱਗਦੀ ਹੈ ਕਿ ਗੁਰਦੁਆਰਿਆਂ ਦੀ ਗੋਲਕ ‘ਤੇ ਕਬਜੇ ਤੱਕ ਮਹਿਦੂਦ ਹੋ ਕੇ ਰਹਿ ਗਈ ਮੰਨ ਲਿਆ ਹੈ (193)। ਇਹੋ ਜਿਹੇ ਬੇਲੋੜੇ ਹਵਾਲਿਆਂ ਨਾਲ ਸਿੱਖਾਂ ਨੂੰ ਇਲਜ਼ਾਮਾਂ ਦੇ ਕਟਹਿਰੇ ਵਿਚ ਖਲ੍ਹਾਰ ਕੇ ਗੱਲ ਕਰਨ ਦੀ ਵਧੀਕੀ ਅਕਸਰ ਕੀਤੀ ਜਾਂਦੀ ਰਹੀ ਹੈ।
ਸਿੱਖ-ਪੰਜਾਬ ਨੂੰ ਪਾਕਿਸਤਾਨ ਨਾ ਮੰਨਣ ਦੇ ਕਾਰਨ ਉਹੋ ਜਿਹੇ ਨਹੀਂ ਸਨ, ਜਿਹੋ ਜਿਹੇ ਇਸ ਕਿਤਾਬ ਦੇ ਲੇਖਕ ਨੇ ਮੰਨ ਲਏ ਹਨ (195)। ਇਸ ਨਾਲ ਗੁਰੂ ਦੇ ਨਾਮ ‘ਤੇ ਜੀਅ ਰਹੇ ਪੰਜਾਬ (ਪ੍ਰੋ. ਪੂਰਨ ਸਿੰਘ) ਨੂੰ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਦੇ ਪੰਜਾਬ ਵਜੋਂ ਵੇਖੇ ਜਾਣ ਦੀ ਜੋ ਸਿਆਸਤ ਦੇਸ਼ ਦੀ ਵੰਡ ਨੂੰ ਲੈ ਕੇ ਸ਼ੁਰੂ ਹੋਈ ਸੀ, ਉਹੀ ਪੰਜਾਬ ਨੂੰ ਟੋਟਿਆਂ ਵਿਚ ਵੰਡਦੀ ਚਲੀ ਗਈ ਹੈ। ਇਸ ਦਾ ਨੁਕਸਾਨ ਓਨਾ ਸਿੱਖ ਸਿਆਸਤ ਨੂੰ ਨਹੀਂ ਹੋਇਆ, ਜਿੰਨਾ ਸਿੱਖ ਧਰਮ ਨੂੰ ਹੋਇਆ ਹੈ। ਖੁੱਲ੍ਹੇ ਦਰਸ਼ਨ ਦੀਦਾਰਾਂ ਦੀ ਸਿੱਖ ਅਰਦਾਸ, ਕਰਤਾਰਪੁਰ ਦੇ ਲਾਂਘੇ ਤੱਕ ਪਹੁੰਚ ਗਈ ਹੈ। ਇਸ ਪਿੱਛੇ ਉਹ ਘਾਤਕ ਸਿਆਸਤ ਹੈ, ਜਿਸ ਨਾਲ ਪੰਜਾਬੀਅਤ ਦੀਆਂ ਸਾਝੀਆਂ ਕੜੀਆਂ ਦੁਸ਼ਮਣੀ ਵਿਚ ਬਦਲ ਗਈਆਂ ਸਨ (208)।
ਪਾਕਿਸਤਾਨ ਨਾਲ ਜੁੜੀ ਹੋਈ ਸਿਆਸਤ ਦੇ ਹਵਾਲੇ ਨਾਲ ਵੇਖੀਏ ਤਾਂ ਸਮਝ ਆ ਜਾਂਦਾ ਹੈ ਕਿ ਸਿੱਖ ਸਿਆਸਤ ਨੂੰ ਓਨਾ ਸੁਣਿਆ ਨਹੀਂ ਗਿਆ, ਜਿੰਨਾ ਵਰਤਿਆ ਗਿਆ। ਉਸ ਵੇਲੇ ਦੀ ਸਿਆਸੀ ਘੜਮੱਸ ਵਿਚ ਸਿੱਖਾਂ ਨੂੰ ਬਾਣੀ ਦੇ ਹਵਾਲੇ ਨਾਲ ਸਮਝਣ ਵਾਲਾ ਕਿਧਰੇ ਕੋਈ ਨਜ਼ਰ ਨਹੀਂ ਆ ਰਿਹਾ ਸੀ। ਇਸ ਦੇ ਨਤੀਜੇ ਸਿੱਖਾਂ ਵਾਸਤੇ ਸਿੱਖ ਹਿਤ ਵਾਲੇ ਨਹੀਂ, ਸਿੱਖਾਂ ਦੇ ਵਿਰੋਧ ਵਾਲੇ ਨਿਕਲ ਰਹੇ ਸਨ। ਇਨ੍ਹਾਂ ਦੀ ਤਸਦੀਕ ਇਸ ਕਿਤਾਬ ਨੂੰ ਧਿਆਨ ਨਾਲ ਪੜ੍ਹਿਆਂ ਹੋ ਜਾਂਦੀ ਹੈ।
ਦੇਸ਼ ਦੀ ਵੰਡ ਵੇਲੇ ਜਿਹੋ ਜਿਹੀ ਸਿਆਸਤ ਪੰਜਾਬ ਦੇ ਹਵਾਲੇ ਨਾਲ ਹੋ ਰਹੀ ਸੀ, ਉਸ ਵਿਚ ਪੰਜਾਬੀ ਮੁਸਲਮਾਨਾਂ ਤੇ ਭਾਰਤੀ ਮੁਸਲਮਾਨਾਂ ਨਾਲ ਅਤੇ ਪੰਜਾਬੀ ਹਿੰਦੂਆਂ ਤੇ ਭਾਰਤੀ ਹਿੰਦੂਆਂ ਨਾਲ ਨਿਭਣ ਦੀ ਸਿਆਸਤ, ਸਿੱਖ ਸਿਆਸਤਦਾਨਾਂ ਵਾਸਤੇ ਜਿਸ ਤਰ੍ਹਾਂ ਪੇਚੀਦਾ ਹੋ ਹੀ ਗਈ ਸੀ, ਉਸ ਨਾਲੋਂ ਕਿਤੇ ਵੱਧ ਆਮ ਪੰਜਾਬੀਆਂ ਵਾਸਤੇ ਪੇਚੀਦਾ ਹੋ ਗਈ ਸੀ। ਜਿਸ ਤਰ੍ਹਾਂ ਹਿੰਦੂਆਂ ਅਤੇ ਮੁਸਲਮਾਨਾਂ ਦੀ ਸਿਆਸਤ ਦਾ ਸ਼ਹਿਰੀਕਰਣ ਹੋ ਕੇ ਇਲੀਟ ਲੀਡਰਸ਼ਿਪ ਅੱਗੇ ਆ ਗਈ ਸੀ, ਉਸ ਤਰ੍ਹਾਂ ਸਿੱਖ ਸਿਆਸਤ ਵਿਚ ਮੁਮਕਿਨ ਹੀ ਨਹੀਂ ਸੀ ਕਿਉਂਕਿ ਪੰਜਾਬ ਤਾਂ ਸਦਾ ਹੀ ਪੇਂਡੂ ਸੂਬਾ ਸੀ। ਇਸ ਨੂੰ ਨੈਸ਼ਨਲ ਅਤੇ ਸੂਬਾਈ ਤਣਾਅ ਵਾਂਗ ਵੇਖਣ ਦੀ ਲੇਖਕ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਇਥੋਂ ਹੀ ਪੰਜਾਬ ਨਾਲ ਆਮ ਕਰਕੇ ਅਤੇ ਸਿੱਖਾਂ ਨਾਲ ਖਾਸ ਕਰਕੇ ਸਿਆਸੀ ਵਧੀਕੀਆਂ ਦਾ ਮੁੱਢ ਬੱਝ ਜਾਂਦਾ ਹੈ। ਇਸ ਨਾਲ ਸਿੱਖ ਧਰਮ ਨਾਲ ਪੰਜਾਬੀਅਤ ਦਾ ਹਿੱਸਾ ਹੋ ਗਿਆ ਮੁਹੱਬਤ ਅਤੇ ਭਾਈਚਾਰੇ ਦਾ ਜਜ਼ਬਾ ਵੰਗਾਰਿਆ ਜਾਂਦਾ ਰਿਹਾ ਹੈ। ਏਸੇ ਵਿਚੋਂ ਹਿੰਦੂ ਰਾਸ਼ਟਰਵਾਦ ਅਤੇ ਮੁਸਲਿਮ ਰਾਸ਼ਟਰਵਾਦ ਦੀ ਸਿਆਸਤ ਜਨਮ ਲੈਂਦੀ ਰਹੀ ਹੈ। ਦੋਹਾਂ ਵਿਚਾਲੇ ਲੋੜੀਂਦਾ ਸੰਵਾਦ ਗੁੰਮ ਹੋ ਜਾਂਦਾ ਰਿਹਾ ਹੈ ਅਤੇ ਧਾਰਨਾਵਾਂ (ਪeਰਚeਪਟਿਨਸ) ਪ੍ਰਧਾਨ ਹੋ ਜਾਂਦੀਆਂ ਰਹੀਆਂ ਹਨ। ਭਾਈਚਾਰਾ, ਹੱਦਬੰਦੀਆਂ ਅਤੇ ਆਰਥਕ ਹਿਤਾਂ ਦੀ ਸਿਆਸਤ ਆਪਸੀ ਸਹਿਚਾਰ ‘ਤੇ ਹਾਵੀ ਹੋ ਜਾਂਦੀ ਰਹੀ ਹੈ (257)। ਇਸ ਦੀ ਕੀਮਤ ਜਿਵੇਂ ਸਿੱਖ ਸਿਆਸਤ ਨੂੰ ਦੇਣੀ ਪਈ ਹੈ, ਉਸ ਤਰ੍ਹਾਂ ਹਿੰਦੂਆਂ ਅਤੇ ਮੁਸਲਮਾਨਾਂ ਦੀ ਕੌਮੀ ਲੀਡਰਸ਼ਿਪ ਨੂੰ ਨਹੀਂ ਸੀ ਦੇਣੀ ਪਈ, ਕਿਉਂਕਿ ਬਰਤਾਨਵੀ ਹਕੂਮਤ ਦੀ ਗੱਲਬਾਤ ਨੈਸ਼ਨਲ ਪੱਧਰ ‘ਤੇ ਚੱਲਦੀ ਰਹੀ ਸੀ। ਇਸ ਹਾਲਤ ਵਿਚ ਸੂਬਾਈ ਸਰੋਕਾਰ ਦੀ ਅਣਦੇਖੀ ਦਾ ਸ਼ਿਕਾਰ ਸਿੱਖ ਸਿਆਸਤ ਨੂੰ ਹੋਣਾ ਪਿਆ ਸੀ। ਇਹ ਪੰਜਾਬ ਕੇਂਦਰਤ ਯੂਨੀਅਨਿਸਟ ਮੁਸਲਿਮ ਆਗੂਆਂ ਨਾਲ ਵੀ ਵਾਪਰਿਆ ਸੀ। ਲੇਖਕ ਏਸੇ ਨੂੰ ਅਕਾਲੀਆਂ ਦੀ ਮੁੱਦਿਆਂ ਪ੍ਰਤੀ ਗੈਰਜਿੰਮੇਵਾਰੀ ਵਾਂਗ ਵੇਖਦਾ ਹੈ (366-67) ਅਤੇ ਸਿੱਖ ਸਿਆਸਤ ਦੇ ਧਾਰਮਿਕ ਹਿਤਾਂ ਨੂੰ ਹਿੰਸਾ ਦੀ ਸਿਆਸਤ ਵਜੋਂ ਵੇਖਦਾ ਹੈ (368)। ਹਵਾਲਿਆਂ ਦੀ ਮਰਜੀ ਮੁਤਾਬਿਕ ਵਰਤੋਂ ਨਾਲ ਅਕਸਰ ਹੀ ਇਹ ਨਤੀਜਾ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਿੱਖ, ਹਿੰਦੂ ਹਿਤਾਂ ਲਈ ਵਰਤੇ ਗਏ ਹਨ (372)।
ਇਹ ਠੀਕ ਹੈ ਕਿ ਕਾਇਦੇ ਆਜ਼ਮ ਅਤੇ ਮਹਾਤਮਾ ਗਾਂਧੀ ਦੋਵੇਂ ਹੀ ਵਕੀਲ ਸਨ ਤੇ ਮਾਸਟਰ ਤਾਰਾ ਸਿੰਘ ਨਹੀਂ ਸਨ, ਪਰ ਇਸ ਨੂੰ ਸਿੱਖ ਸਿਆਸਤ ਦੀ ਉਸ ਤਰ੍ਹਾਂ ਕਮਜ਼ੋਰੀ ਕਿਵੇਂ ਸਮਝਿਆ ਜਾ ਸਕਦਾ ਹੈ (373), ਜਿਵੇਂ ਲੇਖਕ ਨੇ ਸਮਝ ਲਿਆ ਹੈ? ਕਿਤਾਬ ਪੜ੍ਹਦਿਆਂ ਮੈਨੂੰ ਇਹ ਵੀ ਸਮਝ ਆਇਆ ਹੈ ਕਿ ਹਵਾਲਿਆਂ ਨੂੰ ਲੈ ਕੇ ਬਹੁਤ ਕੁਝ ਕਿਹਾ ਜਾ ਸਕਦਾ ਹੈ। ਅਣਵੰਡੇ ਪੰਜਾਬ ਦੀਆਂ ਸੰਭਾਵਨਾਵਾਂ ਨੂੰ ਵੀ ਪਾਕਿਸਤਾਨ ਦੇ ਹਵਾਲੇ ਨਾਲ ਵਿਚਾਰਿਆ ਜਾ ਸਕਦਾ ਹੈ। ਉਸ ਵੇਲੇ ਸਿੱਖ ਸਿਆਸਤ ਵੱਲੋਂ ਉਠਾਏ ਗਏ ‘ਆਜ਼ਾਦ ਪੰਜਾਬ’ ਦੇ ਮੁੱਦੇ ਨੂੰ ਅੱਜ ਦੀ ਖਾਲਿਸਤਾਨੀ ਸਿਆਸਤ ਵਾਂਗ ਵੇਖਣਾ ਹੈ ਕਿ ਨਹੀਂ, ਇਹ ਵੀ ਇਸ ਕਿਤਾਬ ਦੇ ਹਵਾਲੇ ਨਾਲ ਵਿਚਾਰਿਆ ਜਾ ਸਕਦਾ ਹੈ। ਪਾਕਿਸਤਾਨ ਬਣ ਜਾਣ ਨਾਲ ਇਸ ਖਿੱਤੇ ਵਿਚ ਅਮਨ ਦੀ ਸਥਿਤੀ ਨੂੰ ਲੈ ਕੇ ਵੀ ਗੱਲ ਕੀਤੀ ਜਾ ਸਕਦੀ ਹੈ। ਕਿਸੇ ਵੀ ਧਰਮ ਨਾਲ ਜੁੜੀ ਹੋਈ ਸਿਆਸਤ ਦੀ ਸਬੰਧਤ ਧਰਮ ਵਿਚ ਅਹਿਮੀਅਤ ਨੂੰ ਲੈ ਕੇ ਵੀ ਗੱਲ ਕੀਤੀ ਜਾ ਸਕਦੀ ਹੈ।
ਪੰਜਾਬ ਦੇ ਹਵਾਲੇ ਨਾਲ ਇਹ ਵੀ ਮਸਲਾ ਹੋ ਗਿਆ ਹੈ ਕਿ ਆਮ ਪੰਜਾਬੀ ਜਿਥੇ ਵੀ ਹੈ, ਬੋਲਦਾ ਪੰਜਾਬੀ ਹੈ, ਸੁਣਦਾ ਉਰਦੂ ਜਾਂ ਹਿੰਦੀ ਹੈ ਅਤੇ ਭੁਗਤਦਾ ਅੰਗਰੇਜ਼ੀ ਹੈ। ਪੰਜਾਬ ਵਿਚੋਂ ਪੰਜਾਬ ਦੇ ਮਨਫੀ ਹੋ ਜਾਣ ਬਾਰੇ ਵੀ ਪਾਕਿਸਤਾਨ ਦੇ ਹਵਾਲੇ ਨਾਲ ਵਿਚਾਰਿਆ ਜਾ ਸਕਦਾ ਹੈ। ਇਸ ਵੇਲੇ ਹਿੰਦੂ ਵਿਰੋਧੀ ਸਿੱਖ ਜਾਂ ਮੁਸਲਮਾਨ ਅਤੇ ਮੁਸਲਿਮ ਵਿਰੋਧੀ ਹਿੰਦੂ ਦੀ ਸਿਆਸਤ ਦਾ ਖਮਿਆਜ਼ਾ ਤਿੰਨਾਂ ਧਰਮਾਂ ਦੇ ਫਰਾਖਦਿਲੀਆਂ ਨੂੰ ਕਿਵੇਂ ਭੁਗਤਣਾ ਪੈ ਰਿਹਾ ਹੈ, ਇਸ ਬਾਰੇ ਵੀ ਇਹ ਕਿਤਾਬ ਮਸੌਦਾ ਮੁਹੱਈਆ ਕਰਦੀ ਹੈ।
ਸਿਆਸਤ ਦੇ ਪੱਟੇ ਬੰਦਿਆਂ ਦੀ ਹੋਣੀ ਸਮਝਣ ਲਈ ਇਸ ਕਿਤਾਬ ਨੂੰ ਲੈ ਕੇ ਲਗਾਤਾਰ ਸੰਵਾਦ ਰਚਾਇਆ ਜਾ ਸਕਦਾ ਹੈ। ਇਹ ਗੱਲ ਪੁਸਤਕ ਪੜ੍ਹਿਆਂ ਹੋਰ ਵੀ ਵੱਧ ਸਮਝ ਆ ਸਕਦੀ ਹੈ। ਇਸ ਨਾਲ ਜੁੜੀ ਲੇਖਕ ਦੀ ਮਿਹਨਤ ਦੀ ਕਦਰ ਕਰਦਿਆਂ ਉਸ ਨੂੰ ਵਧਾਈ ਦਿੰਦਾ ਹਾਂ।