ਮਿਊਜ਼ਿਕ ਇੰਪਾਇਰ ਵਾਲਾ ਪਾਲ ਸਿੱਧੂ

ਸੰਗੀਤ ਦੇ ਖੇਤਰ ਵਿਚ ਆਪਣੀ ਪਛਾਣ ਬਣਾ ਲੈਣੀ ਵੀ ਆਪਣੇ ਆਪ ਵਿਚ ਬੜੇ ਫਖਰ ਵਾਲੀ ਗੱਲ ਹੈ। ਲਗਨ, ਮਿਹਨਤ ਅਤੇ ਸਿਦਕਵਾਨ ਇਨਸਾਨ ਆਪਣੀ ਪਛਾਣ ਆਪ ਸਿਰਜਦੇ ਹਨ। ਰਸਤੇ ਬੇਸ਼ੱਕ ਕੋਈ ਵੀ ਹੋਣ, ਹਿੰਮਤ ਤੇ ਹੌਸਲਾ ਮੰਜ਼ਿਲ ਤੱਕ ਲੈ ਹੀ ਜਾਂਦੇ ਹਨ।

ਮਿਊਜ਼ਿਕ ਇੰਪਾਇਰ ਵਾਲੇ ਸੰਗੀਤਕਾਰ ਪਾਲ ਸਿੱਧੂ ਉਰਫ ਅੰਮ੍ਰਿਤ ਸਿੰਘ ਸਿੱਧੂ ਦਾ ਜਨਮ ਬਰਨਾਲਾ ਜਿਲੇ ਦੇ ਪਿੰਡ ਧੂੜਕੋਟ ਵਿਖੇ ਪਿਤਾ ਹਰਦੇਵ ਸਿੰਘ ਤੇ ਮਾਤਾ ਜਸਵਿੰਦਰ ਕੌਰ ਦੇ ਘਰ 31 ਕੁ ਵਰ੍ਹੇ ਪਹਿਲਾ ਹੋਇਆ। ਬਚਪਨ ਤੋਂ ਹੀ ਪਾਲ ਦਾ ਧਿਆਨ ਸਾਜ਼ਾਂ ਵੱਲ ਰਿਹਾ। 15 ਕੁ ਵਰ੍ਹਿਆਂ ਦੀ ਉਮਰ ‘ਚ ਜਸਵੀਰ ਜੋਧਪੁਰ ਦੀ ਬਦੌਲਤ ਪਾਲ ਬਰਨਾਲਾ ਦੀ ਜੇ. ਆਰ. ਕੈਸਟ ਕੰਪਨੀ ‘ਚ ਕੰਮ ਕਰਨ ਲੱਗਾ। ਕਲਾਕਾਰਾਂ ਦੀ ਸੰਗਤ ‘ਚ ਛੇ ਸਾਲ ਰਹਿ ਕੇ ਢੋਲਕ, ਤਬਲਾ, ਹਾਰਮੋਨੀਅਮ ਆਦਿ ਸਾਜ਼ ਵਜਾਉਣੇ ਸਿੱਖੇ। ਉਸ ਪਿਛੋਂ ਪਾਲ ਨੇ ਸਾਰੰਗ ਸਟੂਡੀਓ ‘ਚ ਮਾਸਟਰ ਰਣਜੀਤ ਸਿੰਘ ਗਿੱਲ ਕੋਲ ਵੀ ਕੁਝ ਸਮਾਂ ਕੰਮ ਕੀਤਾ। ਫਿਰ ਜਗਦੀਸ਼ ਡੀ. ਸੀ. ਲੁਧਿਆਣਾ ਤੋਂ ਸੰਗੀਤ ਦੀਆਂ ਬਾਰੀਕੀਆਂ ਦਾ ਗਿਆਨ ਹਾਸਿਲ ਕੀਤਾ। ਪਾਲ ਸਿੱਧੂ ਨੇ ਆਪਣੇ ਸੰਗੀਤ ਵਿਚ ਪਹਿਲਾ ਗੀਤ ‘ਮਿੱਤਰਾਂ ਦੇ ਪਿੰਡ ‘ਚੋਂ’ ਸਦੀਕ ਖਾਨ ਤੇ ਲੱਖਾ ਅਮਲੇਵਾਲੀਆ ਦੀ ਅਵਾਜ਼ ਵਿਚ ਰਿਕਾਰਡ ਕਰਵਾਇਆ। ਉਸ ਪਿਛੋਂ ‘ਵੈਲੀ ਦੀ ਯਾਰੀ’ (ਵੀਰ ਦਵਿੰਦਰ), ‘ਕਿਸਮਤ ਵਿਚ ਮਸੀਨਾਂ ਦੇ’ ਤੇ ‘ਮੁੰਡਾ ਕਰਦਾ ਕੈਨੇਡਾ ‘ਚ ਡਰਾਇਵਰੀ’ (ਗੁਰਨਾਮ ਭੁੱਲਰ-ਦੀਪਕ ਢਿੱਲੋਂ) ਜਿਹੇ ਗੀਤ ਮਾਰਕੀਟ ‘ਚ ਆਉਂਦੇ ਸਾਰ ਹੀ ਸੁਪਰਹਿੱਟ ਹੋ ਗਏ। ਇਸ ਨਾਲ ਪਾਲ ਸਿੱਧੂ ਦਾ ਨਾਂ ਵੀ ਸੰਗੀਤ ਦੇ ਖੇਤਰ ਵਿਚ ਮੁਢਲੀ ਕਤਾਰ ‘ਚ ਆ ਗਿਆ।
ਪਾਲ ਸਿੱਧੂ ਹੁਣ ਤੱਕ ਪੰਜਾਬ ਦੇ ਸੁਪਰਹਿਟ ਗਾਇਕਾਂ ਦੇ ਗੀਤ ਆਪਣੇ ਸੰਗੀਤ ਨਾਲ ਸ਼ਿੰਗਾਰ ਚੁਕਾ ਹੈ। ਇਨ੍ਹਾਂ ਵਿਚ ਗੁਰਲੇਜ਼ ਅਖਤਰ, ਕੁਲਵਿੰਦਰ ਕੈਲੀ, ਕਰਮਜੀਤ ਅਨਮੋਲ, ਆਰ. ਨੇਤ, ਨਿੰਜਾ, ਰਣਜੀਤ ਬਾਵਾ, ਨਛੱਤਰ ਗਿੱਲ, ਬਲਕਾਰ ਸਿੱਧੂ, ਹਰਫ ਚੀਮਾ, ਫਤਿਹ ਸ਼ੇਰਗਿੱਲ, ਮਿਸ ਪੂਜਾ, ਦੀਪ ਢਿੱਲੋਂ-ਜੈਸਮੀਨ ਜੱਸੀ, ਅਮਰਿੰਦਰ ਬੌਬੀ, ਗਿੱਲ ਹਰਦੀਪ, ਜੋਤੀ ਗਿੱਲ, ਸੁਰਜੀਤ ਖਾਨ, ਸੁਖਮਨੀ ਢੀਂਡਸਾ ਆਦਿ ਦੇ ਨਾਂ ਜ਼ਿਕਰਯੋਗ ਹਨ। ਜ਼ੋਰਾ ਦਸ ਨੰਬਰੀ-2, ਗਾਂਧੀ ਫੇਰ ਆ ਗਿਆ, ਨਾਨਕਾ ਮੇਲ ਆਦਿ ਪੰਜਾਬੀ ਫਿਲਮਾਂ ਦੇ ਗੀਤਾਂ ਦਾ ਸੰਗੀਤ ਵੀ ਪਾਲ ਨੇ ਤਿਆਰ ਕੀਤਾ। ਬਹੁਤ ਹੀ ਜਲਦੀ ਉਸ ਦੇ ਸੰਗੀਤ ਵਿਚ ਤਿਆਰ ਨਵੇਂ ਗੀਤ ਬਲਕਾਰ ਸਿੱਧੂ, ਗੁਰਲੇਜ ਅਖਤਰ, ਫਿਰੋਜ਼ ਖਾਨ, ਲਾਭ ਹੀਰਾ, ਸਦੀਕ ਖਾਨ, ਕਰਮਜੀਤ ਅਨਮੋਲ, ਜੱਸੀ ਸੇਖਾ, ਰਣਜੀਤ ਮੱਟ ਆਦਿ ਗਾਇਕਾਂ ਦੀਆਂ ਅਵਾਜ਼ਾਂ ਵਿਚ ਆ ਰਹੇ ਹਨ।
ਪਾਲ ਸਿੱਧੂ ਮਿਲਣਸਾਰ ਬੰਦਾ ਹੈ ਤੇ ਹਰ ਵਕਤ ਕੰਮ ਵਿਚ ਰੁੱਝਾ ਮਿਲਦਾ ਹੈ। ਪਾਲ ਦਾ ਕਹਿਣਾ ਹੈ ਕਿ ਜੇ ਕੋਈ ਗਾਇਕ ਆਪਣੇ ਗੀਤ ਦੇ ਸੰਗੀਤ ਸਬੰਧੀ ਗੱਲ ਕਰਨੀ ਚਾਹੁੰਦਾ ਹੈ ਤਾਂ ਖੁਦ ਆ ਕੇ ਮਿਲੇ, ਵਿਚੋਲਿਆਂ ਰਾਹੀਂ ਮਿਲਣ ਦੀ ਲੋੜ ਨਹੀਂ। ਉਹ ਬਹੁਤਾ ਸਮਾਂ ਆਪਣੇ ਸਟੂਡੀਓ, ਬਰਨਾਲਾ ਵਿਚ ਹੀ ਮਿਲਦਾ ਹੈ।
-ਗੋਰਾ ਸੰਧੂ ਖੁਰਦ
ਫੋਨ: 91-97007-50000