ਪੰਜਾਬੀ ਫਿਲਮ ਤੇ ਸੰਗੀਤ ਜਗਤ ਦਾ ਚਰਚਿਤ ਨਾਂ ਗਿੱਪੀ ਗਰੇਵਾਲ ਆਪਣੀ ਲਿਆਕਤ, ਸਮਝ ਤੇ ਆਪਣੇ ਫੈਸਲਿਆਂ ਨਾਲ ਹਮੇਸ਼ਾ ਹੀ ਸਭ ਨੂੰ ਲਾਜਵਾਬ ਕਰਦਾ ਆ ਰਿਹਾ ਹੈ-ਉਹ ਭਾਵੇਂ ਆਪਣੀ ਪ੍ਰੋਡਕਸ਼ਨ ਦੀ ਕਿਸੇ ਫਿਲਮ ‘ਚ ਬਤੌਰ ਹੀਰੋ ਕੰਮ ਕਰ ਰਿਹਾ ਹੋਵੇ ਜਾਂ ਫਿਰ ਫਿਲਮ ਦੀ ਕਮਾਂਡ ਖੁਦ ਸੰਭਾਲ ਰਿਹਾ ਹੋਵੇ। ਇਹੀ ਵਜ੍ਹਾ ਹੈ ਕਿ ਉਸ ਦੀ ਹਰ ਫਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰੀ ਉਤਰਦੀ ਹੈ। ਇਸ ਵੇਲੇ ਉਹ ਪੰਜਾਬੀ ਮਨੋਰੰਜਨ ਜਗਤ ‘ਚ ਬਤੌਰ ਗਾਇਕ, ਅਦਾਕਾਰ, ਲੇਖਕ, ਨਿਰਦੇਸ਼ਕ ਤੇ ਨਿਰਮਾਤਾ ਇਕ ਸੰਸਥਾ ਵਾਂਗ ਕੰਮ ਕਰ ਰਿਹਾ ਹੈ।
ਗਿੱਪੀ ਗਰੇਵਾਲ ਨੇ ਮਨੋਰੰਜਨ ਜਗਤ ਵਿਚ ਆਪਣਾ ਅਗਲਾ ਕਦਮ ਵਧਾਉਂਦਿਆਂ ਮੁਹਾਲੀ ‘ਚ ਇਕ ਵਿਸ਼ਾਲ ਦਫਤਰ ਵੀ ਖੋਲ੍ਹਿਆ ਹੈ। ਉਸ ਦੀ ਕੰਪਨੀ ‘ਹੰਬਲ ਮਿਊਜ਼ਿਕ’ ਰਾਹੀਂ ਨਵੇਂ ਗਾਇਕਾਂ ਨੂੰ ਸਰੋਤਿਆਂ ਮੂਹਰੇ ਲਿਆਂਦਾ ਜਾ ਰਿਹਾ ਹੈ। ਉਸ ਦੀ ਫਿਲਮ ਕੰਪਨੀ ‘ਹੰਬਲ ਮੋਸ਼ਨ ਪਿਕਚਰ’ ਵੀ ਹਰ ਸਾਲ ਅੱਧੀ ਦਰਜਨ ਤੋਂ ਵੱਧ ਫਿਲਮਾਂ ਦਾ ਨਿਰਮਾਣ ਕਰਕੇ ਨਵੇਂ ਕਲਾਕਾਰਾਂ ਨੂੰ ਮੌਕਾ ਦੇ ਰਹੀ ਹੈ।
ਹਮੇਸ਼ਾ ਚਰਚਾ ‘ਚ ਰਹਿਣ ਵਾਲੇ ਇਸ ਫਨਕਾਰ ਦੀ ਅੱਜ ਕੱਲ੍ਹ ਨਵੀਂ ਫਿਲਮ ਸਦਕਾ ਚਰਚਾ ਹੋ ਰਹੀ ਹੈ। ਫਿਲਮ ‘ਇਕ ਸੰਧੂ ਹੁੰਦਾ ਸੀ’ ਦਾ ਟਰੇਲਰ ਹਾਲ ਹੀ ਵਿਚ ਰਿਲੀਜ਼ ਹੋਇਆ ਹੈ, ਜਿਸ ਨੂੰ ਹਰ ਪਾਸਿਓਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। 28 ਫਰਵਰੀ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਵਿਚ ਉਹ ਆਪਣੀ ਰਵਾਇਤੀ ਇਮੇਜ ਤੋਂ ਬਿਲਕੁਲ ਹਟ ਕੇ ਇਕ ਐਕਸ਼ਨ ਹੀਰੋ ਵਜੋਂ ਨਜ਼ਰ ਆਵੇਗਾ। ਨਿਰਮਾਤਾ ਬੱਲੀ ਸਿੰਘ ਕੱਕੜ ਅਤੇ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਇਹ ਫਿਲਮ ਇਸ ਸਾਲ ਦੀ ਸਭ ਤੋਂ ਮਹਿੰਗੀ ਫਿਲਮ ਗਿਣੀ ਜਾ ਰਹੀ ਹੈ। ਜੱਸ ਗਰੇਵਾਲ ਦੀ ਲਿਖੀ ਇਸ ਫਿਲਮ ਵਿਚ ਗਿੱਪੀ ਗਰੇਵਾਲ ਨਾਲ ਬਾਲੀਵੁੱਡ ਦੀ ਨਾਮੀ ਹੀਰੋਇਨ ਅਤੇ ਮਾਡਲ ਨੇਹਾ ਸ਼ਰਮਾ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ।
ਪੰਜਾਬੀ ਦੇ ਨਾਮੀ ਸਿਤਾਰਿਆਂ ਨਾਲ ਸ਼ਿੰਗਾਰੀ ਇਹ ਫਿਲਮ ਯਾਰਾਂ ਦੀ ਯਾਰੀ ‘ਤੇ ਆਧਾਰਿਤ ਹੈ, ਜਿਸ ਵਿਚ ਯੂਨੀਵਰਸਿਟੀ ਦੀ ਜ਼ਿੰਦਗੀ, ਵਿਦਿਆਰਥੀ ਸਿਆਸਤ ਅਤੇ ਆਪਸੀ ਗੁੱਟਬਾਜੀ ਦੇ ਨਾਲ ਨਾਲ ਚੜ੍ਹਦੀ ਉਮਰ ਦੇ ਵਲਵਲਿਆਂ ਨੂੰ ਆਧਾਰ ਬਣਾਇਆ ਗਿਆ ਹੈ। ਕਲਾ ਦੇ ਨਾਲ ਨਾਲ ਕਿਸਮਤ ਦੇ ਵੀ ਧਨੀ ਗਿੱਪੀ ਦੀ ਇਸ ਫਿਲਮ ਨੂੰ ਪਹਿਲਾਂ ਵਾਂਗ ਹੀ ਦਰਸ਼ਕਾਂ ਤੋਂ ਵਧੀਆ ਹੁੰਗਾਰਾ ਮਿਲਣ ਦੀ ਆਸ ਹੈ, ਜਿਸ ਦਾ ਅੰਦਾਜ਼ਾ ਫਿਲਮ ਦੇ ਟ੍ਰੇਲਰ ਤੋਂ ਲਾਇਆ ਜਾ ਸਕਦਾ ਹੈ।
ਗਿੱਪੀ ਗਰੇਵਾਲ ਮੁਤਾਬਕ ਇਹ ਫਿਲਮ ਉਸ ਦੀਆਂ ਪਹਿਲੀਆਂ ਫਿਲਮਾਂ ਤੋਂ ਅਸਲੋਂ ਵੱਖਰੀ ਹੈ। ਫਿਲਮ ਦੇ ਟ੍ਰੇਲਰ ਤੋਂ ਇਸ ਦੇ ਵਿਸ਼ਾਲ ਕੈਨਵਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸ ਸਾਲ ਉਹ ਹਰ ਤਰ੍ਹਾਂ ਦਾ ਸਿਨੇਮਾ ਲੈ ਕੇ ਆਵੇਗਾ। ਕੁਝ ਦਿਨ ਪਹਿਲਾਂ ਹੀ ਉਸ ਨੇ ਆਪਣੀ ਕੰਪਨੀ ‘ਚ ਪੰਜਾਬ ਦੀ ਪਹਿਲੀ ਵੱਡੇ ਬਜਟ ਦੀ ਐਕਸ਼ਨ ਵੈਬ ਸੀਰੀਜ਼ ‘ਵਾਰਨਿੰਗ’ ਵੀ ਤਿਆਰ ਕੀਤੀ ਹੈ, ਜਿਸ ਦਾ ਪਹਿਲਾ ਐਪੀਸੋਡ ਹੀ ਬੁਲੰਦੀਆਂ ਛੋਹ ਗਿਆ ਹੈ। ਉਸ ਦੀ ਲਿਖੀ ਤੇ ਪ੍ਰੋਡਿਊਸ ਕੀਤੀ ਇਹ ਵੈਬ ਸੀਰੀਜ਼ ਪੰਜਾਬ ਦੇ ਅਜੋਕੇ ਮਾਹੌਲ ਦੁਆਲੇ ਬੁਣੀ ਗਈ ਹੈ।
ਫਿਲਮ ‘ਇਕ ਸੰਧੂ ਹੁੰਦਾ ਸੀ’ ਦੇ ਪ੍ਰਚਾਰ ‘ਚ ਜੁਟੇ ਗਿੱਪੀ ਗਰੇਵਾਲ ਨਾਲ ਨਾਲ ਆਪਣੀਆਂ ਅਗਲੀਆਂ ਫਿਲਮਾਂ ਦੇ ਨਿਰਮਾਣ ਕਾਰਜ ਦਾ ਵੀ ਬਰਾਬਰ ਕੰਮ ਦੇਖ ਰਹੇ ਹਨ। ਯਾਰਾਂ ਦਾ ਯਾਰ ਤੇ ਨਵੇਂ ਕਲਾਕਾਰਾਂ ਲਈ ਰਾਹ ਦੁਸੇਰਾ ਬਣ ਰਿਹਾ ਗਿੱਪੀ ਗਰੇਵਾਲ ਬਿਨਾ ਸ਼ੱਕ ਇਸ ਵੇਲੇ ਪੰਜਾਬੀ ਮਨੋਰੰਜਨ ਜਗਤ ਦਾ ਉਹ ਧਰੂ ਧਾਰਾ ਬਣ ਚੁਕਾ ਹੈ, ਜਿਸ ਦੀ ਚਮਕ ਦੁਨੀਆਂ ਦੇ ਸਮੁੱਚੇ ਨਕਸ਼ੇ ‘ਤੇ ਦੇਖੀ ਜਾ ਸਕਦੀ ਹੈ।
-ਸਪਨ ਮਨਚੰਦਾ
ਫੋਨ: 91-95016-33900