ਮਰ ਜਾਣੀ ਮਾਂ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਮਾਂ ਸ਼ਬਦ ਦੇ ਸਤਿਕਾਰ ਵਿਚ ਜਾਂ ਮਾਂ ਦੇ ਰਿਸ਼ਤੇ ਦੀ ਸਿਫਤ ਵਿਚ ਜਿੰਨੀਆਂ ਇਬਾਰਤਾਂ, ਜਿੰਨੇ ਨਗਮੇ, ਗੀਤ ਜਾਂ ਕਹਾਣੀਆਂ ਲਿਖੇ ਜਾ ਚੁਕੇ ਹਨ, ਸ਼ਾਇਦ ਹੀ ਕਿਸੇ ਹੋਰ ਰਿਸ਼ਤੇ ‘ਤੇ ਲਿਖੇ ਗਏ ਹੋਣ! ਮਾਂ ਸ਼ਬਦ ਹੀ ਐਸਾ ਮਨਮੋਹਕ ਤੇ ਦਿਲ ਨੂੰ ਧੂਹ ਪਾਉਣ ਵਾਲਾ ਹੈ ਕਿ ਜ਼ੁਬਾਨ ‘ਤੇ ਆਉਂਦਿਆਂ ਸਾਰ ਸਭ ਕੁਝ ਬਦਲ ਜਾਂਦਾ ਹੈ। ਮਾਂ, ਹਰ ਮਾਂ ਇਕ ਦਿਨ ਬੇਟੀ ਸੀ ਅਤੇ ਹਰ ਬੇਟੀ ਇਕ ਦਿਨ ਮਾਂ ਵੀ ਬਣੀ। ਇਨ੍ਹਾਂ ਦੋਹਾਂ ਲਈ ਜੋ ਸੰਸਾਰ ਵਿਚ ਇਕ ਸਾਂਝਾ ਨਾਮ ਹੈ, ਉਹ ਹੈ ਔਰਤ, ਭਾਵ ਜਦ ਬੇਟੀ ਵਿਆਹੀ ਗਈ ਤਾਂ ਉਹ ਔਰਤ ਅਤੇ ਬੱਚਾ ਜਣਨ ਪਿਛੋਂ ਮਾਂ ਹੋ ਗਈ। ਇਸ ਮਾਂ ਰੂਪੀ ਔਰਤ ਦੇ ਜਜ਼ਬਾਤ ਨੂੰ ਸਾਡੇ ਸਮਾਜ ਨੇ ਰੱਜ ਕੇ ਵਰਤਿਆ ਹੈ।

ਮਰਦ ਸਮਾਜ ਜਾਂ ਰਿਸ਼ਤਿਆਂ ਨੂੰ ਭਲੀ ਭਾਂਤ ਪਤਾ ਹੈ ਕਿ ਔਰਤ ਭਾਵੁਕ ਹੈ ਅਤੇ ਪੱਥਰ ਤੋਂ ਮੋਮ ਬਣਨ ਵਿਚ ਜ਼ਰਾ ਵੀ ਚਿਰ ਨਹੀਂ ਲਾਉਂਦੀ। ਸਦੀਆਂ ਤੋਂ ਨਹੀਂ, ਜੁਗਾਂ ਤੋਂ ਇਸ ਦੀ ਇਸ ਕਮਜੋਰੀ ਦਾ ਖੂਬ ਫਾਇਦਾ ਉਠਾਇਆ ਗਿਆ ਹੈ, ਉਠਾਇਆ ਜਾ ਰਿਹਾ ਹੈ ਅਤੇ ਉਠਾਇਆ ਜਾਂਦਾ ਰਹੇਗਾ।
ਜੀਵਨ ਦੇ ਤਿੰਨ ਪੜਾਅ ਹਨ-ਬਚਪਨ, ਜਵਾਨੀ ਤੇ ਬੁਢਾਪਾ। ਇਨ੍ਹਾਂ ਤਿੰਨਾਂ ਥਾਂਵਾਂ ‘ਤੇ ਹੀ ਉਸ ਨੂੰ ਰਿਸ਼ਤਿਆਂ ਦੀ ਮਰਜ਼ੀ ਮੁਤਾਬਿਕ ਜਿਉਣਾ ਸਿਖਾਇਆ ਜਾਂਦਾ ਹੈ। ਬਚਪਨ ਵਿਚ ਮਾਪੇ ਤੇ ਪਰਿਵਾਰ ਦੀ ਮਰਜ਼ੀ, ਵਿਆਹ ਪਿਛੋਂ ਪਤੀ ਤੇ ਉਸ ਦੇ ਪਰਿਵਾਰ ਦੀ ਮਰਜ਼ੀ ਅਤੇ ਜਦ ਬੁਢਾਪਾ ਆ ਗਿਆ ਤਾਂ ਪੁੱਤ ਤੇ ਉਸ ਦੇ ਪਰਿਵਾਰ ਦੀ ਮਰਜ਼ੀ। ਪਹਿਲਾ ਬਚਪਨ ਦਾ ਘਰ ਬਾਪੂ ਦਾ ਹੈ, ਦੂਜਾ ਵਿਆਹ ਪਿਛੋਂ ਘਰ ਪਤੀ ਪਰਮੇਸ਼ਰ ਦਾ ਹੈ ਅਤੇ ਤੀਜਾ ਘਰ ਪੁੱਤਰ ਦਾ ਹੈ। ਸਿੱਧੀ ਜਿਹੀ ਗੱਲ ਹੈ, ਜਿਸ ਦਾ ਘਰ ਹੈ, ਹਕੂਮਤ ਤਾਂ ਓਸੇ ਦੀ ਹੀ ਹੋਵੇਗੀ!
ਪਰ ਝੱਲੀ ਬੇਟੀ, ਝੱਲੀ ਔਰਤ ਅਤੇ ਸ਼ੁਦੈਣ ਮਾਂ ਨਾ ਕਦੀ ਸਮਝੀ ਸੀ ਤੇ ਨਾ ਹੀ ਕਦੀ ਸਮਝ ਪਾਏਗੀ ਕਿ ਉਸ ਨੂੰ ਇੰਨੇ ਸਾਰੇ ਰਿਸ਼ਤੇ-ਨਾਤਿਆਂ ਵਿਚ ਉਲਝਾ ਕੇ ਕਿਵੇਂ ਅਪਾਹਜ ਬਣਾਇਆ ਗਿਆ ਹੈ। ਘਰ ਪਰਿਵਾਰ ਦੀ ਦਿਖਾਵੇ ਭਰੀ ਜ਼ਿੰਦਗੀ ਵਿਚ ਉਹ ਸਿਰਫ ਤੇ ਸਿਰਫ ਬੱਚੇ ਜਣਨ ਵਾਲੀ ਮਸ਼ੀਨ ਹੈ ਅਤੇ ਸਾਰਾ ਦਿਨ ਬਿਨਾ ਰੁਕੇ ਘਰ ਪਰਿਵਾਰ ਦੇ ਕੰਮ ਕਰਨ ਪਿਛੋਂ ਪਤੀ ਦੀ ਸੇਵਾ ਵਿਚ ਹਾਜ਼ਰ ਰਹਿਣ ਵਾਲੀ ਬਿਨਾ ਤਨਖਾਹ ਦੇ ਮੁਫਤ ਦੀ ਇਕ ਨੌਕਰਾਣੀ ਹੈ, ਜਿਸ ਨੂੰ ਉਸ ਦੇ ਕੰਮ ਬਦਲੇ ਰਹਿਣ ਲਈ ਸਿਰ ‘ਤੇ ਛੱਤ ਅਤੇ ਰੋਟੀ-ਕੱਪੜਾ ਮੁਹੱਈਆ ਕੀਤਾ ਜਾਂਦਾ ਹੈ। ਜਿਸ ਘਰ ਨੂੰ ਉਹ ਸਾਰੀ ਉਮਰ ਆਪਣਾ ਘਰ ਮੰਨ ਕੇ ਜਿਉਂਦੀ ਹੈ, ਜਦੋਂ ਮਰਜ਼ੀ ਉਸ ਤੋਂ ਇਹ ਹੱਕ ਖੋਹ ਵੀ ਲਿਆ ਜਾਂਦਾ ਹੈ। ਪੇਕੇ ਘਰ ਤੋਂ ਪਤੀ ਦੇ ਘਰ ਪਰਾਏ ਲੋਕਾਂ ਵਿਚ ਜਾ ਕੇ ਰਹਿਣ ਵਾਲੀ ਔਰਤ ਪਤੀ ਦੀ ਗੁਲਾਮ ਹੋ ਕੇ ਵੀ ਅਨੰਦ ਚਿੱਤ ਰਹਿੰਦੀ ਹੈ ਅਤੇ ਮਾਰੂਥਲ ਵਿਚ ਸੂਰਜ ਦੀਆਂ ਕਿਰਨਾਂ ਨਾਲ ਚਮਕ ਰਹੇ ਰੇਤੇ ਨੂੰ ਪਾਣੀ ਸਮਝ ਕੇ ਸਾਰੀ ਉਮਰ ਰੋਂਦੀ ਤੇ ਤੜਪਦੀ ਫਿਰਦੀ ਹੈ, ਪਰ ਉਸ ਦੀ ਅਤ੍ਰਿਪਤੀ ਕਦੇ ਨਹੀਂ ਮੁਕਦੀ।
ਮੈਂ ਹਰ ਔਰਤ ਦੀ ਬਾਤ ਨਹੀਂ ਪਾ ਰਹੀ, ਹੋਣਗੀਆਂ ਕਈ ਭਾਗਾਂ ਵਾਲੀਆਂ ਵੀ, ਜਿਨ੍ਹਾਂ ਨੂੰ ਸੁਖਦਾਈ ਜੀਵਨ ਵੀ ਮਿਲੇ ਹੋਣਗੇ, ਪਰ ਬਹੁਤੀਆਂ ਤਾਂ ਅੱਜ ਵੀ ਕਿਸੇ ਨਾ ਕਿਸੇ ਜ਼ੁਲਮ ਦਾ ਸ਼ਿਕਾਰ ਹਨ। ਅਤਿ ਤਾਂ ਉਦੋਂ ਹੁੰਦੀ ਹੈ, ਜਦ ਪਤੀ ਪਰਾਈ ਔਰਤ ਨੂੰ ਕਿਸੇ ਬਹਾਨੇ ਘਰੇ ਲਿਆ ਕੇ ਝੂਠੀ ਜਾਣ ਪਛਾਣ ਕਰਵਾAਂਦਾ ਹੈ, ਪਰ ਕੁਝ ਸਮੇਂ ਪਿਛੋਂ ਜਦ ਉਹੀ ਔਰਤ ਇਕ ਰਿਸ਼ਤੇ ਦੀ ਹੈਂਕੜ ਵਿਚ ਸਾਹਮਣੇ ਆ ਖਲੋਂਦੀ ਹੈ ਤਾਂ ਪਤਾ ਲਗਦਾ ਹੈ ਕਿ ਜ਼ਿੰਦਗੀ ਕਿਸ ਮੋੜ ‘ਤੇ ਆ ਖੜੀ ਹੈ!
ਆਪਣੇ ਅੰਦਰ ਘੁਟ ਘੁਟ ਕੇ ਮਰਦੀ ਔਰਤ ਸਿਦਕ ਸਬੂਰੀ ਕਰਕੇ ਫਿਰ ਅੱਗੇ ਨੂੰ ਤੁਰ ਪੈਂਦੀ ਹੈ। ਜਾਵੇ ਵੀ ਕਿਥੇ! ਮਾਂ-ਬਾਪ ਨੂੰ ਆਪਣੇ ਰੋਣੇ ਦੱਸਦੀ ਨਹੀਂ ਕਿ ਉਹ ਦੁਖੀ ਹੋਣਗੇ, ਰੋਣ ਕੁਰਲਾਉਣਗੇ ਅਤੇ ਤੜਪ ਤੜਪ ਕੇ ਮਰਨਗੇ। ਆਪਣੀਆਂ ਪੀੜਾਂ ਨੂੰ ਅੰਦਰੇ ਲੈ ਅੱਗੇ ਤੁਰ ਪੈਂਦੀ ਹੈ। ਇਸੇ ਤਰ੍ਹਾਂ ਜ਼ਿੰਦਗੀ ਦਾ ਇਕ ਹੋਰ ਮੋੜ ਆ ਜਾਂਦਾ ਹੈ ਅਤੇ ਇਕ ਦਿਨ ਉਹ ਮਾਂ ਦਾ ਰੁਤਬਾ ਪਾ ਲੈਂਦੀ ਹੈ। ਮਾਂ ਬਣ ਜਦ ਹਜ਼ਾਰਾਂ ਪੀੜਾਂ ਸਹਿਣ ਪਿਛੋਂ ਇਕ ਬੱਚਾ ਉਹਦੀ ਝੋਲੀ ਵਿਚ ਕਿਲਕਾਰੀ ਮਾਰਦਾ ਹੈ ਤਾਂ ਉਹ ਝੱਲੀ ਆਪਣੇ ਪਿਛਲੇ ਤਮਾਮ ਦੁਖ ਦਰਦ ਭੁੱਲ ਕੇ ਜਿਉਣ ਲਈ ਤਿਆਰ ਹੋ ਉਠਦੀ ਹੈ ਅਤੇ ਪਹਿਲੇ ਲਮਹੇ ਵਿਚ ਹੀ ਸੋਚ ਬੈਠਦੀ ਹੈ ਕਿ ਹੁਣ ਜੀਵਨ ਦਾ ਸਹਾਰਾ ਮਿਲ ਗਿਆ ਹੈ, ਇਹ ਵੱਡਾ ਹੋ ਕੇ ਮੇਰਾ ਸਹਾਰਾ ਬਣੇਗਾ ਅਤੇ ਮੇਰਾ ਸਾਥ ਦੇਵੇਗਾ, ਹੁਣ ਦੁਨੀਆਂ ਦਾ ਕੋਈ ਵੀ ਦੁਖ ਦਰਦ ਮੇਰੇ ਨੇੜੇ ਨਹੀਂ ਆਵੇਗਾ ਤੇ ਮੈਨੂੰ ਹੁਣ ਕੋਈ ਹੋਰ ਰਿਸ਼ਤਾ ਵੀ ਦੁਖ ਨਹੀਂ ਦੇ ਸਕੇਗਾ; ਮੇਰੇ ਕੋਲ ਮੇਰੇ ਆਪਣੇ ਜਿਸਮ ਦਾ ਹਿੱਸਾ ਮੇਰਾ ਆਪਣਾ ਖੂਨ ਮੇਰਾ ਬੱਚਾ ਹੈ, ਮੈਂ ਇਸ ਨੂੰ ਜਾਨ ਤੋਂ ਵੱਧ ਪਿਆਰ ਨਾਲ ਪਾਲਾਂਗੀ। ਇਸੇ ਧੁਨ ਵਿਚ ਹੀ ਬਉਰੀ ਹੋ ਕੇ ਸੁਪਨੇ ਸਜਾਉਣੇ ਸ਼ੁਰੂ ਕਰ ਦਿੰਦੀ ਹੈ ਅਤੇ ਅੰਨੀ ਮਮਤਾ ਵਿਚ ਪਾਗਲ ਹੋ ਜੁਟ ਜਾਂਦੀ ਹੈ ਆਪਣੇ ਭਵਿਖ ਨੂੰ ਸੰਭਾਲਣ ਵਿਚ।
ਉਹ ਮਰ ਜਾਣੀ ਮਾਂ ਕੀ ਜਾਣੇ ਕਿ ਇਹ ਬੱਚਾ ਜੋ ਹੈ, ਹੈ ਤਾਂ ਭਾਵੇਂ ਮੇਰਾ ਖੂਨ, ਮੇਰੇ ਹੀ ਜਿਸਮ ਦਾ ਹਿੱਸਾ, ਪਰ ਜਿਨ੍ਹਾਂ ਰਿਸ਼ਤਿਆਂ ਜਾਂ ਜਿਸ ਸਮਾਜ ਵਿਚ ਇਸ ਨੇ ਪਲਣਾ ਹੈ, ਉਹ ਤਾਂ ਜੁਗਾਂ ਜੁਗਾਂ ਤੋਂ ਕਦੀ ਮੇਰਾ ਬਣਿਆ ਹੀ ਨਹੀਂ। ਫਿਰ ਇਹ ਬੱਚਾ? ਪਰ ਇਨ੍ਹਾਂ ਸੋਚਾਂ ਨੂੰ ਉਹ ਮਰ ਜਾਣੀ ਆਪਣੇ ਅੰਦਰ ਟਿਕਣ ਹੀ ਨਹੀਂ ਦਿੰਦੀ ਤੇ ਆਪਣੀ ਮੰਜ਼ਿਲ ਵਲ ਦੌੜ ਪੈਂਦੀ ਹੈ, ਆਪਣੇ ਬੱਚੇ ਨੂੰ ਪਾਲਣ ਲਈ। ਉਹ ਉਸ ਮਰਦ ਨੂੰ ਵੀ ਬਰਦਾਸ਼ਤ ਕਰਦੀ ਹੈ ਅਤੇ ਰਿਸ਼ਤਿਆਂ ਦੀ ਮਾਰ ਵੀ ਸਹਿੰਦੀ ਹੈ ਕਿ ਮੇਰਾ ਬੱਚਾ ਮੇਰੇ ਕੋਲ ਹੈ, ਉਸ ਨੂੰ ਰੋਜ਼ ਵੱਡਾ ਹੁੰਦਾ ਦੇਖਦੀ ਹੈ ਅਤੇ ਸੁਪਨੇ ਸਜਾਉਂਦੀ ਹੈ ਕਿ ਹੁਣ ਇਹ ਪੜ੍ਹ-ਲਿਖ ਕੇ ਇਕ ਵਧੀਆ ਇਨਸਾਨ ਬਣੇਗਾ ਅਤੇ ਮੈਨੂੰ ਬਹੁਤ ਸੁਖ ਦੇਵੇਗਾ, ਮੇਰੇ ਇਸ ਬੱਚੇ ਨੂੰ ਮੇਰੇ ‘ਤੇ ਹੋਏ ਜੁਲਮ ਅੱਖੀਂ ਦੇਖੇ ਵੀ ਹਨ ਕਿ ਇਸ ਦੇ ਸ਼ਰਾਬੀ ਅਤੇ ਕਿਰਦਾਰ ਤੋਂ ਡਿਗੇ ਬਾਪ ਨੇ ਮੈਨੂੰ ਕੀ ਕੀ ਤਸੀਹੇ ਦਿੱਤੇ ਹਨ। ਇਹ ਜਦ ਮੈਨੂੰ ਰੋਂਦੀ ਕੁਰਲਾਂਦੀ ਨੂੰ ਦੇਖਦਾ ਸੀ ਤਾਂ ਮੇਰੇ ਗਲ ਵਿਚ ਬਾਹਾਂ ਪਾ ਕੇ ਆਖਦਾ ਸੀ, ਮਾਂ ਤੂੰ ਰੋ ਨਾ, ਮੈਨੂੰ ਜ਼ਰਾ ਵੱਡਾ ਹੋ ਲੈਣ ਦੇ, ਮੈਂ ਤੈਨੂੰ ਬਹੁਤ ਪਿਆਰ ਕਰਾਂਗਾ ਮਾਂ। ਮੈਂ ਤੈਨੂੰ ਬਹੁਤ ਸੁਖ ਦੇਵਾਂਗਾ ਅਤੇ ਹਮੇਸ਼ਾ ਆਪਣੇ ਕੋਲ ਰੱਖਾਂਗਾ, ਪਰ ਕਦੀ ਕਦੀ ਅੰਦਰੋਂ ਡਰਦੀ ਹੈ, ਕੰਬਦੀ ਵੀ ਹੈ ਕਿ ਕਿਤੇ ਇਹ ਵੀ ਆਪਣੇ ਬਾਪ ਜਿਹਾ ਹੀ ਨਾ ਹੋ ਜਾਵੇ। ਜੇ ਇਹ ਵੀ ਉਵੇਂ ਦਾ ਹੀ ਬਣ ਗਿਆ ਤਾਂ ਮੈਂ ਜਿਉਂਦੀ ਹੀ ਮਰ ਜਾਵਾਂਗੀ, ਫਿਰ ਆਪਣੇ ਆਪ ਨੂੰ ਇਸ ਡਰ ਵਿਚੋਂ ਬਾਹਰ ਕੱਢਦੀ ਹੈ, ਪਰ ਡਰਦੀ ਵੀ ਹੈ।
ਇਕ ਦਿਨ ਜਦ ਉਹ ਧੀ ਨੂੰ ਜਨਮ ਦਿੰਦੀ ਹੈ ਤਾਂ ਖੁਸ਼ ਹੋਣ ਦੀ ਥਾਂ ਰੋਂਦੀ ਹੈ ਅਤੇ ਸੋਚਦੀ ਹੈ ਕਿ ਕੀ ਇਹਦੇ ਨਾਲ, ਹੁਣ ਮੇਰੀ ਬੇਟੀ ਨਾਲ ਵੀ ਸਮਾਜ ਵਿਚ ਉਹ ਕੁਝ ਹੀ ਹੋਵੇਗਾ, ਜੋ ਮੇਰੇ ਨਾਲ ਹੋਇਆ ਅਤੇ ਹੋ ਰਿਹਾ ਹੈ? ਉਧਰ ਪੁੱਤਰ ਹੈ ਅਤੇ ਹੁਣ ਆਹ ਧੀ! ਇਹ ਕੀ ਹੋ ਰਿਹਾ ਹੈ ਅਤੇ ਮੈਂ ਇਸ ਬੇਟੀ ਨੂੰ ਇਨ੍ਹਾਂ ਗੰਦੇ ਰਿਸ਼ਤਿਆਂ ਅਤੇ ਭੈੜੇ ਸਮਾਜ ਵਿਚ ਕਿਵੇਂ ਬਚਾ ਕੇ ਰੱਖਾਂਗੀ? ਮਾਂ ਦੀਆਂ ਖੁਸ਼ੀਆਂ ਦੇ ਨਾਲ ਨਾਲ ਕੁਝ ਹੋਰ ਭੈਅ ਵੀ ਪਨਪਣ ਲਗਦਾ ਹੈ, ਜੋ ਉਸ ਨੂੰ ਅੰਦਰੋ ਅੰਦਰੀ ਵੱਢ ਵੱਢ ਖਾਂਦਾ ਹੈ, ਜ਼ਿੰਦਗੀ ਮਰ ਜਾਣੀ ਮਾਂ ਨੂੰ ਹਰ ਰੋਜ਼ ਨਹੀਂ, ਹਰ ਪਲ, ਹਰ ਨਿਮਖ ਮਾਰਦੀ ਹੈ, ਪਰ ਉਹ ਫਿਰ ਵੀ ਜਿਉਂਦੀ ਹੈ।
ਉਸ ਦਾ ਆਪਣਾ ਜੀਵਨ ਤਾਂ ਕਦੀ ਉਸ ਲਈ ਸੀ ਹੀ ਨਹੀਂ, ਕਦੀ ਉਹ ਮਰ ਜਾਣੀ ਸੋਚਦੀ ਹੈ ਸਮਾਂ ਬਹੁਤ ਭਿਆਨਕ ਅਤੇ ਡਰਾਵਣਾ ਆ ਰਿਹਾ ਹੈ, ਹੁਣ ਮੈਂ ਇਕੱਲੇ ਪੁੱਤਰ ਦੀ ਹੀ ਨਹੀਂ, ਇਕ ਧੀ ਦੀ ਵੀ ਮਾਂ ਹਾਂ। ਮੈਂ ਇਸ ਧੀ ਦੀ ਹਿਫਾਜ਼ਤ ਕਿਵੇਂ ਕਰਾਂਗੀ? ਪਰ ਫਿਰ ਸੋਚਦੀ ਹੈ, ਮੈਂ ਆਪਣੀ ਧੀ ਦੇ ਨਾਲ ਸਾਇਆ ਬਣ ਕੇ ਰਹਾਂਗੀ, ਉਹ ਮੇਰੇ ਵਾਂਗ ਕਮਜੋਰ ਨਹੀਂ ਹੋਵੇਗੀ, ਮੈਂ ਉਸ ਨੂੰ ਇਨ੍ਹਾਂ ਖੂਨ ਪੀਣੇ ਰਿਸ਼ਤਿਆਂ ਅਤੇ ਸਮਾਜ ਦਾ ਟਾਕਰਾ ਕਰਕੇ ਜਿਉਣਾ ਸਿਖਾਵਾਂਗੀ। ਹੁਣ ਮੈਂ ਵੀ ਜੀਵਾਂਗੀ, ਆਪਣੇ ਬੱਚਿਆਂ ਲਈ ਜੀਵਾਂਗੀ। ਇਹ ਸੋਚ ਉਹ ਆਪਣੀਆਂ ਤਕਲੀਫਾਂ ਨੂੰ ਪਰਾਂ ਵਗਾਹ ਮਾਰਦੀ ਹੈ ਅਤੇ ਤੁਰ ਪੈਂਦੀ ਹੈ, ਆਪਣੇ ਬੱਚਿਆਂ ਦੀ ਖਾਤਿਰ ਜਿਉਣ ਲਈ।
ਸਮਾਂ ਸਰਪਟ ਦੌੜਿਆ ਜਾ ਰਿਹਾ ਹੈ, ਪੁੱਤਰ ਅਤੇ ਧੀ-ਦੋਵੇਂ ਜਵਾਨੀ ਵਿਚ ਪੈਰ ਪਏ ਰੱਖਦੇ ਹਨ। ਉਨ੍ਹਾਂ ਨੂੰ ਸਕੂਲ ਪਿਛੋਂ ਵੱਡੀ ਪੜ੍ਹਾਈ ਲਈ ਪਤੀ ਅਤੇ ਪਰਿਵਾਰ ਘਰੋਂ ਦੂਰ ਤੋਰ ਦਿੰਦਾ ਹੈ, ਮਾਂ ਅਚੰਭਤ ਜਿਹੀ ਹੋ ਦੇਖਦੀ ਰਹਿ ਜਾਂਦੀ ਹੈ, ਪਰ ਜਵਾਨ ਹੋ ਰਹੇ ਬੱਚੇ ਵੀ ਘਰੋਂ ਦੂਰ ਰਹਿਣਾ ਚਾਹੁੰਦੇ ਹਨ ਤਾਂ ਕਿ ਉਹ ਆਪਣੀ ਪੜ੍ਹਾਈ ਚੰਗੀ ਤਰ੍ਹਾਂ ਪੂਰੀ ਕਰ ਸਕਣ। ਬੱਚੇ ਮਾਂ ਨੂੰ ਧਰਵਾਸ ਦਿੰਦੇ ਹਨ, ਮਾਂ ਬੱਸ ਕੁਝ ਸਾਲ ਹੋਰ ਫਿਰ ਤੇਰੇ ਸਾਰੇ ਫਿਕਰ ਮੁਕ ਜਾਣਗੇ। ਮਾਂ ਕੀ ਕਰੇ! ਅੱਖਾਂ ਵਿਚੋਂ ਪਾਣੀ ਛਲਕ ਰਿਹਾ ਹੈ, ਪਰ ਮਾਂ ਮੁਸਕਰਾ ਰਹੀ ਹੈ। ਮੁੱਢ ਕਦੀਮੋਂ ਇਹੋ ਹੀ ਤਾਂ ਕਰਦੀ ਆ ਰਹੀ ਹੈ। ਗਮ ਖਾ ਲੈਣੇ ਅਤੇ ਅੱਥਰੂ ਪੀ ਜਾਣੇ, ਇਹ ਤਾਂ ਉਸ ਦਾ ਰੋਜ਼ ਦਾ ਕਰਮ ਹੈ। ਬੱਚੇ ਆਪਣੀ ਜ਼ਿੰਦਗੀ ਬਣਾਉਣ ਲਈ ਘਰੋਂ ਦੂਰ ਤੁਰ ਗਏ-ਪੁੱਤਰ ਕਿਤੇ ਹੋਰ ਤੇ ਧੀ ਕਿਤੇ ਹੋਰ।
ਬਾਬੁਲ ਨੇ ਕਈ ਸਾਲ ਪਹਿਲਾਂ ਜਿਹਦਾ ਪੱਲਾ ਫੜਾ ਕੇ ਭਰੇ ਗੁਰੂ ਦਰਬਾਰ ਵਿਚ ਲਾਵਾਂ ਦੇ ਕੇ ਡੋਲੀ ਪਾਈ ਸੀ, ਉਹ ਤਾਂ ਕਦੀ ਉਸ ਦਾ ਬਣਿਆ ਹੀ ਨਹੀਂ ਸੀ, ਉਹ ਤਾਂ ਅੱਯਾਸ਼ ਕਿਸਮ ਦਾ ਐਬੀ ਬੰਦਾ ਸੀ। ਸੱਸ ਤਾਂ ਸੀ ਹੀ ਨਹੀਂ, ਉਹ ਵੀ ਵਿਚਾਰੀ ਸ਼ਾਇਦ ਆਪਣੇ ਜ਼ਾਲਮ ਬੰਦੇ ਹੱਥੋਂ ਕੁਟਾਪੇ ਖਾ ਖਾ ਮਰ ਚੁਕੀ ਸੀ, ਇੱਕ ਨਨਾਣ ਸੀ ਵਿਆਹੀ ਵਰੀ, ਆਪਣੇ ਘਰ, ਪਰ ਸੀ ਪੂਰੀ ਚੰਡਿਕਾ। ਜਦ ਵੀ ਪੇਕੇ ਆਉਂਦੀ, ਭਰਜਾਈ ਦਾ ਜਿਉਣਾ ਮੁਹਾਲ ਕਰ ਜਾਂਦੀ।
ਸੋ ਮਾਂ ਅੱਜ ਫਿਰ ਪਈ ਸੋਚਦੀ ਸੀ, ਮੈਂ ਕੌਣ ਹਾਂ, ਕੀ ਹਾਂ, ਕਿਵੇਂ ਹਾਂ, ਕਿਥੇ ਹਾਂ ਅਤੇ ਕਿਉਂ ਹਾਂ, ਮੇਰਾ ਵਜੂਦ ਕੀ ਹੈ, ਮੇਰਾ ਜੀਵਨ ਕੀ ਹੈ, ਮੇਰੀ ਔਕਾਤ ਕੀ ਹੈ, ਮੇਰੀ ਹੈਸੀਅਤ ਕੀ ਹੈ, ਕੀ ਇਹ ਮੇਰਾ ਘਰ ਹੈ, ਕੀ ਇਹ ਮੇਰਾ ਪਤੀ ਹੈ? ਨਹੀਂ ਮੇਰਾ ਕੁਝ ਵੀ ਨਹੀਂ ਹੈ। ਫਿਰ ਸੋਚਦੀ, ਕਿਉਂ ਮੇਰਾ ਕੁਝ ਨਹੀਂ? ਮੇਰਾ ਪੁੱਤਰ ਹੈ, ਮੇਰੀ ਧੀ ਹੈ, ਪਰ ਪਿਛਲੀ ਵਾਰ ਜਦ ਦੋਵੇਂ ਭੈਣ-ਭਰਾ ਆਏ ਸਨ ਤਾਂ ਕੁਝ ਹੋਰ ਜਿਹੇ ਪਏ ਲੱਗਦੇ ਸਨ। ਧੀ ਦੇ ਪਾਏ ਕੱਪੜੇ ਮਾਂ ਨੂੰ ਕੁਝ ਚੰਗੇ ਨਹੀ ਸਨ ਲੱਗੇ, ਪਰ ਪਿਉ ਨੂੰ ਕੋਈ ਫਰਕ ਨਹੀਂ ਸੀ ਪਿਆ। ਬੱਚਿਆਂ ਦਾ ਝੁਕਾਅ ਵੀ ਕੁਝ ਬਾਪ ਵੱਲ ਦੇਖ ਕੇ ਉਸ ਸੋਚਿਆ ਸੀ, ਚੱਲ ਬਾਪ ਹੈ ਉਨ੍ਹਾਂ ਦਾ, ਫਿਰ ਕੀ ਹੈ! ਸ਼ਹਿਰ ਪੜ੍ਹਾਈ ਪਿਆ ਕਰਾਉਂਦਾ ਏ, ਬੱਚੇ ਤਾਂ ਮੇਰੇ ਹੀ ਨੇ, ਮੈਂ ਜਨਮ ਦਿਤਾ ਏ; ਮਰ ਮਰ ਕੇ ਪਾਲੇ ਨੇ, ਹੁਣ ਬਦਲ ਥੋੜ੍ਹਾ ਚੱਲੇ ਨੇ!
ਮਰ ਜਾਣੀ ਮਾਂ ਦੇ ਅੰਦਰ ਹਰ ਵੇਲੇ ਕੁਝ ਨਾ ਕੁਝ ਉਧੇੜ-ਬੁਣ ਚੱਲਦੀ ਹੀ ਰਹਿੰਦੀ ਕਿ ਕੀ ਪਤਾ ਕਦੋਂ ਕੌਣ ਬਦਲ ਜਾਵੇ। ਹਾਇ ਰੱਬਾ! ਜੇ ਮੇਰੇ ਬੱਚੇ ਵੀ ਬਦਲ ਗਏ ਤਾਂ ਮੈਂ ਤੱਤੜੀ ਤਾਂ ਜਿਉਂਦੇ ਜੀਅ ਹੀ ਮਰ ਗਈ, ਨਵੀਂ ਪੀੜੀ ਦੇ ਬਦਲਦੇ ਰੰਗ ਦੇਖ ਮਾਂ ਅੰਦਰੇ ਅੰਦਰ ਮੁੱਕਦੀ ਜਾ ਰਹੀ ਸੀ, ਪੂਰੀ ਦੁਨੀਆਂ ਵਿਚ ਐਸਾ ਕੋਈ ਆਪਣਾ ਨਹੀਂ ਸੀ, ਜਿਹਦੇ ਨਾਲ ਆਪਣਾ ਦੁਖ ਫੋਲ ਸਕੇ, ਧੱਕੇ ਧੌੜਿਆਂ ਨਾਲ ਜ਼ਿੰਦਗੀ ਦੇ ਦਿਨ ਪਈ ਕੱਟਦੀ ਸੀ। ਉਮਰ ਵੀ ਢਲਣ ਲੱਗ ਪਈ, ਪਰ ਚਿੰਤਾ ਨੇ ਕਦੀ ਖਹਿੜਾ ਨਾ ਛੱਡਿਆ।
ਪੁੱਤਰ ਦੀ ਪੜ੍ਹਾਈ ਪੂਰੀ ਹੋ ਗਈ, ਅੱਜ ਉਹ ਘਰ ਆ ਰਿਹਾ ਸੀ, ਸਾਰੇ ਪਰਿਵਾਰ ਦੇ ਚਿਹਰੇ ਖਿੜੇ ਪਏ ਸਨ, ਪਰ ਮਾਂ ਅੱਧ ਮੋਈ ਜਿਹੀ ਅੰਦਰੋਂ ਡਰੀ ਤੇ ਸਹਿਮੀ ਤੁਰੀ ਫਿਰਦੀ ਸੀ। ਨਾ ਕੋਈ ਉਸ ਨੂੰ ਕਦੇ ਪੁੱਛਦਾ ਸੀ ਤੇ ਨਾ ਹੀ ਕਿਸੇ ਅੱਜ ਪੁਛਿਆ। ਪੁੱਤਰ ਘਰ ਆਇਆ, ਪਰ ਇਕੱਲਾ ਨਹੀਂ, ਨਾਲ ਉਸ ਦੀ ਦੋਸਤ ਕੁੜੀ ਵੀ ਸੀ, ਜੋ ਪਿੰਡ ਵੇਖਣ ਆਈ ਸੀ। ਸਾਰਾ ਦਿਨ ਲੰਘ ਗਿਆ, ਦੂਜੇ ਦਿਨ ਪੁੱਤਰ ਨੇ ਪਰਿਵਾਰ ਵਿਚ ਪੁਛਿਆ ਨਹੀਂ, ਆਪਣਾ ਫੈਸਲਾ ਸੁਣਾ ਦਿਤਾ ਕਿ ਇਹ ਕੁੜੀ ਮੇਰੀ ਪਤਨੀ ਹੈ, ਵਿਆਹ ਅਸੀਂ ਕਰ ਚੁਕੇ ਹਾਂ ਅਤੇ ਹੁਣ ਸ਼ਹਿਰ ਹੀ ਰਹਿਣ ਦਾ ਮਨ ਬਣਾ ਚੁਕੇ ਹਾਂ, ਤੁਹਾਨੂੰ ਤਾਂ ਮਿਲਣ ਅਤੇ ਦੱਸਣ ਹੀ ਆਏ ਸਾਂ।
ਜਵਾਬ ਵਿਚ ਕੋਈ ਕੁਝ ਵੀ ਨਾ ਬੋਲਿਆ। ਮਾਂ ਦੂਰ ਖਲੋਤੀ ਪੱਥਰ ਬਣੀ ਵੇਖਦੀ ਰਹਿ ਗਈ ਕਿ ਪੁੱਤਰ ਨੇ ਸਾਰੇ ਫੈਸਲੇ ਵੀ ਸੁਣਾ ਦਿਤੇ। ਸਾਰੇ ਚੁੱਪ ਸਨ ਕਿ ਪੁੱਤਰ ਫਿਰ ਬੋਲਿਆ, ਬਾਪੂ ਧੀ ਦਾ ਵੀ ਕੋਈ ਫਿਕਰ ਨਾ ਕਰੀਂ, ਉਹਦੇ ਕੋਲ ਵੀ ਫਰੈਂਡ ਹੈਗਾ ਏ ਤੇ ਉਨ੍ਹਾਂ ਵੀ ਪੜ੍ਹਾਈ ਪਿਛੋਂ ਉਥੇ ਹੀ ਸੈਟਲ ਹੋ ਜਾਣਾ ਏ। ਮੈਨੂੰ ਉਹ ਸਾਰਾ ਕੁਝ ਦੱਸਦੀ ਰਹਿੰਦੀ ਏ। ਬਾਪੂ ਅਸੀਂ ਕੋਈ ਨਵਾਂ ਕੰਮ ਨਹੀਂ ਕੀਤਾ, ਹੁਣ ਸਾਰੀ ਦੁਨੀਆਂ ਹੀ ਇਵੇਂ ਪਈ ਕਰਦੀ ਏ।
ਪੁੱਤਰ ਦੀਆਂ ਗੱਲਾਂ ਸੁਣ ਬਾਪੂ ਅਜੇ ਕੁਝ ਬੋਲਣ ਲਈ ਸੋਚਦਾ ਹੀ ਪਿਆ ਸੀ ਕਿ ਮਾਂ ਖੜੀ ਖੜੋਤੀ ਚੌਫਾਲ ਧਰਤੀ ‘ਤੇ ਜਾ ਪਈ। ਜਦ ਪੁੱਤਰ ਨੇ ਦੌੜ ਕੇ ਮਾਂ ਨੂੰ ਫੜਿਆ, ਮਾਂ ਮਾਂ ਕੀ ਹੋਇਐ ਤੈਨੂੰ ਮਾਂ? ਤਾਂ ਮਾਂ ਨੇ ਆਖਿਆ, ਬੇਟਾ ਮੈਨੂੰ ਅੱਜ ਤਾਂ ਕੁਝ ਨਹੀਂ ਹੋਇਆ ਹੋ ਤਾਂ ਉਸ ਦਿਨ ਹੀ ਗਿਆ ਸੀ, ਜਿਸ ਦਿਨ ਮੈਂ ਜਨਮ ਲਿਆ ਸੀ। ਅੱਜ ਤਾਂ ਉਹ ਹੋਣ ਲੱਗਾ ਹੈ, ਜਿਸ ਦੀ ਉਡੀਕ ਮੈਂ ਸਾਰੀ ਉਮਰ ਕੀਤੀ ਹੈ, ਇਹ ਆਖ ਮਾਂ ਨੇ ਅੱਖਾਂ ਬੰਦ ਕੀਤੀਆਂ ਅਤੇ ਸੰਸਾਰ ਨੂੰ ਅਲਵਿਦਾ ਆਖ ਤੁਰਦੀ ਬਣੀ ਉਸ ਦੇਸ਼ ਵੱਲ ਨੂੰ, ਜਿਥੇ ਜਾ ਕੇ ਅੱਜ ਤਕ ਕਦੀ ਕੋਈ ਵਾਪਸ ਨਹੀਂ ਮੁੜਿਆ।
ਪਿੰਡ ਵਿਚ ਰੌਲਾ ਪੈ ਗਿਆ ਸੀ, ਉਹ ਮਰ ਗਈ ਹੈ, ਉਹ ਮਰ ਗਈ ਹੈ। ਕੋਈ ਕੁਝ ਅਤੇ ਕੋਈ ਕੁਝ ਆਖ ਰਿਹਾ ਸੀ। ਕੁਝ ਔਰਤਾਂ ਇਕੱਠੀਆਂ ਹੋ ਉਸ ਘਰ ਵੱਲੇ ਤੁਰ ਪਈਆਂ, ਪਰ ਗੁਆਂਢ ਰਹਿੰਦੀ ਇਕ ਬਜੁਰਗ ਮਾਂ ਬੋਲੀ, ਸ਼ੁਕਰ ਹੈ ਉਹ ਮਰ ਗਈ ਹੈ, ਉਹ ਜਿਉਂਦੀ ਹੀ ਕਦੋਂ ਸੀ, ਉਸ ਨੂੰ ਜਿਉਣ ਹੀ ਕਿਸ ਨੇ ਦਿੱਤਾ ਹੈ? ਉਸ ਨੇ ਹੁਣ ਜਿਉਣਾ ਵੀ ਕਾਹਦੇ ਲਈ ਸੀ, ਜਿਨ੍ਹਾਂ ਨੂੰ ਅਸੀਂ ਆਪਣੇ ਸਮਝ ਕੇ ਜਿਉਣਾ ਚਾਹੁੰਦੇ ਹਾਂ, ਜਦ ਉਹ ਹੀ ਜ਼ਿੰਦਗੀ ਖੋਹ ਲੈਣ, ਕਾਤਿਲ ਬਣ ਜਾਣ ਤਾਂ ਫਿਰ ਮਰ ਜਾਣਾ ਹੀ ਚੰਗਾ ਹੈ। ਚੰਗਾ ਹੋਇਆ ਉਹ ਮਰ ਗਈ ਹੈ, ਮਰ ਜਾਣੀ ਮਾਂ!