ਸ਼੍ਰੋਮਣੀ ਅਕਾਲੀ ਦਲ ਦਾ ਸਿੰਘਾਸਣ ਅੱਜ ਕੱਲ੍ਹ ਬੁਰੀ ਤਰ੍ਹਾਂ ਡੋਲਿਆ ਹੋਇਆ ਹੈ। ਹਾਲ ਹੀ ‘ਚ ਦਲ ਦੇ ਸੀਨੀਅਰ ਲੀਡਰ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਸ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਇਨ੍ਹਾਂ ਦੋਹਾਂ ਨੂੰ ਅਕਾਲੀ ਦਲ ਵਲੋਂ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਪਿਛਲੇ ਕੁਝ ਦਿਨਾਂ ਦੌਰਾਨ ਸਿਆਸਤ ਨੇ ਇੰਨੀ ਤੇਜ਼ੀ ਨਾਲ ਮੋੜ ਕੱਟਿਆ ਹੈ ਕਿ ‘ਕਾਰਨ ਦੱਸੋ’ ਦਾ ਨੋਟਿਸ ਉਡੀਕੇ ਬਿਗਨਾ ਹੀ ਦੋਹਾਂ ਨੂੰ ਪਾਰਟੀ ਵਿਚੋਂ ਕੱਢ ਮਾਰਿਆ ਹੈ। ਸੁਖਦੇਵ ਸਿੰਘ ਢੀਂਡਸਾ ਪਿਛਲੇ ਕੁਝ ਅਰਸੇ ਤੋਂ ਦਲ ਦੀ ਲੀਡਰਸ਼ਿਪ ਨਾਲ ਨਾਰਾਜ਼ ਚਲੇ ਆ ਰਹੇ ਸਨ,
ਪਰ ਉਨ੍ਹਾਂ ਦਾ ਰੋਸਾ ਐਨ ਖਾਮੋਸ਼ ਸੀ। ਉਸ ਨੂੰ ਮਨਾਉਣ ਲਈ ਕੋਸ਼ਿਸ਼ਾਂ ਵੀ ਹੋਈਆਂ, ਪਰ ਲੀਡਰਸ਼ਿਪ ਉਸ ਨਾਲ ਰਾਬਤਾ ਬਣਾਉਣ ਵਿਚ ਵੀ ਨਾਕਾਮ ਰਹੀ। ਫਿਰ ਉਹ ਪਿਛਲੇ ਕੁਝ ਸਮੇਂ ਤੋਂ ਨਿੱਤਰ ਕੇ ਸਾਹਮਣੇ ਆਏ ਅਤੇ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਵੰਗਾਰਿਆ। ਉਨ੍ਹਾਂ ਦਾ ਆਖਣਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਪਾਰਟੀ ਦੇ ਕੁਝ ਹੋਰ ਆਗੂ ਵੀ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ਤੋਂ ਨਾਰਾਜ਼ ਸਨ, ਪਰ ਇਨ੍ਹਾਂ ਵਿਚੋਂ ਬਹੁਤਿਆਂ ਨੇ ਬੋਲਣ ਦਾ ਹੀਆ ਕਦੀ ਨਹੀਂ ਕੀਤਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਆਦਿ ਕੁਝ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ‘ਤੇ ਸਵਾਲ ਉਠਾਏ ਸਨ, ਪਰ ਛੇਤੀ ਹੀ ਪਾਰਟੀ ਤੋਂ ਵੱਖ ਹੋ ਗਏ ਅਤੇ ਆਪਣੀ ਵੱਖਰੀ ਪਾਰਟੀ ਬਣਾ ਲਈ।
ਇਕ ਤੱਥ ਤਾਂ ਐਨ ਸਾਫ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਡੂੰਘੇ ਸੰਕਟ ਵਿਚੋਂ ਲੰਘ ਰਿਹਾ ਹੈ। ਬੇਅਦਬੀ ਕਾਂਡ, ਡੇਰਾ ਮੁਖੀ ਨੂੰ ਮੁਆਫੀ ਦੇਣ ਅਤੇ ਕੁਝ ਅਜਿਹੇ ਹੋਰ ਅਹਿਮ ਮਸਲਿਆਂ ਕਾਰਨ ਅਕਾਲੀ ਦਲ ਨੂੰ ਵੱਡੀ ਮਾਰ ਪਈ। ਪਹਿਲਾਂ 2017 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਫਿਰ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹਾਲਤ ਪਤਲੀ ਹੀ ਰਹੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਪਿਛਲੇ ਤਿੰਨ ਸਾਲ ਦੀ ਮਾੜੀ ਕਾਰਗੁਜ਼ਾਰੀ ਦੇ ਬਾਵਜੂਦ ਲੋਕਾਂ ਨੇ ਅਕਾਲੀ ਲੀਡਰਾਂ ਨੂੰ ਮੂੰਹ ਨਹੀਂ ਲਾਇਆ ਹੈ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ ਦੀ ਹਾਲਤ ਵਿਚ ਕੋਈ ਵੱਡਾ ਸੁਧਾਰ ਮੁਸ਼ਕਿਲ ਹੀ ਜਾਪਦਾ ਹੈ। ਉਧਰ, ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅਕਾਲੀ ਆਗੂਆਂ ਨੂੰ ਦਿਨੇ ਤਾਰੇ ਦਿਖਾ ਦਿੱਤੇ ਹਨ। ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਅਕਾਲੀ ਦਲ ਦੀ ਇਕ ਵੀ ਨਹੀਂ ਸੁਣੀ ਅਤੇ ਭਾਈਵਾਲ ਵਜੋਂ ਕੁੱਲ 70 ਸੀਟਾਂ ਵਿਚੋਂ ਇਕ ਵੀ ਸੀਟ ਨਹੀਂ ਛੱਡੀ, ਹਾਲਾਂਕਿ ਪਿਛਲੀ ਵਾਰ ਪਾਰਟੀ ਨੂੰ ਚਾਰ ਸੀਟਾਂ ਅਲਾਟ ਕੀਤੀਆਂ ਗਈਆਂ ਸਨ। ਹੁਣ ਪਾਰਟੀ ਨੂੰ ਇਨ੍ਹਾਂ ਚੋਣਾਂ ਦੌਰਾਨ ਭਾਜਪਾ ਦੀ ਬਿਨਾ ਸ਼ਰਤ ਹਮਾਇਤ ਕਰਨੀ ਪੈ ਰਹੀ ਹੈ। ਸਿਆਸੀ ਸੂਤਰਾਂ ਦਾ ਆਖਣਾ ਹੈ ਕਿ ਬਾਦਲ ਪਰਿਵਾਰ ਕੇਂਦਰੀ ਵਜ਼ਾਰਤ ਵਿਚ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਬਚਾਉਣ ਲਈ ਹੀ ਈਨ ਮੰਨ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬਾਦਲ ਪਰਿਵਾਰ ਉਤੇ ਪੰਥ ਅਤੇ ਪੰਜਾਬ ਦੀ ਥਾਂ ਪਰਿਵਾਰ ਨੂੰ ਪਹਿਲ ਦੇਣ ਦੇ ਦੋਸ਼ ਲਗਦੇ ਰਹੇ ਸਨ। ਕਿਹਾ ਜਾਵੇ ਤਾਂ ਅਸਲ ਲੜਾਈ ਹੀ ਪਰਿਵਾਰ ਨੂੰ ਪਹਿਲ ਦੇਣ ਦੀ ਹੈ।
ਉਂਜ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਅਤੇ ਇਸ ਦੇ ਨਾਲ ਹੀ ਪੰਜਾਬ ਦੀ ਸਿਆਸਤ ਇਕ ਨਵੇਂ ਮੋੜ ਉਤੇ ਪੁੱਜ ਗਈ ਹੈ। ਅਕਾਲੀ ਦਲ ਵਿਚੋਂ ਕੱਢੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਪਹਿਲਾਂ ਹੀ ਭਾਜਪਾ ਨਾਲ ਰਾਬਤਾ ਬਣਾ ਕੇ ਚੱਲ ਰਹੇ ਹਨ। ਭਾਜਪਾ ਨੇ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਕੋਈ ਸਲਾਹ-ਮਸ਼ਵਰਾ ਕੀਤੇ ਬਿਨਾ ਹੀ ਉਸ ਨੂੰ ਪਦਮ ਉਪਾਧੀ ਨਾਲ ਨਿਵਾਜ ਦਿੱਤਾ ਸੀ। ਸਭ ਤੋਂ ਅਲੋਕਾਰ ਤੱਥ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਸਾਹਮਣੇ ਆਇਆ ਹੈ, ਜਿਸ ਨੇ ਪੰਜਾਬ ਦੀ ਸਿਆਸਤ ਉਤੇ ਅਸਰ ਪਾਉਣਾ ਹੈ। ਦਿੱਲੀ ਚੋਣਾਂ ਵਿਚ ਅਕਾਲੀ ਦਲ ਤਾਂ ਭਾਜਪਾ ਦੀ ਹਮਾਇਤ ਕਰ ਹੀ ਰਿਹਾ ਹੈ, ਬਾਦਲ ਵਿਰੋਧੀ ਸਮੁੱਚੇ ਅਕਾਲੀ ਧੜੇ ਵੀ ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਹਮਾਇਤ ਕਰ ਰਹੇ ਹਨ। ਸਾਫ ਜਾਹਰ ਹੈ ਕਿ ਜੇ ਦਿੱਲੀ ਚੋਣਾਂ ਵਿਚ ਭਾਜਪਾ ਦੀ ਕਾਰਗੁਜ਼ਾਰੀ ਮਾੜੀ-ਮੋਟੀ ਵੀ ਬਿਹਤਰ ਰਹਿੰਦੀ ਹੈ ਤਾਂ ਇਹ ਪੰਜਾਬ ਦੀ ਸਿਆਤ ਨੂੰ ਨਵੇਂ ਸਿਰਿਓਂ ਘੜਨ ਲਈ ਪੂਰਾ ਜ਼ੋਰ ਲਾਵੇਗੀ। ਇਹ ਪਾਰਟੀ ਚਿਰਾਂ ਤੋਂ ਪੰਜਾਬ ਵਿਚ ਇਕੱਲਿਆਂ ਚੋਣਾਂ ਲੜਨ ਅਤੇ ਜਿੱਤਣ ਦੀ ਘਾਤ ਲਾ ਕੇ ਬੈਠੀ ਹੈ। ਸਾਰੇ ਅਕਾਲੀ ਧੜਿਆਂ ਦੀ ਹਮਾਇਤ ਨਾਲ ਇਹ ਪੰਜਾਬ ਦੀ ਸਿਆਸਤ ਵਿਚ ਨਵੀਂ ਸਫਬੰਦੀ ਦੇ ਰਾਹ ਖੋਲ੍ਹ ਸਕਦੀ ਹੈ। ਇਸ ਨੁਕਤੇ ਦਾ ਦੂਜਾ ਪੱਖ ਇਹ ਵੀ ਹੈ ਕਿ ਬਾਦਲਾਂ ਨੂੰ ਪਿਛਾਂਹ ਧੱਕ ਕੇ ਇਹ ਪਾਰਟੀ ਕਿਹੜੇ ਧੜੇ ਨੂੰ ਪੰਜਾਬ ਦੀ ਸਿਆਸਤ ਵਿਚ ਅਗਾਂਹ ਲਿਆਉਂਦੀ ਹੈ। ਜਾਹਰ ਹੈ ਕਿ ਅਜਿਹੀਆਂ ਸਫਬੰਦੀਆਂ ਨਾਲ ਪੰਜਾਬ ਦੀ ਸਿਆਸਤ ਦਾ ਨਵਾਂ ਅਧਿਆਇ ਸ਼ੁਰੂ ਹੋ ਸਕਦਾ ਹੈ। ਇਸ ਸੂਰਤ ਵਿਚ ਆਮ ਆਦਮੀ ਪਾਰਟੀ (ਆਪ) ਦਾ ਕੀ ਰੋਲ ਹੋਵੇਗਾ, ਇਹ ਵੀ ਵਿਚਾਰਨ ਵਾਲਾ ਮਸਲਾ ਹੈ। ਲੋਕਾਂ ਵਲੋਂ ਕਈ ਮੌਕਿਆਂ ‘ਤੇ ਦਿੱਤੇ ਭਰਵੇਂ ਹੁੰਗਾਰੇ ਦੇ ਬਾਵਜੂਦ ਇਹ ਪਾਰਟੀ ਜਥੇਬੰਦਕ ਤੌਰ ‘ਤੇ ਪੰਜਾਬ ਵਿਚ ਪੱਕੇ ਪੈਰੀਂ ਨਹੀਂ ਹੋ ਸਕੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਪਾਰਟੀ ਦੀ ਕਾਰਗੁਜ਼ਾਰੀ ਤਸੱਲੀਬਖਸ਼ ਨਹੀਂ ਰਹੀ ਸੀ। ਅਜਿਹੇ ਹਾਲਾਤ ਵਿਚ ਇਕ ਵਾਰ ਫਿਰ ਕਾਂਗਰਸ ਨੂੰ ਫਾਇਦਾ ਮਿਲਣ ਦੇ ਆਸਾਰ ਬਣਦੇ ਜਾਪਦੇ ਹਨ। ਇਸ ਸਿਆਸੀ ਜੋੜ-ਤੋੜ ਵਿਚੋਂ ਪੰਜਾਬ ਦੀ ਸਿਆਸਤ ਕਿਸ ਪਾਸੇ ਮੋੜ ਕੱਟੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਪੰਜਾਬ ਦੇ ਸਿਆਸੀ ਪਿੜ ਵਿਚ ਖਾਸ ਤਬਦੀਲੀ ਆਉਣ ਲਈ ਰਾਹ ਬਣਦਾ ਜਾਪਦਾ ਹੈ।