ਚੰਡੀਗੜ੍ਹ: ਬਾਦਲਾਂ ਵਿਰੁਧ ਆਵਾਜ਼ ਚੁੱਕਣ ਵਾਲੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਵਿਚੋਂ ਕੱਢ ਦਿੱਤਾ ਗਿਆ ਹੈ। ਬਾਦਲਾਂ ਦੇ ਸਭ ਤੋਂ ਵੱਡੇ ਭੇਤੀ ਢੀਂਡਸਾ ਪਰਿਵਾਰ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਕੋਰ ਕਮੇਟੀ ਦੀ ਮੀਟਿੰਗ ਦੀ ਥਾਂ ਆਮ ਲੋਕਾਂ ਦੇ ਫਤਵੇ ਨਾਲ ਜੋੜ ਦਿੱਤਾ ਗਿਆ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਗਰੂਰ ਰੈਲੀ ਵਿਚ ਲੋਕਾਂ ਤੋਂ ਕਰਵਾਏ ‘ਫੈਸਲੇ’ ਉਤੇ ਹੀ ਫੁੱਲ ਚੜ੍ਹਾਏ ਗਏ ਹਨ।
ਅਕਾਲੀ ਦਲ ਦੀ ਇਸ ਕਾਰਵਾਈ ਤੋਂ ਬਾਅਦ ਤੈਅ ਹੈ ਕਿ ਪਾਰਟੀ ਵਿਚ ਹੀ ਰਹਿ ਕੇ ਇਸ ਪੰਥਕ ਧਿਰ ਦੀ ‘ਸਫਾਈ’ ਦੀਆਂ ਗੱਲਾਂ ਕਰਨ ਵਾਲੇ ਸੁਖਦੇਵ ਢੀਂਡਸਾ ਨੂੰ ਬਾਕੀ ਬਾਗੀ ਆਗੂਆਂ ਵਾਲਾ ਰਾਹ ਅਖਤਿਆਰ ਕਰਨਾ ਪਵੇਗਾ। ਰਣਜੀਤ ਸਿੰਘ ਬ੍ਰਹਮਪੁਰਾ, ਡਾæ ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਸਣੇ ਹੋਰ ਬਾਗੀਆਂ ਵੱਲੋਂ ਬਣਾਏ ਟਕਸਾਲੀ ਅਕਾਲੀ ਦਲ ਦਾ ਲੰਮਾ ਹੁੰਦਾ ਕਾਫਲਾ ਪੰਜਾਬ ਵਿਚ ਨਵੀਂ ਸਿਆਸੀ ਸਫਬੰਦੀ ਵੱਲ ਵੀ ਇਸ਼ਾਰਾ ਕਰ ਰਿਹਾ ਹੈ। ਟਕਸਾਲੀਆਂ ਵਲੋਂ ਦਸੰਬਰ ਮਹੀਨੇ ਮਨਾਏ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਅਕਾਲੀ ਦਲ 1920 ਦੇ ਰਵੀਇੰਦਰ ਸਿੰਘ, ਅਕਾਲੀ ਦਲ ਦਿੱਲੀ ਦੇ ਪਰਮਜੀਤ ਸਿੰਘ ਸਰਨਾ, ਬਲਵੰਤ ਸਿੰਘ ਰਾਮੂਵਾਲੀਆ ਸਮੇਤ ਵੱਖ-ਵੱਖ ਫੈਡਰੇਸ਼ਨ ਧੜਿਆਂ ਦੇ ਆਗੂਆਂ ਨੇ ਹਾਜ਼ਰੀ ਭਰ ਕੇ ਵੀ ਇਹੀ ਸੰਕੇਤ ਦਿੱਤਾ ਸੀ ਕਿ ਬਾਦਲਾਂ ਤੋਂ ਅਕਾਲੀ ਦਲ ਦੀ ਮੁਕਤੀ ਲਈ ਇਸ ਏਕੇ ਤੋਂ ਬਿਨਾਂ ਕੋਈ ਰਾਹ ਨਹੀਂ।
ਇਨ੍ਹਾਂ ਪੰਥਕ ਧਿਰਾਂ ਦਾ ਪਹਿਲਾ ਮੋਰਚਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹਨ। ਇਹ ਚੋਣਾਂ ਹੀ ਟਕਸਾਲੀ ਆਗੂਆਂ ਨੂੰ ਅਗਲੀ ਰਣਨੀਤੀ ਵੱਲ ਤੋਰਨਗੀਆਂ। ਟਕਸਾਲੀ ਆਗੂ ਸਾਰੇ ਹਮਖਿਆਲੀਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰ ਰਹੇ ਹਨ। ਇਨ੍ਹਾਂ ਵਿਚ ਨਵਜੋਤ ਸਿੰਘ ਸਿੱਧੂ ਦਾ ਨਾਮ ਸਭ ਤੋਂ ਉਪਰ ਹੈ। ਇਹ ਆਗੂ ਇਥੋਂ ਤੱਕ ਆਖ ਚੁੱਕੇ ਹਨ ਕਿ ਜੇਕਰ ਸਿੱਧੂ ਹਾਂ ਕਰੇ ਤਾਂ ਉਹ ਨੰਗੇ ਪੈਰੀਂ ਉਸ ਕੋਲ ਪਹੁੰਚ ਕਰਨ ਲਈ ਤਿਆਰੀ ਹਨ। ਇਨ੍ਹਾਂ ਆਗੂਆਂ ਵੱਲੋਂ ਸਿੱਧੂ ਨੂੰ ਮੁੱਖ ਮੰਤਰੀ ਉਮੀਦਵਾਰ ਵਜੋਂ ਉਭਾਰਨਾ ਵੀ ਇਹੀ ਇਸ਼ਾਰਾ ਕਰਦਾ ਹੈ ਕਿ ਟਕਸਾਲੀ ਮੋਰਚੇ ਨੂੰ ਸਿਆਸੀ ਰਾਹੇ ਪਾਉਣ ਲਈ ਸਿਰਜੋੜ ਕੋਸ਼ਿਸ਼ ਹੋਰ ਤੇਜ਼ ਹੋਣਗੀਆਂ। ਯਾਦ ਰਹੇ ਕਿ ਲੋਕ ਸਭ ਚੋਣਾਂ ਵਿਚ ਵੀ ਤੀਜੇ ਮੋਰਚੇ ਲਈ ਲਾਮਬੰਦੀ ਹੋਈ ਸੀ ਪਰ ਚੌਧਰ ਦੀ ਲੜਾਈ ਨੇ ਸਾਰੀ ਖੇਡ ਵਿਗਾੜ ਦਿੱਤੀ ਪਰ ਹੁਣ ਅਕਾਲੀ ਦਲ ਬਾਦਲ ਵਿਚ ਹਿਲਜੁਲ ਤੇ ਕੈਪਟਨ ਸਰਕਾਰ ਦੀ ਨਿਰਾਸ਼ਾ ਵਾਲੀ ਕਾਰਗੁਜ਼ਾਰੀ ਕਾਰਨ ਇਨ੍ਹਾਂ ਆਗੂਆਂ ਦੇ ਹੌਸਲੇ ਬੁਲੰਦ ਹਨ।
ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਵਿੱਥ ਬਣਾ ਕੇ ਚੱਲਣ ਦਾ ਫੈਸਲਾ ਵੀ ਪੰਜਾਬ ਦੀ ਸਿਆਸਤ ਵਿਚ ਨਵੀਂ ਸਫਬੰਦੀ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਵਿਚ ਅਕਾਲੀ ਦਲ ਨੂੰ ਦਿੱਤੇ ਵੱਡੇ ਝਟਕੇ ਮਗਰੋਂ ਇਨ੍ਹਾਂ ਦੋਹਾਂ ਪਾਰਟੀਆਂ ਦੇ ਰਸਮੀ ਤੋੜ ਵਿਛੋੜੇ ਦੀਆਂ ਕਨਸੋਆਂ ਮਿਲਣ ਲੱਗੀਆਂ ਹਨ। ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰਨ ਦਾ ਇਸ਼ਾਰਾ ਕਰਕੇ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਅਕਾਲੀ ਦਲ ਵਲੋਂ ਖਾਲੀ ਕੀਤੀ ਸਿਆਸੀ ਥਾਂ ਹੁਣ ਉਹ ਭਰਨਗੇ। ਸ਼ਾਇਦ ਇਸੇ ਸਿਆਸੀ ਸੰਕਟ ਕਰਕੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨੂੰ ਆਪੇ ਹਮਾਇਤ ਦੇਣ ਦਾ ਐਲਾਨ ਕਰਨ ਦਾ ਅੱਕ ਚੱਬਣਾ ਪਿਆ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦਾ ਮੁੜ ਨਾ ਉਭਾਰਨਾ ਇਸ ਪੰਥਕ ਧਿਰ ਦੀ ਸਭ ਤੋਂ ਵੱਡੀ ਨਾਲਾਇਕੀ ਸੀ। ਇਸੇ ਲਈ ਹੀ ਪੰਜਾਬ ਦੀ ਸਿਆਸਤ ਵਿਚ ਨਵੇਂ ਸਿਆਸੀ ਸਮੀਕਰਨ ਉਭਰਨ ਲਈ ਬੜੇ ਸਾਜ਼ਗਾਰ ਹਾਲਾਤ ਬਣੇ ਹੋਏ ਹਨ। ਇਨ੍ਹਾਂ ਹਾਲਾਤ ਦਾ ਸਿਆਸੀ ਲਾਹਾ ਲੈਣ ਲਈ ਹੀ ਸੁਖਦੇਵ ਸਿੰਘ ਢੀਂਡਸਾ, ਬਾਦਲ ਵਿਰੋਧੀ ਸਾਰੇ ਅਕਾਲੀ ਧੜਿਆਂ ਨੂੰ ਇਕੱਠਾ ਕਰਕੇ ਤੀਜਾ ਬਦਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ ਭਾਜਪਾ ਵੀ ਅਕਾਲੀ ਦਲ ਵਿਚਲੀ ਬਗਾਵਤ ਉਤੇ ਅੱਖ ਰੱਖ ਰਹੀ ਹੈ।
ਭਾਰਤੀ ਜਨਤਾ ਪਾਰਟੀ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਉਭਾਰਨ ਲਈ ਪਹਿਲਾਂ ਹੀ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹੋਈਆਂ ਹਨ। ਪਿਛਲੇ ਸਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਬਿਨਾਂ ਸਲਾਹ ਕੀਤਿਆਂ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਐਵਾਰਡ ਦੇਣ ਦੇ ਫੈਸਲੇ ਨੂੰ ਇਸੇ ਪ੍ਰਸੰਗ ਵਿਚ ਦੇਖਿਆ ਗਿਆ ਸੀ। ਇਸ ਲਈ ਭਾਜਪਾ ਵੱਲੋਂ ਦਿੱਲੀ ਵਿਚ ਅਕਾਲੀ ਦਲ ਨੂੰ ਦਿੱਤਾ ਗਿਆ ਝਟਕਾ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਬਲਕਿ ਸੋਚੀ ਸਮਝੀ ਨੀਤੀ ਹੈ। ਭਾਜਪਾ ਦੇ ਪੰਜਾਬ ਵਿਚਲੇ ਆਗੂ ਵੀ ਉਚੀ ਸੁਰ ਵਿਚ ਕਹਿਣ ਲੱਗੇ ਹਨ ਕਿ ਬਦਲੇ ਹੋਏ ਹਾਲਾਤ ਵਿਚ ਅਕਾਲੀ ਦਲ ਹੁਣ ਉਨ੍ਹਾਂ ਦਾ ਵੱਡਾ ਭਰਾ ਨਹੀਂ ਰਿਹਾ। ਇਸ ਸਮੇਂ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਇਹ ਹੈ ਕਿ ਪੰਜਾਬ ਵਿਚ ਸਿਆਸਤ, ਖਾਸ ਕਰਕੇ ਅਕਾਲੀ ਸਿਆਸਤ ਕਿਸ ਦਿਸ਼ਾ ਵੱਲ ਜਾਵੇਗੀ।