ਚੰਡੀਗੜ੍ਹ: ਨਾਗਰਿਕਤਾ ਸੋਧ ਕਾਨੂੰਨ ਅਤੇ ਨਾਗਰਿਕਾਂ ਲਈ ਰਾਸ਼ਟਰੀ ਰਜਿਸਟਰ ਖਿਲਾਫ ਸ਼ਾਹੀਨ ਬਾਗ ਵਿਚ ਲੱਗੇ ਮੋਰਚੇ ਵਲ ਪੰਜਾਬੀਆਂ ਨੇ ਵਹੀਰਾਂ ਘੱਤ ਲਈਆਂ ਹਨ। ਪੰਜਾਬੀਆਂ ਨੇ ਇਹ ਮੋਰਚਾ ਉਸ ਸਮੇਂ ਸੰਭਾਲਿਆ ਹੈ ਜਦੋਂ ਭਾਜਪਾ ਆਗੂਆਂ ਵਲੋਂ ਤਕਰੀਬਨ ਇਕ ਮਹੀਨੇ ਤੋਂ ਇਥੇ ਧਰਨਾ ਲਾਈ ਬੈਠੇ ਸੰਘਰਸ਼ੀਆਂ ਨੂੰ ਖਦੇੜਨ ਲਈ ਗੋਲੀ ਮਾਰਨ ਦੀਆਂ ਨਫਰਤੀ ਤਕਰੀਰਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤੋਂ ਉਤਸ਼ਾਹਿਤ ਹੋ ਕੇ ਇਕ ਹਫਤੇ ਦੌਰਾਨ ਚਾਰ ਵਾਰ ਇਨ੍ਹਾਂ ਪ੍ਰਦਰਸ਼ਨਕਾਰੀਆਂ ਉਤੇ ਕੁਝ ਸਿਰਫਿਰਿਆਂ ਵਲੋਂ ਗੋਲੀ ਚਲਾਈ ਗਈ। ਜਦੋਂ ਇਹ ਹਾਲਾਤ ਬਣ ਗਏ ਹਨ ਕਿ ਕੇਂਦਰ ਸਰਕਾਰ ਕਦੇ ਵੀ ਇਨ੍ਹਾਂ ਉਤੇ ਵੱਡਾ ਹਮਲਾ ਕਰਵਾ ਸਕਦਾ ਹੈ ਤਾਂ ਪੰਜਾਬ ਤੋਂ ਵੱਡੇ ਕਾਫਲੇ ਦਿੱਲੀ ਵਲ ਰਵਾਨਾ ਹੋਣੇ ਸ਼ੁਰੂ ਹੋ ਗਏ ਹਨ।
ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ ਦੀ ਅਗਵਾਈ ਵਿਚ ਵੱਡੇ ਕਾਫਲੇ ਸ਼ਹੀਨ ਬਾਗ ਪੁੱਜ ਰਹੇ ਹਨ। ਦੱਸ ਦਈਏ ਕਿ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ, ਜਿਹੜੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਜਲੂਸ ਕੱਢ ਰਹੇ ਸਨ, ਉਤੇ ਇਕ ਵਿਅਕਤੀ ਨੇ ਪੁਲਿਸ ਦੀ ਮੌਜੂਦਗੀ ਵਿਚ ਗੋਲੀ ਚਲਾ ਦਿੱਤੀ ਜਿਸ ਨਾਲ ਇਕ ਵਿਦਿਆਰਥੀ ਜਖਮੀ ਹੋ ਗਿਆ। ਉਸ ਨੇ ਗੋਲੀ ਚਲਾਉਣ ਤੋਂ ਪਹਿਲਾਂ ਪਿਸਤੌਲ ਹਵਾ ਵਿਚ ਲਹਿਰਾਉਂਦਿਆਂ ਕਿਹਾ, ”ਯੇਹ ਲੋ ਆਜ਼ਾਦੀ’ ਅਤੇ ਫਿਰ ਉਸ ਨੇ ‘ਜੈ ਸ੍ਰੀ ਰਾਮ’, ‘ਦਿੱਲੀ ਪੁਲਿਸ ਜ਼ਿੰਦਾਬਾਦ’, ‘ਜਾਮੀਆ ਮਿਲੀਆ ਮੁਰਦਾਬਾਦ’ ਦੇ ਨਾਅਰੇ ਲਾਏ। ਇਸ ਤੋਂ ਬਾਅਦ ਅਜਿਹੀਆਂ ਘਟਨਾਵਾਂ ਦਾ ਸਿਲਸਲਾ ਸ਼ੁਰੂ ਹੋ ਗਿਆ।
ਪੰਜਾਬੀਆਂ ਦੀ ਇਹ ਪਹਿਲ ਨਾਲ ਮੋਦੀ ਸਰਕਾਰ ਦੀਆਂ ਫਿਰਕੂ ਨੀਤੀਆਂ ਖਿਲਾਫ ਲਾਮਬੰਦੀ ਤਿੱਖੀ ਹੋ ਗਈ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀæਏæਏæ) ਨੂੰ ਘੱਟ ਗਿਣਤੀ ਵਿਰੋਧੀ ਕਰਾਰ ਦਿੰਦਿਆਂ ਮਨੁੱਖੀ ਹੱਕਾਂ ਤੇ ਸਮਾਜਿਕ ਕਾਰਕੁਨਾਂ ਦੇ ਗਰੁੱਪ ਨੇ ਦਾਅਵਾ ਕੀਤਾ ਸੀ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ‘ਚ ਪ੍ਰਗਟਾਵੇ ਦੀ ਆਜ਼ਾਦੀ ਖਤਰੇ ਵਿਚ ਹੈ। ਇਨ੍ਹਾਂ ਕਾਰਕੁਨਾਂ ‘ਚ ਮੈਗਸੇਸੇ ਪੁਰਸਕਾਰ ਜੇਤੂ ਸੰਦੀਪ ਪਾਂਡੇ ਵੀ ਸ਼ਾਮਲ ਹਨ। ਕੈਪੀਟਲ ਬਿਲਡਿੰਗ ਵਿਚ ‘ਭਾਰਤ ਦੇ ਨਾਗਰਿਕਤਾ ਕਾਨੂੰਨ ਦੇ ਸਿੱਟਿਆਂ’ ਬਾਰੇ ਅਮਰੀਕੀ ਕਾਂਗਰਸ ‘ਚ ਸੁਣਵਾਈ ਦੌਰਾਨ ਉਘੇ ਮਨੁੱਖੀ ਹੱਕਾਂ ਅਤੇ ਸਮਾਜਿਕ ਕਾਰਕੁਨਾਂ ਨੇ ਇਸ ਦਾ ਵਿਰੋਧ ਕੀਤਾ। ਸ੍ਰੀ ਪਾਂਡੇ ਨੇ ਕਿਹਾ ਸੀ ਕਾਰਕੁਨ ਵਜੋਂ 27 ਸਾਲ ਕੰਮ ਕਰਦਿਆਂ ਮੈਨੂੰ ਮਹਿਸੂਸ ਹੋਇਆ ਕਿ ਪਿਛਲੇ ਛੇ ਕੁ ਮਹੀਨਿਆਂ ਦੌਰਾਨ ਪ੍ਰਗਟਾਵੇ ਦੀ ਆਜ਼ਾਦੀ ਦੇ ਬੁਨਿਆਦੀ ਅਧਿਕਾਰ, ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਅਤੇ ਭਾਰਤ ‘ਚ ਕਿਤੇ ਵੀ ਆਉਣ-ਜਾਣ ਦੀ ਆਜ਼ਾਦੀ ਉਤੇ ਰੋਕਾਂ ਲੱਗੀਆਂ ਹਨ।” ਅਮਰੀਕੀ ਕਾਂਗਰਸ ‘ਚ ਪ੍ਰੋਗਰਾਮ ਦਾ ਪ੍ਰਬੰਧ ਇੰਡੀਅਨ ਅਮਰੀਕਨ ਮੁਸਲਿਮ ਕਾਊਂਸਿਲ, ਹਿੰਦੂਜ਼ ਫਾਰ ਹਿਊਮਨ ਰਾਈਟਸ, ਕੌਂਸਲ ਆਨ ਅਮਰੀਕਨ-ਇਸਲਾਮਿਕ ਰਿਲੇਸ਼ਨਜ਼ ਅਤੇ ਅਮਰੀਕੀ ਮੁਸਲਿਮ ਜਥੇਬੰਦੀ ਐਮਗੇਜ ਐਕਸ਼ਨ ਨੇ ਕੀਤਾ ਸੀ। ਐਮਨੈਸਟੀ ਇੰਟਰਨੈਸ਼ਨ ਯੂæਐਸ਼ਏæ ਦੇ ਫਰਾਂਸਿਸਕੋ ਬੇਨਕੋਸਮੀ ਨੇ ਮੰਗ ਕੀਤੀ ਸੀ ਕਿ ਸਰਕਾਰ ਸੀæਏæਏæ ਵਾਪਸ ਲਵੇ ਅਤੇ ਪ੍ਰਦਰਸ਼ਨਕਾਰੀਆਂ ਖਿਲਾਫ ਕਾਰਵਾਈ ਬੰਦ ਜਾਵੇ।
ਅਮਰੀਕੀ ਕਾਂਗਰਸ ਮੈਂਬਰਾਂ ਵਲੋਂ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ
ਵਾਸ਼ਿੰਗਟਨ: ਅਮਰੀਕੀ ਕਾਂਗਰਸ ਮੈਂਬਰਾਂ ਨੇ ਯੂæਐਸ਼ ਕੈਪੀਟਲ ‘ਚ ਕਰਵਾਏ ਗਏ ਸਮਾਗਮ ‘ਚ ਸ਼ਿਰਕਤ ਕਰਕੇ ਸਿੱਖ ਭਾਈਚਾਰੇ ਵਲੋਂ ਅਮਰੀਕਾ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਅਮਰੀਕੀ ਕਾਂਗਰਸ ਮੈਂਬਰਾਂ ਦੇ ਸਮਾਗਮ ‘ਚ ਹਾਜ਼ਰ 200 ਦੇ ਕਰੀਬ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਅਮਰੀਕਾ ਦਾ ਮਿਸਾਲੀ ਭਾਈਚਾਰਾ ਹੈ। ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਰੋ ਖੰਨਾ ਨੇ ਕਿਹਾ, ‘ਇਤਿਹਾਸ ਉਸ ਸਮੇਂ ਲਿਖਿਆ ਗਿਆ ਸੀ ਜਦੋਂ ਦਲੀਪ ਸਿੰਘ ਸੌਂਦ ਅਮਰੀਕੀ ਕਾਂਗਰਸ ‘ਚ ਚੁਣੇ ਜਾਣ ਵਾਲੇ ਪਹਿਲੇ ਏਸ਼ਿਆਈ ਵਿਅਕਤੀ ਬਣੇ।’ ਸੰਸਦ ਮੈਂਬਰ ਜਿਮ ਕੋਸਟਾ ਨੇ ਕਿਹਾ, ‘ਸਿੱਖਾਂ ਨੇ ਮੇਰੇ ਜ਼ਿਲ੍ਹੇ ਅਤੇ ਅਮਰੀਕਾ ਦਾ ਵਿਕਾਸ ਕੀਤਾ ਹੈ।’
ਇਹ ਪ੍ਰੋਗਰਾਮ ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਸੀ। ਇਸ ਮੌਕੇ ਇਕ ਕਿਤਾਬ ਵੀ ਰਿਲੀਜ਼ ਕੀਤੀ ਗਈ ਜਿਸ ‘ਚ 50 ਸਿੱਖਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ ਗਿਆ ਹੈ। ਇਹ ਕਿਤਾਬ ਪੰਜਾਬੀ ਯੂਨੀਵਰਸਿਟੀ ਦੇ ਪ੍ਰਭਲੀਨ ਨੇ ਲਿਖੀ ਹੈ। ਇਹ ਕਿਤਾਬ ਅਮਰੀਕੀ ਸੰਸਦ ਮੈਂਬਰਾਂ ਨੂੰ ਵੀ ਵੰਡੀ ਗਈ। ਮਹਿਲਾ ਕਾਂਗਰਸ ਮੈਂਬਰ ਕੈਰੋਲਿਨ ਮਾਲੋਨੀ ਨੇ ਕਿਹਾ, ‘ਅਸੀਂ ਤੁਹਾਡੇ ਅਧਿਕਾਰਾਂ ਤੇ ਮੁੱਦੇ ਚੁੱਕਣ ਲਈ ਹਮੇਸ਼ਾ ਹਾਜ਼ਰ ਹਾਂ।’ ਕਾਂਗਰਸ ਮੈਂਬਰ ਪੀਟਰ ਕਿੰਗ ਨੇ ਕਿਹਾ, ‘ਤੁਸੀਂ ਕਦੀ ਵੀ ਸਾਡੀ ਮਦਦ ਲੈ ਸਕਦੇ ਹੋ। ਤੁਸੀਂ ਅਮਰੀਕਾ ਨੂੰ ਮਜ਼ਬੂਤ ਕਰਨ ‘ਚ ਯੋਗਦਾਨ ਪਾਇਆ ਹੈ।’ ਇਸ ਮੌਕੇ ਕਾਂਗਰਸ ਮੈਂਬਰ ਐਮੀ ਬੇਰਾ, ਗਰੇਗ ਸਟੈਨਟਨ, ਗਰੇਸ ਮੈਂਗ, ਜੌਹਨ ਗਰਾਮੈਂਡੀ, ਹੈਲੀ ਸਟੀਵਨਜ਼, ਰਾਜਾ ਕ੍ਰਿਸ਼ਨਮੂਰਤੀ, ਪ੍ਰਮਿਲਾ ਜਯਪਾਲ, ਸਟੀਵ ਕੋਹੇਨ, ਟੌਮ ਸੁਓਜ਼ੀ, ਜੈਰੀ ਮੈੱਕਨੈਰਨੀ, ਜੁਡੀ ਚੂ ਤੇ ਸਾਬਕਾ ਕਾਂਗਰਸ ਮੈਂਬਰ ਜੌਇ ਕਰੌਅਲੀ ਵੀ ਹਾਜ਼ਰ ਸਨ।