ਦਿੱਲੀ: ਬਾਦਲਾਂ ਦੀ ਭਾਜਪਾ ਨੂੰ ਹਮਾਇਤ ਵਾਲੀ ਪਲਟੀ ‘ਤੇ ਉਠੇ ਸਵਾਲ

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਦਿੱਲੀ ਚੋਣਾਂ ਵਿਚ ਭਾਜਪਾ ਨੂੰ ਸਮਰਥਨ ਬਾਰੇ ਮਾਰੀ ਪਲਟੀ ਉਤੇ ਵੱਡੇ ਸਵਾਲ ਉਠ ਰਹੇ ਹਨ। ਅਕਾਲੀ ਦਲ ਨੇ ਦਾਅਵਾ ਕੀਤਾ ਸੀ ਕਿ ਭਾਜਪਾ ਉਨ੍ਹਾਂ ਨੂੰ ਨਾਗਰਿਕ ਸੋਧ ਬਿੱਲ ਦੀ ਹਮਾਇਤ ਲਈ ਮਜਬੂਰ ਕਰ ਰਹੀ ਸੀ ਜਿਸ ਕਾਰਨ ਦਿੱਲੀ ਵਿਚ ਉਸ ਨੂੰ (ਅਕਾਲ ਦਲ) ਆਪਣੇ ਭਾਈਵਾਲਾਂ ਤੋਂ ਵੱਖ ਹੋਣ ਦਾ ਐਲਾਨ ਕਰਨਾ ਪਿਆ ਪਰ ਹਫਤੇ ਬਾਅਦ ਹੀ ਭਾਜਪਾ ਦੀ ਬਿਨਾ ਸ਼ਰਤ ਹਮਾਇਤ ਕਰਨ ਦਾ ਐਲਾਨ ਇਹੀ ਇਸ਼ਾਰਾ ਕਰਦਾ ਹੈ ਕਿ ਭਾਈਵਾਲਾਂ ਦੇ ਦਾਬੇ ਅੱਗੇ ਝੁਕਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ।

ਅਕਾਲੀ ਦਲ ਦੀ ਇਸ ਪਲਟੀ ਨੂੰ ਆਪਣੀ ਇਕੋ ਇਕ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਨਾਲ ਵੀ ਜੋੜਿਆ ਜਾ ਰਿਹਾ ਹੈ। ਇਹ ਵੀ ਚਰਚਾ ਹੈ ਕਿ ਅਕਾਲੀਆਂ ਨੂੰ ਪੰਜਾਬ ਵਿਚ ਗੱਠਜੋੜ ਬਚਾਈ ਰੱਖਣ ਲਈ ਦਿੱਲੀ ਵਿਚ ਭਾਜਪਾ ਨੂੰ ਸਮਰਥਨ ਦੇਣ ਦਾ ਅੱਕ ਚੱਬਣਾ ਪਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸਰਕਾਰੀ ਕੋਠੀ ‘ਚ ਦਿੱਲੀ ਕਮੇਟੀ ਦੇ ਮੁੱਖ ਅਹੁਦੇਦਾਰਾਂ ਸਮੇਤ 30 ਦੇ ਕਰੀਬ ਮੈਂਬਰਾਂ ਦੀ ਹਾਜ਼ਰੀ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਨੇ ਇਹ ਆਖ ਕੇ ਗੱਲ ਨਿਬੇੜ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਮਜ਼ਬੂਤ ਤੇ ਪੁਰਾਣਾ ਗੱਠਜੋੜ ਹੈ ਤੇ ਅਕਾਲੀ ਹਮੇਸ਼ਾ ਵਡੇਰੇ ਹਿੱਤਾਂ ਲਈ ਅੱਗੇ ਆਏ ਹਨ ਜਿਸ ਕਰ ਕੇ ਇਹ ਗੱਠਜੋੜ ਕਾਇਮ ਰਹੇਗਾ।
ਦੱਸ ਦਈਏ ਕਿ ਪਿਛਲੀਆਂ ਚੋਣਾਂ ਵਿਚ ਵੀ ਅਕਾਲੀਆਂ ਨੇ ਕੁਝ ਸੀਟਾਂ ਹੀ ਭਾਜਪਾ ਦੀ ਮਦਦ ਨਾਲ ਲੜੀਆਂ ਸਨ ਪਰ ਉਨ੍ਹਾਂ ਵਿਚ ਵੀ ਨਤੀਜੇ ਬਹੁਤੇ ਚੰਗੇ ਨਹੀਂ ਸਨ ਰਹੇ, ਪਰ ਇਸ ਵਾਰ ਭਾਜਪਾ ਵਲੋਂ ਟਿਕਟਾਂ ਦੇਣ ਲੱਗਿਆਂ ਅਕਾਲੀ ਦਲ ਨੂੰ ਬਿਲਕੁਲ ਅਣਗੌਲਿਆ ਕਰ ਦੇਣ ਨਾਲ ਜਿਥੇ ਇਸ ਦੀ ਹਾਲਤ ਹੋਰ ਵੀ ਪਤਲੀ ਹੋਈ ਦਿਖਾਈ ਦਿੰਦੀ ਸੀ, ਉਥੇ ਪਹਿਲਾਂ ਹੀ ਦੋਵਾਂ ਪਾਰਟੀਆਂ ਦੇ ਸਬੰਧਾਂ ਵਿਚ ਪਈਆਂ ਤਰੇੜਾਂ ਵੀ ਦਰਾੜ ਦਾ ਰੂਪ ਧਾਰਨ ਕਰ ਗਈਆਂ ਸਨ। ਪਹਿਲਾਂ ਤਾਂ ਅਕਾਲੀ ਦਲ ਨੇ ਕੁਝ ਸੀਟਾਂ ਆਪਣੇ ਤੌਰ ਉਤੇ ਲੜਨ ਦਾ ਐਲਾਨ ਕੀਤਾ। ਫਿਰ ਹਕੀਕਤ ਨੂੰ ਭਾਂਪਦਿਆਂ ਉਸ ਨੇ ਆਪਣੀ ਇਹ ਗੱਲ ਵਾਪਸ ਲੈ ਲਈ। ਭਾਜਪਾ ਨੇ ਆਪਣੀਆਂ ਦੋ ਹੋਰ ਭਾਈਵਾਲ ਪਾਰਟੀਆਂ ਨੂੰ ਇਕ-ਇਕ, ਦੋ-ਦੋ ਸੀਟਾਂ ਦੇ ਕੇ ਨਿਵਾਜਿਆ ਹੈ। ਉਨ੍ਹਾਂ ਵਿਚ ਨਿਤੀਸ਼ ਦੀ ਅਗਵਾਈ ਵਾਲੀ ਜਨਤਾ ਦਲ (ਯੂ) ਅਤੇ ਰਾਮ ਵਿਲਾਸ ਪਾਸਵਾਨ ਦੀ ਅਗਵਾਈ ਵਾਲੀ ਲੋਕ ਜਨਸ਼ਕਤੀ ਆਦਿ ਪਾਰਟੀਆਂ ਸ਼ਾਮਲ ਹਨ। ਜਿਥੋਂ ਤੱਕ ਨਾਗਰਿਕਤਾ ਸੋਧ ਕਾਨੂੰਨ ਦਾ ਸਬੰਧ ਹੈ, ਚਾਹੇ ਅਕਾਲੀ ਲੀਡਰਸ਼ਿਪ ਨੇ ਉਸ ਸਮੇਂ ਮੁਸਲਮਾਨਾਂ ਨੂੰ ਵੀ ਸੂਚੀ ਵਿਚ ਸ਼ਾਮਲ ਕਰਨ ਦੀ ਗੱਲ ਕਹੀ ਸੀ ਪਰ ਦੋਵਾਂ ਹੀ ਸਦਨਾਂ ਵਿਚ ਉਸ ਨੇ ਬਿੱਲ ਦੇ ਹੱਕ ਵਿਚ ਹੀ ਵੋਟਾਂ ਪਾਈਆਂ ਸਨ। ਅਸਲ ਵਿਚ ਪਿਛਲੇ ਕਾਫੀ ਸਮੇਂ ਤੋਂ ਭਾਜਪਾ ਇਕ ਤੈਅਸ਼ੁਦਾ ਨੀਤੀ ਅਨੁਸਾਰ ਆਪਣੇ ਭਾਈਵਾਲ ਅਕਾਲੀ ਦਲ ਪ੍ਰਤੀ ਪੈਦਾ ਹੋਏ ਨਵੇਂ ਹਾਲਾਤ ਵਿਚ ਬੇਰੁਖੀ ਵਿਖਾਉਣ ਦੇ ਰੌਂਅ ਵਿਚ ਹੈ। ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਨਾ ਸਿਰਫ ਭਾਜਪਾ ਨੇ ਅਕਾਲੀ ਦਲ ਦੇ ਇਕਲੌਤੇ ਵਿਧਾਇਕ ਨੂੰ ਹੀ ਆਪਣੀ ਪਾਰਟੀ ਵਿਚ ਸ਼ਾਮਲ ਕਰਵਾ ਲਿਆ ਸੀ, ਸਗੋਂ ਅਕਾਲੀਆਂ ਲਈ ਕੋਈ ਸੀਟ ਵੀ ਨਹੀਂ ਸੀ ਛੱਡੀ। ਪੰਜਾਬ ਵਿਚ ਨਵੇਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਜਲੰਧਰ ਵਿਚ ਅਹੁਦਾ ਸੰਭਾਲਣ ਸਮੇਂ ਹੋਏ ਸਮਾਰੋਹ ਵਿਚ ਬਹੁਤ ਸਾਰੇ ਆਗੂਆਂ ਨੇ ਸਪੱਸ਼ਟ ਰੂਪ ਵਿਚ ਅਕਾਲੀਆਂ ਤੋਂ ਤੋੜ-ਵਿਛੋੜਾ ਕਰਨ ਦਾ ਐਲਾਨ ਕੀਤਾ ਸੀ ਅਤੇ ਖੁੱਲ੍ਹੇ ਰੂਪ ਵਿਚ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ।
ਦਿੱਲੀ ਚੋਣਾਂ ਵਿਚ ਵੀ ਭਾਜਪਾ ਨੇ ਇਹੀ ਅਣਗੌਲਿਆ ਕਰਨ ਵਾਲਾ ਰਵੱਈਆ ਧਾਰਨ ਕੀਤਾ ਸੀ ਕਿਉਂਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਇਸ ਸਮੇਂ ਅਕਾਲੀਆਂ ਕੋਲ ਕੋਈ ਹੋਰ ਬਦਲ ਨਹੀਂ ਹੈ। ਇਸ ਲਈ ਦਿੱਲੀ ਵਿਚ ਜੇ.ਪੀ. ਨੱਢਾ ਦੀ ਹਾਜ਼ਰੀ ਵਿਚ ਸੁਖਬੀਰ ਸਿੰਘ ਵਲੋਂ ਭਾਜਪਾ ਲਈ ਪ੍ਰਚਾਰ ਕਰਨ ਦਾ ਐਲਾਨ, ਨਾਗਰਿਕਤਾ ਸੋਧ ਕਾਨੂੰਨ ਦੀ ਹਮਾਇਤ ਅਤੇ ਦੋਵਾਂ ਦੀ ਪੱਕੀ ਭਾਈਵਾਲੀ ਉਤੇ ਮੋਹਰ ਲਾਉਣ ਦੀ ਕਵਾਇਦ ਸਿਆਸੀ ਲਿੱਪਾ-ਪੋਚੀ ਹੀ ਕਹੀ ਜਾ ਸਕਦੀ ਹੈ।
________________________________________
ਹਿੱਤਾਂ ਲਈ ਅਕਾਲੀਆਂ ਨੇ ਨੈਤਿਕਤਾ ਛਿੱਕੇ ਟੰਗੀ: ਕੈਪਟਨ
ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਸਮਰਥਨ ਦੇਣ ਦੇ ਮੁੱਦੇ ਉਤੇ ਯੂ-ਟਰਨ ਲੈਣ ਲਈ ਅਕਾਲੀਆਂ ਉਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਆਪਣੇ ਸਿਆਸੀ ਮੁਫਾਦਾਂ ਖਾਤਰ ਅਕਾਲੀ ਦਲ ਨੇ ਸੰਵਿਧਾਨਕ ਨੈਤਿਕਤਾ ਛਿੱਕੇ ਟੰਗ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਾਲ ਹੀ ਵਿਚ ਦਿੱਤੇ ਬਿਆਨ ਕਿ ਦਿੱਲੀ ਚੋਣਾਂ ਵਿਚ ਪਾਰਟੀ ਭਾਜਪਾ ਦੇ ਹੱਕ ਵਿਚ ਜ਼ੋਰ ਲਾਏਗੀ, ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੇ ਵਾਰ-ਵਾਰ ਸਟੈਂਡ ਬਦਲਣ ਨਾਲ ਗੈਰ ਸੰਵਿਧਾਨਕ ਤੇ ਫੁੱਟਪਾਊ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ‘ਤੇ ਇਨ੍ਹਾਂ ਦੇ ਝੂਠਾਂ ਦਾ ਪਰਦਾਫਾਸ਼ ਹੋਇਆ ਹੈ।
ਭਾਜਪਾ ਨੇ ਸੀ.ਏ.ਏ. ਸਟੈਂਡ ਬਾਰੇ ਢੀਂਡਸਾ ਦਾ ਸਵਾਲ
ਚੰਡੀਗੜ੍ਹ: ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਉਤੇ ਲਿਆ। ਭਾਜਪਾ ਨੂੰ ਦਿੱਤੀ ਹਮਾਇਤ ਬਾਰੇ ਸ੍ਰੀ ਢੀਂਡਸਾ ਨੇ ਕਿਹਾ, ‘ਜਿਹੜੇ ਕੱਲ੍ਹ ਤੱਕ ਕਹਿੰਦੇ ਸਨ ਕਿ ਸਾਡੇ ਤੋਂ ਭਾਜਪਾ ਸੀ.ਏ.ਏ. ਉਤੇ ਵੱਖਰਾ ਸਟੈਂਡ ਰੱਖਦੀ ਹੈ ਤਾਂ ਹੁਣ ਸਵਾਲ ਉੱਠਦਾ ਹੈ ਕਿ ਕੀ ਭਾਜਪਾ ਨੇ ਸੀ.ਏ.ਏ. ਉਤੇ ਆਪਣਾ ਸਟੈਂਡ ਬਦਲ ਲਿਆ ਹੈ।’ ਉਨ੍ਹਾਂ ਕਿਹਾ ਕਿ ਇਕ ਝੂਠ ਲਈ ਕਈ ਝੂਠ ਬੋਲਣੇ ਪੈਂਦੇ ਹਨ ਅਤੇ ਇਹ ਹਮਾਇਤ ਸਿਰਫ ਕੇਂਦਰ ਵਿਚ ਮੰਤਰੀ ਦਾ ਅਹੁਦਾ ਬਚਾਉਣ ਲਈ ਹੈ।