ਕਾਂਗਰਸੀ ਆਗੂ ਕੈਪਟਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੋਂ ਫਿਕਰਮੰਦ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਜ਼ਿਆਦਾਤਰ ਸੀਨੀਅਰ ਆਗੂ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਸੂਬਾ ਪ੍ਰਧਾਨ ਸਮੇਤ ਦੋ ਸਾਬਕਾ ਪ੍ਰਧਾਨਾਂ ਅਤੇ ਰਾਜ ਸਭਾ ਮੈਂਬਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੇ ਸਵਾਲ ਕੀਤੇ ਹਨ। ਇਨ੍ਹਾਂ ਆਗੂਆਂ ਨੇ ਸਰਕਾਰ ਦੀ ਢਿੱਲ ਉਤੇ ਸਵਾਲ ਚੁੱਕਦੇ ਹੋਏ ਜ਼ੋਰ ਦੇ ਕੇ ਕਿਹਾ ਹੈ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਨਿੱਜੀ ਤਾਪ ਬਿਜਲੀ ਕੰਪਨੀਆਂ ਨਾਲ ਕੀਤੇ ਗਲਤ ਸਮਝੌਤਿਆਂ ਦੀ ਨਜ਼ਰਸਾਨੀ ਕਰਕੇ ਰੱਦ ਕੀਤਾ ਜਾਵੇ। ਸੂਬੇ ਵਿਚ ਸਰਕਾਰ ਬਦਲਣ ਤੋਂ ਬਾਅਦ ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਸਮੇਤ ਹੋਰ ਸਰਗਰਮ ਮਾਫੀਆ ਨੂੰ ਨੱਥ ਪਾਈ ਜਾਵੇ।

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਤਿੰਨ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਸੂਬੇ ਵਿਚ ਕੁਝ ਨਹੀਂ ਬਦਲਿਆ। ਪਿਛਲੀ ਸਰਕਾਰ ਵਾਂਗ ਹੀ ਰੇਤ, ਟਰਾਂਸਪੋਰਟ ਤੇ ਹੋਰ ਮਾਫੀਆ ਸਰਗਰਮ ਹੈ। ਸਰਕਾਰ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਨਹੀਂ ਕਰ ਸਕੀ। ਇਸ ਲਈ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਫੌਰੀ ਕਦਮ ਚੁੱਕਣ। ਪਿਛਲੀ ਸਰਕਾਰ ਨੇ ਬਿਜਲੀ ਕੰਪਨੀਆਂ ਨਾਲ ਗਲਤ ਸਮਝੌਤੇ ਕਰਕੇ ਸੂਬੇ ਦੇ ਖਪਤਕਾਰਾਂ ਉਤੇ ਬਹੁਤ ਜ਼ਿਆਦਾ ਵਿੱਤੀ ਬੋਝ ਪਾ ਦਿੱਤਾ ਹੈ। ਸੂਬੇ ਵਿਚ ਬਿਜਲੀ ਬਹੁਤ ਮਹਿੰਗੀ ਹੋ ਗਈ ਹੈ ਤੇ ਇਸ ਲਈ ਸਮਝੌਤੇ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਨ੍ਹਾਂ ਮਾਮਲਿਆਂ ਪ੍ਰਤੀ ਹੁੰਗਾਰਾ ਭਰਿਆ ਹੈ ਤੇ ਜੇ ਫਿਰ ਗੱਲ ਨਾ ਬਣੀ ਤਾਂ ਮੀਡੀਆ ਕੋਲ ਹਾਜ਼ਰ ਹੋ ਜਾਵਾਂਗਾ। ਰਾਜ ਸਭਾ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਮਹਿੰਗੀ ਬਿਜਲੀ ਦਾ ਮਾਮਲਾ ਉਠਾਉਂਦਿਆਂ ਸਮਝੌਤੇ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵੱਖ ਵੱਖ ਮਾਫੀਏ ਸੂਬੇ ਵਿਚ ਸਰਗਰਮ ਹਨ ਤੇ ਗੁੰਡਾ ਟੈਕਸ ਵੀ ਵਸੂਲਿਆ ਜਾ ਰਿਹਾ ਹੈ। ਇਸ ਨਾਲ ਸਰਕਾਰ ਅਤੇ ਪਾਰਟੀ ਦੋਵਾਂ ਦੀ ਬਦਨਾਮੀ ਹੋ ਰਹੀ ਹੈ ਤੇ ਮੁੱਖ ਮੰਤਰੀ ਨੂੰ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਲਈ ਜਲਦੀ ਕਦਮ ਚੁੱਕਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਐਸ਼ਸੀ.ਐਸ਼ਟੀ. ਪ੍ਰੀ ਅਤੇ ਪੋਸਟ ਮੈਟ੍ਰਿਕ ਵਜੀਫੇ ਨਾ ਮਿਲਣ ਕਰਕੇ ਸੂਬੇ ਦੇ ਪ੍ਰਾਈਵੇਟ ਕਾਲਜਾਂ ਨੇ ਸੱਤ ਤੋਂ ਅੱਠ ਲੱਖ ਵਿਦਿਆਰਥੀਆਂ ਨੂੰ ਦਾਖਲੇ ਨਹੀਂ ਦਿੱਤੇ ਜਿਸ ਕਰਕੇ ਉਹ ਪੜ੍ਹਾਈ ਕਰਨ ਤੋਂ ਵਾਂਝੇ ਰਹਿ ਗਏ। ਇਸ ਮਾਮਲੇ ਵਿਚ ਪੰਜ ਸੌ ਕਰੋੜ ਰੁਪਏ ਦਾ ਸਕੈਂਡਲ ਹੋਇਆ ਹੈ ਤੇ ਇਸ ਦੀ ਸੀ.ਬੀ.ਆਈ.ਕੋਲੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਨੇ ਰਾਜ ਸਭਾ ਵਿਚ ਇਸ ਸਕੈਂਡਲ ਦਾ ਮਾਮਲਾ ਉਠਾਇਆ ਸੀ ਤੇ ਸਬੰਧਤ ਦਸਤਾਵੇਜ਼ ਮੁੱਖ ਮੰਤਰੀ ਨੂੰ ਸੌਂਪ ਦਿੱਤੇ ਹਨ ਤੇ ਜਾਂਚ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸੰਕਟ ਹੱਲ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਇਸ ਲਈ ਖਰਚੇ ਘਟਾਉਣ, ਦੂਜੇ ਸੂਬਿਆਂ ਤੋਂ ਪੰਜਾਬ ਵਿਚ ਸ਼ਰਾਬ ਦੀ ਸਮਗਲਿੰਗ ਰੋਕਣ ਸਮੇਤ ਹੋਰ ਕਦਮ ਸੂਬਾ ਸਰਕਾਰ ਨੂੰ ਚੁੱਕਣੇ ਚਾਹੀਦੇ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵਿਧਾਨ ਸਭਾ ਚੋਣਾਂ ਵਿਚ ਕੀਤੇ ਵਾਅਦਿਆਂ ਨੂੰ ਪੂਰੇ ਕਰਨ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਨਿੱਜੀ ਤਾਪ ਬਿਜਲੀ ਕੰਪਨੀਆਂ ਨਾਲ ਗਲਤ ਸਮਝੌਤੇ ਰੱਦੇ ਕਰਨੇ ਚਾਹੀਦੇ ਹਨ। ਇਸ ਬਾਰੇ ਲੋਕ ਵੀ ਆਵਾਜ਼ ਉਠਾ ਰਹੇ ਹਨ। ਸੂਬੇ ਵਿਚ ਪਿਛਲੀ ਅਕਾਲੀ ਸਰਕਾਰ ਦੇ ਕਾਰਜਕਾਲ ਵਿਚ ਪਣਪੇ ਵੱਖ-ਵੱਖ ਮਾਫੀਆ ਨੂੰ ਕਾਬੂ ਕਰਨਾ ਚਾਹੀਦਾ ਹੈ ਤੇ ਲੋਕਾਂ ਨੂੰ ਇਨਸਾਫ ਦੇਣਾ ਚਾਹੀਦਾ ਹੈ। ਹਰਿਆਣਾ, ਦਿੱਲੀ ਤੇ ਰਾਜਸਥਾਨ ਤੋਂ ਸ਼ਰਾਬ ਦੀ ਤਸਕਰੀ ਕਾਰਨ ਸੂਬੇ ਨੂੰ ਹੋਏ ਵਿੱਤੀ ਨੁਕਸਾਨ ਦਾ ਮੁੱਦਾ ਵੀ ਮੀਟਿੰਗ ਵਿਚ ਗੂੰਜਿਆ। ਉਨ੍ਹਾਂ ਮੰਗ ਕੀਤੀ ਕਿ ਸ਼ਰਾਬ ਦੀ ਤਸਕਰੀ ਤੁਰਤ ਰੋਕੀ ਜਾਵੇ।