ਸਿਆਸਤਦਾਨਾਂ ਤੇ ਨਸ਼ਾ ਤਸਕਰਾਂ ਦੇ ਗੱਠਜੋੜ ਦੀਆਂ ਪਰਤਾਂ ਖੁੱਲ੍ਹੀਆਂ

ਚੰਡੀਗੜ੍ਹ: ਅੰਮ੍ਰਿਤਸਰ ਵਿਚ ਅਰਬਾਂ ਰੁਪਏ ਦੀ ਹੈਰੋਇਨ ਦੀ ਬਰਾਮਦਗੀ ਨੇ ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦਹਿਸ਼ਤੀ ਚਿਹਰੇ ਨੂੰ ਇਕ ਵਾਰ ਫਿਰ ਨੰਗਾ ਕਰ ਦਿੱਤਾ ਹੈ। ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵੱਡੇ ਪੱਧਰ ਉਤੇ ਹੋਣ ਵਾਲੇ ਨਸ਼ੇ ਦੇ ਕਾਰੋਬਾਰ ਦੌਰਾਨ ਇੰਨੀ ਵੱਡੀ ਮਾਤਰਾ ਵਿਚ ਹੈਰੋਇਨ ਪਹਿਲੀ ਵਾਰ ਬਰਾਮਦ ਹੋਈ ਹੈ। ਜਿਸ ਥਾਂ ਤੋਂ ਇੰਨੀ ਵੱਡੀ ਖੇਪ ਬਰਾਮਦ ਹੋਈ ਹੈ, ਉਥੇ ਬਕਾਇਦਾ ਨਸ਼ੇ ਦੀ ਇਕ ਲਘੂ ਫੈਕਟਰੀ ਚੱਲ ਰਹੀ ਸੀ, ਜਿਥੇ ਹੈਰੋਇਨ ਵਿਚ ਹੋਰ ਨਸ਼ੀਲੇ ਪਾਊਡਰ ਘੋਲ ਕੇ ਉਸ ਦੀ ਮਾਤਰਾ ਵਧਾਈ ਜਾਂਦੀ ਸੀ।

ਅੰਮ੍ਰਿਤਸਰ ਵਿਚੋਂ ਫੜੀ ਗਈ 1000 ਕਰੋੜ ਰੁਪਏ ਦੀ ਹੈਰੋਇਨ ਦੇ ਮਾਮਲੇ ਵਿਚ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਕਈ ਸਿਆਸੀ ਲੀਡਰਾਂ ਦਾ ਵੀ ਨਾਂ ਮਾਮਲੇ ਵਿਚ ਬੋਲਣ ਲੱਗਾ ਹੈ। ਹੈਰੋਇਨ ਦੀ ਖੇਪ ਤਕਰੀਬਨ ਡੇਢ ਮਹੀਨਾ ਪਹਿਲਾਂ ਕੋਟਕਪੂਰਾ ਰਸਤੇ ਅੰਮ੍ਰਿਤਸਰ ਪੁੱਜੀ ਸੀ। ਜਿਸ ਨੂੰ ਇਥੇ ਮਜੀਠਾ ਰੋਡ ਉਤੇ ਇਕ ਘਰ ਵਿਚ ਰੱਖਿਆ ਗਿਆ ਅਤੇ ਮਗਰੋਂ ਅਕਾਲੀ ਆਗੂ ਦੀ ਕੋਠੀ ਵਿਚ ਲਿਆਂਦਾ ਗਿਆ ਸੀ। ਇਹ ਹੈਰੋਇਨ ਦੀ ਖੇਪ ਕੋਟਕਪੂਰਾ ਤੋਂ ਲੱਕੜ ਨਾਲ ਲੱਦੇ ਇਕ ਟਰੱਕ ਵਿਚ ਲੁਕਾ ਕੇ ਲਿਆਂਦੀ ਗਈ ਸੀ। ਜਿਸ ਘਰ ਵਿਚ ਇਸ ਨੂੰ ਲੁਕਾਇਆ ਗਿਆ ਸੀ, ਉਹ ਘਰ ਕਾਂਗਰਸੀ ਕੌਂਸਲਰ ਪ੍ਰਦੀਪ ਸ਼ਰਮਾ ਨਾਲ ਸਬੰਧਤ ਹੈ।
ਕਾਂਗਰਸੀ ਕੌਂਸਲਰ ਦੇ ਬੇਟੇ ਸਾਹਿਲ ਸ਼ਰਮਾ ਨੂੰ ਇਸ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ 1000 ਕਰੋੜ ਡਰੱਗ ਕੇਸ ਦੇ ਤਾਰ ਵਿਦੇਸ਼ਾਂ ਨਾਲ ਵੀ ਜੁੜਦੇ ਜਾ ਰਹੇ ਹਨ। ਬੇਸ਼ੱਕ ਜਾਂਚ ਅਜੇ ਜਾਰੀ ਹੈ ਤੇ ਕਈ ਖੁਲਾਸੇ ਹੋਣੇ ਬਾਕੀ ਹਨ ਪਰ ਸਿਆਸੀ ਪਾਰਟੀਆਂ ਇਕ-ਦੂਜੇ ਦੇ ਪੋਤੜੇ ਫੋਲਣ ਲੱਗੀਆਂ ਹਨ। ਲੋਕ ਇਨਸਾਫ ਪਾਰਟੀ ਨੇ ਵੱਡੇ ਸਵਾਲ ਉਠਾਏ ਹਨ। ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਐਸ਼ਟੀ.ਐਫ਼ ਵੱਲੋਂ ਅੰਮ੍ਰਿਤਸਰ ਵਿਚ 1000 ਕਰੋੜ ਰੁਪਏ ਦੀ ਜ਼ਬਤ ਕੀਤੀ ਹੈਰੋਇਨ ਦੇ ਮਾਮਲੇ ਵਿਚ ਕੋਠੀ ਦੇ ਮਾਲਕ ਦੀ ਸ਼ਮੂਲੀਅਤ ਸੀ। ਬੈਂਸ ਨੇ ਨਾਲ ਹੀ ਇਸ ਮਾਮਲੇ ਦੇ ਤਾਰ ਅਕਾਲੀ ਲੀਡਰ ਬਿਕਰਮ ਮਜੀਠੀਆ ਨਾਲ ਜੋੜ ਦਿੱਤੇ ਹਨ।
ਉਨ੍ਹਾਂ ਨੇ ਜਿਸ ਕੋਠੀ ਵਿਚ ਨਸ਼ਾ ਫੈਕਟਰੀ ਚਲਦੀ ਸੀ, ਉਸ ਦੇ ਮਾਲਕ ਅਨਵਰ ਮਸੀਹ ਦੀਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਤਸਵੀਰਾਂ ਨੂੰ ਜਨਤਕ ਕੀਤਾ ਹੈ। ਬੈਂਸ ਨੇ ਦੋਸ਼ ਲਾਏ ਹਨ ਕਿ ਇਸ ਮਾਮਲੇ ਵਿਚ ਸਿੱਧੇ ਤੌਰ ਉਤੇ ਕੋਠੀ ਮਾਲਕ ਨਸ਼ਾ ਮਾਫੀਆ ਦਾ ਸਰਗਨਾ ਹੈ। ਇਸ ਮਾਮਲੇ ਦੀ ਤੁਰਤ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਏ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਸੱਜੀ ਬਾਂਹ ਮੰਨੇ ਜਾਣ ਵਾਲੇ ਅਨਵਰ ਮਸੀਹ ਦੀ ਕੋਠੀ ਵਿਚੋਂ ਸ਼ਰੇਆਮ ਨਸ਼ਾ ਤੇ ਨਸ਼ਾ ਮਾਫੀਆ ਦੇ ਕਰਿੰਦੇ ਫੜੇ ਗਏ ਹਨ ਪਰ ਕੈਪਟਨ ਸਰਕਾਰ ਨੇ ਕੋਠੀ ਦੇ ਮਾਲਕ ਤੋਂ ਪੁੱਛਗਿੱਛ ਤੱਕ ਨਹੀਂ ਕੀਤੀ। ਦੱਸ ਦਈਏ ਕਿ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਵੱਲੋਂ ਪਿੰਡ ਸੁਲਤਾਨਵਿੰਡ ਦੀ ਕਲੋਨੀ ਸਥਿਤ ਘਰ ਵਿਚੋਂ 450 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ ਜਿਸ ਵਿਚ 188 ਕਿਲੋ ਹੈਰੋਇਨ ਸ਼ਾਮਲ ਸੀ। ਇਸ ਮਾਮਲੇ ਵਿਚ ਅਫਗਾਨ ਨਾਗਰਿਕ ਅਰਮਾਨ ਬਸ਼ਰਮੱਲ, ਜਿਮ ਕੋਚ ਸੁਖਵਿੰਦਰ ਸਿੰਘ, ਮੇਜਰ ਸਿੰਘ ਤੇ ਔਰਤ ਤਮੰਨਾ ਸ਼ਾਮਲ ਸਨ।
ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਫਗਾਨ ਵਾਸੀ ਅਰਮਾਨ ਬਸ਼ਰਮੱਲ ਨੂੰ ਇਥੇ 188 ਕਿਲੋ ਹੈਰੋਇਨ ਨੂੰ ਹੋਰ ਨਸ਼ੀਲੇ ਪਦਾਰਥ ਮਿਲਾ ਕੇ 500 ਕਿਲੋ ਹੈਰੋਇਨ ਬਣਾਉਣ ਲਈ ਸੱਦਿਆ ਗਿਆ ਸੀ। ਇਹ 500 ਕਿਲੋ ਹੈਰੋਇਨ ਤਿਆਰ ਹੋਣ ਮਗਰੋਂ ਇਸ ਨੂੰ ਛੋਟੀਆਂ ਖੇਪਾਂ ਵਿਚ ਪੰਜਾਬ ਸਮੇਤ ਹੋਰ ਸੂਬਿਆਂ ਤੇ ਵਿਦੇਸ਼ ਵਿਚ ਵੇਚੇ ਜਾਣ ਦੀ ਯੋਜਨਾ ਸੀ। ਇਸ ਕੰਮ ਨੂੰ ਮੁਕੰਮਲ ਕਰਨ ਲਈ ਅਰਮਾਨ ਨੂੰ 3 ਕਰੋੜ ਰੁਪਏ ਦਿੱਤੇ ਜਾਣੇ ਸਨ।
_____________________________________
ਨਸ਼ਿਆਂ ਨਾਲ ਜੁੜੇ ਕਿਸੇ ਆਗੂ ਨੂੰ ਨਹੀਂ ਬਖਸ਼ਾਂਗੇ: ਕੈਪਟਨ
ਚੰਡੀਗੜ੍ਹ: ਅੰਮ੍ਰਿਤਸਰ ਦੇ ਸੁਲਤਾਨਵਿੰਡ ਪਿੰਡ ‘ਚੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਪਾਰਟੀ ਦੇ ਆਗੂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦਾ ਇਸ਼ਾਰਾ ਨਸ਼ੀਲੇ ਪਦਾਰਥਾਂ ਨਾਲ ਜੁੜੇ ਐਸ਼ਐਸ਼ਬੋਰਡ ਦੇ ਸਾਬਕਾ ਮੈਂਬਰ ਅਨਵਰ ਮਸੀਹ ਵਲ ਸੀ, ਜਿਸ ਨੂੰ ਪਿਛਲੀ ਅਕਾਲੀ ਸਰਕਾਰ ਸਮੇਂ ਮੈਂਬਰ ਬਣਾਇਆ ਗਿਆ ਸੀ। ਮੁੱਖ ਮੰਤਰੀ ਨੇ ਪੁਲਿਸ ਤੇ ਐਸ਼ਟੀ.ਐਫ਼ ਦੀ ਪਿੱਠ ਥਾਪੜਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਟਾਸਕ ਫੋਰਸ ਦੀ ਇਸ ਪ੍ਰਾਪਤੀ ਨਾਲ ਨਸ਼ੀਲੇ ਪਦਾਰਥਾਂ ਦਾ ਕੌਮਾਂਤਰੀ ਨੈੱਟਵਰਕ ਬੇਨਕਾਬ ਹੋਇਆ ਹੈ।