ਭਾਰਤ ਵਿਚ ਵੀ ਘਾਤਕ ਕੋਰੋਨਾ ਵਾਇਰਸ ਦੀ ਦਸਤਕ

ਨਵੀਂ ਦਿੱਲੀ: ਭਾਰਤ ਵਿਚ ਵੀ ਖਤਰਨਾਕ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਹੁਣ ਤੱਕ ਦੇਸ਼ ਵਿਚ 3 ਮਾਮਲੇ ਸਾਹਮਣੇ ਆਏ ਹਨ। ਕੇਰਲ ਵਿਚ ਜਾਂਚ ਦੌਰਾਨ 3 ਮਰੀਜ਼ਾਂ ਨੂੰ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪਾਇਆ ਗਿਆ ਹੈ ਜੋ ਹਾਲ ‘ਚ ਚੀਨ ਤੋਂ ਭਾਰਤ ਪਰਤੇ ਸਨ। ਇਸ ਤੋਂ ਇਲਾਵਾ 1999 ਲੋਕਾਂ ਨੂੰ ਜਿਨ੍ਹਾਂ ਨੇ ਚੀਨ ਦਾ ਦੌਰਾ ਕੀਤਾ ਸੀ, ਨੂੰ ਮੈਡੀਕਲ ਨਿਗਰਾਨੀ ਵਿਚ ਰੱਖਿਆ ਗਿਆ ਹ। ਜੈਪੁਰ ਵਿਚ ਤਿੰਨ ਸ਼ੱਕੀ ਮਰੀਜ਼ ਹਸਪਤਾਲ ਦਾਖ਼ਲ ਹੋਏ ਹਨ

ਹਾਲਾਂਕਿ ਇਨ੍ਹਾਂ ਦੇ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ। ਉਧਰ ਚੀਨ ਵਿਚ ਕੋਰੋਨਾ ਵਾਇਰਸ ਲਗਾਤਾਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਚੀਨ ਦੇ ਹੁਬੇਈ ਪ੍ਰਾਂਤ ‘ਚ ਕੋਰੋਨਾ ਵਾਇਰਸ ਨਾਲ 45 ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 375 ਹੋ ਗਈ ਹੈ ਜਦੋਂ ਕਿ 14562 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹਨ। ਚੀਨ ਤੋਂ ਬਾਅਦ ਫਿਲਪਾਇਨਜ਼ ਵਿਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਹੋਈ ਹੈ ਜਦੋਂ ਕਿ ਇਹ ਵਾਇਰਸ ਭਾਰਤ, ਅਮਰੀਕਾ, ਬਰਤਾਨੀਆ ਅਤੇ ਰੂਸ ਸਮੇਤ 25 ਦੇਸ਼ਾਂ ਵਿਚ ਫੈਲ ਚੁੱਕਿਆ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਭਾਰਤ, ਅਮਰੀਕਾ, ਸ੍ਰੀਲੰਕਾ, ਬੰਗਲਾਦੇਸ਼ ਅਤੇ ਹੋਰ ਦੇਸ਼ਾਂ ਵਲੋਂ ਚੀਨ ਵਿਚੋਂ ਆਪਣੇ ਨਾਗਰਿਕ ਕੱਢੇ ਜਾ ਰਹੇ ਹਨ ਜਦੋਂ ਕਿ ਪਾਕਿਸਤਾਨ ਵਲੋਂ ਆਪਣੇ ਸੈਂਕੜੇ ਵਿਦਿਆਰਥੀਆਂ ਨੂੰ ਚੀਨ ‘ਚੋਂ ਕੱਢਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਏਅਰ ਇੰਡੀਆ ਦੀ ਦੂਜੀ ਫਲਾਈਟ ਚੀਨ ਦੇ ਵੂਹਾਨ ਸ਼ਹਿਰ ‘ਚੋਂ 323 ਭਾਰਤੀਆਂ ਤੇ ਮਾਲਦੀਵਜ਼ ਦੇ ਸੱਤ ਨਾਗਰਿਕਾਂ ਨੂੰ ਕੱਢਿਆ ਗਿਆ ਹੈ। ਇਸ ਤੋਂ ਪਹਿਲਾਂ 324 ਭਾਰਤੀਆਂ ਨੂੰ ਚੀਨ ਵਿਚੋਂ ਕੱਢਿਆ ਗਿਆ ਸੀ। ਇਨ੍ਹਾਂ ਸਾਰਿਆਂ ਨੂੰ ਫੌਜ ਤੇ ਆਈ.ਟੀ.ਬੀ.ਪੀ. ਵੱਲੋਂ ਮਾਨੇਸਰ ਤੇ ਦੱਖਣ-ਪੱਛਮੀ ਦਿੱਲੀ ਦੇ ਛਾਵਲਾ ਖੇਤਰਾਂ ਵਿਚ ਤਿਆਰ ਦੋ ਆਰਜ਼ੀ ਟਿਕਾਣਿਆਂ ਉਤੇ ਰੱਖਿਆ ਗਿਆ ਹੈ।
___________________________________
ਚੀਨੀ ਯਾਤਰੂਆਂ ਲਈ ਈ-ਵੀਜ਼ਾ ਸਹੂਲਤ ਮੁਅੱਤਲ
ਪੇਈਚਿੰਗ/ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦਾ ਘੇਰਾ ਵਧਣ ਮਗਰੋਂ ਭਾਰਤ ਨੇ ਇਹਤਿਆਤੀ ਕਦਮ ਵਜੋਂ ਚੀਨੀ ਯਾਤਰੂਆਂ ਤੇ ਚੀਨ ਵਿਚ ਰਹਿੰਦੇ ਹੋਰਨਾਂ ਵਿਦੇਸ਼ੀਆਂ ਲਈ ਈ-ਵੀਜ਼ਾ ਸਹੂਲਤ ਆਰਜ਼ੀ ਤੌਰ ਉਤੇ ਮੁਅੱਤਲ ਕਰ ਦਿੱਤੀ ਹੈ। ਕੋਰੋਨਾ ਵਾਇਰਸ ਕਰਕੇ ਹੁਣ ਤੱਕ ਇਕੱਲੇ ਚੀਨ ਵਿਚ 375 ਲੋਕਾਂ ਦੀ ਜਾਨ ਜਾਂਦੀ ਰਹੀ ਹੈ। 14 ਹਜ਼ਾਰ ਤੋਂ ਵੱਧ ਲੋਕ ਇਸ ਮਹਾਮਾਰੀ ਦੀ ਲਾਗ ਨਾਲ ਪ੍ਰਭਾਵਿਤ ਹਨ ਤੇ ਵਾਇਰਸ ਹੁਣ ਤੱਕ 25 ਮੁਲਕਾਂ ਨੂੰ ਆਪਣੀ ਜ਼ੱਦ ਵਿਚ ਲੈ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2015 ਦੀ ਚੀਨ ਫੇਰੀ ਮੌਕੇ ਦੋਵਾਂ ਮੁਲਕਾਂ ਦਰਮਿਆਨ ਭਰੋਸਾ ਬਹਾਲੀ ਦੇ ਉਪਰਾਲੇ ਵਜੋਂ ਚੀਨੀ ਨਾਗਰਿਕਾਂ ਲਈ ਈ-ਵੀਜ਼ਾ ਸਹੂਲਤ ਦਾ ਐਲਾਨ ਕੀਤਾ ਸੀ।
__________________________________
ਵਾਇਰਸ ਦੀ ਨਿਸ਼ਾਨਦੇਹੀ ਲਈ ਇਕ ਲਾਰ ਦਾ ਨਮੂਨਾ ਕਾਫੀ
ਮੁੰਬਈ: ਵਿਸ਼ਵ ਸਿਹਤ ਸੰਗਠਨ ਨੇ ਸੱਜਰੇ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੀ ਟੈਸਟਿੰਗ ਲਈ ਦੋ ਦੀ ਥਾਂ ਮੂੰਹ ਦੀ ਲਾਰ ਦਾ ਇਕ ਨਮੂਨਾ ਹੀ ਕਾਫੀ ਹੈ। ਮਹਾਰਾਸ਼ਟਰ ਦੇ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੀਆਂ ਇਨ੍ਹਾਂ ਨਵੀਆਂ ਹਦਾਇਤਾਂ ਨਾਲ ਨਮੂਨਿਆਂ ਦੀ ਤੇਜ਼ੀ ਨਾਲ ਜਾਂਚ ਯਕੀਨੀ ਬਣੇਗੀ।