ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਮੁੜ ਸਵਾਲਾਂ ਦੇ ਘੇਰੇ ਵਿਚ ਆਈ

ਅੰਮ੍ਰਿਤਸਰ: ਪੰਜਾਬ ਦੀਆਂ ਜੇਲ੍ਹਾਂ ਮੁੜ ਸਵਾਲਾਂ ਦੇ ਘੇਰੇ ਵਿਚ ਹਨ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚੋਂ ਕੰਧ ਭੰਨ ਕੇ ਤਿੰਨ ਹਵਾਲਾਤੀਆਂ ਦੇ ਭੱਜਣ ਨਾਲ ਇਸ ਦੀ ਸੁਰੱਖਿਆ ਅਤੇ ਕਾਰਗੁਜ਼ਾਰੀ ਉਤੇ ਮੁੜ ਪ੍ਰਸ਼ਨ ਚਿੰਨ੍ਹ ਲੱਗਾ ਹੈ। ਪੰਜਾਬ ਵਿਚ ਕੁਝ ਜੇਲ੍ਹਾਂ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸੁਰੱਖਿਆ ਪ੍ਰਬੰਧ ਸੀ.ਆਰ.ਪੀ.ਐਫ਼ ਨੂੰ ਸੌਂਪੇ ਗਏ ਹਨ। ਉਚ ਸੁਰੱਖਿਆ ਵਾਲੀ ਇਸ ਕੇਂਦਰੀ ਜੇਲ੍ਹ ਦੀ ਸੁਰੱਖਿਆ ਵੀ ਕੁਝ ਸਮਾਂ ਪਹਿਲਾਂ ਹੀ ਨੀਮ ਫੌਜੀ ਬਲ ਸੀ.ਆਰ.ਪੀ.ਐਫ਼ ਨੂੰ ਸੌਂਪੀ ਗਈ ਹੈ।

ਇਸ ਵੇਲੇ ਜੇਲ੍ਹ ਪ੍ਰਸ਼ਾਸਨ ਅਤੇ ਸੀ.ਆਰ.ਪੀ.ਐਫ਼ ਦੋਵਾਂ ਵੱਲੋਂ ਜੇਲ੍ਹ ਦੇ ਸੁਰੱਖਿਆ ਅਤੇ ਹੋਰ ਪ੍ਰਬੰਧ ਚਲਾਏ ਜਾ ਰਹੇ ਹਨ। ਜੇਲ੍ਹ ਦੀ ਬੈਰਕ ਨੰਬਰ ਸੱਤ ਦੇ ਅਹਾਤਾ ਨੰਬਰ ਦੋ ਵਿਚੋਂ ਤਿੰਨ ਕੈਦੀਆਂ ਵੱਲੋਂ ਕੰਧ ਭੰਨ ਕੇ ਬਾਹਰ ਆਉਣਾ ਅਤੇ ਮੁੜ 16 ਫੁੱਟ ਅਤੇ 21 ਫੁੱਟ ਉਚੀਆਂ ਦੋ ਕੰਧਾਂ ਟੱਪ ਕੇ ਫਰਾਰ ਹੋਣ ਦੇ ਮਾਮਲੇ ਨੇ ਜੇਲ੍ਹ ਅਮਲੇ ਦੀ ਮਿਲੀਭੁਗਤ ਵੱਲ ਵੀ ਇਸ਼ਾਰਾ ਕੀਤਾ ਹੈ।
ਜੇਲ੍ਹ ਤੋੜ ਕੇ ਭੱਜਣ ਵਾਲੇ ਹਵਾਲਾਤੀਆਂ ਦੀ ਸ਼ਨਾਖਤ ਵਿਸ਼ਾਲ (22) ਵਾਸੀ ਮਜੀਠਾ ਰੋਡ ਅੰਮ੍ਰਿਤਸਰ, ਗੁਰਪ੍ਰੀਤ (34) ਅਤੇ ਜਰਨੈਲ ਸਿੰਘ (35) ਵਜੋਂ ਹੋਈ ਹੈ। ਵਿਸ਼ਾਲ ਖਿਲਾਫ ਪੋਕਸੋ ਐਕਟ ਹੇਠ ਅਪਰੈਲ 2019 ‘ਚ ਛੇਹਰਟਾ ਥਾਣੇ ‘ਚ ਕੇਸ ਦਰਜ ਹੋਇਆ ਸੀ ਜਦਕਿ ਗੁਰਪ੍ਰੀਤ ਅਤੇ ਜਰਨੈਲ ਦੋਵੇਂ ਭਰਾ ਹਨ ਤੇ ਖਡੂਰ ਸਾਹਿਬ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਲੁੱਟ-ਖੋਹ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਨੇ ਲੋਹੇ ਦੀ ਰਾਡ ਨਾਲ ਆਪਣੀ ਬੈਰਕ ਦੀਆਂ ਇੱਟਾਂ ਤੋੜ ਕੇ ਬਾਹਰ ਲੰਘਣ ਦਾ ਰਸਤਾ ਬਣਾਇਆ। ਮਗਰੋਂ ਇਹ ਜੇਲ੍ਹ ਦੀ ਲਗਭਗ 16 ਫੁੱਟ ਉਚੀ ਕੰਧ ਟੱਪ ਕੇ ਬਾਹਰ ਆਏ ਅਤੇ ਜੇਲ੍ਹ ਦੀ ਬਾਹਰਲੀ 21 ਫੁੱਟ ਉੱਚੀ ਕੰਧ ਵੀ ਟੱਪ ਕੇ ਫਰਾਰ ਹੋ ਗਏ। ਇਹ ਉੱਚੀਆਂ ਕੰਧਾਂ ਟੱਪਣ ਲਈ ਉਨ੍ਹਾਂ ਕੰਬਲ ਅਤੇ ਹੋਰ ਅਜਿਹੇ ਕੱਪੜਿਆਂ ਦੀ ਵਰਤੋਂ ਰੱਸੀ ਵਜੋਂ ਤੇ ਲੋਹੇ ਦੀ ਇਕ ਰਾਡ ਦੀ ਹੁੱਕ ਵਜੋਂ ਵਰਤੋਂ ਕੀਤੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚੋਂ ਤਿੰਨ ਹਵਾਲਾਤੀਆਂ ਦੇ ਭੱਜਣ ਦੇ ਮਾਮਲੇ ਦੀ ਨਿਆਇਕ ਜਾਂਚ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਜੇਲ੍ਹ ਸੁਰੱਖਿਆ ਲਈ ਜ਼ਿੰਮੇਵਾਰ ਸਟਾਫ ਨੂੰ ਪੈਂਡਿੰਗ ਜਾਂਚ ਦੇ ਚਲਦਿਆਂ ਤੁਰਤ ਮੁਅੱਤਲ ਦੇ ਹੁਕਮ ਦਿੱਤੇ ਹਨ।
ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਅਤੇ ਕਾਰਜ ਪ੍ਰਣਾਲੀ ਪਹਿਲਾਂ ਵੀ ਸੁਰਖੀਆਂ ਵਿਚ ਰਹੀ ਹੈ। ਜੇਲ੍ਹਾਂ ਵਿਚੋਂ ਲਗਾਤਾਰ ਮੋਬਾਈਲ ਫੋਨ ਮਿਲਣਾ ਆਮ ਵਰਤਾਰਾ ਹੈ। ਜਨਵਰੀ ਮਹੀਨੇ ਜੇਲ੍ਹ ‘ਚੋਂ ਲਗਭਗ ਇਸੇ ਜੇਲ੍ਹ ਵਿਚੋਂ 56 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਸਾਲ 2020 ਦੇ ਪਹਿਲੇ ਮਹੀਨੇ (ਜਨਵਰੀ) ਵਿਚ ਕੇਂਦਰੀ ਜੇਲ੍ਹ ਪਟਿਆਲਾ ਵਿਚੋਂ ਕੈਦੀਆਂ ਕੋਲੋਂ 38 ਮੋਬਾਈਲ ਫੋਨ ਬਰਾਮਦ ਹੋਏ ਹਨ ਜੋ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿਚੋਂ ਸਭ ਤੋਂ ਵੱਧ ਹਨ। ਇਸ ਜੇਲ੍ਹ ਵਿਚੋਂ ਫੋਨ ਤਾਂ ਪਹਿਲਾਂ ਵੀ ਮਿਲਦੇ ਰਹੇ ਹਨ ਪਰ ਇਕ ਮਹੀਨੇ ਵਿਚ ਏਨੇ ਫੋਨ ਨਹੀਂ ਮਿਲੇ। ਇਸ ਦੌਰਾਨ ਨਾਭਾ ਜੇਲ੍ਹ ਕਾਂਡ ਨਾਲ ਸਬੰਧਤ ਇਕ ਗੈਂਗਸਟਰ ਸਮੇਤ ਤਿੰਨ ਗੈਂਗਸਟਰਾਂ ਕੋਲੋਂ ਵੀ ਫੋਨ ਬਰਾਮਦ ਹੋ ਚੁੱਕੇ ਹਨ। ਮੋਬਾਈਲ ਫੋਨ ਦੀ ਵਰਤੋਂ ਨਾਲ ਜੇਲ੍ਹ ਵਿਚ ਬੈਠੇ ਤਸਕਰਾਂ ਅਤੇ ਹੋਰ ਅਪਰਾਧੀਆਂ ਨੇ ਬਾਹਰ ਆਪਣਾ ਨੈੱਟਵਰਕ ਬਣਾਇਆ ਹੋਇਆ ਹੈ, ਜਿਸ ਰਾਹੀਂ ਉਹ ਨਿਰੰਤਰ ਅਪਰਾਧਿਕ ਗਤੀਵਿਧੀਆਂ ਨੂੰ ਵੀ ਅੰਜਾਮ ਦੇ ਰਹੇ ਹਨ। ਕਈ ਵਾਰ ਜੇਲ੍ਹ ਵਿਚੋਂ ਨਸ਼ੀਲੇ ਪਦਾਰਥ ਵੀ ਮਿਲ ਚੁੱਕੇ ਹਨ। ਇਸ ਕੇਂਦਰੀ ਜੇਲ੍ਹ ਵਿਚ ਇਸ ਵੇਲੇ ਵਿਦੇਸ਼ੀ ਕੈਦੀਆਂ ਸਮੇਤ ਨਾਮੀ ਤਸਕਰ ਅਤੇ ਅਤਿਵਾਦੀ ਵੀ ਬੰਦ ਹਨ।
______________________________________
ਅਕਾਲੀਆਂ ਨੇ ਜੇਲ੍ਹ ਮੰਤਰੀ ਦਾ ਅਸਤੀਫਾ ਮੰਗਿਆ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਹੈ ਕਿ ਅੰਮ੍ਰਿਤਸਰ ਜੇਲ੍ਹ ਤੋੜਨ ਦੀ ਘਟਨਾ ਦੀ ਜਾਂਚ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਕਰਵਾਈ ਜਾਵੇ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਪਹਿਲਾਂ ਵਾਪਰੀਆਂ ਵੱਖ-ਵੱਖ ਘਟਨਾਵਾਂ ਅਤੇ ਹੁਣ ਅੰਮ੍ਰਿਤਸਰ ਜੇਲ੍ਹ ਤੋੜਨ ਦੀ ਘਟਨਾ ਨੇ ਲੋਕਾਂ ਦਾ ਸਰਕਾਰ ਤੋਂ ਭਰੋਸਾ ਤੋੜ ਦਿੱਤਾ ਹੈ। ਘਟਨਾ ਦੀ ਸੁਤੰਤਰ ਜਾਂਚ ਦਾ ਹੁਕਮ ਦੇਣ ਤੋਂ ਇਲਾਵਾ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਜੇਲ੍ਹਾਂ ਵਿਚ ਵਾਪਰੀਆਂ ਬਾਕੀ ਅਜਿਹੀਆਂ ਘਟਨਾਵਾਂ ਦੇ ਮਾਮਲੇ ਵਿਚ ਕੀ ਕਾਰਵਾਈ ਕੀਤੀ ਗਈ ਅਤੇ ਜੇਲ੍ਹ ਪ੍ਰਸ਼ਾਸਨ ਦਾ ਸੱਤਿਆਨਾਸ ਕਿਉਂ ਹੋ ਚੁੱਕਿਆ ਹੈ?