ਚੰਡੀਗੜ੍ਹ: ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦੇ ਨਾਂ ਤੇ ਉਥੇ ਇਤਿਹਾਸ ਸਬੰਧੀ ਲਾਏ ਗਏ ਬੋਰਡ ਬਾਰੇ ਚੱਲ ਰਹੇ ਵਿਵਾਦ ਨੂੰ ਵਿਚਾਰਨ ਲਈ ਪੰਜ ਸਿੰਘ ਸਾਹਿਬਾਨ ਦੀ ਲੰਘੇ ਦਿਨ ਹੋਈ ਇਕੱਤਰਤਾ ਵਿਚ ਵੀ ਕੋਈ ਫੈਸਲਾ ਨਹੀਂ ਹੋ ਸਕਿਆ ਤੇ ਮਾਮਲੇ ਨੂੰ ਅਗਾਂਹ ਪਾ ਦਿੱਤਾ ਗਿਆ ਹੈ। ਹੁਣ ਇਹ ਮਾਮਲਾ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮੌਕੇ ਛੇ ਜੂਨ ਨੂੰ ਮਨਾਏ ਜਾਂਦੇ ਅਰਦਾਸ ਦਿਵਸ ਮਗਰੋਂ ਵਿਚਾਰੇ ਜਾਣ ਦੀ ਉਮੀਦ ਹੈ।
ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਇਹ ਮਾਮਲਾ ਵਿਚਾਰ ਅਧੀਨ ਹੈ। ਇਸ ਬਾਰੇ ਕਈ ਸਿੱਖ ਜਥੇਬੰਦੀਆਂ ਤੇ ਸ਼ਹੀਦ ਪਰਿਵਾਰਾਂ ਨੇ ਸੁਝਾਅ ਭੇਜੇ ਹਨ ਤੇ ਭੇਜ ਰਹੇ ਹਨ। ਕਈਆਂ ਨੇ ਸੁਝਾਅ ਦਿੱਤਾ ਹੈ ਕਿ ਇਥੇ ਸਮੂਹ ਸ਼ਹੀਦਾਂ ਦੇ ਨਾਂ ਲਿਖੇ ਜਾਣ, ਕਈਆਂ ਨੇ ਯਾਦਗਾਰ ਦਾ ਨਾਂ ਸਮੂਹ ਸ਼ਹੀਦਾਂ ਦੇ ਨਾਂ ‘ਤੇ ਰੱਖਣ ਤੇ ਕਈਆਂ ਨੇ ਮੌਜੂਦਾ ਨਾਂ ਨੂੰ ਠੀਕ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਮੁੱਚੇ ਸੁਝਾਅ ਘੋਖਣ ਮਗਰੋਂ ਸਿੱਖ ਭਾਵਨਾਵਾਂ ਦੀ ਰੌਸ਼ਨੀ ਵਿਚ ਫੈਸਲਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਭਾਵ ਸ਼੍ਰੋਮਣੀ ਕਮੇਟੀ ਤੇ ਦਮਦਮੀ ਟਕਸਾਲ ਨੂੰ ਬੁਲਾ ਕੇ ਸਰਬਸੰਮਤ ਹੱਲ ਕੱਢਣ ਦਾ ਯਤਨ ਕੀਤਾ ਜਾਵੇਗਾ।
ਉਨ੍ਹਾਂ ਬਿਨਾਂ ਕਿਸੇ ਜਥੇਬੰਦੀ ਦਾ ਨਾਂ ਲਏ ਆਖਿਆ ਕਿ ਇਸ ਮਾਮਲੇ ਵਿਚ ਕਿਸੇ ਧਿਰ ਨੂੰ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਇਹ ਸਿੱਖ ਕੌਮ ਦਾ ਅੰਦਰੂਨੀ ਮਾਮਲਾ ਹੈ ਤੇ ਕਿਸੇ ਨੂੰ ਵੀ ਇਸ ਵਿਚ ਦਖਲ ਅੰਦਾਜ਼ੀ ਦਾ ਹੱਕ ਨਹੀਂ ਹੈ। ਸਿੱਖ ਕੌਮ ਵੱਲੋਂ ਇਸ ਨੂੰ ਆਪ ਹੀ ਹੱਲ ਕੀਤਾ ਜਾਵੇਗਾ। ਗ਼ੌਰਤਲਬ ਹੈ ਕਿ ਭਾਜਪਾ ਤੇ ਕਾਂਗਰਸ ਸਮੇਤ ਕੁਝ ਹੋਰ ਸਿਆਸੀ ਪਾਰਟੀਆਂ ਵੱਲੋਂ ਯਾਦਗਾਰ ਦਾ ਨਾਂ ਸੰਤ ਭਿੰਡਰਾਂਵਾਲੇ ਦੇ ਨਾਂ ‘ਤੇ ਰੱਖਣ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਉਨ੍ਹਾਂ ਯਾਦਗਾਰ ਵਿਵਾਦ ਨੂੰ ਵੱਡਾ ਤੇ ਗੰਭੀਰ ਮਾਮਲਾ ਦੱਸਿਆ ਤੇ ਆਖਿਆ ਕਿ ਇਸ ਬਾਰੇ ਕਾਹਲੀ ਵਿਚ ਕੋਈ ਫੈਸਲਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਾਰ ਵੀ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮੌਕੇ ਛੇ ਜੂਨ ਨੂੰ ਅਰਦਾਸ ਦਿਵਸ ਪਹਿਲਾਂ ਵਾਂਗ ਅਕਾਲ ਤਖ਼ਤ ਸਾਹਿਬ ਵਿਖੇ ਹੀ ਮਨਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਫਿਲਹਾਲ ਸ਼ਹੀਦੀ ਯਾਦਗਾਰ ਵਿਖੇ ਅਖੰਡ ਪਾਠ ਨਹੀਂ ਹੋਣਗੇ ਪਰ ਨਿੱਤ ਦੀ ਮਰਿਆਦਾ ਤਹਿਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ, ਸਵੇਰੇ ਤੇ ਸ਼ਾਮ ਨੂੰ ਗੁਰਬਾਣੀ ਦਾ ਕੀਰਤਨ ਵੀ ਹੋਵੇਗਾ।
___________________________
ਜਥੇਦਾਰ ਨੰਦਗੜ੍ਹ ਵੱਲੋਂ ਵੀ ਨਾਂ ਤਬਦੀਲੀ ਦਾ ਵਿਰੋਧ
ਇਸ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਆਪਣੀ ਨਿੱਜੀ ਰਾਏ ਪ੍ਰਗਟਾਉਂਦਿਆਂ ਆਖਿਆ ਕਿ ਉਹ ਇਸ ਹੱਕ ਵਿਚ ਹਨ ਕਿ ਯਾਦਗਾਰ ਦਾ ਨਾਂ ਜਿਵੇਂ ਦਾ ਤਿਵੇਂ ਰੱਖਿਆ ਜਾਵੇ। ਉਨ੍ਹਾਂ ਦੀ ਇਸ ਰਾਏ ਦਾ ਕੋਲ ਖੜ੍ਹੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮੱਲ ਸਿੰਘ ਨੇ ਵੀ ਸਮਰਥਨ ਕੀਤਾ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਆਪਣੀ ਕੋਈ ਨਿੱਜੀ ਰਾਏ ਦੇਣ ਤੋਂ ਇਨਕਾਰ ਕਰਦਿਆਂ ਦੱਸਿਆ ਕਿ ਦੇਸ਼ ਵਿਦੇਸ਼ ਵਿਚ ਖਾਸ ਕਰ ਨੌਜਵਾਨ ਸਿੱਖ ਪੀੜ੍ਹੀ ਕਿਸ ਹੱਕ ਵਿਚ ਹਨ ਕਿ ਯਾਦਗਾਰ ਦਾ ਨਾਂ ਸੰਤ ਭਿੰਡਰਾਂਵਾਲਿਆਂ ਨਾਲ ਹੀ ਜੁੜਿਆ ਰਹੇ।
____________________________
ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰਾਂ ਨੂੰ ਸਖ਼ਤ ਚਿਤਾਵਨੀ
ਚੰਡੀਗੜ੍ਹ: ਸਿੱਖ ਜਥੇਬੰਦੀ ਦਲ ਖਾਲਸਾ, ਅਕਾਲੀ ਦਲ 1920 ਤੇ ਸਿੱਖ ਸਿਟੀਜ਼ਨ ਕੌਂਸਲ ਨੇ ਸ੍ਰੀ ਅਕਾਲ ਤਖਤ ਵਿਖੇ ਪੰਜ ਸਿੰਘ ਸਾਹਿਬਾਨ ਨੂੰ ਸ਼ਹੀਦੀ ਯਾਦਗਾਰ ਬਾਰੇ ਵੱਖ-ਵੱਖ ਮੰਗ ਪੱਤਰ ਦੇ ਕੇ ਆਪੋ-ਆਪਣੀ ਰਾਏ ਦੇਣ ਬੇਨਤੀ ਕੀਤੀ ਹੈ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤੇ ਮੰਗ ਪੱਤਰ ਵਿਚ ਆਖਿਆ ਕਿ ਸ਼ਹੀਦੀ ਯਾਦਗਾਰ ਵਿਵਾਦ ਨੂੰ ਬਿਨਾਂ ਵਜ੍ਹਾ ਉਛਾਲਿਆ ਜਾ ਰਿਹਾ ਹੈ ਤੇ ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜ਼ਿੰਮੇਵਾਰ ਹਨ।
ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਹੁਕਮਰਾਨ ਦਿੱਲੀ ਦੇ ਹਾਕਮਾਂ ਤੇ ਭਾਜਪਾ ਦੇ ਦਬਾਅ ਹੇਠ ਯਾਦਗਾਰ ਤੋਂ ਸੰਤ ਭਿੰਡਰਾਂਵਾਲਿਆਂ ਦਾ ਨਾਂ ਤੇ ਇਤਿਹਾਸ ਬੋਰਡ ਹਟਾਉਣਾ ਚਾਹੁੰਦੀ ਹੈ। ਇਸ ਮਾਮਲੇ ਵਿਚ ਸਰਕਾਰੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਲਿਖਿਆ ਕਿ ਸ਼ਹੀਦੀ ਯਾਦਗਾਰ ਦਾ ਨਾਂ ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤੇ ਮਤੇ 1474 ਮੁਤਾਬਕ ਹੀ ਰੱਖਿਆ ਗਿਆ ਹੈ। ਉਨ੍ਹਾਂ ਸਿੰਘ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਇਸ ਮਸਲੇ ਦਾ ਹੱਲ ਕੌਮ ਦੀਆਂ ਸਮੂਹਿਕ ਭਾਵਨਾਵਾਂ ਅਨੁਸਾਰ ਕੀਤਾ ਜਾਵੇ ਤੇ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਨਾ ਕਰਨ ਦੀ ਚਿਤਾਵਨੀ ਦਿੱਤੀ ਜਾਵੇ।
ਅਕਾਲੀ ਦਲ 1920 ਅਤੇ ਸਿੱਖ ਸਿਟੀਜ਼ਨ ਕੌਂਸਲ ਵਲੋਂ ਯਾਦਗਾਰ ਮਾਮਲੇ ਦੇ ਸਬੰਧ ਵਿਚ ਰਘੁਬੀਰ ਸਿੰਘ ਰਾਜਾਸਾਂਸੀ, ਦਲਜੀਤ ਸਿੰਘ ਸੰਧੂ, ਬੇਅੰਤ ਸਿੰਘ ਖਿਆਲਾ ਤੇ ਹੋਰ ਆਗੂ ਪੰਜ ਸਿੰਘ ਸਾਹਿਬਾਨ ਨੂੰ ਮਿਲੇ। ਵਫਦ ਨੇ ਮੰਗ ਕੀਤੀ ਹੈ ਕਿ ਬਣਾਈ ਗਈ ਯਾਦਗਾਰ ਵਿਖੇ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਮੂਹ ਸਿੰਘ ਸਿੰਘਣੀਆਂ ਦੀਆਂ ਤਸਵੀਰਾਂ ਤੇ ਢਹਿ ਢੇਰੀ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਤਸਵੀਰਾਂ ਵੀ ਯਾਦਗਾਰ ਦੇ ਬਾਹਰ ਮੁੱਖ ਦੁਆਰ ਨੇੜੇ ਲਾਈਆਂ ਜਾਣ। ਬੇਅੰਤ ਸਿੰਘ ਖਿਆਲਾ ਸਾਕਾ ਨੀਲਾ ਤਾਰਾ ਸਮੇਂ ਸ਼ਹੀਦ ਹੋਏ ਜਨਰਲ ਸੁਬੇਗ ਸਿੰਘ ਦੇ ਭਰਾ ਹਨ।
ਉਧਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਅੰਮ੍ਰਿਤਸਰ ਵਿਖੇ ਬਣਾਈ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨਾਂ ਜੇਕਰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਨਤੀਜੇ ਭਵਿੱਖ ਵਿਚ ਘਾਤਕ ਸਿੱਧ ਹੋਣਗੇ।
ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਜਗਤ ਦੇ ਪ੍ਰਮੁੱਖ ਸੇਵਾਦਾਰ ਰਾਜਸੀ ਆਗੂਆਂ ਦੇ ਦਬਾਅ ਅਧੀਨ ਆ ਗਏ ਹਨ ਜਿਹੜੇ ਹਰ ਇਕ ਫੈਸਲਾ ਭਾਜਪਾ ਤੇ ਬਾਦਲ ਗਰੁੱਪ ਦੇ ਆਦੇਸ਼ਾਂ ਥੱਲੇ ਹੀ ਲੈਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਨੇ ਪੰਜਾਬ ਵਿਚ ਸਹਿਮ ਵਾਲਾ ਮਾਹੌਲ ਪੈਦਾ ਕਰ ਰੱਖਿਆ ਹੈ ਤੇ ਹਰ ਪਾਸੇ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
Leave a Reply