ਤੁਸੀਂ ਪੜ੍ਹ ਚੁੱਕੇ ਹੋæææ
ਪਾਕਿਸਤਾਨ ‘ਚ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ। ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਆਫੀਆ ਦੇ ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਉਹ ਪੜ੍ਹਾਈ ਲਈ ਅਮਰੀਕਾ ਪੁੱਜ ਗਈ। ਆਪਣੇ ਭਰਾ ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ ਤੇ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਸੀ। ਉਹ ਬੋਸਟਨ ਦੀ ਮੈਸਾਚੂਸੈਟਸ ਇੰਸੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ ਜਿਨ੍ਹਾਂ ਦਾ ਨਾਅਰਾ ਵੱਧ ਤੋਂ ਵੱਧ ਕਾਫਰ ਮਾਰਨ ਦਾ ਸੀ। 1993 ਦੀਆਂ ਛੁੱਟੀਆਂ ਵਿਚ ਆਫੀਆ ਪਾਕਿਸਤਾਨ ਗਈ ਅਤੇ ਤਕਰੀਰਾਂ ਕੀਤੀਆਂ। ਵਾਪਸੀ ਵੇਲੇ ਉਹ ਅਤਿਅੰਤ ਊਰਜਾ ਨਾਲ ਭਰੀ ਪਈ ਸੀ। ਉਹ ਜਹਾਦ ਨਾਲ ਹੋਰ ਡੂੰਘਾ ਜੁੜ ਗਈ। ਘਰਵਾਲਿਆਂ ਦੇ ਕਹਿਣ ‘ਤੇ ਉਸ ਦਾ ਨਿਕਾਹ ਅਹਿਮਦ ਮੁਹੰਮਦ ਖਾਨ ਨਾਲ ਪੜ੍ਹਿਆ ਗਿਆ। ਫਿਰ 9/11 ਵਾਲਾ ਭਾਣਾ ਵਰਤ ਗਿਆ। ਜਹਾਦ ਦੇ ਮਾਮਲੇ ਬਾਰੇ ਦੋਹਾਂ ਵਿਚਕਾਰ ਪਾੜਾ ਲਗਾਤਾਰ ਵਧਣ ਲੱਗ ਪਿਆ ਤੇ ਆਖਰਕਾਰ ਦੋਵੇਂ ਵੱਖ ਹੋ ਗਏ। ਅਮਜਦ ਖਾਨ ਨੇ ਇਕ ਹੋਰ ਕੁੜੀ ਨਾਲ ਨਿਕਾਹ ਕਰਵਾ ਲਿਆ। ਫਿਰ ਵਾਪਸ ਪਾਕਿਸਤਾਨ ਪੁੱਜੀ ਆਫੀਆ ਦਾ ਸਿੱਧਾ ਸੰਪਰਕ ਅਲ-ਕਾਇਦਾ ਦੇ ਅਹਿਮ ਬੰਦਿਆਂ ਨਾਲ ਹੋ ਗਿਆ। ਇਹ ਬੰਦੇ ਅਮਰੀਕਾ ਵਿਚ ਦੂਜੇ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਸਨ ਕਿ ਐਫ਼ਬੀæਆਈæ ਨੇ ਸਾਰੀ ਸੂਹ ਕੱਢ ਲਈ। 9/11 ਹਮਲਿਆਂ ਦੇ ਸੂਤਰਧਾਰ ਖਾਲਿਦ ਸ਼ੇਖ ਮੁਹੰਮਦ ਫੜਿਆ ਗਿਆ। ਹੋਰ ਗ੍ਰਿਫਤਾਰੀਆਂ ਵੀ ਹੋਈਆਂ, ਪਰ ਆਫੀਆ ਘਰੋਂ ਫਰਾਰ ਹੋ ਗਈ।æææਹੁਣ ਅੱਗੇ ਪੜ੍ਹੋæææ
ਹਰਮਹਿੰਦਰ ਚਹਿਲ
ਫੋਨ: 703-362-3239
2008 ‘ਚ ਜਨਵਰੀ ਮਹੀਨੇ ਦੇ ਇੱਕ ਦਿਨ ਐਸ਼ਐਚæ ਫਾਰੂਕੀ ਪਾਕਿਸਤਾਨ ‘ਚ ਆਪਣੇ ਘਰ ਬੈਠਾ ਟੀæਵੀæ ਵੇਖ ਰਿਹਾ ਸੀ। ਦੁਪਹਿਰ ਵੇਲੇ ਉਸ ਦੇ ਘਰ ਦੀ ਡੋਰ ਬੈੱਲ ਵੱਜੀ ਤਾਂ ਉਸ ਦੀ ਬੇਗਮ ਨੇ ਦਰਵਾਜ਼ੇ ‘ਚੋਂ ਬਾਹਰ ਵੇਖਿਆ। ਕਿਸੇ ਅਜਨਬੀ ਨੂੰ ਬਾਹਰ ਖੜ੍ਹਾ ਵੇਖ ਕੇ ਉਸ ਨੇ ਇਸ ਬਾਰੇ ਘਰਵਾਲੇ ਨੂੰ ਦੱਸਿਆ। ਫਾਰੂਕੀ ਟੀæਵੀæ ਦੀ ਆਵਾਜ਼ ਘਟਾਉਂਦਾ ਬਾਹਰ ਆਇਆ। ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਟੈਕਸੀ ਡਰਾਈਵਰ ਖੜ੍ਹਾ ਸੀ। ਟੈਕਸੀ ਡਰਾਈਵਰ ਨੇ ਕਿਹਾ ਕਿ ਉਸ ਦੀ ਟੈਕਸੀ ‘ਚ ਇੱਕ ਔਰਤ ਬੈਠੀ ਹੈ ਜੋ ਉਸ ਨੂੰ ਮਿਲਣਾ ਚਾਹੁੰਦੀ ਹੈ। ਫਾਰੂਕੀ ਹੈਰਾਨ ਹੁੰਦਾ ਟੈਕਸੀ ਕੋਲ ਆਇਆ ਤੇ ਅੰਦਰ ਵੇਖਣ ਲੱਗਿਆ।
“ਅੰਕਲ ਮੈਂ ਆਂ।” ਇਸ ਆਵਾਜ਼ ਨੇ ਫਾਰੂਕੀ ਦੇ ਰੌਂਗਟੇ ਖੜ੍ਹੇ ਕਰ ਦਿੱਤੇ। ਔਰਤ ਨੇ ਭਾਵੇਂ ਆਪਣੇ ਆਪ ਨੂੰ ਬੁਰਕੇ ਵਿਚ ਲਪੇਟਿਆ ਹੋਇਆ ਸੀ ਪਰ ਇਹ ਕਿਵੇਂ ਹੋ ਸਕਦਾ ਸੀ ਕਿ ਮਾਮਾ ਆਪਣੀ ਭਾਣਜੀ ਨੂੰ ਨਾ ਪਛਾਣਦਾ! ਉਂਜ ਤਾਂ ਉਸ ਨੂੰ ਆਵਾਜ਼ ਤੋਂ ਹੀ ਅੰਦਾਜ਼ਾ ਹੋ ਗਿਆ ਸੀ, ਪਰ ਉਸ ਦੀਆਂ ਅੱਖਾਂ ਵੱਲ ਵੇਖ ਕੇ ਉਸ ਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਆਫੀਆ ਹੀ ਹੈ।
“ਆਫੀਆ ਬੇਟੀ, ਅੰਦਰ ਘਰੇ ਚੱਲ।” ਪਛਾਣਨ ਤੋਂ ਬਾਅਦ ਉਸ ਨੇ ਮੋਹ ਭਿੱਜੇ ਲਫਜ਼ਾਂ ‘ਚ ਕਿਹਾ।
“ਮਾਮੂਜਾਨ ਇਸ ਵੇਲੇ ਮੈਂ ਘਰੇ ਨ੍ਹੀਂ ਜਾ ਸਕਦੀ। ਜੇ ਹੋ ਸਕਦਾ ਐ ਤਾਂ ਆਪ ਮੇਰੇ ਨਾਲ ਚੱਲੋ। ਆਪਾਂ ਬਾਹਰ ਕਿਧਰੇ ਨਿਵਕਲੇ ਬੈਠ ਕੇ ਗੱਲ ਕਰਾਂਗੇ।” ਐਸ਼ਐਚæ ਫਾਰੂਕੀ ਨੇ ਪਲ ਭਰ ਸੋਚਿਆ ਤੇ ਫਿਰ ਆਫੀਆ ਨਾਲ ਟੈਕਸੀ ‘ਚ ਬੈਠ ਗਿਆ। ਉਹ ਕਿਸੇ ਰੈਸਟੋਰੈਂਟ ਜਾ ਪਹੁੰਚੇ।
“ਆਫੀਆ ਬੇਟੀ ਤੂੰ ਪਿਛਲੇ ਪੰਜ ਸਾਲਾਂ ਤੋਂ ਕਿੱਥੇ ਸੀ?” ਮੌਕਾ ਮਿਲਦਿਆਂ ਹੀ ਫਾਰੂਕੀ ਨੇ ਗੱਲ ਛੇੜੀ।
“ਮਾਮੂਜਾਨ ਕੁਛ ਨਾ ਈ ਪੁੱਛੋ ਤਾਂ ਚੰਗਾ ਐ।”
“ਨ੍ਹੀਂ ਬੇਟੀ ਅਸੀਂ ਸਾਰੇ ਤੇਰੇ ਲਈ ਬਹੁਤ ਪਰੇਸ਼ਾਨ ਆਂ। ਤੂੰ ਕੁਛ ਨਾ ਕੁਛ ਤਾਂ ਦੱਸ।”
“ਮਾਮੂਜਾਨæææ।” ਆਫੀਆ ਗੱਲ ਸ਼ੁਰੂ ਕਰਦਿਆਂ ਆਪਣੇ ਮਾਮੇ ਵੱਲ ਵੇਖਦਿਆਂ ਪਲ ਭਰ ਰੁਕੀ ਤੇ ਫਿਰ ਅੱਗੇ ਦੱਸਣ ਲੱਗੀ, “ਅੰਕਲ ਮੈਂ ਕਿਸੇ ਚੈਰਿਟੀ ਦੀ ਮੀਟਿੰਗ ‘ਚ ਹਿੱਸਾ ਲੈਣ ਕਰਾਚੀ ਹੀ ਕਿਸੇ ਦੇ ਘਰ ਗਈ ਸੀ ਕਿ ਉਥੇ ਪੁਲਿਸ ਨੇ ਰੇਡ ਕਰ ਦਿੱਤੀ। ਉਸ ਦੇ ਨਾਲ ਅਮਰੀਕਨ ਐਫ਼ਬੀæਆਈæ ਵੀ ਸੀ। ਹੋਰਨਾਂ ਦੇ ਨਾਲ ਉਨ੍ਹਾਂ ਮੈਨੂੰ ਵੀ ਫੜ ਲਿਆ। ਪਿੱਛੋਂ ਮੈਨੂੰ ਆਈæਐਸ਼ਆਈæ ਹਵਾਲੇ ਕਰ ਦਿੱਤਾ ਗਿਆ।
“ਇਹ ਵਾਕਿਆ ਕਿਸ ਦਿਨ ਵਾਪਰਿਆ?” ਫਾਰੂਕੀ ਗਹੁ ਨਾਲ ਆਫੀਆ ਵੱਲ ਝਾਕਿਆ।
“ਜੀ ਇਹ 29 ਅਪਰੈਲ 2002 ਦੀ ਗੱਲ ਐ।”
“ਪਰ ਤੂੰ ਤਾਂ 30 ਮਾਰਚ ਵਾਲੇ ਦਿਨ ਆਪਣੀ ਮਾਂ ਨੂੰ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਤੂੰ ਮੇਰੇ ਵੱਲ ਆ ਰਹੀ ਐਂ।”
“ਮਾਮੂਜਾਨ ਉਹ ਗੱਲ ਵੀ ਸਹੀ ਐ।”
“ਫਿਰ ਇਹ ਮਹੀਨਾ ਭਰ ਤੂੰ ਕਿੱਥੇ ਰਹੀ? ਮੇਰਾ ਮਤਲਬ, ਤੂੰ ਨਾ ਮੇਰੇ ਕੋਲ ਆਈ ਤੇ ਨਾ ਹੀ ਤੇਰਾ ਕਿਧਰੇ ਹੋਰ ਕਿਤੇ ਪਤਾ ਚੱਲਿਆ।”
“ਮਾਮੂਜਾਨ ਉਹæææ।” ਆਫੀਆ ਗੱਲ ਕਰਦੀ-ਕਰਦੀ ਚੁੱਪ ਹੋ ਗਈ।
“ਹਾਂ ਬੇਟੇ ਦੱਸ ਨਾ ਕਿ ਇਸ ਵਿਚਕਾਰ ਕੀ ਵਾਪਰਿਆ?”
“ਮਾਮੂ ਤੁਸੀਂ ਉਨ੍ਹਾਂ ਦਿਨਾਂ ਦੀ ਗੱਲ ਨਾ ਛੇੜੋ। ਮੈਨੂੰ ਆਪਣੀ ਗੱਲ ਆਪਣੇ ਢੰਗ ਨਾਲ ਕਹਿਣ ਦਿਉ ਪਲੀਜ਼। ਮੈਂ ਬਹੁਤ ਪਰੇਸ਼ਾਨ ਆਂ।”
ਫਾਰੂਕੀ ਕੁਝ ਨਾ ਬੋਲਿਆ, ਪਰ ਉਹ ਸਮਝ ਗਿਆ ਕਿ ਇਹ ਜੋ ਤੀਹ ਮਾਰਚ ਤੋਂ ਲੈ ਕੇ 29 ਅਪਰੈਲ ਤੱਕ ਦਾ ਵਕਫਾ ਹੈ, ਇਸ ਵਿਚਕਾਰ ਜ਼ਰੂਰ ਕੁਝ ਹੋਰ ਵਾਪਰਿਆ ਹੈ ਜਿਸ ਬਾਰੇ ਆਫੀਆ ਸ਼ਾਇਦ ਗੱਲ ਨਹੀਂ ਕਰਨਾ ਚਾਹੁੰਦੀ। ਉਸ ਨੇ ਇਸ਼ਾਰੇ ਨਾਲ ਉਸ ਨੂੰ ਆਪਣੀ ਗੱਲ ਚਾਲੂ ਰੱਖਣ ਨੂੰ ਕਿਹਾ ਤਾਂ ਆਫੀਆ ਫਿਰ ਬੋਲਣ ਲੱਗੀ, “ਹੁਣ ਮੈਨੂੰ ਲੱਗਦਾ ਐ ਕਿ ਉਹ ਪਹਿਲਾਂ ਤੋਂ ਹੀ ਮੇਰੀ ਭਾਲ ਕਰ ਰਹੇ ਸਨ। ਆਈæਐਸ਼ਆਈæ ਵਾਲੇ ਮੈਨੂੰ ਆਪਣੇ ਕਿਸੇ ਗੁਪਤ ਟਿਕਾਣੇ ‘ਤੇ ਲੈ ਗਏ। ਉਥੇ ਮੈਨੂੰ ਮੇਰੇ ਬੱਚਿਆਂ ਨਾਲੋਂ ਨਿਖੇੜ ਦਿੱਤਾ ਗਿਆ। ਅਗਲੇ ਦਿਨ ਉਹ ਮੈਨੂੰ ਅਫਗਾਨਿਸਤਾਨ ਦੇ ਬਗਰਾਮ ਏਅਰਬੇਸ ਲੈ ਗਏ ਜਿਥੇ ਅਮਰੀਕਾ ਦਾ ਵੱਡਾ ਅੱਡਾ ਐ।”
“ਫਿਰæææ?” ਆਫੀਆ ਬੋਲਦੀ-ਬੋਲਦੀ ਚੁੱਪ ਹੋਈ ਤਾਂ ਫਾਰੂਕੀ ਵਿਚਕਾਰ ਬੋਲਿਆ।
“ਉਥੇ ਮੈਨੂੰ ਚਾਰ ਸਾਲ ਰੱਖਿਆ ਗਿਆ। ਉਨਾਂ ਮੈਨੂੰ ਬੇਤਹਾਸ਼ਾ ਤਸੀਹੇ ਦਿੱਤੇ।”
“ਕੌਣ ਸਨ ਉਹ ਲੋਕ? ਮੇਰਾ ਮਤਲਬ ਆਈæਐਸ਼ਆਈæ ਜਾਂ ਅਮਰੀਕਨ ਏਜੰਸੀਆਂ?”
“ਦੋਨੋਂ ਈ।”
“ਉਨ੍ਹਾਂ ਤੈਨੂੰ ਕੁੱਟਿਆ ਮਾਰਿਆ?”
“ਮਾਮੂ ਕੁੱਟ ਮਾਰ ਤਾਂ ਸ਼ਾਇਦ ਮੈਂ ਬਰਦਾਸ਼ਤ ਕਰ ਜਾਂਦੀ, ਪਰ ਉਨ੍ਹਾਂ ਦਾ ਤਸ਼ੱਦਦ ਜ਼ਿਆਦਾ ਮਾਨਸਿਕ ਸੀ। ਮੈਨੂੰ ਕਈ ਵਾਰੀ ਬਹੁਤ ਹੀ ਛੋਟੇ ਸਾਈਜ਼ ਦੇ ਡੱਬੇ ‘ਚ ਲਗਾਤਾਰ ਦੋ-ਦੋ ਦਿਨ ਖੜ੍ਹਾ ਰੱਖਿਆ ਜਾਂਦਾ ਸੀ। ਉਹ ਇੰਨਾ ਭੀੜਾ ਹੁੰਦਾ ਸੀ ਕਿ ਮੈਂ ਦੋ ਦਿਨ ਬੈਠ ਨਾ ਸਕਦੀ ਤੇ ਲੱਤਾਂ ਆਕੜ ਜਾਂਦੀਆਂ। ਕਈ ਵਾਰੀ ਲੋਹੇ ਦਾ ਅਜਿਹਾ ਈ ਇੱਕ ਹੋਰ ਕਮਰਾ ਹੁੰਦਾ ਜਿਹੜਾ ਗਰਮੀਆਂ ਦੇ ਦਿਨੀਂ ਅੱਗ ਵਾਂਗੂੰ ਤਪਦਾ ਸੀ, ਮੈਨੂੰ ਉਥੇ ਬੰਦ ਕਰ ਦਿੱਤਾ ਜਾਂਦਾ। ਜਿਹੜਾ ਗਰਮੀ ਬੁਰਾ ਹਾਲ ਕਰਦੀ ਸੀ, ਉਹ ਤਾਂ ਕਰਦੀ ਈ ਸੀ ਪਰ ਇਸ ਤੋਂ ਬਿਨਾਂ ਉਥੇ ਅੰਤਾਂ ਦੀਆਂ ਤੇਜ਼ ਰੋਸ਼ਨੀਆਂ ਹੁੰਦੀਆਂ ਸਨ ਜੋ ਅੱਖਾਂ ਪਾਟਣ ਵਾਲੀਆਂ ਕਰ ਦਿੰਦੀਆਂ। ਸਾਰਾ ਦਿਨ ਬਹੁਤ ਉਚਾ, ਭੱਦਾ ਤੇ ਕੰਨ ਪਾੜਵਾਂ ਮਿਊਜ਼ਕ ਵੱਜਦਾ ਰਹਿੰਦਾ। ਕਈ-ਕਈ ਦਿਨ ਮੈਂ ਸੌਂ ਹੀ ਨਾ ਸਕਦੀ। ਮੈਨੂੰ ਉਹ ਉਥੋਂ ਕੱਢਦੇ ਤਾਂ ਨੇੜਲੇ ਤਲਾਅ ਵਿਚ ਲੈਂ ਜਾਂਦੇ ਜਿਥੇ ਦੋ-ਦੋ ਮਿੰਟ ਅੰਦਰ ਡਬੋਈ ਰੱਖਦੇ। ਜਾਂ ਫਿਰ ਲੱਕੜ ਦੇ ਫੱਟੇ ਨਾਲ ਬੰਨ੍ਹ ਕੇ ਮੂੰਹ ਸਿਰ ਲਪੇਟ ਦਿੰਦੇ ਤੇ ਉਪਰੋਂ ਪਾਣੀ ਪਾਉਣਾ ਸ਼ੁਰੂ ਕਰ ਦਿੰਦੇ। ਸਾਹ ਬੰਦ ਹੋ ਜਾਂਦਾ ਤੇ ਨਾਲ ਹੀ ਮੂੰਹ ‘ਤੇ ਲਗਾਤਾਰ ਪਾਣੀ ਪੈਂਦੇ ਰਹਿਣ ਕਾਰਨ ਡੁੱਬਣ ਦਾ ਅਹਿਸਾਸ ਹੋਣ ਲੱਗਦਾ ਜਿਹੜਾ ਜਾਨ ਕੱਢ ਦਿੰਦਾ ਸੀ। ਇਹ ਕੋਈ ਇੱਕ ਦਿਨ ਦਾ ਕੰਮ ਨ੍ਹੀਂ ਸੀ। ਇਹ ਹਰ ਰੋਜ਼ ਹੁੰਦਾ ਸੀ ਅਤੇ ਇਹ ਲਗਾਤਾਰ ਚਾਰ ਸਾਲ ਚੱਲਦਾ ਰਿਹਾæææ।” ਆਫੀਆ ਗੱਲ ਵਿਚਾਲੇ ਛੱਡਦਿਆਂ ਜ਼ਰਾ ਕੁ ਰੁਕੀ ਤੇ ਆਲੇ ਦੁਆਲੇ ਵੇਖਦਿਆਂ ਫਿਰ ਬੋਲੀ, “ਮਾਮੂਜਾਨ ਮੇਰੇ ‘ਤੇ ਉਥੇ ਹੋਰ ਬੜੇ ਭੈੜੇ ਤਸ਼ੱਦਦ ਹੋਏ ਜੋ ਬਿਆਨੋਂ ਬਾਹਰ ਹਨ।”
“ਆਫੀਆ ਬੇਟੀ ਤੇਰੇ ‘ਤੇ ਇੰਨਾ ਜ਼ੁਲਮ ਹੋਇਆæææ!” ਫਾਰੂਕੀ ਦਾ ਦਿਲ ਭਰ ਆਇਆ।
“ਮਾਮੂਜਾਨ ਇਹ ਅਫਸੋਸ ਵਾਲੀ ਗੱਲ ਨ੍ਹੀਂ ਐ, ਕਿਉਂਕਿ ਜਹਾਦ ਦੇ ਰਾਹ ਚੱਲਦਿਆਂ ਅਜਿਹਾ ਤਾਂ ਹੋਣਾ ਈ ਹੁੰਦਾ ਐ, ਪਰ ਮੈਨੂੰ ਮਾਣ ਐ ਕਿ ਮੈਂ ਇਹ ਸਭ ਕੁਛ ਬਰਦਾਸ਼ਤ ਕੀਤਾ, ਤੇ ਇਰਾਦੇ ਤੋਂ ਨ੍ਹੀਂ ਡੋਲੀ।”
“ਪਰ ਉਹ ਤੈਥੋਂ ਚਾਹੁੰਦੇ ਕੀ ਸਨ?”
“ਉਹ ਮੈਨੂੰ ਡਬਲ ਏਜੰਟ ਬਣਾ ਕੇ ਆਪਣੇ ਈ ਜਹਾਦੀ ਭੈਣ-ਭਰਾਵਾਂ ਦੇ ਉਲਟ ਵਰਤਣਾ ਚਾਹੁੰਦੇ ਸਨ।”
“ਫਿਰ ਅੱਗੇ ਕੀ ਹੋਇਆ?”
“ਮਾਮੂ ਜੋ ਵੀ ਜ਼ੁਲਮੋ-ਸਿਤਮ ਮੇਰੇ ‘ਤੇ ਹੋਇਆ, ਉਹ ਮੈਂ ਅੱਲਾ ਦਾ ਹੁਕਮ ਸਮਝ ਕੇ ਸਭ ਝੱਲਿਆ, ਪਰ ਆਖਰ ਉਨ੍ਹਾਂ ਅਜਿਹਾ ਢੰਗ ਲੱਭਿਆ ਕਿ ਮੈਂ ਇੱਕ ਦਿਨ ਵਿਚ ਹੀ ਟੁੱਟ ਗਈ।”
“ਉਹ ਕੀ?”
“ਜੋ ਜ਼ੁਲਮ ਉਹ ਮੇਰੇ ‘ਤੇ ਕਰਦੇ ਸਨ, ਉਹੀ ਉਨ੍ਹਾਂ ਮੇਰੇ ਬੱਚਿਆਂ ‘ਤੇ ਸ਼ੁਰੂ ਕਰਨ ਦਾ ਡਰਾਵਾ ਦਿੱਤਾ। ਬੱਸ ਇਹੀ ਗੱਲ ਮੈਥੋਂ ਬਰਦਾਸ਼ਤ ਨਾ ਹੋਈ ਤੇ ਮੈਂ ਉਨ੍ਹਾਂ ਦੀ ਗੱਲ ਮੰਨਣ ਲਈ ਮਜਬੂਰ ਹੋ ਗਈ, ਕਿਉਂਕਿ ਮੈਂ ਜਾਣਦੀ ਸੀ ਕਿ ਮੇਰੇ ਬੱਚੇ ਉਨ੍ਹਾਂ ਦੇ ਕਬਜ਼ੇ ‘ਚ ਆ ਚੁੱਕੇ ਨੇ। ਫਿਰ ਮੈਂ ਡਬਲ ਏਜੰਟ ਬਣਨ ਲਈ ਹਾਮੀ ਭਰ ਦਿੱਤੀ। ਵੈਸੇ ਉਨ੍ਹਾਂ ਦੇ ਭਾਅ ਦੀ ਮੈਂ ਡਬਲ ਏਜੰਟ ਬਣ ਗਈ, ਪਰ ਮੈਨੂੰ ਲੱਗਿਆ ਕਿ ਇਸ ਤਰੀਕੇ ਵੀ ਮੈਂ ਜਹਾਦ ਦਾ ਕੰਮ ਹੀ ਕਰ ਰਹੀ ਹੋਵਾਂਗੀ।”
“ਉਹ ਕਿਵੇਂ?”
“ਕਿਉਂਕਿ ਮੈਂ ਕੁਝ ਹੋਰ ਸੋਚਿਆ ਸੀ। ਮੈਨੂੰ ਉਨ੍ਹਾਂ ਆਈæਐਸ਼ਆਈæ ਦੀ ਏਜੰਟ ਬਣਾ ਲਿਆ ਤੇ ਕਿਹਾ ਕਿ ਇਸ ਗੱਲ ਨੂੰ ਭੇਤ ਰੱਖਦਿਆਂ ਮੈਂ ਉਨ੍ਹਾਂ ਦੇ ਬੰਦੇ ਅਲ-ਕਾਇਦਾ ਵਿਚ ਦਾਖਲ ਕਰਾਵਾਂ। ਉਨ੍ਹਾਂ ਨੇ ਮੈਨੂੰ ਨਵੀਂ ਪਛਾਣ ਦੇ ਕੇ ਇਸਲਾਮਾਬਾਦ ਭੇਜ ਦਿੱਤਾ। ਮੈਂ ਉਨ੍ਹਾਂ ਦਾ ਕੰਮ ਵੀ ਕਰਦੀ ਰਹੀ ਤੇ ਨਾਲ ਹੀ ਆਪਣੀ ਸੋਚੀ ਸਕੀਮ ਮੁਤਾਬਕ, ਅਲ-ਕਾਇਦਾ ਨੂੰ ਆਈæਐਸ਼ਆਈæ ਦੇ ਭੇਤ ਦਿੰਦੀ ਰਹੀ। ਇਹ ਕੰਮ ਬੜਾ ਜ਼ੋਖਮ ਭਰਿਆ ਸੀ, ਕਿਉਂਕਿ ਚੌਵੀ ਘੰਟੇ ਆਈæਐਸ਼ਆਈæ ਦੇ ਬੰਦੇ ਮੇਰੇ ਆਲੇ ਦੁਆਲੇ ਰਹਿੰਦੇ ਸਨ। ਇਸੇ ਦੌਰਾਨ ਕੁਝ ਦੇਰ ਪਿੱਛੋਂ ਮੈਨੂੰ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਗ੍ਰਿਫਤਾਰ ਕਰ ਲਿਆ।”
“ਉਹ ਹੋ! ਫਿਰ ਕੀ ਹੋਇਆ?”
“ਫਿਰ ਉਨ੍ਹਾਂ ਵੀ ਮੈਨੂੰ ਉਹੀ ਕੰਮ ਕਰਨ ਨੂੰ ਕਿਹਾ ਜੋ ਆਈæਐਸ਼ਆਈæ ਕਰਵਾ ਰਹੀ ਸੀ, ਜਾਣੀ ਕਿ ਡਬਲ ਏਜੰਟ। ਮੈਨੂੰ ਨਵੀਂ ਪਛਾਣ ਦੇ ਕੇ ਇਹ ਏਜੰਸੀ ਮੈਥੋਂ ਆਪਣੇ ਲਈ ਕੰਮ ਕਰਵਾਉਣ ਲੱਗੀ। ਹੁਣ ਵੀ ਮੈਂ ਉਥੇ ਈ ਆਂ, ਪਰ ਮੈਨੂੰ ਪਤਾ ਐ ਕਿ ਇਹ ਕੰਮ ਜ਼ਿਆਦਾ ਦੇਰ ਨ੍ਹੀਂ ਚੱਲ ਸਕੇਗਾ। ਇਸੇ ਲਈ ਮੈਂ ਤਾਕ ‘ਚ ਸੀ ਕਿ ਕਦੋਂ ਮੌਕਾ ਮਿਲੇ ਤੇ ਇੱਥੋਂ ਭੱਜਾਂ। ਅੱਜ ਉਨ੍ਹਾਂ ਦੇ ਨਿਗਰਾਨਾਂ ਦੇ ਅੱਖੀਂ ਘੱਟਾ ਪਾ ਕੇ ਮੈਂ ਭੱਜ ਆਈ ਆਂ।”
“ਹੁਣ ਫਿਰ ਅੱਗੇ ਤੂੰ ਕੀ ਕਰਨਾ ਚਾਹੁੰਨੀ ਐਂ?”
“ਅੰਕਲ ਜੇ ਮੈਂ ਇੱਥੇ ਰਹੀ ਤਾਂ ਮੈਨੂੰ ਫਿਰ ਤੋਂ ਕਿਸੇ ਨਾ ਕਿਸੇ ਏਜੰਸੀ ਨੇ ਗ੍ਰਿਫਤਾਰ ਕਰ ਲੈਣੈਂ ਤੇ ਫਿਰ ਤੋਂ ਜਸੂਸੀ ਦਾ ਉਹੀ ਕੰਮ ਕਰਵਾਉਣਾ ਐ। ਤੁਹਾਨੂੰ ਪਤਾ ਈ ਐ ਕਿ ਇਸ ਕੰਮ ‘ਚ ਕਿੰਨਾ ਜ਼ੋਖਮ ਐ। ਮੈਂ ਇਹ ਵੀ ਜਾਣਦੀ ਆਂ ਕਿ ਜਦੋਂ ਈ ਪਾਕਿਸਤਾਨੀ ਏਜੰਸੀਆਂ ਦਾ ਕੰਮ ਨਿਕਲ ਗਿਆ ਤਾਂ ਉਨ੍ਹਾਂ ਮੈਨੂੰ ਅਮਰੀਕਨਾਂ ਦੇ ਹਵਾਲੇ ਕਰ ਦੇਣਾ ਐ। ਤੇ ਉਨ੍ਹਾਂ ਨੇ ਮੇਰੇ ‘ਤੇ ਕੋਈ ਨਾ ਕੋਈ ਚਾਰਜ ਲਾ ਕੇ ਸਦਾ ਲਈ ਜੇਲ੍ਹ ‘ਚ ਬੰਦ ਕਰ ਦੇਣੈ। ਇਸ ਕਰ ਕੇ ਮੈਂ ਚਾਹੁੰਨੀ ਆਂ ਕਿ ਇਸ ਸਭ ਤੋਂ ਦੂਰ ਕਿਸੇ ਅਜਿਹੀ ਜਗ੍ਹਾ ਚਲੀ ਜਾਵਾਂ ਜਿਥੇ ਮੈਨੂੰ ਇਨ੍ਹਾਂ ਦਾ ਡਰ ਨਾ ਹੋਵੇ। ਜਿਥੇ ਮੈਨੂੰ ਇਹ ਨਾ ਰਹੇ ਕਿ ਕੋਈ ਆਪਣਾ ਈ ਮੇਰੇ ਨਾਲ ਦਗਾ ਕਮਾ ਕੇ ਮੈਨੂੰ ਫੜਾ ਦੇਵੇਗਾ।”
“ਅਜਿਹੀ ਜਗ੍ਹਾ ਫਿਰ ਕਿਹੜੀ ਹੋ ਸਕਦੀ ਐ?”
“ਮਾਮੂ ਇਸ ਵੇਲੇ ਜੇ ਮੈਨੂੰ ਕੋਈ ਢੁਕਵੀਂ ਥਾਂ ਦਿਸਦੀ ਐ ਤਾਂ ਉਹ ਐ ਅਫਗਾਨਿਸਤਾਨ ਦੇ ਤਾਲਿਬਾਨ, ਪਰ ਮੇਰਾ ‘ਕੱਲੀ ਦਾ ਉਥੇ ਪਹੁੰਚਣਾ ਸੁਖਾਲਾ ਨ੍ਹੀਂ।”
“ਆਫੀਆ ਬੇਟੀ ਮੈਂ ਤਾਂ ਕਹਿੰਨਾਂ ਕਿ ਤੂੰ ਆਪਣੇ ਘਰ ਆ ਜਾ। ਆਪਾਂ ਸਭ ਕੁਛ ਠੀਕ ਕਰ ਲਵਾਂਗੇ।”
“ਨ੍ਹੀਂ ਮਾਮੂ ਇਹ ਮੇਰਾ ਨਿਸ਼ਾਨਾ ਨ੍ਹੀਂ ਐ। ਮੈਂ ਆਪਣੀ ਜ਼ਿੰਦਗੀ ਜਹਾਦ ਦੇ ਲੇਖੇ ਲਾਉਣੀ ਐ। ਮੇਰੀ ਚਾਹਤ ਐ ਕਿ ਮੈਂ ਫਰੰਟ ‘ਤੇ ਜਾ ਕੇ ਲੜਾਈ ‘ਚ ਹਿੱਸਾ ਲਵਾਂ ਤੇ ਕਾਫਰਾਂ ਦੇ ਆਹੂ ਲਾਹਾਂ।”
“ਠੀਕ ਐ ਬੇਟੀ ਜਿਵੇਂ ਤੇਰੀ ਮਰਜ਼ੀæææ।” ਫਾਰੂਕੀ ਨੇ ਗੱਲ ਵਿਚਾਲੇ ਛੱਡਦੇ ਨੇ ਅੱਖਾਂ ਦੇ ਕੋਏ ਪੂੰਝੇ ਤੇ ਫਿਰ ਬੋਲਿਆ, “ਚੰਗਾ ਦੱਸ ਫਿਰ ਮੈਂ ਤੇਰੀ ਉਸ ਕੰਮ ‘ਚ ਕੀ ਮਦਦ ਕਰ ਸਕਦਾਂ?
“ਤੁਸੀਂ ਮੇਰੀ ਅਫਗਾਨਿਸਤਾਨ ਦੇ ਤਾਲਿਬਾਨ ਤੱਕ ਪਹੁੰਚਣ ‘ਚ ਮਦਦ ਕਰੋ। ਜਿਵੇਂ ਮੈਂ ਪਹਿਲਾਂ ਈ ਕਿਹਾ ਐ ਕਿ ‘ਕੱਲੀ ਔਰਤ ਦਾ ਉਥੇ ਜਾਣਾ ਸੁਖਾਲਾ ਨ੍ਹੀਂ ਐ। ਉਹ ਵੀ ਮੇਰਾ, ਜਿਸ ਨੂੰ ਥਾਂ-ਥਾਂ ‘ਤੇ ਏਜੰਸੀਆਂ ਲੱਭਦੀਆਂ ਫਿਰਦੀਆਂ ਨੇ।”
ਉਸ ਦੀ ਗੱਲ ਸੁਣ ਕੇ ਫਾਰੂਕੀ ਸੋਚੀਂ ਪੈ ਗਿਆ। ਫਿਰ ਉਸ ਨੂੰ ਖਿਆਲ ਆਇਆ ਕਿ ਇਸ ਦੀ ਮਦਦ ਕਰਨੀ ਹੀ ਪਵੇਗੀ। ਉਹ ਆਫੀਆ ਵੱਲ ਵੇਖਦਾ ਬੋਲਿਆ, “ਠੀਕ ਐ ਬੇਟੀ, ਮੇਰੀ ਤਾਲਿਬਾਨ ਗੌਰਮਿੰਟ ਵੇਲੇ ਦੇ ਕਈ ਅਫਸਰਾਂ ਨਾਲ ਜਾਣ-ਪਛਾਣ ਐ। ਮੈਂ ਤੈਨੂੰ ਉਨ੍ਹਾਂ ਤੱਕ ਪਹੁੰਚਾ ਦੇਵਾਂਗਾ, ਪਰ ਇਹ ਪ੍ਰਬੰਧ ਕਰਨ ‘ਚ ਕੁਛ ਦਿਨ ਲੱਗ ਜਾਣਗੇ। ਚੱਲ ਉਨਾ ਚਿਰ ਤੂੰ ਮੇਰੇ ਘਰੇ ਠਹਿਰ ਜਾ।”
“ਨ੍ਹੀਂ ਮਾਮੂਜਾਨ ਮੈਂ ਤੁਹਾਡੇ ਨਾਲ ਨ੍ਹੀਂ ਜਾ ਸਕਦੀ। ਸੂਹੀਆ ਏਜੰਸੀਆਂ ਮੈਨੂੰ ਥਾਂ-ਥਾਂ ਭਾਲਦੀਆਂ ਫਿਰਦੀਆਂ ਹੋਣਗੀਆਂ। ਮੇਰੇ ਨਾਲ ਤੁਸੀਂ ਵੀ ਮੁਸੀਬਤ ‘ਚ ਫਸ ਜਾਵੋਗੇ।”
ਫਾਰੂਕੀ ਇਕੱਲਾ ਹੀ ਉਠ ਕੇ ਤੁਰ ਗਿਆ। ਉਸ ਰਾਤ ਆਫੀਆ ਕਿਸੇ ਹੋਟਲ ‘ਚ ਰੁਕੀ। ਅਗਲੇ ਦਿਨ ਫਾਰੂਕੀ ਨੇ, ਕਿਵੇਂ ਨਾ ਕਿਵੇਂ ਉਸ ਨੂੰ ਘਰ ਆਉਣ ਲਈ ਮਨਾ ਲਿਆ। ਆਫੀਆ ਡਰਦੀ ਸੀ ਕਿ ਕਿਤੇ ਕੋਈ ਏਜੰਸੀ ਉਸ ਦਾ ਪਿੱਛਾ ਨਾ ਕਰ ਰਹੀ ਹੋਵੇ, ਫਿਰ ਵੀ ਉਹ ਉਸ ਦੇ ਨਾਲ ਘਰ ਆ ਗਈ, ਕਿਉਂਕਿ ਉਸ ਨੂੰ ਫਾਰੂਕੀ ਨੇ ਦੱਸਿਆ ਸੀ ਕਿ ਉਸ ਦੀ ਮਾਂ ਤੇ ਭੈਣ ਆ ਰਹੀਆਂ ਹਨ ਜਿਨ੍ਹਾਂ ਨੂੰ ਉਸ ਨੇ ਰਾਤ ਹੀ ਫੋਨ ਕਰ ਕੇ ਉਸ ਬਾਰੇ ਦੱਸ ਦਿੱਤਾ ਸੀ। ਜਦੋਂ ਦੋਨੋਂ ਘਰ ਪਹੁੰਚੇ ਤਾਂ ਉਦੋਂ ਤੱਕ ਇਸਮਤ ਤੇ ਫੌਜ਼ੀਆ ਆ ਚੁੱਕੀਆਂ ਸਨ। ਅੰਦਰ ਜਾਂਦਿਆਂ ਹੀ ਆਫੀਆ ਨੇ ਸੁੱਕ ਕੇ ਤਾਂਬੜ ਬਣ ਚੁੱਕੀ ਮਾਂ ਵੱਲ ਵੇਖਿਆ। ਆਫੀਆ ਦੇ ਹੰਝੂ ਛਲਕ ਆਏ। ਇਸਮਤ ਧਾਹ ਮਾਰ ਕੇ ਉਠੀ ਤੇ ਆਫੀਆ ਨੂੰ ਚੰਬੜ ਗਈ।
“ਹਾਏ ਨੀ ਧੀਏ ਤੂੰ ਕਿਨ੍ਹਾਂ ਔਜੜ ਰਾਹਾਂ ‘ਤੇ ਤੁਰ ਪਈ?” ਰੋਂਦਿਆਂ ਇਸਮਤ ਨੇ ਆਫੀਆ ਨੂੰ ਬਾਹਾਂ ‘ਚ ਲਪੇਟ ਲਿਆ। ਆਫੀਆ ਨੇ ਕੁਝ ਕਹਿਣਾ ਚਾਹਿਆ ਪਰ ਮੂੰਹੋਂ ਬੋਲ ਨਾ ਫੁੱਟੇ ਤੇ ਉਚੀ-ਉਚੀ ਰੋਣ ਲੱਗੀ। ਦੋ-ਚਾਰ ਮਿੰਟ ਮਾਂਵਾਂ-ਧੀਆਂ ਵੈਰਾਗ ਦੇ ਹੰਝੂ ਵਹਾਉਂਦੀਆਂ ਰਹੀਆਂ। ਮਾਂ ਦੀ ਛਾਤੀ ਨਾਲੋਂ ਸਿਰ ਪਾਸੇ ਹਟਾਉਂਦਿਆਂ ਆਫੀਆ ਨੇ ਵੱਡੀ ਭੈਣ ਫੌਜ਼ੀਆ ਵੱਲ ਵੇਖਿਆ ਤਾਂ ਉਹ ਮਾਂ ਨਾਲੋਂ ਪਾਸੇ ਹਟਦੀ ਉਸ ਨੂੰ ਚੰਬੜ ਗਈ। ਇੱਕ ਵਾਰ ਫਿਰ ਤੋਂ ਹੰਝੂ ਧਾਰਾਂ ਬਣ ਕੇ ਵਗਣ ਲੱਗੇ। ਦੋਨੋਂ ਭੈਣਾਂ ਰੱਜ ਕੇ ਰੋਈਆਂ। ਫਾਰੂਕੀ ਅਤੇ ਉਸ ਦੀ ਘਰਵਾਲੀ ਨੇ ਅੱਖਾਂ ਪੂੰਝਦਿਆਂ ਤਿੰਨਾਂ ਨੂੰ ਚੁੱਪ ਕਰਵਾਇਆ। ਬੜੀ ਜਜ਼ਬਾਤੀ ਮਿਲਣੀ ਸੀ। ਵੱਖ-ਵੱਖ ਹੋ ਕੇ ਵੀ ਕਾਫੀ ਦੇਰ ਤੱਕ ਸਾਰੇ ਹੰਝੂ ਵਗਾਉਂਦੇ ਰਹੇ। ਹੌਲੀ-ਹੌਲੀ ਫਾਰੂਕੀ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲੱਗਿਆ। ਉਸ ਦੇ ਨਾਲ ਹੀ ਦੂਜੇ ਵੀ ਚੁੱਪ ਕਰ ਗਏ ਤੇ ਉਸ ਦੀ ਗੱਲਬਾਤ ‘ਚ ਹਿੱਸਾ ਲੈਣ ਲੱਗੇ।
“ਅੰਮੀ ਮੇਰੇ ਜੁਆਕਾਂ ਦਾ ਕੀ ਹਾਲ ਐ?” ਆਫੀਆ ਨੇ ਉਦਾਸ ਆਵਾਜ਼ ‘ਚ ਪੁੱਛਿਆ।
“ਤੇਰਾ ਮੁੰਡਾ ਅਤੇ ਧੀ ਦੋਨੋਂ ਠੀਕ ਨੇ। ਤੂੰ ਦੱਸ ਕਿ ਵੱਡਾ ਅਹਿਮਦ ਕਿਵੇਂ ਐਂ?”
“ਠੀਕ ਐ ਉਹ ਵੀ ਅੰਮੀ।” ਇੰਨਾ ਕਹਿੰਦਿਆਂ ਆਫੀਆ ਚੁੱਪ ਹੋ ਗਈ ਤੇ ਕੰਧ ਵੱਲ ਵੇਖਣ ਲੱਗੀ।
“ਸਭ ਠੀਕ ਨੇ ਇੱਕ ਮੇਰੀ ਧੀ ਤੋਂ ਬਿਨਾਂ।” ਇੰਨਾ ਕਹਿੰਦਿਆਂ ਇਸਮਤ ਨੇ ਹੌਕਾ ਭਰਿਆ। ਉਸ ਦੀ ਗੱਲ ਨੇ ਆਫੀਆ ਦੀ ਸੁਰਤੀ ਭੰਗ ਕੀਤੀ ਤੇ ਉਸ ਨੇ ਖਾਲੀ-ਖਾਲੀ ਨਜ਼ਰਾਂ ਨਾਲ ਮਾਂ ਵੱਲ ਵੇਖਿਆ।
“ਅਹਿਮਦ ਕਿੱਥੇ ਐ ਹੁਣ?” ਮਾਂ ਨੇ ਪੁੱਛਿਆ।
“ਅੰਮੀ ਉਹ ਜਿਥੇ ਕਿਤੇ ਵੀ ਐ, ਠੀਕ ਐ।”
“ਉਸ ਜੁਆਕ ‘ਤੇ ਵੀ ਵਖਤ ਪੈ ਗਿਆ।”
“ਨ੍ਹੀਂ ਅੰਮੀ, ਵਖਤ ਨ੍ਹੀਂ ਸਗੋਂ ਉਸ ‘ਤੇ ਤਾਂ ਅੱਲਾ ਦੀ ਮਿਹਰ ਹੋਈ ਐ ਜੋ ਉਹ ਜਹਾਦ ‘ਚ ਸ਼ਾਮਲ ਹੋਇਆ ਐ।”
“ਜੁਆਕ ਦੇ ਖੇਡਣ ਕੁੱਦਣ ਦੇ ਦਿਨ ਸਨ, ਪਤਾ ਨ੍ਹੀਂæææ।” ਗੱਲ ਅਧੂਰੀ ਛੱਡਦੀ ਇਸਮਤ ਚੁੱਪ ਹੋ ਗਈ।
“ਜਹਾਦੀ ਮਾਂ ਦਾ ਪੁੱਤਰ ਐ। ਉਸ ਨੂੰ ਕੁਛ ਨ੍ਹੀਂ ਹੋਇਆ। ਉਹ ਮੌਜ ‘ਚ ਐ।” ਇੰਨੀ ਗੱਲ ਕਹਿੰਦਿਆਂ ਆਫੀਆ ਦੇ ਚਿਹਰੇ ‘ਤੇ ਆਤਮ ਵਿਸ਼ਵਾਸ ਪਰਤ ਆਇਆ। ਥੋੜ੍ਹੀ ਦੇਰ ਪਹਿਲਾਂ ਉਦਾਸੀ ‘ਚ ਡੁੱਬੀ ਆਫੀਆ ਫਿਰ ਤੋਂ ਹੌਸਲੇ ‘ਚ ਆ ਗਈ। ਭਾਵੁਕ ਗੱਲਾਂ ਛੱਡ ਕੇ ਉਹ ਜਹਾਦ ਦੀਆਂ ਗੱਲਾਂ ਕਰਨ ਲੱਗੀ। ਸਾਰੇ ਜਣੇ ਉਸ ਦੇ ਮੂੰਹ ਵੱਲ ਵੇਖਦੇ ਉਸ ਦੀਆਂ ਗੱਲਾਂ ਸੁਣਦੇ ਰਹੇ। ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਸ਼ਾਮ ਹੋ ਗਈ। ਕਮਰੇ ‘ਚ ਤਿੰਨੋਂ ਮਾਂਵਾਂ-ਧੀਆਂ ਰਹਿ ਗਈਆਂ ਤਾਂ ਫੌਜ਼ੀਆ ਨੇ ਗੱਲ ਤੋਰੀ, “ਆਫੀਆ, ਹੁਣ ਤੇਰਾ ਅੱਗੇ ਕੀ ਕਰਨ ਦਾ ਇਰਾਦਾ ਐ?”
“ਕੀ ਮਤਲਬ?” ਆਫੀਆ ਨੇ ਤ੍ਰਭਕ ਕੇ ਫੌਜ਼ੀਆ ਵੱਲ ਵੇਖਿਆ।
“ਮਤਲਬ ਇਹੀ ਕਿ ਹੁਣ ਅੱਗੇ ਦਾ ਕੀ ਸੋਚਿਆ ਐ?”
“ਅੱਗੇ ਪਿੱਛੇ ਕੁਛ ਨ੍ਹੀਂ ਆਪਾ। ਮੇਰਾ ਸਭ ਕੁਛ ਜਹਾਦ ਦੇ ਲੇਖੇ ਐ।”
“ਆਫੀਆ ਵਾਪਸ ਮੁੜ ਆ। ਪਿੱਛੇ ਜੋ ਹੋ ਗਿਆ, ਸੋ ਹੋ ਗਿਆ। ਆਪਾਂ ਮਿਲਜੁਲ ਕੇ ਸਭ ਕੁਛ ਠੀਕ ਕਰ ਲਵਾਂਗੇ।”
ਆਫੀਆ ਉਸ ਦੀ ਗੱਲ ਨਹੀਂ ਸੁਣ ਰਹੀ ਸੀ। ਉਹ ਤਾਂ ਕੰਧ ਵੱਲ ਵੇਖਦੀ ਫਿਰ ਕਿਧਰੇ ਗੁਆਚ ਗਈ ਸੀ।
“ਆਫੀਆ ਤੈਨੂੰ ਤੇਰਾ ਕਮਰਾ ਉਡੀਕ ਰਿਹਾ ਐ। ਤੇਰੇ ਪਾਲਤੂ ਜਾਨਵਰ, ਕੁੱਤਾ ਬਿੱਲੀ ਤੈਨੂੰ ਹਰ ਥਾਂ ਭਾਲਦੇ ਫਿਰਦੇ ਨੇ। ਤੇਰੇ ਲਾਏ ਹੋਏ ਬੂਟੇ ਤੈਨੂੰ ਉਡੀਕ ਰਹੇ ਨੇ। ਉਨਾਂ ਨੂੰ ਲੱਗੇ ਫੁੱਲ ਤੇਰੀ ਰਾਹ ਦੇਖ ਰਹੇ ਨੇ।”
“ਹੈਂ! ਕੀ ਕਿਹਾ?” ਸੋਚਾਂ ‘ਚੋਂ ਨਿਕਲਦਿਆਂ ਆਫੀਆ ਨੇ ਫੌਜ਼ੀਆ ਵੱਲ ਵੇਖਿਆ।
“ਆਫੀਆ ਮੇਰੀ ਧੀ, ਤੂੰ ਸਾਡੇ ਨਾਲ ਆਪਣੇ ਘਰ ਚੱਲ।” ਇਸਮਤ ਉਠੀ ਤੇ ਉਸ ਨੇ ਮੋਹ ‘ਚ ਆਫੀਆ ਨੂੰ ਜੱਫੀ ਪਾ ਲਈ। ਆਫੀਆ ਨੇ ਵੀ ਮਾਂ ਦੇ ਦੁਆਲੇ ਬਾਂਹ ਲਪੇਟਦਿਆਂ ਅੱਖਾਂ ਮੀਚ ਲਈਆਂ। ਉਸ ਨੂੰ ਚੁੱਪ ਵੇਖ ਕੇ ਇਸਮਤ ਫਿਰ ਆਪ ਮੁਹਾਰੇ ਬੋਲੀ, “ਇਹ ਸਾਰਾ ਕਸੂਰ ਉਸ ਨਈਮ ਖਾਂ ਦੇ ਪੁੱਤਰ ਦਾ ਐ।” ਉਸ ਦਾ ਇਸ਼ਾਰਾ ਆਫੀਆ ਦੇ ਤਲਾਕ ਲੈ ਚੁੱਕੇ ਪਤੀ, ਅਮਜਦ ਵੱਲ ਸੀ।
“ਉਸ ਦਾ ਕਿਉਂ ਅੰਮੀ?” ਮਾਂ ਦੀ ਛਾਤੀ ਨਾਲ ਲੱਗੀ ਲਗਾਈ ਆਫੀਆ ਬੋਲੀ।
“ਉਸ ਨੇ ਤੈਨੂੰ ਬਣਦੀ ਮੁਹੱਬਤ ਨ੍ਹੀਂ ਦਿੱਤੀ। ਅੱਲਾ ਕਰੇ ਉਸ ਦੇ ਕੀੜੇæææ।”
“ਅੰਮੀæææਇਸ ਤੋਂ ਅੱਗੇ ਕੁਛ ਨਾ ਬੋਲੀਂ।” ਮਾਂ ਦੀ ਗੱਲ ਵਿਚਕਾਰੋਂ ਕਟਦਿਆਂ ਆਫੀਆ ਉਸ ਤੋਂ ਵੱਖ ਹੋ ਗਈ।
“ਤੂੰ ਅਜੇ ਵੀ ਉਸ ਦੀ ਤਰਫਦਾਰੀ ਕਰਦੀ ਐਂ। ਉਸ ਨੇ ਤਾਂ ਤੈਨੂੰ ਤਲਾਕ ਦੇਣ ਲੱਗੇ ਨੇ ਕੁਛ ਸੋਚਿਆ ਈ ਨਾ।”
“ਅੰਮੀ ਉਹ ਹੋਰ ਗੱਲ ਐ। ਉਹ ਸਾਡਾ ਆਪਸ ਦਾ ਮਾਮਲਾ ਸੀ, ਪਰ ਮੈਂ ਅਮਜਦ ਬਾਰੇ ਕੁਛ ਨ੍ਹੀਂ ਸੁਣ ਸਕਦੀ।”
“ਮੈਂ ਤੇਰੇ ਨਾਲ ਸਹਿਮਤ ਨ੍ਹੀਂ ਆਂ ਆਫੀਆ। ਜੇ ਉਹ ਚਾਹੁੰਦਾ ਤਾਂ ਤੂੰ ਆਪਣੇ ਘਰੇ ਸੁੱਖੀ-ਸਾਂਦੀ ਰਹਿ ਸਕਦੀ ਸੀ ਤੇæææ।”
“ਤੇ ਕੀ?”
“ਤੂੰ ਇਨ੍ਹਾਂ ਗਲਤ ਰਾਹਾਂ ‘ਤੇ ਜਾਣ ਤੋਂ ਬਚ ਰਹਿੰਦੀ।”
“ਅੰਮੀæææ।” ਆਫੀਆ ਭੜਕਦਿਆਂ ਉਠ ਖਲੋਤੀ। ਉਹ ਗੁੱਸੇ ਨਾਲ ਕੰਬਦਿਆਂ ਬੋਲੀ, “ਇਹ ਗਲਤ ਰਾਹ ਨ੍ਹੀਂ ਐ। ਇਹ ਤਾਂ ਸਗੋਂ ਅੱਲਾ ਦੀ ਖਿਦਮਤ ਕਰਨ ਦਾ ਇੱਕੋ ਇੱਕ ਰਾਹ ਐ। ਤੁਸੀਂ ਲੋਕ ਕੀ ਜਾਣੋ ਕਿ ਜਹਾਦ ਕਿੰਨਾ ਪਾਕ ਕਾਰਜ ਐ।”
“ਪਹਿਲਾਂ ਤੇਰੇ ਦੁੱਖ ‘ਚ ਤੇਰਾ ਅੱਬੂ ਚੱਲ ਵਸਿਆ ਤੇ ਹੁਣæææ।” ਇਸਮਤ ਰੋਣ ਲੱਗੀ।
“ਮਰਨਾ ਤਾਂ ਸਭ ਨੇ ਈ ਐ, ਪਰ ਕੁਰਬਾਨੀ ਕੋਈ-ਕੋਈ ਈ ਕਰਨ ਜਾਣਦਾ।” ਆਫੀਆ ਉਵੇਂ ਹੀ ਗੁੱਸੇ ਨਾਲ ਕੰਬੀ ਜਾ ਰਹੀ ਸੀ।
“ਤੈਨੂੰ ਪਤਾ ਐ ਕਿ ਤੇਰੇ ਅੱਬੂ ਨੇ ਮਰਨ ਵੇਲੇ ਕੀ ਕਿਹਾ ਸੀ?”
“ਹਾਂ ਹਾਂ ਮੈਨੂੰ ਯਾਦ ਐ।” ਆਫੀਆ ਨੂੰ ਉਹ ਗੱਲ ਯਾਦ ਆਈ ਜਦੋਂ ਆਖਰੀ ਦਿਨਾਂ ‘ਚ ਉਸ ਦੇ ਅੱਬੂ ਨੇ ਉਸ ਬਾਰੇ ਕਿਹਾ ਸੀ ਕਿ ਇਸ ਨਾਲੋਂ ਚੰਗਾ ਸੀ ਆਫੀਆ ਜੰਮਦੀ ਹੀ ਮਰ ਜਾਂਦੀ। ਉਸ ਵੇਲੇ ਆਫੀਆ ਚੁੱਪ ਰਹੀ ਸੀ ਕਿਉਂਕਿ ਉਹ ਜਾਣਦੀ ਸੀ ਕਿ ਇਹ ਉਸ ਦੇ ਪਿਉ ਦਾ ਆਖਰੀ ਵਕਤ ਐ, ਪਰ ਅੱਜ ਉਹ ਚੁੱਪ ਨਾ ਰਹੀ। ਮਾਂ ਵੱਲ ਘੂਰਦਿਆਂ ਉਹ ਫਿਰ ਬੋਲੀ, “ਤੁਸੀਂ ਲੋਕ ਇਸ ਧਰਤੀ ‘ਤੇ ਭਾਰ ਓਂ। ਖਾ ਲਿਆ, ਪੀ ਲਿਆ ਤੇ ਜ਼ਿੰਦਗੀ ਗੁਜ਼ਾਰ ਲਈ। ਤੁਹਾਨੂੰ ਜਹਾਦ ਵਰਗੇ ਪਾਕ ਕਾਰਜਾਂ ਦੀ ਸਮਝ ਨ੍ਹੀਂ ਆ ਸਕਦੀ।”
ਫੌਜ਼ੀਆ ਨੇ ਇਸ਼ਾਰੇ ਨਾਲ ਮਾਂ ਨੂੰ ਚੁੱਪ ਕਰਾਇਆ ਤੇ ਫਿਰ ਉਹ ਆਫੀਆ ਨੂੰ ਸ਼ਾਂਤ ਕਰਨ ਲੱਗੀ। ਹੌਲੀ-ਹੌਲੀ ਮਾਹੌਲ ਸਾਵਾਂ ਹੋ ਗਿਆ। ਦੇਰ ਰਾਤ ਤੱਕ ਇਸਮਤ ਅਤੇ ਫੌਜ਼ੀਆ ਉਸ ਨੂੰ ਢੰਗ ਤਰੀਕੇ ਨਾਲ ਸਮਝਾਉਂਦੀਆਂ ਰਹੀਆਂ, ਪਰ ਆਫੀਆ ਨੇ ਮੁੜ ਕੇ ਉਨ੍ਹਾਂ ਨਾਲ ਢੰਗ ਨਾਲ ਗੱਲ ਨਾ ਕੀਤੀ। ਖਾ ਪੀ ਕੇ ਸਭ ਪੈ ਗਏ ਪਰ ਆਫੀਆ ਪਲ ਭਰ ਵੀ ਨਾ ਸੁੱਤੀ। ਉਹ ਸਾਰੀ ਰਾਤ ਨਮਾਜ਼ਾਂ ਅਦਾ ਕਰਦੀ ਰਹੀ ਤੇ ਆਪਣੇ ਆਪ ਨਾਲ ਗੱਲਾਂ ਕਰਦੀ ਰਹੀ। ਅਗਲੇ ਦਿਨ ਸਵੇਰੇ ਸਦੇਹਾਂ ਹੀ ਸਦੀਕੀ ਨੇ ਉਸ ਨੂੰ ਬੁਲਾਇਆ, “ਆਫੀਆ ਬੇਟੀ ਤੂੰ ਤਾਂ ਸਾਰੀ ਰਾਤ ਸੁੱਤੀ ਨ੍ਹੀਂ, ਕਿਵੇਂ ਤਬੀਅਤ ਤਾਂ ਠੀਕ ਐ ਨਾ?”
“ਮਾਮੂਜਾਨ ਜਜ਼ਬਾਤੀ ਮਾਹੌਲ ਨੇ ਮੇਰੇ ਅੰਦਰ ਜੋ ਕਮਜ਼ੋਰੀ ਲਿਆਂਦੀ ਸੀ, ਮੈਂ ਉਸੇ ਲਈ ਅੱਲਾ ਤੋਂ ਭੁੱਲਾਂ ਬਖਸ਼ਾਉਂਦੀ ਰਹੀ ਆਂ। ਹੁਣ ਮੈਂ ਪੂਰੀ ਤਰ੍ਹਾਂ ਉਸ ਮਾਹੌਲ ‘ਚੋਂ ਬਾਹਰ ਆ ਚੁੱਕੀ ਆਂ।”
ਉਸ ਦੀ ਗੱਲ ਦਾ ਕੋਈ ਜੁਆਬ ਦਿੱਤੇ ਬਿਨਾਂ ਸਦੀਕੀ ਰਸੋਈ ‘ਚ ਚਲਾ ਗਿਆ ਤੇ ਉਸ ਲਈ ਚਾਹ ਦਾ ਕੱਪ ਲੈ ਆਇਆ ਪਰ ਆਫੀਆ ਨੇ ਕੁਝ ਵੀ ਖਾਣ-ਪੀਣ ਤੋਂ ਇਨਕਾਰ ਕਰ ਦਿੱਤਾ। ਜਦੋਂ ਨੂੰ ਇਸਮਤ ਅਤੇ ਫੌਜ਼ੀਆ ਉਥੇ ਆਈਆਂ ਤਾਂ ਆਫੀਆ ਆਪਣਾ ਸਮਾਨ ਬੰਨ੍ਹ ਰਹੀ ਸੀ। ਉਹ ਹੈਰਾਨ ਹੋ ਕੇ ਉਸ ਵੱਲ ਝਾਕੀਆਂ ਤੇ ਇਸਮਤ ਬੋਲੀ, “ਆਫੀਆ ਤੂੰ ਇੰਨੇ ਸਵੇਰੇ ਕਿੱਧਰ ਲਈ ਤਿਆਰ ਹੋ ਰਹੀ ਐਂ?”
“ਮੈਂ ਆਪਣੀ ਅਸਲੀ ਮੰਜ਼ਲ ਵੱਲ ਜਾ ਰਹੀ ਆਂ।” ਉਹ ਬਿਨਾਂ ਉਨ੍ਹਾਂ ਵੱਲ ਵੇਖਿਆਂ ਬੋਲੀ। ਸਾਰੇ ਚੁੱਪ-ਚਾਪ ਉਸ ਵੱਲ ਵੇਖਦੇ ਰਹੇ ਤੇ ਉਹ ਤਿਆਰ ਹੁੰਦੀ ਰਹੀ। ਆਖਰ ਸਦੀਕੀ ਨੇ ਪਿਆਰ ਨਾਲ ਉਸ ਨੂੰ ਬੁਲਾਇਆ, “ਆਫੀਆ ਬੇਟੀ ਇੰਨੀ ਕਾਹਲੀ ਕਿਉਂ ਕਰ ਰਹੀ ਐਂ। ਮੈਂ ਤੇਰੇ ਨਾਲ ਵਾਅਦਾ ਕੀਤਾ ਐ ਕਿ ਮੈਂ ਤੈਨੂੰ ਖੁਦ ਤੇਰੀ ਮੰਜ਼ਲ ‘ਤੇ ਪਹੁੰਚਾ ਕੇ ਆਵਾਂਗਾ।”
“ਨ੍ਹੀਂ ਮਾਮੂ, ਹੁਣ ਮੇਰੇ ਲਈ ਇੱਥੇ ਹੋਰ ਠਹਿਰਨਾ ਮੁਮਕਿਨ ਨ੍ਹੀਂ। ਮੈਂ ਨ੍ਹੀਂ ਚਾਹੁੰਦੀ ਕਿ ਇਹ ਮਾਹੌਲ ਮੇਰੇ ਇਰਾਦੇ ਨੂੰ ਕਮਜ਼ੋਰ ਬਣਾਵੇ।”
“ਪਰ ਮੈਂ ਕਹਿ ਰਿਹਾ ਆਂ ਕਿ ਮੈਂ ਤੈਨੂੰæææ।”
“ਮਾਮੂ ਮੇਰੀ ਮੰਜ਼ਲ ਮੈਨੂੰ ਪਤਾ ਐ ਤੇ ਉਥੇ ਪਹੁੰਚਣ ਦਾ ਰਾਹ ਵੀ ਮੈਂ ਆਪ ਈ ਲੱਭਾਂਗੀ।” ਇੰਨਾ ਕਹਿੰਦਿਆਂ ਆਫੀਆ ਨੇ ਆਪਣਾ ਭਾਰਾ ਕਾਲਾ ਬੈਗ ਚੁੱਕ ਕੇ ਮੋਢੇ ‘ਤੇ ਪਾ ਲਿਆ। ਸਦੀਕੀ ਨੇ ਉਸ ਦਾ ਬੈਗ ਚੁੱਕਣ ‘ਚ ਮਦਦ ਕਰਨੀ ਚਾਹੀ ਤਾਂ ਆਫੀਆ ਨੇ ਬੈਗ ਨੂੰ ਹੱਥ ਨਾ ਲਾਉਣ ਦਿੱਤਾ। ਜਦੋਂ ਉਹ ਤੁਰਨ ਲੱਗੀ ਤਾਂ ਸਦੀਕੀ ਨੇ ਟੈਕਸੀ ਆਉਣ ਤੱਕ ਉਡੀਕਣ ਲਈ ਕਿਹਾ। ਆਫੀਆ ਨੇ ਬੈਗ ਥੱਲੇ ਰੱਖਦਿਆਂ ਉਸ ਦੀ ਗੱਲ ਮੰਨ ਲਈ ਤਾਂ ਸਦੀਕੀ ਨੇ ਟੈਕਸੀ ਕਾਲ ਕਰ ਦਿੱਤੀ। ਟੈਕਸੀ ਆਉਣ ਤੱਕ ਇਸਮਤ ਅਤੇ ਫੌਜ਼ੀਆ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀਆਂ ਰਹੀਆਂ ਪਰ ਉਸ ਨੇ ਢੰਗ ਨਾਲ ਗੱਲ ਨਾ ਕੀਤੀ। ਇਸਮਤ ਰੋਣ ਲੱਗੀ। ਉਸ ਨੇ ਆਫੀਆ ਨੂੰ ਕੁਝ ਪੈਸੇ ਦੇਣੇ ਚਾਹੇ ਤਾਂ ਉਸ ਨੇ ਪੈਸਿਆਂ ਵੱਲ ਵੇਖਿਆ ਵੀ ਨਾ। ਇੰਨੇ ਨੂੰ ਟੈਕਸੀ ਆ ਗਈ। ਆਫੀਆ ਨੇ ਹੇਠਾਂ ਰੱਖਿਆ ਬੈਗ ਚੁਕਿਆ ਤੇ ਬਾਹਰ ਨਿਕਲ ਤੁਰੀ। ਸਾਰਾ ਪਰਿਵਾਰ ਰੋਂਦਾ ਰਹਿ ਗਿਆ ਤੇ ਆਫੀਆ ਬਿਨਾਂ ਉਨ੍ਹਾਂ ਵੱਲ ਧਿਆਨ ਦਿੱਤਿਆਂ ਟੈਕਸੀ ‘ਚ ਬਹਿ ਕੇ ਚਲੀ ਗਈ।
ਅਗਲੇ ਛੇ ਮਹੀਨੇ ਤੱਕ ਆਫੀਆ ਦੇ ਘਰ ਵਾਲਿਆਂ ਨੂੰ ਉਸ ਬਾਰੇ ਕੁਝ ਪਤਾ ਨਾ ਲੱਗਿਆ। ਫਿਰ ਉਸ ਦਿਨ ਉਨ੍ਹਾਂ ਦੇ ਹੋਸ਼ ਉਡ ਗਏ ਜਦੋਂ ਖ਼ਬਰ ਆਈ ਕਿ ਆਫੀਆ, ਅਫਗਾਨਿਸਤਾਨ ਦੇ ਗਜ਼ਨੀ ਸ਼ਹਿਰ ‘ਚ ਫੜੀ ਗਈæææ।
(ਚੱਲਦਾ)
Leave a Reply