ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਗੁਰੂ ਨਾਨਕ ਸਾਹਿਬ ਆਪਣੇ ਸਮੇਂ ਦੇ ਪਰਪੱਕ ਵਿਗਿਆਨੀ ਸਨ; ਪਰ ਕਈ ਅਜੋਕੇ ਸਿੱਖ ਵਿਦਵਾਨ, ਜਿਨ੍ਹਾਂ ਵਿਚ ਕਈ ਤਾਂ ਵਿਗਿਆਨ ਦੇ ਡਿਗਰੀ-ਧਾਰਕ ਜਾਂ ਸਥਾਪਤ ਵਿਗਿਆਨੀ ਵੀ ਹਨ, ਇਸ ਵਿਚਾਰ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਨੂੰ ਗੁਰੂ ਨਾਨਕ ਜਿਹੇ ਮੱਧ ਕਾਲੀ ਰੁਹਾਨੀ ਫਕੀਰ ਨੂੰ ਵਿਗਿਆਨੀ ਕਹਿਣਾ ਅਤਿ ਕਥਨੀ ਲਗਦਾ ਹੈ।
ਇਨ੍ਹਾਂ ਵਿਚੋਂ ਅਧਿਆਤਮਕ ਪੱਖ ਦੇ ਵਿਦਵਾਨ ਸਮਝਦੇ ਹਨ ਕਿ ਵਿਗਿਆਨ ਤਾਂ ਸੰਸਾਰਕ ਚੀਜ਼ਾਂ ਦੀ ਤਕਨੀਕੀ ਸਿਖਿਆ ਹੈ, ਜੋ ਆਮ ਲੋਕ ਸਕੂਲਾਂ, ਕਾਲਜਾਂ ਵਿਚ ਪੜ੍ਹਦੇ ਹਨ ਤੇ ਇਸ ਪਿਛੋਂ ਖੋਜ ਕਰਕੇ ਉਪਯੋਗੀ ਉਪਕਰਣ ਬਣਾਉਂਦੇ ਹਨ। ਉਨ੍ਹਾਂ ਅਨੁਸਾਰ ਗੁਰੂ ਸਾਹਿਬ ਨੇ ਤਾਂ ਨਾ ਅਜਿਹੀ ਕੋਈ ਸਿੱਖਿਆ ਲਈ ਤੇ ਨਾ ਹੀ ਕੋਈ ਕਾਢ ਕੱਢੀ। ਉਨ੍ਹਾਂ ਨੂੰ ਵਿਗਿਆਨੀ ਕਹਿ ਕੇ ਉਨ੍ਹਾਂ ਦਾ ਰੁਤਬਾ ਰੁਹਾਨੀ ਰਹਿਬਰ ਤੋਂ ਘਟਾ ਕੇ ਇਕ ਤਕਨੀਕੀ ਮਾਹਰ ਦਾ ਕਰਨ ਵਾਲੀ ਗੱਲ ਹੈ।
ਵਿਗਿਆਨ ਪੱਖ ਦੇ ਵਿਦਵਾਨ ਮੰਨਦੇ ਹਨ ਕਿ ਗੁਰੂ ਨਾਨਕ ਸਿਰਫ ਧਾਰਮਿਕ ਪ੍ਰਤਿਭਾ ਵਾਲੇ ਮਹਾਂਪੁਰਸ਼ ਸਨ, ਜਿਨ੍ਹਾਂ ਨੇ ਮਨੁੱਖਤਾ ਨੂੰ ਰੱਬ ਦੇ ਗੁਣ ਗਾਉਣ ਲਈ ਪ੍ਰੇਰਿਆ। ਉਨ੍ਹਾਂ ਨੇ ਧੌਲੇ ਬਲਦ, ਲਖ ਆਗਾਸਾਂ, ਲਖ ਪਾਤਾਲਾਂ, ਕੀਤਾ ਪਸਾਉ ਏਕੋ ਕਵਾਉ ਤੇ ਅਰਬਦਿ ਨਰਬਦਿ ਧੁੰਦੂਕਾਰਾ ਆਦਿ ਗੱਲਾਂ ਕਰ ਕੇ ਮੱਧ ਕਾਲੀ ਅੰਧਵਿਸ਼ਵਾਸ ਨੂੰ ਖੋਰਾ ਤਾਂ ਜਰੂਰ ਲਾਇਆ, ਪਰ ਇਹ ਆਮ ਜਿਹੀਆਂ ਗੱਲਾਂ ਕਹਿਣ ਨਾਲ ਕੋਈ ਵਿਗਿਆਨੀ ਨਹੀਂ ਬਣ ਜਾਂਦਾ। ਉਨ੍ਹਾਂ ਅਨੁਸਾਰ ਆਧੁਨਿਕ ਵਿਗਿਆਨ ਇਕ ਪ੍ਰਯੋਗੀ ਗਿਆਨ ਹੈ, ਜਿਸ ਨੂੰ ਸਿੱਖਣ ਲਈ ਉਚ-ਵਿਦਿਆਲਿਆਂ ਵਿਚ ਅਧਿਐਨ ਕਰਨਾ ਪੈਂਦਾ ਹੈ ਤੇ ਪ੍ਰਯੋਗਸ਼ਾਲਾਵਾਂ ਵਿਚ ਖੋਜ ਕਰਨੀ ਪੈਂਦੀ ਹੈ, ਪਰ ਗੁਰੂ ਸਾਹਿਬ ਦੀ ਤਾਂ ਅਜਿਹੀ ਕੋਈ ਕਰਨੀ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਵਿਗਿਆਨੀ ਕਹਿਣਾ ਵਿਗਿਆਨ ਬਾਰੇ ਸਮਝ ਦੀ ਘਾਟ ਹੈ।
ਸੱਚ ਪੁੱਛੋ, ਇਸ ਮੁੱਦੇ ‘ਤੇ ਅਧਿਆਤਮਕ ਤੇ ਵਿਗਿਆਨਕ-ਦੋਹਾਂ ਪੱਖਾਂ ਦੇ ਵਿਦਵਾਨਾਂ ਦਾ ਹਾਲ ‘ਸੁਭਿ ਅਮਲਾ ਬਾਝਹੁ ਦੋਨੋ ਰੋਈ’ ਵਾਲਾ ਹੈ। ਦੋਹਾਂ ਨੂੰ ਵਿਗਿਆਨ ਦਾ ਸੰਕਲਪ ਸਪਸ਼ਟ ਨਹੀਂ ਹੈ। ਮੂਲ ਤੌਰ ‘ਤੇ ਅਧਿਆਤਮਵਾਦ ਤੇ ਵਿਗਿਆਨ-ਦੋਹਾਂ ਦਾ ਸਬੰਧ ਗਿਆਨ ਨਾਲ ਹੈ, ਪਰ ਦੋਵੇਂ ਗਿਆਨ ਪ੍ਰਾਪਤੀ ਦੀਆਂ ਆਪਸ ਵਿਰੋਧੀ ਵਿਧੀਆਂ ਅਪਨਾਉਂਦੇ ਹਨ। ਅਧਿਆਤਮਵਾਦੀ ਖੁਦ ਨੂੰ ਸਹੀ ਮੰਨ ਕੇ ਵਿਗਿਆਨ ਨੂੰ ਪੁੱਠਾ ਗਿਆਨ ਸਮਝਦੇ ਸਨ। ਇਹ ਇਵੇਂ ਹੀ ਹੈ, ਜਿਵੇਂ ਤਰਕ ਦਾ ਉਲਟ ਵਿਤਰਕ ਤੇ ਦੇਸ਼ ਦਾ ਉਲਟ ਵਿਦੇਸ਼ ਹੈ। ਅਧਿਆਤਮਵਾਦ ਮਨੌਤ (ਦeਦੁਚਟਿਨ) ਦੇ ਸਿਧਾਂਤ ‘ਤੇ ਟਿਕਿਆ ਹੈ, ਜਿਸ ਵਿਚ ਕਿਸੇ ਉਕਤੀ ਨੂੰ ਅੱਟਲ ਸੱਚਾਈ ਮੰਨ ਕੇ ਉਸ ਨੂੰ ਯਥਾਰਥ ‘ਤੇ ਲਾਗੂ ਕੀਤਾ ਜਾਂਦਾ ਹੈ ਜਿਵੇਂ ਪਰਮਾਤਮਾ ਦਾ ਸੰਕਲਪ ਧਾਰ ਕੇ ਸੰਸਾਰ ਦੀ ਹਰ ਚੀਜ਼ ਤੇ ਹਰ ਪ੍ਰਕ੍ਰਿਆ ‘ਤੇ ਅਜ਼ਮਾਇਆ ਜਾਂਦਾ ਹੈ।
ਵਿਗਿਆਨ ਦਾ ਆਧਾਰ ਢੁੰਡੌਤ (ਨਿਦੁਚਟਿਨ) ਹੈ, ਜਿਸ ਵਿਚ ਪਹਿਲਾਂ ਯਥਾਰਥਕ ਚੀਜ਼ਾਂ ਨੂੰ ਚੰਗੀ ਤਰ੍ਹਾਂ ਘੋਖ-ਪਰਖ ਕੇ ਇਕ ਸੰਕਲਪ ਉਸਾਰਿਆ ਜਾਂਦਾ ਹੈ, ਫਿਰ ਸੰਸਾਰਕ ਵਸਤਾਂ ਤੇ ਵਰਤਾਰਿਆਂ ਨੂੰ ਇਸ ਵਿਚ ਬਿਠਾਇਆ ਜਾਂਦਾ ਹੈ। ਇਉਂ ਕਹੋ ਕਿ ਅਧਿਆਤਮਵਾਦ ਅਸਮਾਨ ਵਲ ਵੇਖ ਕੇ ਸੰਸਾਰ ਵਲ ਵੇਖਦਾ ਹੈ ਤੇ ਵਿਗਿਆਨ ਧਰਤੀ ਵਲ ਵੇਖ ਕੇ ਅਸਮਾਨ ਵਲ। ਜਦੋਂ ਤੀਕ ਮਨੁੱਖ ਨੇ ਆਪਣੀ ਸੋਚ ਦਾ ਮੂੰਹ ਧਰਤੀ ਵੱਲ ਨਹੀਂ ਕੀਤਾ, ਉਦੋਂ ਤੀਕ ਵਿਗਿਆਨ ਯੂਰਪ ਵਿਚ ਵੀ ਨਹੀਂ ਸੀ ਆਇਆ। ਜੋ ਕੰਮ ਪੁਨਰ-ਜਾਗ੍ਰਿਤੀ (੍ਰeਨਅਸਿਸਅਨਚe) ਨੇ ਯੂਰਪ ਵਿਚ ਕੀਤਾ, ਉਹੀ ਗੁਰੂ ਨਾਨਕ ਨੇ ਭਾਰਤ ਵਿਚ; ਪਰ ਭਾਰਤ ਦੀ ਪ੍ਰਭਾਵੀ ਅਧਿਆਤਮਵਾਦੀ ਸੋਚ ਨੇ ਇਸ ਨੂੰ ਧਰਮ ਦਾ ਹੀ ਇਕ ਰੂਪ ਸਮਝ ਲਿਆ।
ਇਸ ਲਈ ਵਿਗਿਆਨ ਦਾ ਸਬੰਧ ਜਿੱਥੇ ਵਿਗਿਆਨਕ ਕਾਢ ਨਾਲ ਹੈ, ਉਥੇ ਵਿਗਿਆਨਕ ਸੋਚ ਨਾਲ ਵੀ ਹੈ। ਸਗੋਂ ਇਹ ਕਹੋ ਕਿ ਵਿਗਿਆਨਕ ਕਾਢ ਨਾਲੋਂ ਵਿਗਿਆਨਕ ਸੋਚ ਨਾਲ ਪਹਿਲਾਂ ਹੈ, ਕਿਉਂਕਿ ਵਿਗਿਆਨਕ ਸੋਚ ਤੋਂ ਬਿਨਾ ਵਿਗਿਆਨਕ ਕਾਢ ਸੰਭਵ ਹੀ ਨਹੀਂ। ਵਿਗਿਆਨਕ ਸੋਚ ਵਿਗਿਆਨਕ ਵਿਧੀ ਦੀ ਮਾਂ ਹੈ, ਜੋ ਖੋਜਾਂ, ਕਾਢਾਂ ਸੰਭਵ ਕਰਦੀ ਹੈ। ਇਸ ਲਈ ਵਿਗਿਆਨਕ ਸੋਚ ਦਾ ਧਾਰਨੀ ਅਰਥਾਤ ਹੰਢਿਆ ਵਰਤਿਆ ਤਰਕ-ਪ੍ਰੇਰਕ ਸਗੋਂ ਵਿਗਿਆਨੀਆਂ ਦਾ ਵੀ ਵਿਗਿਆਨੀ ਹੁੰਦਾ ਹੈ। ਉਹ ਵਿਗਿਆਨਕ ਵਿਧੀ ਦਾ ਸਪਸ਼ਟੀਕਰਣ ਦੇ ਕੇ ਵਿਗਿਆਨੀਆਂ ਨੂੰ ਸੇਧ ਦਿੰਦਾ ਹੈ।
ਵਿਗਿਆਨਕ ਸੋਚ ਦੇ ਮੁੱਖ ਲੱਛਣ ਹਨ-ਸੱਚ ਪ੍ਰਤੀ ਨਿਸ਼ਠਾ ਰੱਖਣਾ, ਪ੍ਰਕ੍ਰਿਤਿਕ ਵਰਤਾਰਿਆਂ ਪ੍ਰਤੀ ਵਿਸਮਾਦ ਪ੍ਰਗਟ ਕਰਨਾ, ਕੁਦਰਤ ਦੇ ਗਿਆਨ ਦੀ ਤਾਂਘ ਰੱਖਣਾ, ਸੰਸਾਰਕ ਪ੍ਰਕ੍ਰਿਆਵਾਂ ਨੂੰ ਨਿਰਪੱਖਤਾ ਨਾਲ ਪੇਖਣਾ (ੋਬਸeਰਵe ੋਬਜeਚਟਵਿeਲੇ), ਪ੍ਰਕਿਰਤੀ ਦੇ ਭੇਦ ਜਾਣਨ ਲਈ ਯੋਗ ਪ੍ਰਸ਼ਨ ਪੁੱਛਣਾ, ਪ੍ਰਸ਼ਨਾਂ ਦੇ ਯੋਗ ਉਤਰ ਭਾਲਣ ‘ਤੇ ਜੋਰ ਦੇਣਾ, ਪਾਰਦਰਸ਼ੀ ਢੰਗ ਨਾਲ ਗੋਸ਼ਟੀਆਂ ਕਰਨੀਆਂ, ਤਰਕ ਭਰਪੂਰ ਦਲੀਲਾਂ ਦੇਣੀਆਂ, ਸਹੀ ਗਲਤ ਦੀ ਪਰਖ ਪੜਤਾਲ ਕਰਨਾ, ਸੁਣੀ-ਸੁਣਾਈ ਗੱਲ ‘ਤੇ ਅੰਨਾ ਯਕੀਨ ਨਾ ਕਰਨਾ, ਵਿਵੇਕ ਵਿਚਾਰ ‘ਤੇ ਟੇਕ ਰੱਖਣੀ; ਜਿੱਥੇ ਤਰਕ ਸਾਥ ਨਾ ਦੇਵੇ, ਉਥੇ ਪਰੀਖਣ ਕਰ ਕੇ ਜਾਂਚਣ ਦੀ ਗੱਲ ਕਹਿਣਾ, ਪ੍ਰਮਾਣਾਂ ਤੇ ਸਬੂਤਾਂ ਨੂੰ ਉਕਤੀਆਂ ਦਾ ਆਧਾਰ ਬਣਾਉਣਾ ਆਦਿ।
ਇਸ ਤੋਂ ਬਿਨਾ ਅਨਿਸ਼ਚਿਤ ਗੱਲਾਂ ਬਾਰੇ ਖੋਜ ਤੋਂ ਪਹਿਲਾਂ ਨਿਸ਼ਚਿਤ ਬਿਆਨ ਨਾ ਦੇਣਾ, ਲੱਭੀ ਜਾਣ ਵਾਲੀ ਚੀਜ਼ ਨੂੰ ਗੁਣਾਂ ਅਨੁਸਾਰ ਨਾਮ ਦੇਣ ਦੀ ਪ੍ਰਥਾ ਪਾਉਣਾ, ਖੋਜ ਵਿਧੀ ਵਿਚ ਗਣਿਤ ਵਿਗਿਆਨ ਜਿਹੀ ਪਰਪੱਕਤਾ ਪੈਦਾ ਕਰਨ ਤੇ ਜੋਰ ਦੇਣਾ, ਗੁਣਵੱਤਾ ਦੇ ਮਾਤ੍ਰਿਕ ਮਾਪ ਦੰਡ ਅਪਨਾਉਣਾ ਦੀ ਝਾਕ ਰੱਖਣਾ, ਸਹੀ ਗੱਲ ਨੂੰ ਅੱਗੇ ਲੈ ਕੇ ਚਲਣਾ ਤੇ ਗਲਤ ਨੂੰ ਛੱਡਣਾ, ਕੁਦਰਤੀ ਵਰਤਾਰਿਆਂ ਦੇ ਨਿਯਮ ਲੱਭਣਾ, ਵਿਗਿਆਨਕ ਸਿੱਟਿਆਂ ਨੂੰ ਉਪਯੋਗੀ ਢੰਗ ਨਾਲ ਸਮਾਜਕ ਉਦੇਸ਼ਾਂ ਲਈ ਵਰਤਣਾ ਤੇ ਹਾਂ-ਪੱਖੀ ਅਗਾਂਹ-ਵਧੂ ਸੋਚ ਨਾਲ ਭਵਿੱਖ ਵੱਲ ਵੇਖਣਾ ਆਦਿ ਵੀ ਵਿਗਿਆਨਕ ਸੋਚ ਦੇ ਹੀ ਲੱਛਣ ਹਨ।
ਗੁਰੂ ਨਾਨਕ ਨੇ ਇਨ੍ਹਾਂ ਸਭ ਮੁੱਲਾਂ ਨੂੰ ਅਪਨਾਇਆ ਤੇ ਪ੍ਰਚਾਰਿਆ। ਇਨ੍ਹਾਂ ਲੀਹਾਂ ‘ਤੇ ਚਲਣ ਵਾਲਾ ਇਕ ਵਿਗਿਆਨੀ ਹੀ ਹੋ ਸਕਦਾ ਹੈ, ਕੋਈ ਅੰਧ-ਵਿਸ਼ਵਾਸੀ ਸਾਧ ਸੰਤ ਜਾਂ ਗੁਫਾ ਨਿਵਾਸੀ ਨਾਥ ਜੋਗੀ ਨਹੀਂ। ਬਸ ਫਰਕ ਇਹ ਹੈ ਕਿ ਗੁਰੂ ਨਾਨਕ ਦੀ ਇਹ ਯਥਾਰਥਮੁਖੀ ਸੋਚ ਪੱਛਮ ਦੇ ਰੈਨੇਸਾਂਸ ਵਾਂਗ ਸਿਰ ਚੜ੍ਹ ਨਹੀਂ ਬੋਲੀ, ਸਗੋਂ ਪੂਰਬ ਦੇ ਅਧਿਆਤਮਵਾਦੀ ਸ਼ੋਰੋ-ਗੁਲ ਵਿਚ ਰੁਲ ਕੇ ਖੁਰਦ-ਬੁਰਦ ਹੋ ਗਈ।
ਗੁਰੂ ਸਾਹਿਬ ਦੀ ਵਿਗਿਆਨਕ ਪ੍ਰਤਿਭਾ ਦਾ ਸਪਸ਼ਟ ਸਬੂਤ ਜਪੁਜੀ ਦੀ ਪਹਿਲੀ ਪਉੜੀ ਵਿਚ ਹੀ ਮਿਲਦਾ ਹੈ, ਜਿੱਥੇ ਉਨ੍ਹਾਂ ਨੇ ਹੁਕਮ ਬਾਰੇ ਕਈ ਡੂੰਘੇ ਪ੍ਰਸ਼ਨ ਉਠਾਏ ਤੇ ਇਨ੍ਹਾਂ ਦੇ ਉਤਰ ਘੋਖਣ ਲਈ ਆਪਣੇ ਸਮੇਂ ਦੀਆਂ ਪ੍ਰਚਲਿਤ ਖੋਜ ਵਿਧੀਆਂ ਨੂੰ ਨਕਾਰਿਆ। ਇਸ ਪਿਛੋਂ ਉਨ੍ਹਾਂ ਨੇ ਕੁਦਰਤੀ ਨੇਮਾਂ ਦੇ ਕਈ ਹੋਰ ਪੱਖ ਡੂੰਘਾਈ ਨਾਲ ਵਿਚਾਰੇ ਜਿਵੇਂ ਜਪੁਜੀ ਸਾਹਿਬ ਦੀ ਦੂਜੀ ਪਉੜੀ ਵਿਚ ਉਹ ਲਿਖਦੇ ਹਨ,
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥੨॥
ਇਹ ਪਉੜੀ ਗੁਰੂ ਸਾਹਿਬ ਦਾ ਵਿਗਿਆਨਕ ਦਿਸ਼ਾ ਵਿਚ ਅਗਲਾ ਕਦਮ ਹੈ। ਉਹ ਦੁਆਲਾ ਪੇਖ ਕੇ ਦੱਸਦੇ ਹਨ ਕਿ ਪ੍ਰਕ੍ਰਿਤੀ ਦੇ ਨੇਮ, ਜਿਨ੍ਹਾਂ ਨੂੰ ਉਹ ਆਪਣੇ ਸਮੇਂ ਦੀ ਸ਼ਬਦਾਵਲੀ ਅਨੁਸਾਰ ‘ਹੁਕਮ’ ਕਹਿ ਕੇ ਸਦਦੇ ਹਨ, ਬੜੇ ਨਿਸ਼ਚਿਤ ਢੰਗ ਨਾਲ ਕੰਮ ਕਰਦੇ ਹਨ। ਹਰ ਪਾਸੇ ਭਿੰਨ ਭਿੰਨ ਆਕਾਰਾਂ ਦੀਆਂ ਚੀਜ਼ਾਂ ਨਿਰੰਤਰ ਹੋਂਦ ਵਿਚ ਆ ਤੇ ਜਾ ਰਹੀਆਂ ਹਨ। ਇਹ ਸਭ ਚੀਜ਼ਾਂ ਨਿਯਮਬੱਧ ਢੰਗ ਨਾਲ ਵਾਪਰਦੀਆਂ ਹਨ ਤੇ ਨਿਯਮਾਂ ਅਨੁਸਾਰ ਹੀ ਇਨ੍ਹਾਂ ਦੇ ਆਕਾਰ ਭਾਵ ਸ਼ਕਲਾਂ ਸੂਰਤਾਂ ਬਣਦੀਆਂ ਹਨ। ਚੰਨ, ਤਾਰੇ, ਧਰਤੀ, ਪਹਾੜ, ਪੱਥਰ, ਮਿੱਟੀ, ਨਦੀਆਂ, ਝੀਲਾਂ, ਪੇੜ, ਪੌਦੇ ਆਦਿ ਹੁਕਮ ਅਨੁਸਾਰ ਹੋਂਦ ਵਿਚ ਆਏ ਹਨ, ਇਸ ਦੀ ਪਾਲਣਾ ਕਰ ਰਹੇ ਹਨ। ਸਭ ਚੀਜ਼ਾਂ ਆਪਣੇ ਆਪਣੇ ਨਮੂਨਿਆਂ ਅਨੁਸਾਰ ਉਪਜਦੀਆਂ ਹਨ ਤੇ ਨਮੂਨਿਆਂ ਅਨੁਸਾਰ ਵਿਚਰਦੀਆਂ ਹੀ ਖਤਮ ਹੋ ਜਾਂਦੀਆਂ ਹਨ।
ਇਸ ਦੇ ਨਾਲ ਹੀ ਸੰਸਾਰ ਵਿਚ ਭਿੰਨ ਭਿੰਨ ਪ੍ਰਕਾਰ ਦੇ ਜੀਵ ਜੰਤੂ ਹਨ, ਜੋ ਨਿਰਧਾਰਤ ਢੰਗ ਅਨੁਸਾਰ ਪੈਦਾ ਹੁੰਦੇ ਹਨ। ਹਰ ਇਕ ਜਾਤੀ ਤੇ ਪਰਜਾਤੀ ਦਾ ਗਰਭ ਧਾਰਨ ਦਾ ਢੰਗ, ਸਮਾਂ ਤੇ ਜੀਵਨ ਕਾਲ ਨਿਸ਼ਚਿਤ ਹੈ। ਹਰ ਇਕ ਦਾ ਆਪਣਾ ਆਪਣਾ ਆਹਾਰ ਤੇ ਆਚਾਰ ਹੈ। ਹਰ ਇਕ ਦਾ ਸਰੀਰਕ ਢਾਂਚਾ, ਨਿਵਾਸ ਤੇ ਸੁਭਾਅ ਵੀ ਪੱਕਾ ਤੇ ਵਿਸ਼ੇਸ਼ ਹੈ।
ਗੁਰੂ ਸਾਹਿਬ ਅਨੁਸਾਰ ਜੀਵਾਂ ਦੀਆਂ ਇਹ ਵਡਿਆਈਆਂ ਭਾਵ ਗੁਣ ਹੁਕਮ ਭਾਵ ਨਿਯਮਿਤ ਢੰਗ ਨਾਲ ਤੈਅ ਹੋਏ ਹਨ। ਇੱਥੇ ਗੁਰੂ ਸਾਹਿਬ ਹੁਕਮ ਭਾਵ ਨਿਯਮ ਦਾ ਮਹੱਤਵ ਦੱਸ ਕੇ ਗੁਣਾਂ ਦਾ ਵਿਚਾਰ ਕਰ ਰਹੇ ਹਨ, ਪਰ ਅਜੋਕੇ ਸਿੱਖ ਵਿਦਵਾਨ ਨਿਯਮ ਨੂੰ ਨਿਰਦੇਸ਼ ਅਤੇ ਵਡਿਆਈ ਨੂੰ ਸਨਮਾਨ ਮੰਨ ਕੇ ਅਧਿਆਤਮਵਾਦੀ ਵਿਆਖਿਆ ਕਰਦੇ ਹਨ। ਉਹ ਵਡਿਆਈ ਦਾ ਅਰਥ ਮਾਣ-ਇੱਜਤ ਕਰਦਿਆਂ ਕਹਿੰਦੇ ਹਨ ਕਿ ਸਭ ਜੀਵਾਂ ਨੂੰ ਪਰਮਾਤਮਾ ਨੇ ਆਪਣੇ ਹੁਕਮ ਨਾਲ ਬਣਾਇਆ ਹੈ ਤੇ ਇਸੇ ਅਨੁਸਾਰ ਸ਼ੋਭਾ ਸਥਾਨ ਦਿੱਤੇ ਹਨ। ਇਸ ਲਈ ਉਸ ਦੇ ਦਰਬਾਰ ਵਿਚ ਉਚਾ ਸਾਥਾਨ ਪ੍ਰਾਪਤ ਕਰਨ ਲਈ ਮਨੁੱਖ ਨੂੰ ਪ੍ਰਭੂ ਭਗਤੀ ਕਰਨੀ ਚਾਹੀਦੀ ਹੈ, ਪਰ ਇਹ ਵਿਆਖਿਆ ਸਹੀ ਨਹੀਂ ਹੈ, ਕਿਉਂਕਿ ਇਨ੍ਹਾਂ ਵਿਦਵਾਨਾਂ ਦੀ ਸੁਝਾਈ ਮਾਣ-ਪ੍ਰਤਿਸ਼ਠਾ ਤਾਂ ਕੇਵਲ ਮਨੁੱਖੀ ਸਮਾਜ ਦੀ ਪੈਦਾਇਸ਼ ਹੈ, ਜੋ ਦੂਜੇ ਜੀਵਾਂ ‘ਤੇ ਲਾਗੂ ਨਹੀਂ ਹੁੰਦੀ। ਇੱਥੇ ਗੁਰੂ ਸਾਹਿਬ ਸਮੁੱਚੇ ਜੀਵ ਜਗਤ ਦੀ ਗੱਲ ਕਰ ਰਹੇ ਹਨ, ਜਿਸ ਵਿਚ ਸਭ ਜੀਵ ਜਾਤੀਆਂ ਦੇ ਸਭਿਆ ਸਮਾਜ ਨਹੀਂ ਹਨ।
ਜੀਵਾਂ ਦੇ ਵਰਗੀਕਰਣ ਦੀ ਗੱਲ ਅੱਗੇ ਤੋਰਦਿਆਂ ਗੁਰੂ ਸਾਹਿਬ ਲਿਖਦੇ ਹਨ ਕਿ ਜੀਵ ਸੰਸਾਰ ਕਈ ਵਰਗਾਂ ਵਿਚ ਵੰਡਿਆ ਹੋਇਆ ਹੈ। ਜੀਵ ਸ਼੍ਰੰਖਲਾ ਦੇ ਇਹ ਪੱਧਰ (ਹਇਰਅਰਚਹਚਿਅਲ ਲeਵeਲਸ) ਉਨ੍ਹਾਂ ਦੇ ਵਿਲੱਖਣ ਗੁਣਾਂ ਦੇ ਆਧਾਰ ‘ਤੇ ਬਣੇ ਹੋਏ ਹਨ। ਜਿਸ ਪੱਧਰ ‘ਤੇ ਕੋਈ ਜੀਵ ਜਿਉਂਦਾ ਹੈ, ਉਸੇ ਅਨੁਸਾਰ ਉਹ ਉਤਮ ਭਾਵ ਉਪਰਲਾ ਜਾਂ ਨੀਚ ਅਰਥਾਤ ਹੇਠਲਾ ਗਰਦਾਨਿਆ ਜਾਂਦਾ ਹੈ। ਹਰ ਸਤਰ ਦੇ ਜੀਵ ਆਪੋ ਆਪਣੇ ਦੁਖ ਜਾਂ ਸੁਖ ਭੋਗਦੇ ਹਨ। ਜਨੌਰਾਂ ਨੂੰ ਸ਼ਿਕਾਰੀ ਪੰਛੀਆਂ ਤੋਂ ਡਰ ਹੈ ਤੇ ਧਰਾਤਲੀ ਜਾਨਵਰਾਂ ਨੂੰ ਸ਼ੇਰ ਆਦਿ ਜੰਗਲੀ ਜਾਨਵਰਾਂ ਤੋਂ। ਚਿੜੀ, ਕਾਂ ਆਦਿ ਪੰਛੀ ਖੁਸ਼ਕ ਮੌਸਮ ਵਿਚ ਸੁਖੀ ਰਹਿੰਦੇ ਹਨ ਤੇ ਡੱਡੂ ਕੱਛੂ ਆਦਿ ਦਾ ਸੁਖ ਬਾਰਸ਼ ਨਾਲ ਹੈ। ਕਈ ਜੀਵ ਬਹੁਤੀ ਭੱਜ-ਨੱਠ ਤੋਂ ਮੁਕਤ ਹਨ ਤੇ ਕਈ ਹਮੇਸ਼ਾ ਭੌਂਦੇ ਰਹਿੰਦੇ ਹਨ। ਮਿਸਾਲ ਵਜੋਂ ਕੁੱਤਾ ਤੇ ਸਾਨ੍ਹ ਕੁਝ ਖਾ ਪੀ ਕੇ ਸੰਤੋਖ ਨਾਲ ਬਹਿੰਦੇ ਹਨ, ਪਰ ਕੀੜੀਆਂ ਤੇ ਮਧੂ-ਮੱਖੀਆਂ ਹਮੇਸ਼ਾ ਖਾਦ ਪਦਾਰਥ ਇੱਕਠੇ ਕਰਦੀਆਂ ਫਿਰਦੀਆਂ ਹਨ। ਇਹ ਸਭ ਸੁੱਖ ਤੇ ਦੁੱਖ ਜੀਵਾਂ ਨੂੰ ਪ੍ਰਕ੍ਰਿਤੀ ਦੇ ਨਿਯਮਾਂ ਅਨੁਸਾਰ ਮਿਲਦੇ ਹਨ, ਜੋ ਉਨ੍ਹਾਂ ਦੇ ਵਿਲੱਖਣ ਗੁਣਾਂ ਵਿਚ ਸਿੱਕੇਬੰਧ ਢੰਗ ਨਾਲ ਲਿਪਟੇ ਪਏ ਹੁੰਦੇ ਹਨ ਤੇ ਮੌਕੇ ਮੁਤਾਬਿਕ ਉਧੜਦੇ ਰਹਿੰਦੇ ਹਨ।
ਗੁਰੂ ਸਾਹਿਬ ਹੈਰਾਨੀ ਪ੍ਰਗਟ ਕਰਦੇ ਹਨ ਕਿ ਭਾਵੇਂ ਇਹ ਹੁਕਮੀ ਵਰਤਾਰੇ ਹਰ ਰੋਜ਼ ਆਲੇ-ਦੁਆਲੇ ਵਾਪਰਦੇ ਹਨ, ਪਰ ਮਨੁੱਖ ਨੂੰ ਹੁਕਮ ਦਾ ਪਤਾ ਹੀ ਨਹੀਂ ਹੈ। ਉਹ ਇਸ ਨੂੰ ਜਾਣਦਾ ਹੀ ਨਹੀਂ ਭਾਵ ਉਹ ਇਸ ਨੂੰ ਨਿਯਮ ਦੀ ਪਰਿਭਾਸ਼ਾ ਵਿਚ ਵਿਅਕਤ ਹੀ ਨਹੀਂ ਕਰਦਾ। ਉਸ ਨੇ ਇਨ੍ਹਾਂ ਵਰਤਾਰਿਆਂ ਦੀ ਪ੍ਰਕ੍ਰਿਆ ਨੂੰ ਪਛਾਣ ਕੇ ਤੇ ਇਨ੍ਹਾਂ ਦੇ ਆਕਾਰ-ਸੰਚਾਰ ਨੂੰ ਗਣਿਤੀ ਵਿਧੀ ਨਾਲ ਘੋਖ ਕੇ ਕਦੇ ਨਿਯਮਬੱਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮਨੁੱਖ ਨੇ ਸਭ ਕੁਝ ਦੇਖ ਕੇ ਅਣਡਿੱਠ ਕੀਤਾ ਹੈ। ਉਸ ਦਾ ਧਿਆਨ ਇਸ ਪਾਸੇ ਨਾ ਹੋ ਕੇ ਕਿਸੇ ਹੋਰ ਪਾਸੇ ਹੀ ਰਿਹਾ ਹੈ। ਗੁਰੂ ਸਾਹਿਬ ਇਹ ਗੱਲ ਬੜੀ ਬੇਵਸੀ ਨਾਲ ਕਰਦੇ ਪ੍ਰਤੀਤ ਹੁੰਦੇ ਹਨ। ਇਕ ਤਰ੍ਹਾਂ ਨਾਲ ਉਹ ਸਮੂਹ ਮਨੁੱਖਤਾ ਨੂੰ ਇਕ ਰੋਸ ਭਰਿਆ ਉਲਾਂਭਾ ਦਿੰਦੇ ਜਾਪਦੇ ਹਨ।
ਪਰ ਅਜੋਕੇ ਸਿੱਖ ਵਿਦਵਾਨ ਬੜੇ ਹੁਲਾਸ ਨਾਲ ਕਹਿੰਦੇ ਹਨ ਕਿ ਇਸ ਪਉੜੀ ਵਿਚ ਗੁਰੂ ਸਾਹਿਬ ਨੇ ਪਰਮਾਤਮਾ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਉਸ ਦਾ ਹੁਕਮ ਬੜਾ ਬਲਵਾਨ ਹੈ ਤੇ ਇਹ ਸਭ ਪਾਸੇ ਪਸਰਿਆ ਹੋਇਆ ਹੈ। ਪਰਮਾਤਮਾ ਆਪਣੇ ਹੁਕਮ ਅਨੁਸਾਰ ਮਨੁੱਖਾਂ ਨੂੰ ਪੈਦਾ ਕਰਦਾ ਹੈ ਤੇ ਤਰ੍ਹਾਂ ਤਰ੍ਹਾਂ ਦੇ ਦੁੱਖ, ਸੁੱਖ ਤੇ ਮਾਣ-ਵਡਿਆਈਆਂ ਦਿੰਦਾ ਹੈ। ਉਹ ਕਈਆਂ ਨੂੰ ਐਸ਼ਪ੍ਰਸਤੀ ਦਾ ਜੀਵਨ ਬਖਸ਼ਦਾ ਹੈ ਤੇ ਕਈਆਂ ਨੂੰ ਉਨ੍ਹਾਂ ਦੀ ਸੇਵਾ ਵਿਚ ਲਾਈ ਰੱਖਦਾ ਹੈ। ਇਸ ਲਈ ਮਨੁੱਖ ਨੂੰ ਪਰਮ-ਪਦ ਪਾਉਣ ਲਈ ਉਸ ਦੇ ਭੈ ਵਿਚ ਰਹਿ ਕੇ ਉਸ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ; ਪਰ ਇਹ ਵਿਆਖਿਆ ਨਾ ਮੂਲਮੰਤਰ ਦੇ ਆਸੇ ਅਨੁਸਾਰ ਸਹੀ ਹੈ ਤੇ ਨਾ ਹੀ ਜਪੁਜੀ ਦੀ ਬਾਕੀ ਬਾਣੀ ਦੇ ਅਨੁਕੂਲ ਹੈ।
ਬ੍ਰਹਿਮੰਡ ਦਾ ਪਰਮ-ਸਤਿ ਅਜੂਨੀ ਹੋਣ ਕਰਕੇ ਮਨੁੱਖ ਤਾਂ ਕੀ, ਕੋਈ ਹੋਰ ਜੀਵ ਵੀ ਨਹੀਂ ਹੋ ਸਕਦਾ। ਇਸ ਲਈ ਉਹ ਕਿਸੇ ਸੱਤਾਧਾਰੀ ਹਾਕਮ ਵਾਂਗ ਹੁਕਮ ਵੀ ਨਹੀਂ ਦੇ ਸਕਦਾ। ਉਸ ਦਾ ਹੁਕਮ ਉਸ ਦੇ ਨਿਰਭਉ ਤੇ ਨਿਰਵੈਰ ਗੁਣਾਂ ਦਾ ਪ੍ਰਗਟਾਵਾ ਹੈ, ਜੋ ਪ੍ਰਕ੍ਰਿਤੀ ਦੇ ਨਿਰਪੱਖ, ਸਾਖਸ਼ਾਤ, ਸੁਤੰਤਰ, ਇਕਸਾਰ, ਦ੍ਰਿੜ ਤੇ ਅਣਮੋੜ ਨਿਯਮਾਂ ਦੇ ਰੂਪ ਵਿਚ ਹਰ ਪਾਸੇ ਪਸਰਿਆ ਹੋਇਆ ਹੈ। ਇਸ ਤੋਂ ਪਤਾ ਲਗਦਾ ਹੈ ਕਿ ਪਰਮ-ਸਤਿ ਪੂਜਣ ਅਤੇ ਪਸੀਜਣ ਦਾ ਪਾਤਰ ਨਹੀਂ ਹੈ। ਉਸ ਦੇ ਸੁਦ੍ਰਿੜ ਨਿਯਮ ਕਿਸੇ ਅਰਜ਼ ਅਰਜ਼ੋਈ ਜਾਂ ਪ੍ਰਸ਼ੰਸਾਮਈ ਸ਼ਬਦਾਂ ਨਾਲ ਨਹੀਂ ਬਦਲਦੇ। ਇਨ੍ਹਾਂ ਅਟਲ ਨਿਯਮਾਂ ਨੂੰ ਬਦਲਣ ਦੀ ਥਾਂ ਉਨ੍ਹਾਂ ਨੂੰ ਬੁੱਝ ਕੇ ਸਮਝਣ, ਜਾਣਨ ਤੇ ਪਾਲਣਾ ਕਰਨ ਦੀ ਲੋੜ ਹੈ। ਇਸ ਲਈ ਅਧਿਆਤਮਵਾਦੀ ਵਿਆਖਿਆ ਮਨੁੱਖ ਨੂੰ ਪੂਜਾ ਪਾਠ ਦੇ ਰਸਤੇ ਪਾ ਕੇ ਉਸ ਵਿਚ ਸੁਤੰਤਰ ਸੋਚ ਦੀ ਥਾਂ ‘ਸੇਵਕ ਸੁਰਤੀ’ ਪੈਦਾ ਕਰਦੀ ਹੈ। ਇਸੇ ਸੁਰਤੀ ਦੇ ਪ੍ਰਭਾਵ ਹੇਠ ਗੁਰੂ ਸਾਹਿਬ ਭਾਰਤ ਭੂਮੀ ਵਿਚ ਪੁਨਰਜਾਗ੍ਰਿਤੀ ਅੰਦੋਲਨ ਦੇ ਮੋਢੀ ਹੁੰਦਿਆਂ ਵੀ ਭਗਤੀ ਲਹਿਰ ਦੇ ਆਗੂ ਵਜੋਂ ਪ੍ਰਸਿੱਧ ਕਰ ਦਿੱਤੇ ਗਏ।
ਇਸ ਪਉੜੀ ਦੇ ਅੰਤ ਵਿਚ ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਸਾਰਾ ਸੰਸਾਰ, ਸਮੇਤ ਸਭ ਚੀਜ਼ਾਂ ਵਸਤਾਂ ਤੇ ਸਮੂਹ ਜੀਵ ਜੰਤੂਆਂ ਦੇ, ਕੁਦਰਤ ਦੇ ਹੁਕਮ ਵਿਚ ਚਲ ਰਿਹਾ ਹੈ। ਇਨ੍ਹਾਂ ਹੁਕਮਾਂ ਦੇ ਬੰਧੇਜ ਤੋਂ ਬਾਹਰ ਕੋਈ ਵੀ ਚੀਜ਼ ਨਹੀਂ ਹੈ। ਸੰਸਾਰ ਦੇ ਵਰਤਾਰਿਆਂ ਤੇ ਇਨ੍ਹਾਂ ਦੀਆਂ ਪ੍ਰਕ੍ਰਿਆਵਾਂ ਬਾਰੇ ਸਭ ਵਿਦਵਾਨ ਮਨ ਆਈ ਵਿਆਖਿਆ ਕਰ ਰਹੇ ਹਨ, ਪਰ ਜੇ ਇਨ੍ਹਾਂ ਹੁਕਮਾਂ ਨੂੰ ਸਮਝ ਬੁੱਝ ਕੇ ਵਿਆਖਿਆ ਕੀਤੀ ਜਾਵੇ ਤਾਂ ਕੋਈ ਵੀ ਆਪ ਮੁਹਾਰੀ ਗੱਲ ਨਹੀਂ ਕਰ ਸਕੇਗਾ ਭਾਵ ਨਿਯਮ ਅਨੁਸਾਰ ਨਪੀ-ਤੁਲੀ ਤੇ ਸਹੀ ਗੱਲ ਹੀ ਕਰੇਗਾ। ਗੁਰੂ ਸਾਹਿਬ ਇਕ ਤਰ੍ਹਾਂ ਨਾਲ ਕਹਿ ਰਹੇ ਹਨ ਕਿ ਜੇ ਦੁਨੀਆਂ ਦੀ ਹਰ ਸ਼ੈ ਨਿਯਮ ਅਨੁਸਾਰ ਬੰਨ੍ਹਿਆ ਵਿਹਾਰ ਕਰਦੀ ਹੈ ਤਾਂ ਇਸ ਨਿਯਮ ਦਾ ਡੂੰਘਾ ਅਧਿਐਨ ਕਰ ਕੇ ਇਸ ਨੂੰ ਸਹੀ ਤਰ੍ਹਾਂ ਨਾਲ ਪਛਾਣਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਲੋਕ ਇਸ ਬਾਰੇ ਮਨ ਆਈਆਂ ਗੱਲਾਂ ਲਿਖ ਕੇ ਝੂਠ ਨਹੀਂ ਫੈਲਾਉਣਗੇ। ਇਸ ਪਉੜੀ ਵਿਚ ਖਾਸ ਕਰ ਕੇ ਇਸ ਦੀਆਂ ਪਿਛਲੀਆਂ ਦੋ ਤੁਕਾਂ ਵਿਚ ਸਮੁੱਚੇ ਵਿਗਿਆਨ ਫਲਸਫੇ ਦਾ ਸੰਖੇਪ ਸਾਰ ਮਿਲ ਜਾਂਦਾ ਹੈ।
ਪਰ ਅਜੋਕੇ ਸਿੱਖ ਵਿਦਵਾਨ ਤੇ ਸਮੂਹ ਪੁਜਾਰੀ ਵਰਗ ਇਸ ਦਾ ਹੋਰ ਅਰਥ ਕੱਢਦੇ ਹਨ। ਉਨ੍ਹਾਂ ਅਨੁਸਾਰ ਜੇ ਮਨੁੱਖ ਪਰਮਾਤਮਾ ਦੇ ਹੁਕਮ ਦੀ ਮਹੱਤਤਾ ਮੰਨ ਕੇ ਜੀਵਨ ਵਿਚ ਇਸ ‘ਤੇ ਅਮਲ ਕਰੇ ਤਾਂ ਉਸ ਵਿਚ ਹਉਮੈ ਭਾਵ ਹੰਕਾਰ ਦੀ ਭਾਵਨਾ ਨਹੀਂ ਆਉਂਦੀ। ਇਸ ਤਰ੍ਹਾਂ ਸਗੋਂ ਉਸ ਦੇ ਮਨ ਵਿਚ ਹਲੀਮੀ ਪੈਦਾ ਹੋ ਜਾਂਦੀ ਹੈ, ਪਰ ਇਹ ਵਿਆਖਿਆ ਗੁਰੂ ਨਾਨਕ ਦੇ ਆਸੇ ਅਨੁਸਾਰ ਸਹੀ ਨਹੀਂ ਹੈ। ਪਹਿਲਾ ਇਹ ਕਿ ਜਿਸ ਪਰਮਾਤਮਾ ਦੀ ਉਹ ਗੱਲ ਕਰਦੇ ਹਨ, ਉਹ ਗੁਰੂ ਨਾਨਕ ਅਨੁਸਾਰ ਅਜੂਨੀ ਤੇ ਸੈਭੰ ਹੈ। ਉਨ੍ਹਾਂ ਦਾ ਪਰਮ-ਸਤਿ ਦਾ ਸੰਕਲਪ ਵਿਗਿਆਨ ਦੇ ਪਦਾਰਥ ਵਾਂਗ ਅਬਿਨਾਸੀ ਹੈ। ਇਸ ਲਈ ਪਰਮਾਤਮਾ ਦਾ ਦੱਸਿਆ ਜਾਂਦਾ ਹੁਕਮ ਅਸਲ ਵਿਚ ਪ੍ਰਕ੍ਰਿਤੀ ਦੇ ਨਿਯਮ ਹਨ।
ਇਹ ਕਹਿਣਾ ਵੀ ਸਹੀ ਨਹੀਂ ਹੈ ਕਿ ਮਨੁੱਖ ਹੁਕਮ ਅਨੁਸਾਰ ਚੱਲੇ, ਕਿਉਂਕਿ ਉਹ ਪਹਿਲਾਂ ਹੀ ਪੱਕੇ ਤੇ ਸਦੀਵੀ ਕੁਦਰਤੀ ਨਿਯਮਾਂ ਅਨੁਸਾਰ ਚਲਦਾ ਹੈ, ਭਾਵ ਉਹ ਕੁਦਰਤ ਦੇ ਹੁਕਮ ਤੋਂ ਉਲਟ ਚਲ ਹੀ ਨਹੀਂ ਸਕਦਾ। ਦੂਜੇ ਇਹ ਕਿ ਜੇ ਮਨੁੱਖ ਵਿਚਰਦਾ ਹੀ ਹੁਕਮ ਵਿਚ ਹੈ ਤਾਂ ਉਸ ਵਿਚ ਹੰਕਾਰ ਦੀ ਭਾਵਨਾ ਵੀ ਹੁਕਮ ਅਨੁਸਾਰ ਹੀ ਆਉਂਦੀ ਹੈ। ਹੁਕਮ ਅਨੁਸਾਰ ਉਪਜੀ ਚੀਜ਼ ਨੂੰ ਬੁਰਾ ਭਲਾ ਕਹਿਣਾ ਤੇ ਇਸ ਨੂੰ ਖਤਮ ਕਰਨ ਬਾਰੇ ਸੋਚਣਾ ਤਰਕ-ਸੰਗਤ ਨਹੀਂ ਹੈ। ਤੀਜੇ ਜੇ ਮਨੁੱਖ ਹੁਕਮ ਨੂੰ ਬੁੱਝ ਵੀ ਲਵੇ ਭਾਵ ਕੁਦਰਤ ਦੇ ਨਿਯਮਾਂ ਨੂੰ ਜਾਣ ਲਵੇ ਤਾਂ ਇਸ ਨਾਲ ਉਸ ਵਿਚੋਂ ਹਉਮੈ ਜਾਂ ਹੰਕਾਰ ਦੀ ਭਾਵਨਾ ਕਿਵੇਂ ਖਤਮ ਹੋ ਸਕਦੀ ਹੈ? ਹੰਕਾਰ ਇਕ ਮਨੋਵਿਗਿਆਨਕ ਵਿਕਾਰ ਹੈ, ਜਦੋਂ ਕਿ ਕੁਦਰਤੀ ਨਿਯਮਾਂ ਦੀ ਜਾਣਕਾਰੀ ਦਾ ਸਬੰਧ ਬੁੱਧੀ ਨਾਲ ਹੈ। ਇਨ੍ਹਾਂ ਦੋਹਾਂ ਵਿਚ ਕੋਈ ਸਿੱਧਾ ਸਬੰਧ ਨਹੀਂ। ਬੁੱਧੀਮਾਨ ਵਿਅਕਤੀ ਵੀ ਮਨੋਵਿਗਿਆਨਕ ਰੋਗਾਂ ਦਾ ਸ਼ਿਕਾਰ ਹੋ ਸਕਦਾ ਹੈ।
ਆਖਰ ਵਿਚ ਜੇ ਵਿਦਵਾਨ ਫਿਰ ਵੀ ਇਹੀ ਕਹਿਣ ਕਿ ਹੁਕਮ ਭਾਵ ਕੁਦਰਤ ਦੇ ਨਿਯਮ ਬੁੱਝੇ ਜਾਣ ‘ਤੇ ਮਨੁੱਖ ਵਿਚੋਂ ਹੰਕਾਰ ਖਤਮ ਹੋ ਕੇ ਹਲੀਮੀ ਆ ਜਾਂਦੀ ਹੈ ਤਾਂ ਉਹ ਦੱਸਣ ਕਿ ਇਸ ਨਾਲ ਬਾਕੀ ਦੇ ਚਾਰ ਹੋਰ ਵਿਕਾਰ ਕਿਉਂ ਖਤਮ ਨਹੀਂ ਹੁੰਦੇ? ਗੁਰਬਾਣੀ ਵਿਚ ਇਕ ਨਹੀਂ ਸਗੋਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ-ਪੰਜ ਮਹਾਂ ਵਿਕਾਰਾਂ ਦੀ ਗੱਲ ਕਹੀ ਗਈ ਹੈ। ਜੇ ਹੁਕਮ ਬੁੱਝਣ ਨਾਲ ਇਨ੍ਹਾਂ ਵਿਚੋਂ ਸਿਰਫ ਇਕ ਦਾ ਹੀ ਨਾਸ਼ ਹੁੰਦਾ ਹੈ ਤਾਂ ਬਾਕੀ ਚਾਰਾਂ ਦਾ ਕਿਉਂ ਨਹੀਂ?
ਦਰਅਸਲ ਅਜੋਕੇ ਸਿੱਖ ਵਿਦਵਾਨ ਤੇ ਪੁਜਾਰੀ ਲੋਕ ਬਾਣੀ ਦੀ ਸਤਹੀ ਤੇ ਮਨ ਭਾਉਂਦੀ ਵਿਆਖਿਆ ਕਰਨ ਦੇ ਆਦੀ ਹਨ। ਉਹ ਇਸ ਦੀ ਤਹਿ ਵਿਚ ਨਹੀਂ ਜਾਂਦੇ। ਉਹ ਨਹੀਂ ਜਾਣਦੇ ਕਿ ਇਸ ਹੇਠ ਵਿਗਿਆਨਕ ਖਣਿਜਾਂ ਦਾ ਅਥਾਹ ਭੰਡਾਰ ਛੁਪਿਆ ਹੋਇਆ ਹੈ। ਉਹ ਨਹੀਂ ਸਮਝਦੇ ਕਿ ਉਨ੍ਹਾਂ ਦਾ ਸਿਰਜਿਆ ਪਰਮਾਤਮਾ ਗੁਰੂ ਸਾਹਿਬ ਦਾ ਬਿਨਾ ਨਾਂ ਦਾ ਪਰਮ-ਸਤਿ ਹੈ ਤੇ ਉਸ ਦਾ ਹੁਕਮ ਪ੍ਰਕ੍ਰਿਤੀ ਦਾ ਨਿਯਮ ਹੀ ਹੈ। ਉਹ ਨਹੀਂ ਮੰਨਦੇ ਕਿ ਜੇ ਗੁਰੂ ਸਾਹਿਬ ਨੇ ਪ੍ਰਕ੍ਰਿਤੀ ਦਾ ਹੁਕਮ ਬੁੱਝਣ ਦੀ ਗੱਲ ਕੀਤੀ ਹੈ ਤਾਂ ਇਹ ਕੁਦਰਤੀ ਨਿਯਮਾਂ ਨੂੰ ਘੋਖ ਪਰਖ ਕਰ ਕੇ ਉਨ੍ਹਾਂ ਦੀ ਪਰਿਭਾਸ਼ਾ ਦੇਣ ਦੀ ਗੱਲ ਹੈ। ਉਹ ਇਹ ਵੀ ਸਵੀਕਾਰ ਨਹੀਂ ਕਰਦੇ ਕਿ ਕੁਦਰਤੀ ਨਿਯਮਾਂ ਨੂੰ ਘੋਖ ਕੇ ਤੇ ਪਰਖ ਸੁਧਾਰ ਕੇ ਪਰਿਭਾਸ਼ਤ ਕਰਨਾ ਵਿਗਿਆਨ ਦਾ ਉਦੇਸ਼ ਹੈ ਤੇ ਆਧੁਨਿਕ ਵਿਗਿਆਨੀ ਵੀ ਇਹੀ ਕੁਝ ਕਰਦੇ ਹਨ। ਉਹ ਇਸ ਗੱਲੋਂ ਵੀ ਅਣਜਾਣ ਹਨ ਕਿ ਗੁਰਬਾਣੀ ਦੀ ਆਧੁਨਿਕ ਪ੍ਰਸੰਗ ਵਿਚ ਵਿਆਖਿਆ ਕਰਨ ਲਈ ਵਿਗਿਆਨਕ ਵਿਧੀ ਦਾ ਬੜਾ ਮਹੱਤਵ ਹੈ। ਇਸ ਲਈ ਉਹ ਇਸ ਦੀ ਅਧਿਆਤਮਕ ਵਿਆਖਿਆ ਨੂੰ ਹੀ ਪਹਿਲ ਦਿੰਦੇ ਹਨ, ਜੋ ਪੂਜਾ ਪਾਠ, ਅੰਧ-ਵਿਸ਼ਵਾਸ ਤੇ ਕਰਮ ਕਾਂਡ ਦੁਆਲੇ ਘੁੰਮਦੀ ਹੈ।
ਅਖੀਰ ਵਿਚ ਕਿਹਾ ਜਾ ਸਕਦਾ ਹੈ ਕਿ ਵਿਗਿਆਨ ਗਿਆਨ ਪ੍ਰਾਪਤੀ ਦਾ ਇਕ ਹਮੇਸ਼ਾ ਚੜ੍ਹਦਾ ਤੇ ਵਿਗਸਦਾ ਕਾਰਜ ਹੈ, ਜਿਸ ਦੇ ਵਹਾਓ ਨੂੰ ਕੋਈ ਰੋਕ ਨਹੀਂ ਸਕਿਆ। ਇਹ ਦਰਿਆ ਦੇ ਪਾਣੀ ਵਾਂਗ ਹਮੇਸ਼ਾ ਅੱਗੇ ਹੀ ਅੱਗੇ ਚਲਦਾ ਰਹਿੰਦਾ ਹੈ ਤੇ ਵਹਿਣ ਨਾਲ ਨਿੱਤਰਦਾ ਰਹਿੰਦਾ ਹੈ। ਇਸ ਦੇ ਵਿਕਸਿਤ ਹੋਣ ਦੇ ਨਾਲ ਨਾਲ ਇਸ ਦੀ ਸ਼ਬਦਾਵਲੀ (ਟeਰਮਸ) ਤੇ ਸੰਕਲਪ ਵੀ ਬਣਦੇ, ਘੜਦੇ ਤੇ ਉਘੜਦੇ ਰਹਿੰਦੇ ਹਨ। ਇਸ ਲਈ ਗੁਰੂ ਸਾਹਿਬ ਦੀ ਬਾਣੀ ਨੂੰ ਸਹੀ ਸਮਝਣ ਲਈ ਉਨ੍ਹਾਂ ਵਲੋਂ ਵਰਤੇ ਗਏ ਮੱਧ ਕਾਲੀ ਸ਼ਬਦਾਂ ਤੇ ਧਾਰਨਾਵਾਂ ਨੂੰ ਆਧੁਨਿਕ ਵਿਗਿਆਨ ਦੀ ਨਵੀਨ ਸ਼ੈਲੀ ਵਿਚ ਪਲਟ ਕੇ ਦੇਖਣਾ ਅਤਿ ਲਾਹੇਵੰਦ ਹੈ। ਇਸ ਉਦਮ ਰਾਹੀਂ ਹੀ ਗੁਰੂ ਨਾਨਕ ਦਾ 15ਵੀਂ ਸਦੀ ਵਿਚ ਵਿੱਢਿਆ ਪੁਨਰ ਜਾਗ੍ਰਿਤੀ ਦਾ ਮਿਸ਼ਨ 21ਵੀਂ ਸਦੀ ਵਿਚ ਆ ਕੇ ਪੂਰਾ ਹੋ ਸਕਦਾ ਹੈ।