ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਭਾਈ ਚੰਗਾ ਹੋਵੇ ਤਾਂ ਕਹਿੰਦੇ ਹਨ, ‘ਇਹ ਮੇਰਾ ਭਾਈ ਨਹੀਂ, ਦੋਸਤ ਹੈ।’ ਦੋਸਤ ਚੰਗਾ ਹੋਵੇ ਤਾਂ ਕਹਿੰਦੇ ਹਨ, ‘ਇਹ ਮੇਰਾ ਦੋਸਤ ਨਹੀਂ, ਭਾਈ ਹੈ।’ ਇਕ ਰਿਸ਼ਤਾ ਅਜਿਹਾ ਵੀ ਹੁੰਦਾ ਹੈ, ਜਿਸ ਵਿਚ ਦੋਸਤ ਅਤੇ ਭਾਈ ਦੇ ਦੋਵੇਂ ਗੁਣ ਮੌਜੂਦ ਹੁੰਦੇ ਹਨ; ਉਹ ਰਿਸ਼ਤਾ ਹੈ, ਮਸੇਰ ਦਾ।
ਜਸਮੇਰ ਸਿੰਘ ਮੇਰਾ ਅਜਿਹਾ ਦੋਸਤ ਸੀ, ਜਿਸ ਦੇ ਜਿੰਨੇ ਵੀ ਦੋਸਤ ਸਨ, ਸਭ ਨੂੰ ਉਹ ਆਪਣੇ ਭਾਈ ਅਤੇ ਦੋਸਤ ਦਾ ਮਿਸ਼ਰਣ ਅਰਥਾਤ ਮਸੇਰ ਲੱਗਦਾ ਸੀ। ਸ਼ਾਇਦ ਮਸੇਰ ਦੀ ਮੁਹੱਬਤ ਅਤੇ ਮਿਲਾਪੜਾਪਣ ਉਸ ਦੇ ਨਾਂ ਜਸਮੇਰ ਵਿਚ ਹੀ ਗੜੂੰਦ ਸੀ।
ਪੰਜ ਸਾਲ ਪਹਿਲਾਂ ਉਹ ਬਿਮਾਰ ਹੋ ਗਿਆ। ਟੈਸਟ ਕਰਵਾਏ ਤਾਂ ਚੰਦਰਾ ਰੋਗ ਨਿਕਲ ਆਇਆ। ਉਸ ਨੇ ਜ਼ਿੱਦ ਕੀਤੀ ਕਿ ਡਾਕਟਰੀ ਇਲਾਜ ਨਹੀਂ ਕਰਾਉਣਾ। ਹੋਮਿਓਪੈਥੀ ਨੇ ਉਸ ਨੂੰ ਦਰਦ ਰਹਿਤ ਹੋਣ ਦਾ ਅਹਿਸਾਸ ਦਿੱਤਾ। ਉਹ ਕੁਝ ਕੁਝ ਖੁਸ਼ ਤੇ ਕੁਝ ਨਿਰਾਸ਼ ਰਹਿਣ ਲੱਗਾ। ਉਸ ਦੀ ਮੁਸਕਰਾਹਟ ਪਿੱਛੇ ਗਹਿਰੀ ਉਦਾਸੀ ਅਤੇ ਦੁੱਖ ਝਲਕਦੇ।
ਉਸ ਨੇ ਬੇਟੀ ਦਾ ਵਿਆਹ ਰੱਖਿਆ। ਬੇਟਾ ਬਾਹਰੋਂ ਆਇਆ। ਕਾਰਡ ਛਪਾਏ, ਡੱਬੇ ਵੰਡੇ, ਰਾਗੀ ਕੀਤੇ ਤੇ ਪੈਲੇਸ ਬੁੱਕ ਕੀਤਾ। ਨੱਠ ਨੱਠ ਕੇ ਸਾਰੇ ਕਾਰਜ ਆਪ ਨਬੇੜੇ ਤੇ ਸੁਰਖਰੂ ਹੋ ਗਿਆ। ਸਾਰੇ ਬੜੇ ਖੁਸ਼ ਸਨ। ਜਸਮੇਰ ਸਿੰਘ ਆਪਣੇ ਦੋਸਤ ਨੂੰ ਕਹਿਣ ਲੱਗਾ, “ਮੇਰੇ ਐਥੇ ਹੱਥ ਲਾ।” ਹੱਥ ਲਾਉਣ ਦੀ ਦੇਰ ਸੀ ਕਿ ਉਹ ਕੁਰਲਾ ਉਠਿਆ। ਉਹ! ਜਸਮੇਰ ਸਿੰਘ ਤਾਂ ਪੀੜਾਂ ਦੀ ਪੰਡ ਢਿੱਡ ਵਿਚ ਲੁਕਾਈ ਬੈਠਾ ਸੀ। ਕਿਸੇ ਨੂੰ ਦੱਸਿਆ ਤੱਕ ਨਹੀਂ।
ਸਭ ਘਬਰਾ ਗਏ। ਕਹਿਣ, “ਪੀ. ਜੀ. ਆਈ. ਲੈ ਚੱਲੋ।” ਉਹ ਕਹੇ, “ਮੈਂ ਨਹੀਂ ਜਾਣਾ।” ਕਹਿ-ਸੁਣ ਕੇ ਪੀ. ਜੀ. ਆਈ. ਲੈ ਗਏ। ਟੈਸਟ ਹੋਏ। ਨਾਮੁਰਾਦ ਬਿਮਾਰੀ ਅਕਾਸ਼ਵੇਲ ਵਾਂਗ ਫੈਲ ਚੁਕੀ ਸੀ। ਕੋਈ ਉਮੀਦ ਨਹੀਂ ਸੀ, ਫਿਰ ਵੀ ਡਾਕਟਰਾਂ ਨੇ ਦਾਖਲ ਕਰ ਲਿਆ ਤੇ ਇਲਾਜ ਸ਼ੁਰੂ ਕਰ ਦਿੱਤਾ। ਦੋਸਤ-ਮਿੱਤਰ ਆਉਂਦੇ ਤੇ ਰਾਤਾਂ ਕਟਾਉਂਦੇ। ਦਰਦਮੰਦ ਮਿੱਤਰ ਪ੍ਰੋ. ਹਰਪਾਲ ਸਿੰਘ ਘੜੀ ਘੜੀ ਦੀ ਖਬਰ ਰੱਖਦੇ ਤੇ ਮੈਨੂੰ ਦੱਸਦੇ।
ਇੱਕ ਰਾਤ ਮੈਂ ਵੀ ਗਿਆ। ਮੇਰਾ ਮਨ ਉਸ ਨੂੰ ਇਸ ਹਾਲਤ ਵਿਚ ਦੇਖਣ ਤੋਂ ਕਤਰਾਉਂਦਾ ਸੀ। ਓੜਕ ਜਾਣਾ ਹੀ ਸੀ ਤੇ ਚਲਾ ਗਿਆ। ਪੁੱਛ ਪੁੱਛ ਕੇ ਉਸ ਕਮਰੇ ਵਿਚ ਗਿਆ, ਜਿੱਥੇ ਜਸਮੇਰ ਸਿੰਘ ਬਿਮਾਰੀ ਨਾਲ ਜੂਝ ਰਿਹਾ ਸੀ। ਉਸ ਦੀ ਬੇਟੀ ਤੇ ਬੀਵੀ ਨਵਜੰਮੇ ਬੱਚੇ ਵਾਂਗ ਉਸ ਦੀ ਦੇਖ-ਰੇਖ ਕਰ ਰਹੀਆਂ ਸਨ। ਉਹ ਮੈਨੂੰ ਦੇਖ ਕੇ ਖੁਸ਼ ਨਾ ਹੋਇਆ, ਹੋਰ ਉਦਾਸ ਹੋ ਗਿਆ।
ਕਹਿਣ ਲੱਗਾ, “ਇਧਰ ਆ ਤੇ ਓਧਰ ਮੂੰਹ ਕਰ।” ਸਾਹਮਣੇ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਲੱਗੀ ਹੋਈ ਸੀ। ਕਹਿਣ ਲੱਗਾ, “ਬੋਲ, ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਢੇ ਪੰਜ ਸੌ ਸਾਲਾ ਗੁਰਪੁਰਬ ਦੀ ਖੁਸ਼ੀ ਦੇ ਮੌਕੇ ‘ਤੇ ਮੇਰੇ ਦੋਸਤ ਜਸਮੇਰ ਸਿੰਘ ਨੂੰ ਕੀੜਾ ਜਾਣ ਕੇ ਅਰਾਮ ਬਖਸ਼ੋ ਜੀ।” ਮੈਂ ਅਤਿਅੰਤ ਪੀੜ ਅਤੇ ਭਰੇ ਮਨ ਨਾਲ ਇਹ ਅਰਦਾਸ ਦੁਹਰਾ ਦਿੱਤੀ।
ਫਿਰ ਉਸ ਦੇ ਕਹਿਣ ‘ਤੇ ਉਸ ਦੇ ਮੂੰਹ ਨੂੰ ਪਾਣੀ ਲਾਉਂਦਾ। ਕਦੀ ਉਸ ਨੂੰ ਉਠਾਲਦਾ, ਬਹਾਲਦਾ ਤੇ ਫਿਰ ਲਿਟਾ ਦਿੰਦਾ। ਕਹਿਣ ਲੱਗਾ, “ਪਾਠ ਸੁਣਾ।” ਉਥੇ ਇਕ ਨਿੱਕਾ ਟੇਪ-ਰਿਕਾਰਡਰ ਪਿਆ ਸੀ, ਮੈਂ ਲਾ ਦਿੱਤਾ ਤੇ ਪਾਠ ਸ਼ੁਰੂ ਹੋ ਗਿਆ। ਜਪੁਜੀ, ਰਹਿਰਾਸ ਤੇ ਸੋਹਿਲੇ ਉਪਰੰਤ ਸ੍ਰੀਰਾਗ ਸ਼ੁਰੂ ਹੋ ਗਿਆ। ਮੈਂ ਅੱਖਾਂ ਬੰਦ ਕਰਕੇ ਸੁਣ ਰਿਹਾ ਸਾਂ। ਦੇਰ ਪਿਛੋਂ ਰਤਾ ਅੱਖ ਖੋਲ੍ਹੀ ਤਾਂ ਜਸਮੇਰ ਬੜੇ ਅਰਾਮ ਨਾਲ ਬਾਣੀ ਸੁਣ ਰਿਹਾ ਸੀ। ਫਿਰ ਉਸ ਦੀਆਂ ਅੱਖਾਂ ਬੰਦ ਹੋਣ ਲੱਗ ਪਈਆਂ। ਉਸ ਨੇ ਟੇਪ ਬੰਦ ਕਰਨ ਲਈ ਇਸ਼ਾਰਾ ਕੀਤਾ, ਮੈਂ ਬਟਨ ਨੱਪ ਦਿੱਤਾ ਤੇ ਉਹ ਘੂਕ ਸੌਂ ਗਿਆ। ਮੈਂ ਉਸ ਦਾ ਚਿਹਰਾ ਨਿਹਾਰਦਾ ਰਿਹਾ। ਪੀੜਾਂ ਦੇ ਪਿੰਜੇ ਚਿਹਰੇ ਤੋਂ ਵੀ ਗੁਰਮੁਖਤਾਈ ਦੇ ਨਕਸ਼ ਸਾਫ ਪੜ੍ਹੇ ਜਾ ਸਕਦੇ ਸਨ।
ਬਾਰਾਂ ਵਜੇ ਤੋਂ ਬਾਅਦ ਪ੍ਰੋ. ਹਰਪਾਲ ਸਿੰਘ ਘਰੋਂ ਚਾਹ ਲੈ ਆਏ। ਸਭ ਨੇ ਘੁੱਟ ਘੁੱਟ ਪੀਤੀ ਤੇ ਮੈਂ ਆਪਣੇ ਬੇਟੇ ਕੋਲ ਚਲਾ ਗਿਆ। ਰਹਿੰਦੀ ਖੂੰਹਦੀ ਰਾਤ ਕੱਟੀ ਤੇ ਅਗਲੇ ਦਿਨ ਵਾਪਸ ਆ ਗਿਆ।
ਬੰਗਿਆਂ ਤੋਂ ਪ੍ਰੋ. ਹਰਪਾਲ ਸਿੰਘ ਦਾ ਵਿਦਿਆਰਥੀ ਉਸ ਨੂੰ ਪੀ. ਜੀ. ਆਈ. ਮਿਲਣ ਗਿਆ। ਗੱਲੀਂ ਗੱਲੀਂ ਉਸ ਨੂੰ ਦੱਸਣ ਲੱਗਾ ਕਿ ਪਿੰਡ ਵਿਚ ਕੋਸੀ ਕੋਸੀ ਧੁੱਪ ਵਿਚ ਪਰਾਲੀ ਦੇ ਢੇਰ ‘ਤੇ ਲੇਟਣ ਨਾਲ ਜੋ ਅਰਾਮ ਮਿਲਦਾ ਹੈ, ਉਸ ਦਾ ਮੁਕਾਬਲਾ ਮਹਿੰਗੇ ਮਹਿੰਗੇ ਗੱਦੇ ਕਤੱਈ ਨਹੀਂ ਕਰ ਸਕਦੇ। ਉਹ ਪੇਂਡੂ ਸਾਦਗੀ ਦਾ ਏਨਾ ਕਾਇਲ ਸੀ ਕਿ ਉਸ ਨੂੰ ਲੱਗਦਾ ਸੀ, ਉਸ ਦੀ ਜ਼ਿੰਦਗੀ ਦੀ ਹਰਿਆਲੀ ਸ਼ਹਿਰ ਦੇ ਬਨਾਉਟੀਪਣ ਨੇ ਨਿਗਲ ਲਈ ਹੈ।
ਮੈਂ ਉਸ ਨੂੰ ਪਹਿਲੀ ਵਾਰ ਬੰਗੇ ਮਿਲਿਆ ਸਾਂ। 1982 ਵਿਚ ਮੈਂ ਬੀ. ਏ. ਦੇ ਆਖਰੀ ਸਾਲ ਵਿਚ ਸਾਂ ਤੇ ਇਹ ਉਦੋਂ ਹਾਲੇ ਬੇਰੁਜ਼ਗਾਰ ਅਧਿਆਪਕ ਸੀ। ਪ੍ਰੋ. ਹਰਪਾਲ ਸਿੰਘ ਉਸ ਨੂੰ ਬੰਗੇ ਲੈ ਆਏ ਤੇ ਮੈਂ ਉਸ ਕੋਲ ਅੰਗਰੇਜ਼ੀ ਪੜ੍ਹਨ ਲੱਗ ਪਿਆ। ਉਹ ਮੈਨੂੰ ਵਿਆਕਰਣ ਪੜ੍ਹਾਉਂਦਾ ਤੇ ਮੈਂ ਉਸ ਨੂੰ ਗੱਲਾਂ ਸੁਣਾਉਂਦਾ। ਉਹ ਵਿਆਕਰਣ ਭੁੱਲ ਜਾਂਦਾ ਤੇ ਗੱਲਾਂ ‘ਚ ਗੁਆਚ ਜਾਂਦਾ।
ਦਰਅਸਲ ਸਿਲੇਬਸ ਵਿਚ ਮੇਰਾ ਮਨ ਨਹੀਂ ਸੀ ਲੱਗਦਾ। ਮੈਂ ਉਸ ਨੂੰ ਵਿਆਕਰਣ ਦੇ ਉਹ ਸਵਾਲ ਪੁੱਛਦਾ, ਜਿਨ੍ਹਾਂ ਦਾ ਇਮਤਿਹਾਨ ਨਾਲ ਕੋਈ ਤਾਅਲੁੱਕ ਨਾ ਹੁੰਦਾ। ਉਸ ਨੂੰ ਵੀ ਉਹੀ ਪੜ੍ਹਾ ਕੇ ਜ਼ਿਆਦਾ ਵਧੀਆ ਲੱਗਦਾ। ਉਹ ਮੇਰੇ ਕਿਸੇ ਕਿਸੇ ਸਵਾਲ ‘ਤੇ ਆਖਦਾ, “ਇਹ ਸਿਰਫ ਤੂੰ ਹੀ ਪੁੱਛ ਸਕਦਾ ਸੀ।” ਮੈਂ ਅੰਦਰੋਂ ਪ੍ਰਸੰਨ ਹੋ ਜਾਂਦਾ।
ਇੱਕ ਦਿਨ ਉਹ ਰਜਾਈ ਲਈਂ ਪਿਆ ਸੀ। ਮੈਂ ਆਇਆ ਤਾਂ ਉਸ ਨੇ ਮੂੰਹ ਬਾਹਰ ਕੱਢਣਾ ਵੀ ਮੁਨਾਸਬ ਨਾ ਸਮਝਿਆ। ਨਾ ਮੈਂ ਉਸ ਦਾ ਮੂੰਹ ਦੇਖਿਆ, ਨਾ ਉਸ ਨੇ ਮੇਰਾ। ਉਹ ਪਾਇਥਾਗੋਰਸ ਵਾਂਗ ਰਜਾਈ ਵਿਚੋਂ ਹੀ ਪੜ੍ਹਾਈ ਗਿਆ ਤੇ ਮੈਂ ਪੜ੍ਹੀ ਗਿਆ।
ਉਹ ਪੁਆਧੀ ਸੀ ਤੇ ਉਸ ਦੀ ਬੋਲੀ ਮੈਨੂੰ ਚੰਗੀ ਲੱਗਦੀ ਸੀ। ਅਸੀਂ ਅਕਸਰ ਪੁਆਧੀ ਤੇ ਦੁਆਬੀ ਦੇ ਅੰਤਰ ਅਤੇ ਨੇੜਤਾ ਦੇ ਨਿਸ਼ਾਨ ਲੱਭਦੇ ਰਹਿੰਦੇ ਤੇ ਖੁਸ਼ ਹੁੰਦੇ। ਉਹ ਪੰਜਾਬੀ ਬੋਲਦਾ ਇਵੇਂ ਲੱਗਦਾ, ਜਿਵੇਂ ਉਸ ਨੇ ਕਦੇ ਸ਼ਹਿਰ ਦਾ ਮੂੰਹ ਨਾ ਦੇਖਿਆ ਹੋਵੇ। ਅੰਗਰੇਜ਼ੀ ਬੋਲਦਾ ਤਾਂ ਲੱਗਦਾ, ਜਿਵੇਂ ਉਸ ਨੇ ਕਦੀ ਪਿੰਡ ਦਾ ਮੂੰਹ ਨਾ ਦੇਖਿਆ ਹੋਵੇ। ਅੰਗਰੇਜ਼ੀ ਕਾਹਦੀ, ਨਿਰਾ ਬੀ. ਬੀ. ਸੀ. ਰੇਡੀਓ ਲੱਗਦਾ।
ਉਸ ਨੇ 8ਵੀਂ ਵਿਚ ਵੱਡੀ ‘ਰੈਂਡਮ ਹਾਊਸ ਡਿਕਸ਼ਨਰੀ’ ਖਰੀਦ ਲਈ ਤੇ ਬੀ. ਬੀ. ਸੀ. ਸੁਣ ਸੁਣ ਕੇ ਆਪਣੀ ਅੰਗਰੇਜ਼ੀ ਅੰਗਰੇਜ਼ਾਂ ਜਿਹੀ ਕਰ ਲਈ। ਉਹ ਬੇਹੱਦ ਸਾਊ, ਸਾਦਾ ਤੇ ਸਪਸ਼ਟ ਇਨਸਾਨ ਸੀ। ਜੋ ਉਸ ਦੇ ਦਿਲ ਵਿਚ ਹੁੰਦਾ, ਉਹੀ ਜ਼ੁਬਾਨ ‘ਤੇ ਹੁੰਦਾ। ਉਹ ਅੜੀਅਲ ਜ਼ਰੂਰ ਸੀ, ਪਰ ਪਿਆਰ ਅੱਗੇ ਝੁਕ ਜਾਂਦਾ।
ਮੈਂ ਉਸ ਨਾਲ ਕਦੀ ਆਲਤੂ ਫਾਲਤੂ ਗੱਲਾਂ ਕਰਨ ਲੱਗ ਜਾਂਦਾ ਤੇ ਉਹ ਉਨ੍ਹਾਂ ਨੂੰ ਬੜੇ ਧਿਆਨ ਨਾਲ ਸੁਣਦਾ। ਕਦੀ ਕਦੀ ਉਹ ਏਨਾ ਭੋਲਾ ਲੱਗਦਾ ਕਿ ਉਸ ਦੇ ਸਾਹਮਣੇ ਸਭ ਚਤੁਰਾਈਆਂ ਦਮ ਤੋੜ ਦਿੰਦੀਆਂ।
ਫਿਰ ਪੰਜਾਬ ਦੇ ਹਾਲਾਤ ਵਿਗੜ ਗਏ। ਮੋਰਚਾ ਲੱਗ ਗਿਆ। ਮੈਂ ਗ੍ਰਿਫਤਾਰੀ ਦੇ ਦਿੱਤੀ ਤੇ ਮੇਰੀ ਵਿਆਕਰਣ ਦਾ ਭੋਗ ਪੈ ਗਿਆ। ਜੇਲ੍ਹ ਯਾਤਰਾ ਤੇ ਮੋਰਚੇ ਦੀ ਲੰਬੀ ਕਹਾਣੀ ਬਾਅਦ ਮੈਂ ਵਾਪਸ ਪਰਤ ਆਇਆ। ਬੀ. ਏ. ਮੁਕੰਮਲ ਕੀਤੀ ਤੇ ਪ੍ਰੋ. ਹਰਪਾਲ ਸਿੰਘ ਦੇ ਕਹਿਣ ‘ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਪੰਜਾਬੀ ਦੀ ਐਮ. ਏ. ਕਰਨ ਚਲਾ ਗਿਆ।
ਉਥੇ ਦੂਜੇ-ਤੀਜੇ ਦਿਨ ਹੀ ਮੈਨੂੰ ਜਸਮੇਰ ਸਿੰਘ ਟੱਕਰ ਪਿਆ। ਉਹ ਹਾਲੇ ਵੀ ਬੇਰੁਜ਼ਗਾਰ ਹੀ ਸੀ। ਅੰਗਰੇਜ਼ੀ ਵਿਆਕਰਣ ਤੇ ਗੱਲਾਂ ਦੀ ਟੁੱਟੀ ਤੰਦ ਮੁੜ ਜੁੜ ਗਈ। ਹੁਣ ਮੇਰੇ ਸਵਾਲਾਂ ਤੇ ਗੱਲਾਂ ਵਿਚ ਯੂਨੀਵਰਸਿਟੀ ਦਾ ਬੌਧਿਕ ਪ੍ਰਭਾਵ ਤੇ ਦੇਹੀ ਸ਼ਿੰਗਾਰ ਵੀ ਦਾਖਲ ਹੋ ਗਿਆ। ਉਹ ਅੰਗਰੇਜ਼ੀ ਮੁਹਾਵਰੇ ਤੇ ਅਖਾਣ ਦੱਸਦਾ, ਕਾਵਿ ਟੋਟਕੇ ਸੁਣਾਉਂਦਾ ਤੇ ਵਿਸ਼ਵ ਦੇ ਮਹਾਨ ਵਿਦਵਾਨਾਂ ਦੇ ਜੀਵਨ ਵਾਕਿਆਤ ਖੋਲ੍ਹ ਖੋਲ੍ਹ ਕੇ ਸਮਝਾਉਂਦਾ। ਵਿਚ ਵਿਚ ਆਪਣੇ ਤਜਰਬੇ ਇਸ ਤਰ੍ਹਾਂ ਜੜਦਾ ਜਿਵੇਂ ਰਜਨੀਸ਼ ਮੁੱਲਾਂ ਨਸੀਰਉਦਦੀਨ ਦੇ ਵਾਕਿਆਤ ਸੁਣਾਉਂਦਾ ਹੋਵੇ। ਮੈਂ ਕਿਸੇ ਗੱਲ ‘ਤੇ ਬੇਹੱਦ ਹੈਰਾਨ ਹੁੰਦਾ ਤੇ ਕਿਸੇ ‘ਤੇ ਹੱਸ ਛੱਡਦਾ।
ਮੈਨੂੰ ਕੱਲ੍ਹ ਵਾਂਗ ਯਾਦ ਹੈ, ਯੂਨੀਵਰਸਿਟੀ ਵਿਚ ਜਪੁਜੀ ਸਾਹਿਬ ‘ਤੇ ਮਿਲੀ ਅਸਾਈਨਮੈਂਟ ਲਈ ਮੈਂ ਜਸਮੇਰ ਸਿੰਘ ਕੋਲ ਰਾਣੀ ਮਾਜਰੇ ਗਿਆ। ਉਸ ਨੇ ਮੇਰੀ ਕਾਬਲੀਅਤ ਨੂੰ ਇੰਨਾ ਉਤਸ਼ਾਹਿਤ ਕਰ ਦਿੱਤਾ ਕਿ ਮੈਂ ਉਹ ਅਸਾਈਨਮੈਂਟ ਨੇਪਰੇ ਚਾੜ੍ਹ ਸਕਿਆ ਸਾਂ। ਡਾ. ਸੱਚਰ ਨੇ ਇਕ ਅੱਧ ਨੁਕਤੇ ਦੀ ਕਾਂਟ ਛਾਂਟ ਕਰਕੇ ਉਸ ਨੂੰ ਹੱਸ ਕੇ ਪ੍ਰਵਾਨ ਕਰ ਲਿਆ।
ਉਹ ਕਦੀ ਕਦੀ ਰਾਤ ਨੂੰ ਮੇਰੇ ਕੋਲ ਹੀ ਰੁਕ ਜਾਂਦਾ। ਉਹ ਮੈਨੂੰ ਆਪਣੇ ਸਾਹਮਣੇ ਨਾ ਭੁਰਜੀ ਖਾਣ ਦਿੰਦਾ, ਨਾ ਨੌਨ ਵੈਜ। ਅਸੀਂ ਮੱਖਣ ਦੀਆਂ ਟਿੱਕੀਆਂ ਪਾ ਕੇ ਦਾਲ-ਫੁਲਕਾ ਛੱਕਦੇ, ਕਮਰੇ ‘ਚ ਬਹਿ ਕੇ ਗਰਮ ਗਰਮ ਦੁੱਧ ਪੀਂਦੇ, ਭੁੰਜੇ ਬਿਸਤਰੇ ਵਿਛਾਉਂਦੇ ਤੇ ਬੱਤੀ ਬੁਝਾ ਕੇ ਪੈ ਜਾਂਦੇ। ਰਾਤ ਨੂੰ ਅਸੀਂ ਬਾਣੀ ਦੇ ਅਰਥ, ਪਾਠ ਬੋਧ ਅਤੇ ਭੇਦ ਵਿਚਾਰਦੇ ਵਿਚਾਰਦੇ ਗੁਰੂ ਸਾਹਿਬਾਨ ਦੀਆਂ ਅਲੌਕਿਕ ਸਾਖੀਆਂ ਛੇੜ ਲੈਂਦੇ ਤੇ ਸੁਣਦੇ/ਸੁਣਾਉਂਦੇ ਸੌਂ ਜਾਂਦੇ।
ਭਿੰਡਰਾਂ ਵਾਲੇ ਸੰਤਾਂ ‘ਤੇ ਹੋਏ ਹਮਲੇ ਅਤੇ ਦਿੱਲੀ ਦੇ ਸਿੱਖ ਕਤਲੇਆਮ ਤੇ ਹੋਈ ਸਾੜਫੂਕ ਕਾਰਨ ਸਿੱਖ ਸਮਾਜ ਵਿਚ ਅਜੀਬ ਏਕਤਾ ਪ੍ਰਗਟ ਹੋਈ ਪਈ ਸੀ। ਹਰ ਹਫਤੇ ਕਿਤੇ ਨਾ ਕਿਤੇ ਕੀਰਤਨ ਦਰਬਾਰ ਹੁੰਦਾ। ਅਸੀਂ ਸਾਰੇ ਇਕੱਠੇ ਹੋ ਕੇ ਸੁਣਨ ਜਾਂਦੇ। ਕਮੇਟੀਆਂ ਲਈ ਚੜ੍ਹਾਵਾ ‘ਕੱਠਾ ਕਰਨ ਦਾ ਸੁਨਹਿਰੀ ਮੌਕਾ ਬਣਿਆ ਹੋਇਆ ਸੀ। ਉਹ ਚਾਰ ਸਿੱਖਾਂ ਨੂੰ ਚਾਦਰ ਫੈਲਾ ਕੇ ਸੰਗਤ ਵਿਚ ਘੁਮਾ ਦਿੰਦੇ। ਸਾਡੇ ਕੋਲ ਆਏ ਤਾਂ ਅਸੀਂ ਉਸ ਵਿਚ ਦਸ ਦਸ ਰੁਪਏ ਪਾ ਦਿੱਤੇ, ਪਰ ਜਸਮੇਰ ਸਿੰਘ ਨੇ ਆਪਣਾ ਪਰਸ ਕੱਢ ਕੇ ਹੀ ਚਾਦਰ ਵਿਚ ਸੁੱਟ ਦਿੱਤਾ। ਅਸੀਂ ਉਸ ਵੱਲ ਹੈਰਾਨੀ ਨਾਲ ਦੇਖਿਆ ਤਾਂ ਕਹਿਣ ਲੱਗਾ, “ਯਾਰ, ਇਨ੍ਹਾਂ ਨੇ ਗੁਰੂ ਨੂੰ ਹੀ ਮੰਗਣ ਲਾ ਦਿੱਤਾ।” ਮੈਂ ਦੇਖਿਆ ਕਿ ਉਹ ਭਾਵੁਕ ਜਾਂ ਜਜ਼ਬਾਤੀ ਨਹੀਂ ਸੀ। ਕਮੇਟੀ ਵਲੋਂ ਚਾਦਰ ਘੁਮਾ ਕੇ ਕੀਤੀ ਜਾ ਰਹੀ ਗੁਰੂ ਦੀ ਬੇਅਦਬੀ ਪ੍ਰਤੀ ਉਸ ਦੇ ਮਨ ਵਿਚ ਮਣਾਮੂੰਹੀਂ ਰੋਸ ਸੀ।
ਉਸ ਦੇ ਬਚਪਨ ਦੇ ਛੇ-ਸੱਤ ਦੋਸਤ ਉਸ ਨਾਲ ਹੁੰਦੇ ਤੇ ਨਾਲ ਹੀ ਆ ਜਾਂਦੇ। ਮੇਰੇ ਕਮਰੇ ਵਿਚ ਖੂਬ ਰੌਣਕ ਲੱਗਦੀ ਤੇ ਕਮਰਾ ਸਰਾਂ ਬਣ ਜਾਂਦਾ। ਅੱਖੀਂ ਡਿੱਠਾ ਕੀਰਤਨ ਦਰਬਾਰ ਰਾਤ ਭਰ ਚਰਚਾ ਵਿਚ ਰਹਿੰਦਾ। ਕਿਸੇ ਦੀ ਸਿਫਤ ਹੁੰਦੀ, ਕਿਸੇ ਦੇ ਨੁਕਸ ਨਿਕਲਦੇ। ਤੜਕੇ ਜਿਹੇ ਸੌਂ ਜਾਂਦੇ, ਸਵੇਰ ਸਾਰ ਉਠਦੇ ਤੇ ਦੌੜ ਦੌੜ ਕੇ ਇਸ਼ਨਾਨ ਕਰਦੇ। ਤਿਆਰ ਬਰ ਤਿਆਰ ਹੁੰਦੇ ਅਤੇ ਦੁੱਧ, ਦਹੀਂ, ਮੱਖਣ ਦੀ ਟਿੱਕੀ ਤੇ ਪਰੌਂਠੇ ਛਕਦੇ। ਡਕਾਰ ਲੈਂਦੇ ਤੇ ਪੰਜਾਬੀ ਵਿਭਾਗ ਵਿਚ ਡਾ. ਸੱਚਰ ਦੀ ਬਾਰਗਾਹ ‘ਚ ਬਿਰਾਜ ਜਾਂਦੇ।
ਫਿਰ ਜਸਮੇਰ ਨੂੰ ਅਨੰਦਪੁਰ ਸਾਹਿਬ ਦੇ ਕਾਲਜ ਵਿਚ ਕੱਚੀ ਨੌਕਰੀ ਮਿਲ ਗਈ। ਉਥੇ ਉਸ ਨੇ ਕਾਲਜ ਦੇ ਰਸਾਲੇ ਦੀ ਸੰਪਾਦਨਾ ਕਰਨੀ ਸੀ। ਉਸ ਨੂੰ ਕਿਤਾਬਾਂ ਪੜ੍ਹਨਾ ਚੰਗਾ ਲੱਗਦਾ ਸੀ, ਪਰ ਲਿਖਣ ਤੋਂ ਉਸ ਨੂੰ ਕੋਫਤ ਹੁੰਦੀ ਸੀ। ਕਾਲਜ ਦੇ ਰਸਾਲੇ ਲਈ ਭਾਈ ਵੀਰ ਸਿੰਘ ਦੀ ਕਾਵਿ-ਪ੍ਰਤਿਭਾ ‘ਤੇ ਲੇਖ ਲਿਖਣਾ ਸੀ। ਉਸ ਨੇ ਮੈਨੂੰ ਉਥੇ ਸੱਦਿਆ। ਮੈਂ ਪੰਜਾਬੀ ‘ਚ ਬੋਲੀ ਗਿਆ ਤੇ ਉਹ ਅੰਗਰੇਜ਼ੀ ਵਿਚ ਲਿਖੀ ਗਿਆ, ਜਿਵੇਂ ਉਹ ਮੇਰਾ ਦੁਭਾਸ਼ੀਆ ਹੋਵੇ।
ਉਹ ਪੰਜਾਬੀ ਵਾਰਤਕ ਦਾ ਪਾਠਕ ਸੀ, ਕਵਿਤਾ ਦਾ ਨਹੀਂ। ਗੁਰਮਤਿ ਨਾਲ ਸਬੰਧਤ ਕਿਹੜੀ ਕਿਤਾਬ ਸੀ, ਜੋ ਉਸ ਕੋਲ ਨਹੀਂ ਸੀ ਤੇ ਉਸ ਨੇ ਪੜ੍ਹੀ ਨਹੀਂ ਸੀ। ਜੀਵਨੀਆਂ ਤਾਂ ਉਹ ਪੜ੍ਹਦਾ ਨਹੀਂ, ਪੀਂਦਾ ਸੀ। ਉਸ ਦਾ ਇਕ ਮਿੱਤਰ ਉਸ ਨੂੰ ਸ਼ਿਵ ਕੁਮਾਰ ਸੁਣਾਉਂਦਾ ਰਹਿੰਦਾ ਤੇ ਇਹ ਉਸ ਵੱਲ ਹੈਰਾਨ ਹੋ ਕੇ ਦੇਖਣ ਲੱਗ ਜਾਂਦਾ। ਪੰਜਾਬੀ ਕਵਿਤਾ ਨਾਲ ਉਸ ਦਾ ਏਨਾ ਕੁ ਸਬੰਧ ਸੀ। ਪੰਜਾਬੀ ਕਵਿਤਾ ਨੂੰ ਛੱਡ ਕੇ ਉਹ ਕੁਝ ਵੀ ਪੜ੍ਹ ਸਕਦਾ ਸੀ।
ਉਹ ਨਾ ਬੇਮਤਲਬ ਗਾਣੇ ਸੁਣਦਾ, ਨਾ ਫਜ਼ੂਲ ਕਿਸਮ ਦੇ ਸੀਰੀਅਲ ਦੇਖਦਾ। ਉਸ ਨੂੰ ਸ਼ਾਇਦ ਹੀ ਕਿਸੇ ਪੰਜਾਬੀ ਫਿਲਮ ਦਾ ਨਾਂ ਤੱਕ ਪਤਾ ਹੋਵੇ। ਪੰਜਾਬੀ ਦੀਆਂ ਅਖਬਾਰਾਂ ਨੂੰ ਉਹ ਬਦਕਾਰਾਂ ਸਮਝਦਾ ਸੀ। ਉਸ ਲਈ ਰੇਡੀਓ, ਟੀ. ਵੀ. ਦਾ ਮਤਲਬ ਵੀ ਸਿਰਫ ਬੀ. ਬੀ. ਸੀ. ਸੀ।
ਇਕ ਦੋਸਤ ਕਹਿਣ ਲੱਗਾ, “ਯਾਰ, ਜੇ ਮੈਨੂੰ ਤੇਰੇ ਜਿੰਨੀ ਅੰਗਰੇਜ਼ੀ ਆਉਂਦੀ ਹੁੰਦੀ ਤਾਂ ਮੈਂ ਦੁਨੀਆਂ ਲੁੱਟ ਕੇ ਖਾ ਜਾਂਦਾ।” ਜਸਮੇਰ ਕਹਿੰਦਾ, “ਤੈਨੂੰ ਤਾਂ ਹੀਂ ਨਹੀਂ ਆਉਂਦੀ।” ਮੈਂ ਕਿਤੇ ਉਸ ਦੋਸਤ ਖਿਲਾਫ ਜਸਮੇਰ ਸਿੰਘ ਕੋਲ ਗੱਲ ਕੀਤੀ ਤਾਂ ਕਹਿਣ ਲੱਗਾ, “ਓ ਛੱਡ, ਉਹ ਵੀ ਗੁਰੂ ਦਾ ਈ ਬੰਦਾ।” ਮੈਂ ਉਸ ਦੇ ਯਕੀਨ ‘ਤੇ ਬਲਿਹਾਰ ਜਾਂਦਾ।
ਜਸਮੇਰ ਆਪਣੇ ਵਿਆਹ ਦੇ ਹਫਤੇ ਕੁ ਪਿਛੋਂ ਮੇਰੇ ਕੋਲ ਆਇਆ ਤੇ ਕਹਿੰਦਾ, “ਜੇ ਬਚਣਾ ਤਾਂ ਵਿਆਹ ਕਰਾ ਲੈ।” ਮੈਨੂੰ ਉਸ ਦੀ ਸਲਾਹ ਬੜੀ ਹੀ ਨੇਕ ਲੱਗੀ। ਵੀਹ ਕੁ ਦਿਨਾਂ ਪਿਛੋਂ ਫਿਰ ਆਇਆ ਤਾਂ ਉਸ ਨੇ ਵਿਆਹ ਦੀ ਕੋਈ ਗੱਲ ਨਾ ਕੀਤੀ। ਮੈਂ ਸਮਝ ਗਿਆ ਕਿ ਗ੍ਰਹਿਸਥੀ ਉਸ ਲਈ ਆਮ ਗੱਲ ਹੋ ਗਈ ਸੀ ਤੇ ਉਹ ਇਸ ਵਿਚ ਰਮ ਗਿਆ ਹੈ।
ਉਹ ਆਪਣੇ ਦੋਸਤ ਲਈ ਕੀ ਕਰ ਸਕਦਾ ਸੀ ਤੇ ਕਿੱਥੇ ਤੱਕ ਜਾ ਸਕਦਾ ਸੀ, ਦੱਸਿਆ ਨਹੀਂ ਜਾ ਸਕਦਾ। ਕਹਿ ਸਕਦਾ ਹਾਂ ਕਿ ਇਸ ਖਾਤਰ ਨੈਤਿਕਤਾ ਦੀਆਂ ਹੱਦਾਂ ਪਾਰ ਕਰਨ ਤੋਂ ਉਸ ਨੂੰ ਗੁਰਮਤਿ ਮਰਿਆਦਾ ਹੀ ਰੋਕਦੀ ਸੀ। ਅੱਜ ਮੈਂ ਸੋਚਦਾ ਹਾਂ, ਉਹ ਕਿੰਨਾ ਖਰਾ, ਸੱਚਾ ਅਤੇ ਸ਼ੁੱਧ ਸੀ। ਜੇ ਉਸ ਨੇ ਅੰਮ੍ਰਿਤਪਾਨ ਨਾ ਕੀਤਾ ਹੁੰਦਾ ਤਾਂ ਉਹ ਦੋਸਤਾਂ ਖਾਤਰ ਕਿੰਨਾ ਉਜੜ ਗਿਆ ਹੁੰਦਾ।
ਮੇਰੇ ਬਾਬਤ ਮੇਰੇ ਹਰ ਦੋਸਤ ਨੂੰ ਕੋਈ ਨਾ ਕੋਈ ਸ਼ਿਕਾਇਤ ਰਹਿੰਦੀ, ਸਿਰਫ ਜਸਮੇਰ ਨੂੰ ਨਹੀਂ ਸੀ। ਉਹ ਮੈਨੂੰ ਵੀ ਬਖਸ਼ ਦਿੰਦਾ, ਪਰ ਜਸਮੇਰ ਸਿੰਘ ਪ੍ਰਤੀ ਉਸ ਦੇ ਕਿਸੇ ਦੋਸਤ ਨੂੰ ਕੋਈ ਸ਼ਿਕਾਇਤ ਨਹੀਂ ਸੀ; ਸਿਰਫ ਮੈਨੂੰ ਸੀ ਕਿ ਉਹ ਆਪਣੇ ਨਿਕੰਮੇ ਦੋਸਤਾਂ ਦੀ ਸ਼ਨਾਖਤ ਨਹੀਂ ਕਰਦਾ। ਦਰਅਸਲ ਇਹੀ ਉਸ ਦਾ ਵੱਡਾ ਗੁਣ ਅਤੇ ਔਗੁਣ ਸੀ।
ਉਹ ਆਪਣੇ ਕਿਸ ਦੋਸਤ ਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ, ਇਸ ਬਾਬਤ ਕੁਝ ਨਹੀਂ ਕਿਹਾ ਜਾ ਸਕਦਾ, ਪਰ ਉਸ ਨੂੰ ਸਭ ਤੋਂ ਵੱਧ ਭਰੋਸਾ ਪ੍ਰੋ. ਹਰਪਾਲ ਸਿੰਘ ‘ਤੇ ਸੀ। ਸਾਰੇ ਉਨ੍ਹਾਂ ਨੂੰ ਪ੍ਰੋ. ਸਾਹਿਬ ਕਹਿੰਦੇ, ਪਰ ਜਸਮੇਰ ਸਿੰਘ ਹੀ ਕੇਵਲ ‘ਹਰਪਾਲ’ ਕਹਿ ਕੇ ਬੁਲਾਉਂਦਾ। ਉਸ ਨਾਲ ਹੀ ਉਹ ਆਪਣਾ ਨਿਜੀ ਦੁੱਖ-ਸੁੱਖ ਸਾਂਝਾ ਕਰਦਾ ਤੇ ਹਰ ਤਰ੍ਹਾਂ ਦੀ ਮਦਦ ਲਈ ਕਹਿ ਲੈਂਦਾ।
ਜਸਮੇਰ ਦੇ ਗਿਆਨ ਦੀਆਂ ਕਈ ਖਿੜਕੀਆਂ ਸਨ, ਜਿਨ੍ਹਾਂ ਵਿਚੋਂ ਕਿਸੇ ਨਾਲ ਕੋਈ ਤੇ ਕਿਸੇ ਨਾਲ ਕੋਈ ਖਿੜਕੀ ਖੋਲ੍ਹਦਾ। ਮੇਰੇ ਨਾਲ ਖੱਟੀ-ਮਿੱਠੀ ਤੋਂ ਲੈ ਕੇ ਸਮੱਟੀ ਤੱਕ, ਹਰ ਖਿੜਕੀ ਖੋਲ੍ਹ ਲੈਂਦਾ।
ਬਚਪਨ ਦੇ ਦੋਸਤ ਉਸ ‘ਤੇ ਜਾਨ ਵਾਰਦੇ ਸਨ। ਛੋਟਾ ਦਿਲਬਰ ਤਾਂ ਉਸ ਦੀ ਤਾਬਿਆ ਵਿਚ ਹੀ ਰਹਿੰਦਾ ਤੇ ਖੁਦ ਨੂੰ ਉਸ ਦਾ ਭਗਤ ਸਮਝਦਾ ਸੀ; ਕਿਤੇ ਜਾਣਾ ਹੋਵੇ, ਗੱਡੀ ਲੈ ਕੇ ਹਾਜ਼ਰ ਹੋ ਜਾਂਦਾ। ਜਸਮੇਰ ਵੀ ਉਸ ‘ਤੇ ਆਪਣਾ ਜਮਾਂਦਰੂ ਹੱਕ ਸਮਝਦਾ ਸੀ। ਉਸ ਦਾ ਹਰ ਦੋਸਤ ਸਮਝਦਾ ਕਿ ਜਸਮੇਰ ਉਸ ਨੂੰ ਸਭ ਤੋਂ ਵੱਧ ਪਿਆਰ ਕਰਦਾ ਹੈ; ਪਰ ਅਸਲ ਗੱਲ ਇਹ ਸੀ ਕਿ ਉਸ ਦਾ ਹਰ ਦੋਸਤ ਨਾਲ ਵਿਸ਼ੇਸ਼ ਲਗਾਉ ਹੁੰਦਾ ਸੀ।
ਉਹ ਪ੍ਰੋ. ਹਰਪਾਲ ਸਿੰਘ ਨੂੰ ‘ਬੁੱਕ ਹੰਟਰ’ ਸਮਝਦਾ, ਪਰ ਘੱਟ ਆਪ ਵੀ ਨਹੀਂ ਸੀ। ਜਿਹੜੀ ਕਿਤਾਬ ਕਿਤੋਂ ਨਹੀਂ ਸੀ ਮਿਲਦੀ, ਉਸ ਕੋਲ ਹੁੰਦੀ। ਉਹ ਕਿਸੇ ਦੋਸਤ ਦੇ ਕਾਲਜ ਗਿਆ ਤੇ ਗਪੌੜ ਸੁਣਨ ਦੀ ਥਾਂ ਲਾਇਬਰੇਰੀ ਵਿਚ ਵੜ ਗਿਆ। ਭਾਸ਼ਾ ਵਿਭਾਗ, ਪੰਜਾਬ ਦੇ ਛਪੇ ‘ਪੰਜਾਬੀ ਸ਼ਬਦ-ਕੋਸ਼’ ਦੀ ਤੀਜੀ ਜਿਲਦ ਦੇਖੀ ਤਾਂ ਉਸ ਦੀਆਂ ਦੋ ਕਾਪੀਆਂ ਕਰਾ ਲਈਆਂ।
ਮੈਂ ਉਸ ਨੂੰ ਫੋਨ ਕੀਤਾ ਤੇ ਸਹਿਵਨ ਹੀ ਕੋਈ ਸ਼ਬਦ ਪੁੱਛ ਲਿਆ, ਜੋ ‘ਪੰਜਾਬੀ ਕੋਸ਼’ ਦੀ ਉਸੇ ਜਿਲਦ ਵਿਚ ਸੀ। ਕਹਿਣ ਲੱਗਾ, “ਇਹ ਤੈਨੂੰ ਮਿਲ ਵੀ ਸਕਦਾ ਹੈ, ਜੇ ਤੂੰ ਮੇਰਾ ਬਹੁਤ ਵੱਡਾ ਥੈਂਕਸ ਕਰੇਂ।” ਮੈਂ ‘ਵੱਡਾ ਥੈਂਕਸ’ ਕਰ ਦਿੱਤਾ, ਸ਼ਬਦ-ਕੋਸ਼ ਦੀ ਉਹ ਜਿਲਦ ਮੈਨੂੰ ਮਿਲ ਗਈ ਤੇ ਮੇਰਾ ਸੈੱਟ ਪੂਰਾ ਹੋ ਗਿਆ। ਮੈਂ ਉਸ ਨੂੰ ਅੰਗਰੇਜ਼ੀ ਬਾਬਤ ਤੰਗ ਕਰਦਾ ਰਹਿੰਦਾ ਤੇ ਕੁਝ ਨਾ ਕੁਝ ਪੁੱਛਦਾ ਰਹਿੰਦਾ। ਕਈ ਵਾਰ ਨਿੱਤਨੇਮ ਛੱਡ ਕੇ ਵੀ ਉਹ ਮੇਰੀ ਸਮੱਸਿਆ ਦਾ ਹੱਲ ਕਰਦਾ। ਜਦ ਕਿਤੇ ਉਸ ਦੀ ਸੁਘੜ ਪਤਨੀ ਫੋਨ ਚੁੱਕ ਲੈਂਦੀ ਤਾਂ ਮੈਂ ਸਮਝ ਜਾਂਦਾ ਕਿ ਉਹ ਸਕੂਟਰ ਚਲਾ ਰਿਹਾ ਹੋਵੇਗਾ। ਉਸ ਨੂੰ ਸਾਰੇ ਫੋਨ ਕਰਦੇ, ਪਰ ਉਹ ਕਦੇ ਹੀ ਕਿਸੇ ਨੂੰ ਫੋਨ ਕਰਦਾ।
ਵਿਆਹ ਸ਼ਾਦੀਆਂ ਤੇ ਭੋਗਾਂ ‘ਤੇ ਉਹ ਬੱਧਾ-ਰੁੱਧਾ ਹੀ ਜਾਂਦਾ। ਜੇ ਜਾਂਦਾ ਤਾਂ ਸਿਰਫ ਕਥਾ ਕੀਰਤਨ ਸੁਣਦਾ, ਦਾਲ-ਫੁਲਕਾ ਛਕਦਾ ਤੇ ਪਰਤ ਜਾਂਦਾ। ਉਹ ਗੱਲਕਾਰ ਸੀ, ਗਾਲੜੀ ਨਹੀਂ ਸੀ। ਗੱਲਕਾਰਾਂ ਨੂੰ ਉਹ ਘੰਟਿਆਂ ਬੱਧੀ ਸੁਣ ਸਕਦਾ ਸੀ। ਗਾਲੜੀਆਂ ਨੂੰ ਉਹ ਬਹੁਤਾ ਪਸੰਦ ਨਹੀਂ ਸੀ ਕਰਦਾ ਤੇ ਟਾਲਾ ਵੱਟ ਜਾਂਦਾ।
ਦੂਰਦਰਸ਼ਨ ਵਾਲਿਆਂ ਨੇ ‘ਗੱਲਾਂ ਤੇ ਗੀਤ’ ਲਈ ਬੁਲਾਇਆ ਤਾਂ ਨਾਂਹ-ਨੁੱਕਰ ਕਰੀ ਜਾਵੇ। ਮੈਂ ਉਸ ਦਾ ਨਾਂ ਤਜਵੀਜ਼ ਕੀਤਾ ਸੀ ਤੇ ਉਹ ਮੇਰੇ ‘ਤੇ ਇਤਰਾਜ਼ ਕਰਨ ਲੱਗੇ। ਬੜੀ ਮੁਸ਼ਕਿਲ ਨਾਲ ਉਸ ਨੂੰ ਜਲੰਧਰ ਜਾਣ ਲਈ ਮਨਾਇਆ। ਜਦ ਉਹ ਗਿਆ ਤਾਂ ਉਸ ਦੇ ਗਿਆਨ ਅਤੇ ਅੰਦਾਜ਼ ਨੂੰ ਦੇਖ ਕੇ ਦੂਰਦਰਸ਼ਨ ਵਾਲੇ ਬੜੇ ਹੈਰਾਨ ਤੇ ਖੁਸ਼ ਹੋਏ। ਦਰਵੇਸ਼ ਤਬੀਅਤ, ਗੁਣਾਂ ਦੀ ਗੁਥਲੀ, ਜਸਮੇਰ ਸਿੰਘ ਸ਼ਾਨੋ-ਸ਼ੌਕਤ ਤੇ ਸ਼ੁਹਰਤ ਦੀ ਦੁਨੀਆਂ ਤੋਂ ਅਭਿੱਜ ਸੀ।
ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਖੋਜੀ ਵਿਦਵਾਨ ਡਾ. ਪਿਆਰ ਸਿੰਘ ਨੂੰ ਸਿਰਦਾਰ ਕਪੂਰ ਸਿੰਘ ਦੀਆਂ ਕਿਤਾਬਾਂ ਦੀ ਸੰਪਾਦਨਾ ਸਮੇਂ ਆਉਣ ਵਾਲੀਆਂ ਅੜਿਚਣਾਂ ਦਾ ਹੱਲ ਜਸਮੇਰ ਸਿੰਘ ਕੋਲੋਂ ਹੁੰਦਾ ਸੀ ਤੇ ਡਾ. ਪਿਆਰ ਸਿੰਘ ਉਸ ਦੀ ਏਨੀ ਉਚੀ ਸੁੱਚੀ ਲਗਨ ਅਤੇ ਪ੍ਰਤਿਭਾ ਤੋਂ ਹੈਰਾਨ ਹੁੰਦੇ ਸਨ।
ਖਰੀਦੋ-ਫਰੋਖਤ ਸਮੇਂ ਹਮੇਸ਼ਾ ਚਾਦਰ ਦੇਖ ਕੇ ਪੈਰ ਪਸਾਰਨ ਵਾਲਾ ਜਸਮੇਰ ਸਿੰਘ ਕਿਤਾਬਾਂ ਦੇਖ ਕੇ ਚਾਦਰ ਵਿਸਾਰ ਦਿੰਦਾ। ਵਿਸ਼ਵ ਪੁਸਤਕ ਮੇਲੇ ਵਿਚ ਨਿਰਸੰਕੋਚ ਪੰਡਾਂ ਬੰਨ੍ਹ ਬੰਨ੍ਹ ਕਿਤਾਬਾਂ ਲੈ ਆਉਂਦਾ। ਟਾਈਟਲ ਦੇਖ ਕੇ ਉਸ ਦੇ ਮਸਤਕ ਦੀ ਵਿਸ਼ਾਲ ਚਾਹਤ ਦੇ ਦੀਦਾਰ ਹੁੰਦੇ।
ਠੰਢ ਬਹੁਤ ਮੰਨਦਾ ਸੀ। ਸਰਦੀਆਂ ਨੂੰ ਕਈ ਕਈ ਕੱਪੜੇ ਪਾ ਕੇ ਰੱਖਦਾ। ਪਹਿਨਣ ਓਢਣ ਦਾ ਸ਼ੌਕੀਨ ਨਹੀਂ ਸੀ। ਘਰ ਵਿਚ ਅਜਿਹਾ ਮਧੇੜ ਮਾਰ ਕੇ ਰੱਖਦਾ, ਜਿਵੇਂ ਖੇਤਾਂ ‘ਚ ਨੱਕੇ ਮੋੜਨ ਜਾਣਾ ਹੋਵੇ।
ਮੁਢਲੇ 3-4 ਸਾਲ ਉਸ ਨੇ ਡਾਕਖਾਨੇ ‘ਚ ਨੌਕਰੀ ਕੀਤੀ ਸੀ। ਇਸੇ ਲਈ ਉਹ ਸਿੱਕੇਬੰਦ ਸੱਜਣ ਪੁਰਸ਼ ਸੀ। ਫਿਰ ਉਹ ਚੰਡੀਗੜ੍ਹ ਦੇ ਪਬਲਿਕ ਸਕੂਲ ਵਿਚ ਅੰਗਰੇਜ਼ੀ ਪੜ੍ਹਾਉਣ ਲੱਗ ਪਿਆ। ਬਿਹਤਰੀਨ ਸਕੂਲਾਂ ਦੇ ਅੰਗਰੇਜ਼ੀ ਪਾੜ੍ਹੇ ਉਸ ਤੋਂ ਅੱਖਾਂ ਚੁਰਾਉਂਦੇ ਤੇ ਟਿਭ ਜਾਂਦੇ। ਕਈ ਉਸ ਦੇ ਸਾਹਮਣੇ ਹਾਰ ਜਾਂਦੇ ਤੇ ਕਈ ਖਾਰ ਖਾਂਦੇ। ਕਿੱਥੇ ਬੀ. ਬੀ. ਸੀ. ਤੇ ਕਿੱਥੇ ਪੀ. ਟੀ. ਸੀ.!
ਮੇਰੇ ਕੋਲ ਆਇਆ, ਅਖੇ ਫਗਵਾੜਾ ਦੇਖਣਾ। ਮੈਂ ਉਸ ਨੂੰ ਗਊਸ਼ਾਲਾ ਤੇ ਬਾਂਸਾਂ ਵਾਲੇ ਬਾਜ਼ਾਰ ਘੁਮਾਇਆ। ਦੁਆਬੇ ਦੇ ਰੰਗ ਢੰਗ, ਤਰੱਕੀ ਤੇ ਚਮਕ ਦਮਕ ਦੇਖ ਕੇ ਬੜਾ ਹੈਰਾਨ ਹੋਇਆ। ਕਹਿਣ ਲੱਗਾ, “ਕੋਈ ਏਜੰਟ ਮਿਲਾ।” ਏਜੰਟ ਮਿਲਾ ਦਿੱਤਾ ਤੇ ਉਸ ਨੇ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕੀਤੀ। ਇੱਥੋਂ ਦਾ ਮਾਹੌਲ ਉਸ ਨੂੰ ਮਾਫਕ ਨਹੀਂ ਸੀ।
ਤੰਗ-ਦਸਤ ਮਾਹੌਲ ਵਿਚ ਦਿਨ-ਕਟੀ ਕਰਦਾ ਜਸਮੇਰ ਸਿੰਘ ਅੱਕ ਗਿਆ। ਉਸ ਨੇ ਕਈ ਸਾਲ ਪਹਿਲਾਂ ਹੀ ਨੌਕਰੀ ਛੱਡ ਦਿੱਤੀ ਤੇ ਘਰੇ ਬਹਿ ਗਿਆ। ਮੈਂ ਪੁੱਛਿਆ, “ਘਰੇ ਕੀ ਕਰਦੇ ਹੁੰਦੇ ਹੋ?” ਕਹਿਣ ਲੱਗਾ, “ਮੈਂ ਵਾਰ ਵਾਰ ਨਹੀਂ ਆਉਣਾ, ਹੁਣੇ ਕੰਮ ਮੁਕਾ ਕੇ ਜਾਣਾ।” ਪਤਾ ਲੱਗਾ ਕਿ ਉਹ ਬਾਣੀ ਪੜ੍ਹਦਾ ਜਾਂ ਸਿਮਰਨ ਕਰਦਾ ਸੀ।
ਹੁਣ ਉਸ ਦੀ ਸਿਹਤ ਆਗਿਆ ਨਾ ਦਿੰਦੀ। ਉਹ ਬਿਲਕੁਲ ਰਹਿ ਗਿਆ ਸੀ। ਚੰਦਰੇ ਰੋਗ ਨੇ ਉਸ ਨੂੰ ਅੰਦਰੋਂ ਖਾ ਲਿਆ ਸੀ। ਕਹਿੰਦੇ ਹਨ ਕਿ ਲੋਹੜੀ ਵਾਲੇ ਦਿਨ ਪ੍ਰੋ. ਹਰਪਾਲ ਸਿੰਘ ਨੂੰ ਬਹੁਤ ਚੇਤੇ ਕਰਦਾ ਰਿਹਾ। ਅਗਲੇ ਦਿਨ ਉਹ ਮਿਲਣ ਗਏ ਤਾਂ ਚਾਰ ਘੰਟੇ ਉਸ ਦੇ ਕੋਲ ਬੈਠੇ ਰਹੇ।
ਜਸਮੇਰ ਦੀ ਪਤਨੀ ਆਪਣੇ ਪਤੀ ਨੂੰ ਬੱਚੇ ਵਾਂਗ ਸੰਭਾਲਦੀ। ਛੁੱਟੀਆਂ ਕਰਕੇ ਚੱਤੋ ਪਹਿਰ ਉਸ ਦੇ ਕੋਲ ਰਹਿੰਦੀ। ਉਸ ਦੀ ਬੇਟੀ ਵੀ ਆਪਣੇ ਬਾਪ ਦੀ ਦੇਖ ਰੇਖ ਤੇ ਸਾਂਭ ਸੰਭਾਲ ਵਿਚ ਕੋਈ ਕਸਰ ਨਾ ਛੱਡਦੀ। ਕੀ ਪਤਾ ਸੀ ਕਿ ਚੂੜੇ ਵਾਲੀਆਂ ਬਾਹਾਂ ਤੇ ਮਹਿੰਦੀ ਵਾਲੇ ਹੱਥਾਂ ਨਾਲ ਉਸ ਨੂੰ ਆਪਣੇ ਬਾਪ ਦੀ ਕਿਸ ਤਰ੍ਹਾਂ ਦੀ ਸੇਵਾ ਕਰਨੀ ਪੈਣੀ ਹੈ!
ਬਾਹਰਲੇ ਮੁਲਕ ਵਿਚ ਰਹਿੰਦੇ ਉਸ ਦੇ ਬੇਟੇ ਨੂੰ ਦੱਸਿਆ ਤਾਂ ਉਹ ਬਾਪ ਦੀ ਖਬਰ ਲਈ ਕਿਲਵਲੀਆਂ ਖਾਣ ਲੱਗਾ। ਨਿਜੀ ਮਜਬੂਰੀਆਂ ਦਾ ਮਾਰਿਆ ਵਿਲਕਦਾ ਆਇਆ ਤੇ ਵਿਲਕਦਾ ਚਲਾ ਗਿਆ।
ਪ੍ਰੋ. ਹਰਪਾਲ ਸਿੰਘ ਸੀ ਤੇ ਛੋਟਾ ਦਿਲਬਰ, ਹਨੇਰ ਸਵੇਰ ਮਸੇਰ ਜਿਹੇ ਮਿੱਤਰ ਦੀ ਸੇਵਾ ਵਿਚ ਹਾਜ਼ਰ ਰਹਿੰਦੇ। ਇਕ ਜਾਂਦਾ, ਦੂਜਾ ਆ ਜਾਂਦਾ। ਹੋਰ ਵੀ ਸਮੇਂ ਸਮੇਂ ਆਉਂਦੇ ਤੇ ਚਲੇ ਜਾਂਦੇ, ਪਰ ਇਹ ਕਦੇ ਕੁਤਾਹੀ ਨਾ ਕਰਦੇ।
ਰਾਤ ਨੂੰ ਪ੍ਰੋ. ਹਰਪਾਲ ਸਿੰਘ ਦਾ ਫੋਨ ਆਇਆ। ਗਿਆਰਾਂ ਵਜੇ ਤੱਕ ਅਸੀਂ ਉਸ ਦੀਆਂ ਗੱਲਾਂ ਕਰਦੇ ਰਹੇ। ਪ੍ਰੋ. ਸਾਹਿਬ ਨੇ ਦੱਸਿਆ ਕਿ ਪਹਿਲਾਂ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਅਰਦਾਸਾਂ ਕਰਦਾ ਤੇ ਕਰਾਉਂਦਾ ਸੀ। ਅੱਜ ਉਹ ਬੱਚਿਆਂ ਵਾਂਗ ਆਪਣੀ ਮਾਂ ਦਾ ਨਾਂ ਲੈ ਲੈ ਰੋ ਰਿਹਾ ਸੀ ਕਿ ‘ਮਾਂ ਮੈਨੂੰ ਬਚਾ ਲੈ, ਮਾਂ ਮੈਨੂੰ ਬਚਾ ਲੈ।’
ਮੈਨੂੰ ‘ਪੇਮੀ ਦੇ ਨਿਆਣੇ’ ਕਹਾਣੀ ਚੇਤੇ ਆਈ, ਜਿਸ ਵਿਚ ਰਾਸ਼ੇ ਕੋਲੋਂ ਲੰਘਦੇ ਬੱਚਿਆਂ ਦਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਡਰ ਦੂਰ ਨਹੀਂ ਹੁੰਦਾ, ਪਰ ਉਹ ਆਪਣੀ ਮਾਂ ਪੇਮੀ ਦਾ ਨਾਂ ਲੈ ਕੇ ਅਰਾਮ ਨਾਲ ਲੰਘ ਜਾਂਦੇ। ਮੈਂ ਗੁਰੂ ਅਤੇ ਮਾਂ ਦਾ ਫਰਕ ਸੋਚਦਾ ਸੋਚਦਾ ਸੌਂ ਗਿਆ।
ਤੜਕੇ ਪੰਜ ਵਜੇ ਉਠ ਕੇ ਵਾਸ਼ਰੂਮ ਗਿਆ ਤੇ ਪਿਛੋਂ ਫੋਨ ਖੜਕਣ ਲੱਗ ਪਿਆ। ਮੇਰਾ ਮੱਥਾ ਠਣਕਿਆ ਕਿ ਭਾਣਾ ਵਰਤ ਗਿਆ ਹੈ। ਪ੍ਰੋ. ਹਰਪਾਲ ਸਿੰਘ ਦਾ ਫੋਨ ਸੀ। ਪਰਤਵੀਂ ਕਾਲ ਕੀਤੀ ਤਾਂ ਉਹੀ ਗੱਲ ਹੋਈ। ਕਹਿਣ ਲੱਗੇ, “ਸ਼ ਜਸਮੇਰ ਸਿੰਘ ਚੜ੍ਹਾਈ ਕਰ ਗਏ।” ਇਸ ਤੋਂ ਅੱਗੇ ਕੋਈ ਗੱਲ ਨਾ ਹੋਈ। ਗੱਲ ਵੀ ਕੀ ਕਰਦੇ। ਗੱਲ ਖਤਮ ਹੋ ਗਈ ਸੀ। ਮਿੱਤਰਾਂ ਦਾ ਮਸੇਰ ਤੁਰ ਗਿਆ ਸੀ।
ਮੈਂ ਸੁੰਨ ਹੋ ਗਿਆ ਤੇ ਮੇਰੇ ਕੰਨਾਂ ਵਿਚ ਅੰਮ੍ਰਿਤ ਵੇਲੇ ਹੀ ਕੀਰਤਨ ਸੋਹਿਲਾ ਗੂੰਜਣ ਲੱਗ ਪਿਆ, “ਦੇਹੁ ਸਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇਲੁ॥