ਅਮਰ ਮੀਨੀਆਂ ਗਲਾਸਗੋ
ਫੋਨ: 0044-7868370984
ਕੈਨੇਡਾ, ਅਮਰੀਕਾ, ਯੂਰਪ ਜਾਂ ਹੋਰ ਵਿਕਾਸਸ਼ੀਲ ਦੇਸ਼ਾਂ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਏ, ਅਣਵਿਆਹੇ ਮੁੰਡਿਆਂ ਦੀ ਪਹਿਲੀ ਪਸੰਦ ਹੁੰਦੀ ਹੈ, ਕਿਵੇਂ ਨਾ ਕਿਵੇਂ ਇਸ ਦੇਸ਼ ਦੀ ਪੱਕੀ ਵਸਨੀਕ ਕੁੜੀ ਨਾਲ ਵਿਆਹ ਕਰਵਾ ਕੇ ਨਾਗਰਿਕਤਾ ਲਈ ਜਾਵੇ। ਇੰਗਲੈਂਡ ਵਿਚ ਬਹੁਗਿਣਤੀ ਦੁਆਬੇ ਤੋਂ ਪੰਜਾਬੀਆਂ ਦੀ ਹੈ। ਦੁਆਬੀਏ ਤਾਂ ਅੰਗਲੀ-ਸੰਗਲੀ ਅੜਾ ਕੇ ਲਾਲ ਪਾਸਪੋਰਟ ਜੇਬ ਵਿਚ ਪਾ ਲੈਂਦੇ ਹਨ, ਪਰ ਮਝੈਲ ਭਾਊ ਤੇ ਮਾਲਵੇ ਵਾਲੇ ਬਾਈ ਜੀ, ਤਰਲੇ ਲੈਂਦੇ ਹੀ ਬੁੱਢੇ ਹੋ ਜਾਂਦੇ ਹਨ।
ਸਾਡੇ ਨਾਲ ਸੋਹਣਾ ਸੁਨੱਖਾ, ਦਾਰੇ ਭਲਵਾਨ ਦੇ ਪਿੰਡਾਂ ਵੱਲ ਦਾ ਜੋਗਾ ਭੁੱਲਰ ਰਹਿੰਦਾ ਸੀ। ਜੋਗੇ ਦੇ ਪਿਉ-ਦਾਦੇ ਭਲਵਾਨੀ ਕਰਦੇ ਸਨ ਤੇ ਥੋੜ੍ਹਾ ਬਹੁਤ ਸ਼ੌਕ ਜੋਗੇ ਨੂੰ ਵੀ ਸੀ। ਉਹ ਰੋਜ਼ਾਨਾ ਜਿਮ ਜਾਂਦਾ। ਘਰੇ ਵੀ ਜਿਮ ਦਾ ਸਮਾਨ ਰੱਖਿਆ ਹੋਇਆ ਸੀ। ਸਾਨੂੰ ਵੀ ਕਸਰਤ ਕਰਨ ਦੀ ਆਦਤ ਜੋਗੇ ਨੇ ਹੀ ਪਾਈ। ਗੁਰੂ ਘਰ ਦਾ ਬੜਾ ਪ੍ਰੇਮੀ ਸੀ ਜੋਗਾ। ਅਸੀਂ ਤਾਂ ਲੰਗਰ ਛਕ ਕੇ ਤੇ ਗੱਪਾਂ ਮਾਰ ਕੇ ਘਰੇ ਆ ਜਾਂਦੇ, ਪਰ ਉਹ ਐਤਵਾਰ ਦੀ ਸਾਰੀ ਛੁੱਟੀ ਗੁਰੂ ਘਰ ਸੇਵਾ ਵਿਚ ਹੀ ਬਿਤਾਉਂਦਾ। ਉਸ ਦੀ ਡੀਲ ਡੌਲ ਤੇ ਸੇਵਾ ਭਾਵਨਾ ਵੇਖ ਕੇ ਇਕ ਕੁੜੀ ਉਸ ‘ਤੇ ਮੋਹਿਤ ਹੋ ਗਈ। ਗੱਲਬਾਤ ਪਿਛੋਂ ਪਿਆਰ ਤੇ ਫਿਰ ਗੱਲ ਵਿਆਹ ਤੱਕ ਪਹੁੰਚ ਗਈ।
ਕੁੜੀ ਵਾਲਿਆਂ ਨਾਲ ਗੱਲ ਕਰਨ ਲਈ ਜੋਗੇ ਨੇ ਮੈਨੂੰ ਧੱਕੇ ਨਾਲ ਹੀ ਵਿਚੋਲਗਿਰੀ ਵਿਚ ਘੜੀਸ ਲਿਆ। ਮੈਨੂੰ ਤਾਈ ਬਿਸ਼ਨੀ ਦੀ ਵਿਚੋਲਗਿਰੀ ‘ਚ ਹੋਈ ਕੁੱਤੇਖਾਣੀ ਯਾਦ ਆਉਂਦੀ ਸੀ। ਮੇਰੀ ਤਾਈ ਨੇ ਸਾਡੇ ਸਾਰੇ ਪਿੰਡ ਵਿਚ ਆਪਣੇ ਪੇਕਿਆਂ ਤੋਂ ਰਿਸ਼ਤੇ ਕਰਵਾਏ ਸਨ, ਪਰ ਸਭ ਤੋਂ ਛਿੱਤਰ ਹੀ ਖਾਧੇ। ਤਾਏ ਦੀ ਗਾਲ੍ਹ-ਦੁੱਪੜ ਵੱਖਰੀ। ਮੈਂ ਤਾਂ ਤਾਈ ਨੂੰ ਹੱਸਦਾ ਹੁੰਦਾ, ਤਾਈ ਭਰੋਵਾਲ ਵਾਲੇ ਦੀਦਾਰ ਸੰਧੂ ਨੇ ਗਾਣਾ ਤੇਰੇ ‘ਤੇ ਹੀ ਗਾਇਆ ਸੀ, “ਵੱਗ ਕੁੜੀਆਂ ਦਾ ਪੇਕਿਆਂ ਤੋਂ ਸਹੁਰੇ ਵਾੜ’ਤਾ।” ਪਰ ਤਾਈ ਕਹਿੰਦੀ, “ਭਾਈ ਇਹ ਤਾਂ ਕੋਲਿਆਂ ਦੀ ਦਲਾਲੀ ਵਾਲਾ ਕੰਮ ਆ, ਮੂੰਹ ਸਿਰ ਕਾਲਾ ਤਾਂ ਹੁੰਦਾ ਹੀ ਹੁੰਦਾ। ਵਿਚੋਲਗਿਰੀ ਵਾਲੇ ਕੁੱਤਖਾਨੇ ਤੋਂ ਤਾਂ ਬੰਦਾ ਦੂਰ ਹੀ ਰਹੇ।”
ਇੱਥੇ ਘਰ ਵਿਚ ਮੈਂ ਹੀ ਸਭ ਤੋਂ ਵੱਡਾ ਸੀ, ਇਸ ਕਰਕੇ ਜੋਗੇ ਭਾਊ ਲਈ ਵਿਚੋਲੇ ਵਾਲਾ ਅੱਕ ਚੱਬ ਹੀ ਲਿਆ। ਮੈਂ ਤੇ ਮਾਛੀਕੇ ਵਾਲਾ ਬਾਈ ਇਕਬਾਲ ਕਲੇਰ, ਕੁੜੀ ਦੇ ਪਿਉ ਨੂੰ ਮਿਲੇ। ਗੁਜਰਵਾਲੀਏ ਗਰੇਵਾਲ ਨੇ ਮੁੰਡੇ ਦੀ ਜਾਤ-ਗੋਤ ਤੋਂ ਬਿਨਾ ਹੋਰ ਕੱਖ ਨ੍ਹੀਂ ਪੁੱਛਿਆ ਤੇ ਹਾਂ ਕਰ ਦਿੱਤੀ। ਜਿਵੇਂ ਉਹ ਵੀ ਜੋਗੇ ਜਿਹੇ ਜੋਗ ਰਿਸ਼ਤੇ ਦੀ ਉਡੀਕ ਵਿਚ ਹੀ ਬੈਠੇ ਸੀ। ਮਹੀਨੇ ਦੇ ਵਿਚ ਵਿਚ ਵਿਆਹ ਹੋ ਗਿਆ ਤੇ ਦੋ ਕੁ ਸਾਲ ਪਿਛੋਂ ਜੋਗਾ ਭਾਊ ਵੀ ਪੱਕਾ ਹੋ ਗਿਆ। ਜਦੋਂ ਕਦੇ ਵੀ ਦੋਵੇਂ ਮਿਲਦੇ ਤਾਂ ਬਾਈ ਜੀ, ਬਾਈ ਜੀ ਕਰਦਿਆਂ ਦਾ ਮੂੰਹ ਸੁੱਕਦਾ। ਬੜਾ ਮਾਣ ਸਤਿਕਾਰ ਕਰਦੇ। ਸੋਹਣੀ ਜੋੜੀ ਦਾ ਸੁਮੇਲ ਕਰਾਉਣ ਦਾ ਭਰਮ ਪਾਲ ਕੇ ਮੈਂ ਆਪਣੇ ਆਪ ਅੰਦਰੋਂ ਅੰਦਰ ਖੁਸ਼ ਹੋਈ ਜਾਂਦਾ। ਤਾਈ ਦੇ ਵਿਚੋਲਪੁਣੇ ਵਾਲੀ ਨਸੀਹਤ ਵੀ ਝੂਠੀ ਜਿਹੀ ਲੱਗਦੀ।
ਪੱਕੀ ਮੋਹਰ ਲੁਆ ਕੇ ਜੋਗਾ ਦੋ ਕੁ ਮਹੀਨੇ ਲਈ ਪਿੰਡ ਛੁੱਟੀ ਗਿਆ। ਘਰ ਵਾਲੀ ਨੇ ਆਪਣੇ ਕੰਮਕਾਰ ਦਾ ਬਹਾਨਾ ਪਾ ਦਿੱਤਾ। ਉਸੇ ਦੌਰਾਨ ਜੋਗੇ ਦੀ ਜੋਗਣ ਦੀ ਜ਼ਿੰਦਗੀ ਵਿਚ ਉਸ ਦਾ ਪੁਰਾਣਾ ਪ੍ਰੇਮੀ ਆ ਗਿਆ, ਜਿਸ ਨੂੰ ਗਰੇਵਾਲ ਪਰਿਵਾਰ ਨੇ ਸਿਰੇ ਤੋਂ ਹੀ ਨਕਾਰ ਦਿੱਤਾ ਸੀ। ਕੁੜੀ ਦੀਆਂ ਮਿੰਨਤਾਂ, ਤਰਲੇ ਤੇ ਧਮਕੀਆਂ ਵੀ ਜਾਤ-ਪਾਤ ਦੀ ਕੰਧ ਨਾ ਤੋੜ ਸਕੀਆਂ। ਇਹੀ ਕਾਰਨ ਸੀ ਕਿ ਜੋਗੇ ਦੇ ਹਲਦੀ ਵਾਲਾ ਵਟਣਾ ਜਲਦੀ-ਜਲਦੀ ਲੱਗ ਗਿਆ। ਇੰਡੀਆ ਤੋਂ ਵਾਪਸ ਆਏ ਜੋਗੇ ਨੂੰ ਵੀ ਇਧਰੋਂ ਓਧਰੋਂ ਭਿਣਕ ਲੱਗ ਗਈ ਕਿ ਦੋ ਮਹੀਨੇ ਕਿਸੇ ਓਪਰੇ ਬੰਦੇ ਨੇ ਉਸ ਦੇ ਘਰ ਰੰਗ ਭਾਗ ਲਾਈ ਰੱਖੇ ਸਨ। ਰਾਤ ਨੂੰ ਦਸ ਕੁ ਵਜੇ ਇਕ ਦੋਸਤ ਦਾ ਫੋਨ ਆਇਆ ਕਿ ਜੋਗੇ ਨੇ ਆਪਣੀ ਘਰ ਵਾਲੀ ਦੇ ਆਸ਼ਕ ਨੂੰ ਬੁਰੀ ਤਰ੍ਹਾਂ ਕ੍ਰਿਕਟ ਬੈਟ ਨਾਲ ਕੁੱਟਿਆ ਹੈ ਤੇ ਸਿਰ ਪਾੜ ਦਿੱਤਾ ਹੈ। ਬਚਣਾ ਮੁਸ਼ਕਿਲ ਹੈ ਤੇ ਜੋਗਾ ਅੰਦਰ ਹੈ। +
ਮੈਂ ਸੋਚ ਰਿਹਾ ਸਾਂ, ਮੰਨਿਆ ਜਾਂਦਾ ਹੈ ਕਿ ਮਝੈਲ ਹੁੰਦੇ ਲੜਾਈ ਨੂੰ ਸ਼ੇਰ ਹੀ ਆ, ਪਰ ਜੋਗਾ ਇਹੋ ਜਿਹਾ ਨਹੀਂ ਸੀ। ਇੰਨਾ ਸਾਊ ਬੰਦਾ ਇੱਡਾ ਵੱਡਾ ਫੈਸਲਾ ਕਿਵੇਂ ਲੈ ਗਿਆ! ਮੁੰਡਾ ਮਰਨੋਂ ਮਸਾਂ ਬਚਿਆ, ਪਰ ਜੋਗੇ ਨੂੰ ਇਰਾਦਾ ਕਤਲ ਕੇਸ ਵਿਚ ਪੰਜ ਸਾਲ ਦੀ ਸਜ਼ਾ ਹੋ ਗਈ। ਮੁਲਾਕਾਤ ਵੇਲੇ ਜੋਗੇ ਨੇ ਆਪਣੇ ਕਾਰਨਾਮੇ ‘ਤੇ ਪਛਤਾਵਾ ਕਰਦਿਆਂ ਦੱਸਿਆ, “ਬਾਈ, ਮੈਂ ਮੇਰੇ ਨਾਲ ਕੰਮ ਕਰਦੇ ਪਾਕਿਸਤਾਨੀ ਦੋਸਤਾਂ ਨੂੰ ਦੱਸ ਬੈਠਾ। ਉਨ੍ਹਾਂ ਨੇ ਮੈਨੂੰ ਪੰਪ ਮਾਰ ਮਾਰ ਕੇ ਇਹ ਕੰਮ ਕਰਵਾਇਆ। ਸਾਰੀ ਦਿਹਾੜੀ ਇਕੋ ਹੀ ਰੱਟ ਲਾਈ ਰੱਖੀ, ਓ ਸਰਦਾਰਾ ਮਾਰ ਕੇ ਕਾਪਾ ਕਰ ਦੇਹ ਸਿਰ ਕਲਮ ਦੋਹਾਂ ਦੇ। ਸਰਦਾਰ ਤਾਂ ਦੁਸ਼ਮਣ ਦਾ ਜਹੱਨਮ ਤੱਕ ਪਿੱਛਾ ਕਰਦੇ ਆ। ਜਿਹਦੇ ‘ਚ ਗੈਰਤ ਈ ਹੈ ਨ੍ਹੀਂ, ਉਹ ਸਰਦਾਰ ਕਾਹਦਾ! ਬੈਗੇਰਤਾਂ ਵਾਂਗੂੰ ਜੀਣ ਨਾਲੋਂ ਤਾਂ ਬੰਦਾ ਮਹੁਰਾ ਫੱਕ ਲਵੇ।”
ਐਤਵਾਰ ਗੁਰਦੁਆਰੇ ਕਾਰ ਪਾਰਕਿੰਗ ਵਿਚ ਜੋਗੇ ਦੇ ਸੱਸ-ਸਹੁਰਾ ਮਿਲ ਗਏ। ਮੈਂ ਸੋਚਿਆ, ਉਲਾਂਭਾ ਤਾਂ ਦੇ ਦੇਈਏ ਕਿ ਥੋਡੀ ਕੁੜੀ ਦੀ ਕਰਤੂਤ ਕਰਕੇ ਇਕ ਸ਼ਰੀਫ ਬੰਦਾ ਸਲਾਖਾਂ ਪਿੱਛੇ ਚਲਾ ਗਿਆ, ਪਰ ਇੱਥੇ ਤਾਂ ਲੈਣੇ ਦੇ ਦੇਣੇ ਪੈ ਗਏ। ਦੋਵੇਂ ਜਣੇ ਫਤਿਹ ਬੁਲਾਉਣ ਤੋਂ ਪਹਿਲਾਂ ਹੀ ਮੇਰੇ ‘ਤੇ ਵਰ੍ਹ ਪਏ, “ਤੁਸੀਂ ਚੰਗੇ ਰਿਸ਼ਤੇਦਾਰ ਟਕਰਾਏ, ਅੰਬਰਸਰੀਏ ਮਝੈਲ। ਸਾਡੀ ਤਾਂ ਸਾਰੇ ਸ਼ਹਿਰ ਵਿਚ ਤੋਏ ਤੋਏ ਕਰਵਾ’ਤੀ ਨਾ। ਸਾਡੇ ਵੱਡ ਵਡੇਰੇ ਤਾਂ ਹੀ ਦਰਿਆਓਂ ਪਾਰ ਨਾ ਕੁੜੀ ਦਿੰਦੇ ਸੀ, ਨਾ ਲੈਂਦੇ ਸੀ। ਤੂੰ ਸਾਡਾ ਮਲਵਈ ਭਰਾ ਹੋਣ ਕਰਕੇ ਤੇਰੇ ‘ਤੇ ਭਰੋਸਾ ਕਰ ਕੇ ਝੱਟ ਹਾਂ ਕਰ ਦਿੱਤੀ, ਪਰ ਤੂੰ ਤਾਂ ਸਾਡੇ ਸਿਰ ‘ਚ ਸੁਆਹ ਹੀ ਪੁਆ ਦਿੱਤੀ। ਉਸ ਬਦਮਗਜ਼ੇ ਨੇ ਸਾਡੇ ਕੋਲ ਭਾਫ ਨ੍ਹੀਂ ਕੱਢੀ। ਉਹਨੂੰ ਕੁਛ ਲੱਗਦੇ ਨੂੰ ਭੰਨਣ ਤੁਰ ਪਿਆ। ਬਾਹਲੀ ਗੱਲ ਸੀ ਕੁੜੀ ਨੂੰ ਤਲਾਕ ਦੇ ਦਿੰਦਾ, ਅਸੀਂ ਆਪੇ ਗੱਲ ਸਾਂਭ ਲੈਂਦੇ। ਪਹਿਲਾਂ ਵੀ ਪੂਰੇ ਪੰਜ ਸਾਲ ਅਸੀਂ ਕੁੜੀ ਦੀ ਸੰਘੀ ਨੱਪੀ ਰੱਖੀ। ਇੱਦਾਂ ਕਿਵੇਂ ਮੰਨ ਲੈਂਦੇ ਜੁਆਈ ਭਾਈ ਕਿਸੇ ਨਿੱਕੀ ਸੁੱਕੀ ਜਾਤ ਨੂੰ। ਹੁਣ ਉਹ ਬਚ ਗਿਆ ਏ ਤੇ ਕੁੜੀ ਪੱਕਾ ਉਹਦੇ ਨਾਲ ਹੀ ਖੜੂ। ਤੂੰ ਤਾਂ ਅਜੇ ਕੱਲ੍ਹ ਵਲੈਤ ਆਇਆਂ ਏ ਬਾਈ ਸਿਆਂ, ਸਾਡੀ ਤਾਂ ਚਾਲੀ ਸਾਲ ਦੀ ਇੱਜਤ ਮਿੱਟੀ ਹੋ ਗਈ ਨਾ। ਹੇ ਸੱਚੇ ਪਾਤਸ਼ਾਹ, ਬਚਾਈਂ ਇਹੋ ਜਿਹੇ ਮੀਸਣੇ ਵਿਚੋਲਿਆਂ ਤੋਂ!”
ਮੈਨੂੰ ਉਨ੍ਹਾਂ ਕੁਝ ਕਹਿਣ ਦਾ ਮੌਕਾ ਹੀ ਨਾ ਦਿੱਤਾ, ਮਾਰੀ ਸੈਲਫ ਤੇ ਔਹ ਗਏ, ਔਹ ਗਏ। ਮੈਂ ਵਿਚੋਲਗਿਰੀ ਦੀ ਮੁੰਦਰੀ ਪੁਆ ਕੇ, ਇੰਨਾ ਕੁ ਤਾਂ ਸੰਤੁਸ਼ਟ ਹੋਇਆ ਕਿ ਮੇਰੀ ਬੇਇੱਜਤੀ ਦਾ ਲਾਈਵ ਟੈਲੀਕਾਸਟ ਕਿਸੇ ਹੋਰ ਨੇ ਨਹੀਂ ਸੀ ਵੇਖਿਆ।
ਦੂਜਾ ਪੇਚਾ ਮੇਰੇ ਕੰਮ ‘ਤੇ ਪੈ ਗਿਆ। ਮੈਂ ਗੁਜਰਾਤੀ ਪਟੇਲਾਂ ਦੇ ਕੰਮ ਕਰਦਾ ਸੀ। ਉਨ੍ਹਾਂ ਦਾ ਛੋਟਾ ਮੁੰਡਾ ਰਾਹੁਲ ਪਟੇਲ ਸਾਡੇ ਨਾਲ ਕੰਮ ਕਰਦੀ ਖੂਬਸੂਰਤ ਗੋਰੀ ‘ਤੇ ਲੱਟੂ ਹੋ ਗਿਆ। ਗੱਲ ਪਿਆਰ ਤੋਂ ਵਿਆਹ ਤੱਕ ਪਹੁੰਚ ਗਈ। ਗੱਲ ਵੱਡੇ ਪਟੇਲ ਤੱਕ ਪਹੁੰਚੀ ਤਾਂ ਉਸ ਨੇ ਕੁੜੀ ਨੂੰ ਇਕ ਹਫਤੇ ਦਾ ਨੋਟਿਸ ਦੇ ਕੇ ਕੰਮ ਤੋਂ ਫਾਰਗ ਕਰ ਦਿੱਤਾ।
ਇਕ ਦਿਨ ਰਾਹੁਲ ਮੈਨੂੰ ਕਹਿੰਦਾ, “ਭਾਜੀ ਹਮ ਨੇ ਸ਼ਾਦੀ ਕਰਵਾਨੀ ਹੈ। ਆਪ ਹਮਾਰੀ ਹੈਲਪ ਕਰੋ। ਗੋਰੀ ਕੇ ਘਰ ਵਾਲੋਂ ਕੋ ਤੋ ਕੋਈ ਪਰੋਬਲਮ ਨਹੀਂ ਹੈ, ਪਰ ਮੇਰੇ ਕੋ ਏਕ ਵਿਟਨਸ ਕੀ ਜ਼ਰੂਰਤ ਹੈ। ਅਗਰ ਆਪ ਮੇਰੇ ਸਾਥ ਰਜਿਸਟਰ ਆਫਿਸ ਮੇਂ ਜਾ ਕਰ ਅਪਨੇ ਸਾਈਨ ਕਰ ਦੇਂ ਤੋਂ ਮੇਰਾ ਕਾਮ ਹੋ ਜਾਏਗਾ।”
ਉਸ ਦੇ ਦੋਸਤ ਤੇ ਰਿਸ਼ਤੇਦਾਰ, ਪਟੇਲ ਪਰਿਵਾਰ ਦੀ ਨਾਰਾਜ਼ਗੀ ਸਹੇੜਨ ਤੋਂ ਕੰਨੀ ਕਤਰਾਉਂਦੇ ਸਨ। ਦੋ ਤਿੰਨ ਦਿਨ ਤਾਂ ਮੈਂ ਹੱਥ ਪੱਲਾ ਨਾ ਫੜਾਇਆ, ਪਰ ਤੇਜ ਤਰਾਰ ਗੁਜਰਾਤੀ ਛੋਕਰੇ ਨੇ ਮੈਨੂੰ ਸਰਦਾਰਾਂ ਦੀ ਦਲੇਰੀ ਵਾਲੀ ਫੂਕ ਛਕਾ ਛਕਾ ਕੇ ਤਿਆਰ ਕਰ ਹੀ ਲਿਆ। ਨਾਲੇ ਮਿੱਠੀਆਂ, ਪਿਆਰੀਆਂ ਮਾਰ ਮਾਰ ਕੇ ਤਾਂ ਗੁਜਰਾਤੀਆਂ ਨੇ ਪੂਰੇ ਭਾਰਤ ‘ਤੇ ਰਾਜ ਭਾਗ ਕਾਇਮ ਕਰ ਲਿਆ, ਮੈਂ ਕਿਹੜੇ ਬਾਗ ਦੀ ਮੂਲੀ ਸੀ? ਇੱਥੇ ਵੀ ਮੈਂ ਜਜ਼ਬਾਤੀ ਹੋ ਕੇ ਸੰਨ੍ਹ ਵਿਚਾਲੇ ਫਸ ਗਿਆ ਸਾਂ। ਜਿਉਂ ਹੀ ਪਟੇਲ ਪਰਿਵਾਰ ਵਿਚ ਵਿਆਹ ਦੀ ਖਬਰ ਪਹੁੰਚੀ, ਅਗਲਿਆਂ ਨੇ ਵਿਆਹੁੰਦੜ ਜੋੜੇ ਨੂੰ ਸਲਾਮੀ ਤੇ ਵਿਚੋਲੇ ਨੂੰ ਮੁੰਦਰੀ ਤੁਰੰਤ ਹੀ ਪਾ ਦਿੱਤੀ। ਪਟੇਲਾਂ ਨੇ ਜੋੜੀ ਨੂੰ ਘਰੋਂ ਕੱਢ ਦਿੱਤਾ ਤੇ ਮੈਨੂੰ ਕੰਮ ਤੋਂ। ਰਾਹੁਲ ਗੋਰਿਆਂ ਦਾ ਘਰ ਜੁਆਈ ਬਣ ਗਿਆ ਤੇ ਘਰ ਗ੍ਰਹਿਸਥੀ ਚਲਾਉਣ ਲਈ ਟੈਕਸੀ ਚਲਾਉਣ ਲੱਗਾ।
ਸਾਲ ਕੁ ਦੇ ਵਿਚ ਵਿਚ ਇਸ਼ਕ ਦਾ ਭੂਤ ਲੱਥਣਾ ਸ਼ੁਰੂ ਹੋ ਗਿਆ। ਪੰਜ-ਛੇ ਬੈਡਰੂਮ ਦੇ ਖੁੱਲ੍ਹੇ ਡੁੱਲੇ ਘਰ ‘ਚ ਰਹਿਣ ਦਾ ਆਦੀ ਰਾਹੁਲ, ਦੋ ਬੈਡ ਦੇ ਤੰਗ ਜਿਹੇ ਫਲੈਟ ਵਿਚ ਕੈਦ ਹੋ ਗਿਆ। ਗੋਰਿਆਂ ਦਾ ਰਹਿਣ-ਸਹਿਣ, ਖਾਣ-ਪੀਣ ਸਭ ਕੁਝ ਵੱਖਰਾ। ਕਦੇ-ਕਦੇ ਸੱਸ, ਸਹੁਰੇ ਜਾਂ ਸਾਲੇ ਨਾਲ ਦਿੱਸ ਐਂਡ ਦੈਟ ਵੀ ਹੋ ਜਾਂਦੀ। ਗੋਰੀ ਦੇ ਤੇਵਰ ਵੀ ਪਹਿਲਾਂ ਵਾਲੇ ਨਾ ਰਹੇ। ਸ਼ਾਇਦ ਉਸ ਨੇ ਵੀ ਲਾਲਚ ਵੱਸ ਅੱਕ ਚੱਬਿਆ ਸੀ ਕਿ ਅਮੀਰ ਘਰ ਦਾ ਮੁੰਡਾ ਹੈ। ਵੱਡੀਆਂ ਗੱਡੀਆਂ ‘ਤੇ ਘੁੰਮਾਂਗੇ, ਦੁਨੀਆਂ ਦੀ ਸੈਰ ਕਰਾਂਗੇ, ਨਾਮੀ ਗਰਾਮੀ ਸਟੋਰਾਂ ਤੋਂ ਸ਼ਾਪਿੰਗ ਹੋਵੇਗੀ ਤੇ ਮੌਜਾਂ ਮਾਣਾਂਗੇ; ਪਰ ਕੰਮ ਉਲਟ ਹੋ ਗਿਆ। ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਹੋਣਾ ਜਦੋਂ ਨੰਗ ਜੱਟ ਦੀ ਮੁਲਾਹਜ਼ੇਦਾਰੀ ਮਿਹਣੋ ਮਿਹਣੀ ਹੋ ਕੇ ਟੁੱਟੀ ਹੋਵੇਗੀ।
ਮਾਛੀਕਿਆਂ ਵਾਲੇ ਇਕਬਾਲ ਕਲੇਰ ਦਾ ਪੱਬ ਸੀ। ਟੈਕਸੀ ਚਲਾਉਂਦਾ ਲੰਘਦਾ ਟੱਪਦਾ ਰਾਹੁਲ, ਕਲੇਰ ਦੇ ਪੱਬ ‘ਤੇ ਰੁਕ ਜਾਂਦਾ ਤੇ ਉਸ ਕੋਲ ਆਪਣੇ ਦੁਖੜੇ ਰੋਂਦਾ, ਜਿਸ ਵਿਚ ਘਰ ਵਾਲੀ ਨਾਲ ਗੱਲ ਗੱਲ ‘ਤੇ ਲੜਾਈ ਦਾ ਜ਼ਿਕਰ ਹੁੰਦਾ। ਸੱਸ-ਸਹੁਰੇ ਦੇ ਨਫਰਤੀ ਵਤੀਰੇ ਤੇ ਆਪਣੇ ਮਾਪਿਆਂ ਵੱਲੋਂ ਉਕਾ ਹੀ ਮੁੱਖ ਮੋੜ ਲੈਣ ਦਾ ਜ਼ਿਕਰ ਕਰਦਾ। ਜਦੋਂ ਵੀ ਪੱਬ ‘ਤੇ ਜਾਂਦਾ, ਆਪਣੀਆਂ ਮੁਸ਼ਕਿਲਾਂ ਦੀ ਚੱਕੀ ਝੋ ਲੈਂਦਾ। ਸ਼ਰਾਬੀ ਹੋਇਆ ਤਾਂ ਬੱਚਿਆਂ ਵਾਂਗ ਰੋਂਦਾ ਤੇ ਆਪਣੇ ਗਲਤ ਫੈਸਲੇ ‘ਤੇ ਪਛਤਾਵਾ ਕਰਦਾ। ਹੋਰਨਾਂ ਯਾਰਾਂ ਦੋਸਤਾਂ ਕੋਲ ਵੀ ਇਹੋ ਰਾਗ ਅਲਾਪਦਾ।
ਇਕ ਦਿਨ ਇਕ ਪਾਰਟੀ ‘ਤੇ ਇਕਬਾਲ ਕਲੇਰ ਮਿਲ ਪਿਆ, ਮੈਨੂੰ ਕਹਿੰਦਾ, “ਹੁਣ ਤੱਕ ਤੂੰ ਕਿੰਨੇ ਕੁ ਰਿਸ਼ਤੇ ਕਰਵਾਏ ਆ?” ਮੈਂ ਕਿਹਾ, “ਭਾਜੀ, ਥੋਨੂੰ ਪਤਾ ਹੀ ਆ, ਆਹ ਦੋ ਵਿਆਹ-ਜੋਗੇ ਤੇ ਰਾਹੁਲ ਵਾਲੇ ਤਾਂ ਪ੍ਰੇਮ ਸਬੰਧਾਂ ਵਾਲੇ ਸੀ। ਮੈਂ ਤਾਂ ਹੈਲਪ ਕਰਦੇ-ਕਰਦੇ ਨੇ ਹੀ ਵਿਚ ਲੱਤਾਂ ਫਸਾ ਲਈਆਂ। ਵੈਸੇ ਹੋਰ ਮੈਂ ਕਦੇ ਕੋਈ ਰਿਸ਼ਤਾ ਨਹੀਂ ਕਰਵਾਇਆ।” ਉਹ ਕਹਿੰਦਾ, “ਚੰਗੀ ਚਾਹੁੰਨਾ ਤਾਂ ਕਰਵਾਈਂ ਵੀ ਨਾ। ਤੇਰੇ ਦੋ ਰਿਸ਼ਤਿਆਂ ਦਾ ਨਿਚੋੜ ਵੇਖ ਲੈ, ਇੱਕ ਜੇਲ੍ਹ ‘ਚ ਬੈਠਾ ਤੇ ਦੂਜਾ ਫਾਹਾ ਲੈਣ ਨੂੰ ਫਿਰਦਾ!”