ਡਾ. ਸੁਖਪਾਲ ਸੰਘੇੜਾ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਪਿੱਠਭੂਮੀ ਤੇ ਪਰਿਚੈ: ਪਿਛਲੇ ਲੇਖ ਵਿਚ ਅਸੀਂ ਵਿਗਿਆਨ, ਵਿਗਿਆਨਕ ਤੇ ਅਧਿਆਤਮਵਾਦ ਵਿਚਾਲੇ ਸਪਸ਼ਟ ਨਿਖੇੜਾ ਕਰਦਿਆਂ ਇਸ ਦੀ ਰੋਸ਼ਨੀ ਵਿਚ ਪੰਜਾਬੀ ਚਿੰਤਕਾਂ ਵਲੋਂ ਗੁਰੂ ਨਾਨਕ ਦੇ ਵਿਗਿਆਨ ਨਾਲ ਸਬੰਧਾਂ ਬਾਰੇ ਦਾਅਵਿਆਂ ਪਿੱਛੇ ਕੰਮ ਕਰਦੀਆਂ ਧਾਰਨਾਵਾਂ ਨੂੰ ਜਾਚਣ ਦਾ ਕਾਰਜ ਸ਼ੁਰੂ ਕੀਤਾ ਸੀ। ਇਸ ਨੂੰ ਜਾਰੀ ਰੱਖਦਿਆਂ ਭੋਜਨ ਦਾ ਮਨੁੱਖੀ ਸਿਹਤ ‘ਤੇ ਪ੍ਰਭਾਵ ਤੇ ਬ੍ਰਹਿਮੰਡ ਸਬੰਧੀ ਧਾਰਨਾਵਾਂ ਦੀ ਪੜਚੋਲ ਕਰਦੇ ਹਾਂ। ਗੁਰੂ ਨਾਨਕ ਦੇਵ ਨੇ ਇਨ੍ਹਾਂ ਵਿਸ਼ਿਆਂ ‘ਤੇ ਆਪਣੀ ਕਿਸਮ ਦੇ ਵਿਚਾਰ ਸਭ ਤੋਂ ਪਹਿਲਾਂ ਪੇਸ਼ ਕੀਤੇ।
ਇਸ ਲੇਖ ਵਿਚ ਇਹ ਵੀ ਵਿਚਾਰਾਂਗੇ ਕਿ ਕਿੰਜ ਵੱਖੋ ਵੱਖ ਗਿਆਨ ਖੇਤਰਾਂ ਵਿਚ ਇੱਕੋ ਹੀ ਵਿਸ਼ੇ ‘ਤੇ ਮਿਲਦੇ-ਜੁਲਦੇ ਲੱਗਦੇ ਖਿਆਲ ਬਰਾਬਰ ਨਹੀਂ ਹੁੰਦੇ ਅਤੇ ਖਿਆਲਾਂ ਦੇ ਵੱਖੋ ਵੱਖ ਪ੍ਰਸੰਗ ਮਿਲਦੇ-ਜੁਲਦੇ ਖਿਆਲਾਂ ਵਿਚਾਲੇ ਜ਼ਮੀਨ ਅਸਮਾਨ ਦਾ ਅੰਤਰ ਪੈਦਾ ਕਰ ਸਕਦੇ ਨੇ। ਇਹ ਵੀ ਵਿਚਾਰਾਂਗੇ ਕਿ ਕਿੰਜ ਵਿਗਿਆਨ ਦੇ ਖਿਆਲਾਂ ਵਿਚ ਨਿਸ਼ਚਿਤਤਾ (ਸਪeਚਿਚਿਟੇ) ਹੁੰਦੀ ਹੈ, ਅਕਾਲਪਨਿਕ ਡੂੰਘਾਈ ਤੇ ਸ਼ੁੱਧਤਾ ਨਾਲ ਗਿਆਨ ਪ੍ਰਾਪਤੀ ਲਈ ਵਿਗਿਆਨ ਵਿਚ ਗਿਣਤੀਆਂ-ਮਿਣਤੀਆਂ ਭਾਰੂ ਰਹਿੰਦੀਆਂ ਹਨ। ਅਸੀਂ ਇਸ ਧਾਰਨਾ ਦੀ ਜਾਂਚ ਵੀ ਕਰਾਂਗੇ ਕਿ ਜਿਨ੍ਹਾਂ ਮਾਨਤਾਵਾਂ ਨੂੰ ਵਿਗਿਆਨ ਮਨਜ਼ੂਰ ਕਰੇ, ਉਹ ਵਿਗਿਆਨਕ ਜਾਂ ਵਿਗਿਆਨ ਹੋ ਜਾਂਦੀਆਂ ਨੇ।
ਭੋਜਨ ਦਾ ਮਨੁੱਖੀ ਸਿਹਤ ‘ਤੇ ਪ੍ਰਭਾਵ: ਪੰਜਾਬੀ ਚਿੰਤਕਾਂ ਦੇ ਗੁਰੂ ਨਾਨਕ ਦੇ ਵਿਗਿਆਨ ਨਾਲ ਸਬੰਧਾਂ ਬਾਰੇ ਦਾਅਵਿਆਂ ਪਿੱਛੇ ਕੰਮ ਕਰਦੀਆਂ ਧਾਰਨਾਵਾਂ ਵਿਚੋਂ ਇੱਕ ਹੈ, ਭੋਜਨ ਦੇ ਮਨੁੱਖੀ ਸਿਹਤ ‘ਤੇ ਪ੍ਰਭਾਵ ਬਾਰੇ, ਜੋ ਕੁਝ ਇਸ ਤਰ੍ਹਾਂ ਪੇਸ਼ ਕੀਤੀ ਜਾਂਦੀ ਹੈ, “ਗੁਰੂ ਨਾਨਕ ਦੇਵ ਨੇ ਸਾਨੂੰ ਸਦੀਆਂ ਪਹਿਲਾਂ ਸਿਗਰਟਨੋਸ਼ੀ, ਸ਼ਰਾਬਨੋਸ਼ੀ ਤੇ ਹੋਰ ਨਸ਼ਿਆਂ ਤੋਂ ਪ੍ਰਹੇਜ਼ ਕਰਨ ਲਈ ਕਿਹਾ ਸੀ। ਅੱਜ ਵਿਗਿਆਨੀ ਉਨ੍ਹਾਂ ਧਾਰਨਾਵਾਂ ‘ਤੇ ਖੋਜ ਕਰ ਕਰਕੇ ਪੁਸ਼ਟੀ ਕਰ ਰਹੇ ਨੇ ਕਿ ਸ਼ਰਾਬ ਪੀਣ, ਸਿਗਰਟਨੋਸ਼ੀ ਤੇ ਹੋਰ ਡਰੱਗ ਸੇਵਨ ਕਰਨ ਨਾਲ ਸਰੀਰ ‘ਤੇ ਕਾਫੀ ਬੁਰੇ ਪ੍ਰਭਾਵ ਪੈਂਦੇ ਹਨ।”
ਕਿਉਂਕਿ ਵਿਗਿਆਨ ਦਾ ਹਵਾਲਾ ਅਕਸਰ ਵਿਸ਼ਵ ਪੱਧਰ ‘ਤੇ ਹੁੰਦਾ ਹੈ, ਅਜਿਹੇ ਬਿਆਨ ਭੁਲੇਖਾ ਪਾਉਂਦੇ ਨੇ, ਜਿਵੇਂ ਗੁਰੂ ਨਾਨਕ ਪਹਿਲੇ ਫਿਲਾਸਫਰ ਸਨ, ਭੋਜਨ ਦੇ ਮਨੁੱਖੀ ਸਿਹਤ ‘ਤੇ ਪ੍ਰਭਾਵ ਬਾਰੇ ਲਿਖਣ ਵਾਲੇ, ਤੇ ਇਸ ਬਾਰੇ ਵਿਗਿਆਨਕ ਖੋਜ ਤਾਂ ‘ਹੁਣ’ ਹੀ ਸ਼ੁਰੂ ਹੋਈ ਹੈ। ਬਿਨਾ ਸ਼ੱਕ, ਇਹ ਧਾਰਨਾ ਸਹੀ ਨਹੀਂ ਹੈ।
ਅੱਜ ਤੋਂ 2420 ਵਰ੍ਹੇ ਪਹਿਲਾਂ ਮੈਡੀਸਨ ਦੇ ਪਿਤਾ ਜਾਣੇ ਜਾਂਦੇ ਹਿਪੋਕ੍ਰਾਟੀਸ (460-377 ਈਸਵੀ ਪੂਰਵ), ਇੱਕ ਗਰੀਕ ਵੈਦ ਦੇ ਨਾਂ ਲੱਗਦਾ, ਭੋਜਨ ਦਾ ਸਿਹਤ ਨਾਲ ਰਿਸ਼ਤਾ ਜੋੜਦਾ ਇਹ ਬਿਆਨ ਅੱਜ ਵੀ ਮਕਬੂਲ ਹੈ, “ਤੇਰਾ ਭੋਜਨ ਤੇਰੀ ਦਵਾਈ ਤੇ ਤੇਰੀ ਦਵਾਈ ਤੇਰਾ ਭੋਜਨ ਹੋਣਾ ਚਾਹੀਦਾ ਹੈ।” ਭਾਵ ਅਜਿਹੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜੋ ਸਰੀਰ ਜਾਂ ਮਨ ‘ਤੇ ਬੁਰਾ ਅਸਰ ਪਾਵੇ; ਸਿਹਤ ਲਈ ਲਾਭਕਾਰੀ ਭੋਜਨ ਹੀ ਖਾਣਾ ਚਾਹੀਦਾ ਹੈ। ਹਿਪੋਕ੍ਰਾਟੀਸ ਨੂੰ ਪਤਾ ਸੀ ਕਿ ਬਿਮਾਰੀਆਂ ਦੇ ਕਾਰਨ ਹਨ: ਨਾ-ਕਾਫੀ ਪੋਸ਼ਣ (ਨੁਟਰਟਿਨ) ਤੇ ਖਾਣ ਪੀਣ ਦੀਆਂ ਮਾੜੀਆਂ ਆਦਤਾਂ। ਗਰੀਕ ਲੋਕਾਂ ਨੂੰ ਉਦੋਂ ਤੋਂ ਹੀ ਅਹਿਸਾਸ ਹੈ ਕਿ ਭੋਜਨ ਸਾਡੀ ਸਿਹਤ ‘ਤੇ ਅਸਰ ਪਾਉਂਦਾ ਹੈ।
ਇਸੇ ਤਰ੍ਹਾਂ ਪ੍ਰਾਚੀਨ ਭਾਰਤ ਵਿਚ ਭੋਜਨ ਤੇ ਬਨਸਪਤੀ ਦੇ ਸਿਹਤ ਨਾਲ ਸਬੰਧਾਂ ਬਾਰੇ ਗਿਆਨ ਦਾ ਇਤਿਹਾਸ 5000 ਵਰ੍ਹੇ ਪਿੱਛੇ ਜਾਂਦਾ ਹੈ, ਜਦੋਂ ਵੈਦਿਕ ਕਾਲ ਸਮੇਂ ਰਿਗਵੇਦ ਦੇ ਮੁਢਲੇ ‘ਭਜਨਾਂ’ ਵਿਚ ਪੌਦਿਆਂ/ਸਬਜ਼ੀਆਂ, ਜੜ੍ਹੀਆਂ ਬੂਟੀਆਂ ਅਤੇ ਪਾਣੀ ਤੇ ਹਵਾ ਦੇ ਦਵਾਈਆਂ ਵਜੋਂ ਲਾਭਕਾਰੀ ਗੁਣਾਂ ਦਾ ਜ਼ਿਕਰ ਮਿਲਦਾ ਹੈ। ਮਿਸਾਲ ਵਜੋਂ ਸੋਮ ਪੌਦੇ ਦੇ ਰਸ ਨੂੰ ਅੰਮ੍ਰਿਤ ਤੇ ਬੀਮਾਰ ਵਿਅਕਤੀ ਲਈ ਦਵਾਈ ਮੰਨਿਆ ਗਿਆ ਹੈ।
ਭੋਜਨ ਦੇ ਮਨੁੱਖੀ ਸਿਹਤ ‘ਤੇ ਪ੍ਰਭਾਵ ਬਾਰੇ ਅਜੋਕੀ ਵਿਗਿਆਨਕ ਖੋਜ ਗੁਰਬਾਣੀ ਦੀਆਂ ਤੁਕਾਂ ਜਾਂ ਹੋਰ ਫਲਸਫੇ ਦੀਆਂ ਕਿਤਾਬਾਂ ਵਿਚ ਪ੍ਰਗਟ ਕੀਤੇ ਖਿਆਲਾਂ ਦੀ ਪੁਸ਼ਟੀ ਜਾਂ ਨਾ-ਪੁਸ਼ਟੀ ‘ਤੇ ਆਧਾਰਿਤ ਨਹੀਂ ਹੈ; ਸਗੋਂ ਇਹ ਸਬੰਧਤ ਅੰਕੜਿਆਂ, ਵਿਗਿਆਨ ਦੇ ਇਤਿਹਾਸ ਤੇ ਵਿਗਿਆਨਕ ਵਿਧੀ ‘ਤੇ ਆਧਾਰਿਤ ਹੈ। ਭੋਜਨ ਦੇ ਮਨੁੱਖੀ ਸਿਹਤ ‘ਤੇ ਪ੍ਰਭਾਵ ਬਾਰੇ ਕੀਤੀ ਜਾ ਰਹੀ ਵਿਗਿਆਨ ਦੀ ਖੋਜ, ਮਨੁੱਖੀ ਸਰੀਰ ਨੂੰ ਸੈੱਲਾਂ ਤੇ ਅਣੂਆਂ (ਮੋਲeਚੁਲeਸ) ਦੀ ਗਹਿਰਾਈ ਤੱਕ ਸਮਝਣ ‘ਤੇ ਆਧਾਰਿਤ ਹੈ। ਮਿਸਾਲ ਵਜੋਂ ਹਰ ਜੀਵ ਦੇ ਸਰੀਰ ਦੀ ਮੂਲ ਇਕਾਈ ਸੈੱਲ ਹੈ, ਹਰ ਸੈੱਲ ਵਿਚਲੇ ਕੁਝ ਅਣੂਆਂ ਵਿਚਾਲੇ ਕ੍ਰਿਆਵਾਂ ਦੀ ਇਕ ਲੜੀ ਨੂੰ ‘ਅਣੂ ਮਾਰਗ’ ਕਿਹਾ ਜਾਂਦਾ ਹੈ, ਜੋ ਇਕ ਖਾਸ ਉਤਪਾਦ ਵਿਚ ਜਾਂ ਉਸ ਸੈੱਲ ਵਿਚ ਤਬਦੀਲੀ ਲਿਆਉਂਦੀ ਹੈ। ਇਹ ਅਣੂ ਮਾਰਗ ਬੜੇ ਕੰਮ ਦੀਆਂ ਚੀਜ਼ਾਂ ਨੇ; ਇਹ ਚਰਬੀ ਜਾਂ ਪ੍ਰੋਟੀਨ ਆਦਿ ਦਾ ਬਣਨਾ ਸ਼ੁਰੂ ਜਾਂ ਬੰਦ ਕਰ ਸਕਦੇ ਨੇ, ਜੀਨਾਂ ਨੂੰ ਵੀ ਚਾਲੂ ਜਾਂ ਬੰਦ ਕਰ ਸਕਦੇ ਹਨ, ਆਦਿ। ਵਿਗਿਆਨੀ ਭੋਜਨ ਦੇ ਮਨੁੱਖੀ ਸਿਹਤ ‘ਤੇ ਪ੍ਰਭਾਵ ਬਾਰੇ ਪਤਾ ਲਾਉਂਦੇ ਹਨ, ਇਹ ਅਧਿਅਨ ਕਰਕੇ ਕਿ ਉਹ ਭੋਜਨ ਇਨ੍ਹਾਂ ਮਾਰਗਾਂ ਨਾਲ ਕਿਵੇਂ ਪ੍ਰਤੀਕ੍ਰਿਆ ਕਰਦਾ ਹੈ। ਸੋ, ਇਹ ਧਾਰਨਾ ਗਲਤ ਹੈ,
(1) ਕਿ ਗੁਰੂ ਨਾਨਕ ਤੋਂ ਪਹਿਲਾਂ ਫਲਸਫੇ ਵਿਚ ਭੋਜਨ ਦੇ ਮਨੁੱਖੀ ਸਿਹਤ ‘ਤੇ ਪ੍ਰਭਾਵ ਦੇ ਮੁੱਦੇ ਨਾਲ ਨਹੀਂ ਨਜਿੱਠਿਆ ਗਿਆ ਸੀ, ਕਿਉਂਕਿ ਸੱਚ ਇਹ ਹੈ ਕਿ ਪ੍ਰਾਚੀਨ ਕਾਲ ਤੋਂ ਹੀ ਪੂਰਬ ਤੇ ਪੱਛਮ ਵਿਚ ਫਿਲਾਸਫਰ ਤੇ ਵੈਦ ਇਸ ਮੁੱਦੇ ਨਾਲ ਦੋ ਹੱਥ ਹੁੰਦੇ ਰਹੇ ਨੇ;
(2) ਕਿ ਵਿਗਿਆਨੀ ਉਨ੍ਹਾਂ ਖਿਆਲਾਂ ‘ਤੇ ਖੋਜ ਕਰ ਕਰਕੇ ਉਨ੍ਹਾਂ ਦੀ ਪੁਸ਼ਟੀ ਕਰ ਰਹੇ ਨੇ, ਜੋ ਗੁਰੂ ਨਾਨਕ ਨੇ ਪ੍ਰਗਟ ਕੀਤੇ ਸਨ, ਕਿਉਂਕਿ ਵਿਗਿਆਨਕ ਖੋਜ ਲਈ ਫਲਸਫੇ ਵਿਚਲੇ ਖਿਆਲਾਂ ਤੋਂ ਕਿਤੇ ਵੱਧ ਨਿਸ਼ਚਿਤ (ਸਪeਚਿਚਿ) ਤੇ ਅਤਿ ਸਹੀ ਗਿਣਤੀਆਂ ਮਿਣਤੀਆਂ ਦੀ ਹੱਦ ਤੀਕ ਡੂੰਘੇ ਵਿਗਿਆਨਕ ਖਿਆਲਾਂ, ਪਰਿਸਿਧਾਤਾਂ, ਜਾਂ ਮਾਡਲਾਂ ਦੀ ਲੋੜ ਹੁੰਦੀ ਹੈ; ਵਿਗਿਆਨ ਦਾ ਕੰਮ ਫਲਸਫੇ ਦੇ ਖਿਆਲਾਂ ਦੀ ਪੁਸ਼ਟੀ ਜਾਂ ਨਾ-ਪੁਸ਼ਟੀ ਕਰਨਾ ਨਹੀਂ ਹੁੰਦਾ।
ਬ੍ਰਹਿਮੰਡ ਦੇ ਖੇਤਰ ‘ਚ ਵੀ ਪੰਜਾਬੀ ਚਿੰਤਕਾਂ ਦੇ ਗੁਰੂ ਨਾਨਕ ਦੇ ਵਿਗਿਆਨ ਨਾਲ ਸਬੰਧਾਂ ਬਾਰੇ ਦਾਅਵਿਆਂ ਪਿੱਛੇ ਵੀ ਅਜਿਹੀਆਂ ਹੀ ਧਾਰਨਾਵਾਂ ਕੰਮ ਕਰਦੀਆਂ ਨੇ।
ਬ੍ਰਹਿਮੰਡ ਬਾਰੇ ਨਾਨਕਬਾਣੀ ਤੇ ਵਿਗਿਆਨ: ਬ੍ਰਹਿਮੰਡ ਦੇ ਖੇਤਰ ‘ਚ ਵੀ ਗੁਰੂ ਨਾਨਕ ਦੇ ਵਿਗਿਆਨ ਨਾਲ ਸਬੰਧਾਂ ਬਾਰੇ ਕੀਤੇ ਦਾਅਵਿਆਂ ਪਿੱਛੇ ਕੰਮ ਕਰਦੀ ਧਾਰਨਾ ਕੁਝ ਇਸ ਤਰ੍ਹਾਂ ਪੇਸ਼ ਕੀਤੀ ਜਾਂਦੀ ਹੈ, “ਹੁਣ ਵਿਗਿਆਨੀਆਂ ਨੇ ਦੇਖਿਆ ਹੈ ਕਿ ਅਰਬਾਂ ਅਕਾਸ਼ਗੰਗਾਵਾਂ ਹਨ ਅਤੇ ਹਰ ਅਕਾਸ਼ਗੰਗਾ ‘ਚ ਅਰਬਾਂ ਤਾਰੇ, ਲੱਖਾਂ ਗ੍ਰਹਿ ਹਨ, ਜੋ ਉਨ੍ਹਾਂ ਤਾਰਿਆਂ ਦੇ ਗਿਰਦ ਘੁੰਮਦੇ ਹਨ। ਇਨ੍ਹਾਂ ‘ਚ ਲੱਖਾਂ ਚੰਦਰਮਾ ਹਨ, ਜੋ ਗ੍ਰਹਿਆਂ ਦੇ ਚਾਰੇ ਪਾਸੇ ਘੁੰਮਦੇ ਹਨ। ਸਾਡੀ ਅਕਾਸ਼ਗੰਗਾ ਵਿਚ ਕਰੀਬ 200 ਬਿਲੀਅਨ ਤਾਰੇ ਅਤੇ ਲੱਖਾਂ ਗ੍ਰਹਿ ਹਨ। ਆਧੁਨਿਕ ਵਿਗਿਆਨ ਵਲੋਂ ਜੋ ਅੱਜ ਕਿਹਾ ਜਾਂ ਕੀਤਾ ਜਾ ਰਿਹਾ ਹੈ, ਗੁਰੂ ਨਾਨਕ ਦੇਵ ਨੇ ਇਨ੍ਹਾਂ ਦੀ ਖੋਜ ਤੋਂ ਬਹੁਤ ਪਹਿਲਾਂ ਇਨ੍ਹਾਂ ਦਾ ਜ਼ਿਕਰ ਕਰ ਦਿੱਤਾ ਸੀ ਕਿ ਬ੍ਰਹਿਮੰਡ ‘ਚ ਅਰਬਾਂ ਅਕਾਸ਼ਗੰਗਾਵਾਂ ਹਨ।…’ਇਸ ਲਈ ਗੁਰੂ ਨਾਨਕ ਦੇਵ ਜੀ ਵਿਗਿਆਨੀ ਤੇ ਵਿਗਿਆਨੀਆਂ ਦੇ ਵਿਗਿਆਨੀ ਹਨ’ ਕਿਉਂਕਿ ਜੋ ਅੱਜ ਵਿਗਿਆਨੀ ਲੱਭ ਜਾਂ ਜਾਣ ਰਹੇ ਨੇ, ਉਹ ਗੁਰੂ ਨਾਨਕ ਨੇ ਬਹੁਤ ਪਹਿਲਾਂ ਕਹਿ ਦਿੱਤਾ ਸੀ।”
ਹੁਣ ਅਸੀਂ ਦੇਖਦੇ ਹਾਂ ਕਿ ਕਿੰਜ ਇਹ ਧਾਰਨਾ ਤੇ ਇਸ ‘ਚੋਂ ਕੱਢਿਆ ਨਤੀਜਾ ਗਲਤ ਤੇ ਗੁੰਮਰਾਹਕੁਨ ਹੈ। “ਗ੍ਰਹਿ, ਸੌਰਮੰਡਲਾਂ ਅਤੇ ਅਕਾਸ਼ਗੰਗਾਵਾਂ ਦਾ ਅੰਤ ਨਹੀਂ ਹੈ।” ਇਹ ਜਾਂ ਅਜਿਹਾ ਕੁਝ ਕਹਿਣਾ, ਕਿਸੇ ਵੀ ਰੂਪ ਵਿਚ ਸਿਰਫ ਬਿਆਨ ਹੈ, ਵਿਗਿਆਨ ਨਹੀਂ। ਇਹ ਬਿਆਨ ਅੱਜ ਵਿਗਿਆਨਕ ਖੋਜ ਨਾਲ ਲੱਭੀ ਸੱਚਾਈ ਦਾ ਇੱਕ ਅੰਸ਼ ਬੜੇ ਅਸਪਸ਼ਟ ਰੂਪ ਵਿਚ ਪੇਸ਼ ਕਰਦਾ, ਤੇ ਇਹ ਕਿਸੇ ਵੀ ਖੇਤਰ ਵਿਚ ਦਿੱਤਾ ਜਾ ਸਕਦਾ ਹੈ। ਇਹ ਵਿਗਿਆਨਕ ਸੱਚਾਈ ਲੱਭਣ ਤੋਂ ਪਹਿਲਾਂ ਜਾਂ ਪਿਛੋਂ ਕਿਸੇ ਵੀ ਖੇਤਰ ਵਿਚ ਇਹ ਬਿਆਨ ਦੇਣ ਵਾਲਾ ਕੋਈ ਵੀ ਵਿਗਿਆਨੀ ਨਹੀਂ ਹੋ ਜਾਂਦਾ। ਵਿਗਿਆਨ ਤਾਂ ਕੀ ਹੋਣਾ, ਇਸ ਨੇ ਵਿਗਿਆਨਕ ਹਾਈਪੋਥੀਸਿਜ਼ ਵੀ ਨਹੀਂ ਸੀ ਹੋ ਸਕਣਾ, ਕਿਉਂਕਿ ਇਹ ਬਿਆਨ ਕੋਈ ਭੌਤਿਕ ਤਰੀਕਿਆਂ ਨਾਲ ਪਰਖੀ ਜਾ ਸਕਣ ਵਾਲੀ ਨਿਸ਼ਚਿਤ ਭਵਿਖਵਾਣੀ ਨਹੀਂ ਕਰਦਾ।
ਇਸ ਬਿਆਨ ਤੋਂ ਵਿਗਿਆਨਕ ਹਾਈਪੋਥੀਸਿਜ਼ ਤੱਕ ਪਹੁੰਚਣ ਲਈ ਹੋਰ ਗਹਿਰੀ ਦੇਖ-ਰੇਖ ਨਾਲ ਸੌਰਮੰਡਲਾਂ ਅਤੇ ਅਕਾਸ਼ਗੰਗਾਵਾਂ ਬਾਰੇ ਅੰਕੜੇ ਇਕੱਠੇ ਕਰਨੇ ਹੋਣਗੇ, ਜਿਨ੍ਹਾਂ ਦਾ ਵਿਸ਼ਲੇਸ਼ਣ ਕਰਕੇ ਤਰਕਸ਼ੀਲ ਢੰਗਾਂ ਨਾਲ ਸੌਰਮੰਡਲਾਂ ਅਤੇ ਅਕਾਸ਼ਗੰਗਾਵਾਂ ਦੀਆਂ ਬਣਤਰਾਂ ਤੇ ਗੁਣਾਂ ਬਾਰੇ ਹਾਈਪੋਥੀਸਿਜ਼ ਬਣਾਏ ਜਾਣਗੇ ਤੇ ਹਾਈਪੋਥੀਸਿਜ਼ ਦੀਆਂ ਭਵਿਖਵਾਣੀਆਂ ਨੂੰ ਪ੍ਰਯੋਗ ਜਾਂ ਸਬੂਤ ਦੀ ਕਸੌਟੀ ਚਾੜ੍ਹਿਆ ਜਾਵੇਗਾ; ਹਜ਼ਾਰਾਂ-ਲੱਖਾਂ ਹਾਈਪੋਥੀਸਿਜ਼ ਵਿਚੋਂ ਚੰਦ ਕੁ ਸਬੂਤ ਦੀ ਕਸਵੱਟੀ ‘ਤੇ ਪੂਰੇ ਉਤਰਨਗੇ। ਉਨ੍ਹਾਂ ਵਿਚੋਂ ਕੁਝ ਕੁ ਨੂੰ ਸਾਲਾਂ/ਸਦੀਆਂ ਬੱਧੀ ਵਾਰ ਵਾਰ ਪਰਖੇ ਜਾਣ ਪਿਛੋਂ ਕਿਸੇ ਨੂੰ ਵਿਗਿਆਨ ਦੇ ਸਿਧਾਂਤ ਦਾ ਹਿੱਸਾ ਬਣਨਾ ਨਸੀਬ ਹੋਵੇਗਾ। ਇੰਜ ਲਗਾਤਾਰ ਬੇਰੋਕ ਚਲਦਾ ਰਹਿੰਦਾ ਹੈ ਵਿਗਿਆਨ ਵਿਧੀ ਦਾ ਚੱਕਰ, ਤੇ ਇੰਜ ਬਣਦਾ ਰਹਿੰਦਾ ਹੈ ਵਿਗਿਆਨ, ਇਸ ਚੱਕਰ ‘ਚੋਂ। ਵਿਗਿਆਨ ਵਿਧੀ ਦੇ ਇਸ ਚੱਕਰ ਨੂੰ ਚਲਾਉਣ ਵਾਲੇ ਕਾਮਿਆਂ ਨੂੰ ਹੀ ਕਿਹਾ ਜਾਂਦਾ ਹੈ, ਵਿਗਿਆਨੀ। ਬ੍ਰਹਿਮੰਡ ਬਾਰੇ ਗਿਆਨ ਪ੍ਰਾਪਤੀ ਲਈ ਵਿਗਿਆਨ ਵਿਧੀ ਦਾ ਇਹ ਚੱਕਰ ਗੁਰੂ ਨਾਨਕ ਦੇ ਸਮੇਂ ਤੋਂ ਬਹੁਤ ਪਹਿਲਾਂ ਸ਼ੁਰੂ ਹੋ ਚੁਕਾ ਸੀ।
ਬ੍ਰਹਿਮੰਡ ਦੀ ਅਨੰਤਤਾ ਬਾਰੇ ਖਿਆਲ ਪ੍ਰਾਚੀਨ ਕਾਲ ਤੋਂ ਹੀ ਪੇਸ਼ ਹੁੰਦੇ ਰਹੇ ਨੇ, ਫਲਸਫੇ ਤੇ ਵਿਗਿਆਨ-ਦੋਹਾਂ ਵਿਚ ਹੀ। ਅੱਗੇ ਅਸੀਂ ਦਿਖਾਉਂਦੇ ਹਾਂ ਕਿ ਕਿੰਜ ਕੁਝ ਪੰਜਾਬੀ ਚਿੰਤਕਾਂ ਵਲੋਂ ਸਿੱਧੇ ਤੇ ਕੁਝ ਵਲੋਂ ਅਸਿੱਧੇ ਰੂਪ ਵਿਚ ਪ੍ਰਗਟ ਕੀਤੀ ਇਹ ਧਾਰਨਾ ਦਰੁਸਤ ਨਹੀਂ ਕਿ ਗੁਰੂ ਨਾਨਕ ਜੀ ਪਹਿਲੇ ਫਿਲਾਸਫਰ, ਉਨ੍ਹਾਂ ਮੁਤਾਬਕ ‘ਵਿਗਿਆਨੀ’ ਸਨ, ਜਿਨ੍ਹਾਂ ਨੇ ਅਨੇਕਾਂ ਸੂਰਜਾਂ/ਤਾਰਿਆਂ, ਧਰਤੀਆਂ/ਗ੍ਰਹਿਆਂ, ਚੰਦਰਮਾ/ਉਪ-ਗ੍ਰਹਿਆਂ, ਜਾਂ ਸੰਖੇਪ ਵਿਚ ਕਹਿ ਲਉ ਕਿ ‘ਅਕਾਸ਼ਗੰਗਾਵਾਂ’ ਯਾਨਿ ਗੈਲਕਸੀਆਂ ਦਾ ਖਿਆਲ ਪੇਸ਼ ਕੀਤਾ ਸੀ, ਤੇ ਅੱਜ ਹੀ ਵਿਗਿਆਨੀ ਉਸ ਖਿਆਲ ‘ਤੇ ਖੋਜ ਕਰ ਰਹੇ ਹਨ ਤੇ ਜਾਣ ਰਹੇ ਹਨ ਕਿ ਉਹ ਖਿਆਲ ਠੀਕ ਸੀ।
ਬ੍ਰਹਿਮੰਡੀ ਆਂਡਾ: ਫਲਸਫੇ ਤੇ ਵਿਗਿਆਨ ਵਿਚ ਬ੍ਰਹਿਮੰਡ ਦੇ ਸਰੋਤ/ਮੁੱਢ ਤੇ ਵਿਕਾਸ ਬਾਰੇ ਖਿਆਲਾਂ ਤੇ ਮਾਡਲਾਂ ਦਾ ਇਤਿਹਾਸ ਪ੍ਰਾਚੀਨ ਕਾਲ ਵਿਚ ‘ਬ੍ਰਹਿਮੰਡੀ ਆਂਡੇ’ ਤੋਂ ਸ਼ੁਰੂ ਹੋ ਕੇ ਹੁਣ ਦੇ ‘ਬਿੱਗ ਬੈਂਗ’ ਜਿੰਨਾ ਲੰਮਾ ਹੈ। ਬ੍ਰਹਿਮੰਡੀ ਆਂਡੇ ਦਾ ਮਾਡਲ, ਜੋ 15ਵੀਂ ਤੋਂ 12ਵੀਂ ਸਦੀ ਈਸਾ ਪੂਰਵ ਦੌਰਾਨ ਲਿਖੇ ਹਿੰਦੂ ਫਲਸਫੇ ਦੇ ਇੱਕ ਗ੍ਰੰਥ ‘ਰਿਗਵੇਦ’ ਵਿਚ ਦਰਜ ਹੈ, ਅਨੁਸਾਰ ਸੂਰਜ, ਗ੍ਰਹਿ, ਚੰਦਰਮਾ ਆਦਿ ਸਾਰੇ ਪੁਲਾੜ ਸਮੇਤ ਬ੍ਰਹਿਮੰਡ ਬੰਦ ਹੈ, ਇੱਕ ਆਂਡੇ ਵਿਚ। ਇਹ ਆਂਡਾ ਇੱਕ ਬਿੰਦੂ ਤੋਂ ਸ਼ੁਰੂ ਹੋ ਕੇ ਬਾਹਰ ਵੱਲ ਨੂੰ ਫੈਲਦਾ ਰਹਿੰਦਾ ਹੈ; ਕਾਫੀ ਫੈਲਣ ਪਿਛੋਂ ਪੁੱਠੇ ਗੇਅਰ ਵਿਚ ਪੈ ਕੇ, ਹੌਲੀ ਹੌਲੀ ਫਿਰ ਬਿੰਦੂ ਵੱਲ ਨੂੰ ਸੁੰਗੜ ਜਾਂਦਾ ਹੈ। ਇਹ ਫੈਲਣ-ਸੁੰਗੜਨ ਦਾ ਚੱਕਰ ਬੇਰੋਕ ਹਮੇਸ਼ਾ ਚੱਲਦਾ ਰਹਿੰਦਾ ਹੈ। ਇਹ ਮਾਡਲ, ਮੂਲ ਰੂਪ ਵਿਚ ਗੁਰਬਾਣੀ ਵਿਚ ਪੇਸ਼ ਮਾਡਲ ਜਿਹਾ ਹੀ ਹੈ। ਬ੍ਰਹਿਮੰਡ ਦੀ ਸਿਰਜਣਾ ਬਾਰੇ ਗੁਰੂ ਅਰਜਨ ਦੇਵ ਫੁਰਮਾਉਂਦੇ ਨੇ,
ਕਈ ਬਾਰ ਪਸਰਿਓ ਪਾਸਾਰ॥
ਸਦਾ ਸਦਾ ਇਕੁ ਏਕੰਕਾਰ॥
ਕਈ ਕੋਟਿ ਕੀਨੇ ਬਹੁ ਭਾਤਿ॥
ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ॥ (ਪੰਨਾ 276)
ਭਾਵ (ਸਿਰਜਣਹਾਰ ਤੋਂ) ਕਈ ਵਾਰੀ ਬ੍ਰਹਿਮੰਡ ਰਚਨਾ ਹੋਈ ਹੈ, (ਆਪਾ ਸਮੇਟ ਕੇ) ਹਰ ਵਾਰ ਆਪ ਹੀ ਹੋ ਜਾਂਦਾ ਹੈ; ਸਿਰਜਣਹਾਰ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ, ਜੋ ਸਿਰਜਣਹਾਰ ਤੋਂ ਪੈਦਾ ਹੋ ਕੇ, ਫਿਰ ਸਿਰਜਣਹਾਰ ਵਿਚ ਲੀਨ ਹੋ ਜਾਂਦੇ ਹਨ।
ਹਿੰਦੂ ਫਲਸਫੇ ਵਿਚ ਇੱਕੋ ਸਮੇਂ ਬ੍ਰਹਿਮੰਡਾਂ ਦੀ ਅਨੰਤ ਗਿਣਤੀ ਵਿਚ ਹੋਂਦ ਵੀ ਸ਼ਾਮਲ ਹੈ। ਇਸ ਤੋਂ ਪਹਿਲੇ ਹਿੱਸੇ ਵਿਚ ਅਸੀਂ ਵੇਖਿਆ ਕਿ ਫਲਸਫੇ ਵਿਚ ਪ੍ਰਗਟ ਕੀਤਾ ਖਿਆਲ ਜਾਂ ਸਿਧਾਂਤ ਆਪਣੇ ਆਪ ਹੀ ਵਿਗਿਆਨ ਨਹੀਂ ਬਣ ਜਾਂਦਾ, ਭਾਵੇਂ ਉਹ ਵਿਗਿਆਨ ਦੇ ਖੇਤਰ ‘ਚ ਪੈਂਦੇ ਕਿਸੇ ਮੁੱਦੇ ਜਾਂ ਵਿਸ਼ੇ ਨਾਲ ਹੀ ਸਬੰਧਤ ਕਿਉਂ ਨਾ ਹੋਵੇ। ਫਲਸਫੇ ਦੇ ਕਿਸੇ ਖਿਆਲ ਜਾਂ ਸਿਧਾਂਤ ਨੂੰ ਵਿਗਿਆਨ ਬਣਨ ਲਈ ਕੀ ਲੱਗਦਾ ਹੈ? ਇਤਿਹਾਸ ਵਿਚ ਇਹਦੀ ਇੱਕ ਪ੍ਰਦਰਸ਼ਨੀ ਹੈ, ਐਟਮਵਾਦ।
ਐਟਮਵਾਦ: ਬ੍ਰਹਿਮੰਡ ਦੀ ਬਣਤਰ ਬਾਰੇ ਗਰੀਕ ਫਿਲਾਸਫਰਾਂ-ਲੂਸੀਪਸ ਤੇ ਓਹਦੇ ਸ਼ਾਗਿਰਦ ਡੈਮੋਕ੍ਰਿਟਸ (460-370 ਈਸਵੀ ਪੂਰਵ) ਨੇ ਐਟਮਵਾਦੀ ਫਲਸਫੇ ਦੀ ਨੀਂਹ ਰੱਖੀ, ਜਿਸ ਅਨੁਸਾਰ ਬ੍ਰਹਿਮੰਡ ਬਣਿਆ ਹੈ ਅਣਗਿਣਤ ਛੋਟੇ ਛੋਟੇ ਕਣਾਂ ਤੋਂ, ਜਿਨ੍ਹਾਂ ਨੂੰ ਉਨ੍ਹਾਂ ਨੇ ਐਟਮ ਕਿਹਾ। ‘ਐਟਮ’ ਗਰੀਕ ਸ਼ਬਦ ਹੈ, ਜਿਸ ਦਾ ਅਰਥ ਹੈ, ‘ਨਾ ਕੱਟਿਆ ਜਾਣ ਵਾਲਾ।’ ਐਟਮਵਾਦ ਅਨੁਸਾਰ ਐਟਮ ਛੋਟੇ ਹੁੰਦੇ ਹਨ; ਉਨ੍ਹਾਂ ਨੂੰ ਕੱਟਿਆ ਨਹੀਂ ਜਾ ਸਕਦਾ ਭਾਵ ਉਹ ਹੋਰ ਚੀਜ਼ਾਂ ਜਾਂ ਜ਼ੱਰਿਆਂ ਤੋਂ ਨਹੀਂ ਬਣੇ; ਐਟਮ ਅਕਾਲ ਤੇ ਅਨੰਤ ਹਨ ਤੇ ਸਦਾ ਹੀ ਇੱਥੇ ਸਨ।
ਐਟਮ ਦੇ ਇਹ ਗੁਣ ਗੁਰੂ ਨਾਨਕ ਸਾਹਿਬ ਦੇ ਮੂਲਮੰਤਰ ਵਿਚਲੇ ਕੁਝ ਗੁਣਾਂ ਜਿਹੇ ਹੀ ਹਨ, ਪਰ ਮੂਲਮੰਤਰ ਤੇ ਬਾਕੀ ਗੁਰਬਾਣੀ ਵਿਚ ਇਨ੍ਹਾਂ ਗੁਣਾਂ ਨੂੰ ਚੇਤੰਨ ‘ਅਕਾਲ ਪੁਰਖੁ’ ਨਾਲ ਜੋੜਿਆ ਗਿਆ ਹੈ, ਜੋ ਬ੍ਰਹਿਮੰਡ ਸਿਰਜਦਾ ਹੈ। ਇਸ ਲਈ ਗੁਰੂ ਜੀ ਦਾ ਬ੍ਰਹਿਮੰਡ ਸਿਰਜਣਾ ਦੇ ਵਿਕਾਸ ਦਾ ਮਾਡਲ, ਇਹਦੇ ਵਿਗਿਆਨਕ ਅੰਸ਼ਾਂ ਦੇ ਬਾਵਜੂਦ ਕੁੱਲ ਮਿਲਾ ਕੇ ਅਧਿਆਤਮਵਾਦੀ ਹੋ ਨਿਬੜਦਾ ਹੈ।
ਐਟਮਵਾਦ ਅਨੁਸਾਰ ਬ੍ਰਹਿਮੰਡ ਵਿਚ ਸਾਰੀ ਹਕੀਕਤ ਤੇ ਸੱਭੇ ਚੀਜ਼ਾਂ ਐਟਮਾਂ ਦੇ ਵੱਖੋ ਵੱਖਰੇ ਇੰਤਜ਼ਾਮਾਂ (ਅਰਰਅਨਗeਮeਨਟਸ) ਤੋਂ ਬਣੀਆਂ ਨੇ, ਤੇ ਬ੍ਰਹਿਮੰਡ ਦੇ ਸ਼ੂੰਨਯ ਨੇ ਐਟਮਾਂ ਦੇ ਵੱਖੋ ਵੱਖਰੇ ਇੰਤਜ਼ਾਮਾਂ ਤੇ ਨਤੀਜਨ ਉਨ੍ਹਾਂ ਤੋਂ ਚੀਜ਼ਾਂ ਦੀਆਂ ਵੱਖੋ ਵੱਖਰੀਆਂ ਸ਼ਕਲਾਂ ਤੇ ਰੂਪ ਉਸਰਨ ਲਈ ਖਾਲੀ ਥਾਂ ਪ੍ਰਦਾਨ ਕੀਤੀ। ਸੋ, ਵੱਖ ਵੱਖ ਚੀਜ਼ਾਂ ਦੇ ਗੁਣ ਤੇ ਰੂਪ ਇਸ ਤੱਥ ਰਾਹੀਂ ਨਿਰਧਾਰਤ ਕੀਤੇ ਜਾਂਦੇ ਹਨ ਕਿ ਉਹ ਕਿਸ ਕਿਸਮ ਦੇ ਐਟਮਾਂ ਤੇ ਐਟਮਾਂ ਦੇ ਇੰਤਜ਼ਾਮਾਂ ਤੋਂ ਬਣੀਆਂ ਹੋਈਆਂ ਨੇ। ਐਟਮਵਾਦ ਦਾ ਫਲਸਫਾ ਵਿਗਿਆਨਕ ਖਿਆਲ ਹੈ, ਕਿਉਂਕਿ ਇਹਦੀ ਬਾਰੀਕੀ ‘ਤੇ ਕੁਛ ਹੋਰ ਕੰਮ ਕਰ ਕੇ, ਤੇ ਇਹਦੇ ਬਾਰੇ ਅੰਕੜੇ ਇਕੱਤਰ ਕਰਕੇ ਪਰਖੇ ਜਾ ਸਕਣ ਵਾਲੇ ਪਰਿਸਿਧਾਂਤ ਘੜੇ ਜਾ ਸਕਦੇ ਨੇ।
ਇੱਕ ਆਜ਼ਾਦ-ਸੋਚ ਫਰਾਂਸੀਸੀ ਕੈਥੋਲਿਕ ਪਾਦਰੀ ਪਿਅਰੇ ਗੈਸਾਂਡੀ, ਜੋ ਵਿਗਿਆਨੀ ਵੀ ਸੀ, ਨੇ ਇੱਕ ਤਰਫ ‘ਐਟਮ ਰੱਬ ਨੇ ਬਣਾਏ’ ਦਾ ਦਾਅਵਾ ਕਰਕੇ ਐਟਮਵਾਦ ਨੂੰ ਅਧਿਆਤਮਵਾਦ ਨਾਲ ਨੱਥੀ ਕਰਨ ਦੀ ਕੋਸ਼ਿਸ਼ ਕੀਤੀ, ਤੇ ਦੂਜੀ ਤਰਫ ਐਟਮਵਾਦ ਦੇ ਫਲਸਫੇ ਵਿਚ ਕੁਝ ਸੋਧਾਂ ਕਰਕੇ ਇਸ ਨੂੰ ਪਰਖਣ ਯੋਗ ਬਣਾਉਣ ਦੇ ਨੇੜੇ ਲੈ ਆਂਦਾ। ਹੋਰ ਫਿਲਾਸਫਰ ਵੀ ਐਟਮਵਾਦ ਦੇ ਮਾਡਲ ਨਾਲ ਖੇਡਦੇ ਰਹੇ। ਆਖਰ, ਆਈਜ਼ੈਕ ਨਿਊਟਨ (1642-1727) ਤੇ ਕੁਝ ਹੋਰ ਵਿਗਿਆਨੀਆਂ ਵਲੋਂ ਐਟਮਵਾਦ ਦੀ ਝੰਡਾ-ਬਰਦਾਰੀ ਸੰਗ, 17ਵੀਂ ਸਦੀ ਦੇ ਅਖੀਰ ਤੀਕ ਇਹ ਮਾਡਲ ਵਿਗਿਆਨਕ ਭਾਈਚਾਰੇ ਵਿਚ ਪ੍ਰਵੇਸ਼ ਕਰ ਚੁਕਾ ਸੀ।
ਵਿਗਿਆਨਕ ਐਟਮੀ ਮਾਡਲ: ਐਟਮਵਾਦ ਦਾ ਇਤਿਹਾਸ ਇਸ ਸੱਚਾਈ ਦੀ ਗਵਾਹੀ ਭਰਦਾ ਹੈ ਕਿ ਵਿਗਿਆਨਕ ਮਾਡਲ ਬਣ ਜਾਣ ਤੋਂ ਪਹਿਲਾਂ, ਫਲਸਫੇ ਦੇ ਕਿਸੇ ਖਿਆਲ ਜਾਂ ਮਾਡਲ ਦਾ ਉਚਿਤ ਹੱਦ ਤੱਕ ਵਿਕਸਿਤ ਹੋਣਾ ਜ਼ਰੂਰੀ ਹੁੰਦਾ ਹੈ, ਤਾਂ ਕਿ ਖਿਆਲ ਜਾਂ ਮਾਡਲ ਦਾ ਸੁਭਾਅ ਨਿਸ਼ਚਿਤ ਬਣਾਇਆ ਜਾ ਸਕੇ, ਤੇ ਉਹਦੇ ਆਧਾਰ ‘ਤੇ ਅੰਕੜੇ ਇਕੱਤਰ ਕਰਨ ਤੇ ਪਰਖੇ ਜਾ ਸਕਣ ਵਾਲੇ ਪਰਿਸਿਧਾਂਤ ਦਾ ਘੜਨਾ ਮੁਮਕਿਨ ਹੋ ਜਾਵੇ। ਐਟਮਵਾਦ ਲਈ ਐਸੇ ਹਾਲਾਤ ਉਦੋਂ ਪੈਦਾ ਹੋਏ, ਜਦੋਂ ਵਿਗਿਆਨ ਨੇ ਜਾਣ ਲਿਆ ਕਿ ਸਭ ਚੀਜ਼ਾਂ 100 ਦੇ ਕਰੀਬ ਤੱਤਾਂ ਤੋਂ ਬਣੀਆਂ ਹੋਈਆਂ ਹਨ। ਮਿਸਾਲ ਵਜੋਂ ਪਾਣੀ ਦਾ ਹਰ ਅਣੂ (ਮੋਲeਚੁਲe) ਦੋ ਤੱਤਾਂ-ਹਾਈਡਰੋਜਨ ਤੇ ਆਕਸੀਜ਼ਨ ਤੋਂ ਬਣਿਆ ਹੈ ਅਤੇ ਕਾਰਬਨ ਡਾਈਆਕਸਾਈਡ ਦਾ ਕਾਰਬਨ ਤੇ ਆਕਸੀਜ਼ਨ ਤੋਂ। ਇਹ ਵੀ ਜਾਣਿਆ ਜਾ ਚੁਕਾ ਸੀ ਕਿ ਕੁਝ ਚੀਜ਼ਾਂ ਯਾਨਿ ਭੌਤਿਕ ਪਦਾਰਥ ਇੱਕ-ਦੂਜੇ ਨਾਲ ਅੰਤਰ ਕ੍ਰਿਆ, ਜਿਸ ਨੂੰ ਰਸਾਇਣਕ ਪ੍ਰਕ੍ਰਿਆ ਕਿਹਾ ਜਾਂਦਾ ਹੈ, ਰਾਹੀਂ ਵੱਖਰੇ ਪਦਾਰਥਾਂ ਵਿਚ ਵਟ ਜਾਂਦੀਆਂ ਹਨ। ਜਦੋਂ ਵਿਗਿਆਨ ਵਿਚ ਇਹ ਤੇ ਹੋਰ ਬਹੁਤ ਸਬੰਧਤ ਗਿਆਨ ਪ੍ਰਾਪਤ ਹੋ ਚੁਕਾ ਸੀ, ਤਦ ਹੀ ਪਹਿਲਾਂ ਵਿਗਿਆਨਕ ਐਟਮੀ ਮਾਡਲ ਪੇਸ਼ ਕੀਤਾ ਜਾ ਸਕਿਆ, ਜੋ ਵਿਗਿਆਨੀ ਜੌਹਨ ਡਾਲਟਨ ਨੇ ਸੰਨ 1807 ਵਿਚ ਪੇਸ਼ ਕੀਤਾ, ਜਿਸ ਅਨੁਸਾਰ,
1. ਸਾਰੇ ਭੌਤਿਕ ਪਦਾਰਥ ਮੁਢਲੇ ਰੂਪ ਵਿਚ ਐਟਮਾਂ ਦੇ ਬਣੇ ਹਨ।
2. ਹਰ ਤੱਤ ਆਪਣੇ ਆਪ ਵਿਚ ਇੱਕ ਐਟਮ ਦੀ ਇੱਕ ਕਿਸਮ ਹੈ, ਜੋ ਕਿਸੇ ਵੀ ਹੋਰ ਤੱਤ (ਐਟਮ) ਤੋਂ ਵੱਖਰਾ ਹੈ।
3. ਦੋ ਜਾਂ ਵੱਧ ਐਟਮ ਮਿਲ ਦੇ ਐਟਮਜੁੱਟ (ਮੋਲeਚੁਲe) ਯਾਨਿ ਅਣੂ ਬਣਾਉਂਦੇ ਹਨ; ਸਭ ਚੀਜ਼ਾਂ ਐਟਮਜੁੱਟਾਂ ਤੋਂ ਬਣੀਆਂ ਹਨ।
4. ਰਸਾਇਣਕ ਪ੍ਰਕ੍ਰਿਆ ਦੌਰਾਨ ਐਟਮਾਂ ਦੀ ਕਿਸਮ ਜਾਂ ਗਿਣਤੀ ਨਹੀਂ ਬਦਲਦੀ; ਉਨ੍ਹਾਂ ਦੇ ਆਪਸੀ ਮੇਲ ਹੀ ਬਦਲਦੇ ਨੇ, ਜੋ ਨਵੀਂਆਂ ਚੀਜ਼ਾਂ ਬਣਾ ਦਿੰਦੇ ਹਨ।
ਇਸ ਤਰ੍ਹਾਂ ਡਾਲਟਨ ਦੇ ਸਮੇਂ, ਡਾਲਟਨ ਦਾ ਐਟਮੀ ਮਾਡਲ ਤੇ ਉਸ ਤੋਂ ਪਹਿਲਾਂ ਦਾ ਵਿਗਿਆਨਕ ਗਿਆਨ ਬ੍ਰਹਿਮੰਡ ਦੀ ਬਣਤਰ ਇਹ ਮਾਡਲ ਪੇਸ਼ ਕਰ ਰਹੇ ਸਨ: ਸਾਰਾ ਬ੍ਰਹਿਮੰਡ ਕਰੀਬ ਸੌ ਐਟਮਾਂ ਤੋਂ ਬਣਿਆ ਹੈ; ਹਾਈਡਰੋਜਨ, ਆਕਸੀਜ਼ਨ, ਕਾਰਬਨ, ਤਾਂਬਾ, ਲੋਹਾ ਆਦਿ ਐਟਮਾਂ ਦੀਆਂ ਕਿਸਮਾਂ ਹਨ। ਮਿਸਾਲ ਵਜੋਂ ਹਾਈਡਰੋਜਨ ਦਾ ਹਰ ਜੁੱਟ/ਅਣੂ ਦੋ ਹਾਈਡਰੋਜਨ ਐਟਮਾਂ ਦੇ ਮੇਲ ਤੋਂ ਬਣਿਆ ਹੈ, ਪਾਣੀ ਦਾ ਹਰ ਜੁੱਟ ਦੋ ਹਾਈਡਰੋਜਨ ਐਟਮਾਂ ਤੇ ਇੱਕ ਆਕਸੀਜ਼ਨ ਐਟਮ ਦੇ ਮੇਲ ਤੋਂ ਬਣਿਆ ਹੈ ਅਤੇ ਕਾਰਬਨ ਡਾਈਆਕਸਾਈਡ ਦਾ ਜੁੱਟ ਇੱਕ ਕਾਰਬਨ ਐਟਮ ਤੇ ਦੋ ਆਕਸੀਜ਼ਨ ਐਟਮਾਂ ਦੇ ਮੇਲ ਤੋਂ।
ਵਿਗਿਆਨ ਵਿਚ ਇਹ ਕਹਿਣਾ ਕਾਫੀ ਨਹੀਂ ਕਿ ਪਾਣੀ ਦਾ ਹਰ ਜੁੱਟ ਹਾਈਡਰੋਜਨ ਤੇ ਆਕਸੀਜ਼ਨ ਦੇ ਐਟਮਾਂ ਤੋਂ ਬਣਿਆ ਹੈ; ਸਗੋਂ ਇਹ ਦੱਸਣਾ ਜ਼ਰੂਰੀ ਹੈ ਕਿ ਕਿੰਨੇ ਹਾਈਡਰੋਜਨ ਐਟਮ ਤੇ ਕਿੰਨੇ ਆਕਸੀਜ਼ਨ ਐਟਮ। ਕਿਸੇ ਵਿਗਿਆਨਕ ਖਿਆਲ ਜਾਂ ਮਾਡਲ ਦੇ ਬਿਆਨਾਂ ਵਿਚ ਨਿਸ਼ਚਿਤਤਾ ਤੇ ਵਿਆਖਿਆ ਵਿਚ ਗਿਣਤੀ ਮਿਣਤੀ ਦਾ ਹੋਣਾ ਜ਼ਰੂਰੀ ਹੁੰਦਾ ਹੈ; ਜਿਵੇਂ ਵਿਗਿਆਨੀ ਲੌਰਡ ਕੈਲਵਿਨ ਨੇ ਕਿਹਾ ਹੈ, “ਜੇ ਤੁਸੀਂ ਕੁਝ ਮਿਣ, ਨਾਪ ਸਕਦੇ ਹੋ, ਇਹਨੂੰ ਨੰਬਰਾਂ ਵਿਚ ਪ੍ਰਗਟ ਕਰ ਸਕਦੇ ਹੋ, ਤਾਂ ਤੁਸੀਂ ਇਸ ਬਾਰੇ ਕੁਝ ਜਾਣਦੇ ਹੋ; ਨਹੀਂ ਤਾਂ ਤੁਹਾਡਾ ਗਿਆਨ ਤੁਛ ਹੈ ਤੇ ਗੈਰ-ਤਸੱਲੀਬਖਸ਼ ਕਿਸਮ ਦਾ ਹੈ।”
ਐਵੇਂ ਨਹੀਂ ਕਿਹਾ ਜਾਂਦਾ ਕਿ ਗਣਿਤ ਵਿਗਿਆਨ ਦੀ ਭਾਸ਼ਾ ਹੈ।
ਉਪਰਲਾ ਪੈਰਾ ਵਿਗਿਆਨ ਤੇ ਫਲਸਫੇ ਵਿਚਾਲੇ ਇੱਕ ਵਖਰੇਵੇਂ ਦੀ ਵਿਆਖਿਆ ਕਰਦਾ ਹੈ। ਭਾਵੇਂ ਵਿਗਿਆਨ ਵਿਚ ਦਿੱਤੇ ਕੁਝ ਬਿਆਨ ਤੇ ਖਿਆਲ ਗੁਰੂ ਗ੍ਰੰਥ ਸਾਹਿਬ, ਵੇਦ, ਬਾਈਬਲ, ਕੁਰਾਨ ਆਦਿ ਵਿਚਲੇ ਕੁਝ ਬਿਆਨ ਤੇ ਖਿਆਲ ਨਾਲ ਗੁਣਾਤਮਕ ਤੌਰ ‘ਤੇ ਜਾਂ ਉਪਰੋਂ ਉਪਰੋਂ ਮੇਲ ਖਾ ਵੀ ਜਾਣ, ਇਨ੍ਹਾਂ ਨੂੰ ਵਿਗਿਆਨ ਦੀਆਂ ਪੁਸਤਕਾਂ ਕਹਿਣਾ ਜਾਂ ਇਨ੍ਹਾਂ ਦੇ ਲੇਖਕਾਂ ਨੂੰ ਵਿਗਿਆਨੀ ਕਹਿਣਾ ਸਹੀ ਨਹੀਂ ਹੋਵੇਗਾ। ਹਾਂ, ਇਨ੍ਹਾਂ ਫਿਲਾਸਫੀਕਲ ਖਿਆਲਾਂ ਵਿਚੋਂ ਕੁਝ ਵਿਗਿਆਨਕ ਖਿਆਲ ਹੋ ਸਕਦੇ ਹਨ।
ਗ੍ਰਹਿ, ਸੌਰਮੰਡਲ ਅਤੇ ਅਕਾਸ਼ਗੰਗਾਵਾਂ: ਅਕਾਸ਼ਗੰਗਾ ਗਠਿਤ ਤਾਰਿਆਂ, ਵਿਭਾਜਿਤ ਹੋਏ ਤਾਰਿਆਂ ਦੀ ਰਹਿੰਦ ਖੂਹੰਦ, ਤਾਰਿਆਂ ਦੇ ਵਿਚ ਦੀ ਗੈਸ ਤੇ ਧੂਲ ਅਤੇ ਕਾਲੇ ਪਦਾਰਥ ਦਾ ਇੱਕ ਸਿਸਟਮ ਹੈ। ਸ਼ਬਦ ‘ਅਕਾਸ਼ਗੰਗਾ’ ਮੁੱਢ ਦਾ ਇੱਕ ਗਰੀਕ ਸ਼ਬਦ ਜਾਂ ਸੰਕਲਪ ਹੈ, ਜੋ ਅਕਾਸ਼ਗੰਗਾ ਦੀ ਦੁਧੀਆ ਰੋਸ਼ਨੀ ਦੀ ਤਰਜ਼ਮਾਨੀ ਕਰਦਾ ਹੈ।
ਅੱਜ ਤੋਂ ਕਰੀਬ 2300 ਵਰ੍ਹੇ ਪਹਿਲਾਂ, ਗਰੀਕ ਫਿਲਾਸਫਰ ਡੈਮੋਕ੍ਰਿਟਸ ਨੇ ਵਿਚਾਰ ਦਿੱਤਾ ਕਿ ਰਾਤ ਨੂੰ ਅਸਮਾਨ ‘ਤੇ ਅਕਾਸ਼ਗੰਗਾ ਵਿਚ ਚਮਕਦਾਰ ਦੁਧੀਆ ਪੱਟੀ ਵਿਚ ਅਸਲੋਂ ਬਹੁਤ ਦੂਰ ਦੇ ਤਾਰੇ ਹਨ। ਅਰਸਤੂ (384-322 ਈਸਵੀ ਪੂਰਵ) ਸਮੇਤ ਹੋਰ ਕਈ ਪ੍ਰਾਚੀਨ ਕਾਲ ਦੇ ਗਰੀਕ ਫਿਲਾਸਫਰਾਂ ਨੇ ਵੀ ਅਕਾਸ਼ਗੰਗਾ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੂੰ ਇਹ ਵੀ ਗਿਆਨ ਸੀ ਕਿ ਸਾਡੀ ਅਕਾਸ਼ਗੰਗਾ ਤੋਂ ਬਿਨਾ ਹੋਰ ਵੀ ਅਨੇਕ ਅਕਾਸ਼ਗੰਗਾਵਾਂ ਹਨ।
ਗੁਰੂ ਨਾਨਕ ਸਾਹਿਬ ਤੋਂ ਕਰੀਬ 500 ਸਾਲ ਪਹਿਲਾਂ ਅਰਬੀ ਖਗੋਲ-ਵਿਗਿਆਨੀ ਅਲ੍ਹਾਜਿਨ (965-1037) ਨੇ ਅਕਾਸ਼ਗੰਗਾ ਦਾ ਵੱਖ-ਵੱਖ ਕੋਣਾਂ ਤੋਂ ਨਿਰੀਖਣ ਕਰਕੇ ਤੈਅ ਕੀਤਾ ਕਿ ਆਕਾਸ਼ਗੰਗਾ ਧਰਤੀ ਦੇ ਵਾਤਾਵਰਣ ਤੋਂ ਬਾਹਰ ਹੈ। ਇਹ ਅਕਾਸ਼ਗੰਗਾ ਨੂੰ ਗੌਰਨ (ੋਬਸeਰਵe ਕਰਨ) ਤੇ ਮਾਪਣ ਦਾ ਪਹਿਲਾ ਵਿਗਿਆਨਕ ਉਦਮ ਸੀ। ਗੁਰੂ ਨਾਨਕ ਦੀਆਂ ਭਰ-ਸਰਗਰਮੀਆਂ ਦੇ ਸਮੇਂ ਤੋਂ ਕਰੀਬ ਇੱਕ ਸਦੀ ਪਿਛੋਂ 1610 ਦੇ ਏੜ-ਗੇੜ ਵਿਗਿਆਨੀ ਗੈਲੇਲਿਓ ਗਾਲੇਲੀ ਨੇ ਅਕਾਸ਼ਗੰਗਾ ਨੂੰ ਗੌਰਨ, ਇਸ ਬਾਰੇ ਅੰਕੜੇ ਇਕੱਤਰ ਕਰਨ, ਤੇ ਇੰਜ ਇਸ ਦਾ ਅਧਿਅਨ ਕਰਨ ਲਈ ਦੂਰਬੀਨ ਦੀ ਵਰਤੋਂ ਸ਼ੁਰੂ ਕਰ ਦਿੱਤੀ, ਜੋ ਹਾਲ ਹੀ ਵਿਚ ਈਜਾਦ ਕੀਤੀ ਗਈ ਸੀ। ਉਹਨੇ ਖੋਜਿਆ ਕਿ ਅਕਾਸ਼ਗੰਗਾ ਭਾਰੀ ਗਿਣਤੀ ਵਿਚ ਮੱਧਮ ਪੈ ਗਏ ਤਾਰਿਆਂ ਤੋਂ ਬਣੀ ਹੋਈ ਸੀ। ਇੰਜ ਗ੍ਰਹਿਆਂ, ਸੌਰਮੰਡਲਾਂ ਅਤੇ ਅਕਾਸ਼ਗੰਗਾਵਾਂ ਤੇ ਇਨ੍ਹਾਂ ਦੀ ਅਨੇਕਤਾ ਬਾਰੇ ਖਿਆਲ ਗੁਰੂ ਨਾਨਕ ਤੋਂ ਬਹੁਤ ਪਹਿਲਾਂ ਪ੍ਰਾਚੀਨ ਕਾਲ ਤੋਂ ਹੀ ਪੇਸ਼ ਹੁੰਦੇ ਰਹੇ ਨੇ, ਫਲਸਫੇ ਤੇ ਵਿਗਿਆਨ-ਦੋਹਾਂ ਵਿਚ ਹੀ।
ਵਿਗਿਆਨ ਨੇ ਹੀ ਲੱਭਣਾ ਸੀ ਕਿ ਅਕਾਸ਼ਗੰਗਾ ਦੇ ਅੰਸ਼ਾਂ, ਜਿਵੇਂ ਗ੍ਰਹਿਆਂ, ਤਾਰਿਆਂ ਤੇ ਧੂਲ ਨੂੰ ਕਿਹੜੀ ਚੀਜ਼ ਇੱਕ ਪਿੰਡੇ (ਬੋਦੇ) ਵਿਚ ਬੰਨੀ ਰੱਖਦੀ ਹੈ; ਉਹ ਅਧਿਆਤਮਵਾਦੀ ਫਲਸਫੇ ਵਾਂਗੂੰ ਇਹ ਕਾਰਜ ਰੱਬ ਜਾਂ ਹੋਰ ਕਿਸੇ ਦੈਵੀ ਸ਼ਕਤੀ ਸਿਰ ਤਾਂ ਨਹੀਂ ਲਾ ਸਕਦੀ ਸੀ, ਕਿਉਂਕਿ ਇਸ ਖਿਆਲ ਤੋਂ ਕੋਈ ਭੌਤਿਕ ਤੌਰ ‘ਤੇ ਪਰਖਿਆ ਜਾ ਸਕਣ ਵਾਲਾ ਪਰਿਸਿਧਾਂਤ ਨਹੀਂ ਬਣਾਇਆ ਜਾ ਸਕਦਾ। ਨਾਲੇ ਵਿਗਿਆਨ ਵਿਚ ਹੋਰ ਕਈ ਮੁਢਲੇ ਸੁਆਲ ਡਾਂਗਾਂ ਵਾਂਗ ਖੜ੍ਹੇ ਹੋ ਗਏ: ਜਿਵੇਂ ਅਕਾਸ਼ਗੰਗਾ ਦਾ ਰੂਪ ਤੇ ਆਕਾਰ ਕੀ ਹੈ; ਇਹਦੀਆਂ ਹਰਕਤਾਂ ਕੀ ਹਨ ਤੇ ਕਿਉਂ ਹਨ, ਹਰਕਤਾਂ ਦੀ ਰਫਤਾਰ ਕਿੰਨੀ ਹੈ; ਹੋਰ ਅਕਾਸ਼ਗੰਗਾਵਾਂ ਕਿੱਦਾਂ ਦੀਆਂ ਹਨ ਅਤੇ ਉਨ੍ਹਾਂ ਨੂੰ ਹੋਰ ਨੇੜਿਓਂ ਕਿੰਜ ਵੇਖਿਆ ਜਾ ਸਕਦਾ ਹੈ? ਅਜਿਹੇ ਸੁਆਲਾਂ ਦਾ ਜੁਆਬ ਲੱਭਣ ਲਈ ਸਮਾਂ ਲੱਗਦਾ ਹੈ; ਸਦੀਆਂ ਲੰਮਾ।
ਉਦੋਂ ਤੱਕ ਇਕੱਤਰ ਅੰਕੜਿਆਂ ਦੇ ਅਧਿਅਨ ਦੇ ਆਧਾਰ ‘ਤੇ ਵਿਗਿਆਨੀ ਥੌਮਸ ਰਾਈਟ ਨੇ 1750 ਵਿਚ ਇੱਕ ਪਰਿਸਿਧਾਂਤ, ਜੋ ਠੀਕ ਨਿਕਲਿਆ, ਪੇਸ਼ ਕੀਤਾ: ਅਕਾਸ਼ਗੰਗਾ ਆਪਸ ਵਿਚ ਗੁਰੂਤਾ ਸ਼ਕਤੀ ਨਾਲ ਬੱਝੇ ਬਹੁਤ ਸਾਰੇ ਤਾਰਿਆਂ ਦਾ ਘੁੰਮਦਾ ਇਕੱਠ ਹੈ। ਇਸ ਅਨੁਸਾਰ ਇਹ ਘੁੰਮਦਾ ਪਿੰਡਾ ਸਾਡੇ ਸੌਰਮੰਡਲ ਵਾਂਗੂੰ ਹੀ ਸੀ, ਪਰ ਇਸ ਤੋਂ ਬਹੁਤ ਵੱਡਾ। ਅਕਾਸ਼ਗੰਗਾ ਸਬੰਧੀ ਭਰ-ਜ਼ੋਰ ਗਿਣਤੀਆਂ-ਮਿਣਤੀਆਂ 1785 ਵਿਚ ਸ਼ੁਰੂ ਹੋਈਆਂ, ਜਦੋਂ ਵਿਲੀਅਮ ਹਰਸ਼ਲ ਨੇ ਅਕਾਸ਼ਗੰਗਾ ਦੇ ਵੱਖ ਵੱਖ ਖਿੱਤਿਆਂ ਵਿਚ ਤਾਰਿਆਂ ਦੀ ਗਿਣਤੀ ਕਰਕੇ ਇਹਦੀ ਸ਼ਕਲ ਮਾਪਣ/ਵਿਆਖਣ ਦਾ ਕਾਰਜ ਅਰੰਭਿਆ। ਇਸ ਸਰਵੇਖਣ ਨਾਲ ਅਕਾਸ਼ਗੰਗਾ ਵਿਚ ਸਾਡੇ ਸੂਰਜ ਦੀ ਸਥਿਤੀ ਦਾ ਵੀ ਪਤਾ ਲੱਗ ਜਾਣਾ ਸੀ। ਇਨ੍ਹਾਂ ਗਿਣਤੀਆਂ-ਮਿਣਤੀਆਂ ਦੇ ਆਧਾਰ ‘ਤੇ ਵਿਲੀਅਮ ਨੇ ਨਕਸ਼ਾ ਵਾਹਿਆ, ਜਿਸ ਵਿਚ ਸਾਡਾ ਸੌਰਮੰਡਲ ਕਰੀਬ ਗੱਭੇ ਆਇਆ।
ਹੌਲੀ ਹੌਲੀ ਵਿਗਿਆਨ ਤੇ ਤਕਨਾਲੋਜੀ ਦੇ ਵਿਕਾਸ ਸਦਕਾ, ਅੱਜ ਅਸੀਂ ਅਕਾਸ਼ਗੰਗਾਵਾਂ ਬਾਰੇ ਬੜਾ ਕੁਝ ਜਾਣਦੇ ਹਾਂ। ਮਿਸਾਲ ਵਜੋਂ ਵਿਗਿਆਨ ਦੇ ਖੋਜੇ ਕੁਝ ਤੱਥ ਇੱਥੇ ਪੇਸ਼ ਹਨ। ਅਨੁਮਾਨ ਹੈ ਕਿ ਸਾਡੀ ਅਕਾਸ਼ਗੰਗਾ ਵਿਚ 3 ਖਰਬ ਦੇ ਕਰੀਬ ਤਾਰੇ ਤੇ ਘੱਟੋ-ਘੱਟ ਇੱਕ ਖਰਬ ਗ੍ਰਹਿ ਹਨ। ਅਕਾਸ਼ਗੰਗਾ ਦੀ ਸ਼ਕਲ ਪੇਚਦਾਰ ਡਾਂਗ (ਬਅਰਰeਲ ਸਪਰਿਅਲ) ਵਾਂਗ ਹੈ, ਜਿਸ ਦੇ ਵਿਆਸ ਦੀ ਲੰਬਾਈ 175 ਪ੍ਰਕਾਸ਼ ਵਰ੍ਹੇ ਹੈ; ਇੱਕ ਪ੍ਰਕਾਸ਼ ਵਰ੍ਹਾ 95 ਖਰਬ ਕਿਲੋਮੀਟਰ ਦੇ ਬਰਾਬਰ ਹੁੰਦਾ ਹੈ। ਸਾਈਜ਼ ਦੇ ਹਿਸਾਬ ਨਾਲ, ਕੁਝ ਦੈਹ ਕਰੋੜ ਤਾਰਿਆਂ ਵਾਲੀਆਂ ਬੌਣੀਆਂ ਅਕਾਸ਼ਗੰਗਾਵਾਂ ਤੋਂ ਲੈ ਕੇ ਇੱਕ ਹਜ਼ਾਰ ਖਰਬ ਤਾਰਿਆਂ ਵਾਲੀਆਂ ਦਿਓ-ਕੱਦ ਅਕਾਸ਼ਗੰਗਾਵਾਂ ਹਨ, ਸਾਡੇ ਬ੍ਰਹਿਮੰਡ ਵਿਚ। ਇਹ ਸਭ ਆਪੋ ਆਪਣੇ ਕੇਂਦਰਾਂ ਦੁਆਲੇ ਪਰਿਕਰਮਾ ਕਰਦੀਆਂ ਹਨ। ਸਾਡੀ ਅਕਾਸ਼ਗੰਗਾ ਦੀ ਪਰਿਕਰਮਾ ਰਫਤਾਰ ਹਰ ਸੈਕੰਡ ਵਿਚ 552 ਕਿਲੋਮੀਟਰ ਤੈਅ ਕਰ ਲੈਣ ਦੀ ਹੈ।
ਵਿਗਿਆਨਕ ਅੰਕੜਿਆਂ ਦੇ ਆਧਾਰ ‘ਤੇ 2016 ਵਿਚ ਲਾਏ ਅੰਦਾਜ਼ਿਆਂ ਅਨੁਸਾਰ ਵਿਗਿਆਨ ਵਲੋਂ ਵੇਖੇ ਜਾ ਚੁਕੇ ਬ੍ਰਹਿਮੰਡ ਵਿਚ ਘੱਟੋ-ਘੱਟ 20 ਖਰਬ ਅਕਾਸ਼ਗੰਗਾਵਾਂ ਹਨ। ਅਸੀਂ ਵਿਗਿਆਨੀ ਇਹ ਵੀ ਜਾਣਦੇ ਹਾਂ ਕਿ ਇਹ ਸਭ ਅਕਾਸ਼ਗੰਗਾਵਾਂ ਇੱਕ ਦੂਜੀ ਤੋਂ ਪਰ੍ਹਾਂ ਨੂੰ ਬਹੁਤ ਤੇਜ਼ ਰਫਤਾਰ ਨਾਲ ਦੌੜ ਰਹੀਆਂ ਨੇ, ਕਿਸ ਰਫਤਾਰ ਨਾਲ? ਮਿਸਾਲ ਵਜੋਂ ਦੋ ਅਕਾਸ਼ਗੰਗਾਵਾਂ, ਜੋ ਇੱਕ ਦੂਜੀ ਤੋਂ ਇੱਕ ਪਾਰ-ਸੈਕੰਡ ਦੂਰ ਹਨ, ਇੱਕ ਦੂਜੀ ਤੋਂ ਪਰ੍ਹਾਂ ਨੂੰ 71 ਕਿਲੋਮੀਟਰ ਫੀ ਸੈਕੰਡ ਦੀ ਰਫਤਾਰ ਨਾਲ ਦੌੜ ਰਹੀਆਂ ਨੇ; ਦੂਰੀ ਵਿਚ ਹਰ ਪਾਰ-ਸੈਕੰਡ ਜੋੜਨ ਨਾਲ ਰਫਤਾਰ ਵਿਚ 71 ਕਿਲੋਮੀਟਰ ਫੀ ਸੈਕੰਡ ਜੁੜ ਜਾਂਦੇ ਹਨ, ਤੇ ਇੱਕ ਪਾਰ-ਸੈਕੰਡ 309 ਖਰਬ ਕਿਲੋਮੀਟਰ ਦੇ ਬਰਾਬਰ ਹੁੰਦਾ ਹੈ। ਅਕਾਸ਼ਗੰਗਾਵਾਂ ਦਾ ਇੱਕ ਦੂਜੇ ਤੋਂ ਪਰ੍ਹਾਂ ਨੂੰ ਦੌੜਨਾ ਇਸ ਤੱਥ ਦਾ ਹੀ ਪ੍ਰਗਟਾਵਾ ਹੈ ਕਿ ਬ੍ਰਹਿਮੰਡ ਇੱਕ ਬਿੰਦੂ ਤੋਂ ਪੈਦਾ ਹੋਣ ਦੇ ਸਮੇਂ ਤੋਂ ਹੀ ਫੈਲ ਰਿਹਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਬ੍ਰਹਿਮੰਡ 14 ਅਰਬ ਸਾਲ ਪਹਿਲਾਂ ਪੈਦਾ ਹੋਇਆ ਸੀ। ਕਿੰਨਾ ਫੈਲ ਚੁਕਾ ਹੈ? ਜਿਵੇਂ ਏਕੇ ਪਿਛੇ ਦੋ ਸਿਫਰ ਲਾ ਕੇ ਇੱਕ ਸੌ ਬਣ ਜਾਂਦਾ ਹੈ ਤੇ ਗਿਆਰਾਂ ਸਿਫਰ ਲਾ ਕੇ ਇੱਕ ਖਰਬ, ਤਿਵੇਂ ਹੀ 88 ਪਿਛੇ ਬਾਈ ਸਿਫਰ ਲਾ ਦਿਓ, ਘੱਟੋ-ਘੱਟ ਉਨੇ ਕਿਲੋਮੀਟਰ ਫੈਲ ਚੁਕਾ ਹੈ ਸਾਡਾ ਬ੍ਰਹਿਮੰਡ, ਇੱਕ ਸਿਰੇ ਤੋਂ ਦੂਜੇ ਸਿਰੇ ਤੱਕ।
ਠੀਕ ਤੇ ਗਲਤ ਦਾ ਵਿਗਿਆਨ ਨਾਲ ਰਿਸ਼ਤਾ: ਜੇ ਦਾਅਵਾ ਪਰਖਣ ਯੋਗ ਹੋਵੇ ਤਾਂ ਵਿਗਿਆਨ ਵਿਚ ਉਹਦੇ ਗਲਤ ਹੋਣ ਦਾ ਕੋਈ ਮਿਹਣਾ ਨਹੀਂ, ਕਿਉਂਕਿ ਗਲਤ/ਸਹੀ ਦਾ ਫੈਸਲਾ ਤਾਂ ਵਿਗਿਆਨਕ ਵਿਧੀ ਦੇ ਛਾਣਨੇ ਨੇ ਕਰ ਹੀ ਦੇਣਾ ਹੁੰਦਾ ਹੈ।
“ਬ੍ਰਹਿਮੰਡ ‘ਚ ਅਰਬਾਂ ਅਕਾਸ਼ਗੰਗਾਵਾਂ ਹਨ ਅਤੇ ਇਹ ਅੱਜ ਆਧੁਨਿਕ ਵਿਗਿਆਨ ਵਲੋਂ ਮਹਿਸੂਸ ਕੀਤਾ ਜਾ ਰਿਹਾ ਹੈ, ਪਰ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਦੀ ਖੋਜ ਤੋਂ ਬਹੁਤ ਪਹਿਲਾਂ ਇਨ੍ਹਾਂ ਦਾ ਜ਼ਿਕਰ ਕਰ ਦਿੱਤਾ ਸੀ।”
ਇਹ ਤੇ ਅਜਿਹੇ ਹੋਰ ਬਿਆਨ ਤੇ ਇਨ੍ਹਾਂ ਦੇ ਆਧਾਰ ‘ਤੇ ਬਿਆਨ ਦੇਣ ਵਾਲੇ ਨੂੰ ਵਿਗਿਆਨੀ ਕਰਾਰ ਦੇਣਾ ਇਹ ਗੁੰਮਰਾਹਕੁਨ ਪ੍ਰਭਾਵ ਵੀ ਦੇ ਸਕਦੇ ਨੇ ਕਿ ‘ਸਭ ਤੋਂ ਪਹਿਲਾਂ ਤੇ ਠੀਕ’ ਬਿਆਨ ਦੇਣ ਵਾਲਾ ਹੀ ਅੱਛਾ ਵਿਗਿਆਨੀ ਹੁੰਦਾ ਹੈ। ਵਿਗਿਆਨੀ ਵਿਧੀ ਵਿਚ ਬਿਆਨ ਜਾਂ ਪਰਿਸਿਧਾਂਤ ਦਾ ਪਰਖਿਆ ਜਾ ਸਕਣਾ ਜ਼ਰੂਰੀ ਹੈ, ਠੀਕ ਹੋਣਾ ਨਹੀਂ। ਸੱਚ ਤਾਂ ਇਹ ਹੈ ਕਿ ਵਿਗਿਆਨੀ ਅਣਗਣਿਤ ਵਾਰ ਗਲਤ ਹੁੰਦੇ ਹਨ, ਉਦੋਂ ਤੱਕ ਜਦੋਂ ਤੱਕ ਵਿਗਿਆਨਕ ਵਿਧੀ ਦਾ ਚੱਕਰ ਚਲਾ ਕੇ ਆਖਿਰ ਠੀਕ ਪਰਿਸਿਧਾਂਤ ‘ਤੇ ਨਹੀਂ ਪਹੁੰਚ ਜਾਂਦੇ। ਕਈ ਕੇਸਾਂ ਵਿਚ ਉਹ ਠੀਕ ਪਰਿਸਿਧਾਂਤ ‘ਤੇ ਕਦੀ ਨਹੀਂ ਪਹੁੰਚਦੇ, ਪਰ ਇਹਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੇ ਆਪਣਾ ਵਕਤ ਜ਼ਾਇਆ ਕੀਤਾ।
ਅਸੀਂ, ਭੌਤਿਕ ਵਿਗਿਆਨੀ ਗਰੀਕ ਫਲਾਸਫਰ ਅਰਸਤੂ (384-322 ਈਸਵੀ ਪੂਰਵ) ਨੂੰ ਪਹਿਲਾ ਭੌਤਿਕ ਵਿਗਿਆਨੀ ਵੀ ਮੰਨਦੇ ਹਾਂ, ਭਾਵੇਂ ਉਹਨੇ ਭੌਤਿਕ ਵਿਗਿਆਨ ਦੇ ਵਿਸ਼ਿਆਂ ‘ਤੇ ਜੋ ਕਿਹਾ ਜਾਂ ਸਿਧਾਂਤ ਪੇਸ਼ ਕੀਤੇ, ਉਨ੍ਹਾਂ ਵਿਚੋਂ ਜੇ ਸਾਰੇ ਨਹੀਂ ਤਾਂ ਬਹੁਤੇ ਅਖੀਰ ਗਲਤ ਸਿੱਧ ਹੋਏ; ਪਰ ਉਹ ਪਰਖੇ ਜਾਣ ਵਾਲੇ ਸਨ। ਉਹਨੇ ਸੂਰਜ ਨੂੰ ਚੜ੍ਹਦੇ, ਡੁੱਬਦੇ ਵੇਖਿਆ ਅਤੇ ਇਨ੍ਹਾਂ ਤੇ ਹੋਰ ਅੰਕੜਿਆਂ ਤੋਂ ਨਤੀਜਾ ਕੱਢਿਆ ਕਿ ਸੂਰਜ ਧਰਤੀ ਦੁਆਲੇ ਘੁੰਮਦਾ ਤੇ 24 ਘੰਟਿਆਂ ਵਿਚ ਇੱਕ ਚੱਕਰ ਪੂਰਾ ਕਰਦਾ ਸੀ। ਇੱਥੋਂ ਉਹਨੇ ਸਧਾਰਨੀਕਰਨ (ਨਿਦੁਟਿਨ) ਦਾ ਤਰਕ ਵਰਤ ਕੇ ਕਿਹਾ ਸੀ ਕਿ ਗ੍ਰਹਿ ਵੀ ਧਰਤੀ ਦੁਆਲੇ ਘੁੰਮਦੇ ਹਨ। ਇੰਜ ਉਹਨੇ ‘ਧਰਤੀ ਬ੍ਰਹਿਮੰਡ ਦਾ ਕੇਂਦਰ’ ਦੇ ਮਾਡਲ ਦੀ ਵਕਾਲਤ ਕੀਤੀ, ਜਿਸ ਮਾਡਲ ਦਾ ਜਨਾਜ਼ਾ ਯੂਰਪੀ ਰੈਨੇਸਾਂਸ ਦੌਰਾਨ ਸਾਰੀ ਦੁਨੀਆਂ ਸਾਹਮਣੇ ਨਿਕਲਿਆ, ਜਦੋਂ ਵਿਗਿਆਨ ਨੇ ਦਿਖਾਇਆ ਕਿ ਸੂਰਜ ਧਰਤੀ ਦੁਆਲੇ ਨਹੀਂ, ਸਗੋਂ ਬਾਕੀ ਗ੍ਰਹਿਆਂ ਸਮੇਤ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਭਾਵੇਂ ਕੱਚੇ ਤੇ ਗਲਤ ਰੂਪ ਵਿਚ ਸਹੀ, ਅਰਸਤੂ ਦੇ ਭੌਤਿਕ ਚੀਜ਼ਾਂ ਬਾਰੇ ਪੇਸ਼ ਕੀਤੇ ਕੁਝ ਵਿਚਾਰਾਂ ਨੂੰ ਸੁਧਾਰ ਕੇ ਗੈਲੇਲਿਓ ਗਾਲੇਲੀ ਨੇ ਆਪਣਾ ‘ਜੜ੍ਹਤਾ ਦਾ ਸਿਧਾਂਤ’ ਪੇਸ਼ ਕੀਤਾ, ਜੋ ਨਿਊਟਨ ਦੇ ਗਤੀ ਦੇ ਨਿਯਮਾਂ ਸਣੇ ਕਲਾਸੀਕਲ ਫਿਜ਼ਿਕਸ ਦੀਆਂ ਜੜ੍ਹਾਂ ਵਿਚ ਬੈਠਾ ਹੈ।
ਦੂਜੀ ਮਿਸਾਲ ਹੈ, ਮਾਈਕਲਸਨ ਤੇ ਮੋਰਲੇਅ ਦੀ, ਜਿਨ੍ਹਾਂ ਦਾ ਖਾਲੀ ਪੁਲਾੜ ਵਿਚੋਂ ‘ਈਥਰ’ ਨਾਂ ਦਾ ਮਾਧਿਅਮ ਲੱਭਣ ਲਈ ਕੀਤਾ ਪ੍ਰਯੋਗ ਵਿਗਿਆਨ ਦੇ ਇਤਿਹਾਸ ਵਿਚ ਸੱਭ ਤੋਂ ਮਸ਼ਹੂਰ ‘ਫੇਲ੍ਹ ਪ੍ਰਯੋਗ’ ਵਜੋਂ ਜਾਣਿਆ ਜਾਂਦਾ ਹੈ। ਦੇਰ 19ਵੀਂ ਸਦੀ ਵਿਚ ਜਦ ਭੌਤਿਕ ਵਿਗਿਆਨ ਜਾਣੇ-ਅਣਜਾਣੇ ਐਟਮ ਤੇ ਅਤਿ ਵੱਧ ਗਤੀ-ਰਫਤਾਰ ਨੂੰ ਹੱਥ ਪਾਉਣ ਲੱਗੀ ਤਾਂ ਇਹਦੇ ਸਿਧਾਂਤਾਂ ਤੇ ਪਰਿਸਿਧਾਂਤਾਂ ਨੂੰ ਹੁੱਥੂ ਛਿੜਨ ਲੱਗੇ ਤੇ ਗਸ਼ ਪੈਣ ਲੱਗੇ। ਇਸ ਤਰ੍ਹਾਂ ਦੀ ਹੀ ਸਥਿਤੀ ਵਿਚ ਸੀ, ਉਹ ਪਰਿਸਿਧਾਂਤ ਜਿਸ ਅਨੁਸਾਰ ਲਹਿਰਾਂ ਨੂੰ ਯਾਤਰਾ ਕਰਨ ਲਈ ਮਾਧਿਅਮ ਦੀ ਲੋੜ ਹੁੰਦੀ ਹੈ, ਜਿਵੇਂ ਪਾਣੀ ਦੀ ਲਹਿਰ ਨੂੰ ਪਾਣੀ ਦੀ ਤੇ ਅਵਾਜ਼ ਦੀ ਲਹਿਰ ਨੂੰ ਹਵਾ ਦੀ। ਇਸ ਪਰਿਸਿਧਾਂਤ ਸਾਹਮਣੇ ਇੱਕ ਸੁਆਲ ਖੜ੍ਹਾ ਹੋ ਗਿਆ: ਸੂਰਜ ਤੋਂ ਰੋਸ਼ਨੀ ਧਰਤੀ ਤੱਕ ਕਿਵੇਂ ਪਹੁੰਚਦੀ ਹੈ, ਕਿਉਂਕਿ ਇਸ ਦੇ ਯਾਤਰਾ ਪੱਥ ਵਿਚ ਖਾਲੀ ਪੁਲਾੜ (ਸ਼ੂੰਨਯ) ਵੀ ਆਉਂਦਾ ਹੈ? ਇਸ ਸੁਆਲ ਨਾਲ ਨਜਿੱਠਿਆਂ ਇੱਕ ਪਰਿਸਿਧਾਂਤ ਪੇਸ਼ ਕੀਤਾ ਗਿਆ ਕਿ ‘ਈਥਰ’ ਨਾਂ ਦਾ ਮਾਧਿਅਮ ਹਰ ਥਾਂ ਹੈ; ਖਾਲੀ ਪੁਲਾੜ ਵਿਚ ਵੀ। ਸਮੱਸਿਆ ਦਾ ਹੱਲ: ਹੁਣ ਰੋਸ਼ਨੀ ਸੂਰਜ ਤੇ ਤਾਰਿਆਂ ਤੋਂ ਈਥਰ ਦੀ ਕੰਧੇੜੀ ਚੜ੍ਹ ਕੇ ਧਰਤੀ ਪਹੁੰਚ ਸਕਦੀ ਸੀ, ਪਰ ਵਿਗਿਆਨ ਵਿਚ ਹਰ ਪਰਿਸਿਧਾਂਤ ਪਰਖ ਦੀ ਕਸਵੱਟੀ ਚਾੜ੍ਹਿਆ ਜਾਂਦਾ ਹੈ। ਇਸ ਤਰ੍ਹਾਂ ਜਦ 1887 ਵਿਚ ਈਥਰ ਨੂੰ ਲੱਭਣ ਲਈ ਮਾਈਕਲਸਨ ਤੇ ਮੋਰਲੇਅ ਦੇ ਪ੍ਰਯੋਗ ਵਿਚੋਂ ਈਥਰ ਦਾ ਕੋਈ ਨਾਮੋ-ਨਿਸ਼ਾਨ ਨਾ ਮਿਲਿਆ ਤਾਂ ਇਸ ਅਸਫਲਤਾ ਨੇ ਵਿਗਿਆਨੀਆਂ ਨੂੰ ਨਮੋਸ਼ੀ ਬੁੱਕ ਭਰ ਭਰ ਕੇ ਵਰਤਾਈ, ਕਿਉਂਕਿ ਉਸ ਸਮੇਂ ਭੌਤਿਕ ਵਿਗਿਆਨ ਵਿਚ ਬੜਾ ਕੁਝ ਈਥਰ ਦੀ ਹੋਂਦ ‘ਤੇ ਨਿਰਭਰ ਸੀ।
ਇਸ ਅਸਫਲਤਾ ਨੇ ਆਈਨਸਟਾਈਨ ਦੀ ਸੋਚ ਨੂੰ ਸਹੀ ਦਿਸ਼ਾ ਵਿਚ ਧੱਕਾ ਦਿੱਤਾ, ਜਿਸ ਕਰਕੇ ਉਹਨੇ ਬੇਅੰਤ ਗਤੀ ਨਾਲ ਨਿੱਬੜਨ ਲਈ ਰੈਲੇਟਿਵਿਟੀ ਦੇ ਸਿਧਾਂਤ ਖੋਜਣ ਦੇ ਨਾਲ ਐਟਮ ਨਾਲ ਨਜਿੱਠਣ ਲਈ ਕੁਆਂਟਮ ਫਿਜ਼ਿਕਸ ਦੇ ਸਿਧਾਂਤਾਂ ਦੀ ਖੋਜ ਵਿਚ ਵੀ ਹਿੱਸਾ ਪਾਇਆ। ਇਸ ਤਰ੍ਹਾਂ ਇਹ ਤੇ ਹੋਰ, 19ਵੀਂ ਸਦੀ ਦੇ ਛੇਕੜਲੇ ਹਿੱਸੇ ਵਿਚ ਸ਼ੁਰੂ ਹੋਈਆਂ ਭੌਤਿਕ ਵਿਗਿਆਨ ਦੀਆਂ ਮੁਸ਼ਕਿਲਾਂ, ਅਸਫਲਤਾਵਾਂ ਅਤੇ ਇਨ੍ਹਾਂ ਤੋਂ ਨਮੋਸ਼ੀ, ਅਸਲ ਵਿਚ 20ਵੀਂ ਸਦੀ ਵਿਚ ਪੈਦਾ ਹੋਈ ਮਾਡਰਨ ਫਿਜ਼ਿਕਸ ਤੇ ਨਤੀਜਨ ਆਏ ਵਿਗਿਆਨਕ ਇਨਕਲਾਬ ਦੀਆਂ ਜੰਮਣ-ਪੀੜਾਂ ਸਨ। ਇਹ ਅਸਫਲਤਾਵਾਂ ਅਜਾਈਂ ਨਹੀਂ ਗਈਆਂ, ਸਗੋਂ ਇਨ੍ਹਾਂ ਨੇ ਆਈਨਸਟਾਈਨ ਸਣੇ ਹੋਰ ਕਈ ਵਿਗਿਆਨੀਆਂ ਦੀ ਸੋਚ ਨੂੰ ਠੀਕ ਦਿਸ਼ਾ ਵਿਚ ਧੱਕੇ ਮਾਰ ਮਾਰ ਮਾਡਰਨ ਫਿਜ਼ਿਕਸ ਦੀ ਉਸਾਰੀ ਵਿਚ ਹਿੱਸਾ ਪਾਇਆ, ਜਿਸ ਵਿਚ ਸ਼ਾਮਲ ਹਨ, ਕੁਆਂਟਮ ਫਿਜ਼ਿਕਸ ਤੇ ਰੈਲੇਟਿਵਿਟੀ।
ਇਹ ਵਿਗਿਆਨਕ ਵਿਧੀ ਦਾ ਹੀ ਕਮਾਲ ਹੈ ਕਿ ਅਸਫਲਤਾ ਵੀ ਵਿਗਿਆਨ ਨੂੰ ਅੱਗੇ ਵਧਾਉਣ ਵਿਚ ਅਹਿਮ ਹਿੱਸਾ ਪਾਉਂਦੀ ਹੈ। ਅਸਲ ‘ਚ ਵਿਗਿਆਨ ਤੇ ਵਿਗਿਆਨ ਵਿਧੀ ਵਿਚ ‘ਗਲਤ’ ਦੀ ‘ਠੀਕ’ ਨਾਲੋਂ ਵੱਧ ਮਹੱਤਤਾ ਹੈ। ਕਿਸੇ ਵੀ ਪਰਿਸਿਧਾਂਤ ਜਾਂ ਸਿਧਾਂਤ ਨੂੰ ਠੀਕ ਜਾਂ ਸੱਚਾ ਸਾਬਤ ਕਰਨਾ ਅਸੰਭਵ ਹੈ, ਕਿਉਂਕਿ ਉਹਦੇ ‘ਸੱਚ’ ਜਾਂ ‘ਠੀਕ ਹੋਣ’ ਨੂੰ ਅਸੀਂ ਸਭ ਢੁਕਵੀਆਂ ਚੀਜ਼ਾਂ ਤੇ ਸਾਰੇ ਢੁਕਵੇਂ ਹਾਲਾਤ ਵਿਚ ਨਹੀਂ ਪਰਖ ਸਕਦੇ। ਪਰਖਣਾ ਤਾਂ ਕੀ, ਸਭ ਢੁਕਵੀਆਂ ਚੀਜ਼ਾਂ ਤੇ ਹਾਲਾਤ ਤੱਕ ਨਾ ਅਸਾਡੀ ਪਹੁੰਚ ਹੈ ਤੇ ਨਾ ਉਨ੍ਹਾਂ ਨੂੰ ਕਿਆਸਣ ਦੀ ਯੋਗਤਾ।
ਉਕਤ ਇਤਿਹਾਸਕ ਮਿਸਾਲ ਇਸ ਬਿਆਨ ਦੀ ਪੁਸ਼ਟੀ ਕਰਦੀ ਹੈ, ਜਦੋਂ ਐਟਮ ਤੇ ਅਤਿ ਵੱਧ ਗਤੀ-ਰਫਤਾਰ ਨੂੰ ਹੱਥ ਪਾਉਂਦਿਆਂ ਹੀ ਕਲਾਸੀਕਲ ਫਿਜ਼ਿਕਸ ਦੇ ਅੱਛੀ ਤਰ੍ਹਾਂ ਪਰਖੇ ਸਿਧਾਂਤ ਵੀ ਮੂੰਹ-ਪਰਨੇ ਡਿੱਗ ਪਏ, ਕਿਓਂਕਿ ਪਰਿਸਿਧਾਂਤ ਜਾਂ ਸਿਧਾਂਤ ਨੂੰ ਠੀਕ ਜਾਂ ਸੱਚਾ ਸਾਬਤ ਕਰਨਾ ਅਸੰਭਵ ਹੈ, ਵੱਧੋ-ਵੱਧ ਅਸੀਂ ਇਹ ਕਰ ਸਕਦੇ ਹਾਂ ਕਿ ਉਹਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਕਰੀਏ। ਇਸੇ ਲਈ ਜਦ ਅਸੀਂ ਕਹਿੰਦੇ ਹਾਂ ਕਿ ਹਰ ਪਰਿਸਿਧਾਂਤ ਦੀ ਮੁਢਲੀ ਸ਼ਰਤ ਹੁੰਦੀ ਹੈ ਕਿ ਉਹ ਪਰਖਿਆ ਜਾ ਸਕਣ ਵਾਲਾ ਹੋਵੇ ਤਾਂ ਸਾਡਾ ਮਤਲਬ ਹੁੰਦਾ ਹੈ ਕਿ ਪਰਿਸਿਧਾਂਤ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਦੇ ਢੰਗ ਦਾ ਹੋਣਾ ਲਾਜ਼ਮੀ ਹੈ। ਇਸ ਤਰ੍ਹਾਂ ਵਿਗਿਆਨੀ ਜਦੋਂ ਐਸਾ ਪਰਿਸਿਧਾਂਤ ਲੱਭ ਲੈਣ, ਜਿਹਨੂੰ ਗਲਤ ਸਾਬਤ ਕਰਨ ਵਿਚ ਫੇਲ੍ਹ ਹੋ ਜਾਣ ਤਾਂ ਇਹ ਉਨ੍ਹਾਂ ਦੀ ਕਾਮਯਾਬੀ ਹੁੰਦੀ ਹੈ। ਫਿਰ ਉਹ ਵੱਖ ਵੱਖ ਹਾਲਾਤ ਵਿਚ ਪਰਖ ਕੇ ਇਸ ਨੂੰ ਵਰਤਣਾ ਜਾਰੀ ਰੱਖ ਸਕਦੇ ਹਨ। ਜੇ ਕਿਸੇ ਅਜਿਹੇ ਹਾਲਾਤ ਨਾਲ ਟਕਰਾ ਜਾਣ, ਜਿੱਥੇ ਇਸ ਪਰਿਸਿਧਾਂਤ ਜਾਂ ਸਿਧਾਂਤ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਕਾਮਯਾਬ ਹੋ ਜਾਵੇ, ਇਹ ਉਨ੍ਹਾਂ ਦੀ ਅਸਫਲਤਾ ਹੁੰਦੀ ਹੈ। ਇੰਜ ਵਿਗਿਆਨੀਆਂ ਦੇ ਦੋਹੀਂ ਹੱਥੀਂ ਲੱਡੂ ਹੁੰਦੇ ਨੇ। ਇਹ ਕਮਾਲ ਹੈ ਵਿਗਿਆਨਕ ਵਿਧੀ ਦਾ!
ਕਿੱਸਾ ਮਿਲਦੇ-ਜੁਲਦੇ ਖਿਆਲਾਂ ਤੇ ਪ੍ਰਸੰਗਾਂ ਦਾ: ਕਿਸੇ ਵੀ ਖੇਤਰ ਵਿਚਲੇ ਖਿਆਲ ਨਾਲ ਜੇ ਵਿਗਿਆਨ ਸਹਿਮਤ ਹੋਵੇ ਜਾਂ ਉਸ ਦੀ ਕਿਸੇ ਵੀ ਢੰਗ ਨਾਲ ਪੁਸ਼ਟੀ ਕਰਦਾ ਹੋਵੇ ਤਾਂ ਉਹ ਖਿਆਲ ਵਿਗਿਆਨ ਬਣ ਜਾਂਦਾ ਹੈ ਤੇ ਉਹਨੂੰ ਪੇਸ਼ ਕਰਨ ਵਾਲਾ, ਵਿਗਿਆਨੀ। ਮਿਸਾਲ ਵਜੋਂ “ਸਿੱਖ ਮਾਨਤਾਵਾਂ ਨੂੰ ਵਿਗਿਆਨ ਵਲੋਂ ਕਿਸੇ ਵੀ ਰੂਪ ‘ਚ ਨਾ-ਮਨਜ਼ੂਰ ਨਹੀਂ ਕੀਤਾ ਗਿਆ ਹੈ। ਵਿਗਿਆਨਕ ਤੱਥ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਦੀ ਪੁਸ਼ਟੀ ਕਰਦੇ ਹਨ ਜਿਵੇਂ ਬ੍ਰਹਿਮੰਡ (ਗ੍ਰਹਿ, ਸੌਰਮੰਡਲਾਂ ਤੇ ਅਕਾਸ਼ਗੰਗਾਵਾਂ) ਦੀ ਹੱਦ ਜਾਂ ਅੰਤ ਨਹੀਂ ਹੈ। ਅਕਾਲ ਪੁਰਖੁ ਨੇ ਬ੍ਰਹਿਮੰਡ ਦੀ ਰਚਨਾ ਕੀਤੀ ਹੈ। ਉਹ ਸਭ ਦੇਖਦਾ ਹੈ ਤੇ ਸਿਰਜਣਾ ‘ਤੇ ਵਿਚਾਰ ਕਰਦਾ ਹੈ।”
ਮੈਂ ਪਹਿਲਾਂ ਬਿਨਾ ਕਿਸੇ ਰੱਖ-ਰਖਾਅ ਦੇ ਕਹਿ ਦਿਆਂ ਕਿ ਵਿਗਿਆਨ ਅਜਿਹੀ ਕੋਈ ਸਿੱਖਿਆ ਜਾਂ ਖਿਆਲ ਦਾ ਸਮਰਥਨ ਨਹੀਂ ਕਰਦਾ ਕਿ ਬ੍ਰਹਿਮੰਡ ਦੀ ਸਿਰਜਣਾ ਕਿਸੇ ਚੇਤੰਨ ਰੱਬ ਤੋਂ ਹੋਈ ਹੈ ਤੇ ਉਹ ਇਸ ਸਿਰਜਣਾ ‘ਤੇ ਵਿਚਾਰ ਜਾਂ ਇਹਨੂੰ ਕੰਟਰੋਲ ਕਰਦਾ ਹੈ। ਵਿਗਿਆਨ ਦੇ ਖੇਤਰ ਵਿਚ ਕਿਸੇ ਵੀ ਕਿਸਮ ਦੇ ਰੱਬ ਹੱਥੋਂ ਬ੍ਰਹਿਮੰਡ ਦੀ ਰਚਨਾ ਦੇ ਖਿਆਲ ਦੇ ਹੱਕ ਵਿਚ ਕੋਈ ਵੀ ਖੋਜ ਪੱਤਰ ਜਾਂ ਲੇਖ ਪ੍ਰਕਾਸ਼ਿਤ ਨਹੀਂ ਹੋਇਆ ਤੇ ਨਾ ਕਦੀ ਹੋਵੇਗਾ। ਇਹ ਵੀ ਸੱਚ ਹੈ ਕਿ ਇਸ ਖਿਆਲ ਦੀ ਨਾ-ਮਨਜ਼ੂਰੀ ‘ਤੇ ਵੀ ਵਿਗਿਆਨ ਦੇ ਖੇਤਰ ਵਿਚ ਨਾ ਕੋਈ ਖੋਜ ਪੱਤਰ ਹੈ ਤੇ ਨਾ ਕਦੀ ਹੋਵੇਗਾ ਹੀ। ਇਸ ਅਪ੍ਰਵਾਨਗੀ ਦੀ ਗੈਰ-ਹਾਜ਼ਰੀ ਇਸ ਖਿਆਲ ਨੂੰ ਵਿਗਿਆਨਕ ਨਹੀਂ ਬਣਾ ਦਿੰਦੀ। ਇਸ ਖਿਆਲ ਦੀ ਅਪ੍ਰਵਾਨਗੀ ਤੇ ਸਮਰਥਨ-ਦੋਹਾਂ ਦੀ ਗੈਰ-ਹਾਜ਼ਰੀ ਇਸ ਲਈ ਹੈ, ਕਿਉਂਕਿ ਜਿਵੇਂ ਪਿਛਲੇ ਲੇਖ ਵਿਚ ਵਿਚਾਰਿਆ ਗਿਆ ਹੈ, ਇਹ ਮੁੱਦਾ ਵਿਗਿਆਨ ਲਈ ਅਪ੍ਰਸੰਗਿਕ ਹੁੰਦਾ ਹੈ।
ਹਾਂ, ਇਸ ਧਾਰਨਾ-ਪੇਸ਼ਕਾਰੀ ਦਾ ਇਕ ਅੰਸ਼ ਜਾਂ ਖਿਆਲ ਵਿਗਿਆਨ ਨਾਲ ਮਿਲਦਾ-ਜੁਲਦਾ ਜਾਪਦਾ ਹੈ: “ਗ੍ਰਹਿ, ਸੌਰਮੰਡਲਾਂ ਤੇ ਅਕਾਸ਼ਗੰਗਾਵਾਂ ਦੀ ਹੱਦ ਜਾਂ ਅੰਤ ਨਹੀਂ ਹੈ।” ਪਰ ਧਿਆਨ ਨਾਲ ਸੋਚਿਆਂ, ਇੱਥੇ ਵੀ ਦੋ ਵੱਡੇ ਫਰਕ ਹਨ। ਪਹਿਲਾ, ਵੱਖ ਵੱਖ ਪ੍ਰਸੰਗ ਦਾ। ਉਕਤ ਧਾਰਨਾ ਵਿਚ ਅਨੰਤਤਾ ਅਧਿਆਤਮਵਾਦੀ ਪ੍ਰਸੰਗ ‘ਚ ਪੇਸ਼ ਕੀਤੀ ਗਈ ਹੈ, ਜਿੱਥੇ ਇਸ ਅਨੰਤਤਾ ਦਾ ਸਰੋਤ ਜਾਂ ਰਚਨਹਾਰਾ ‘ਅਕਾਲ ਪੁਰਖੁ’ ਹੈ ਅਤੇ ਵਿਗਿਆਨ ਵਿਚ ਅਨੰਤਤਾ ਦਾ ਮੁੱਢ ਮਾਦਾ/ਊਰਜਾ ਜਾਂ ਉਂਗਲਾਂ ‘ਤੇ ਗਿਣੇ ਜਾ ਸਕਣ ਜੋਗੇ ਬੁਨਿਆਦੀ ਕਣ ਹਨ। ਦੂਜਾ ਫਰਕ ਹੈ ਕਿ ਅਧਿਆਤਮਵਾਦੀ ਪ੍ਰਸੰਗ ਵਿਚ ਅਨੰਤਤਾ ਦੀ ਗੱਲ ‘ਰਚਨਹਾਰੇ’ ਦੀ ਉਸਤਤ ਤੇ ਪੂਜਾ ਰਾਹੇ ਪੈ ਜਾਂਦੀ ਹੈ, ਜਦ ਕਿ ਵਿਗਿਆਨ ਅਨੰਤਤਾ ਦੀ ਗਿਣਤੀ-ਮਿਣਤੀ ਕਰਨ ਲੱਗਦਾ ਹੈ, ਕਿੰਨੇ ਖਰਬ ਅਕਾਸ਼ਗੰਗਾਵਾਂ ਆਦਿ।
ਸੋ, ਇਸ ਧਾਰਨਾ ਵਿਚ ਅਧਿਆਤਮਵਾਦ ਤੇ ਵਿਗਿਆਨ ਦਾ ਮੇਲ-ਜੋਲ ਗੁੰਮਰਾਹਕੁਨ ਹੈ, ਕਿਉਂਕਿ ਅਧਿਆਤਮਵਾਦ ਤੇ ਵਿਗਿਆਨ ਵਿਚਾਲੇ ‘ਪਰਖੇ ਜਾ ਸਕਣ ਵਾਲੇ ਹਾਈਪੋਥੀਸਿਜ਼ ਦਾ ਨਾ ਉਲੰਘਿਆ ਜਾ ਸਕਣ ਵਾਲਾ ਪਾੜਾ’ ਮੌਜੂਦ ਹੁੰਦਾ ਹੈ। ਇਸ ਧਾਰਨਾ ਨੂੰ ਇਸ ਪਾੜੇ ਦੀ ਭੇਟ ਚਾੜ੍ਹ ਦਿਓ।
ਸਿੱਟੇ: ਪ੍ਰਾਚੀਨ ਕਾਲ ਤੋਂ ਹੀ ਪੂਰਬ ਤੇ ਪੱਛਮ ਵਿਚ ਫਿਲਾਸਫਰ ਤੇ ਵੈਦ ਭੋਜਨ ਦੇ ਮਨੁੱਖੀ ਸਿਹਤ ‘ਤੇ ਪ੍ਰਭਾਵ ਦੇ ਮੁੱਦੇ ਨਾਲ ਦੋ ਹੱਥ ਹੁੰਦੇ ਆ ਰਹੇ ਹਨ ਅਤੇ ਬ੍ਰਹਿਮੰਡ ਬਾਰੇ ਖਿਆਲ ਵੀ ਪ੍ਰਾਚੀਨ ਕਾਲ ਤੋਂ ਹੀ ਪੇਸ਼ ਹੁੰਦੇ ਰਹੇ ਹਨ। ਇਹ ਵੀ ਚਰਚਾ ਕੀਤੀ ਹੈ ਕਿ ਵੱਖੋ ਵੱਖ ਪ੍ਰਸੰਗ ਫਲਸਫੇ ਤੇ ਵਿਗਿਆਨ ਵਿਚਾਲੇ ਮਿਲਦੇ-ਜੁਲਦੇ ਲੱਗਦੇ ਖਿਆਲ ਵਿਚ ਜ਼ਮੀਨ ਅਸਮਾਨ ਦਾ ਫਰਕ ਪੈਦਾ ਕਰ ਸਕਦੇ ਨੇ। ਵਿਗਿਆਨ ਵਿਚ ਨਿਸ਼ਚਿਤ ਤੇ ਗਹਿਰੇ ਵਿਗਿਆਨਕ ਖਿਆਲਾਂ, ਪਰਿਸਿਧਾਤਾਂ ਜਾਂ ਮਾਡਲਾਂ ਦੀ ਲੋੜ ਹੁੰਦੀ ਹੈ, ਤੇ ਵਿਗਿਆਨ ਦਾ ਕੰਮ ਫਲਸਫੇ ਵਿਚਲੇ ਮਿਲਦੇ-ਜੁਲਦੇ ਲੱਗਦੇ ਖਿਆਲ ਦੀ ਪੁਸ਼ਟੀ ਜਾਂ ਨਾ-ਪੁਸ਼ਟੀ ਕਰਨਾ ਨਹੀਂ ਹੁੰਦਾ। ਵਿਗਿਆਨ ਵਿਚ ਗਿਣਤੀ-ਮਿਣਤੀ ਸਦਕਾ ਗਿਆਨ ਅਕਾਲਪਨਿਕ ਡੂੰਘਾਈ ਤੇ ਸ਼ੁੱਧਤਾ ਨਾਲ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ; ਗਣਿਤ ਵਿਗਿਆਨ ਦੀ ਭਾਸ਼ਾ ਹੈ। ਵਿਗਿਆਨ ਵਿਚ ਗਲਤ ਖਿਆਲ ਪੇਸ਼ ਕਰਨ ਦਾ ਕੋਈ ਮਿਹਣਾ ਨਹੀਂ, ਖਿਆਲ ਸਿਰਫ ਪਰਖਿਆ ਜਾ ਸਕਣ ਵਾਲਾ ਹੋਵੇ; ਗਲਤ-ਠੀਕ ਦਾ ਨਿਤਾਰਾ ਤਾਂ ਵਿਗਿਆਨ ਵਿਧੀ ਦੇ ਛਾਣਨੇ ਵਿਚੀਂ ਲੰਘਦਿਆਂ ਹੋ ਹੀ ਜਾਣਾ ਹੁੰਦਾ ਹੈ।
ਅਗਲੇ ਲੇਖ ਵਿਚ ‘ਗੁਰੂ ਨਾਨਕ ਦੇ ਵਿਗਿਆਨ ਨਾਲ ਸਬੰਧਾਂ’ ਬਾਰੇ ਕੁਝ ਪੰਜਾਬੀ ਚਿੰਤਕਾਂ ਵਲੋਂ ਕੀਤੇ ਦਾਅਵਿਆਂ ਬਾਰੇ ਅੰਤਿਮ ਨਤੀਜਿਆਂ ‘ਤੇ ਪਹੁੰਚਦਿਆਂ ਚਰਚਾ ਕਰਾਂਗੇ ਕਿ ਕਿੰਜ ਉਨ੍ਹਾਂ ਚਿੰਤਕਾਂ ਵਲੋਂ ਇਸ ਵਿਸ਼ੇ ‘ਤੇ ਅਪਨਾਈ ਗਈ ਪਹੁੰਚ, ਗੁਰੂ ਨਾਨਕ ਦਾ ਫਲਸਫਾ, ਨਾਨਕਬਾਣੀ ਸਮੇਤ ਗੁਰਬਾਣੀ, ਤੇ ਹੋਰ ਇਤਿਹਾਸਕ ਵਿਸ਼ਿਆਂ ‘ਤੇ ਉਨ੍ਹਾਂ ਦੀ ਸਮੁੱਚੀ ਪਹੁੰਚ ਨਾਲ ਜਾ ਮਿਲਦੀ ਹੈ।
(ਚਲਦਾ)