ਓੜਕ ਨੂੰ ਮਰ ਜਾਣਾ, ਚੱਲ ਮੇਲੇ ਚੱਲੀਏ…

ਪ੍ਰਿੰ. ਸਰਵਣ ਸਿੰਘ
ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ 100 ਸਾਲ 7 ਮਹੀਨੇ 4 ਦਿਨ ਜਿਉਂ ਕੇ ਆਖਰੀ ਫਤਿਹ ਬੁਲਾ ਗਿਆ। 27 ਜੂਨ 1919 ਨੂੰ ਉਸ ਨੇ ਢੁੱਡੀਕੇ ਦੀ ਆਬੋ ਹਵਾ ਵਿਚ ਪਹਿਲਾ ਸਾਹ ਲਿਆ ਸੀ ਤੇ ਢੁੱਡੀਕੇ ਵਿਚ ਹੀ ਪਹਿਲੀ ਫਰਵਰੀ 2020 ਨੂੰ ਸਵੇਰੇ 7:40 ਵਜੇ ਆਖਰੀ ਸਾਹ ਲਿਆ। ਸਵੇਰਸਾਰ ਇਸ਼ਨਾਨ ਕਰਾ ਕੇ ਉਸ ਦਾ ਸਪੁੱਤਰ ਸਰਬਜੀਤ ਸਿੰਘ ਕੱਪੜੇ ਪੁਆ ਰਿਹਾ ਸੀ, ਜਦੋਂ ਮਾਮੂਲੀ ਹਟਕੋਰੇ ਨਾਲ ਸਵਾਸ ਪੂਰੇ ਹੋ ਗਏ। ਬਾਅਦ ਦੁਪਹਿਰ 3:30 ਵਜੇ ਉਸ ਦੀ ਮ੍ਰਿਤਕ ਦੇਹ ਨੂੰ ਲੇਖਕਾਂ ਤੇ ਲੋਕਾਂ ਦੇ ਵੱਡੇ ‘ਕੱਠ ਨੇ ‘ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਅਲੰਬਰਦਾਰ ਜਸਵੰਤ ਸਿੰਘ ਕੰਵਲ ਅਮਰ ਰਹੇ’ ਦੇ ਨਾਅਰਿਆਂ ਨਾਲ ਸਪੁਰਦ-ਏ-ਆਤਿਸ਼ ਕਰ ਦਿੱਤਾ। ਉਸ ਵੇਲੇ ਉਹ ਸ਼ਾਹ ਰਾਂਝਾ ਦੀ ਲੋਈ ਵਿਚ ਲਿਪੇਟਿਆ ਹੋਇਆ ਸੀ, ਜੋ ਉਸ ਦੇ ਪਲੇਠੇ ਦੋਹਤੇ ਡਾ. ਸੁਮੇਲ ਸਿੰਘ ਸਿੱਧੂ ਨੇ ਆਪਣੇ ਹਮਖਿਆਲਾਂ ਵੱਲੋਂ ਪਾਈ ਸੀ।

10 ਫਰਵਰੀ ਨੂੰ 12:30 ਵਜੇ ਢੁੱਡੀਕੇ ਦੇ ਉੱਚੇ ਡੇਰੇ ਕੰਵਲ ਨਮਿੱਤ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਰੋਹ ਹੋਵੇਗਾ ਅਤੇ ਕੰਵਲ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਬਾਰੇ ਵਿਚਾਰ ਹੋਵੇਗੀ। ਕੰਵਲ ਦੇ ਬਣਾਏ ਸਾਹਿਤ ਟਰਸਟ ਢੁੱਡੀਕੇ ਨੇ ਹੁਣ ਤਕ ਸੌ ਕੁ ਲੇਖਕਾਂ ਨੂੰ ਬਾਵਾ ਬਲਵੰਤ, ਬਲਰਾਜ ਸਾਹਨੀ ਤੇ ਜਸਵੰਤ ਗਿੱਲ ਯਾਦਗਾਰੀ ਅਵਾਰਡ ਦਿੱਤੇ ਹਨ।
ਕੰਵਲ ਨੂੰ ਪੰਜਾਬ ਦਾ ਰਸੂਲ ਹਮਜ਼ਾਤੋਵ ਕਿਹਾ ਜਾ ਸਕਦੈ। ਉਹ ਰਸੂਲ ਹਮਜ਼ਾਤੋਵ ਦੇ ‘ਮੇਰਾ ਦਾਗਿਸਤਾਨ’ ਵਾਂਗ ਗੁਰਾਂ ਦੇ ਨਾਂ ‘ਤੇ ਜੀਂਦੇ ‘ਪੰਜਾਬ’ ਨੂੰ ਦਿਲੋਂ ਪਿਆਰ ਕਰਨ ਵਾਲਾ ਜਜ਼ਬਾਤੀ ਲੇਖਕ ਸੀ। ਕਈ ਸੱਜਣ ਉਸ ਨੂੰ ‘ਪੰਜਾਬ ਦੀ ਪੱਗ’ ਵੀ ਕਹਿੰਦੇ ਸਨ। ਉਹਦੀਆਂ ਲਿਖਤਾਂ ਪਿਆਰ ਮੁਹੱਬਤ ਦੇ ਆਦਰਸ਼ਵਾਦੀ ਰੁਮਾਂਸ ਨਾਲ ਓਤ ਪੋਤ ਸਨ। ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਆਸ਼ਕ ਹੋਣ ਦੇ ਆਪਣੇ ਪਾਠਕਾਂ ਦਾ ਪਿਆਰਾ ਬਾਈ ਵੀ ਸੀ। ਉਹਦੇ ਨਾਵਲਾਂ ਵਿਚ ਪੰਜਾਬ ਦਾ ਮਲਵਈ ਪੇਂਡੂ ਜੀਵਨ ਪਹਿਲੀ ਵਾਰ ਭਰਵੇਂ ਰੂਪ ‘ਚ ਉਜਾਗਰ ਹੋਇਆ। ਉਸ ਨੂੰ ਪੰਜਾਬ ਦੀ ਕਿਸਾਨੀ ਦਾ ਮਸੀਹਾ ਲੇਖਕ ਮੰਨਿਆ ਜਾਂਦੈ।
ਕੰਵਲ ਦਾ ਜਨਮ ਜਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ ਢਾਈ ਮਹੀਨੇ ਬਾਅਦ 27 ਜੂਨ 1919 ਨੂੰ ਢੁੱਡੀਕੇ ਦੀ ਕਪੂਰਾ ਪੱਤੀ ਵਿਚ ਮਾਹਲਾ ਸਿੰਘ ਗਿੱਲ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ। ਉਹ ਪੰਜ ਸਾਲ ਦਾ ਸੀ ਜਦੋਂ ਉਹਦੇ ਬਾਪ ਦਾ ਦੇਹਾਂਤ ਹੋ ਗਿਆ। ਉਸ ਦੇ ਦਾਦੇ ਦਾ ਨਾਂ ਪੰਜਾਬ ਸਿੰਘ ਸੀ, ਜੋ ਉੱਚੇ ਲੰਮੇ ਕੱਦ ਦਾ ਸਿਰੜੀ ਕਿਸਾਨ ਸੀ। ਉਹ ਤੜਕੇ ਉਠ ਕੇ ਹਲ ਜੋੜਦਾ, ਪੱਠਾ ਦੱਥਾ ਕਰਦਾ ਤੇ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ। ਖੇਤਾਂ ਦੀ ਵਿਰਾਸਤ, ਕਿਰਤ ਤੇ ਕਿਰਸਾਣੀ ਕੰਵਲ ਨੂੰ ਵਿਰਸੇ ਵਿਚ ਮਿਲੀ ਸੀ। ਉਹਦੀਆਂ ਲਿਖਤਾਂ ਵਿਚ ਵੀ ਕਿਰਸਾਣੀ ਉਹਦੇ ਹੱਡੀਂ ਰਚੀ ਦਿਸਦੀ ਹੈ। ਉਹਦੀਆਂ ਲਿਖਤਾਂ ਦੇ ਬਹੁਤੇ ਪਾਤਰ ਕਿਰਤੀ ਕਿਸਾਨ ਹਨ।
ਕੰਵਲ ਦੇ ਸ਼ਾਹਕਾਰ ਨਾਵਲ ‘ਪੂਰਨਮਾਸ਼ੀ’ ਵਿਚ ਪੰਜਾਬ ਦੇ ਪੇਂਡੂ ਜੀਵਨ ਦੀਆਂ ਅਨੇਕਾਂ ਝਾਕੀਆਂ ਅੱਖਾਂ ਅੱਗੇ ਆਉਂਦੀਆਂ ਹਨ। ਕਿਤੇ ਤ੍ਰਿੰਜਣ, ਕਿਤੇ ਮੇਲੇ, ਕਿਤੇ ਤੀਆਂ, ਕਿਤੇ ਖੇਡ ਮੁਕਾਬਲੇ, ਕਿਤੇ ਖਾਣ ਪੀਣ ਦੀਆਂ ਮਹਿਫਿਲਾਂ, ਕਿਤੇ ਸਾਕੇਦਾਰੀ, ਪ੍ਰਾਹੁਣਚਾਰੀ, ਸੱਥ ਚਰਚਾ, ਲੋਹੜੀ, ਕਿਤੇ ਡਾਕਾ, ਕਿਤੇ ਠਾਣੇ ਦੀ ਹਵਾਲਾਤ, ਕਿਤੇ ਅਮਲੀ ਦੇ ਟਾਂਗੇ ਦੀ ਸਵਾਰੀ, ਜੰਨਾਂ ਦਾ ਚੜ੍ਹਨਾ, ਜਾਗੋ, ਵਿਆਹਾਂ ਦੇ ਗੀਤ, ਜੰਨ ਬੰਨ੍ਹਣੀ ਤੇ ਛਡਾਉਣੀ, ਗਾਉਣ ਦੇ ਅਖਾੜੇ, ਗਵੰਤਰੀਆਂ ਦੀਆਂ ਢੱਡ ਸਾਰੰਗੀਆਂ, ਮੇਲਿਆਂ ਦੀਆਂ ਰੌਣਕਾਂ ਤੇ ਲੜਾਈਆਂ, ਡੱਬਾਂ ‘ਚ ਪਿਸਤੌਲ, ਖੂੰਡੇ, ਦੁਨਾਲੀਆਂ, ਜ਼ਮੀਨ ਦੱਬਣ ਦੇ ਲਾਲਚ, ਪੰਚਾਂ ਦੇ ਪੱਖਪਾਤੀ ਫੈਸਲੇ, ਸ਼ਰੀਕੇ, ਭਾਨੀਆਂ, ਗਿਆਨੀ ਦਾ ਉਪਦੇਸ਼ ਤੇ ਕਿਤੇ ਕਿਤੇ ਇਨਕਲਾਬ ਦੀਆਂ ਗੱਲਾਂ…।
ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਕੰਵਲ ਸਰੂ ਦਾ ਬੂਟਾ ਸੀ। ਉਹ ਵਗਦੀਆਂ ‘ਵਾਵਾਂ ਦੇ ਵੇਗ ਵਿਚ ਝੂਮਦਾ ਸੀ। ਉਹਦਾ ਤਣਾ ਮਜ਼ਬੂਤ ਸੀ ਤੇ ਜੜ੍ਹਾਂ ਡੂੰਘੀਆਂ, ਜਿਸ ਕਰਕੇ ਝੱਖੜ ਤੂਫਾਨ ਵੀ ਉਸ ਨੂੰ ਧਰਤੀ ਤੋਂ ਨਹੀਂ ਸਨ ਹਿਲਾ ਸਕੇ। ਉਹ ਵੇਗਮੱਤਾ ਲੇਖਕ ਸੀ ਤੇ ਲੋਹੜੇ ਦਾ ਜਜ਼ਬਾਤੀ। ਉਹਦੇ ਰੁਮਾਂਚਿਕ ਰਉਂ ‘ਚ ਲਿਖੇ ਵਾਕ ਸਿੱਧੇ ਦਿਲਾਂ ‘ਤੇ ਵਾਰ ਕਰਦੇ ਰਹੇ। ਉਸ ਨੇ ਕਰੀਬ 50 ਲੱਖ ਲਫਜ਼ ਲਿਖੇ ਤੇ ਹਜ਼ਾਰਾਂ ਸੰਵਾਦ ਰਚੇ। ਉਸ ਦੇ ਨਾਵਲ ‘ਰਾਤ ਬਾਕੀ ਹੈ’ ਨੇ ਹਜ਼ਾਰਾਂ ਨੌਜੁਆਨ ਕਾਮਰੇਡ ਬਣਾਏ, ਜਿਸ ਦੀ ਗਵਾਹੀ ਸੋਹਣ ਸਿੰਘ ਜੋਸ਼ ਸਮੇਤ ਅਨੇਕਾਂ ਕਮਿਊਨਿਸਟ ਆਗੂਆਂ ਨੇ ਭਰੀ।
ਚੜ੍ਹਦੀ ਜੁਆਨੀ ‘ਚ ਉਸ ਨੇ ਮਲਾਇਆ ਵਿਚ ਚੌਕੀਦਾਰੇ ਦੀ ਨੌਕਰੀ ਕੀਤੀ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਲਰਕੀ ਕੀਤੀ। ਦੇਸ਼ ਦੀ ਵੰਡ ਸਮੇਂ ਢੁੱਡੀਕੇ ਦੇ ਮੁਸਲਮਾਨਾਂ ਨੂੰ ਬਚਾਇਆ ਤੇ ਕੈਂਪਾਂ ਵਿਚ ਪੁਚਾਇਆ। 1947 ਦੇ ਉਜਾੜੇ ਪਿੱਛੋਂ ਕਿਰਸਾਣੀ ਕਰਦਿਆਂ ਤੇ ਕਿਤਾਬਾਂ ਲਿਖਦਿਆਂ ਦੋ ਵਾਰ ਪਿੰਡ ਦਾ ਸਰਪੰਚ ਬਣਿਆ। ਢੁੱਡੀਕੇ ਵਿਚ ਉੱਚ ਸਿੱਖਿਆ ਤੇ ਸਿਹਤ ਦੇ ਅਦਾਰੇ ਬਣਵਾ ਕੇ ਪਿੰਡ ਦਾ ਵਿਕਾਸ ਕੀਤਾ। ਭਾਸ਼ਾ ਵਿਭਾਗ ਪੰਜਾਬ ਦਾ ਸਲਾਹਕਾਰ, ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ, ਪ੍ਰਧਾਨ ਤੇ ਸਰਪ੍ਰਸਤ ਰਿਹਾ। ਉਹ ਪੰਜਾਬੀ ਕਨਵੈਨਸ਼ਨਾਂ ਦਾ ਕਨਵੀਨਰ ਤੇ ਇੰਗਲੈਂਡ ਵਿਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਕਰਾਉਣ ਦਾ ਮੋਹਰੀ ਬਣਿਆ। ਉਸ ਨੇ ਪੰਜਾਬੀ ਨੂੰ ਦੇਵਨਾਗਰੀ ਲਿਪੀ ਵਿਚ ਲਿਖਣ ਤੇ ਹਿੰਦੀ ਸੰਸਕ੍ਰਿਤ ਦੀ ਸ਼ਬਦਾਵਲੀ ‘ਚ ਖਚਿਤ ਹੋਣ ਤੋਂ ਬਚਾਉਣ ਵਿਚ ਅਹਿਮ ਰੋਲ ਨਿਭਾਇਆ।
ਭਾਸ਼ਾ ਵਿਭਾਗ, ਪੰਜਾਬ ਨੇ 1977-78 ਵਿਚ ਉਹਦੀ ਪੁਸਤਕ ‘ਲਹੂ ਦੀ ਲੋਅ’ ਨੂੰ ਪੁਰਸਕਾਰ ਐਲਾਨਿਆ ਤਾਂ ਉਹਨੇ ਠੁਕਰਾ ਦਿੱਤਾ। ਕਿਹਾ ਕਿ ਜੋ ਸਰਕਾਰ ‘ਲਹੂ ਦੀ ਲੋਅ’ ਦੇ ਨਾਇਕਾਂ ਦੀ ਕਾਤਲ ਹੈ, ਉਹਦਾ ਇਨਾਮ ਮੈਂ ਕਿਵੇਂ ਲੈ ਸਕਦਾਂ? 1986 ਵਿਚ ਕੰਵਲ ਨੂੰ ਕਰਤਾਰ ਸਿੰਘ ਧਾਲੀਵਾਲ ਅਵਾਰਡ ਲੈਣ ਲਈ ਮਸੀਂ ਮਨਾਇਆ ਗਿਆ। ਉਦੋਂ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਪ੍ਰੀਤਮ ਸਿੰਘ ਨੇ ਅਕਾਡਮੀ ਦੇ ਜਨਰਲ ਸਕੱਤਰ ਪ੍ਰੋ. ਪ੍ਰਮਿੰਦਰ ਸਿੰਘ ਤੇ ਗੁਰਭਜਨ ਗਿੱਲ ਨੂੰ ਢੁੱਡੀਕੇ ਭੇਜਿਆ। ਉਹ ਪਹਿਲਾਂ ਮੇਰੇ ਪਾਸ ਆਏ ਤੇ ਕੰਵਲ ਨੂੰ ਮਨਾਉਣ ਲਈ ਨਾਲ ਲੈ ਕੇ ਉਹਦੇ ਘਰ ਗਏ। ਉਨ੍ਹਾਂ ਨੂੰ ਤੌਖਲਾ ਸੀ, ਕਿਤੇ ‘ਲਹੂ ਦੀ ਲੋਅ’ ਦੇ ਇਨਾਮ ਵਾਂਗ ਨਾਂਹ ਨਾ ਕਰ ਦੇਵੇ। ਉਦਣ ਕੰਵਲ ਕਿਤੇ ਬਾਹਰ ਗਿਆ ਹੋਇਆ ਸੀ। ਡਾ. ਜਸਵੰਤ ਗਿੱਲ, ਕੰਵਲ ਦੇ ਲੜਕੇ ਸਰਬਜੀਤ ਤੇ ਮੈਂ, ਅਸੀਂ ਤਿੰਨਾਂ ਨੇ ਹਾਮੀ ਓਟ ਦਿੱਤੀ ਕਿ ਕੰਵਲ ਨੂੰ ਨਾਲ ਲੈ ਕੇ ਲੁਧਿਆਣੇ ਜ਼ਰੂਰ ਪਹੁੰਚਾਂਗੇ। ਵਿਚੋਂ ਘੁੰਡੀ ਇਹ ਸੀ ਕਿ ਅਵਾਰਡ ਪੰਜਾਬ ਦੇ ਰਾਜਪਾਲ ਹੱਥੋਂ ਦਿਵਾਇਆ ਜਾਣਾ ਸੀ। ਕੰਵਲ ਨਹੀਂ ਸੀ ਚਾਹੁੰਦਾ ਕਿ ਅਵਾਰਡ ਨੂੰ ਸਰਕਾਰੀ ਹੱਥ ਲੱਗੇ। ਪ੍ਰੋ. ਪ੍ਰੀਤਮ ਸਿੰਘ ਨੂੰ ਸਪੱਸ਼ਟ ਕਰਨਾ ਪਿਆ ਕਿ ਗਵਰਨਰ ਰਾਜ ਦਾ ਸੰਵਿਧਾਨਕ ਮੁਖੀ ਹੁੰਦਾ ਹੈ, ਸਰਕਾਰ ਨਹੀਂ ਹੁੰਦਾ। ਇੰਜ 1986 ਵਿਚ ਉਹ ਪਹਿਲੀ ਵਾਰ ਸਾਹਿਤਕ ਇਨਾਮ ਲੈਣ ਦੇ ਰਾਹ ਪਿਆ। ਉਸ ਪਿੱਛੋਂ ਤਾਂ ਸਾਹਿਤਕ ਇਨਾਮਾਂ ਦੀ ਝੜੀ ਹੀ ਲਗਦੀ ਗਈ।
1990 ਵਿਚ ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਤੇ 1997 ਵਿਚ ਭਾਰਤੀ ਸਾਹਿਤ ਅਕਾਡਮੀ ਦੇ ਸਾਹਿਤਕ ਅਵਾਰਡ ਮਿਲੇ। 1997 ਵਿਚ ਹੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਉਸ ਨੂੰ ਸਰਵਸ੍ਰੇਸ਼ਟ ਸਾਹਿਤਕਾਰ ਪੁਰਸਕਾਰ ਦਿੱਤਾ। 2000 ਵਿਚ ਗਿਆਨੀ ਲਾਲ ਸਿੰਘ ਯਾਦਗਾਰੀ ਪੁਰਸਕਾਰ ਅਤੇ ਸੰਤ ਸਿੰਘ ਸੇਖੋਂ ਯਾਦਗਾਰੀ ਅਵਾਰਡ ਮਿਲੇ। 2008 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਉਸ ਦਾ ਡਾਕਟਰ ਆਫ ਲਿਟਰੇਚਰ ਦੀ ਆਨਰੇਰੀ ਡਿਗਰੀ ਨਾਲ ਸਨਮਾਨ ਕੀਤਾ। ਫਿਰ ਭਾਸ਼ਾ ਵਿਭਾਗ ਪੰਜਾਬ ਦਾ ਸਾਹਿਤ ਰਤਨ ਅਵਾਰਡ ਅਤੇ ਸਾਹਿਤ ਅਕਾਦਮੀ ਦਿੱਲੀ ਰਾਹੀਂ ਟੈਗੋਰ ਯਾਦਗਾਰੀ ਅਵਾਰਡ ਮਿਲੇ। 2018 ਵਿਚ ਉਸ ਦੇ ਸੌਵੇਂ ਜਨਮ ਦਿਨ ‘ਤੇ ਪੰਜਾਬ ਕਲਾ ਪ੍ਰੀਸ਼ਦ ਨੇ ਪੰਜਾਬ ਗੌਰਵ ਅਵਾਰਡ ਨਾਲ ਸਨਮਾਨ ਕੀਤਾ।
ਕਦੇ ਉਸ ਨੂੰ ‘ਪੂਰਨਮਾਸ਼ੀ’ ਵਾਲਾ ਕੰਵਲ, ਕਦੇ ‘ਰਾਤ ਬਾਕੀ ਹੈ’ ਵਾਲਾ ਨਾਵਲਕਾਰ ਤੇ ਕਦੇ ‘ਲਹੂ ਦੀ ਲੋਅ’ ਵਾਲਾ ਲੇਖਕ ਕਹਿ ਕੇ ਵਡਿਆਇਆ ਜਾਂਦਾ ਰਿਹਾ। ਕਦੇ ਉਸ ਨੂੰ ਨਾਵਲਕਾਰ ਨਾਨਕ ਸਿੰਘ ਦਾ ਵਾਰਸ ਤੇ ਕਦੇ ਪੰਜਾਬ ਦੇ ਪੇਂਡੂ ਜੀਵਨ, ਖਾਸ ਕਰ ਕੇ ਕਿਸਾਨੀ ਜੀਵਨ ਦਾ ਮੋਢੀ ਨਾਵਲਕਾਰ ਮੰਨਿਆ ਜਾਂਦਾ ਰਿਹਾ। ਉਸ ਨੇ ਭਾਸ਼ਾ ਵਿਭਾਗ ਪੰਜਾਬ ਦੇ ਸਲਾਹਕਾਰ ਬੋਰਡ ਦੀ ਮੈਂਬਰੀ, ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਨਰਲ ਸਕੱਤਰੀ, ਪ੍ਰਧਾਨਗੀ ਤੇ ਸਰਪ੍ਰਸਤੀ ਵੀ ਨਿਭਾਈ।
ਪੰਜਾਬੀ ਵਿਚ ਉਸ ਦੇ ਸਭ ਤੋਂ ਬਹੁਤੇ ਪਾਠਕ ਹਨ/ਸਨ। ਉਸ ਨੇ ਕਲਮ ਦੀ ਕਮਾਈ ਨਾਲ ਵੱਡਾ ਪਰਿਵਾਰ ਪਾਲਿਆ। ਚਾਰਾਂ ਧੀਆਂ ਨੂੰ ਹੋਸਟਲਾਂ ਵਿਚ ਰਿਹਾਇਸ਼ ਰੱਖ ਕੇ ਐਮ. ਐਸਸੀ. ਤਕ ਪੜ੍ਹਾਇਆ ਅਤੇ ਡਾਕਟਰ, ਪ੍ਰੋਫੈਸਰ ਤੇ ਇੰਜੀਨੀਅਰ ਜੁਆਈਆਂ ਦੇ ਲੜ ਲਾਇਆ। ਜਿੰਨੀ ਜ਼ਮੀਨ ਉਸ ਨੂੰ ਵਿਰਸੇ ‘ਚ ਮਿਲੀ ਸੀ, ਓਦੂੰ ਵੱਧ ਕਲਮ ਦੀ ਕਮਾਈ ਨਾਲ ਬਣਾਈ। ਦੇਸ਼ ਵਿਦੇਸ਼ ਦੀਆਂ ਸੈਰਾਂ ਕੀਤੀਆਂ। ਬਣਦਾ ਸਰਦਾ ਦਸਵੰਧ ਵੀ ਪਿੰਡ ਦੇ ਲੇਖੇ ਲਾਇਆ। 27 ਜੂਨ 2019 ਨੂੰ ਜਦੋਂ ਉਹ ਸੌ ਸਾਲਾਂ ਦਾ ਹੋਇਆ ਤਾਂ ਉਸ ਦੀ ਜਨਮ ਸ਼ਤਾਬਦੀ ਸਮੇਂ ਢੁੱਡੀਕੇ ਵਿਚ ਪੂਰੇ ਪੰਜ ਦਿਨ ‘ਕੰਵਲ ਸ਼ਤਾਬਦੀ ਸੰਗ ਪੂਰਨਮਾਸ਼ੀ ਪੰਜਾਬੀ ਜੋੜ ਮੇਲਾ’ ਮਨਾਇਆ ਗਿਆ।
ਲੰਮੇ ਝੰਮੇ ਕੰਵਲ ਦਾ ਨਿੱਕਾ ਜਿਹਾ ਲਿਖਣ-ਮੇਜ਼ ਹੈ, ਜੀਹਦੀ ਉਮਰ 60-70 ਸਾਲ ਦੀ ਹੋ ਗਈ ਹੈ, ਜੋ ਉਹਦੇ ਗੁਆਂਢੀ ਕਾਰੀਗਰ ਨੇ ਬਣਾਇਆ ਸੀ। ਮੇਜ਼ ਨਾਲ ਦੀ ਹੀ ਪੁਰਾਣੀ ਕੁਰਸੀ ਹੈ, ਜੋ ਹਲਕੇ ਫੁਲਕੇ ਕੰਵਲ ਦਾ ਭਾਰ ਸਹਿਣ ਜੋਗੀ ਹੀ ਸੀ। ਇਕ ਵਾਰ ਜੁਆਨੀ ਵਾਰੇ ਮੈਂ ਉਹਦੇ ‘ਤੇ ਬੈਠਾ ਤਾਂ ਉਹ ਜਰਕ ਗਈ ਸੀ, ਪਰ ਫਾਲਾਂ ਲੁਆ ਕੇ ਕੰਵਲ ਨੇ ਫਿਰ ਬਹਿਣ ਜੋਗੀ ਕਰ ਲਈ ਸੀ। ਹੁਣ ਮੈਂ ਉਹ ਮੇਜ਼ ਕੁਰਸੀ ਕੰਵਲ ਦੇ ਬੈੱਡ ਰੂਮ ਵਿਚ ਰੱਖੇ ਵੇਖੇ। ਕੰਵਲ ਨੂੰ ਵਹਿਮ ਜਿਹਾ ਵਿਸ਼ਵਾਸ ਸੀ ਕਿ ਉਹ ਉਸੇ ਮੇਜ਼ ਕੁਰਸੀ ‘ਤੇ ਹੀ ਚੰਗਾ ਲਿਖ ਸਕਦੈ!
ਪਹਿਲੀ ਪੁਸਤਕ ‘ਜੀਵਨ ਕਣੀਆਂ’ ਤੋਂ ਆਖਰੀ ਪੁਸਤਕ ‘ਧੁਰ ਦਰਗਾਹ’ ਤਕ ਪੁੱਜਦਿਆਂ ਕੰਵਲ ਨੇ ਜੀਵਨ ਦੇ ਅਨੇਕਾਂ ਰੰਗ ਵੇਖੇ ਤੇ ਪਾਠਕਾਂ ਨੂੰ ਵਿਖਾਏ। ਚੜ੍ਹਦੀ ਜਵਾਨੀ ਵਿਚ ਉਹ ਹੀਰ ਗਾਉਂਦਾ, ਕਵਿਤਾ ਲਿਖਦਾ, ਸਾਧਾਂ ਸੰਤਾਂ ਤੇ ਵੈਲੀਆਂ ਬਦਮਾਸ਼ਾਂ ਨਾਲ ਮੇਲ-ਜੋਲ ਕਰਦਾ, ਵੇਦਾਂਤ ਤੇ ਮਾਰਕਸਵਾਦ ਪੜ੍ਹਦਾ, ਸੱਜੇ ਖੱਬੇ ਕਾਮਰੇਡਾਂ ਤੇ ਨਕਸਲੀਆਂ ਦਾ ਹਮਦਰਦ ਬਣਦਾ, ਪ੍ਰੋ. ਕਿਸ਼ਨ ਸਿੰਘ ਦੇ ਮਾਰਕਸੀ ਨਜ਼ਰੀਏ ਤੋਂ ਸਿੱਖ ਇਨਕਲਾਬ ਵੱਲ ਮੋੜਾ ਪਾਉਂਦਾ, ਸਿੱਖ ਹੋਮਲੈਂਡ ਦਾ ਸਮਰਥਨ ਕਰਦਾ, ਖਾੜਕੂਆਂ ਦਾ ਹਮਦਰਦ ਬਣ ਗਿਆ ਸੀ। ਭਾਰਤ ਦੇ ਹੁਕਮਰਾਨਾਂ ਤੇ ਸਿਆਸੀ ਨੇਤਾਵਾਂ ਨੂੰ ਖੁੱਲ੍ਹੀਆਂ ਚਿੱਠੀਆਂ ਲਿਖਦਾ ਪੰਥ-ਪੰਥ ਤੇ ਪੰਜਾਬ-ਪੰਜਾਬ ਕੂਕਣ ਲੱਗ ਪਿਆ ਸੀ। ਅਖੀਰ ਉਹ ‘ਪੰਜਾਬ ਤੇਰਾ ਕੀ ਬਣੂੰ?’ ਦੇ ਝੋਰੇ ਝੁਰਨ ਲੱਗ ਪਿਆ ਸੀ। ਜਾਂਦੀ ਵਾਰ ਉਹ ਪੰਜਾਬ ਦੋਖੀਆਂ ਦੇ ਵੈਣ ਪਾ ਰਿਹਾ ਸੀ।
ਮੈਨੂੰ 1958 ਤੋਂ ਉਹਦੀ ਨੇੜਤਾ ਮਾਣਨ ਦਾ ਨਿੱਘ ਹਾਸਲ ਰਿਹਾ। 1967 ਤੋਂ 96 ਤਕ ਢੁੱਡੀਕੇ ਕਾਲਜ ਵਿਚ ਪੜ੍ਹਾਉਣ ਦਾ ਮੌਕਾ ਮਿਲਿਆ। ਰਿਟਾਇਰ ਹੋਣ ਪਿੱਛੋਂ ਮੈਂ ਕੈਨੇਡਾ ਚਲਾ ਗਿਆ ਅਤੇ ਕੈਨੇਡਾ ਤੋਂ ਪੰਜਾਬ ਆ ਕੇ ਮਿਲਦਾ ਗਿਲਦਾ ਰਿਹਾ। ਅਖੀਰ ਉਮਰੇ ਉਸ ਨੂੰ ਦਿਸਦਾ ਸਾਫ ਸੀ, ਪਰ ਸੁਣਦਾ ਉੱਚਾ ਸੀ। ਕੋਈ ਹਾਲ ਚਾਲ ਪੁੱਛਦਾ ਤਾਂ ਆਖਦਾ, “ਮੇਰਾ ਤਾਂ ਚੰਗਾ ਪਰ ਪੰਜਾਬ ਦਾ ਮਾੜੈ।”
ਪਿਛਲੇ ਸਾਲ 5 ਜਨਵਰੀ 2019 ਨੂੰ ਮੈਂ ਮਿਲਣ ਗਿਆ ਤਾਂ ਉਹ ਇਕੋ ਸ਼ਿਅਰ ਵਾਰ ਵਾਰ ਦੁਹਰਾਈ ਗਿਆ: ਹਮ ਜੋ ਗਏ ਤੋ ਰਾਹ ਗੁਜ਼ਰ ਨਾ ਥੀ, ਤੁਮ ਜੋ ਆਏ ਤੋ ਮੰਜ਼ਿਲੇਂ ਲਾਏ…।
ਰਾਤ ਮੈਂ ਉਹਦੇ ਕੋਲ ਹੀ ਰਿਹਾ। ਬੜੀਆਂ ਖੁੱਲ੍ਹੀਆਂ ਗੱਲਾਂ ਹੋਈਆਂ। ਸਵੇਰੇ ਉੱਠੇ ਤਾਂ ਉਹ ‘ਹਮ ਜੋ ਗਏ ਤੁਮ ਜੋ ਆਏ’ ਵਾਲਾ ਸ਼ਿਅਰ ਭੁੱਲ ਚੁੱਕਾ ਸੀ। ਮੈਂ ਉਹਦੀ ਹੱਥ ਲਿਖਤ ਦੀ ਨਿਸ਼ਾਨੀ ਵਜੋਂ ਇਕ ਕਾਗਜ਼ ਮੇਜ਼ ਤੋਂ ਚੁੱਕ ਲਿਆ, ਜੋ ਉਸ ਨੇ ਤਾਜ਼ਾ ਹੀ ਲਿਖਿਆ ਸੀ। ਉਹ ਪੁਰਾਣੇ ਪੈਡ ਦਾ ਅੱਧਾ ਵਰਕਾ ਸੀ। ਮੈਂ ਤਹਿ ਕਰ ਕੇ ਬਟੂਏ ‘ਚ ਪਾ ਲਿਆ, ਜੋ ਅੱਜ ਤਕ ਮੇਰੇ ਬਟੂਏ ਵਿਚ ਹੈ। ਉਸ ਉਤੇ ਲਿਖੀ ਪਹਿਲੀ ਸਤਰ ਸੀ: ਕਾਲੀ ਗਾਨੀ ਮਿੱਤਰਾਂ ਦੀ, ਗਲ ਪਾ ਕੇ ਲੱਖਾਂ ਦੀ ਹੋ ਜਾਹ। ਦੂਜੀ ਸਤਰ ਸੀ: ਛੋਟੀਆਂ ਲੜਾਈਆਂ ਬੰਦ। ਚੜ੍ਹਦੀ ਕਲਾ ਬੁਲੰਦ! ਤੇ ਤੀਜੀ ਸਤਰ ਸੀ: ਸ਼ਕਤੀ ਬੰਦੇ ਨੂੰ ਲਲਕਾਰਦੀ ਹੈ; ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ ਵਿੰਗਾ ਨਾ ਹੋਵੇ। ਕਾਗਜ਼ ਦੇ ਦੋਹੀਂ ਪਾਸੀਂ ਵੀਹ ਕੁ ਸਤਰਾਂ ਹਨ।
ਜੂਨ 2019 ਤੋਂ ਉਹ ਆਪ ਮੰਗ ਕੇ ਕੁਝ ਨਹੀਂ ਸੀ ਖਾਂਦਾ ਪੀਂਦਾ। ਪੁੱਤਰ ਸਰਬਜੀਤ ਸਿੰਘ, ਨੂੰਹ ਗੁਰਪ੍ਰੀਤ ਕੌਰ ਤੇ ਘਰ ਦੇ ਹੋਰ ਜੀਅ ਹਰ ਵੇਲੇ ਉਹਦੀ ਸੇਵਾ ਸੰਭਾਲ ਵਿਚ ਲੱਗੇ ਰਹਿੰਦੇ। ਏਨੀ ਚੰਗੀ ਸਾਂਭ ਸੰਭਾਲ ਕਿਸੇ ਕਰਮਾਂ ਵਾਲੇ ਬਜੁਰਗ ਦੀ ਹੁੰਦੀ ਹੈ। 27 ਜੂਨ 2019 ਨੂੰ ਜਦੋਂ ਕੰਵਲ ਸੌ ਸਾਲਾਂ ਦਾ ਹੋਇਆ ਤਾਂ ਪੰਜਾਬ ਸਰਕਾਰ ਨੇ ਇਲਾਜ ਲਈ ਪੰਜ ਲੱਖ ਰੁਪਏ ਦਾ ਚੈੱਕ ਭੇਜਿਆ ਸੀ, ਜੋ ਪਰਿਵਾਰ ਨੇ ਧੰਨਵਾਦ ਕਰਦਿਆਂ ਇਹ ਕਹਿ ਕੇ ਮੋੜ ਦਿੱਤਾ ਕਿ ਉਨ੍ਹਾਂ ਦੇ ਬਾਪੂ ਜੀ ਬਿਮਾਰ ਨਹੀਂ, ਬੁਢਾਪੇ ਕਾਰਨ ਕਮਜ਼ੋਰ ਹੋ ਰਹੇ ਹਨ ਅਤੇ ਅਸੀਂ ਸੇਵਾ ਸੰਭਾਲ ਕਰਨ ਦੇ ਯੋਗ ਹਾਂ। ਇਹ ਪੈਸੇ ਕਿਸੇ ਲੋੜਵੰਦ ਪੰਜਾਬੀ ਲੇਖਕ ਨੂੰ ਦੇ ਦਿੱਤੇ ਜਾਣ ਜਾਂ ਪੰਜਾਬੀ ਭਾਸ਼ਾ ਦੇ ਲੇਖੇ ਲਾ ਦਿੱਤੇ ਜਾਣ। ਸਾਨੂੰ ਬਾਪੂ ਜੀ ਨੇ ਪਾਲਿਆ ਹੈ ਤੇ ਬੁਢਾਪੇ ‘ਚ ਉਨ੍ਹਾਂ ਦੀ ਸੇਵਾ ਕਰਨੀ ਸਾਡਾ ਫਰਜ਼ ਹੈ।
ਕੰਵਲ ਉਦੋਂ ਢੁੱਡੀਕੇ ਦਾ ਸਰਪੰਚ ਸੀ, ਜਦੋਂ ਪਿੰਡ ਦੇ ਨੌਜੁਆਨਾਂ ਨੂੰ ਨਾਲ ਲੈ ਕੇ ਲਾਲਾ ਲਾਜਪਤ ਰਾਏ ਖੇਡ ਮੇਲਾ ਸ਼ੁਰੂ ਕੀਤਾ। ਮੇਲੇ ਦਾ ਮੋਢੀ ਕੰਵਲ ਸੌ ਸਾਲ ਦੀ ਉਮਰ ਤਕ ਮੇਲੇ ਦੀ ਹਾਜ਼ਰੀ ਭਰਦਾ ਰਿਹਾ। 2018 ਵਿਚ ਮੈਂ ਕੰਵਲ ਨੂੰ ਮੱਲੋਮੱਲੀ ਮੇਲੇ ‘ਚ ਲੈ ਗਿਆ ਸਾਂ। 2019 ਵਿਚ ਮੇਲੇ ‘ਚ ਲਿਜਾ ਕੇ ਝੰਡੀ ਵੀ ਕਰਵਾ ਆਇਆ ਸਾਂ। 2020 ਦਾ ਮੇਲਾ ਵਿਖਾਉਣ ਲਈ ਵੀ ਬਥੇਰਾ ਕਿਹਾ: ਚੱਲ ਮੇਲੇ ਚੱਲੀਏ, ਓੜਕ ਨੂੰ ਮਰ ਜਾਣਾ, ਪਰ ਉਹ ਜਾਂਦੀ ਵਾਰ ਦਾ ਮੇਲਾ ਵੇਖਣ ਜੋਗਾ ਨਹੀਂ ਸੀ।
ਉਮਰ ਦੀ ਸੈਂਚਰੀ ਮਾਰਨ ਪਿੱਛੋਂ ਉਹ ਇਕੋਤਰੀ ਮਾਰਨ ਦੇ ਰਾਹ ਉਤੇ ਸੀ, ਜਿਸ ਦਾ ਨਵਾਂ ਰਿਕਾਰਡ ਰੱਖਣ ‘ਚ ਸਿਰਫ ਪੰਜ ਮਹੀਨੇ ਬਾਕੀ ਸਨ, ਪਰ ਕੁਦਰਤ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ। ਉਂਜ ਕੰਵਲ ਦੀ ਦੇਹ ਦਾ ਹੀ ਅੰਤ ਹੋਇਆ ਹੈ, ਉਸ ਦੀਆਂ ਲਿਖਤਾਂ ਦਾ ਨਹੀਂ। ਉਸ ਦੇ ਲਿਖੇ ਲੱਖਾਂ ਲਫਜ਼ ਤਾਰਿਆਂ ਹਾਰ ਜਗਦੇ ਰਹਿਣਗੇ ਤੇ ਚੰਦ ਦੀ ਪੂਰਨਮਾਸ਼ੀ ਵਾਂਗ ਹਨੇਰੀਆਂ ਰਾਤਾਂ ਰੁਸ਼ਨਾਉਂਦੇ ਰਹਿਣਗੇ। ਅਮਰ ਰਹੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਆਸ਼ਕ ਜਸਵੰਤ ਸਿੰਘ ਕੰਵਲ!