ਕੈਨੇਡਾ ‘ਚ ਮਾਪਿਆਂ ਦੀ ਇਮੀਗ੍ਰੇਸ਼ਨ ਖੁੱਲ੍ਹੀ?

ਪ੍ਰਿੰæ ਸਰਵਣ ਸਿੰਘ
ਕਹਿਣ ਨੂੰ ਤਾਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਜਨਵਰੀ 2014 ਤੋਂ ਫਿਰ ਮਾਪਿਆਂ ਦੀਆਂ ਅਰਜ਼ੀਆਂ ਲੈਣ ਤੇ ਉਨ੍ਹਾਂ ਨੂੰ ਮੰਗਵਾਉਣ ਦਾ ਰਾਹ ਖੋਲ੍ਹ ਦਿੱਤੈ। ਪਰ ਜੇ ਡੂੰਘੀ ਨੀਝ ਨਾਲ ਵੇਖਿਆ ਜਾਵੇ ਤਾਂ ਰਾਹ ਸਮਝੋ ਬੰਦ ਈ ਹੋ ਗਿਐ! ਇਹ ਏਨਾ ਮਹਿੰਗਾ ਤੇ ਬੁਢਾਪਾ ਪੈਨਸ਼ਨ ਲੈਣ ਲਈ ਏਨਾ ਲੰਮਾ ਕਰ ਦਿੱਤੈ ਕਿ ਹੁਣ ਮਾਪਿਆਂ ਨੂੰ ਮੰਗਵਾਉਣਾ ਹਾਰੀ ਸਾਰੀ ਦੇ ਵੱਸ ਵਿਚ ਨਹੀਂ ਹੋਵੇਗਾ। ਭਲਾ ਅਰਜ਼ੀ ਭਰਨ ਤੋਂ ਪਹਿਲਾਂ ਕੌਣ ਭਰੇਗਾ ਲਗਾਤਾਰ ਤਿੰਨ ਸਾਲ ਮੋਟਾ ਟੈਕਸ ਤੇ ਫਿਰ ਉਡੀਕ ਟੈਕਸ? ਅਠਾਰਾਂ ਸਾਲ ਤੋਂ ਵੱਡੇ ਧੀ/ਪੁੱਤ ਪੜ੍ਹਦੇ ਵੀ ਹੋਣ ਉਹ ਤਦ ਵੀ ਮਾਪਿਆਂ ਨਾਲ ਨਹੀਂ ਆ ਸਕਣਗੇ। ਮਾਪੇ ਆ ਵੀ ਜਾਣ ਤਾਂ ਵੀਹ ਸਾਲ ਧੀਆਂ-ਪੁੱਤਾਂ ‘ਤੇ ਨਿਰਭਰ ਰਹਿਣਗੇ ਤੇ ਬੁਢਾਪਾ ਪੈਨਸ਼ਨ ਲੈਣ ਦੇ ਹੱਕਦਾਰ ਨਹੀਂ ਗਿਣੇ ਜਾਣਗੇ। ਇਸ ਲਈ ਸ਼ਾਇਦ ਹੀ ਉਦੋਂ ਤਕ ਕੋਈ ਜਿਊਂਦਾ ਰਹੇ। ਇਹਨੂੰ ਕਹਿੰਦੇ ਹਨ, ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸਰੀ!
ਵੀਹਵੀਂ ਸਦੀ ਦੇ ਅਰੰਭ ਵਿਚ ਪੰਜਾਬੀਆਂ ਦਾ ਕੈਨੇਡਾ ਅਪੜਨਾ ਅਤਿਅੰਤ ਔਖਾ ਸੀ। ਕੋਈ ਟਾਵਾਂ ਟੱਲਾ ਹੀ ਰੁਲ ਖੁਲ ਕੇ ਪਹੁੰਚਦਾ। ਕਾਮਾਗਾਟਾਮਾਰੂ ਜਹਾਜ਼ ਦਾ ਸਾਕਾ ਅਜੇ ਵੀ ਅੱਖਾਂ ਮੂਹਰੇ ਆ ਜਾਂਦੈ। ਪਰ ਪੰਜਾਬੀਆਂ ਨੇ ਕੈਨੇਡਾ ਅਪੜਨ ਦਾ ਸਿਰੜ ਨਹੀਂ ਸੀ ਛੱਡਿਆ। ਉਹ ਔਖੇ ਸੌਖੇ ਕੈਨੇਡਾ ਅੱਪੜਦੇ ਰਹੇ ਤੇ ਪੱਕੇ ਵਾਸੀ ਬਣਦੇ ਉਥੋਂ ਦੇ ਸਿਟੀਜ਼ਨ ਤੇ ਵੋਟਰ ਬਣਦੇ ਗਏ। ਪੰਜਾਬੀ ਮੂਲ ਦੇ ਕੈਨੇਡੀਅਨ ਕੈਨੇਡਾ ਦੀ ਪਾਰਲੀਮੈਂਟ ਦੇ ਮੈਂਬਰ, ਫੈਡਰਲ ਸਰਕਾਰ ਦੇ ਵਜ਼ੀਰ ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮੁੱਖ ਮੰਤਰੀ ਬਣਨ ਤਕ ਵੀ ਪੁੱਜੇ।
ਹੁਣ ਕੈਨੇਡਾ ਦੀ ਜਨਸੰਖਿਆ ਸਾਢੇ ਤਿੰਨ ਕਰੋੜ ਹੈ ਜਿਸ ਵਿਚ ਸਿੱਖਾਂ ਦੀ ਆਬਾਦੀ ਡੇਢ ਫੀਸਦੀ ਤੇ ਚੜ੍ਹਦੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੀ ਸਮੁੱਚੀ ਗਿਣਤੀ ਤਿੰਨ ਫੀਸਦੀ ਤੋਂ ਵੱਧ ਹੈ। ਕੈਨੇਡਾ ਵਿਚ ਪੰਜਾਬੀ, ਅੰਗਰੇਜ਼ੀ ਤੇ ਫਰਾਂਸੀਸੀ ਤੋਂ ਬਾਅਦ ਘਰਾਂ ‘ਚ ਬੋਲੀ ਜਾਣ ਵਾਲੀ ਤੀਜੀ ਜ਼ੁਬਾਨ ਹੈ ਹਾਲਾਂ ਕਿ ਕਈ ਮੁਸਲਮਾਨ ਤੇ ਹਿੰਦੂ ਵੀਰਾਂ ਨੇ ਮਾਂ ਬੋਲੀ ਪੰਜਾਬੀ ਦੀ ਥਾਂ ਉਰਦੂ ਤੇ ਹਿੰਦੀ ਲਿਖਾਈ ਹੈ। ਫਿਰ ਵੀ ਪਾਕਿਸਤਾਨ ਤੇ ਭਾਰਤ ਤੋਂ ਬਾਅਦ ਕੈਨੇਡਾ ਤੀਜਾ ਮੁਲਕ ਹੈ ਜਿਥੇ ਪੰਜਾਬੀ ਤੇਰ੍ਹਾਂ ਦੀ ਥਾਂ ਤਿੰਨਾਂ ਦੀ ਗਿਣਤੀ ਵਿਚ ਹਨ।
ਕੈਨੇਡਾ ਵਿਚ ਪੰਜਾਬੀ ਦੇ ਅਨੇਕਾਂ ਅਖ਼ਬਾਰ ਛਪਦੇ ਹਨ ਅਤੇ ਪੰਜਾਬੀ ਰੇਡੀਓ ਤੇ ਟੀæ ਵੀæ ਪ੍ਰੋਗਰਾਮਾਂ ਦਾ ਵੀ ਕੋਈ ਅੰਤ ਨਹੀਂ। ਇਨ੍ਹਾਂ ਦੀ ਗਿਣਤੀ ਪੰਜ ਸੱਤ ਦੀ ਥਾਂ ਦਰਜਨਾਂ ਵਿਚ ਹੈ। ਪੰਜਾਬੀ ਜ਼ੁਬਾਨ ਕੁਝ ਸਕੂਲਾਂ ਤੇ ਕਾਲਜਾਂ/ਯੂਨੀਵਰਸਿਟੀਆਂ ਤਕ ਪੁੱਜ ਵੀ ਗਈ ਹੈ। ਕੈਨੇਡਾ ਰਹਿੰਦੇ ਪੰਜਾਬੀ ਲੇਖਕਾਂ ਦੀਆਂ ਅਨੇਕਾਂ ਸਾਹਿਤ ਸਭਾਵਾਂ ਹਨ ਤੇ ਉਨ੍ਹਾਂ ਦੀਆਂ ਹਰ ਸਾਲ ਸੌ ਦੇ ਕਰੀਬ ਕਿਤਾਬਾਂ ਛਪਦੀਆਂ ਹਨ। ਪੰਜਾਬੀ ਸਭਿਆਚਾਰਕ ਤੇ ਖੇਡ ਮੇਲਿਆਂ ਦਾ ਵੀ ਕੋਈ ਪਾਰਾਵਾਰ ਨਹੀਂ। ਪੰਜਾਬੀ ਬਾਬਿਆਂ ਦੀਆਂ ਸੱਥਾਂ ਵੀ ਭਰੀਆਂ ਦਿਸਦੀਆਂ ਹਨ।
ਸਰਸਰੀ ਨਜ਼ਰੇ ਵੇਖਿਆਂ ਲੱਗਦਾ ਹੈ ਜਿਵੇਂ ਕੈਨੇਡਾ ਵਿਚ ਪੰਜਾਬੀ ਦਾ ਭਵਿੱਖ ਬੜਾ ਉੱਜਲਾ ਹੋਵੇ ਤੇ ਕਿਸੇ ਦਿਨ ਪੰਜਾਬੀ ਨੂੰ ਸਰਕਾਰੀ ਬੋਲੀ ਦਾ ਦਰਜਾ ਵੀ ਮਿਲ ਜਾਵੇ। ਪਰ ਪੰਜਾਬੀ ਦਾ ਇਹ ਬੋਲਬਾਲਾ ਪੰਜਾਬੀ ਮਾਪਿਆਂ ਅਥਵਾ ਬਾਬਿਆਂ ਸਦਕਾ ਹੀ ਹੈ। ਉਹੀ ਪੰਜਾਬੀ ਮੇਲਿਆਂ ਦੇ ਮੇਲੀ ਹੁੰਦੇ ਹਨ ਤੇ ਉਹੀ ਪੰਜਾਬੀ ਅਖ਼ਬਾਰਾਂ ਦੇ ਪਾਠਕ। ਉਹੀ ਬੱਚਿਆਂ ਨੂੰ ਪੰਜਾਬੀ ਬੋਲੀ ਤੇ ਪੰਜਾਬੀ ਸਭਿਆਚਾਰ ਸਿਖਾਉਂਦੇ ਹਨ। ਪੰਜਾਬੀ ਭਾਸ਼ਾ ਦੀ ਹੋਂਦ ਪੰਜਾਬੀਆਂ ਦੇ ਲਗਾਤਾਰ ਪਰਵਾਸ ‘ਤੇ ਨਿਰਭਰ ਕਰਦੀ ਹੈ। ਜਦੋਂ ਪਰਵਾਸ ਰੁਕ ਗਿਆ, ਨਾਲ ਹੀ ਪੰਜਾਬੀ ਦਾ ਪ੍ਰਚਲਨ ਵੀ ਰੁਕ ਜਾਵੇਗਾ। ਪੰਜਾਬੀ ਪਰਵਾਸੀ ਕੈਨੇਡਾ ਆਉਣੇ ਬੰਦ ਹੋ ਗਏ ਤਾਂ ਪੰਜਾਹ ਸਾਲਾਂ ਪਿੱਛੋਂ ਕੈਨੇਡਾ ਵਿਚ ਪੰਜਾਬੀ ਬੋਲਣ ਵਾਲਾ ਕੋਈ ਨਹੀਂ ਹੋਵੇਗਾ। ਕੈਨੇਡਾ ‘ਚ ਪੰਜਾਬੀ, ਪੰਜਾਬ ਤੋਂ ਲਗਾਤਾਰ ਪਰਵਾਸ ਨਾਲ ਜਿਊਂਦੀ ਰਹਿਣੀ ਹੈ!
ਇਸ ਵੇਲੇ ਹਾਲਤ ਇਹ ਹੈ ਕਿ ਕੈਨੇਡਾ ਵਿਚ ਜੰਮੇ ਪਲੇ ਪੰਜਾਬੀ ਬੱਚੇ ਆਪਣੇ ਮਾਪਿਆਂ ਖ਼ਾਸ ਕਰ ਕੇ ਦਾਦੇ-ਦਾਦੀਆਂ ਤੇ ਨਾਨੇ-ਨਾਨੀਆਂ ਤੋਂ ਪੰਜਾਬੀ ਬੋਲਣੀ ਸਿੱਖਦੇ ਹਨ ਪਰ ਸਕੂਲ ਜਾਂਦਿਆਂ ਅੰਗਰੇਜ਼ੀ ਉਨ੍ਹਾਂ ‘ਤੇ ਹਾਵੀ ਹੋ ਜਾਂਦੀ ਹੈ। ਫਿਰ ਉਹ ਪੰਜਾਬੀ ਬੋਲਣੀ ਛੱਡ ਕੇ ਅੰਗਰੇਜ਼ੀ ਦੀਆਂ ਘਿਆਕੋ ਬਿੱਲੀਆਂ ਬੁਲਾਉਣ ਲੱਗਦੇ ਹਨ। ਹੁਣ ਤਾਂ ਪੰਜਾਬ ਵਿਚ ਵੀ ਅੰਗਰੇਜ਼ੀ/ਹਿੰਦੀ ਬੁਲਾਉਣ ਵਾਲੇ ਸਕੂਲਾਂ ਦੇ ਬੱਚੇ ਇਹੋ ਕੁਝ ਕਰ ਰਹੇ ਨੇ। ਉਹ ਵੀ ਪੰਜਾਬੀ ਬੋਲਣੀ ਛੱਡੀ ਜਾ ਰਹੇ ਨੇ। ਮਾਂ ਬੋਲੀ ਕਦੇ ਵੀ ਨਾ ਭੁੱਲਣ/ਭੁਲਾਉਣ ਦਾ ਕੋਈ ਲੱਖ ਢੰਡੋਰਾ ਪਿੱਟੀ ਜਾਵੇ ਪਰ ਅਸਲੀਅਤ ਇਹ ਹੈ ਕਿ ਸਕੂਲੀ ਬੋਲੀ ਮਾਂ ਬੋਲੀ ‘ਤੇ ਹਾਵੀ ਹੋ ਜਾਂਦੀ ਹੈ। ਮੈਂ ਆਪਣੀ ਅੱਖੀਂ ਵੇਖ ਰਿਹਾਂ ਕਿ ਕੈਨੇਡਾ ‘ਚ ਅਸੀਂ ਪੋਤੇ-ਪੋਤੀਆਂ ਨੂੰ ਪੰਜਾਬੀ ਸਿਖਾਈ ਜੋ ਸਕੂਲੀ ਬੋਲੀ ਅੰਗਰੇਜ਼ੀ ਨੇ ਹਾਸ਼ੀਏ ‘ਤੇ ਕਰ ਦਿੱਤੀ। ਸਾਡੇ ਨਾਲ ਬੇਸ਼ਕ ਉਹ ਪੰਜਾਬੀ ‘ਚ ਬੋਲਦੇ ਹਨ ਪਰ ਸਾਡੇ ਪਿੱਛੋਂ ਉਨ੍ਹਾਂ ਨੇ ਮਾਂ ਬੋਲੀ ਦੀ ਥਾਂ ਅੰਗਰੇਜ਼ੀ ਬੋਲੀ ਹੀ ਬੋਲਣੀ ਹੈ। ਪੰਜਾਬੀ ਨੂੰ ਜੇ ਜਿਊਂਦੀ ਰੱਖਣੈ ਤਾਂ ਪੰਜਾਬ ਵਿਚ ਪੰਜਾਬੀ ਦਾ ਕਿੱਲਾ ਮਜ਼ਬੂਤ ਹੋਣਾ ਚਾਹੀਦੈ ਤੇ ਪਰਵਾਸ ਦਾ ਦਰ ਵੀ ਸਦਾ ਖੁੱਲ੍ਹਾ ਰਹਿਣਾ ਚਾਹੀਦੈ। ਜਦੋਂ ਪੰਜਾਬ ਵਿਚ ਹੀ ਪੰਜਾਬੀ ਦਾ ਕਿੱਲਾ ਮਜ਼ਬੂਤ ਨਾ ਰਿਹਾ ਤਾਂ ਪਰਦੇਸਾਂ ‘ਚ ਪੰਜਾਬੀ ਕਿਵੇਂ ਕਾਇਮ ਰਹੇਗੀ? ਸਹੁਰੀਂ ਉਹੀ ਚੱਜ ਨਾਲ ਵਸਦੀਆਂ ਜਿਨ੍ਹਾਂ ਦੇ ਪੇਕੇ ਤਕੜੇ ਹੋਣ! ਜੇ ਜਲੰਧਰ/ਲੁਧਿਆਣੇ ਦੇ ਸਾਈਨ ਬੋਰਡ ਅੰਗਰੇਜ਼ੀ ‘ਚ ਹੀ ਲਿਖੇ ਦਿਸਣਗੇ ਤਾਂ ਵੈਨਕੂਵਰ/ਟੋਰਾਂਟੋ ਦੇ ਹਵਾਈ ਅੱਡਿਆਂ ‘ਤੇ ਪੰਜਾਬੀ ‘ਚ ਲਿਖਿਆ ‘ਜੀ ਆਇਆਂ ਨੂੰ’ ਵੀ ਬਹੁਤੀ ਦੇਰ ਨਹੀਂ ਦਿਸਣਾ!
ਗੱਲ ਤੋਰੀ ਸੀ ਕਿ ਮਾਪਿਆਂ ਲਈ ਕੈਨੇਡਾ ਆਉਣਾ ਖੁੱਲ੍ਹ ਗਿਐ ਕਿ ਬੰਦ ਹੋ ਗਿਐ? ਇਨ੍ਹੀਂ ਦਿਨੀਂ ਮਾਪਿਆਂ, ਦਾਦੇ-ਦਾਦੀਆਂ ਤੇ ਨਾਨੇ-ਨਾਨੀਆਂ ਨੂੰ ਕੈਨੇਡਾ ਲਿਆਉਣ ਲਈ ਨਵੇਂ ਨਿਯਮਾਂ ਦਾ ਐਲਾਨ ਹੋਇਆ ਹੈ। ਪੰਜਾਬੀਆਂ ਨੂੰ ਮੰਤਰੀ ਦੇ ਬਿਆਨ ਦਾ ਸਵਾਗਤ ਕਰਨ ਦੀ ਥਾਂ ਵਿਰੋਧ ਕਰਨਾ ਚਾਹੀਦੈ ਬਲਕਿ ਸਭਨਾਂ ਪਰਵਾਸੀਆਂ ਨੂੰ ਹੀ ਅਜਿਹਾ ਕਰਨਾ ਚਾਹੀਦੈ। ਇਕ ਸਮਾਂ ਸੀ ਜਦੋਂ ਕੈਨੇਡਾ ਪਹੁੰਚਿਆ ਧੀ/ਪੁੱਤ ਆਪਣੇ ਮਾਪਿਆਂ ਨੂੰ ਸਾਲ ਦੋ ਸਾਲ ਵਿਚ ਕੈਨੇਡਾ ਮੰਗਾ ਸਕਦਾ ਸੀ। ਉਨ੍ਹਾਂ ਨਾਲ 21 ਸਾਲ ਤਕ ਦੇ ਕੁਆਰੇ ਤੇ ਵੱਡੀ ਉਮਰ ਦੇ ਪੜ੍ਹਦੇ ਧੀ/ਪੁੱਤ ਵੀ ਕੈਨੇਡਾ ਆ ਜਾਂਦੇ ਸਨ। ਫਿਰ ਸ਼ਰਤ ਲੱਗੀ ਕਿ ਮਾਪਿਆਂ ਨੂੰ ਸੱਦਣ ਵਾਲੇ ਧੀ/ਪੁੱਤ ਆਪਣੇ ਖਰਚੇ ‘ਤੇ ਮਾਪਿਆਂ ਨੂੰ ਦਸ ਸਾਲ ਰੱਖਣ ਦੀ ਜ਼ਿੰਮੇਵਾਰੀ ਲੈਣ। ਦਸ ਸਾਲ ਦੀ ਕੈਨੇਡਾ ਰਿਹਾਇਸ਼ ਤੇ 65 ਸਾਲ ਦੀ ਉਮਰ ਤੋਂ ਬਾਅਦ ਹੀ ਸਰਕਾਰ ਉਨ੍ਹਾਂ ਨੂੰ ਬੁਢਾਪਾ ਪੈਨਸ਼ਨ ਦਿੰਦੀ ਸੀ। ਮੰਗ ਤਾਂ ਇਹ ਵੀ ਕੀਤੀ ਜਾਂਦੀ ਰਹੀ ਸੀ ਕਿ ਰਿਹਾਇਸ਼ ਦੀ ਸ਼ਰਤ ਤਿੰਨ ਸਾਲ ਕਰ ਕੇ 65 ਸਾਲ ਦੇ ਹਰ ਬਜ਼ੁਰਗ ਨੂੰ ਗੁਜ਼ਾਰਾ ਭੱਤਾ ਦਿੱਤਾ ਜਾਵੇ।
ਬਜ਼ੁਰਗਾਂ ਦੀ ਉਪਰੋਕਤ ਮੰਗ ਮੰਨਣ ਦੀ ਥਾਂ ਹੁਣ ਕੈਨੇਡਾ ਸਰਕਾਰ ਨੇ ਮਾਪਿਆਂ ਦਾ ਕੈਨੇਡਾ ਪੁੱਜਣਾ ਹੀ ਬੇਹੱਦ ਮਹਿੰਗਾ ਕਰ ਦਿੱਤੈ ਜੋ ਆਮ ਧੀਆਂ/ਪੁੱਤਰਾਂ ਦੇ ਵਿਤੋਂ ਬਾਹਰਾ ਹੋਵੇਗਾ। ਅੱਗੇ ਦੋ ਮਾਪੇ ਸਪਾਂਸਰ ਕਰਨ ਨਾਲ ਚਾਰ ਜੀਆਂ ਦੀ ਸਾਲਾਨਾ ਆਮਦਨ 42 ਹਜ਼ਾਰ ਡਾਲਰ ਚਾਹੀਦੀ ਸੀ ਜੋ ਹੁਣ 54 ਹਜ਼ਾਰ ਡਾਲਰ ਕਰ ਦਿੱਤੀ ਗਈ ਹੈ। ਪਹਿਲਾਂ ਇਕ ਸਾਲ ਦੀ ਆਮਦਨ ਭਰਨ ਨਾਲ ਹੀ ਸਰ ਜਾਂਦਾ ਸੀ ਹੁਣ ਤਿੰਨ ਸਾਲਾਂ ਤੋਂ ਏਨੀ ਆਮਦਨ ਚਾਹੀਦੀ ਹੈ। ਮਤਲਬ ਸਿੱਧਾ ਹੈ ਕਿ ਸਪਾਂਸਰ ਕਰਨ ਵਾਲਾ ਤਿੰਨ ਸਾਲਾਂ ਤੋਂ ਟੈਕਸ ਭਰ ਰਿਹਾ ਹੋਵੇ ਤੇ ਓਨਾ ਚਿਰ ਭਰੀ ਚੱਲੇ ਜਿੰਨਾ ਚਿਰ ਮਾਪੇ ਨਹੀਂ ਆਉਂਦੇ। ਹੁਣ ਆਪਣੇ ਨਾਲ ਉਹ ਕੇਵਲ 18 ਸਾਲ ਦੀ ਉਮਰ ਤਕ ਦਾ ਬੱਚਾ ਹੀ ਲਿਆ ਸਕਦੇ ਹਨ, ਪੜ੍ਹ ਰਿਹਾ ਵੱਡੀ ਉਮਰ ਦਾ ਡਿਪੈਂਡੈਂਟ ਨਹੀਂ। ਖਰਚਾ ਚੁੱਕਣ ਦਾ ਬੋਝ ਵੀ ਦਸ ਸਾਲ ਦੀ ਥਾਂ ਵੀਹ ਸਾਲ ਕਰ ਦਿੱਤਾ ਗਿਆ ਹੈ।
ਬਹੁਤੇ ਮਾਪੇ ਪਿੱਛੇ ਰਹਿੰਦੇ ਵਡੇਰੇ ਬੱਚੇ ਨਾਲ ਲਿਆਉਣ ਖ਼ਾਤਰ ਹੀ ਪਰਦੇਸ ਆਉਂਦੇ ਹਨ। ਨਵੇਂ ਨਿਯਮ ਲਾਗੂ ਹੋਣ ਨਾਲ ਬਹੁਤ ਘੱਟ ਧੀ/ਪੁੱਤ ਆਪਣੇ ਮਾਪਿਆਂ ਨੂੰ ਸਪਾਂਸਰ ਕਰ ਸਕਣਗੇ। ਜਿਹੜੇ ਕਰਨਗੇ ਉਨ੍ਹਾਂ ਦੇ ਮਾਪਿਆਂ ਨਾਲ ਸ਼ਾਇਦ ਹੀ ਕੋਈ ਬੱਚਾ ਆਵੇ। ਜਿਹੜੇ ਮਾਪੇ ਆਉਣਗੇ ਵੀ, ਉਨ੍ਹਾਂ ਦੇ ਮੰਗਾਉਣ ਲਈ ਬਹੁਤ ਜ਼ਿਆਦਾ ਟੈਕਸ ਭਰਨਾ ਪਵੇਗਾ। ਦੂਹਰੀ ਮਾਰ ਇਹ ਕਿ ਮਾਪੇ ਰੱਖਣੇ ਵੀ ਆਪਣੇ ਖਰਚੇ ‘ਤੇ ਪੈਣਗੇ ਤੇ ਉਹ ਵੀ ਵੀਹ ਸਾਲ! ਬੁਢਾਪਾ ਪੈਨਸ਼ਨ, ਜੀਹਨੂੰ ਕੈਨੇਡੀਅਨ ਬਾਬੇ ਕੈਨੇਡਾ ਦਾ ਜੁਆਈ ਬਣਨਾ ਕਹਿੰਦੇ ਹਨ, ਸ਼ਾਇਦ ਹੀ ਕਿਸੇ ਬੁੱਢੇ ਮਾਪੇ ਨੂੰ ਮਿਲੇ ਕਿਉਂਕਿ ਵੀਹ ਸਾਲ ਕੈਨੇਡਾ ਵਿਚ ਰਹਿਣ ਪਿਛੋਂ ਹੀ ਪੈਨਸ਼ਨ ਦਾ ਛੁਹਾਰਾ ਮੂੰਹ ਲੱਗੇਗਾ! ਤਦ ਤਕ ਬੁਢਾਪੇ ਦੀਆਂ ਵੀਹ ਬਿਮਾਰੀਆਂ ਨੇ ਲੱਗਣੈ ਜਿਨ੍ਹਾਂ ਦਾ ਮਹਿੰਗਾ ਇਲਾਜ ਵੀ ਪੱਲਿਓਂ ਕਰਾਉਣਾ ਪੈਣੈ। ਇਹ ਮਾਰ ਧੀਆਂ/ਪੁੱਤਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਹੀ ਨਹੀਂ ਕੈਨੇਡਾ ਵਿਚ ਪੰਜਾਬੀ ਭਾਸ਼ਾ ਨੂੰ ਵੀ ਪੈਣੀ ਹੈ। ਪੈਣੀ ਤਾਂ ਕੈਨੇਡਾ ‘ਚ ਵਸਦੇ ਸਾਰੇ ਮੁਲਕਾਂ ਦੇ ਪਰਵਾਸੀਆਂ ਤੇ ਉਨ੍ਹਾਂ ਦੀਆਂ ਮਾਤ ਭਾਸ਼ਾਵਾਂ ਨੂੰ ਵੀ ਹੈ ਪਰ ਪੰਜਾਬੀਆਂ ਨੂੰ ਹੋਰਨਾਂ ਨਾਲੋਂ ਵੱਧ ਪੈਣੀ ਹੈ ਕਿਉਂਕਿ ਇਹ ਤੇਰ੍ਹਾਂ ‘ਚ ਨਹੀਂ ਹੁਣ ਤਿੰਨਾਂ ‘ਚ ਹਨ। ਜੇਕਰ ਪੰਜਾਬੀਆਂ ਕੋਲ ਕੋਈ ਸਿਆਸੀ ਸ਼ਕਤੀ ਹੈ ਤਾਂ ਉਹ ਕਦੋਂ ਵਰਤਣੀ ਹੈ?

Be the first to comment

Leave a Reply

Your email address will not be published.