ਰਵਿੰਦਰ ਸਿੰਘ ਸਹਿਰਾਅ, ਪੈਨਸਿਲਵੇਨੀਆ
ਡਾ. ਮਨਜ਼ੂਰ ਏਜਾਜ਼ ਬੜੇ ਹੀ ਸੂਝਵਾਨ ਵਿਚਾਰਕ ਹਨ। ਅੱਜ ਕੱਲ੍ਹ ਵਰਜੀਨੀਆ ਵਿਚ ਕੰਮ-ਮੁਕਤ ਜ਼ਿੰਦਗੀ ਬਿਤਾ ਰਹੇ ਹਨ। ਉਪਰਲਾ ਸਿਰਲੇਖ ਉਨ੍ਹਾਂ ਦੀ ਸਵੈ-ਜੀਵਨੀ ਦਾ ਹੈ, ਜੋ ਸ਼ਾਹਮੁਖੀ ਵਿਚ ਲਾਹੌਰ ਤੋਂ ਛਪੀ ਹੈ। ਇਸ ਦਾ ਅੰਗਰੇਜ਼ੀ ਤਰਜਮਾ ‘ਲਾਈਫ, ਆਈ ਵਿਲ ਵੀਵ ਯੁਅਰ ਥਰੈਡਜ਼’ ਪੜ੍ਹਨ ਦਾ ਮੌਕਾ ਮਿਲਿਆ।
ਇਹ ਕਿਤਾਬ ਡਾ. ਮਨਜ਼ੂਰ ਏਜਾਜ਼ ਦੇ ਸੰਘਰਸ਼ ਦੀ ਕਹਾਣੀ ਹੈ। ਬਚਪਨ ‘ਚ ਹੀ ਉਸ ਦੀ ਸੱਜੀ ਲੱਤ ਪੋਲੀਓ ਕਾਰਨ ਨਿਕੰਮੀ ਹੋ ਜਾਂਦੀ ਹੈ। ਮਾਂ ਫਿਕਰ ਕਰਦੀ ਹੈ। ਬਾਪ ਉਸ ਨੂੰ ਚੁੱਕ ਕੇ ਡਾਕਟਰਾਂ ਕੋਲ ਲਿਜਾਂਦਾ ਹੈ, ਪਰ ਕੋਈ ਫਰਕ ਨਹੀਂ ਪੈਂਦਾ। ਬਾਬਾ ਫਰੀਦ ਦੀ ਮਜ਼ਾਰ ‘ਤੇ ਲਿਜਾਂਦੇ ਹਨ। ਆਖਰ ਡਾਕਟਰ ਫੌੜ੍ਹੀਆਂ ਨਾਲ ਚੱਲਣ ਦੀ ਸਲਾਹ ਦਿੰਦੇ ਹਨ। ਗੁਆਂਢੀ ਪਿੰਡ ਦਾ ਇਕ ਕਾਰੀਗਰ ਦੋ ਸੌ ਰੁਪਏ ਵਿਚ ਫੌੜ੍ਹੀਆਂ ਬਣਾ ਤਾਂ ਦਿੰਦਾ ਹੈ, ਪਰ ਉਹ ਭਾਰੀਆਂ ਹੋਣ ਕਾਰਨ ਤੁਰਨ ਵਿਚ ਔਖ ਆਉਂਦੀ ਹੈ। ਫਿਰ ਲਾਹੌਰ ਤੋਂ ਦੋ ਹਜ਼ਾਰ ਰੁਪਏ ਵਿਚ ਹਲਕੀਆਂ ਫੌੜ੍ਹੀਆਂ ਬਣਵਾਈਆਂ। ਉਹ ਲਿਖਦਾ ਹੈ, “ਫੌੜ੍ਹੀਆਂ ਨਾਲ ਚੱਲਣ ਸਮੇਂ ਮੈਨੂੰ ਇੰਜ ਲੱਗਦਾ ਸੀ ਜਿਵੇਂ ਮੈਂ ਹਵਾ ਵਿਚ ਉਡ ਰਿਹਾ ਹੋਵਾਂ।”
ਬਚਪਨ ਵਿਚ ਉਸ ਨੂੰ ਗਾਉਣ ਦਾ ਵੀ ਸ਼ੌਕ ਸੀ। ਸਕੂਲ ਦੀ ਪਰੇਅਰ ਉਹੀ ਪੜ੍ਹਦਾ। ਮਸੀਤ ਵਿਚ ਕੁਰਾਨ ਵੀ ਹੇਕ ਨਾਲ ਸੁਣਾਉਂਦਾ। ਪੜ੍ਹਨ ਵਿਚ ਹੁਸ਼ਿਆਰ ਹੋਣ ਕਾਰਨ ਮਾਸਟਰਾਂ ਦਾ ਪਿਆਰਾ ਸੀ। ਨਵੇਂ ਕੱਪੜੇ ਪਾਉਣ ਦਾ ਸ਼ੌਕੀਨ ਸੀ। ਦੱਸਦਾ ਹੈ, ਉਨ੍ਹੀਂ ਦਿਨੀਂ ਦੂਜੀ-ਤੀਜੀ ਜਮਾਤ ਤੱਕ ਨਿਆਣੇ ਲੰਮੀ ਕਮੀਜ਼ ਬਿਨਾ ਕੱਛੇ ਤੋਂ ਪਹਿਨਦੇ ਸੀ। ਪੰਜਵੀਂ ਪਿਛੋਂ ਗੁਆਂਢੀ ਪਿੰਡ ਦਾ ਸਕੂਲ ਦੋ-ਤਿੰਨ ਕਿਲੋਮੀਟਰ ਸੀ। ਉਸ ਨੇ ਸਾਈਕਲ ਚਲਾਉਣਾ ਸਿੱਖਿਆ ਤੇ ਇਕ ਲੱਤ ਨਾਲ ਹੀ ਸਾਈਕਲ ਭਜਾਈ ਫਿਰਦਾ। ਖਿੱਦੋ ਖੂੰਡੀ, ਗੁੱਲੀ ਡੰਡਾ ਤੇ ਪਿੱਠੂ ਗਰਮ ਜਿਹੀਆਂ ਖੇਡਾਂ ਵੀ ਖੇਡਦਾ। ਵੱਡੀ ਭੈਣ ਮਜੀਦਾਂ ਨੇ ਉਸ ਦਾ ਬੜਾ ਖਿਆਲ ਰੱਖਿਆ, ਪਰ ਮਾਂ ਉਸ ਦੇ ਭਵਿੱਖ ਬਾਰੇ ਚਿੰਤਾ ਕਰਦੀ।
ਉਹ ਲਿਖਦਾ ਹੈ, ਪਿੰਡਾਂ ਵਿਚ ਪੂਰੀ ਦੁਨੀਆਂ ਹੁੰਦੀ ਸੀ। ਵੱਖ-ਵੱਖ ਕਿੱਤਿਆਂ ਦੇ ਲੋਕ ਇਕ ਦੂਜੇ ਦੀਆਂ ਲੋੜਾਂ ਪੂਰੀਆਂ ਕਰਦੇ। ਪਿਆਰ ਨਾਲ ਰਹਿੰਦੇ ਤੇ ਇਕ ਦੂਜੇ ਦੀ ਇੱਜਤ ਦੇ ਭਾਈਵਾਲ ਬਣਦੇ। ਪਸੂਆਂ ਦੇ ਵੀ ਨਾਂ ਰੱਖੇ ਹੁੰਦੇ। ਜਦੋਂ ਉਹ 8ਵੀਂ ‘ਚ ਹੋਇਆ ਤਾਂ ਪਿੰਡ ਵਿਚ ਪਹਿਲਾ ਰੇਡੀਓ ਹੱਟੀ ਵਾਲੇ ਸਦੀਕੀ ਨੇ ਖਰੀਦਿਆ।
ਅਯੂਬ ਖਾਂ ਨੇ ਮਾਰਸ਼ਲ ਲਾਅ ਲਾਗੂ ਕੀਤਾ ਤਾਂ ਲੋਕ ਖੁਸ਼ ਹੋਏ ਕਿ ਹੁਣ ਅਫਸਰ ਰਿਸ਼ਵਤਾਂ ਨਹੀਂ ਮੰਗਣਗੇ, ਪਰ ਇਹ ਉਨ੍ਹਾਂ ਦਾ ਵਹਿਮ ਸੀ। ਸਾਰਾ ਤਾਣਾ-ਬਾਣਾ ਉਂਜ ਹੀ ਕੰਮ ਕਰਦਾ ਰਿਹਾ। 1964 ਵਿਚ ਉਹ ਗੌਰਮਿੰਟ ਕਾਲਜ ਸਾਹੀਵਾਲ ‘ਚ ਦਾਖਲ ਹੋਇਆ। ਉਰਦੂ ਫਾਜ਼ਿਲ ਕੀਤੀ, ਜੋ ਬੀ. ਏ. ਆਨਰਜ਼ ਦੇ ਬਰਾਬਰ ਮੰਨੀ ਜਾਂਦੀ ਸੀ। ਪਹਿਲੇ ਸਾਲ ਗਜ਼ਲ ਦਾ ਅਰੂਜ਼ ਵੀ ਸਿੱਖਿਆ ਅਤੇ ਕਾਲਜ ਮੈਗਜ਼ੀਨ ਦਾ ਐਡੀਟਰ ਬਣਿਆ। ਚਾਲੂ ਕਿਸਮ ਦੇ ਨਾਵਲ ਪੜ੍ਹਨੇ ਸ਼ੁਰੂ ਕੀਤੇ। ਉਹ ਦੱਸਦਾ ਹੈ ਕਿ ਕੁਰਤਲ-ਐਨ ਹੈਦਰ, ਇਸਮਤ ਚੁਗਤਾਈ ਤੇ ਅਬਦੁਲ ਹੁਸੈਨ ਉਦੋਂ ਚੰਗੇ ਨਹੀਂ ਸੀ ਲੱਗਦੇ। ਮੰਟੋ ਨੂੰ ਕਾਫੀ ਦੇਰ ਪਿਛੋਂ ਪੜ੍ਹਿਆ। ਮਸ਼ਹੂਰ ਕਵੀ ਮਜ਼ਹਰ ਤਿਰਮਜ਼ੀ ਅਤੇ ਹਾਮਿਦ ਜਿਲਾਨੀ ਉਸ ਤੋਂ ਜੂਨੀਅਰ ਸਨ, ਪਰ ਚੰਗੇ ਕਵੀ ਸਨ। ਸਾਜਿਦ ਮੀਰ ਨੇ ਹੌਸਲਾ-ਅਫਜ਼ਾਈ ਕੀਤੀ। ਮਜ਼ਹਰ ਤਿਰਮਜ਼ੀ ਨਾਲ ਟੀਮ ਬਣਾ ਕੇ ਇੰਟਰ-ਕਾਲਜ ਕਵਿਤਾ ਮੁਕਾਬਲੇ ‘ਚ ਗਿਆ ਅਤੇ ਅਨੇਕਾਂ ਇਨਾਮ ਹਾਸਲ ਕੀਤੇ। ਸਾਜਿਦ ਮੀਰ ਨੇ ਮਾਓ-ਜ਼ੇ-ਤੁੰਗ ਦੀਆਂ ਨਜ਼ਮਾਂ ਦਾ ਉਰਦੂ ਤਰਜਮਾ ਵੀ ਉਨ੍ਹੀਂ ਦਿਨੀਂ ਕੀਤਾ, ਜਿਸ ਤੋਂ ਉਸ ਦੀ ਸੋਚ ਵੀ ਖੱਬੇ ਪੱਖੀ ਹੋ ਗਈ।
1968 ਵਿਚ ਉਸ ਨੇ ਪੰਜਾਬ ਯੂਨੀਵਰਸਿਟੀ, ਲਾਹੌਰ ਵਿਚ ਫਿਲਾਸਫੀ ਦੀ ਐਮ. ਏ. ਵਿਚ ਦਾਖਲਾ ਲੈ ਲਿਆ। ਉਥੇ ਹੀ ਬਹੁਤ ਸਾਰੇ ਹੋਰ ਲੇਖਕਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋਇਆ। ਨਾਸਿਰ ਸ਼ਹਿਜ਼ਾਦ, ਮੁਰਾਤਬ ਅਖਤਰ, ਜ਼ਫਰ ਸ਼ਿਰਾਜੀ, ਅਮੀਨ ਰਜ਼ਾ, ਫੈਜ਼, ਗੌਹਰ ਹੁਸ਼ਿਆਰਵੀ ਆਦਿ ਉਰਦੂ ਦੇ ਸ਼ਾਇਰ ਸਨ। ਮੁਨੀਰ ਨਿਆਜ਼ੀ ਇਕੱਲਾ ਸ਼ਾਇਰ ਸੀ, ਜੋ ਪੰਜਾਬੀ ਸ਼ਾਇਰੀ ਕਰਦਾ ਸੀ। ਫੈਜ਼ ਦੀ ਮਸ਼ਹੂਰੀ ਉਸ ਦੀ ਗਜ਼ਲ ‘ਗੁਲੋਂ ਮੇਂ ਰੰਗ ਭਰੇ ਬਾਦ-ਏ-ਨੌ-ਬਾਹਰ ਚਲੇ’ ਨਾਲ ਹੋਈ ਜਿਸ ਨੂੰ ਮਹਿਦੀ ਹਸਨ ਨੇ ਫਿਲਮ ‘ਫਿਰੰਗੀ’ ਲਈ ਗਾਇਆ ਸੀ।
ਡਾ. ਅਜ਼ੀਜ਼-ਉਲ ਹੱਕ ਦੀ ਮਾਰਕਸਵਾਦ ‘ਤੇ ਬਹੁਤ ਪਕੜ ਸੀ। ਉਸ ਨਾਲ ਮੁਲਾਕਾਤਾਂ ਦਾ ਵਿਦਿਆਰਥੀ ਮਨਜੂਰ ਏਜਾਜ਼ ‘ਤੇ ਬਹੁਤ ਅਸਰ ਪਿਆ। ਉਹ ਮੁਨੀਰ ਨਿਆਜ਼ੀ ਦੀ ਬਹੁਤ ਕਦਰ ਕਰਦਾ ਸੀ। ਕੈਂਪਸ ਦੇ ਵਿਦਿਅਰਥੀ ਲੇਖਕਾਂ ਨੇ ‘ਨਏ ਲੋਗ’ ਨਾਂ ਦੀ ਸੰਸਥਾ ਬਣਾਈ। ਮੀਟਿੰਗਾਂ ਵਿਚ ਉਹ ਸਾਹਿਰ ਦੀ ਸ਼ਾਇਰੀ, ਗੋਰਕੀ, ਦਾਸਤੋਵਸਕੀ, ਕਮਿਊਨਿਸਟ ਮੈਨੀਫੈਸਟੋ ਤੇ ਦਾਸ ਕੈਪੀਟਲ ਪੜ੍ਹਦੇ ਅਤੇ ਵਿਚਾਰਾਂ ਕਰਦੇ। ਅਦਬੀ ਸੰਗਤ ਵਿਚ ਨਜਮ ਹੁਸੈਨ ਸਈਅਦ ਨਾਲ ਮੁਲਾਕਾਤਾਂ ਹੁੰਦੀ। ਮੁੰਤਜ਼ਰ ਹੁਸੈਨ ਨੇ ਕਹਿਣਾ ਕਿ ਫਖਰ ਜ਼ਮਾਨ ਉਸ ਦੇ ਖਿਆਲ ਚੋਰੀ ਕਰਕੇ ਲਿਖਦਾ ਹੈ। ਮੁਨੀਰ ਨਿਆਜ਼ੀ, ਜ਼ਫਰ ਇਕਬਾਲ ਅਤੇ ਫੈਜ਼ ਅਹਿਮਦ ਫੈਜ਼ ਉਸ ਵਕਤ ਦੇ ਚਰਚਿਤ ਸ਼ਾਇਰ ਸਨ। ਬਹੁਤੀਆਂ ਮੀਟਿੰਗਾਂ ਕੌਫੀ ਹਾਊਸ ਜਾਂ ਟੀ ਹਾਊਸ ਵਿਚ ਹੁੰਦੀਆਂ।
1970 ਵਿਚ ਐਮ. ਏ. ਫਿਲਾਸਫੀ ਕਰਨ ਪਿਛੋਂ ਐਮ. ਏ. ਪੰਜਾਬੀ ਵਿਚ ਦਾਖਲਾ ਲਿਆ। ਯਾਹੀਆ ਖਾਨ ਤਾਕਤ ਵਿਚ ਆਇਆ ਤਾਂ ਉਸ ਖਿਲਾਫ ਮੁਜਾਹਰੇ ਕੀਤੇ। ਡਾ. ਅਜ਼ੀਜ਼-ਉਲ-ਦੀਨ ਅਤੇ ਪ੍ਰੋ. ਅਜ਼ੀਜ਼-ਉਦ-ਦੀਨ ਦੀ ਅਗਵਾਈ ਵਿਚ ਯੂਨੀਵਰਸਿਟੀ ‘ਚ ਆਏ ਅਮਰੀਕੀ ਡੈਲੀਗੇਸ਼ਨ ਦਾ ਵਿਰੋਧ ਕੀਤਾ। 1971 ਵਿਚ ਪੀਪਲਜ਼ ਪਾਰਟੀ ਦੀ ਹਮਾਇਤ ਕੀਤੀ। ਭੁੱਟੋ ਪਾਵਰ ਵਿਚ ਆਇਆ ਤਾਂ ਉਨ੍ਹਾਂ ਦੇ ਇਕ ਲੀਡਰ ਦੀ ਸਿਫਾਰਸ਼ ਨਾਲ ਯੂਨੀਵਰਸਿਟੀ ਵਿਚ ਫਿਲਾਸਫੀ ਪੜ੍ਹਾਉਣ ਲੱਗਾ। ਐਡਹਾਕ ਟੀਚਰਾਂ ਨੂੰ ਪੱਕੇ ਕਰਾਉਣ ਲਈ ਟੀਚਰਾਂ ਦੀ ਹੜਤਾਲ ਕਰਵਾਈ। 15 ਅਗਸਤ 1977 ਨੂੰ ਕੋਕਾਬ ਅਤੀਆ ਨਾਲ ਵਿਆਹ ਹੋਇਆ।
ਨਵੰਬਰ 1978 ਵਿਚ ਉਹ ਅਮਰੀਕਾ ਆ ਗਿਆ। ਹਾਵਰਡ ਯੂਨੀਵਰਸਿਟੀ ਤੋਂ ਇਕਨਾਮਿਕਸ ਦੀ ਪੀਐਚ.ਡੀ. ਕੀਤੀ। ਸਾਲ ਕੁ ਉਹਨੇ ਬਲੂਮਬਰਗ (ਪੈਨਸਿਲਵੇਨੀਆ) ਦੀ ਯੂਨੀਵਰਸਿਟੀ ਵਿਚ ਪੜ੍ਹਾਇਆ, ਪਰ ਗੋਰੇ ਵਿਦਿਆਰਥੀ ਉਸ ਦੀਆਂ ਸ਼ਿਕਾਇਤਾਂ ਕਰਨ ਲੱਗੇ ਤੇ ਉਹ ਪ੍ਰੋਫੈਸਰੀ ਛੱਡ ਕੇ ਫਿਰ ਵਾਸ਼ਿੰਗਟਨ ਡੀ. ਸੀ. ਆ ਗਿਆ। ਅਤੀਆ ਵੀ ਬੱਚੀ ਮੋਨੀ ਨਾਲ ਯੂ. ਐਸ਼ ਏ. ਆ ਗਈ। ਨੌਕਰੀ ਲਈ ਸੰਘਰਸ਼ ਕਰਦਾ ਕਦੀ ਉਹ ਰੀਅਲ ਅਸਟੇਟ, ਕਦੀ ਮਾਰਟਗੇਜ਼, ਕਦੀ ਖਰੀਦੋ-ਫਰੋਖਤ ਦਾ ਕੰਮ ਕਰਦਾ। ਆਖਰ ਉਹਨੂੰ ਡੀ. ਸੀ. ਦੇ ਸਿਹਤ ਅੰਕੜਾ ਵਿਭਾਗ ਵਿਚ ਨੌਕਰੀ ਮਿਲ ਗਈ, ਜਿਥੋਂ ਉਹ ਵੀਹ ਸਾਲ ਦੀ ਨੌਕਰੀ ਪਿਛੋਂ ਰਿਟਾਇਰ ਹੋਇਆ। 1994-95 ਦੌਰਾਨ ਪੰਜਾਬੀ ਬੋਲੀ ਲਈ ਸਰਗਰਮ ਹੋਇਆ। ਜਾਵੇਦ ਬੂਟਾ, ਫਾਰੂਖ ਅਹਿਮਦ, ਫਾਲਕਨ ਆਦਿ ਨਾਲ ਮਿਲ ਕੇ ‘ਅਪਨਾ’ (ਅਕੈਡਮੀ ਆਫ ਪੰਜਾਬ ਇਨ ਨੌਰਥ ਅਮੈਰਿਕਾ) ਦੀ ਸਥਾਪਨਾ ਕੀਤੀ।
ਫਿਰ ਨਜਮ ਹੁਸੈਨ ਸਈਅਦ ਦੀ ਤਰਜ਼ ‘ਤੇ ਉਸ ਨੇ ਹਰ ਹਫਤੇ ‘ਅਦਬੀ ਸੰਗਤ’ ਸ਼ੁਰੂ ਕੀਤੀ, ਜਿਸ ਵਿਚ ਸਭ ਤੋਂ ਪਹਿਲਾਂ ਪੂਰੀ ਦੀ ਪੂਰੀ ਹੀਰ ਵਾਰਿਸ ਪੜ੍ਹੀ ਅਤੇ ਵਿਚਾਰੀ ਗਈ। ਛੇਤੀ ਹੀ ਇਸ ਗਰੁਪ ਵਿਚ ਮੈਂ (ਰਵਿੰਦਰ ਸਹਿਰਾਅ), ਧਰਮਪਾਲ ਉੱਗੀ, ਕੇ. ਵੀ. ਸਿੰਘ, ਰਾਜ ਵਿਰਕ, ਗੁਰਸ਼ਰਨ ਸਿੰਘ, ਗੁਰਬਖਸ਼ ਆਦਿ ਵੀ ਸ਼ਾਮਿਲ ਹੋ ਗਏ। 1980 ਵਿਚ ਫੈਜ਼ ਅਹਿਮਦ ਫੈਜ਼ ਉਸ ਕੋਲ ਆਇਆ ਤਾਂ ਉਸ ਨੂੰ ਉਸ ਦੀ ਮਸ਼ਹੂਰ ਗਜ਼ਲ ‘ਗੁਲੋਂ ਮੇਂ ਰੰਗ ਭਰੇ’ ਸੁਣਾਉਣ ਲਈ ਕਿਹਾ ਗਿਆ ਤਾਂ ਅੱਗਿਓਂ ਫੈਜ਼ ਕਹਿੰਦਾ, “ਇਹ ਗਜ਼ਲ ਹੁਣ ਮੇਰੀ ਨਹੀਂ ਰਹੀ, ਇਹ ਮਹਿਦੀ ਹਸਨ ਦੀ ਹੋ ਗਈ।” ਨਾਲ ਦੀ ਨਾਲ ਉਹ ਪਾਕਿਸਤਾਨ ਦੇ ਅੰਗਰੇਜ਼ੀ ਅਖਬਾਰਾਂ ਅਤੇ ਨਿਊ ਯਾਰਕ ਦੇ ਉਰਦੂ ਅਖਬਾਰਾਂ ਲਈ ਲਗਾਤਾਰ ਹਫਤਾਵਾਰੀ ਕਾਲਮ ਲਿਖਦਾ ਰਿਹਾ।
‘ਵਾਇਸ ਆਫ ਅਮੈਰਿਕਾ’ ਦੇ ਹਿੰਦੀ ਪ੍ਰੋਗਰਾਮ ਵਾਲੇ ਰਮੇਸ਼ ਅਗਨੀਹੋਤਰੀ ਅਤੇ ਉਸ ਦੀ ਪਤਨੀ ਪੁਸ਼ਪਾ ਅਗਨੀਹੋਤਰੀ ਨੂੰ ਲੈ ਕੇ ਡਰਾਮੇ ਕਰਨੇ ਸ਼ੁਰੂ ਕੀਤੇ। ਵੱਖ-ਵੱਖ ਸ਼ਹਿਰਾਂ ਵਿਚ ‘ਅਮਰੀਕਾ ਚੱਲੋ’, ‘ਗਰੀਨ ਕਾਰਡ’ ਤੇ ਨਜ਼ਮ ਹੁਸੈਨ ਦੇ ‘ਤਖਤ ਲਾਹੌਰ’ ਦੀਆਂ ਕਈ ਪੇਸ਼ਕਾਰੀਆਂ ਕੀਤੀਆਂ। ‘ਅਪਨਾ’ ਵਲੋਂ ਚਾਰ-ਪੰਜ ਪੰਜਾਬੀ ਕਾਨਫਰੰਸਾਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਕਰਤਾਰ ਸਿੰਘ ਦੁੱਗਲ, ਆਇਸ਼ਾ, ਰਘਬੀਰ ਸਿੰਘ, ਅਮਰਜੀਤ ਚੰਦਨ, ਸਾਧੂ ਬਿਨਿੰਗ, ਸੁਖਵੰਤ ਹੁੰਦਲ, ਓਂਕਾਰਪ੍ਰੀਤ, ਕੁਲਵਿੰਦਰ ਖਹਿਰਾ ਆਦਿ ਲੇਖਕਾਂ ਨੇ ਸ਼ਿਰਕਤ ਕੀਤੀ।
‘ਅਪਨਾ’ ਦੀ ਇਕ ਹੋਰ ਵੱਡੀ ਪ੍ਰਾਪਤੀ ਇਹ ਸੀ ਕਿ ਉਸ ਵਲੋਂ ਗੁਰਮੁਖੀ ਤੋਂ ਸ਼ਾਹਮੁਖੀ ਵਿਚ ਤਰਜਮੇ ਕੀਤੇ ਗਏ। ਇਨ੍ਹਾਂ ਵਿਚ ਪਾਸ਼ ਦੀ ਚੋਣਵੀਂ ਕਵਿਤਾ, ਵੀਨਾ ਵਰਮਾ, ਕਲਾਮ ਨਾਨਕ, ਕਰਤਾਰ ਸਿੰਘ ਦੁੱਗਲ, ਬਲਵੰਤ ਗਾਰਗੀ, ਨਾਨਕ ਸਿੰਘ, ਸੁਰਜੀਤ ਪਾਤਰ, ਪੂਰਨ ਸਿੰਘ ਆਦਿ ਲੇਖਕਾਂ ਦੀਆਂ ਲਿਖਤਾਂ ਸ਼ਾਮਲ ਹਨ। ਇਸੇ ਤਰ੍ਹਾਂ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਲਹਿੰਦੇ ਪੰਜਾਬ ਦੇ ਨਾਮੀ ਲੇਖਕਾਂ ਜਿਵੇਂ ਨਜਮ ਹੁਸੈਨ ਸਈਅਦ, ਮੁਸ਼ਤਾਕ ਸੂਫੀ ਆਦਿ ਨੂੰ ਤਰਜਮਾਇਆ ਗਿਆ।