ਖਾਮੋਸ਼ ਹੋ ਗਏ, ਇੰਦਰ ਸਿੰਘ ‘ਖਾਮੋਸ਼’

ਡਾ. ਗੁਰਬਖਸ਼ ਸਿੰਘ ਭੰਡਾਲ
ਸ਼ ਇੰਦਰ ਸਿੰਘ ਖਾਮੋਸ਼ ਸਾਡੇ ਵਿਚ ਨਹੀਂ ਰਹੇ। ਪਿਛਲੇ ਦਿਨੀਂ ਉਹ ਸਦੀਵੀ ਸਫਰ ‘ਤੇ ਤੁਰ ਗਏ। ਸ਼ ਖਾਮੋਸ਼ ਹੁਣ ਸਦਾ ਲਈ ਖਾਮੋਸ਼ ਹੋ ਗਏ। ਡੂੰਘੀ ਖਾਮੋਸ਼ੀ ਸੀ, ਉਨ੍ਹਾਂ ਦੇ ਅੰਤਰੀਵ ਵਿਚ। ਇਹ ਖਾਮੋਸ਼ੀ ਉਨ੍ਹਾਂ ਦੀਆਂ ਗੱਲਾਂ ਵਿਚੋਂ ਰਿਸਦੀ ਸੀ, ਜਦ ਵੀ ਉਹ ਫੋਨ ਕਰਦੇ। ਉਨ੍ਹਾਂ ਦੇ ਅੰਦਰ ਦੀ ਸੁੰਨ ਬਹੁਤ ਤੜਫਾਉਂਦੀ ਸੀ ਅਤੇ ਇਸ ਸੁੰਨ ਕਾਰਨ ਹੀ ਉਨ੍ਹਾਂ ਦਾ ਤਖੱਲਸ ਖਾਮੋਸ਼ ਸੀ। ਉਨ੍ਹਾਂ ਦੀ ਖਾਮੋਸ਼ੀ ਦੇ ਬਹੁਤ ਡੂੰਘੇ ਅਰਥ ਸਨ। ਬਹੁਤ ਕੁਝ ਬੋਲਦੀ ਸੀ ਖਾਮੋਸ਼ੀ। ਆਪਣੇ ਅੰਤਰੀਵ ਵਿਚ ਵੱਸੇ ਖਿਆਲਾਂ ਨੂੰ ਦੁਨੀਆਂ ਸਾਹਵੇਂ ਪ੍ਰਗਟਾਉਂਦੇ।

ਸਰੀਰਕ ਰੂਪ ਵਿਚ ਉਹ ਭਾਵੇਂ ਖਾਮੋਸ਼ ਹੋ ਗਏ ਨੇ, ਪਰ ਉਨ੍ਹਾਂ ਦੀਆਂ ਕਿਤਾਬਾਂ ਨੇ ਬੋਲਦੇ ਰਹਿਣਾ, ਸੰਵਾਦ ਰਚਾਉਂਦੇ ਰਹਿਣਾ ਅਤੇ ਗੁਫਤਗੂ ਕਰਦੇ ਰਹਿਣਾ। ਉਨ੍ਹਾਂ ਦੇ ਨਾਵਲਾਂ ਵਿਚ ਸਿਰਜੇ ਪਾਤਰਾਂ ਨੇ ਆਪਣੀ ਕਹਾਣੀ ਸੁਣਾਉਂਦਿਆਂ, ਪਾਠਕਾਂ ਦੇ ਮਨ ਵਿਚ ਬਹੁਤ ਸਾਰੇ ਪ੍ਰਸ਼ਨ ਪੈਦਾ ਕਰਦੇ ਰਹਿਣਾ। ਉਨ੍ਹਾਂ ਦੀਆਂ ਲਿਖਤਾਂ ਨੇ ਪੰਜਾਬੀ ਪਿਆਰਿਆਂ ਦੀ ਚੇਤਨਾ ਵਿਚ ਬਹੁਤ ਕੁਝ ਧਰਿਆ ਹੈ ਅਤੇ ਧਰਦੇ ਰਹਿਣਾ ਹੈ, ਜਿਸ ਵਿਚੋਂ ਇਕ ਨਵੀਂ ਸੋਚ ਅਤੇ ਪੈਗਾਮ ਨੇ ਪੰਜਾਬੀ ਅਦਬ ਨੂੰ ਹੋਰ ਅਮੀਰੀ ਬਖਸ਼ਣੀ ਹੈ।
ਆਦਰਯੋਗ ਇੰਦਰ ਸਿੰਘ ਸ਼ਾਇਦ ‘ਖਾਮੋਸ਼’ ਨਾ ਕਹਾਉਂਦੇ, ਜੇ ਉਨ੍ਹਾਂ ਨੇ ਬਚਪਨੇ ਵਿਚ ਹੰਢਾਈਆਂ ਤੰਗੀਆਂ-ਤੁਰਸ਼ੀਆਂ ਨੂੰ ਪੀੜ-ਦਾਸਤਾਨ ਨਾ ਬਣਾਇਆ ਹੁੰਦਾ। ਇਸ ਨੂੰ ਹਰਫਾਂ ਦੇ ਹਵਾਲੇ ਕਰਨ ਲਈ 45 ਸਾਲ ਦੀ ਉਮਰ ਵਿਚ ਸਾਹਿਤ ਨੂੰ ਸਮਰਪਿਤ ਹੋਣ ਦਾ ਫੈਸਲਾ ਕੀਤਾ। 86 ਸਾਲ ਤੀਕ ਨਿਰੰਤਰ ਲਿਖਣਾ ਅਤੇ ਦੁਨੀਆਂ ਭਰ ਦੇ ਕਲਾਸਿਕ ਸਾਹਿਤ ਨੂੰ ਪੰਜਾਬੀ ਪਿਆਰਿਆਂ ਦੀ ਝੋਲੀ ਵਿਚ ਪਾਉਣ ਵਾਲੇ ਸ਼ ਖਾਮੋਸ਼ ਦਾ ਇਹ ਤਹੱਈਆ ਸੀ ਕਿ ਪੰਜਾਬੀ ਪਾਠਕਾਂ ਨੂੰ ਵਿਸ਼ਵ ਸਾਹਿਤ ਦੇ ਰੂਬਰੂ ਕਰਨਾ ਹੈ। ਪੰਜਾਬੀ ਅਦਬ ਨੂੰ ਵੀ ਉਸ ਮਰਹੱਲੇ ‘ਤੇ ਪਹੁੰਚਾਉਣਾ ਲੋਚਦੇ ਸਨ ਤਾਂ ਕਿ ਪੰਜਾਬੀ ਸਾਹਿਤ, ਵਿਸ਼ਵ ਸਾਹਿਤ ਦਾ ਹਾਣੀ ਹੋ ਸਕੇ। ਉਨ੍ਹਾਂ ਨੂੰ ਵਿਸ਼ਵ ਦਾ ਉਚਤਮ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਸੀ ਅਤੇ ਨਿਰੰਤਰ ਪੜ੍ਹਨਾ ਤੇ ਲਿਖਣਾ, ਉਨ੍ਹਾਂ ਦੀ ਸਿਰੜ-ਸਾਧਨਾ ਸੀ।
ਪੰਜਾਬ ਵਿਚ ਰਹਿੰਦਿਆਂ ਸ਼ ਖਾਮੋਸ਼ ਦੇ ਨਾਵਲ ‘ਕਾਫਰ ਮਸੀਹਾ’ ਦੀ ਮਾਰਫਤ, ਉਨ੍ਹਾਂ ਨਾਲ ਸਾਹਿਤਕ ਨੇੜਤਾ ਤਾਂ ਸੀ, ਪਰ ਕਦੇ ਰਾਬਤਾ ਜਾਂ ਗੱਲਬਾਤ ਨਹੀਂ ਸੀ ਹੋਈ, ਪਰ ਅਮਰੀਕਾ ਆਉਣ ‘ਤੇ, ਅਖਬਾਰ ‘ਪੰਜਾਬ ਟਾਈਮਜ਼’ ਵਿਚ ਨਿਰੰਤਰ ਛਪਦੇ ਲੇਖਾਂ ਪਿਛੋਂ ਉਨ੍ਹਾਂ ਦਾ ਹਰ ਵਾਰ ਫੋਨ ਆਉਣਾ ਮੇਰੇ ਲਈ ਅਸੀਸ ਹੁੰਦਾ ਸੀ। ਲੇਖ ਅਤੇ ਪੰਜਾਬੀ ਅਦਬ ਬਾਰੇ ਉਨ੍ਹਾਂ ਦੇ ਵਿਚਾਰ ਇਕ ਦਾਰਸ਼ਨਿਕ ਦੇ ਸਨ, ਜਿਸ ਨੂੰ ਪੰਜਾਬੀ ਅਦਬ ਨਾਲ ਅੰਤਾਂ ਦਾ ਮੋਹ ਸੀ ਅਤੇ ਬਹੁਤ ਸਮਝ ਸੀ। ਉਨ੍ਹਾਂ ਦੀ ਗੱਲਬਾਤ ਵਿਚ ਬਹੁਤ ਫਿਕਰਮੰਦੀ ਸੀ ਪੰਜਾਬ, ਭਾਰਤ ਅਤੇ ਪੰਜਾਬੀ ਦੀ ਅਜੋਕੀ ਸਥਿਤੀ ਬਾਰੇ। ਉਹ ਬਹੁਤ ਪਿਆਰ ਨਾਲ ‘ਭੰਡਾਲ’ ਦੀ ਥਾਂ ਮੈਨੂੰ ‘ਭੰਡਾਰ’ ਯਾਨਿ ‘ਸ਼ਬਦਾਂ ਦਾ ਭੰਡਾਰ’ ਕਹਿੰਦੇ ਸਨ। ਜਦ ਮੈਂ ਕਹਿਣਾ ਕਿ ਮੈਂ ਤਾਂ ਮਾੜਾ ਮੋਟਾ ਲਿਖਦਾ ਹਾਂ, ਜਦੋਂ ਕਿ ਤੁਸੀਂ ਤਾਂ ਬਹੁਤ ਵੱਡੇ ਲੇਖਕ ਹੋ ਕੇ ਕਿਉਂ ਇੰਨਾ ਮਾਣ ਦਿੰਦੇ ਹੋ? ਤਾਂ ਉਹ ਕਹਿੰਦੇ, ਤੂੰ ਮਾੜਾ ਨਹੀਂ ਸਗੋਂ ਮੋਟਾ ਤੇ ਵਧੀਆ ਲਿਖਦਾ ਏਂ।
ਬਹੁਤ ਸਾਰੀਆਂ ਯਾਦਾਂ ਨੇ ਜੋ ਉਨ੍ਹਾਂ ਦੇ ਤੁਰ ਜਾਣ ਪਿਛੋਂ ਮਨ ਵਿਚ ਆਉਂਦੀਆਂ ਨੇ। ਉਨ੍ਹਾਂ ਦਾ ਕਹਿਣਾ ਸੀ ਕਿ ਭੰਡਾਲ ਤੂੰ ਇਕ ਫਿਨਾਮਿਨਾ ਏ ਅਤੇ ਫਿਨਾਮਿਨਾ ਸਿਰਫ ਕਦੇ ਕਦੇ ਹੀ ਵਾਪਰਦਾ ਏ। ਤੂੰ ਉਨ੍ਹਾਂ ਵਿਚੋਂ ਇਕ ਏਂ, ਕਿਉਂਕਿ ਵਾਰਤਕ ਨੂੰ ਇੰਜ ਵੀ ਲਿਖਿਆ ਜਾ ਸਕਦੈ ਅਤੇ ਕਿਸੇ ਵਿਸ਼ੇ ਦੀਆਂ ਕਿੰਨੀਆਂ ਕੁ ਪਰਤਾਂ ਫਰੋਲੀਆਂ ਜਾ ਸਕਦੀਆਂ, ਇਹ ਤਾਂ ਕੋਈ ਭੰਡਾਲ ਕੋਲੋਂ ਪੁੱਛੇ।
ਉਨ੍ਹਾਂ ਦਾ ਆਖਰੀ ਨਾਵਲ ਛਪਣ ਲਈ ਪ੍ਰੈਸ ਵਿਚ ਸੀ ਅਤੇ ਉਨ੍ਹਾਂ ਦੀ ਬਹੁਤ ਤਮੰਨਾ ਸੀ ਕਿ ਇਸ ਨਵੇਂ ਨਾਵਲ ਬਾਰੇ ਪੰਜਾਬੀ ਚਿੰਤਕਾਂ ਵਿਚ ਨਿੱਠ ਕੇ ਗੱਲਬਾਤ ਹੋਣੀ ਚਾਹੀਦੀ ਹੈ, ਪਰ ਪੰਜਾਬੀਆਂ ਨੇ ਉਨ੍ਹਾਂ ਦਾ ਉਹ ਮਾਣ ਸਤਿਕਾਰ ਨਹੀਂ ਕੀਤਾ, ਜਿਸ ਦੇ ਉਹ ਹੱਕਦਾਰ ਸਨ।
ਸ਼ ਖਾਮੋਸ਼ ਕੈਲੀਫੋਰਨੀਆ ਆਪਣੀ ਧੀ ਕੋਲ ਰਹਿੰਦੇ ਸਨ। ਫਲੂ ਹੋਣ ਪਿਛੋਂ ਦਿਲ ਦਾ ਦੌਰਾ ਪੈਣ ਕਾਰਨ ਉਹ ਦੋ ਕੁ ਦਿਨ ਵਿਚ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ; ਪਰ ਉਹ ਜਾ ਕੇ ਵੀ ਕਿਧਰੇ ਨਹੀਂ ਗਏ, ਉਹ ਆਪਣੀਆਂ ਕਿਤਾਬਾਂ ਵਿਚ ਜਿਉਂਦੇ, ਸ਼ਬਦਾਂ ਵਿਚ ਹੁੰਗਾਰਾ ਭਰਦੇ ਅਤੇ ਆਪਣੇ ਨਾਵਲਾਂ ਦੇ ਪਾਤਰਾਂ ਨਾਲ ਸੰਵਾਦ ਰਚਾਉਂਦੇ ਰਹਿਣਗੇ, ਜਿੰਨਾ ਚਿਰ ਤੀਕ ਉਨ੍ਹਾਂ ਦੀਆਂ ਸਾਹਿਤਕ ਕਿਰਤਾਂ ਜਿਉਂਦੀਆ ਨੇ। ਹਰਫ ਕਦੇ ਮਰਦੇ ਨਹੀਂ।
ਕੁਝ ਲੋਕ ਖਾਮੋਸ਼ ਹੁੰਦਿਆਂ ਵੀ ਖਾਮੋਸ਼ ਨਹੀਂ ਹੁੰਦੇ। ਉਨ੍ਹਾਂ ਵਿਚੋਂ ਸ਼ ਖਾਮੋਸ਼ ਇਕ ਸਨ। ਉਨ੍ਹਾਂ ਦੀਆਂ ਬਾਤਾਂ ਸਮਿਆਂ ਦੀ ਤੰਦੀ ‘ਤੇ ਸਦਾ ਪੈਂਦੀਆਂ ਰਹਿਣੀਆਂ, ਜਦ ਤੀਕ ਪੰਜਾਬੀ ਜੁਬਾਨ ਅਤੇ ਅਦਬ ਜਿਉਂਦਾ ਹੈ।