ਕੁਝ ਮੋੜ ਕੇ ਰੱਖੇ ਵਰਕੇ

ਡਾ. ਅਮਰਜੀਤ ਟਾਂਡਾ
ਪਰਮਜੀਤ ਕਹਿੰਦਾ ਕਿ ਜੇ ਚੇਤਿਆਂ ‘ਚ ਤੂੰ ਨਾ ਰਹੇਗੀਂ ਤਾਂ ਹੋਰ ਕੌਣ ਰਹੇਗਾ! ਉਹ ਰਣਜੀਤ ਨੂੰ ਯਾਦ ‘ਚ ਵਸਾਉਂਦਿਆਂ ਕਹਿੰਦਾ।
ਤੂੰ ਹੂ ਬਹੂ ਕਵਿਤਾ ਜਿਹੀ ਹੋ ਗਈ ਏਂ ਜਾਂ ਇਹ ਵੀ ਕਹਿ ਸਕਦਾਂ ਕਿ ਨਜ਼ਮ ਤੇਰੇ ਵਰਗੀ ਲੱਗਣ ਲੱਗ ਪਈ ਹੈ। ਖਬਰੇ ਤੂੰ ਓਹਦੇ ਵਿਚ ਹੁੰਦੀ ਏਂ ਜਾਂ ਉਹ ਤੇਰੇ ਵਿਚ। ਦੇਖ ਇਹ ਕਿੰਜ ਹੋ ਜਾਂਦਾ ਹੈ ਅਚਾਨਕ ਹੀ। ਮਹਿਬੂਬਾ ਕਿਤੇ ਵੀ ਰਹੇ, ਹਰ ਵੇਲੇ ਆਸ਼ਕ ਦੇ ਸਾਹਾਂ ‘ਚ ਹੀ ਵਸਦੀ ਹੁੰਦੀ ਹੈ। ਜਿੰਦ ਜਾਨ ਬਣ ਕੇ ਰਹਿੰਦੀ ਹੈ, ਅੰਗ ਸੰਗ ਪੈੜਾਂ ਦੇ।

ਨਾ ਤਾਂ ਉਹ ਰਾਤਾਂ ‘ਚ ਸੌਣ ਦਿੰਦੀ ਹੈ ਤੇ ਨਾ ਹੀ ਰੱਜ ਕੇ ਰੋਣ ਦਿੰਦੀ ਹੈ। ਮਿਲਦੀ ਹੈ ਤਾਂ ਬਹਾਨੇ ਗਿਣਦੀ ਸਾਹ ਨਹੀਂ ਲੈਂਦੀ। ਕੋਲ ਬਹਿੰਦੀ ਹੈ ਤਾਂ ਇਸ਼ਕ-ਏ-ਕੱਦ ਮਿਣਨ ਲਗਦੀ ਹੈ। ਇਕ ਇਕ ਗੱਲ ਸਮੇਂ ਦੀਆਂ ਪਰਤਾਂ ਰਾਹਾਂ ‘ਚ ਚਿਣਦੀ ਹੈ।
ਗੱਲਾਂ ਏਦਾਂ ਕਰਦੀ ਹੈ ਜਿਵੇਂ ਮਹਿਕ ਜਿਹੀ ਪੌਣ ਸੁਗੰਧੀਆਂ ਮੁਹੱਬਤ ਤੋਂ ਡਰਦੀਆਂ ਹੋਣ। ਜਿਵੇਂ ਪਹਿਲੇ ਮਿਲਣ ਦੀਆਂ ਘੜੀਆਂ ਹੋਣ। ਪਲ ਹੋਣ ਗਲੇ ਲੱਗਣ ਵਾਲੇ। ਸਾਹ ਹੋਣ ਇਕ ਦੂਸਰੇ ਦੀਆਂ ਗਲਵੱਕੜੀਆਂ ‘ਚ ਸਿਮਟ ਕੇ ਲੈਣ ਵਾਲੇ। ਬੁੱਲਾਂ ਨਾਲ ਦੱਸਣ ਕਹਿਣ ਵਾਲੇ।
ਤੇ ਹਾਂ ਦਿਲ ‘ਚ ਬਹੁਤ ਵਾਰ ਆਉਂਦਾ ਹੈ ਕਿ ਉਹਨੂੰ ਪੁੱਛਾਂ, ਤੂੰ ਕਿੰਜ ਰਹਿਨੀ ਏਂ ਮੇਰੇ ਬਿਨਾ? ਕਿੰਜ ਸਾਹ ਟੁਰਦੇ ਨੇ ਮੇਰੇ ਸਾਹਾਂ ਦੀਆਂ ਧੜਕਣਾਂ ਬਿਨ? ਦਿਲ ਤਾਂ ਕਰਦਾ ਪੁੱਛਾਂ ਕਿ ਕੌਣ ਤੇਰੇ ਨਾਲ ਗੱਲਾਂ ਕਰਦਾ, ਜਦੋਂ ਮੈਂ ਨਹੀਂ ਹੁੰਦਾ। ਕੋਈ ਤਾਂ ਹੋਣਾ ਯਾਦਾਂ ਵਿਚ ਓਸ ਵੇਲੇ, ਤੂੰ ਨਾ ਦੱਸਦੀ; ਪਰ ਸ਼ਰਮਾਉਂਦੀ, ਮੁਸਕਰਾਉਂਦੀ। ਜੋ ਕਦੇ ਕਦੇ ਤੇਰੇ ਵਾਲਾਂ, ਜੂੜੇ ‘ਚ ਤਾਰੇ ਜੜਦਾ ਹੁੰਦਾ ਸੀ। ਏਡੀ ਛੇਤੀ ਨਹੀਂ ਚੇਤਿਓਂ ਮਰਦਾ ਹੁੰਦਾ, ਏਡਾ ਗਹਿਰਾ ਜ਼ਖਮ। ਏਡੇ ਗਹਿਰੇ ਗਹਿਰੇ ਪਹਿਲੀ ਮੁਹੱਬਤ ਵਾਲੇ ਜ਼ਖਮ ਅਜੇ ਤੱਕ ਤਾਂ ਕਿਸੇ ਸ਼ਹਿਰ ਨਗਰ ਪਿੰਡ ਕਦੇ ਨਹੀਂ ਭਰੇ ਦੇਖੇ, ਕਿਉਂਕਿ ਇਸ਼ਕ ਦੇ ਫੱਟਾਂ ਦੀਆਂ ਡੂੰਘਾਈਆਂ ਅਜੇ ਤੱਕ ਕੋਈ ਵੀ ਸਦੀ ਮਿਣ ਨਹੀਂ ਸਕੀ, ਤੇ ਨਾ ਹੀ ਅਜੇ ਤੱਕ ਕੋਈ ਅਜਿਹਾ ਪੈਮਾਨਾ ਹੀ ਬਣਿਆ ਹੈ, ਜੋ ਇਹਦੀਆਂ ਚੀਸਾਂ ਦੀ ਥਾਹ ਪਾ ਸਕੇ।
ਇਸ਼ਕ ਬਿਮਾਰੀ ਜਿਹਨੂੰ ਵੀ ਲੱਗੀ, ਉਹ ਕਦੇ ਵੀ ਕਿਸੇ ਸ਼ਹਿਰ ਹਸਪਤਾਲ ਤੋਂ ਇਸ ਦਾ ਇਲਾਜ ਨਾ ਕਰਵਾ ਸਕਿਆ। ਉਹਦਾ ਡਾਕਟਰ ਮਾਸ਼ੂਕ ਦੀ ਛੋਹ ‘ਚ ਹੀ ਲਿਖਿਆ ਹੋਇਆ ਹੈ। ਓਹਦੇ ਮੋਹ ‘ਚ ਹੀ ਉਕਰਿਆ ਦਿਸਦਾ ਹੈ, ਜਿਸ ਦੀਆਂ ਪੌੜੀਆਂ ਉਹਦਾ ਆਸ਼ਕ ਹਰ ਵੇਲੇ ਚੜ੍ਹਦਾ-ਉਤਰਦਾ ਰਹਿੰਦਾ ਹੈ। ਇਹ ਇਸ਼ਕ ਕੈਂਸਰ ਕਿਸੇ ਨੂੰ ਹੋਵੇ ਨਾ, ਪਰ ਜੇ ਹੋ ਜਾਵੇ ਤਾਂ ਲੈ ਡੁੱਬਦਾ ਹੈ ਕਿਸੇ ਝਨਾਂ ‘ਚ। ਕੱਚੇ ਪੱਕੇ ਦੀ ਇਹਨੂੰ ਪਛਾਣ ਵੀ ਨਹੀਂ ਰਹਿੰਦੀ। ਇਹ ਓਸ ਵੇਲੇ ਪਾਣੀਆਂ ਦੇ ਗੀਤ ਵੀ ਨਹੀਂ ਸੁਣਦਾ। ਪੁੱਛ ਵੀ ਨਹੀਂ ਪਵਾਉਂਦਾ ਕਿਸੇ ਸਿਆਣੇ ਤੋਂ।
ਦਿਲ ਕਰਦਾ ਕਿ ਪੁੱਛਾਂ ਉਹਨੂੰ, ਹੁਣ ਦੱਸ, ਕਿਹੜੇ ਨੋਟ ਗਿਣਾ ਲਏ ਸਨ ਕਿਸੇ ਨੇ! ਨਾ ਹੀ ਤੂੰ ਸੁੱਤੀ ਪਈ ਸੈਂ ਓਸ ਵੇਲੇ ਕਿ ਕਿਸੇ ਨੇ ਸਰ੍ਹਾਣੇ ਨਾਲ ਲਿਆ ਕੇ ਬੰਨ੍ਹ ਦਿਤਾ ਹੋਵੇ ਕੋਈ ਗ੍ਰਹਿਣਿਆ ਹੋਇਆ ਚੰਦ।
ਰਣਜੀਤ, ਜੇ ਆਉਣਾ ਹੋਇਆ ਤਾਂ ਅੱਧੀ ਬਣ ਕੇ ਨਾ ਆਇਆ ਕਰ। ਅੱਧੀ ਗੱਲਬਾਤ, ਅੱਧੀ ਮੁਹੱਬਤ, ਅੱਧਾ ਗਲ ਲੱਗਣਾ ਪਿਆਰ ਨਹੀਂ ਹੁੰਦਾ। ਇਸ਼ਕ ਨਹੀਂ ਹੁੰਦਾ ਉਹ, ਜੋ ਸਟੇਸ਼ਨ ਜਾਂ ਗੱਡੀ ‘ਚ ਸਫਰ ਕੀਤਿਆਂ ਕਿਤੇ ਟੱਕਰ ਜਾਵੇ। ਉਹ ਮੁਹੱਬਤ ਦਾ ਪਰਛਾਵਾਂ ਨਹੀਂ ਹੁੰਦਾ, ਜੋ ਕਿਸੇ ਇਸ਼ਕ ਦੇ ਤੀਰਥ ‘ਤੇ ਜਾਂਦਿਆਂ ਗਲੇ ਲੱਗ ਜਾਵੇ, ਪਲ ਭਰ ਰੋਣ ਲਈ। ਉਨ੍ਹਾਂ ਹਿਚਕੀਆਂ ‘ਚ ਪਿਆਰ ਦੇ ਹਉਕੇ ਨਹੀਂ ਹੁੰਦੇ, ਜੋ ਗਲੇ ‘ਚ ਸੁੱਕੀ ਤਾਰਿਆਂ ਦੀ ਗਰਾਹੀ ਨਾਲ ਆਣ ਉਤਰਦੇ ਹਨ। ਉਨ੍ਹਾਂ ਗਲੀਆਂ ‘ਚੋਂ ਕਦੇ ਮਾਸ਼ੂਕ ਨਹੀਂ ਲੱਭਦੀ, ਜਿਥੇ ਕਦੇ ਕੋਈ ਕੁਆਰੀ ਨਾ ਮਰੀ ਹੋਵੇ ਇਸ਼ਕ ‘ਚ। ਕੀ ਭਾਲੇਂਗਾ ਮੁਹੱਬਤ ਨੂੰ ਜੇ ਝਨਾਂ ਵੀ ਨਹੀਂ ਤਰ ਸਕਦਾ ਤੂੰ।
ਇਸ਼ਕ ਹੁੰਦਾ ਹੈ, ਜੋ ਰਾਤਾਂ ਦੇ ਹਨੇਰੇ ਵੀ ਨਹੀਂ ਦੇਖਦਾ। ਨਹੀਂ ਮਿਣਦਾ ਝਨਾਂ ਦੀਆਂ ਗਹਿਰਾਈਆਂ ਕਦੇ। ਉਹ ਮੁਹੱਬਤ ਹੀ ਕੀ, ਜੋ ਘਰੋਂ ਡਰਦੀ ਡਰਦੀ ਨਿਕਲੇ, ਕੰਧਾਂ ਦੀ ਉਚਾਈ ਦੇਖੇ-ਮਿਣੇ। ਇਸ਼ਕ ਦੀ ਦੂਰੀ ਮਿਣ ਕੇ ਪੱਬ ਰੱਖੇ। ਪਿਆਰ ਦੇ ਟੋਏ ਟਿੱਬੇ ਪੁਣੇ।
ਉਹ ਨਜ਼ਰਾਂ ਹੀ ਕਾਹਦੀਆਂ, ਜੋ ਸੀਨੇ ਦੇ ਪਾਰ ਨਾ ਹੋਣ। ਉਹ ਹੁਸਨ ਹੀ ਕੀ, ਜੋ ਗਸ਼ ਨਾ ਪਾ ਦੇਵੇ, ਵਾਰ ਲਈ ਉਠਾਈ ਤਲਵਾਰ ਨਾ ਸੁੱਟਾ ਦੇਵੇ, ਡਿੱਗ ਨਾ ਪਵੇ ਗਲਵੱਕੜੀ ਪਹਿਨ ਕੇ।
ਜ਼ਿੰਦਗੀ ਨੂੰ ਦੂਜਾ ਨਾਂ ਮੁਹੱਬਤ ਨੇ ਹੀ ਦਿੱਤਾ ਸੀ। ਪਿਆਰ ਦਾ ਗੀਤ ਕਿਸੇ ਕਿਸੇ ਨੂੰ ਹੀ ਗਾਉਣਾ ਆਉਂਦਾ ਹੈ। ਇਸ ਦੀ ਤਰਜ਼ ਸੰਗੀਤਮਈ ਬਣਾਉਣ ‘ਚ ਸਦੀਆਂ ਟੁਰ ਜਾਂਦੀਆਂ ਹਨ। ਇਸ ਦੀ ਖੁਸ਼ਬੂ ਸਰਹੱਦਾਂ ਵੀ ਨਹੀਂ ਰੋਕ ਸਕੀਆਂ। ਇਹ ਹਉਕਿਆਂ ਦੀ ਜੂਨ ਭੋਗਦਾ ਹੈ। ਠੁਰ ਠੁਰ ਕਰਦਾ ਹੈ, ਵਿਛੋੜੇ ਦੀਆਂ ਦਰਦਾਂ ‘ਚ।
ਪਿਆਰ ਨੂੰ ਤੋਲਣ ਲਈ ਤਰਾਜੂ ਨਹੀਂ ਬਣਿਆ ਅਜੇ ਤੱਕ। ਆਸ਼ਕ ਹੀ ਹਨ ਕਲਾਕਾਰ ਇਸ਼ਕ ਦੇ। ਪਿਆਰ ਦੁਨੀਆਂ ਦੀ ਸਭ ਤੋਂ ਉਚੀ ਸੁੱਚੀ ਮੰਜ਼ਿਲ ਬਣੀ ਸੀ। ਵੱਡਾ ਖਜਾਨਾ ਲੁੱਟਣ ਖੋਹਣ ਵਾਲਾ।
ਅੱਧਖਿੜੇ ਫੁੱਲ ਤੇ ਬੁੱਲ ਕਿਸੇ ਨੂੰ ਨਹੀਂ ਮੋਂਹਦੇ ਹੁੰਦੇ। ਬਹਾਰ ਬਣ ਕੇ ਕੋਈ ਆਵੇ ਤਾਂ ਦੁਨੀਆਂ ਦੇ ਬੰਦ ਜਿੰਦਰਾ ਲੱਗੇ ਬੂਹੇ ਵੀ ਖੁੱਲ੍ਹ ਜਾਂਦੇ ਹਨ। ਪੌਣਾਂ ਵਿਛ ਜਾਂਦੀਆਂ ਨੇ ਰਾਹਾਂ ਗਲੀਆਂ ‘ਚ। ਫੁੱਲ ਖਿੜ ਜਾਂਦੇ ਨੇ ਡਾਲੀਆਂ ‘ਤੇ। ਸੂਰਜ ਪਹਿਲਾਂ ਰੁਸ਼ਨਾਉਂਦਾ ਹੈ, ਇਸ਼ਕ ਭਿੱਜੇ ਰਾਹ ਚੁਰਾਹੇ। ਕਲੀਆਂ ਮਹਿਕਾਂ ਵੰਡਣ ਉਨ੍ਹਾਂ ਦਰਾਂ ‘ਤੇ ਹੀ ਆਉਂਦੀਆਂ ਹਨ, ਜਿੱਥੇ ਕਿਤੇ ਪਹਿਲਾਂ ਮੁਹੱਬਤ ਨੇ ਜਨਮ ਲਿਆ ਹੋਵੇ, ਅੱਖ ਖੋਲ੍ਹੀ ਹੋਵੇ ਇਸ਼ਕ ਦੀਆਂ ਕਰੂੰਬਲਾਂ ਨੇ।
ਜਦ ਕਿਤੇ ਉਹ ਵੇਲਾ ਯਾਦ ਕਰਦਿਆਂ ਆ ਜਾਵੇ ਛਾਤੀ ਦੀ ਦਹਿਲੀਜ਼ ‘ਤੇ ਤਾਂ ਉਂਗਲੀ ‘ਚ ਚੁੱਭ ਜਾਂਦੀ ਹੈ, ਓਸ ਪਹਿਲੀ ਮਿਲਣੀ ਦੇ ਸਮੇਂ ਦੀ ਸੂਈ। ਤਰੇੜ ਪੈ ਜਾਂਦੀ ਹੈ ਨੀਂਦਾਂ ‘ਚ। ਇਸ਼ਕ ਬਿਨਾ ਟੁਣਕਾਏ ਘੜੇ ਲੈ ਠਿੱਲ੍ਹ ਪੈਂਦਾ ਹੈ, ਸਮੁੰਦਰਾਂ-ਦਰਿਆਵਾਂ ਵਿਚ। ਉਦੋਂ ਚੱਲਦਿਆਂ, ਬੈਠਦਿਆਂ ਠੇਡੇ ਲੱਗਦੇ ਨੇ ਉਨ੍ਹਾਂ ਵੇਲਿਆਂ ਦੇ, ਜੋ ਪਾਰਕਾਂ, ਕੰਟੀਨਾਂ ਜਾਂ ਬਾਗਾਂ, ਨਦੀਆਂ ਦੇ ਕੰਢਿਆਂ ‘ਤੇ ਗੁਜ਼ਾਰੇ ਹੋਣ। ਘਾਹ ਵਿਚਾਰੇ ਦੀਆਂ ਤਿੜਾਂ ਤੋੜ ਤੋੜ ਬਲੀਦਾਨੀਆਂ ਦਿੱਤੀਆਂ ਹੋਣ। ਕੱਟੇ ਹੋਣ ਜੁਦਾਈ ਦੀਆਂ ਧੁੱਪਾਂ ‘ਚ ਪਿਆਸੇ ਪਲ। ਰੰਗਾਈਆਂ ਹੋਣ ਪੱਗ ਜਿਹੀਆਂ ਗੂੜ੍ਹੇ ਰੰਗ ਦੀਆਂ ਚੁੰਨੀਆਂ। ਸਹਾਰੇ ਭਾਲੇ ਹੋਣ ਕਿਸੇ ਆਪਣੇ ਦੀਆਂ ਬਾਹਾਂ ਦੇ। ਚੰਨ ਤੱਕੇ ਹੋਣ ਰਾਂਝਣ ਜਿਹੇ ਰਾਹਾਂ, ਤਬੇਲਿਆਂ, ਚਰਾਗਾਹਾਂ ਵਿਚ। ਇਸ਼ਕ ਸੁਆਇਆ ਹੋਵੇ ਜੇ ਕਿਤੇ ਨਿੱਘੀ ਬਲਦੀ ਗੋਦ ਵਿਚ।
ਕਦੇ ਨਹੀਂ ਪਰਤਦੇ ਉਹ ਸਮੇਂ, ਜਦ ਇਕ ਦੂਜੇ ਦੀਆਂ ਸੱਜਰੀਆਂ ਪੈੜਾਂ ਦੀ ਧੂੜ ਇਸ਼ਕ ਨੂੰ ਛੁਹਾ ਛੁਹਾ ਕੇ ਨਰਮ ਨਰਮ ਹਿੱਕਾਂ ‘ਤੇ ਨਾ ਮਲੀ ਹੋਵੇ। ਚੁੱਕ ਚੁੱਕ ਲਾਏ ਹੋਣ ਇਕ ਦੂਜੇ ਦੀ ਛੋਹ ਦੇ ਫੁੱਲ ਅੱਖਾਂ, ਬੁੱਲ੍ਹਾਂ ਨੂੰ। ਕਿਤਾਬਾਂ ‘ਚ ਆਖਰੀ ਸਾਹ ਲੈਂਦੇ ਹੋਣ।
ਤੇ ਤੂੰ ਕਹਿੰਦੀ ਹੁੰਦੀ ਸੀ, ਤੂੰ ਪਤਾ ਨਹੀਂ ਕਿਹੜੇ ਪੀਰ ਦੇ ਤਵੀਤ ਘੋਲ ਕੇ ਮੈਨੂੰ ਪਿਆਏ ਹੋਏ ਆ ਕਿ ਮੇਰਾ ਹਰ ਵੇਲੇ ਤੇਰੇ ਹੀ ਅੱਗੇ-ਪਿੱਛੇ ਫਿਰਨ ਨੂੰ ਜੀਅ ਕਾਹਲਾ ਪਿਆ ਰਹਿੰਦਾ ਹੈ। ਜੀਅ ਕਰਦਾ ਰਹਿੰਦਾ ਹੈ ਕਿ ਇਹ ਤੇਰੀ ਸਾਰੀ ਜੰਨਤ ਮੇਰੇ ਨਾਂ ਲੱਗ ਜਾਵੇ। ਤੂੰ ਮੇਰਾ ਰੋਮ ਰੋਮ ਹੋ ਜਾਵੇਂ।
ਤੇ ਹਾਂ! ਇਕ ਵਾਰ ਤੈਂ ਇਹ ਵੀ ਕਿਹਾ ਸੀ ਕਿ ਮੁਹੱਬਤ ਕਹਿੰਦੀ ਹੈ, ਜੇ ਯਾਰ ਦੀ ਬੁੱਕਲ ‘ਚ ਮਰੀਏ ਤਾਂ ਮਰ ਕੇ ਸੁਰਗਾਂ ਨੂੰ ਜਾਈਦਾ।
ਲੋਕ ਸਮਾਧਾਂ ਬਣਾ ਕੇ ਚਿਰਾਗ ਜਗਾਉਣ ਲੱਗ ਜਾਂਦੇ ਨੇ ਇਸ਼ਕ ਦੇ, ਆਪਣੇ ਰੱਤ ਦੇ ਤੇਲ ਪਾ ਕੇ; ਤੇ ਉਹ ਦੀਵੇ ਹਨੇਰੀਆਂ ‘ਚ ਵੀ ਨਹੀਂ ਕਦੇ ਬੁੱਝਦੇ, ਕਿਉਂਕਿ ਇਹੀ ਦੀਵੇ ਨੇ ਸੂਰਜ ਸ਼ਕਤੀਆਂ ਵਾਲੇ, ਜੋ ਕੋਈ ਵੀ ਦੁਨੀਆਂ ‘ਤੇ ਬਲਦੇ ਨਾ ਬੁਝਾ ਸਕਿਆ।
ਜਿਨ੍ਹਾਂ ਵੀ ਚਿਰਾਗਾਂ ਵਿਚ ਸੱਚੀ ਮੁਹੱਬਤ ਬਲੀ ਹੈ, ਉਨ੍ਹਾਂ ‘ਚ ਆਸ਼ਕ ਸ਼ਕਤੀ ਊਰਜਾ ਆਣ ਕਿਰਦੀ ਹੈ, ਜਹਾਨ ਦੀਆਂ ਪਿਆਰ ਦੀਆਂ ਗਲੀਆਂ ‘ਚੋਂ। ਜਿਥੇ ਇਸ਼ਕ ਮਰਦਾ ਹੈ, ਉਥੇ ਹੀ ਆਸ-ਪਾਸ ਦੇ ਪਿੰਡਾਂ, ਕਸਬਿਆਂ ‘ਚ ਮੁਹੱਬਤ ਦੀਆਂ ਕਈ ਕਚਨਾਰਾਂ, ਅਮਲਤਾਸਾਂ ਤੇ ਨੀਲੀਆਂ ਗੁਲਮੋਹਰਾਂ ਖਿੜ੍ਹ ਪੈਂਦੀਆਂ ਹਨ, ਹਰ ਰੋਜ਼। ਉਨ੍ਹਾਂ ਦਰਗਾਹਾਂ ‘ਤੇ ਦੂਰੋਂ ਦੂਰੋਂ ਆਉਂਦੇ ਨੇ ਆਸ਼ਕ ਇਸ਼ਕ ਦੀਆਂ ਚਾਦਰਾਂ ਤੇ ਸ਼ਾਲ ਚੜ੍ਹਾਉਣ।
ਏਹੀ ਵਿਸ਼ਵਾਸ ਹੈ ਇਸ ਜਹਾਨ ਦਾ, ਹਰ ਜ਼ਿੰਦਗੀ ਦੇ ਮੁਕਾਮ ਦਾ, ਹਰ ਇਸ਼ਕ ਪੈਗਾਮ ਦਾ!