ਪੰਜਾਬੀ ਸਿਨੇਮਾ ‘ਚ ਰੁਮਾਂਟਿਕ ਬਦਲਾਓ ਲਿਆਵੇਗਾ ‘ਸੁਫਨਾ’

ਸੁਰਜੀਤ ਜੱਸਲ
ਫੋਨ: 91-98146-07737
ਮੌਜੂਦਾ ਪੰਜਾਬੀ ਸਿਨੇਮਾ ਦੀ ਭੀੜ ਵਿਚ 14 ਫਰਵਰੀ ਨੂੰ ਅੱਲ੍ਹੜ ਦਿਲਾਂ ਦੀ ਪਿਆਰ ਕਹਾਣੀ ਪੇਸ਼ ਕਰਦੀ ਖੂਬਸੁਰਤ ਪੰਜਾਬੀ ਫਿਲਮ ‘ਸੁਫਨਾ’ ਰਿਲੀਜ਼ ਹੋ ਰਹੀ ਹੈ, ਜੋ ‘ਕਿਸਮਤ’ ਵਰਗੀ ਬਲਾਕਬਾਸਟਰ ਫਿਲਮ ਦੇ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਬਣਾਈ ਗਈ ਹੈ। ਜਗਦੀਪ ਸਿੱਧੂ ਅੱਜ ਪੰਜਾਬੀ ਸਿਨੇਮਾ ਦਾ ਨਾਮੀ ਲੇਖਕ-ਨਿਰਦੇਸ਼ਕ ਹੈ, ਜੋ ਦਰਸ਼ਕਾਂ ਦੀ ਨਬਜ਼ ‘ਤੇ ਹੱਥ ਰੱਖਦਿਆਂ ਕਦਮ ਦਰ ਕਦਮ ਸੁਪਰ ਹਿੱਟ ਫਿਲਮਾਂ ਦੀ ਲੜੀ ਚਲਾ ਰਿਹਾ ਹੈ। ਉਸ ਦੀ ਕਲਾਤਮਕ ਸੋਚ ਬਾਰੇ ਸਿਰਫ ਐਨਾ ਹੀ ਕਹਿ ਸਕਦੇ ਹਾਂ ਕਿ ਇਸ ਵੇਲੇ ਪੰਜਾਬੀ ਸਿਨੇਮਾ ਦੀ ਵਾਂਗਡੋਰ ਇੱਕ ਸੁਲਝੇ ਲੇਖਕ-ਨਿਰਦੇਸ਼ਕ ਦੇ ਹੱਥ ਹੈ।

ਪਿਛਲੇ ਸਮਿਆਂ ‘ਚ ਜਗਦੀਪ ਸਿੱਧੂ ਦੀਆਂ ਲਿਖੀਆਂ ਤੇ ਡਾਇਰੈਕਟ ਕੀਤੀਆਂ ਫਿਲਮਾਂ ਮੀਲ ਪੱਥਰ ਸਾਬਤ ਹੋਈਆਂ। ਫਿਲਮ ‘ਸੁਫਨਾ’ ਉਸ ਦੇ ਬਚਪਨ ਦਾ ਇਕ ਵੱਡਾ ਸੁਪਨਾ ਹੈ, ਜੋ ਫਿਲਮੀ ਪਰਦੇ ‘ਤੇ ਹੁਣ ਸੱਚ ਹੋਇਆ ਹੈ। ਇਸ ਫਿਲਮ ਵਿਚ ਉਸ ਨੇ ਐਮੀ ਵਿਰਕ ਤੇ ਤਾਨੀਆ ਦੀ ਰੁਮਾਂਟਿਕ ਜੋੜੀ ਨੂੰ ਪਰਦੇ ‘ਤੇ ਪੇਸ਼ ਕੀਤਾ ਹੈ। ਐਮੀ ਵਿਰਕ ਪੰਜਾਬੀ ਸਿਨੇਮਾ ਦਾ ਇਕ ਸਰਗਰਮ ਨਾਇਕ ਹੈ, ਜਿਸ ਨੇ ਗਾਇਕੀ ਤੋਂ ਫਿਲਮਾਂ ਵੱਲ ਕਦਮ ਵਧਾਉਂਦਿਆਂ ਕਈ ਅਮਿੱਟ ਪੈੜ੍ਹਾਂ ਪਾਈਆਂ। ਐਮੀ ਵਿਰਕ ਉਨ੍ਹਾਂ ਸਫਲ ਗਾਇਕਾਂ ‘ਚੋਂ ਇਕ ਹੈ, ਜਿਨ੍ਹਾਂ ਨੇ ਗਾਇਕੀ ਦੇ ਨਾਲ ਨਾਲ ਫਿਲਮੀ ਪਰਦੇ ‘ਤੇ ਵੀ ਕਮਾਲ ਕੀਤਾ ਹੈ। ‘ਅੰਗਰੇਜ਼’ ਫਿਲਮ ਰਾਹੀਂ ਪਹਿਲੀ ਵਾਰ ਉਹ ‘ਹਾਕਮ’ ਦੇ ਕਿਰਦਾਰ ‘ਚ ਫਿਲਮੀ ਪਰਦੇ ‘ਤੇ ਨਜ਼ਰ ਆਇਆ, ਜਿਸ ਵਿਚ ਉਸ ਨੇ ਨੈਗੇਟਿਵ ਪੱਖ ਵਾਲੇ ਕਿਰਦਾਰ ਨਾਲ ਨਾਇਕ ਦੇ ਬਰਾਬਰ ਦਾ ਕੱਦ ਕੱਢ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ ਸੀ। ਉਸ ਪਿਛੋਂ ਗਿੱਪੀ ਗਰੇਵਾਲ ਦੀ ‘ਅਰਦਾਸ’ ਨਾਲ ਉਹ ਅਦਾਕਾਰੀ ਦੇ ਪਿੜ ‘ਚ ਦੋ ਕਦਮ ਹੋਰ ਅੱਗੇ ਵਧਿਆ। ‘ਬੰਬੂਕਾਟ’ ਦੀ ਗੱਲ ਕਰੀਏ ਤਾਂ ਇਸ ਫਿਲਮ ‘ਚ ਨਾਇਕ ਬਣਦਿਆਂ ਉਸ ਨੇ ਸਿੰਮੀ ਚਾਹਲ ਜਿਹੀ ਨਵੀਂ ਅਦਾਕਾਰਾ ਦੇ ਵੀ ਪੈਰ ਲਾਉਣ ‘ਚ ਕੋਈ ਕਸਰ ਬਾਕੀ ਨਾ ਛੱਡੀ।
ਐਮੀ ਵਿਰਕ ਦੀ ਇਕ ਖਾਸੀਅਤ ਹੈ ਕਿ ਉਹ ਹਰੇਕ ਕਿਰਦਾਰ ‘ਚ ਆਪਣੇ ਆਪ ਨੂੰ ਢਾਲ ਲੈਂਦਾ ਹੈ। ਇਸੇ ਲਈ ਉਸ ਦੀ ਹਰ ਫਿਲਮ ਦਰਸ਼ਕਾਂ ਦੀ ਪਸੰਦ ਹੋ ਨਿਬੜਦੀ ਹੈ, ਭਾਵੇਂ ਉਹ ਮੌਤਾਂ ਦੀ ਤਾਣੀ ਸੁਲਝਾਉਂਦੀ ਰਹੱਸਮਈ ਫਿਲਮ ‘ਸਾਹਬ ਬਹਾਦਰ’ ਹੋਵੇ ਜਾਂ ਫਿਰ ਪਿਆਰ ਮੁਹੱਬਤਾਂ ਦੀ ਕਹਾਣੀ ਦਰਸਾਉਂਦੀ ‘ਕਿਸਮਤ’ ਹੋਵੇ। ਬਿਨਾ ਸ਼ੱਕ ‘ਨਿੱਕਾ ਜ਼ੈਲਦਾਰ’ ਲੜੀ ਦੀਆਂ ਫਿਲਮਾਂ ਨੇ ਉਸ ਨੂੰ ਇੱਕ ਨਵੀਂ ਪਛਾਣ ਦਿੱਤੀ। ਜ਼ਿਆਦਾਤਰ ਫਿਲਮਾਂ ‘ਚ ਉਸ ਦੀ ਨਾਇਕਾ ਸੋਨਮ ਬਾਜਵਾ ਰਹੀ ਹੈ, ਪਰ ਇਨ੍ਹੀਂ ਦਿਨੀਂ ਆ ਰਹੀ ਇਕ ਬਹੁਚਰਚਿਤ ਫਿਲਮ ‘ਸੁਫਨਾ’ ਵਿਚ ਉਸ ਦੀ ਜੋੜੀ ਤਾਨੀਆ ਨਾਲ ਬਣੀ ਹੈ।
ਜ਼ਿਕਰਯੋਗ ਹੈ ਕਿ ‘ਸੁਫਨਾ’ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਸੁਪਰ ਹਿੱਟ ਰਹੀ ਲਵ ਸਟੋਰੀ ਫਿਲਮ ‘ਕਿਸਮਤ’ ਵਾਂਗ ਹੀ ਇੱਕ ਪ੍ਰੇਮ ਕਹਾਣੀ ‘ਤੇ ਆਧਾਰਤ ਹੈ, ਪਰ ਇਸ ਦਾ ਕਲਾਈਮੈਕਸ ਦਰਸ਼ਕਾਂ ਨੂੰ ਉਦਾਸ ਨਹੀਂ ਕਰੇਗਾ। ਲੇਖਕ ਤੇ ਨਿਰਦੇਸ਼ਕ ਜਗਦੀਪ ਸਿੱਧੂ ਦੀ ਹਰ ਫਿਲਮ ਹਮੇਸ਼ਾ ਹੀ ਨਵੇਂ ਵਿਸ਼ੇ ‘ਤੇ ਆਧਾਰਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ ਰਾਹੀਂ ਉਸ ਨੇ ਅਲੱ੍ਹੜ ਦਿਲਾਂ ‘ਚ ਉਪਜੇ ਪ੍ਰੇਮ ਸਬੰਧਾਂ ਦੀ ਸੱਚੀ ਦਾਸਤਾਨ ਬਿਆਨ ਕੀਤੀ ਹੈ।
ਅਦਾਕਾਰਾ ਤਾਨੀਆ ਜਿੱਥੇ ਰੰਗ ਰੂਪ, ਨਾਜ਼ ਨਖਰਿਆਂ ਦੀ ਪੁਜ ਕੇ ਅਮੀਰ ਹੈ, ਉਥੇ ਅਦਾਕਾਰੀ ਵਿਚ ਵੀ ਸੋਲਾਂ ਕਲਾਂ ਸੰਪੂਰਨ ਹੈ। ਇਹ ਉਹੀ ਤਾਨੀਆ ਹੈ, ਜਿਸ ਨੇ ‘ਕਿਸਮਤ’ ਫਿਲਮ ਵਿਚ ਐਮੀ ਵਿਰਕ ਦੀ ਮੰਗੇਤਰ ਕੁੜੀ ‘ਅਮਨ’ ਦਾ ਕਿਰਦਾਰ ਨਿਭਾਇਆ ਸੀ ਤੇ ‘ਗੁੱਡੀਆਂ ਪਟੋਲੇ’ ਫਿਲਮ ਵਿਚ ਸੋਨਮ ਬਾਜਵਾ (ਕੈਸ਼) ਦੀ ਛੋਟੀ ਭੈਣ ‘ਨਿਕੋਲ’ ਦੇ ਕਿਰਦਾਰ ‘ਚ ਨਜ਼ਰ ਆਈ ਸੀ। ਤਾਨੀਆ ਨੇ ‘ਸੰਨ ਆਫ ਮਨਜੀਤ ਸਿੰਘ’ ਅਤੇ ‘ਰੱਬ ਦਾ ਰੇਡੀਓ-2’ ਵਿਚ ਵੀ ਕਮਾਲ ਦੀ ਅਦਾਕਾਰੀ ਵਿਖਾਈ। ਉਸ ਦੀ ਮਿਹਨਤ ਅਤੇ ਲਗਨ ਹੀ ਹੈ ਕਿ ਉਸ ਦੇ ਮੁਖੜੇ ‘ਤੇ ਇਕ ਨਿਵੇਕਲਾ ਫਿਲਮੀ ਨਿਖਾਰ ਝਲਕਾਰੇ ਮਾਰ ਰਿਹਾ ਹੈ ਤੇ ਇਸ ਨਵੀਂ ਫਿਲਮ ਨਾਲ ਬਤੌਰ ਨਾਇਕਾ ਆਪਣਾ ‘ਸੁਫਨਾ’ ਸੱਚ ਕਰ ਰਹੀ ਹੈ।
ਤਾਨੀਆ ਦਾ ਜਨਮ ਤਾਂ ਜਮਸ਼ੇਦਪੁਰ ਦਾ ਹੈ, ਪਰ ਉਸ ਦਾ ਪਾਲਣ ਪੋਸਣ ਤੇ ਮੁਢਲੀ ਪੜ੍ਹਾਈ ਅੰਮ੍ਰਿਤਸਰ ‘ਚ ਹੋਈ। ਕਲਾ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ। ਰੰਗਮੰਚ ਕਰਦਿਆਂ ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਗਾਤਾਰ ਛੇ ਵਾਰ ਬੈਸਟ ਅਦਾਕਾਰਾ ਦਾ ਐਵਾਰਡ ਵੀ ਜਿੱਤਿਆ। ਇਸੇ ਦੌਰਾਨ ਉਸ ਨੂੰ ਬਾਲੀਵੁੱਡ ਫਿਲਮ ‘ਸਰਬਜੀਤ’ ਵੀ ਆਫਰ ਹੋਈ, ਪਰ ਉਹ ਆਪਣੇ ਫਾਈਨਲ ਪੇਪਰਾਂ ਕਰਕੇ ਕਰ ਨਾ ਸਕੀ। ਫਿਰ ‘ਸੰਨ ਆਫ ਮਨਜੀਤ ਸਿੰਘ’ ਫਿਲਮ ਨਾਲ ਉਸ ਨੇ ਪੰਜਾਬੀ ਸਿਨੇਮਾ ਵੱਲ ਕਦਮ ਵਧਾਇਆ।
‘ਸੁਫਨਾ’ ਫਿਲਮ ਬਾਰੇ ਤਾਨੀਆ ਦਾ ਕਹਿਣਾ ਹੈ ਕਿ ਇਸ ਫਿਲਮ ਰਾਹੀਂ ਦਰਸ਼ਕ ਉਸ ਨੂੰ ਨਵੇਂ ਰੂਪ-ਰੰਗ ਵਿਚ ਵੇਖਣਗੇ। ਉਸ ਦਾ ਕਿਰਦਾਰ ਇਕ ਪਿੰਡ ਦੀ ਦਲੇਰ ਕੁੜੀ ਦਾ ਹੈ, ਜੋ ਆਪਣੇ ਪਿਆਰ ਨੂੰ ਪਾਉਣ ਲਈ ਸਮਾਜ ਨਾਲ ਟਕਰਾਉਣ ਦੀ ਹਿੰਮਤ ਰੱਖਦੀ ਹੈ। ਉਸ ਨੇ ਆਪਣੇ ਕਿਰਦਾਰ ਨੂੰ ਪ੍ਰਭਾਵਸ਼ਾਲੀ ਬਣਾਉਣ ਸਖਤ ਮਿਹਨਤ ਕੀਤੀ ਤੇ ਡਾਈਟ ‘ਤੇ ਰਹਿ ਕੇ ਆਪਣਾ ਵਜ਼ਨ ਵੀ ਘਟਾਇਆ।
ਪੰਜ ਪਾਣੀ ਫਿਲਮਜ਼ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਗੁਰਪ੍ਰੀਤ ਸਿੰਘ ਤੇ ਨਵਨੀਤ ਸਿੰਘ ਵਿਰਕ ਹਨ। ਫਿਲਮ ਦੀ ਕਹਾਣੀ ਦਰਸ਼ਕਾਂ ਦੇ ਦਿਲਾਂ ਨੂੰ ਝੰਜੋੜੇਗੀ ਤੇ ਗੀਤ-ਸੰਗੀਤ ਵੀ ਰੂਹਾਂ ਦੀ ਗੱਲ ਕਰਦਾ ਮਨਾਂ ਦੀ ਹੂਕ ਬਣੇਗਾ। ਲੇਖਕ ਤੇ ਨਿਰਦੇਸ਼ਕ ਜਗਦੀਪ ਸਿੱਧੂ ਦਾ ਕਹਿਣਾ ਹੈ ਕਿ ਇਹ ਫਿਲਮ ਅਜੋਕੇ ਦੌਰ ਦੀ ਕਹਾਣੀ ਹੈ, ਜੋ ਜਾਤਾਂ-ਪਾਤਾਂ ਤੋਂ ਉਪਰ ਉਠ ਕੇ ਸੱਚੀਆਂ-ਸੁੱਚੀਆਂ ਮੁਹੱਬਤਾਂ ਅਤੇ ਜ਼ਿੰਦਗੀ ਦੇ ਹੁਸੀਨ ਸੁਫਨਿਆਂ ਦੀ ਗੱਲ ਕਰਦੀ ਹੈ। ਫਿਲਮ ਦਾ ਨਾਇਕ ਜਿਮੀਂਦਾਰ ਪਰਿਵਾਰ ਦਾ ਪੜ੍ਹਾਕੂ ਮੁੰਡਾ ਹੈ ਤੇ ਨਾਇਕਾ ਮਿਹਨਤਕਸ਼ ਪਰਿਵਾਰਾਂ ਦੀ ਉਚੇ ਸੁਫਨੇ ਵੇਖਣ ਵਾਲੀ ਖੂਬਸੂਰਤ ਮੁਟਿਆਰ ਹੈ।
ਫਿਲਮ ਦੀ ਸਾਰੀ ਸ਼ੂਟਿੰਗ ਰਾਜਸਥਾਨ ਦੇ ਨਰਮਾ ਪੱਟੀ ਇਲਾਕੇ ‘ਚ ਕੀਤੀ ਗਈ ਹੈ, ਜੋ ਉਥੋਂ ਦੇ ਕਲਚਰ ਅਤੇ ਰਹਿਣ-ਸਹਿਣ ਨੂੰ ਪਹਿਲੀ ਵਾਰ ਪਰਦੇ ‘ਤੇ ਵਿਖਾਏਗੀ। ਫਿਲਮ ਵਿਚ ਐਮੀ ਵਿਰਕ ਅਤੇ ਤਾਨੀਆ ਤੋਂ ਇਲਾਵਾ ਜਗਜੀਤ ਸੰਧੂ, ਜੈਸਮੀਨ ਬਾਜਵਾ, ਸੀਮਾ ਕੌਸ਼ਲ, ਕਾਕਾ ਕੌਤਕੀ, ਮੋਹਨੀ ਤੂਰ, ਰਬਾਬ ਕੌਰ, ਮਿੰਟੂ ਕਾਪਾ, ਬਲਵਿੰਦਰ ਬੁਲਟ, ਲੱਖਾ ਲਹਿਰੀ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਗੀਤ-ਸੰਗੀਤ ਬੀ ਪਰਾਕ ਨੇ ਤਿਆਰ ਕੀਤਾ ਹੈ ਤੇ ਗੀਤ ਜਾਨੀ ਨੇ ਲਿਖੇ ਹਨ। ਜਾਤ-ਪਾਤ, ਧਰਮਾਂ ਤੋਂ ਉਪਰ ਉਠ ਕੇ ਪਿਆਰ ਦੀ ਭਾਸ਼ਾ ਨੂੰ ਸਮਝਾਉਂਦੀ ਫਿਲਮ ‘ਸਫਨਾ’ 14 ਫਰਵਰੀ (ਵੈਲਨਟਾਈਨ ਡੇ) ਨੂੰ ਰਿਲੀਜ਼ ਹੋਵੇਗੀ।