ਡਾ. ਹਰਪਾਲ ਸਿੰਘ ਪੰਨੂ
ਫੋਨ: 91-94642-51454
ਮੈਡਮ ਟਿਵਾਣਾ ਮੇਰੇ ਅਧਿਆਪਕ ਤਾਂ ਸਨ ਹੀ ਮੇਰੀ ਹਰ ਮੁਸ਼ਕਿਲ ਵਿਚ ਵੀ ਸਹਾਈ ਹੁੰਦੇ। ਸਿਆਸਤ ਨਾਲ ਵਾਹ ਵਾਸਤਾ ਨਹੀਂ ਪਰ ਦਰਬਾਰ ਸਾਹਿਬ ਉਪਰ ਹਮਲੇ ਆਪ੍ਰੇਸ਼ਨ ਬਲੂ ਸਟਾਰ ਬਾਅਦ 1984 ਵਿਚ ਜਦੋਂ ਮੈਨੂੰ ਬੰਦੀ ਬਣਾ ਲਿਆ, ਜੇਲ੍ਹ ਵਿਚ ਮੁਲਾਕਾਤ ਕਰਨ ਆਏ। ਮੈਨੂੰ ਕੋਈ ਲੋੜ ਪੈਂਦੀ ਉਨ੍ਹਾਂ ਦਾ ਹੀ ਦਰ ਖੜਕਾਉਂਦਾ। ਮੇਰੇ ਉਪਰ ਉਨ੍ਹਾਂ ਦੇ ਉਪਕਾਰਾਂ ਦਾ ਬੋਝ ਵਧਦਾ ਰਿਹਾ।
ਇਕ ਦਿਨ ਪੁਛ ਹੀ ਲਿਆ, “ਤੁਹਾਡਾ ਕਰਜ਼ਾ ਕਿਵੇਂ ਚੁਕਾਵਾਂ ਮੈਡਮ? ਮੈਂ ਤੁਹਾਡੇ ਕਿਸੇ ਕੰਮ ਨ੍ਹੀਂ ਆ ਸਕਦਾ।”
ਕਹਿੰਦੇ, “ਤੂੰ ਹਮੇਸ਼ਾਂ ਮੇਰੇ ਤੋਂ ਛੋਟਾ ਰਹੇਂਗਾ, ਮੇਰਾ ਕਰਜ਼ਾ ਇਉਂ ਨਹੀਂ ਉਤਰੇਗਾ। ਮੇਰਾ ਕਰਜ਼ ਉਤਾਰਨਾ ਚਾਹੇਂ ਤਾਂ ਆਪਣੇ ਤੋਂ ਛੋਟਿਆਂ, ਲੋੜਵੰਦਾ ਨਾਲ ਹਮਦਰਦੀ ਕਰਦਾ ਰਹੀਂ ਜਿਵੇਂ ਮੈਂ ਤੇਰੇ ਨਾਲ ਕੀਤੀ।”
ਮੈਡਮ ਕਿਹਾ ਕਰਦੇ, “ਅਸੀਂ ਆਪਣੇ ਪਿਆਰਿਆਂ ਦੀਆਂ ਯਾਦਾਂ ਸਦਕਾ ਜਿਉਂਦੇ ਹਾਂ। ਸਾਡੇ ਵਜੂਦ ਦੀਆਂ ਯਾਦਾਂ ਦਾ ਕੁੱਲ ਜੋੜ ਸਾਡੀ ਸ਼ਖਸੀਅਤ ਬਣਦਾ ਹੈ। ਜਦੋਂ ਸਾਡਾ ਮਿੱਤਰ-ਸਖਾ ਸਾਥੋਂ ਵਿਛੜ ਜਾਏ, ਸਾਡੇ ਵਜੂਦ ਦਾ ਇਕ ਹਿੱਸਾ ਮਰ ਜਾਂਦਾ ਹੈ ਜਿਸ ਸਦਕਾ ਉਹ ਬਣਿਆ ਸੀ। ਸਾਨੂੰ ਆਪਣੇ ਮਰ ਚੁੱਕੇ ਹਿੱਸੇ ਸਦਕਾ ਕਸ਼ਟ ਹੁੰਦਾ ਹੈ।”
ਆਖਰੀ ਕੁਝ ਹਫਤੇ ਰਾਬਿੰਦਰਨਾਥ ਟੈਗੋਰ ਨੇ ਅਪਣੇ ਮਿੱਤਰ ਅਤੇ ਸ਼ਾਂਤੀ ਨਿਕੇਤਨ ਵਿਚ ਫਿਲਾਸਫੀ ਪੜ੍ਹਾਉਂਦੇ ਪ੍ਰੋਫੈਸਰ ਸੁਰਿੰਦਰਨਾਥ ਦਾਸ ਦੀ ਧੀ ਮੈਤਰੀ ਦੇਵੀ ਦੇ ਬੰਗਲੇ ਵਿਚ ਦਾਰਜੀਲਿੰਗ ਬਿਤਾਏ। ਇਨ੍ਹਾਂ ਦਿਨਾਂ ਦੀਆਂ ਯਾਦਾਂ ਉਪਰ ਮੈਤਰੀ ਨੇ ਕਿਤਾਬ ਲਿਖ ਦਿੱਤੀ ‘ਟੈਗੋਰ ਬਾਈ ਫਾਇਰਸਾਈਡ’। ਉਸ ਕਿਤਾਬ ਵਿਚ ਲਿਖਿਆ, “ਉਚਾ ਸੁਣਨ ਲੱਗ ਗਿਆ ਸੀ। ਆਪਣੇ ਹੋਂਠ ਉਨ੍ਹਾਂ ਦੇ ਕੰਨ ਨਜ਼ਦੀਕ ਲਿਜਾ ਕੇ ਕੋਈ ਗੱਲ ਪੁਛਦੇ, ਜਵਾਬ ਉਡੀਕਦੇ। ਇਕ ਦਿਨ ਹੱਸ ਪਏ। ਕਹਿੰਦੇ, ਕੁਦਰਤ ਨੇ ਦਿੱਤੇ ਸਨ ਕੰਨ ਮੈਤਰੀ, ਜੇ ਵਾਪਸ ਮੰਗਣ ਆ ਗਈ ਤਾਂ ਇਤਰਾਜ਼ ਕਿਸ ਗੱਲ ਦਾ? ਅੱਖਾਂ ਤਾਂ ਰਹਿਣ ਦਏਗੀ ਮੇਰੇ ਕੋਲ, ਕਿ ਅੱਖਾਂ ਵੀ ਮੰਗਣ ਆਏਗੀ? ਮੇਰੇ ਵਰਗਾ ਦਰਸ਼ਕ ਕਿਥੋਂ ਲੱਭੇਗੀ ਮੇਰੇ ਬਾਅਦ? ਕੁਦਰਤ ਨੂੰ ਇਹ ਕੀ ਹੋ ਗਿਆ ਮੈਤਰੀ? ਅਪਣੇ ਹੱਥੀਂ ਅਪਣੀ ਜੇਬ ਆਪ ਕਿਉਂ ਕੁਤਰਨ ਲੱਗੀ ਹੈ ਕੁਦਰਤ? ਤਾਂ ਵੀ, ਉਦਾਸ ਹੋਣ ਦੀ ਕੋਈ ਗੱਲ ਨਹੀਂ। ਤੁਹਾਡੀਆਂ ਅੱਖਾਂ ਸਾਹਮਣੇ ਜਿਹੜਾ ਟੈਗੋਰ ਬੈਠਾ ਹੈ ਉਹ ਚਲਾ ਜਾਏਗਾ। ਇਕ ਟੈਗੋਰ ਤੁਹਾਡੀਆਂ ਅੱਖਾਂ ਦੇ ਪਿੱਛੇ ਵੀ ਤਾਂ ਬੈਠਾ ਹੈ ਮੈਤਰੀ, ਉਹ ਇਥੇ ਹੀ ਰਹੇਗਾ।
ਅੱਖਾਂ ਪਿੱਛੇ ਹਮੇਸ਼ ਬੈਠੀ ਰਹੇਗੀ ਸਾਡੀ ਪਿਆਰੀ ਮੈਡਮ ਟਿਵਾਣਾ।