ਸੁਰਿੰਦਰ ਸਿੰਘ ਭਾਟੀਆ
ਫੋਨ: 224-829-1437
ਧਾਰਮਿਕ ਤੇ ਸਿਆਸੀ ਵਿਸ਼ੇ ਵਾਲੀ ਫਿਲਮ ਹਮੇਸ਼ਾ ਹੀ ਵਿਵਾਦ ਦਾ ਵਿਸ਼ਾ ਰਹੀ ਹੈ। ਇਸੇ ਵਿਸ਼ੇ ‘ਤੇ ਆਧਾਰਿਤ ਫਿਲਮ ‘ਕਾਰਪਸ ਕ੍ਰਿਸਟੀ’ ਵੀ ਵਿਵਾਦਾਂ ‘ਚ ਘਿਰੀ ਰਹੀ ਤੇ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਤਾਂ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਕਈ ਲੋਕੇਸ਼ਨਾਂ ‘ਤੇ ਸ਼ੂਟਿੰਗ ਕਰਨ ਦੀ ਇਜਾਜ਼ਤ ਨਾ ਮਿਲੀ ਤੇ ਕਈ ਥਾਂਈਂ ਸ਼ੂਟਿੰਗ ਰੋਕ ਦਿੱਤੀ ਗਈ। ਫਿਲਮ ਦੇ ਰਿਲੀਜ਼ ਮੌਕੇ ਵੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਫਿਲਮ ਦਾ ਕਾਫੀ ਵਿਰੋਧ ਹੋਇਆ ਅਤੇ ਐਂਟੀ ਕੈਥੋਲਿਕ ਤੇ ਐਂਟੀ ਕ੍ਰਿਸਚਨ ਤੱਕ ਆਖਿਆ ਗਿਆ। ਆਲੋਚਕਾਂ ਦਾ ਕਿੰਤੂ ਸੀ ਕਿ ਫਿਲਮ ਵਿਚ ਇਕ ਅਪਰਾਧੀ ਨੂੰ ਪਾਦਰੀ ਦੇ ਰੋਲ ਵਿਚ ਦਿਖਾਇਆ ਗਿਆ ਹੈ।
ਜਦੋਂ ਫਿਲਮ ਨੇ ਰਿਲੀਜ਼ ਹੋ ਕੇ ਕਾਮਯਾਬੀ ਦੇ ਝੰਡੇ ਗੱਡੇ ਤਾਂ ਇਸ ਦੀ ਅਪਾਰ ਸਫਲਤਾ ਨੇ ਨੁਕਤਾਚੀਨਾਂ ਦੇ ਮੂੰਹ ਬੰਦ ਕਰ ਦਿੱਤੇ। ਫਿਲਮ ਨੇ ਦੁਨੀਆਂ ਦੇ ਹਰ ਵੱਡੇ ਫਿਲਮ ਫੈਸਟੀਵਲ ਵਿਚ ਇਨਾਮ ਜਿੱਤੇ। ਹੀਰੋ ਦਾ ਕਿਰਦਾਰ ਨਿਭਾਉਣ ਵਾਲੇ ਬਾਰਟੋਸਜ਼ ਬਾਈਲੀਨੀਆ (ਭਅਰਟੋਸਡ ਭਇਲeਨਅਿ) ਨੂੰ ਸ਼ਿਕਾਗੋ ਤੇ ਸਟਾਕਹੋਮ ਫਿਲਮ ਫੈਸਟੀਵਲ ਵਿਚ ਬੈਸਟ ਐਕਟਰ ਦਾ ਇਨਾਮ ਮਿਲਿਆ। ਇੰਗਲੈਂਡ, ਨਿਊਜ਼ੀਲੈਂਡ, ਆਸਟਰੇਲੀਆ, ਕਈ ਏਸ਼ੀਅਨ ਮੁਲਕਾਂ ਤੇ ਅਮਰੀਕਾ ਸਮੇਤ 40 ਦੇਸ਼ਾਂ ਨੇ ਫਿਲਮ ਆਪਣੇ ਦੇਸ਼ਾਂ ਵਿਚ ਦਿਖਾਉਣ ਲਈ ਖਰੀਦ ਲਈ ਹੈ।
ਫਿਲਮ ਦੀ ਸਫਲਤਾ ਦਾ ਅੰਦਾਜ਼ਾ ਇਥੋਂ ਵੀ ਲਾਇਆ ਜਾ ਸਕਦਾ ਹੈ ਕਿ ਇਹ ਇਸ ਸਾਲ ਦੁਨੀਆਂ ਦੇ ਸਭ ਤੋਂ ਵੱਕਾਰੀ ਆਸਕਰ ਐਵਾਰਡ 92 ਲਈ ਨਾਮਜ਼ਦ ਹੋਈ ਹੈ। ਇਸੇ ਕਾਮਯਾਬੀ ਦੇ ਮੱਦੇਨਜ਼ਰ ਪਿਛਲੇ ਦਿਨੀਂ ਸ਼ਿਕਾਗੋ ਦੇ ਆਰਟ ਥਿਏਟਰ ਵਿਚ ਫਿਲਮ ਦਾ ਵਿਸ਼ੇਸ ਸ਼ੋਅ ਹੋਇਆ, ਜਿਸ ਨੂੰ ਫਿਲਮ ਇੰਡਸਟਰੀ ਦੀਆਂ ਨਾਮੀ ਸ਼ਖਸੀਅਤਾਂ ਤੇ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।
‘ਕਰਾਪਸ ਕ੍ਰਿਸਟੀ’ ਦੀ ਕਹਾਣੀ ਇਸ ਤਰ੍ਹਾਂ ਹੈ ਕਿ ਨੌਜਵਾਨ ਡੈਨੀਅਲ ਇਕ ਮੁਜ਼ਰਿਮ ਹੈ ਤੇ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਹੈ। ਜੇਲ੍ਹ ਦੀ ਪ੍ਰਾਰਥਨਾ ਸਭਾ ਦੌਰਾਨ ਪਾਦਰੀ ਨਾਲ ਅਰਾਧਨਾ ਵਿਚ ਸ਼ਾਮਿਲ ਹੋ ਕੇ ‘ਡੀ ਲਾਰਡ ਮਾਈ ਸੈਪਰਡ’ ਗਾਉਂਦਾ ਹੈ। ਉਹ ਸਭ ਕੁਝ ਡੈਨੀਅਲ ਨੂੰ ਚੰਗਾ ਵੀ ਲਗਦਾ ਹੈ। ਉਸ ਨੂੰ ਪਾਦਰੀ ਜਿਹੇ ਧਰਮ ਪ੍ਰਚਾਰਕ ਦੇ ਕੱਪੜੇ ਪਾਉਣ ਦਾ ਸ਼ੌਕ ਜਾਗ ਉਠਦਾ ਹੈ। ਆਪਣੀ ਅੰਤਰ ਆਤਮਾ ਵਿਚ ਉਸ ਨੂੰ ਲਗਦਾ ਹੈ ਕਿ ਉਸ ਵਿਚ ਪਾਦਰੀ ਬਣਨ ਲਈ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ, ਪਰ ਨਾਲ ਹੀ ਇਹ ਖਿਆਲ ਵੀ ਸਤਾਉਂਦਾ ਹੈ ਕਿ ਉਹ ਇਕ ਮੁਜ਼ਰਿਮ ਹੈ।
ਜੇਲ੍ਹ ਦੇ ਨਿਯਮ ਮੁਤਾਬਿਕ ਜ਼ਮਾਨਤ ਮਿਲਣ ‘ਤੇ ਉਹ ਇਕੱਲਾ ਹੀ ਇਕ ਲੱਕੜ ਮਿੱਲ ਵਿਚ ਕੰਮ ਕਰਨ ਲਈ ਜਾਣ ਵਾਸਤੇ ਇਕ ਚਰਚ ਦੀ ਬੱਸ ਵਿਚ ਬੈਠ ਜਾਂਦਾ ਹੈ। ਪਾਦਰੀ ਦੇ ਕੱਪੜੇ ਪਾਏ ਹੋਣ ਕਾਰਨ ਟਾਊਨ ਦੇ ਲੋਕ ਉਸ ਨੂੰ ਨਵਾਂ ਫਾਦਰ ਥਾਮਸ ਸਮਝ ਲੈਂਦੇ ਹਨ। ਟਾਊਨ ਵਿਚ ਇਕ ਤ੍ਰਾਸਦੀ ਵਾਪਰ ਚੁਕੀ ਹੈ। ਇਕ ਵੈਨ ਹਾਦਸੇ ਵਿਚ ਪਿੰਡ ਦੇ ਕੁਝ ਪਰਿਵਾਰਾਂ ਦੇ ਨੌਜਵਾਨ ਬੱਚਿਆਂ ਦੀ ਮੌਤ ਹੋ ਚੁਕੀ ਹੈ। ਪਿੰਡ ਦੇ ਲੋਕ ਇਸ ਦੁਖਾਂਤ ਲਈ ਇਕ ਦੂਜੇ ਦੇ ਪਰਿਵਾਰਾਂ ਨੂੰ ਦੋਸ਼ ਦਿੰਦੇ ਹਨ ਤੇ ਹਾਦਸੇ ਨੂੰ ਸ਼ੱਕੀ ਮੰਨਦੇ ਹਨ। ਉਨ੍ਹਾਂ ਦੀ ਆਪਸੀ ਸਾਂਝ ਕਰੀਬ ਟੁੱਟਣ ਕਿਨਾਰੇ ਹੈ। ਸਿਰਫ ਇਕ ਚਰਚ ਹੀ ਹੈ, ਜਿਥੇ ਉਹ ਇਕੱਠੇ ਹੁੰਦੇ ਹਨ।
ਇਸ ਮੌਕੇ ਡੈਨੀਅਲ ਪਾਦਰੀ ਬਣ ਕੇ ਆਪਣੀ ਚੁੰਬਕੀ ਸ਼ਖਸੀਅਤ ਨਾਲ ਸਥਿਤੀ ਨੂੰ ਸੁਧਾਰਨ ਲਈ ਯਤਨ ਕਰਦਾ ਹੈ, ਪਰ ਉਸ ਨੇ ਕੋਈ ਧਾਰਮਿਕ ਸਿਖਿਆ ਨਹੀਂ ਸੀ ਲਈ ਹੋਈ, ਪੂਰੀ ਜ਼ਿੰਦਗੀ ਕੋਈ ਸਮਾਜਕ ਜਿੰਮੇਵਾਰੀ ਨਹੀਂ ਸੀ ਨਿਭਾਈ। ਕਦੀ ਧਾਰਮਿਕ ਮਰਿਆਦਾ ਦੇ ਬੰਧਨ ਵਿਚ ਨਹੀਂ ਸੀ ਬੱਝਾ। ਡਰੱਗ, ਸ਼ਰਾਬ ਤੇ ਭੈੜੇ ਕੰਮਾਂ ਵਾਲੇ ਹੀ ਉਸ ਦੇ ਸਾਥੀ ਰਹੇ ਸਨ; ਪਰ ਇਸ ਮੌਕੇ ਉਸ ਨੂੰ ਭਾਈਚਾਰੇ ਦਾ ਅਧਿਆਤਮਕ ਆਗੂ ਬਣਨਾ ਚੰਗਾ ਲਗਦਾ ਹੈ। ਉਸ ਦੀ ਅੰਤਰ ਆਤਮਾ ਵਿਚ ਡਰ ਵੀ ਕਾਇਮ ਹੈ ਕਿ ਉਹ ਇਕ ਅਪਰਾਧੀ ਹੈ, ਪਰ ਉਹ ਪਿੰਡ ਦੇ ਦੋਫਾੜ ਹੋਏ ਲੋਕਾਂ ਦਾ ਦਰਦ ਮਹਿਸੂਸ ਕਰਕੇ ਮਨੋਂ ਹੱਲ ਲੱਭਣ ਲਈ ਯਤਨਸ਼ੀਲ ਹੈ। ਸੋ, ਉਹ ਜੋ ਵੀ ਉਪਦੇਸ਼ ਦਿੰਦਾ ਹੈ, ਉਸ ਦੇ ਦਿਲੋਂ ਨਿਕਲਦਾ ਹੈ। ਜੀਵਨ ਜਿਉਣ ਦੀ ਪ੍ਰੇਰਨਾ ਦਿੰਦਾ ਹੈ। ਇਸ ਸਭ ਦਾ ਪਿੰਡ ਦੀ ਦੁਖੀ ਜਨਤਾ ‘ਤੇ ਡੂੰਘਾ ਅਸਰ ਹੁੰਦਾ ਹੈ। ਪਿੰਡ ਦੀ ਸਥਿਤੀ ਸੁਧਰਨ ਲਗਦੀ ਹੈ।
ਟਾਊਨ ਦੇ ਮੇਅਰ ਨੂੰ ਆਪਣੇ ਨਿਜੀ ਸਿਆਸੀ ਹਿੱਤਾਂ ਖਾਤਿਰ ਇਹ ਸਭ ਚੰਗਾ ਨਹੀਂ ਲਗਦਾ। ਮੇਅਰ ਇਸ ਬਾਬਤ ਡੈਨੀਅਲ ਨੂੰ ਧਮਕੀ ਭਰੀ ਚਿਤਾਵਨੀ ਦਿੰਦਾ ਹੈ ਕਿ ਉਹ ਲੋਕਾਂ ਨੂੰ ਪਿਛਲੀਆਂ ਗੱਲਾਂ ਯਾਦ ਨਾ ਕਰਵਾਏ। ਵੈਨ ਹਾਦਸੇ ਦਾ ਜ਼ਿਕਰ ਨਾ ਕਰੇ ਤੇ ਨਾ ਹੀ ਉਸ ਕੇਸ ਨੂੰ ਖੋਲ੍ਹਿਆ ਜਾਵੇ। ਲੋਕਾਂ ਦੇ ਜ਼ਖਮਾਂ ਨੂੰ ਤਾਜਾ ਨਾ ਕਰੇ ਤੇ ਨਾ ਹੀ ਇਲਾਜ ਕੀਤਾ ਜਾਵੇ; ਪਰ ਡੈਨੀਅਲ ਮੇਅਰ ਦੀ ਗੰਦੀ ਤੇ ਜੁਗਾੜੀ ਸਿਆਸਤ ਨੂੰ ਪਛਾਣ ਕੇ ਆਪਣਾ ਕੰਮ ਹੋਰ ਜ਼ੋਰ ਸ਼ੋਰ ਨਾਲ ਕਰਨ ਲਗਦਾ ਹੈ। ਉਹ ਦੁਖੀ ਪਰਿਵਾਰਾਂ ਦੇ ਗਮ ਵਿਚ ਸ਼ਾਮਿਲ ਹੋ ਕੇ ਉਨ੍ਹਾਂ ਦੇ ਜ਼ਖਮ ਭਰਨ ਲਈ ਹਰ ਜੋਖਮ ਉਠਾਉਣ ਲਈ ਤਿਆਰ ਹੋ ਜਾਂਦਾ ਹੈ। ਉਹ ਧਰਮ ਦੇ ਰਵਾਇਤੀ ਹੱਲ ਅਜ਼ਮਾਉਣ ਤੋਂ ਇਲਾਵਾ ਨਵੇਂ ਤਰੀਕੇ ਨਾਲ ਉਨ੍ਹਾਂ ਨੂੰ ਖੁਸ਼ ਕਰਨ ਵਿਚ ਸਫਲ ਹੋ ਜਾਂਦਾ ਹੈ। ਗੁਆਂਢੀਆਂ ਵਿਚ ਆਪਸੀ ਪਿਆਰ, ਸਦਭਾਵਨਾ ਤੇ ਭਾਈਚਾਰਕ ਸਾਂਝ ਵਧਦੀ ਹੈ। ਪਿੰਡ ਦੇ ਬਹੁਤੇ ਲੋਕ ਉਸ ਦੇ ਮੁਰੀਦ ਹੋ ਜਾਂਦੇ ਹਨ, ਪਰ ਸਥਾਨਕ ਸਿਆਸੀ ਲੋਕ ਗਠਜੋੜ ਕਰਕੇ ਉਸ ਦਾ ਭੇਤ ਲੱਭ ਲੈਂਦੇ ਹਨ ਤੇ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਜੁਰਮ ਦੀ ਦੁਨੀਆਂ ਦਾ ਬਾਸ਼ਿੰਦਾ ਇਕ ਧਾਰਮਿਕ ਪ੍ਰਚਾਰਕ ਨਹੀਂ ਬਣ ਸਕਦਾ।
ਸਿੱਟੇ ਵਜੋਂ ਡੈਨੀਅਲ ਨੂੰ ਵਾਪਿਸ ਜੇਲ੍ਹ ਜਾਣਾ ਪੈਂਦਾ ਹੈ, ਜਿਥੇ ਉਹ ਆਪਣੇ ਪੁਰਾਣੇ ਦੁਸ਼ਮਣ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਉਸ ਨੂੰ ਮੌਤ ਦੇ ਮੂੰਹ ਪਾ ਕੇ ਅਜੀਬ ਸਥਿਤੀ ਵਿਚ ਘਿਰ ਜਾਂਦਾ ਹੈ ਅਤੇ ਸੜਕ ‘ਤੇ ਖੁਦ ਲਹੂ ਲੁਹਾਨ ਹੋ ਕੇ ਖੜ੍ਹ ਜਾਂਦਾ ਹੈ। ਇਥੇ ਹੀ ਫਿਲਮ ਦਾ ਅੰਤ ਹੋ ਜਾਂਦਾ ਹੈ।
ਫਿਲਮ ਸਬੰਧੀ ਸਵਾਲ-ਜਵਾਬ ਦੇ ਸ਼ੈਸਨ ਵਿਚ ਹਾਲੀਵੁੱਡ ਫਿਲਮ ਡਾਇਰੈਕਟਰ ਜਾਨ ਕੋਮਾਸਾ ਨੇ ਦਰਸ਼ਕਾਂ ਦੇ ਰਿਵਿਊ ਸੁਣੇ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਫਿਲਮ ਲਈ ਉਠੇ ਵਿਵਾਦ ਬਾਰੇ ਜਾਨ ਕੋਮਾਸਾ ਨੇ ਦੱਸਿਆ ਕਿ ਸਾਨੂੰ ਵੀ ਆਲੋਚਕਾਂ ਤੋਂ ਬੜਾ ਕੁਝ ਸੁਣਨ ਨੂੰ ਮਿਲਿਆ ਹੈ, ਪਰ ਅਸੀਂ ਲੋਕਾਂ ਨੂੰ ਸਮਝਾਇਆ ਕਿ ਫਿਲਮ ਬੜਾ ਚੰਗਾ ਸੰਦੇਸ਼ ਵੀ ਦਿੰਦੀ ਹੈ ਤੇ ਇਸ ਦੀ ਕਹਾਣੀ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਹੈ। ਅੱਜ ਦੁਨੀਆਂ ਭਰ ਵਿਚ ਨਕਲੀ ਧਰਮ ਪ੍ਰਚਾਰਕ ਜਾਂ ਆਗੂ ਬਣ ਰਹੇ ਹਨ। ਹਰ ਪਾਸੇ ਜਾਅਲੀ ਅਧਿਆਤਮਕ ਉਪਦੇਸ਼ਕਾਂ ਦਾ ਹੜ੍ਹ ਆਇਆ ਹੋਇਆ ਹੈ। ਇਹ ਬਣਾਉਟੀ ਮਾਰਗ-ਦਰਸ਼ਕ ਭੋਲੇ ਭਾਲੇ ਲੋਕਾਂ ਨੂੰ ਲੁੱਟ ਰਹੇ ਹਨ। ਇਸ ਸੱਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਧਰਮ ਨੂੰ ਮੰਨਣ ਵਾਲੇ ਨੂੰ ਖੁਦ ਪਤਾ ਨਹੀਂ ਲਗਦਾ ਕਿ ਕਿਸ ‘ਤੇ ਯਕੀਨ ਕਰੇ ਤੇ ਕਿਸ ‘ਤੇ ਨਾ ਕਰੇ।
ਜਾਨ ਕੋਮਾਸਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਲੇਖਕ ਮੈਟੀਊਜ਼ ਦਾ ਇਕ ਅਖਬਾਰ ਵਿਚ ਇਸ ਬਾਰੇ ਲੇਖ ਛਪਿਆ ਸੀ, ਜੋ ਬਹੁਤ ਪਸੰਦ ਕੀਤਾ ਗਿਆ। ਅਸੀਂ ਉਸ ਦੀ ਕਹਾਣੀ ਬੁਣ ਕੇ ਸਕਰੀਨ ਪਲੇਅ ਲਿਖਿਆ ਤੇ ਫਿਲਮ ਦਾ ਰੂਪ ਦਿੱਤਾ, ਪਰ ਸਾਡੀ ਕਹਾਣੀ ਵਿਚ ਫਰਕ ਹੈ। ਇਸ ਵਿਚ ਹੀਰੋ ਅਪਰਾਧੀ ਜਰੂਰ ਹੈ, ਪਰ ਉਸ ਅੰਦਰ ਤਬਦੀਲੀ ਦੀ ਤਾਂਘ ਹੈ, ਉਹ ਦਿਖਾਵਾ ਨਹੀਂ ਕਰ ਰਿਹਾ। ਉਸ ਦੀ ਆਤਮਾ ਵਿਚ ਆਪਣੇ ਆਪ ਨੂੰ ਬਦਲਣ ਦੀ ਖਾਹਿਸ਼ ਹੈ। ਉਹ ਲੋਕਾਂ ਦਾ ਭਲਾ ਕਰਨਾ ਚਾਹੁੰਦਾ ਹੈ।
ਦੁਨੀਆਂ ਵਿਚ ਢੋਂਗੀ ਪ੍ਰਚਾਰਕਾਂ ਦੇ ਵਾਧੇ ਦੇ ਕੀ ਕਾਰਨ ਹੋ ਸਕਦੇ ਹਨ?
ਇਸ ਸਵਾਲ ਦੇ ਜਵਾਬ ਵਿਚ ਜਾਨ ਕੋਮਾਸਾ ਨੇ ਦੱਸਿਆ ਕਿ ਇਸ ਦੇ ਕਈ ਕਾਰਨ ਹਨ। ਸਭ ਤੋਂ ਪਹਿਲਾ ਤਾਂ ਪੈਸਾ ਹੈ। ਦੂਜਾ, ਇਕ ਵਾਰੀ ਧਾਰਮਿਕ ਪਹਿਰਾਵਾ ਪਾ ਲਵੋ ਤਾਂ ਲੋਕੀਂ ਸ਼ਰਧਾ ਵਸ ਉਸ ‘ਤੇ ਸ਼ੱਕ ਨਹੀਂ ਕਰਦੇ। ਕੋਈ ਚੁਭਵਾਂ ਸਵਾਲ ਹੀ ਨਹੀਂ ਪੁੱਛਦਾ। ਹਰ ਥਾਂ ਉਸਤਤ ਮਿਲਦੀ ਹੈ। ਜੀਵਨ ਵਿਚ ਜਲਦੀ ਹੀ ਮੋਹਰੀ, ਲੀਡਰ ਤੇ ਨਾਇਕ ਬਣ ਜਾਂਦੇ ਹਨ। ਆਪਣੇ ਰੁਤਬੇ ਦਾ ਫਾਇਦਾ ਉਠਾ ਕੇ ਪ੍ਰਾਰਥਨਾ ਨੂੰ ਇਕ ਹਥਿਆਰ ਵਜੋਂ ਵਰਤਦੇ ਹਨ। ਮਿਸਾਲ ਵਜੋਂ ਫਿਲਮ ‘ਕਾਰਪਸ ਕ੍ਰਿਸਟੀ’ ਦੇ ਇਕ ਸੀਨ ਵਿਚ ਡੈਨੀਅਲ, ਜੋ ਫਾਦਰ ਥਾਮਜ਼ ਬਣਿਆ ਹੈ, ਆਪਣੀ ਧਾਰਮਿਕ ਪਦਵੀ ਦਾ ਲਾਭ ਉਠਾ ਕੇ ਲੱਕੜ ਮਿਲ ਦੇ ਉਦਘਾਟਨ ਦੇ ਸੀਨ ਵਿਚ ਮੇਅਰ ਨੂੰ ਟਾਊਨ ਦੇ ਲੋਕਾਂ ਨਾਲ ਚਿੱਕੜ ਵਿਚ ਪ੍ਰਾਰਥਨਾ ਕਰਨ ਲਈ ਮਜਬੂਰ ਕਰ ਦਿੰਦਾ ਹੈ, ਜਦੋਂ ਕਿ ਮੇਅਰ ਮਿੱਟੀ ਵਾਲੀ ਥਾਂ ਝੁਕ ਕੇ ਪ੍ਰਾਰਥਨਾ ਨਹੀਂ ਕਰਨਾ ਚਾਹੁੰਦਾ, ਪਰ ਜਨਤਾ ਸਾਹਮਣੇ ਨਾਂਹ ਨਹੀਂ ਕਰ ਸਕਦਾ।
ਐਕਟਰ ਬਾਰਟੋਸਜ਼ ਬਾਈਲੀਨੀਆ ਦੀ ਹੀਰੋ ਲਈ ਚੋਣ ਕਿਸ ਤਰ੍ਹਾਂ ਕੀਤੀ? ਦੇ ਜਵਾਬ ਵਿਚ ਕੋਮਾਸਾ ਨੇ ਦੱਸਿਆ ਕਿ ਬਿਲਕੁਲ ਆਮ ਕਾਸਟਿੰਗ ਦਾ ਤਰੀਕਾ ਅਪਨਾਇਆ ਗਿਆ। ਡੈਨੀਅਲ ਤੇ ਥਾਮਸ ਦੇ ਠੇਠ ਰੋਲ ਲਈ ਕੋਈ 200 ਐਕਟਰਾਂ ਨੇ ਆਡੀਸ਼ਨ ਦਿੱਤਾ। ਇਸ ਦੋ ਤਰ੍ਹਾਂ ਦੀ ਸੱਚ ਤੇ ਝੂਠ ਦੀ ਜ਼ਿੰਦਗੀ ਜਿਉਣ ਵਾਲੇ ਕਿਰਦਾਰ ਲਈ ਆਡੀਸ਼ਨ ਦੇਣ ਸਮੇਂ ਕੋਈ ਐਕਟਰ ਤਾਂ ਡੈਨੀਅਲ ਵਾਲਾ ਕਿਰਦਾਰ ਵਧੀਆ ਕਰਦਾ ਤੇ ਕੋਈ ਫਾਦਰ ਥਾਮਸ ਵਿਚ ਠੀਕ ਲਗਦਾ, ਪਰ ਦੋਹਾਂ ਕਿਰਦਾਰਾਂ ਵਿਚ ਖਰਾ ਨਾ ਉਤਰਦਾ। ਮਜੇ ਦੀ ਗੱਲ ਇਹ ਹੈ ਕਿ ਬਾਰਟੋਸਜ਼ ਬਾਈਲੀਨੀਆ ਆਪਣੇ ਆਡੀਸ਼ਨ ਵਿਚ ਨਾ ਪਵਿਤਰ ਥਾਮਸ ਚੰਗਾ ਸੀ, ਨਾ ਪਾਪੀ ਡੈਨੀਅਲ ਦੇ ਕਿਰਦਾਰ ਲਈ ਢੁਕਵਾਂ ਸੀ, ਪਰ ਅਸੀਂ ਉਸ ਦੀ ਚੋਣ ਕੀਤੀ, ਕਿਉਂਕਿ ਉਹ ਕ੍ਰਿਸ਼ਮਈ ਸ਼ਖਸੀਅਤ ਵਧ ਪ੍ਰਤੀਤ ਹੁੰਦਾ ਸੀ।
ਬਾਰਟੋਸਜ਼ ਬਾਈਲੀਨੀਆ ਦੇ ਬੈਸਟ ਐਕਟਰ ਦਾ ਇਨਾਮ ਜਿੱਤਣ ਬਾਰੇ ਕੋਮਾਸਾ ਨੇ ਕਿਹਾ ਕਿ ਉਸ ਨੇ ਆਪਣੇ ਦਮਦਾਰ ਅਭਿਨੈ ਨਾਲ ਸਿੱਧ ਕੀਤਾ ਹੈ ਕਿ ਉਹ ਕਿੰਨਾ ਪ੍ਰਤਿਭਾਸ਼ਾਲੀ ਐਕਟਰ ਹੈ। ਉਸ ਨੇ ਇਹ ਕਿਰਦਾਰ ਨਿਭਾਉਣ ਦੀ ਚੁਣੌਤੀ ਪ੍ਰਵਾਨ ਕੀਤੀ। ਸਖਤ ਮਿਹਨਤ ਨਾਲ ਇੱਕੋ ਸ਼ਖਸ ਦੀਆਂ ਵੱਖ ਵੱਖ ਸ਼ਖਸੀਅਤਾਂ ਨੂੰ ਬਾਖੂਬੀ ਨਿਭਾਇਆ ਹੈ। ਇਸ ਕਿਰਦਾਰ ਵਿਚ ਕਈ ਪਰਤਾਂ ਹਨ। ਉਹ ਇੱਕਲਾ ਇਕ ਪਾਦਰੀ ਦਾ ਰੋਲ ਹੀ ਨਹੀਂ ਨਿਭਾ ਰਿਹਾ, ਸਗੋਂ ਅਪਰਾਧੀ ਵੀ ਹੈ। ਬਾਰਟੋਸਜ਼ ਡੈਨੀਅਲ ਦਾ ਕਿਰਦਾਰ ਨਿਭਾਉਂਦਾ ਹੈ ਤੇ ਡੈਨੀਅਲ ਨੂੰ ਅੱਗੇ ਥਾਮਸ ਦੇ ਕਿਰਦਾਰ ਵਿਚ ਤਬਦੀਲ ਕਰਦਾ ਹੈ। ਡੈਨੀਅਲ ਆਪਣੇ ਵਿਚ ਕਦੀ ਥਾਮਸ ਤੇ ਕਦੀ ਡੈਨੀਅਲ ਨੂੰ ਦੇਖਦਾ ਹੈ। ਪਾਰਟੀ ਵਾਲੇ ਸੀਨ ਵਿਚ ਉਹ ਪਾਰਟੀ ਦੇ ਮਾਹੌਲ ਵਿਚ ਡੈਨੀਅਲ ਵੱਧ ਹੋ ਜਾਂਦਾ ਹੈ, ਪਰ ਫਿਰ ਲੋਕਾਂ ਸਾਹਮਣੇ ਉਹਨੂੰ ਥਾਮਸ ਦੇ ਰੂਪ ਵਿਚ ਆਪਣੇ ਆਪ ਨੂੰ ਸਮੇਟਣਾ ਪੈਂਦਾ ਹੈ।
ਮਜੇ ਦੀ ਗੱਲ ਹੈ ਕਿ ਹਾਲ ਵਿਚ ਫਿਲਮ ਦੇਖ ਰਹੇ ਦਰਸ਼ਕਾਂ ਨੂੰ ਇਹ ਪਤਾ ਹੈ ਕਿ ਇਹ ਇਨਸਾਨ ਧਾਰਮਿਕ ਨਹੀਂ ਹੈ, ਪਰ ਜਿਸ ਤਰ੍ਹਾਂ ਮੇਅਰ ਦੀਆਂ ਧਮਕੀਆਂ ਦੀ ਪ੍ਰਵਾਹ ਕੀਤੇ ਬਿਨਾ ਸੱਚੇ ਦਿਲੋਂ ਭਾਈਚਾਰੇ ਦੇ ਮਸਲੇ ਹੱਲ ਕਰ ਰਿਹਾ ਹੈ, ਉਨ੍ਹਾਂ ਵਿਚ ਆਪਸੀ ਪ੍ਰੇਮ ਤੇ ਸਦਭਾਵਨਾ ਪੈਦਾ ਕਰ ਰਿਹਾ ਹੈ, ਸਾਰੇ ਪਿੰਡ ਨੂੰ ਇਕ ਕਰਨਾ ਚਾਹੁੰਦਾ ਹੈ-ਦਰਸ਼ਕਾਂ ਦੀ ਉਸ ਕਿਰਦਾਰ ਨਾਲ ਹਮਦਰਦੀ ਹੋ ਜਾਂਦੀ ਹੈ।
ਫਿਲਮ ਵਿਚ ਬਹੁਤੇ ਸੀਨ ਵਿਲੱਖਣ ਲਾਈਟ ਇਫੈਕਟਸ ਰਾਹੀਂ ਪੇਸ਼ ਕੀਤੇ ਨਜ਼ਰ ਆਉਂਦੇ ਹਨ, ਕੀ ਇਸ ਲਈ ਵਿਸ਼ੇਸ਼ ਯਤਨ ਕੀਤੇ ਗਏ ਹਨ?
ਇਸ ਦੇ ਜਵਾਬ ਵਿਚ ਕੋਮਾਸਾ ਨੇ ਕਿਹਾ ਕਿ ਕਹਾਣੀ ਦਾ ਮੁੱਖ ਕਿਰਦਾਰ ਨਕਲੀ ਬਣਿਆ ਪਾਦਰੀ ਕਦੀ ਸੱਚ ਤੇ ਕਦੀ ਝੂਠ ਦਾ ਸਾਹਮਣਾ ਕਰਦਾ ਹੈ। ਪਾਦਰੀ ਜ਼ਿੰਦਗੀ ਦੇ ਹਨੇਰੇ ਤੇ ਚਾਨਣ ਵਿਚ ਘੋਲ ਕਰਦਾ ਨਜ਼ਰ ਆਉਂਦਾ ਹੈ। ਉਹ ਕਦੀ ਸਹਿਜ ਤੇ ਕਦੀ ਅਸਹਿਜ ਨਜ਼ਰ ਆਵੇ, ਇਸ ਲਈ ਕਈ ਦ੍ਰਿਸ਼ਾਂ ਵਿਚ ਕੈਮਰਾਮੈਨ ਪਾਓਟਰ ਸੋਬੋਸਿਨਸਕੀ (ਫਿਟਰ ੰੋਬੋਚਨਿਸਕ)ਿ ਨੇ ਵਿਸ਼ੇਸ਼ ਲਾਈਟਾਂ ਦਾ ਪ੍ਰਬੰਧ ਕੀਤਾ।
ਸਾਰੀ ਫਿਲਮ ਵਿਚ ਲਾਈਟ ਕਹਾਣੀ ਨੂੰ ਅੱਗੇ ਤੋਰਨ ਵਾਲੀ ਹੈ। ਇਸ ਨੂੰ ਇਕ ਪਾਤਰ ਦੇ ਤੌਰ ‘ਤੇ ਹੀ ਸਮਝ ਸਕਦੇ ਹੋ। ਤੁਸੀਂ ਦੇਖਿਆ ਹੋਣਾ ਹੈ ਕਿ ਕਈ ਦ੍ਰਿਸ਼ਾਂ ਵਿਚ ਲਾਈਟ ਹੌਲੀ ਹੌਲੀ ਵਧਦੀ ਹੈ, ਖਾਸ ਕਰ ਲੌਂਗ ਸ਼ਾਟ ਦੇ ਵਿਚ ਤਾਂ ਕਿ ਕਿਰਦਾਰ ਦਾ ਤੇਜੀ ਨਾਲ ਡੈਨੀਅਲ ਤੋਂ ਥਾਮਸ ਵਿਚ ਆਪਣੇ ਆਪ ਨੂੰ ਬਦਲਣ ਦਾ ਦਰਸ਼ਕਾਂ ‘ਤੇ ਪ੍ਰਭਾਵ ਪੈ ਸਕੇ। ਇਸ ਕਿਰਦਾਰ ਦੇ ਕਈ ਪਹਿਲੂ ਹਨ ਤੇ ਸਾਨੂੰ ਵੀ ਸ਼ੂਟਿੰਗ ਦੌਰਾਨ ਹਰ ਸ਼ਾਮ ਇਸ ਗੱਲ ਦਾ ਖਿਆਲ ਰੱਖਣਾ ਪਿਆ ਕਿ ਕਿਤੇ ਕੋਈ ਸਿਨੇਮੈਟਿਕ ਬਿੰਦੂ ਤਾਂ ਨਹੀਂ ਟੁੱਟ ਗਿਆ!
ਫਿਲਮ ਵਿਚ ਚੀਖਣ ਵਾਲਾ ਸੀਨ ਬੜਾ ਦਿਲਚਸਪ ਬਣਿਆ ਹੈ ਤੇ ਬਹੁਤ ਪਸੰਦ ਕੀਤਾ ਜਾ ਰਿਹਾ, ਇਸ ਦਾ ਵਿਚਾਰ ਕਿਵੇਂ ਆਇਆ?
ਕੋਮਾਸਾ ਨੇ ਦਸਿਆ ਕਿ ਇਹ ਸੀਨ ਪਹਿਲਾਂ ਥਿਏਟਰ ਵਰਕਸ਼ਾਪ ਵਿਚ ਅਜ਼ਮਾਇਆ ਸੀ। ਦਰਅਸਲ ਇਸ ਫਿਲਮ ਤੋਂ ਪਹਿਲਾਂ ਅਸੀਂ ਨਸ਼ੇ ਦੀ ਬੁਰਾਈ ‘ਤੇ ਇਕ ਨਸ਼ਾ ਛੁਡਾਊ ਕੇਂਦਰ ਵਿਚ ਡਾਕੂਮੈਂਟਰੀ ਫਿਲਮ ਬਣਾ ਰਹੇ ਸਾਂ। ਉਥੇ ਡਾਕਟਰ ਇਹ ਥੈਰੇਪੀ ਕਰ ਰਹੇ ਸਨ। ਡਾਕਟਰ ਮਰੀਜਾਂ ਨੂੰ ਕਹਿ ਰਹੇ ਸਨ, ਤੁਸੀਂ ਉਚੀ ਉਚੀ ਚੀਖ ਕੇ ਅੰਨੇਵਾਹ ਜੋ ਮਨ ਵਿਚ ਆਵੇ, ਬੋਲ ਕੇ ਦਿਲ ਦੀ ਭੜਾਸ ਕੱਢੋ, ਆਪਣੇ ਅੰਦਰ ਦੱਬੀਆਂ ਭਾਵਨਾਵਾਂ ਬਾਹਰ ਕੱਢੋ। ਜੇ ਜ਼ਿੰਦਗੀ ਵਿਚ ਤੁਸੀਂ ਗੁੱਸੇ ਵਿਚ ਹੋ ਤਾਂ ਵਿਖਾਵਾ ਨਾ ਕਰੋ ਕਿ ਤੁਸੀਂ ਗੁੱਸੇ ਵਿਚ ਨਹੀਂ ਹੋ, ਆਪਣਾ ਗੁੱਸਾ ਬਾਹਰ ਕੱਢੋ, ਉਸ ਨੂੰ ਅੰਦਰ ਹੀ ਅੰਦਰ ਲਾਵਾ ਨਾ ਬਣਨ ਦਿਉ। ਫਿਲਮ ‘ਕਾਰਪਸ ਕ੍ਰਿਸਟੀ’ ਵਿਚ ਨਕਲੀ ਪਾਦਰੀ ਥਾਮਸ ਵੀ ਇਹੋ ਤਰੀਕਾ ਅਪਨਾਉਂਦਾ ਹੈ।
ਫਿਲਮ ਦਾ ਹੀਰੋ ਡੈਨੀਅਲ ਜੇਲ੍ਹ ਵਿਚ ਲੜ ਕੇ ਲਹੂ ਲੁਹਾਨ ਹੋ ਕੇ ਬਾਹਰ ਆਉਂਦਾ ਹੈ। ਸੀਨ ਇਕ ਦਮ ਫਰੇਮ-ਫਰੀਜ਼ ਹੋ ਜਾਂਦਾ ਹੈ ਤੇ ਅਚਾਨਕ ਫਿਲਮ ਸਮਾਪਤ ਹੋ ਜਾਂਦੀ ਹੈ। ਅਜਿਹਾ ਤੁਸੀਂ ਕਿਉਂ ਕੀਤਾ?
ਫਿਲਮ ਵਿਚ ਇਹ ਸੰਦੇਸ਼ ਤੇ ਸਵਾਲ-ਦੋਹਾਂ ਵਾਂਗ ਹੀ ਹਨ। ਇਹ ਫੈਸਲਾ ਦਰਸ਼ਕਾਂ ਤੇ ਸਮਾਜ ‘ਤੇ ਛੱਡ ਦਿੱਤਾ ਜਾਂਦਾ ਹੈ ਕਿ ਕੀ ਇਕ ਮੁਜ਼ਰਿਮ ਇਕ ਧਾਰਮਿਕ ਇਨਸਾਨ ਬਣ ਕੇ ਰੂਹਾਨੀ ਪਦਵੀ ਪ੍ਰਾਪਤ ਕਰ ਕੇ ਲੋਕਾਂ ਨੂੰ ਉਪਦੇਸ਼ ਦੇ ਸਕਦਾ ਹੈ? ਇਕ ਧਾਰਮਿਕ ਆਗੂ ਬਣ ਸਕਦਾ ਹੈ, ਜੇ ਉਸ ਦਾ ਦਿਲ ਇਕ ਧਰਮੀ ਬਣਨ ਨੂੰ ਕਰਦਾ ਹੋਵੇ? ਕੀ ਉਸ ਧਰਮ ਦੇ ਲੋਕ ਉਸ ਨੂ ਕਬੂਲ ਕਰਨਗੇ? ਉਸ ਤੋਂ ਧਾਰਮਿਕ ਸੇਧ ਲੈਣ ਦਾ ਹੀਆ ਕਰਨਗੇ? ਕੀ ਗੁਨਾਹਗਾਰ ਨੂੰ ਦੂਜਾ ਮੌਕਾ ਮਿਲਣਾ ਚਾਹੀਦਾ ਹੈ? ਉਹ ਇਕ ਧਰਮੀ ਹੋ ਕੇ ਜ਼ਿੰਦਗੀ ਮੁੜ ਸ਼ੁਰੂ ਕਰੇ ਜਾਂ ਅਪਰਾਧ ਦੀ ਦੁਨੀਆਂ ਵਿਚ ਵਾਪਸ ਜਾਏ?
ਸ਼ੈਸਨ ਦੇ ਅੰਤ ਵਿਚ ਜਾਨ ਕੋਮਾਸਾ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ।
‘ਕਾਰਪਸ ਕ੍ਰਿਸਟੀ’ ਨੇ ਜਿਥੇ ਬਾਕਸ ਆਫਿਸ ਵਿਚ ਜ਼ਬਰਦਸਤ ਸਫਲਤਾ ਹਾਸਿਲ ਕੀਤੀ ਹੈ, ਉਥੇ ਇਸ ਸਾਲ ਦੇ 92ਵੇਂ ਆਸਕਰ ਅਵਾਰਡ ਲਈ ਵੀ ਨਾਮਜ਼ਦ ਹੋਈ ਹੈ। ਹੁਣ ਦਰਸ਼ਕਾਂ ਦੀ ਇੱਛਾ ਹੈ ਕਿ ‘ਕਾਰਪਸ ਕ੍ਰਿਸਟੀ’ ਫਿਲਮ ਦੀ ਟੀਮ ਆਸਕਰ ਅਵਾਰਡ ਜਿੱਤ ਕੇ ਫਿਲਮ ਇਤਿਹਾਸ ਵਿਚ ਇਕ ਹੋਰ ਮੀਲ ਪੱਥਰ ਗੱਡੇ।