ਗੁਲਜ਼ਾਰ ਸਿੰਘ ਸੰਧੂ
ਚੰਡੀਗੜ੍ਹ ਦੇ ਲਾਜਪਤ ਰਾਇ ਭਵਨ ਵਿਚ ਕੋਈ ਪ੍ਰੋਗਰਾਮ ਸੀ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਧਾਨਗੀ ਕਰਨੀ ਸੀ, ਭਾਰਤ ਸਰਕਾਰ ਦੇ ਵਿੱਤ ਮੰਤਰੀ ਵਜੋਂ। ਉਹ ਸਮੇਂ ਸਿਰ ਪਹੁੰਚ ਗਏ। ਪ੍ਰੋਗਰਾਮ ਇੰਚਾਰਜ ਓਂਕਾਰ ਚੰਦ ਦੂਜੇ ਮਹਿਮਾਨਾਂ ਦੇ ਸਵਾਗਤ ਵਿਚ ਖੜਾ ਸੀ। ਉਹ ਮੈਨੂੰ ਵੀ ਜਾਣਦਾ ਸੀ। ਡਾ. ਮਨਮੋਹਨ ਸਿੰਘ ਦੀ ਇਕੱਲ ਤੋੜਨ ਲਈ ਮੈਨੂੰ ਉਨ੍ਹਾਂ ਕੋਲ ਬਿਠਾ ਆਇਆ। ਮੈਂ ਜਾਣਦਾ ਸਾਂ ਕਿ ਕਿਸੇ ਪੜਾਅ ‘ਤੇ ਸੁਰਜੀਤ ਹਾਂਸ ਤੇ ਡਾ. ਮਨਮੋਹਨ ਸਿੰਘ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਸਹਿਕਰਮੀ, ਸਹਿਪਾਠੀ ਜਾਂ ਹੋਸਟਲ ਦੇ ਸਹਿਨਿਵਾਸੀ ਰਹਿ ਚੁਕੇ ਸਨ। ਸਮੇਂ ਦੀ ਨਜ਼ਾਕਤ ਪਛਾਣਦਿਆਂ ਮੈਂ ਡਾ. ਮਨਮੋਹਨ ਸਿੰਘ ਨਾਲ ਬਰਾਬਰੀ ਜਤਾਉਣ ਲਈ ਏਨਾ ਹੀ ਕਿਹਾ ਕਿ ਮੈਂ ਹਾਂਸ ਦਾ ਦੋਸਤ ਹਾਂ। ਵਿੱਤ ਮੰਤਰੀ ਨੇ ਹੁੰਗਾਰਾ ਭਰਦਿਆਂ ਏਨਾ ਹੀ ਕਿਹਾ ਕਿ ਉਹ ਹਾਂਸ ਦੀ ਵਿਦਵਤਾ ਤੋਂ ਜਾਣੂ ਹਨ। ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਪ੍ਰੋਗਰਾਮ ਵਾਲੇ ਸਮੇਂ ਹਾਂਸ ਪੰਜਾਬੀ ਯੂਨੀਵਰਸਟੀ, ਪਟਿਆਲਾ ਵਿਚ ਵਿਜ਼ਟਿੰਗ ਪ੍ਰੋਫੈਸਰ ਸੀ। ਉਹ ਵਿੱਤ ਮੰਤਰੀ ਤੋਂ ਪਿਛੋਂ ਪ੍ਰਧਾਨ ਮੰਤਰੀ ਵੀ ਰਹੇ, ਹਾਂਸ ਨੇ ਉਨ੍ਹਾਂ ਤੋਂ ਕੋਈ ਮਦਦ ਨਹੀਂ ਲਈ।
ਸੁਰਜੀਤ ਹਾਂਸ ਇਕ ਦਰਜਨ ਕਾਵਿ ਸੰਗ੍ਰਿਹਾਂ ਤੋਂ ਬਿਨਾ ਏਨੇ ਹੀ ਨਾਵਲਾਂ, ਨਾਟਕਾਂ ਤੇ ਖੋਜ ਪੁਸਤਕਾਂ ਦਾ ਰਚੈਤਾ ਸੀ। ਪੰਜਾਬੀ ਯੂਨੀਵਰਸਟੀ, ਪਟਿਆਲਾ ਨੇ ਉਹਦੇ ਕੋਲੋਂ ਸ਼ੇਕਸਪੀਅਰ ਦੀ ਸਮੁੱਚੀ ਰਚਨਾ ਦਾ ਅਨੁਵਾਦ ਕਰਵਾਇਆ ਤੇ ਪ੍ਰਕਾਸ਼ਿਤ ਕੀਤਾ। ਉਹ ਏਨਾ ਸਿਰੜੀ ਵਿਦਵਾਨ ਤੇ ਰਚੈਤਾ ਸੀ ਕਿ ਕੰਮ ਕਰਦਿਆਂ ਉਸ ਨੂੰ ਆਪਣੇ ਪਰਿਵਾਰ ਤਾਂ ਕੀ, ਆਪਣੇ ਆਪ ਦੀ ਸੁੱਧ-ਬੁੱਧ ਨਹੀਂ ਸੀ ਹੁੰਦੀ।
ਉਸ ਦੀ ਅੰਤਿਮ ਇੱਛਾ ਵੀ ਨਿਰਾਲੀ ਸੀ। ਉਸ ਨੇ ਸਾਰੇ ਸੰਗੀ ਸਾਥੀਆਂ ਨੂੰ ਕਹਿ ਛੱਡਿਆ ਸੀ ਕਿ ਉਸ ਦੇ ਸਸਕਾਰ ਸਮੇਂ ਕਿਸੇ ਕਿਸਮ ਦੀ ਕੋਈ ਧਾਰਮਕ ਰਸਮ ਨਾ ਕੀਤੀ ਜਾਵੇ। ਉਸ ਦੀ ਪੱਤਰਕਾਰ ਬੇਟੀ ਨਾਨਕੀ ਹਾਂਸ ਨੇ ਪਿਤਾ ਦੀ ਇੱਛਾ ‘ਤੇ ਪਹਿਰਾ ਦਿੰਦਿਆਂ ਉਸ ਦੇ ਸਸਕਾਰ ਲਈ ਚੰਡੀਗੜ੍ਹ ਦੇ 25 ਸੈਕਟਰ ਦਾ ਬਿਜਲਈ ਸ਼ਮਸ਼ਾਨਘਾਟ ਚੁਣਿਆ ਤੇ ਉਸ ਦੀ ਮ੍ਰਿਤਕ ਦੇਹ ਨੂੰ ਬਿਨਾ ਕਿਸੇ ਅਰਦਾਸ ਦੇ ਤੋਰਨ ਦੀ ਹਦਾਇਤ ਕੀਤੀ। ਇਥੋਂ ਤੱਕ ਕਿ ਉਸ ਦਾ ਸ਼ਰਧਾਂਜਲੀ ਸਮਾਗਮ ਵੀ ਕਿਸੇ ਧਾਰਮਿਕ ਸਥਾਨ ਦੀ ਥਾਂ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਰਚਾਇਆ।
ਸ਼ਰਧਾਂਜਲੀ ਸਮਾਗਮ ਬੜਾ ਹਟਵਾਂ ਰਿਹਾ। ਪੱਤਰਕਾਰ ਨਿਰੂਪਮਾ ਦੱਤ ਨੇ ਫੈਜ਼ ਅਹਿਮਦ ਫੈਜ਼ ਦੀ ‘ਸਦ ਸ਼ੁਕਰ ਕਿ ਅਪਨੀ ਰਾਤੋਂ ਮੇਂ ਅਬ ਹਿਜਰ ਕੀ ਕੋਈ ਰਾਤ ਨਹੀਂ’ ਸ਼ਿਅਰ ਵਾਲੀ ਰਚਨਾ ਪੜ੍ਹੀ। ਹਾਂਸ ਤੋਂ ਇਕ-ਦੋ ਸਾਲ ਵਡੇਰੀ ਉਮਰ ਦੇ ਮਿੱਤਰ ਗੁਰਦੇਵ ਸਿੰਘ ਨੇ ਇਹ ਸ਼ਿਅਰ ਉਚਾਰਿਆ,
ਯਾਰਾਨਾ-ਏ-ਤੇਜ਼ਗਾਮ ਨੇ ਮਹਮਿਲ ਕੋ ਜਾ ਲੀਆ,
ਹਮ ਮਹਵ-ਏ-ਸਦਾ-ਏ-ਜਰਸ-ਏ-ਕਾਰਵਾਂ ਰਹੇ।
ਭਾਵ ਤੇਜ਼ ਰਫਤਾਰ ਮਿੱਤਰ ਤਾਂ ਤੇਜ਼ੀ ਨਾਲ ਤੁਰਦੇ ਊਠ ਦੇ ਕਜਵ (ਹੌਦੇ) ਤੱਕ ਪਹੁੰਚ ਗਏ, ਜਿਸ ਵਿਚ ਹਸੀਨਾ ਬੈਠੀ ਸੀ, ਪਰ ਅਸੀਂ ਊਠ ਦੀਆਂ ਟੱਲੀਆਂ ਦੀ ਟੁਣਕਾਰ (ਸੰਗੀਤ) ਵਿਚ ਹੀ ਉਲਝੇ ਰਹੇ। ਅਲਵਿਦਾ ਕਹਿ ਗਏ ਦੋਸਤ ਦੀ ਤੇਜ਼ਗਾਮੀ ਦਰਸਾਉਣ ਲਈ ਇਸ ਤੋਂ ਵਧੀਆ ਸ਼ਰਧਾਂਜਲੀ ਹੋਰ ਕੀ ਹੋ ਸਕਦੀ ਹੈ?
ਸੁਰਜੀਤ ਹਾਂਸ ਦੀ ਵਿਦਵਤਾ ਦੇ ਕਾਇਲ ਡਾ. ਜਸਪਾਲ ਸਿੰਘ ਨੇ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਇੱਕ ਇੰਦਰਾਜ (ਐਂਟਰੀ) ਦੇ ਹਵਾਲੇ ਨਾਲ ਦੱਸਿਆ ਕਿ ਹਾਂਸ ਨੇ ਇਸ ਮੰਨੀ ਪ੍ਰਮੰਨੀ ਰਚਨਾ ਵਿਚ ਵੀ ਗਲਤੀ ਕੱਢ ਦਿੱਤੀ ਸੀ, ਜਿਸ ਨੂੰ ਡਾ. ਜਸਪਾਲ ਸਿੰਘ ਨੇ ਹੋਰ ਹਵਾਲਿਆਂ ਨਾਲ ਮੇਲ ਕੇ ਦੇਖਿਆ ਤਾਂ ਹਾਂਸ ਠੀਕ ਸੀ ਤੇ ‘ਐਂਟਰੀ’ ਗਲਤ।
ਮਾਹਿਲਪੁਰ (ਹੁਸ਼ਿਆਰਪੁਰ) ਤੋਂ ਸਮਾਗਮ ਲਈ ਪਹੁੰਚੇ ਹਾਂਸ ਦੇ ਰਹਿ ਚੁਕੇ ਵਿਦਿਆਰਥੀ ਅਜੀਤ ਲੰਗੇਰੀ ਨੇ ਦੱਸਿਆ ਕਿ ਉਹ ਕਈ ਵਾਰੀ ਜਮਾਤ ਦੇ ਸਾਰੇ ਦੇ ਸਾਰੇ ਵਿਦਿਆਰਥੀਆਂ ਨੂੰ ਚਾਹ ਪਿਆ ਦਿੰਦੇ ਸਨ। ਇਹ ਸੁਣ ਕੇ ਮੈਨੂੰ ਚੇਤੇ ਆਇਆ ਕਿ ਜਦੋਂ ਮੈਂ 1980 ਦੀ ਬਰਤਾਨੀਆ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਹਾਂਸ ਨੂੰ (ਉਹ ਉਥੇ ਪੋਸਟਮੈਨ ਸੀ) ਮਿਲਿਆ ਤਾਂ ਉਹ ਆਪਣੇ ਜਾਣਨ ਵਾਲੇ ਮਿੱਤਰਾਂ ਨੂੰ ਗਲਾਸੀ ਲੁਆਉਣ ਨੇੜਲੇ ਪੱਬ ਵਿਚ ਲੈ ਜਾਂਦਾ ਸੀ। ਇਥੇ ਗਲਾਸੀ ਲਾਉਣ ਵਾਲਿਆਂ (ਬੀਅਰ ਦੇ ਪਿਆਕ) ਵਿਚ ਮੇਰੇ ਜਿਹੇ ਉਹ ਵੀ ਹੁੰਦੇ, ਜਿਨ੍ਹਾਂ ਨੂੰ ਉਹ ਦੋ ਘੰਟੇ ਪਹਿਲਾਂ ਮਿਲਿਆ ਹੁੰਦਾ। ਕਾਰਨ ਇਹ ਕਿ ਅਸੀਂ ਵੀ ਕਿਸੇ ਸਮੇਂ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀ ਰਹਿ ਚੁਕੇ ਸਾਂ।
ਇਹ ਵੀ ਦੱਸ ਦਿਆਂ ਕਿ ਚੰਡੀਗੜ੍ਹ ਸਾਹਿਤ ਅਕਾਦਮੀ ਦਾ ਪ੍ਰਧਾਨ ਹੁੰਦਿਆਂ ਜਦੋਂ ਮੈਂ ਉਸ ਨੂੰ ਜੀਵਨ ਪ੍ਰਾਪਤੀ ਸਨਮਾਨ ਦੇਣ ਦੀ ਸੋਚੀ ਤਾਂ ਇਹ ਸਨਮਾਨ ਪ੍ਰਾਪਤ ਕਰਨ ਲਈ ਮਨਾਉਣ ਵਿਚ ਮੈਨੂੰ ਬੜੀ ਔਖ ਆਈ। ਉਸ ਦੇ ਤੁਰ ਜਾਣ ਨਾਲ ਮੇਰੀ ਇਹ ਔਖ ਹੋਰ ਵਧ ਗਈ ਹੈ। ਜਦੋਂ ਮੈਂ ਆਪਣਾ ਕੰਮ ਕਰਦਿਆਂ ਕਿਸੇ ਨੁਕਤੇ ‘ਤੇ ਫਸ ਜਾਂਦਾ ਸਾਂ ਤਾਂ ਸ਼ਬਦ ਕੋਸ਼ਾਂ ਤੇ ਮਹਾ ਕੋਸ਼ਾਂ ਦੇ ਵਰਕੇ ਫਰੋਲਣ ਨਾਲੋਂ ਹਾਂਸ ਨੂੰ ਫੋਨ ਕਰਕੇ ਮਸਲਾ ਹੱਲ ਕਰ ਲੈਂਦਾ ਸਾਂ। ਉਹ ਕੇਵਲ ਪੰਜਾਬੀ ਹੀ ਨਹੀਂ, ਅੰਗਰੇਜ਼ੀ, ਉਰਦੂ, ਫਾਰਸੀ ਤੇ ਹਿੰਦੀ ਸੰਸਕ੍ਰਿਤ ਵੀ ਪੜ੍ਹਿਆ ਹੋਇਆ ਸੀ। ਮੇਰਾ ਵਿਗੋਚਾ ਉਸ ਦੀ ਬੇਟੀ ਨਾਨਕੀ ਹਾਂਸ ਤੇ ਉਸ ਦੇ ਬੇਟੇ ਸੂਫੀ ਜਿੰਨਾ ਤਾਂ ਨਹੀਂ, ਪਰ ਘੱਟ ਵੀ ਨਹੀਂ। ਮੈਨੂੰ ਤਾਂ ਅੱਜ ਲੋਕ ਬੋਲੀ ਚੇਤੇ ਆ ਰਹੀ ਹੈ,
ਨਹੀਂ ਲੱਭਣੇ ਲਾਲ ਗਵਾਚੇ
ਮਿੱਟੀ ਨਾ ਫਰੋਲ ਜੋਗੀਆ।
ਮੈਂ ਆਪਣੇ ਮਿੱਤਰ ਹਾਂਸ ਬਾਰੇ ਲਿਖ ਹੀ ਰਿਹਾ ਸਾਂ ਕਿ ਮੈਨੂੰ ਪਟਨਾ (ਬਿਹਾਰ) ਤੋਂ ਟੈਲੀਫੋਨ ਆ ਗਿਆ। ਕਾਮੇਸ਼ਵਰ ਨਾਂ ਦਾ ਉਹ ਬਿਹਾਰੀ ਬੋਲ ਰਿਹਾ ਸੀ, ਜੋ 1960 ਤੋਂ 1968 ਤੱਕ ਦਿੱਲੀ ਰਹਿੰਦਿਆਂ ਸਾਡਾ ਰਸੋਈਆ ਸੀ। ਉਹ ਹਰ ਚੜ੍ਹਦੇ ਸਾਲ ਸਾਡੀ ਰਾਜ਼ੀ ਖੁਸ਼ੀ ਜਾਣਨ ਲਈ ਫੋਨ ਕਰਦਾ ਹੈ। ਇਸ ਵਾਰੀ ਲੇਟ ਹੋ ਗਿਆ। ਉਸ ਦੇ ਟੈਲੀਫੋਨ ਨੇ ਮੈਨੂੰ ਰਾਹਤ ਦਿੱਤੀ। ਅੱਗੇ ਤੋਂ ਮੈਂ ਵੀ ਨਾਨਕੀ ਨੂੰ ਫੋਨ ਕਰਕੇ ਸੁਰਜੀਤ ਹਾਂਸ ਨਾਲ ਆਪਣੀਆਂ ਯਾਦਾਂ ਚੇਤੇ ਕਰਿਆ ਕਰਾਂਗਾ। ਰਾਹਤ ਦੇ ਰੰਗ ਨਿਆਰੇ ਹਨ।
ਨਾਨਕੀ ਦੇ ਦੱਸਣ ਅਨੁਸਾਰ ਉਸ ਦੀ ਪੜ੍ਹਾਈ ਦੇ ਸਮੇਂ ਇਕ ਵਾਰੀ ਸਕੂਲ ਦੀ ਹੈਡ ਮਿਸਟ੍ਰੈਸ ਨੂੰ ਨਾਨਕੀ ਦੀ ਕੋਈ ਗੱਲ ਠੀਕ ਨਾ ਜਾਪੀ ਤਾਂ ਉਸ ਨੇ ਨਾਨਕੀ ਨੂੰ ਆਦੇਸ਼ ਦਿੱਤਾ ਕਿ ਉਹ ਆਪਣੇ ਮਾਪਿਆਂ ਨੂੰ ਸਕੂਲ ਲਿਆਵੇ। ਹਾਂਸ ਨੇ ਮੁਹਤਰਮਾ ਹੈਡ ਮਿਸਟ੍ਰੈਸ ਨੂੰ ਟੈਲੀਫੋਨ ਕਰਕੇ ਇੱਕ ਹੀ ਵਾਕ ਬੋਲਿਆ, “ਇਸ ਵਿਚ ਮਾਪਿਆਂ ਦਾ ਕੀ ਰੋਲ ਹੋ ਸਕਦਾ ਹੈ, ਸਕੂਲ ਵਾਲੇ ਜਾਣਨ ਜਾਂ ਉਨ੍ਹਾਂ ਦੀ ਵਿਦਿਆਰਥਣ।” ਨਾਨਕੀ ਦੇ ਦੱਸਣ ਅਨੁਸਾਰ ਸਬੰਧਤ ਮੁਹਤਰਮਾ ਨੇ ਨਾਨਕੀ ਦੀ ਗਲਤੀ ਨੂੰ ਆਈ-ਗਈ ਕਰ ਛੱਡਿਆ ਸੀ। ਸੁਰਜੀਤ ਹਾਂਸ ਜ਼ਿੰਦਾਬਾਦ!
ਅੰਤਿਕਾ: ਸੁਰਜੀਤ ਹਾਂਸ
ਜੋ ਬੀਤੀ ਹੋ ਰਮ ਗਈ,
ਸੰਗ ਸੁਹੇਲੇ ਚਾਰ।
ਦੋ ਪਲ ਹੋਣੀ ਥਮ ਗਈ,
ਯਾਰਾਂ ਦੇ ਵਿਚਕਾਰ।
ਕੰਮੀ ਯੋਧੇ ਹਾਰ ਕੇ,
ਪਏ ਨੇ ਕਬਰਾਂ ਵਿਚ।
ਕੀ ਸੁੱਤੇ ਹਨ ਧਾਰ ਕੇ,
ਮੁੜ ਨਹੀਂ ਹੋਣਾ ਜਿੱਚ।
ਰਾਤ ਪਹਿਰ ਦਾ ਘੋਲ ਹੈ,
ਕੱਢੇ ਵੱਟ ਕੜਿੱਲ।
ਜੋ ਭਾਵੀ ਦੀ ਰੋਲ ਹੈ,
ਕਹਿੰਦੀ ਹੈ ਫਿਰ ਹਿੱਲ।