ਡਾ. ਗੁਰਬਖਸ਼ ਸਿੰਘ ਭੰਡਾਲ
ਕੈਨੇਡਾ ਦੇ ਸਾਬਕਾ ਫੈਡਰਲ ਹੈਲਥ ਮਨਿਸਟਰ ਅਤੇ ਬੀ. ਸੀ. ਦੇ ਸਾਬਕਾ ਪ੍ਰੀਮੀਅਰ ਤੇ ਅਟਾਰਨੀ ਜਨਰਲ ਸ਼ ਉਜਲ ਦੁਸਾਂਝ ਦੀ ਸਵੈ-ਜੀਵਨੀ ‘ਜਰਨੀ ਆਫਟਰ ਮਿਡਨਾਈਟ’ ਪੜ੍ਹਦਿਆਂ ਇਕ ਬੰਦੇ ਦੀਆਂ ਉਹ ਪਰਤਾਂ ਰੂਪਮਾਨ ਹੁੰਦੀਆਂ ਨੇ, ਜੋ ਸ਼ਖਸੀਅਤ ਸਿਰਜਣਾ ਵਿਚ ਅਹਿਮ ਰੋਲ ਨਿਭਾਉਂਦੀਆਂ ਨੇ। ਇਨ੍ਹਾਂ ਪਰਤਾਂ ਥੀਂ ਗੁਜਰਦਿਆਂ, ਪਾਠਕ ਇਕ ਜਦੋ-ਜਹਿਦ ਦਾ ਚਿੱਤਰਨ, ਸੱਚ ਕਹਿਣ ਦੀ ਜੁਰਅਤ ਅਤੇ ਸਮਰਪਿਤ-ਜਿਉਣ ਦੀ ਤਮੰਨਾ ਨੂੰ ਜੀਵਨ-ਜਾਚ ਬਣਾਉਂਦਿਆਂ ਦੇਖਦਾ ਹੈ। ਪਤਾ ਲੱਗਦਾ ਹੈ ਕਿ ਕਿਵੇਂ ਦੁਆਬੇ ਦੇ ਨਿੱਕੇ ਜਿਹੇ ਪਿੰਡ ਦੁਸਾਂਝ ਕਲਾਂ ਦਾ ਮੁੰਡਾ ਅਜਿਹੀਆਂ ਸਪਤਾਵਾਂ ਦੀ ਸਿਰਜਣਾ ਕਰਦਾ ਹੈ, ਜਿਨ੍ਹਾਂ ਦਾ ਕਿਆਸ ਪਿੰਡ ਤੋਂ ਪਰਵਾਸੀ ਹੋਣ ਵਾਲਾ ਮੁੰਡਾ ਕਦੇ ਨਹੀਂ ਕਰ ਸਕਦਾ।
ਸਮਝ ਆਉਂਦੀ ਹੈ ਕਿ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਦਾ ਪ੍ਰੀਮੀਅਰ ਬਣਨ ਅਤੇ ਫਿਰ ਕੈਨੇਡਾ ਦਾ ਫੈਡਰਲ ਹੈਲਥ ਮਨਿਸਟਰ ਬਣਨ ਦੀ ਯਾਤਰਾ ਦੇ ਕੀ ਅਰਥ ਹਨ? ਇਹ ਵਿਚਿੱਤਰ ਤੇ ਵਿਲੱਖਣ ਕਹਾਣੀ ਅਤੇ ਘਟਨਾਵਾਂ ਪਾਠਕ ਦੇ ਮਨ ਵਿਚ ਨਵੇਂ ਸੁਪਨਿਆਂ ਦੀ ਉਤਪਤੀ ਤੇ ਪ੍ਰਾਪਤੀ ਲਈ ਪ੍ਰੇਰਨਾ ਦਾ ਸਬੱਬ ਵੀ ਬਣਦੀਆਂ ਨੇ। ਇਹ ਸਵੈ-ਜੀਵਨੀ ਸਿਰਫ ਉਜਲ ਦੁਸਾਂਝ ਦੀ ਨਹੀਂ, ਸਗੋਂ ਇਕ ਪੰਜਾਬੀ ਦੀ ਹੈ, ਜੋ ਆਪਣੀ ਸੋਚ ਅਤੇ ਸਾਧਨਾ ਨੂੰ ਸਿਰੜ ਤੇ ਸਿਦਕ ਦੀ ਰੰਗਤ ਦੇ ਕੇ, ਉਨ੍ਹਾਂ ਦਿਸਹੱਦਿਆਂ ਨੂੰ ਪ੍ਰਾਪਤ ਕਰਨ ਦੀ ਧਾਰਨਾ ਮਨ ਵਿਚ ਪਾਲਦਾ ਹੈ, ਜੋ ਉਸ ਲਈ ਸੁਖਨ ਅਤੇ ਸਕੂਨ ਦਾ ਸਬੱਬ ਬਣਨੇ ਹਨ।
ਉਜਲ ਦੁਸਾਂਝ ਦੀ ਜੀਵਨੀ ਪੜ੍ਹਦਿਆਂ ਤੁਸੀਂ ਪਿਛਲੀ ਅੱਧੀ ਸਦੀ ਵਿਚ ਪੰਜਾਬ ਦੇ ਸਮਾਜਕ, ਆਰਥਕ, ਸਿਆਸੀ ਅਤੇ ਧਾਰਮਿਕ ਉਤਰਾ-ਚੜ੍ਹਾ ਨੂੰ ਬਹੁਤ ਹੀ ਬਾਰੀਕ-ਬੀਨੀ ਨਾਲ ਸਮਝ ਸਕਦੇ ਹੋ, ਕਿਉਂਕਿ ਉਸ ਦਾ ਤੀਜਾ ਨੇਤਰ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ। ਉਹ ਕੈਨੇਡਾ ਵਿਚ ਰਹਿੰਦਿਆਂ ਵੀ ਆਪਣੀ ਜਨਮ-ਭੂਮੀ ਵਿਚ ਵਾਪਰਦੀਆਂ ਘਟਨਾਵਾਂ ਨੂੰ ਸੰਸਾਰਕ-ਸੰਦਰਭ ਵਿਚ ਵਾਚਦਿਆਂ, ਇਸ ਦੇ ਪੈਣ ਵਾਲੇ ਦੂਰ-ਰਸ ਪ੍ਰਭਾਵਾਂ ਨੂੰ ਪੰਜਾਬ ਅਤੇ ਭਾਰਤ ਦੇ ਪਰਿਪੇਖ ਵਿਚ ਦੇਖਣ ਤੋਂ ਅਵੇਸਲਾ ਨਹੀਂ।
ਪੜ੍ਹੇ-ਲਿਖੇ ਅਤੇ ਸਿਆਸੀ ਤੌਰ ‘ਤੇ ਸੁਚੇਤ ਪਰਿਵਾਰਕ ਪਿਛੋਕੜ ਵਾਲੇ ਸ਼ ਦੁਸਾਂਝ ਲਈ ਭਾਰਤ ਦੇ ਧਾਰਮਿਕ ਜਾਂ ਰਾਜਸੀ ਲੀਡਰਾਂ ਨਾਲ ਮਿਲਣੀ ਦੌਰਾਨ ਉਨ੍ਹਾਂ ਦੇ ਮਨ ਦੀਆਂ ਪਰਤਾਂ ਦੀ ਥਾਹ ਲੈਣਾ ਅਸਾਨ ਹੈ। ਇਹ ਸਭ ਕੁਝ ਉਸ ਦੀਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਸੰਤ ਹਰਚੰਦ ਸਿੰਘ ਲੌਂਗੋਵਾਲ, ਇੰਦਰਾ ਗਾਂਧੀ ਜਾਂ ਪ੍ਰਕਾਸ਼ ਸਿੰਘ ਬਾਦਲ ਨਾਲ ਨਿੱਜੀ ਮਿਲਣੀਆਂ ਵਿਚਲੀ ਗੱਲਬਾਤ ਵਿਚੋਂ ਪ੍ਰਤੱਖ ਰੂਪ ਵਿਚ ਉਭਰਦਾ ਹੈ।
ਉਜਲ ਦੁਸਾਂਝ ਹਰ ਮਸਲੇ ਦਾ ਹੱਲ ਆਪਸੀ ਵਿਚਾਰ-ਚਰਚਾ, ਸ਼ਾਂਤੀਪੂਰਨ ਅਤੇ ਦਲੀਲਬਾਜ਼ੀ ਵਿਚੋਂ ਹੀ ਲੱਭਣ ਦੀ ਲੋਚਾ ਪਾਲਦਾ ਹੈ। ਇਸ ਦਾ ਝਲਕਾਰਾ, ਉਸ ਦੀ ਇੰਦਰਾ ਗਾਂਧੀ ਜਾਂ ਸੰਤ ਭਿੰਡਰਾਂਵਾਲੇ ਜਾਂ ਲੌਂਗੋਵਾਲ ਨੂੰ ਦਿੱਤੀ ਸਲਾਹ ਵਿਚੋਂ ਸਮਝਿਆ ਜਾ ਸਕਦਾ ਹੈ। ਉਹ ਕੈਨੇਡਾ ਵਿਚ ਵੱਡੇ ਅਹੁਦਿਆਂ ‘ਤੇ ਰਹਿੰਦਿਆਂ ਵੀ ਇਸ ਧਾਰਨਾ ‘ਤੇ ਪਹਿਰਾ ਦਿੰਦਾ ਹੈ। ਉਸ ਨੇ ਸਿੱਖ ਵਿਚਾਰਧਾਰਾ ਨੂੰ ਸਮਝਿਆ ਅਤੇ ਜੀਵਿਆ ਹੈ। ਉਹ ਹਰ ਗੱਲ ਨੂੰ ਤਰਕ ਦੀ ਕਸੱਵਟੀ ‘ਤੇ ਪਰਖਦਾ ਅਤੇ ਇਸ ਰਾਹੀਂ ਹੀ ਵਿਰੋਧੀ ਵਿਚਾਰ ਵਾਲਿਆਂ ਨਾਲ ਸੰਵਾਦ ਰਚਾਉਣਾ ਚਾਹੁੰਦਾ ਹੈ। ਵਿਚਾਰਕ ਮਤ ਭੇਦਾਂ ਕਾਰਨ ਹੀ ਸਿੱਖ ਗਰਮ ਖਿਆਲੀਆਂ ਵਲੋਂ ਉਸ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਲਈ ਹਮਲਾ ਵੀ ਕੀਤਾ ਗਿਆ, ਜਿਸ ਕਾਰਨ ਉਸ ਦੇ ਸਿਰ ਵਿਚ 84 ਟਾਂਕੇ ਲੱਗੇ ਸਨ, ਪਰ ਉਹ ਆਪਣੇ ਸਿਧਾਂਤਾਂ ਤੋਂ ਕਦੇ ਵੀ ਡੋਲਿਆ ਜਾਂ ਥਿੜਕਿਆ ਨਹੀਂ। ਉਹ ਆਪਣੀ ਆਤਮਾ ‘ਤੇ ਭਾਰ ਰੱਖ ਕੇ ਨਮੋਸ਼ੀ ਵਾਲੀ ਜ਼ਿੰਦਗੀ ਜਿਉਣ ਨਾਲੋਂ ਸਿਰ ਉਚਾ ਰੱਖ ਕੇ ਜਿਉਣ ਦਾ ਆਦੀ ਹੈ। ਉਸ ਨੇ ਆਪਣੇ ਸਾਰੇ ਰਾਜਸੀ ਜੀਵਨ ਦੌਰਾਨ ਸਹੀ, ਤਰਕਵਾਦੀ, ਸਪੱਸ਼ਟ ਸੋਚ, ਅਸੂਲਾਂ ‘ਤੇ ਦ੍ਰਿੜ ਰਹਿਣ ਦੀ ਪਰੰਪਰਾ ਅਤੇ ਸੁਚੱਜੀ ਜੀਵਨ-ਸ਼ੈਲੀ ‘ਤੇ ਪਹਿਰਾ ਦਿਤਾ ਹੈ, ਜਿਸ ਕਰਕੇ ਜਿੱਤ ਹਮੇਸ਼ਾ ਉਸ ਦੀ ਝੋਲੀ ਪੈਂਦੀ ਰਹੀ।
ਇਸ ਜੀਵਨੀ ਨੂੰ ਪੜ੍ਹਦਿਆਂ ਪਾਠਕ ਦੇ ਦੀਦੇ ਸਿੱਲੇ ਹੋ ਜਾਂਦੇ ਨੇ, ਜਦ ਉਹ ਨਵੇਂ ਸੁਪਨਿਆਂ ਨੂੰ ਨੈਣਾਂ ਵਿਚ ਧਰ ਕੇ ਪਹਿਲੀ ਵਾਰ ਆਪਣੇ ਪਿੰਡ ਤੋਂ ਇੰਗਲੈਂਡ ਨੂੰ ਤੁਰਦਾ ਹੈ। ਹਵਾਈ ਜਹਾਜ ਚੜ੍ਹਨ ਵੇਲੇ ਉਸ ਦੇ ਬਾਪ ਦੀ ਨਸੀਹਤ ਪਾਠਕ ਨੂੰ ਆਪਣੇ ਬਾਪ ਦੀ ਨਸੀਹਤ ਹੀ ਜਾਪਦੀ ਹੈ, “ਬਾਹਰਲੇ ਮੁਲਕ ਵਿਚ ਲੋੜ ਹੋਵੇ ਤਾਂ ਵਾਲ ਕਟਵਾ ਲੈਣੇ। ਕਿਸੇ ਕਾਰਨ ਸ਼ਰਾਬ ਪੀਣੀ ਪਵੇ ਤਾਂ ਪੀ ਲੈਣਾ, ਜ਼ਿਆਦਾ ਨਹੀਂ ਪੀਣੀ; ਪਰ ਜੇ ਸਿਗਰਟ ਪੀਤੀ ਤਾਂ ਮੈਂ ਤੈਨੂੰ ਮਾਰ ਦੇਵਾਂਗਾ।”
ਇਸ ਸਵੈ-ਜੀਵਨੀ ਵਿਚ ਪੰਜਾਬ ਵਿਚਲੀ ਪਰਿਵਾਰਕ ਸਾਂਝ ਦੀ ਪਰੰਪਰਾ ਉਭਰਵੇਂ ਰੂਪ ਵਿਚ ਹਾਜ਼ਰ-ਨਾਜ਼ਰ ਹੈ। ਉਸ ਨੂੰ ਸਾਂਝੇ ਪਰਿਵਾਰ ਵਿਚ ਰਹਿਣ ਤੇ ਆਪਣੀਆਂ ਰਿਸ਼ਤੇਦਾਰੀਆਂ ਨੂੰ ਪਾਲਣ ਦੀ ਜਾਚ ਹੈ। ਇਸ ਕਰਕੇ ਉਹ ਹੁਣ ਵੀ ਆਪਣੇ ਬੇਟੇ ਨਾਲ ਰਹਿੰਦਾ, ਆਪਣੀਆਂ ਪੋਤਰੀਆਂ ਨੂੰ ਸਕੂਲੇ ਛੱਡਣ ਅਤੇ ਉਨ੍ਹਾਂ ਨਾਲ ਆਪਣੀ ਰਿਟਾਇਰ ਜ਼ਿੰਦਗੀ ਦੇ ਪਲ ਸੁਖਦ ਰੂਪ ਵਿਚ ਮਾਣਦਾ ਹੈ। ਇਸੇ ਪਰੰਪਰਾ ਕਰਕੇ ਹੀ ਉਹ ਹੁਣ ਤੀਕ ਆਪਣੇ ਮੂਲ ਨਾਲ ਜੁੜਿਆ ਹੋਇਆ ਹੈ ਅਤੇ ਇਸ ਦਾ ਉਸ ਨੂੰ ਫਖਰ ਵੀ ਹੈ।
ਇਸ ਜੀਵਨੀ ਵਿਚ ਇਕ ਕੋਝਾ ਪੱਖ ਵੀ ਉਜਾਗਰ ਹੁੰਦਾ ਹੈ ਕਿ ਕੈਨੇਡਾ ਵਿਚ ਆ ਕੇ ਪੰਜਾਬੀ ਆਪਣੇ ਦਕੀਆਨੂਸੀ ਵਿਚਾਰਾਂ ਨੂੰ ਆਪਣੇ ਨਾਲ ਚੁੱਕੀ ਫਿਰਦੇ ਹਨ। ਕੈਨੇਡਾ ਦੀ ਰਾਜਨੀਤੀ ਵਿਚ ਪੰਜਾਬੀਆਂ ਵਲੋਂ ਪੰਜਾਬੀਆਂ ਨੂੰ ਠਿੱਬੀ ਲਾਉਣਾ, ਨੀਵਾਂ ਦਿਖਾਉਣਾ, ਪੰਜਾਬੀਆਂ ਦਾ ਜਾਤ-ਪਾਤ ਤੇ ਖਿੱਤਿਆਂ ਵਿਚ ਵੰਡੇ ਜਾਣਾ ਅਤੇ ਕਿਸੇ ਪੰਜਾਬੀ ਦੀ ਕਿਸੇ ਵੀ ਖੇਤਰ ਵਿਚ ਚੜ੍ਹਤ ਨੂੰ ਹਜ਼ਮ ਨਾ ਕਰਨਾ, ਪੰਜਾਬੀਆਂ ਦੀ ਘਾਤਕ ਬਿਰਤੀ ਹੈ। ਹੈਰਾਨੀ ਹੁੰਦੀ ਹੈ ਕਿ ਉਜਲ ਦੁਸਾਂਝ ਦਾ ਆਪਣੀ ਪਤਨੀ ਰੰਮੀ ਨਾਲ ਹੋਣ ਵਾਲੇ ਵਿਆਹ ਵਿਚ ਰੁਕਾਵਟ, ਰੰਮੀ ਦੇ ਕੈਨੇਡਾ ਵੱਸਦੇ ਚਾਚੇ ਵਲੋਂ ਹੀ ਪਾਈ ਗਈ ਕਿ ਉਜਲ ਦੁਆਬੀਆ ਹੈ ਤੇ ਅਸੀਂ ਮਝੈਲ ਹਾਂ। ਸੁ.ੱਕਰ ਹੈ ਕਿ ਰੰਮੀ ਦੇ ਬਾਪ ਅਤੇ ਉਜਲ ਦੁਸਾਂਝ ਦੇ ਬਾਪ ਨੇ ਆਪਣੀ ਸੂਝ-ਬੂਝ ਦਾ ਪ੍ਰਮਾਣ ਦਿੰਦਿਆਂ ਇਸ ਵਿਆਹ ਨੂੰ ਆਪਣੇ ਹੱਥੀਂ ਨੇਪਰੇ ਚਾੜ੍ਹਿਆ।
ਇਸ ਸਵੈ-ਜੀਵਨੀ ਦਾ ਇਕ ਹਾਸਲ ਇਹ ਵੀ ਹੈ ਕਿ ਇਸ ਵਿਚ ਉਨ੍ਹਾਂ ਦੀ ਪਤਨੀ ਰੰਮੀ ਇਕ ਦਲੇਰ, ਬੇਬਾਕ, ਅਸੂਲਾਂ ‘ਤੇ ਡੱਟਣ ਵਾਲੀ ਅਤੇ ਆਪਣੇ ਜੀਵਨ-ਸਾਥੀ ਦੇ ਫੈਸਲਿਆਂ ਨੂੰ ਪੂਰਾ ਕਰਨ ਵਿਚ ਸਿਰ ਧੜ ਦੀ ਬਾਜੀ ਲਾਉਣ ਵਾਲੀ ਸ਼ਖਸੀਅਤ ਵਜੋਂ ਥਾਂ ਪੁਰ ਥਾਂ ਆਪਣੀ ਅਹਿਮ ਹਾਜ਼ਰੀ ਲਵਾਉਂਦੀ ਹੈ।
ਉਜਲ ਦੁਸਾਂਝ ਦੀ ਸਵੈ-ਜੀਵਨੀ ਦੀਆਂ ਪਰਤਾਂ ਫਰੋਲਦਿਆਂ ਬਹੁਤ ਹੀ ਸੂਖਮ ਅਤੇ ਅਦਿੱਖ ਰੂਪ ਕਈ ਵਾਰ ਇੰਜ ਲੱਗਦਾ ਹੈ ਜਿਵੇਂ ਗਰਮ ਖਿਆਲੀ ਤੱਤ ਕੈਨੇਡਾ ਦੇ ਸਰਕਾਰੀ ਤੰਤਰ ਵਿਚ ਵੀ ਘੁਸਪੈਠ ਕਰ ਚੁਕੇ ਸਨ, ਜਿਸ ਕਾਰਨ ਕਈ ਧਰਾਤਲਾਂ ‘ਤੇ ਇਸ ਦਾ ਖਮਿਆਜ਼ਾ ਕੈਨੇਡਾ ਅਤੇ ਕੈਨੇਡੀਅਨਾਂ ਨੂੰ ਵੀ ਭੁਗਤਣਾ ਪਿਆ ਹੋਵੇ। ਭਾਵੇਂ ਏਅਰ ਇੰਡੀਆ ਟ੍ਰੈਜਿਡੀ ਹੋਵੇ ਜਾਂ ਸਿੱਖ ਗਰਮ ਖਿਆਲੀਆਂ ਦੇ ਹਮਾਇਤੀਆਂ ਅਤੇ ਵਿਰੋਧੀਆਂ ਵਿਚ ਝੜਪਾਂ ਦਾ ਗੰਭੀਰ ਰੂਪ ਹੋਵੇ।
ਇਹ ਸਵੈ-ਜੀਵਨੀ ਇਕ ਰੋਲ ਮਾਡਲ ਵਾਂਗ ਪਾਠਕ ਨੂੰ ਪ੍ਰੇਰਿਤ ਵੀ ਕਰਦੀ ਹੈ ਕਿ ਜੇ ਦੀਦਿਆਂ ‘ਚ ਸੁਪਨੇ ਲੈਣ ਅਤੇ ਇਨ੍ਹਾਂ ਦੀ ਪ੍ਰਾਪਤੀ ਦੀ ਚਾਹਨਾ ਹੋਵੇ ਤਾਂ ਕੋਈ ਵੀ ਮੁਸੀਬਤ ਤੁਹਾਨੂੰ ਤੁਹਾਡੇ ਅਕੀਦੇ ਤੋਂ ਪਿੱਛੇ ਨਹੀਂ ਹਟਾ ਸਕਦੀ। ਰਾਹਾਂ ਵਿਚ ਕੰਡੇ ਜਰੂਰ ਉਗਦੇ ਨੇ, ਪਰ ਤੁਰਨ ਵਾਲੇ ਤਲਵਾਰਾਂ ‘ਤੇ ਵੀ ਨੱਚਦੇ ਨੇ ਅਤੇ ਫਿਰ ਪਗਡੰਡੀਆਂ ਨੂੰ ਪੈੜਾਂ ਬਣਦਿਆਂ ਦੇਰ ਨਹੀਂ ਲੱਗਦੀ। ਮਨ ਦੀ ਪਕਿਆਈ ਆਪਣੇ ਸਹੀ ਹੋਣ ਦੀ ਸ਼ਾਹਦੀ, ਸੁਪਨਿਆਂ ਦੀ ਸੁੱਚਤਾ ਅਤੇ ਸ਼ਫਾਫਤ ਸਾਹਵੇਂ ਕੋਝੀਆਂ ਹਰਕਤਾਂ, ਕਮੀਨੀਆਂ ਚਾਲਾਂ ਅਤੇ ਕੁਲਹਿਣੀਆਂ ਕਰਤੂਤਾਂ ਕੁਝ ਨਹੀਂ ਵਿਗਾੜ ਸਕਦੀਆਂ। ਮੰਜ਼ਿਲਾਂ ਸਿਰਫ ਉਨ੍ਹਾਂ ਨੂੰ ਹੀ ਨਸੀਬ ਹੁੰਦੀਆਂ, ਜਿਨ੍ਹਾਂ ਵਿਚ ਤੁਰਨ ਦਾ ਜੇਰਾ ਹੋਵੇ।
ਉਜਲ ਦੁਸਾਂਝ ਬਹੁਤ ਹੀ ਨਫੀਸ, ਧੀਮੇ ਬੋਲਾਂ ਵਾਲਾ ਇਨਸਾਨ ਹੈ, ਪਰ ਉਸ ਦੇ ਬੋਲਾਂ ਵਿਚ ਸੰਜੀਦਗੀ, ਸੰਵੇਦਨਾ ਅਤੇ ਸੱਚਾਈ ਦਾ ਸੰਗਮ ਹੈ। ਕੈਨੇਡਾ ਦੇ ਫੈਡਰਲ ਹੈਲਥ ਮਨਿਸਟਰ, ਬੀ. ਸੀ. ਦੇ ਪ੍ਰੀਮੀਅਰ ਜਾਂ ਅਟਾਰਨੀ ਜਨਰਲ ਹੁੰਦਿਆਂ ਕਈ ਕਿਸਮ ਦੇ ਬਿਖੇੜਿਆਂ ਦਾ ਠਰੰਮੇ ਨਾਲ ਹੱਲ ਲੱਭਣਾ ਤੇ ਸਾਥੀਆਂ ਨੂੰ ਨਾਲ ਲੈ ਕੇ ਆਪਣੀ ਸਰਕਾਰ ਨੂੰ ਇਕ ਪਾਰਦਰਸ਼ੀ ਦਿੱਖ ਪ੍ਰਦਾਨ ਕਰਨਾ, ਉਸ ਦੀ ਵੱਡੀ ਪ੍ਰਾਪਤੀ ਹੈ। ਇਕ ਪੰਜਾਬੀ ਦਾ ਅਜਿਹੇ ਹਾਲਾਤ ਵਿਚ ਇਨ੍ਹਾਂ ਅਹੁਦਿਆਂ ਦਾ ਮਾਣ ਬਣਨਾ ਸਮੁੱਚੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਇਹ ਸਵੈ-ਜੀਵਨੀ ਪੜ੍ਹਨਾ ਉਨ੍ਹਾਂ ਪੰਜਾਬੀਆਂ ਲਈ ਇਕ ਮਾਰਗ-ਦਰਸ਼ਨ ਹੈ, ਜੋ ਵਿਦੇਸ਼ਾਂ ਵਿਚ ਨਵੀਆਂ ਤੇ ਉਚੇਰੀਆਂ ਬੁਲੰਦੀਆਂ ਹਾਸਲ ਕਰਨਾ ਚਾਹੁੰਦੇ ਨੇ।