ਫੀਤਹਗੜ੍ਹ ਸਾਹਿਬ (ਪੰਜਾਬ ਟਾਈਮਜ਼ ਬਿਊਰੋ): ਸਿੱਖ ਪੰਥ ਵਿਚ ਸਤਿਕਾਰਤ ਸ਼ਖ਼ਸੀਅਤ ਦੀਵਾਨ ਟੋਡਰ ਮੱਲ ਦੀ ਇਤਿਹਾਸਕ ਜਹਾਜ਼ ਹਵੇਲੀ ਦੀ ਕਈ ਵਰ੍ਹਿਆਂ ਬਾਅਦ ਵੀ ਸਾਂਭ-ਸੰਭਾਲ ਦਾ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਾ। ਸ਼੍ਰੋਮਣੀ ਕਮੇਟੀ ਨੇ ਭਾਵੇਂ ਇਸ ਇਮਾਰਤ ਦੀ ਪੁਰਾਣੀ ਦਿਖ ਨੂੰ ਮੁੜ ਬਹਾਲ ਕਰਨ ਦਾ ਕਈ ਵਾਰ ਮਨ ਬਣਾਇਆ ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਇਸ ਕੰਮ ਵਿੱਚ ਅੜਿੱਕਾ ਪੈਂਦਾ ਰਿਹਾ ਤੇ ਸਿੱਟੇ ਵਜੋਂ ਇਹ ਹਵੇਲੀ ਖੰਡਰ ਦਾ ਰੂਪ ਧਾਰ ਰਹੀ ਹੈ।
ਜ਼ਿਕਰਯੋਗ ਹੈ ਕਿ ਦੀਵਾਨ ਟੋਡਰ ਮੱਲ ਨੇ ਸਿੱਖ ਕੌਮ ਦੇ ਮਹਾਨ ਸ਼ਹੀਦ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਦੇ ਸਸਕਾਰ ਲਈ ਉਸ ਸਮੇਂ ਸੋਨੇ ਦੀਆਂ ਖੜ੍ਹੀਆਂ ਮੋਹਰਾਂ ਵਿਛਾ ਕੇ ਜਗ੍ਹਾ ਖਰੀਦੀ ਸੀ। ਸ਼੍ਰੋਮਣੀ ਕਮੇਟੀ ਨੇ ਇਸ ਹਵੇਲੀ ਦੀ ਪੁਰਾਣੀ ਦਿੱਖ ਨੂੰ ਬਹਾਲ ਕਰਨ ਲਈ ਇਸ ਦੀ ਕਾਰ ਸੇਵਾ ਕਈ ਵਾਰ ਬਦਲੀ ਹੈ ਤੇ ਹੁਣ ਤਾਜ਼ਾ ਫੈਸਲੇ ਰਾਹੀਂ ਯੂæਕੇ ਦੀ ਬੀਬੀ ਹਰਮਿੰਦਰ ਕੌਰ ਤੋਂ ਕਾਰ ਸੇਵਾ ਵਾਪਸ ਲੈ ਲਈ ਗਈ ਹੈ। ਸ਼੍ਰੋਮਣੀ ਕਮੇਟੀ ਨੇ ਹੁਣ ਆਪਣੇ ਪੱਧਰ ‘ਤੇ ਹੀ ਜਹਾਜ਼ ਹਵੇਲੀ ਦੀ ਪੁਰਾਣੀ ਦਿਖ ਬਹਾਲ ਕਰਨ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਜਹਾਜ਼ ਹਵੇਲੀ ਨੂੰ 2003 ਵਿਚ ਤਕਰੀਬਨ 17 ਲੱਖ ਰੁਪਏ ਵਿਚ ਪੰਜਾਬ ਵਿਰਾਸਤ ਚੈਰੀਟੇਬਲ ਟਰੱਸਟ ਨੂੰ ਮਾਲ ਵਿਭਾਗ ਦੇ ਰਿਕਾਰਡ ਵਿਚ ਮੌਜੂਦ ਮਾਲਕ ਨੇ ਵੇਚ ਦਿੱਤਾ ਸੀ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਇਸ ਇਤਿਹਾਸਕ ਹਵੇਲੀ ਨੂੰ ਆਪਣੇ ਅਧੀਨ ਲੈਣ ਲਈ ਸਰਗਰਮ ਹੋਈ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਨੂੰ ਇਹ ਹਵੇਲੀ ਸਬੰਧਤ ਟਰੱਸਟ ਸੌਂਪ ਦੇਵੇ ਤਾਂ ਉਹ ਛੇ ਮਹੀਨੇ ਦੇ ਅੰਦਰ-ਅੰਦਰ ਤਕਨੀਕੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਇਸ ਦੀ ਪੁਰਾਣੀ ਦਿੱਖ ਬਹਾਲ ਕਰਵਾ ਦੇਣਗੇ। ਇਹ ਮਾਮਲਾ ਮੀਡੀਆ ਵਿਚ ਆਉਣ ‘ਤੇ ਹਿੰਦੂ ਜੈਨ ਸੰਸਥਾਵਾਂ ਤੇ ਸ਼੍ਰੋਮਣੀ ਕਮੇਟੀ ਆਹਮੋ ਸਾਹਮਣੇ ਹੋ ਗਏ। ਜੈਨ ਸੰਸਥਾਵਾਂ ਦੇ ਆਗੂਆਂ ਨੇ ਹਵੇਲੀ ‘ਤੇ ਆਪਣਾ ਹੱਕ ਜਤਾ ਕੇ ਇਸ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਮੁੱਖ ਮੰਤਰੀ ਤੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸਮੇਤ ਪੰਜਾਬ ਕਾਂਗਰਸ ਕਮੇਟੀ ਦੇ ਸੀਨੀਅਰ ਆਗੂਆਂ ਨੂੰ ਪੱਤਰ ਲਿਖ ਦਿੱਤੇ। ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਦੀਵਾਨ ਟੋਡਰ ਮੱਲ ਜੈਨ ਹਿੰਦੂ ਆਸਥਾ ਵਾਲੇ ਵਿਅਕਤੀ ਤੇ ਪਰਿਵਾਰ ਵਿਚੋਂ ਸਨ।
ਵਿਵਾਦ ਵਧਣ ਉਪਰੰਤ ਪੰਜਾਬ ਵਿਰਾਸਤ ਚੈਰੀਟੇਬਲ ਟਰੱਸਟ ਦੇ ਆਗੂਆਂ ਨੇ ਹਵੇਲੀ ਤੇ ਇਸ ਦੇ ਦੋ ਕਨਾਲ 17 ਮਰਲੇ ਰਕਬੇ ਦੀ ਬਗੈਰ ਕੀਮਤ ਲਏ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਨਾਂ ਰਜਿਸਟਰੀ ਕਰਵਾ ਦਿੱਤੀ ਤੇ ਦਸਤਾਵੇਜ਼ ਭੋਰਾ ਸਾਹਿਬ ਵਿਚ ਰੱਖ ਕੇ ਮੱਥਾ ਟੇਕ ਦਿੱਤਾ। ਇਸ ਉਪਰੰਤ ਇਹ ਹਵੇਲੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਨਾਂ ਹੋ ਗਈ। ਸ਼੍ਰੋਮਣੀ ਕਮੇਟੀ ਨੇ ਹਵੇਲੀ ਦੀ ਪੁਰਾਤਨ ਦਿੱਖ ਬਹਾਲ ਕਰਨ ਦੇ ਮਕਸਦ ਨਾਲ ਇਸ ਦੀ ਕਾਰ ਸੇਵਾ ਬੀਬੀ ਹਰਮਿੰਦਰ ਕੌਰ ਯੂæਕੇ ਨੂੰ ਸੌਂਪ ਦਿੱਤੀ।
ਕੰਮ ਦੀ ਰਫਤਾਰ ਢਿੱਲੀ ਹੋਣ ਕਾਰਨ ਸ਼੍ਰੋਮਣੀ ਕਮੇਟੀ ਨੇ ਜਦੋਂ ਸੇਵਾ ਵਾਪਸ ਲੈਣ ਲਈ ਕਿਹਾ ਤਾਂ ਬੀਬੀ ਹਰਮਿੰਦਰ ਕੌਰ ਵੱਲੋਂ ਬੇਨਤੀ ਕਰਨ ‘ਤੇ ਉਨ੍ਹਾਂ ਨੂੰ ਮੁੜ ਕਾਰ ਸੇਵਾ ਸੌਂਪ ਦਿੱਤੀ ਗਈ। ਇਸ ਉਪਰੰਤ 15 ਅਪਰੈਲ, 2011 ਨੂੰ ਇਹ ਕਾਰ ਸੇਵਾ ਬਾਬਾ ਅਮਰੀਕ ਸਿੰਘ ਨੂੰ ਸੌਂਪ ਦਿੱਤੀ ਗਈ ਤੇ ਉਨ੍ਹਾਂ ਨੇ ਵੀ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਜਿਸ ਕਾਰਨ ਸ਼੍ਰੋਮਣੀ ਕਮੇਟੀ ਨੇ ਕੰਮ ਬੰਦ ਕਰਵਾ ਦਿੱਤਾ।ਕੁਝ ਸਮਾਂ ਕੰਮ ਬੰਦ ਰਹਿਣ ਉਪਰੰਤ ਬੀਬੀ ਹਰਮਿੰਦਰ ਕੌਰ ਯੂæਕੇ ਨੇ ਫਿਰ ਕਾਰ ਸੇਵਾ ਕਰਨ ਲਈ ਬੇਨਤੀ ਕੀਤੀ ਜਿਸ ਨੂੰ ਪ੍ਰਵਾਨ ਕਰਦਿਆਂ ਸ਼੍ਰੋਮਣੀ ਕਮੇਟੀ ਨੇ 13 ਦਸੰਬਰ, 2012 ਨੂੰ ਮੁੜ ਉਨ੍ਹਾਂ ਨੂੰ ਕਾਰ ਸੇਵਾ ਸੌਂਪ ਦਿੱਤੀ।
ਹੁਣ ਫਿਰ ਸ਼੍ਰੋਮਣੀ ਕਮੇਟੀ ਨੇ ਸਖ਼ਤ ਕਾਰਵਾਈ ਕਰਦਿਆਂ ਕਾਰ ਸੇਵਾ ਦਾ ਕੰਮ ਮੁਕੰਮਲ ਤੌਰ ‘ਤੇ ਬੰਦ ਕਰਵਾ ਦਿੱਤਾ ਹੈ। ਹੁਣ ਸ਼੍ਰੋਮਣੀ ਕਮੇਟੀ ਨੇ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਨੂੰ ਸੰਭਾਲਨ ਦਾ ਕੰਮ ਆਪਣੇ ਪੱਧਰ ‘ਤੇ ਹੀ ਕਰਵਾਉਣ ਦਾ ਫੈਸਲਾ ਲਿਆ ਹੈ।
Leave a Reply