ਚੰਡੀਗੜ੍ਹ: ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਉਤੇ ਲਾਏ ਸਭਿਆਚਾਰਕ ਬੁੱਤ ਅੰਮ੍ਰਿਤਸਰ ਵਿਚ ਕਿਸੇ ਹੋਰ ਥਾਂ ਉਤੇ ਤਬਦੀਲ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਬੁੱਤ ਢਾਉਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨਾਂ ਖਿਲਾਫ ਦਾਇਰ ਕੇਸ ਵਾਪਸ ਲੈਣ ਅਤੇ ਉਨ੍ਹਾਂ ਦੀ ਸਮੀਖਿਆ ਦੇ ਵੀ ਹੁਕਮ ਦਿੱਤੇ ਹਨ।
ਪਿਛਲੀ ਭਾਜਪਾ-ਅਕਾਲੀ ਸਰਕਾਰ ਵਲੋਂ ਲਗਾਏ ਗਏ ਇਨ੍ਹਾਂ ਵਿਰਾਸਤੀ ਬੁੱਤਾਂ ਨੂੰ ਕੁਝ ਪ੍ਰਦਰਸ਼ਨਕਾਰੀਆਂ ਨੇ 15 ਜਨਵਰੀ ਨੂੰ ਤੋੜ ਦਿੱਤਾ ਸੀ। ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਸਨ ਜਿਸ ਪਿੱਛੋਂ ਵੱਡੀ ਗਿਣਤੀ ਸਿੱਖ ਜਥੇਬੰਦੀਆਂ ਬੁੱਤ ਤੋੜਨ ਵਾਲਿਆਂ ਦੇ ਹੱਕ ਵਿਚ ਨਿੱਤਰ ਆਈਆਂ ਸਨ। ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਬੁੱਤ ਹਟਾਉਣ ਦੀ ਹਮਾਇਤ ਕੀਤੀ ਸੀ ਤੇ ਘਟਨਾ ਦੀ ਪੜਤਾਲ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਸੀ ਜਿਸ ਨੇ ਸਰਕਾਰ ਨਾਲ ਵਿਚਾਰ ਕਰਨੀ ਸੀ ਪਰ ਕੈਪਟਨ ਨੇ ਇਸ ਤੋਂ ਪਹਿਲਾਂ ਹੀ ਬੁੱਤ ਹਟਾਉਣ ਦੇ ਹੁਕਮ ਦੇ ਦਿੱਤੇ। ਸਿੱਖ ਜਥੇਬੰਦੀਆਂ ਦਾ ਤਰਕ ਸੀ ਕਿ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਰੂਹਾਨੀਅਤ ਅਤੇ ਅਧਿਆਤਮਿਕਤਾ ਨਾਲ ਸਬੰਧਤ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਹੈਰੀਟੇਜ ਸਟਰੀਟ ਵਿਚ ਭੰਗੜਾ ਪਾਉਂਦੇ ਬੁੱਤ ਪੰਜਾਬੀ ਸਭਿਆਚਾਰ ਦਾ ਪ੍ਰਤੀਕ ਹਨ। ਉਹ ਪੰਜਾਬੀ ਸਭਿਆਚਾਰ ਦੇ ਖਿਲਾਫ ਨਹੀਂ ਹਨ ਪਰ ਸ੍ਰੀ ਹਰਿਮੰਦਰ ਸਾਹਿਬ ਦੀ ਰੂਹਾਨੀਅਤ ਨੂੰ ਧਿਆਨ ਵਿਚ ਰੱਖਦਿਆਂ ਇਥੇ ਅਧਿਆਤਮਿਕਤਾ ਵਾਲੀਆਂ ਚੀਜ਼ਾਂ ਹੀ ਹੋਣੀਆਂ ਚਾਹੀਦੀਆਂ ਹਨ, ਪਰ ਪੰਜਾਬ ਸਰਕਾਰ ਨੇ ਪਹਿਲਾਂ ਇਸ ਦਾ ਵਿਰੋਧ ਕਰਨ ਵਾਲਿਆਂ ਉਤੇ ਸਖਤੀ ਵਰਤੀ ਜਿਸ ਪਿੱਛੋਂ ਮਾਮਲਾ ਭਖ ਗਿਆ। ਵੱਡੀ ਗਿਣਤੀ ਸਿੱਖ ਨੌਜਵਾਨ ਬੁੱਤਾਂ ਸਾਹਮਣੇ ਧਰਨੇ ਉਤੇ ਬੈਠ ਗਏ। ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦੇਖ ਅਤੇ ਜਥੇਦਾਰ ਵਲੋਂ ਬੁੱਤ ਤੋੜਨ ਵਾਲਿਆਂ ਦੀ ਹਮਾਇਤ ਕਰਨ ਪਿੱਛੋਂ ਸਰਕਾਰ ਨੇ ਪਿੱਛੇ ਹਟਣ ਵਿਚ ਵੀ ਭਲਾਈ ਸਮਝੀ।