ਭਾਜਪਾ ਵਲੋਂ ਅੱਖਾਂ ਦਿਖਾਉਣ ਪਿੱਛੋਂ ਅਕਾਲੀ ਦਲ ਫਿਕਰਮੰਦ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਈਵਾਲੀ ਤੋਂ ਦਿੱਤੇ ਕੋਰੇ ਜਵਾਬ ਨੇ ਪੰਜਾਬ ਵਿਚ ਵੀ ਇਸ ਗੱਠਜੋੜ ਦੇ ਭਵਿੱਖ ਉਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਭਾਵੇਂ ਨਾਗਰਿਕਤਾ ਸੋਧ ਬਿੱਲ ਦੀ ਓਟ ਲੈਂਦਿਆਂ ਦਿੱਲੀ ਵਿਧਾਨ ਸਭਾ ਦੇ ਚੋਣ ਮੈਦਾਨ ‘ਚੋਂ ਲਾਂਭੇ ਹੋਣ ਦੀ ਗੱਲ ਕਹੀ ਹੈ ਪਰ ਭਾਜਪਾ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਅਕਾਲੀਆਂ ਨੂੰ ਹੁੰਗਾਰਾ ਭਰਿਆ ਹੀ ਨਹੀਂ ਸੀ ਅਤੇ ਅਕਾਲੀਆਂ ਨੇ ਆਪਣੇ ਤੌਰ ਉਤੇ ਹੀ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਲੜਨ ਦੀ ਤਿਆਰੀ ਵਿੱਢੀ ਸੀ।

ਉਧਰ, ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਦੋਹਾਂ ਪਾਰਟੀਆਂ ਦਰਮਿਆਨ ਵਿਗੜ ਰਹੇ ਸਬੰਧਾਂ ਉਤੇ ਵਿਚਾਰ-ਚਰਚਾ ਕੀਤੀ ਗਈ। ਸੂਤਰਾਂ ਮੁਤਾਬਕ ਅਕਾਲੀ ਦਲ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪੁਰਾਣੇ ਸਿਆਸੀ ਗੱਠਜੋੜ ਦੇ ਟੁੱਟਣ ਦਾ ਨਾ ਸਿਰਫ ਅਹਿਸਾਸ ਹੋਇਆ ਹੈ ਸਗੋਂ ਚੋਣਾਂ ਤੋਂ ਪਹਿਲਾਂ ਇਕੱਠਿਆਂ ਕੰਮ ਕਰਨ ਦੇ ਇਰਾਦਿਆਂ ਉਤੇ ਮੁੜ ਤੋਂ ਸਮੀਖਿਆ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਭਾਜਪਾ ਦੇ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹਨ। ਇਸ ਗੱਲ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਨੇ ਅਕਾਲੀ ਦਲ ਦੇ ਇਕ ਸੰਸਦ ਮੈਂਬਰ ਨਾਲ ਹਾਲ ਹੀ ਵਿਚ ਹੋਈ ਮੁਲਾਕਾਤ ਦੌਰਾਨ ਵੀ ਕੀਤਾ ਸੀ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਦੱਸਣਾ ਹੈ ਕਿ ਭਗਵਾਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਕਾਲੀਆਂ ਖਾਸ ਕਰ ਬਾਦਲਾਂ ਤੋਂ ਇਸ ਗੱਲੋਂ ਪਰੇਸ਼ਾਨ ਹੈ ਕਿ ਅਕਾਲੀ ਦਲ ਦੀ ਮੰਗ ਉਤੇ ਕੇਂਦਰ ਵਲੋਂ ਕਈ ਫੈਸਲੇ ਲਏ ਗਏ ਪਰ ਦੋਹਾਂ ਪਾਰਟੀਆਂ ਨੂੰ ਸਿਆਸੀ ਲਾਭ ਨਹੀਂ ਹੋਇਆ। ਅਕਾਲੀਆਂ ਦੀ ਮੰਗ ਉਤੇ ਹੀ 1984 ਦੇ ਸਿੱਖ ਕਤਲੇਆਮ ਕੇਸ ਦੇ ਕਈ ਦੋਸ਼ੀਆਂ ਨੂੰ ਜੇਲ੍ਹ ਤੱਕ ਵੀ ਪਹੁੰਚਾਇਆ। ਇਸੇ ਤਰ੍ਹਾਂ ਵਿਦੇਸ਼ਾਂ ਵਿਚਲੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖਤਮ ਕਰਨ ਲਈ ਵੀ ਪਹਿਲਕਦਮੀ ਕੀਤੀ ਪਰ ਕਿਸੇ ਫੈਸਲੇ ਦਾ ਸਿਆਸੀ ਲਾਭ ਹੁੰਦਾ ਦਿਖਾਈ ਨਹੀਂ ਦਿੱਤਾ।
ਭਾਜਪਾ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਟਕਸਾਲੀਆਂ ਖਾਸ ਕਰਕੇ ਸੁਖਦੇਵ ਸਿੰਘ ਢੀਂਡਸਾ ਦੇ ਪਾਰਟੀ ਨਾਲੋਂ ਵੱਖ ਹੋਣ ਨਾਲ ਵੀ ਅਕਾਲੀ ਦਲ ਨੂੰ ਨੁਕਸਾਨ ਹੋਇਆ ਹੈ। ਪਾਰਟੀ ਦੀ ਸੂਬਾਈ ਲੀਡਰਸ਼ਿਪ ਦਾ ਕਹਿਣਾ ਹੈ ਕਿ ਭਾਜਪਾ ਘੱਟ ਗਿਣਤੀਆਂ ਨਾਲ ਭਾਈਵਾਲੀ ਵਜੋਂ ਸਿੱਖਾਂ ਦੀ ਕਿਸੇ ਨੁਮਾਇੰਦਾ ਧਿਰ ਨਾਲ ਸਿਆਸੀ ਗੱਠਜੋੜ ਤਾਂ ਕਰਨਾ ਚਾਹੁੰਦੀ ਹੈ ਪਰ ਬਾਦਲਾਂ ਦਾ ‘ਤੋੜ’ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਭਾਜਪਾ ਵਲੋਂ ਸਾਲ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਆਪਣੇ ਦਮ ਉਤੇ ਲੜਨ ਦਾ ਐਲਾਨ ਇਸੇ ਰਣਨੀਤੀ ਦਾ ਹੀ ਹਿੱਸਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਇਤਿਹਾਸ ਬਾਰੇ ਸਮਝ ਬਣਾਉਣ ਲਈ ਐਡੌਲਫ ਹਿਟਲਰ ਦੀ ਸਵੈ-ਜੀਵਨੀ ‘ਮਾਈਨ ਕੰਫ’ ਦੀ ਕਾਪੀ ਭੇਜੀ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਇਹ ਕਿਤਾਬ ਪੜ੍ਹਨ ਦੀ ਨਸੀਹਤ ਦਿੱਤੀ ਤਾਂ ਕਿ ਉਸ ਨੂੰ ਕੇਂਦਰ ਸਰਕਾਰ, ਜਿਸ ਵਿਚ ਅਕਾਲੀ ਵੀ ਭਾਈਵਾਲ ਹਨ, ਵਲੋਂ ਪਾਸ ਕੀਤੇ ਗੈਰ-ਸੰਵਿਧਾਨਕ ਕਾਨੂੰਨ ਦੇ ਖਤਰਨਾਕ ਸਿੱਟਿਆਂ ਬਾਰੇ ਸਮਝ ਆ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਲਿਖੇ ਪੱਤਰ ਵਿਚ ਕਿਹਾ, ”ਕਿਤਾਬ ਪੜ੍ਹੋ ਜਿਵੇਂ ਕਿ ਹਰ ਕੋਈ ਇਤਿਹਾਸ ਤੋਂ ਸਿੱਖਦਾ ਹੈ। ਮੇਰੀ ਕੁਰਸੀ ਤਾਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਅਜਿਹਾ ਜਾਪਦਾ ਹੈ ਕਿ ਸੁਖਬੀਰ ਬਾਦਲ ਨੂੰ ਆਪਣੀ ਪਤਨੀ ਦੀ ਕੇਂਦਰੀ ਮੰਡਲ ਮੰਡਲ ਵਿਚ ਮਿਲੀ ਕੁਰਸੀ ਦਾ ਫਿਕਰ ਸਤਾ ਰਿਹਾ ਹੈ।”
ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ‘ਚ ਜੇ ਅਕਾਲੀ ਦਲ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ਉਤੇ ਭਾਜਪਾ ਨਾਲ ਗੱਠਜੋੜ ਤੋੜਿਆ ਹੈ ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਤੁਰਤ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਜਿਸ ਕੇਂਦਰੀ ਮੰਤਰੀ ਮੰਡਲ ‘ਚ ਉਹ ਮੰਤਰੀ ਹਨ, ਉਸੇ ਸਰਕਾਰ ਨੇ ਸੀ.ਏ.ਏ. ਲਾਗੂ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਾਂਗ ਪੰਜਾਬ ਵਿਚ ਵੀ ਅਕਾਲੀ ਭਾਜਪਾ ਦਾ ਗਠਜੋੜ ਜ਼ਿਆਦਾ ਦਿਨ ਦਾ ਮਹਿਮਾਨ ਨਹੀਂ ਹੈ। ਦਿੱਲੀ ਚੋਣਾਂ ਨਾ ਲੜਨਾ ਦਰਸਾਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਚੋਣ ਮੈਦਾਨ ਛੱਡ ਕੇ ਭੱਜ ਰਿਹਾ ਹੈ, ਇਹ ਅਕਾਲੀ ਦਲ ਦੀ ਪਹਿਲੀ ਹਾਰ ਹੈ।
____________________________________________
ਪੰਜਾਬ ਬਾਰੇ ਭਾਜਪਾ ਦੀ ਰਣਨੀਤੀ ਸਪਸ਼ਟ!
ਚੰਡੀਗੜ੍ਹ: ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਦਾ ਹਰੇਕ ਵਰਕਰ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਉਣ ਦਾ ਸੁਪਨਾ ਵੇਖਦਾ ਹੈ। ਉਧਰ ਭਾਜਪਾ ਦੇ ਇਕ ਹੋਰ ਆਗੂ ਮਦਨ ਮੋਹਨ ਮਿੱਤਲ ਨੇ 2022 ਦੀਆਂ ਅਸੈਂਬਲੀ ਚੋਣਾਂ ਵਿਚ 50 ਫੀਸਦ ਸੀਟਾਂ ਉਤੇ ਚੋਣ ਲੜਨ ਦਾ ਸੱਦਾ ਦਿੱਤਾ ਹੈ। ਸਾਬਕਾ ਮੰਤਰੀ ਕਾਲੀਆ ਨੇ ਕਿਹਾ ਕਿ ਭਾਜਪਾ ਦਾ ਹਰ ਵਰਕਰ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਬਣਨ ਦਾ ਸੁਪਨਾ ਵੇਖਦਾ ਹੈ। ਇਸ ਸੁਪਨੇ ਨੂੰ ਹਕੀਕੀ ਰੂਪ ਦੇਣ ਲਈ ਹਰ ਵਰਕਰ ਨੂੰ ਸਖਤ ਮਿਹਨਤ ਕਰਨੀ ਹੋਵੇਗੀ। ਉਧਰ ਮਿੱਤਲ ਨੇ ਕਿਹਾ ਕਿ ਅਸੀਂ 1997 ਤੋਂ 23 ਸੀਟਾਂ ਉਤੇ ਉਮੀਦਵਾਰ ਖੜ੍ਹਾਉਂਦੇ ਆ ਰਹੇ ਹਾਂ। ਪੰਜਾਬ ਅਗਾਂਹਵਧੂ ਤੇ ਸਨਅਤੀ ਤੌਰ ‘ਤੇ ਵਿਕਸਤ ਰਾਜ ਹੈ ਤੇ ਮਹਿਜ਼ 23 ਸੀਟਾਂ ਨਾਲ ਇਸ ਨੂੰ ਅੱਗੇ ਨਹੀਂ ਲਿਜਾਇਆ ਜਾ ਸਕਦਾ।
____________________________________________
ਹਰਸਿਮਰਤ ਬਾਦਲ ਦਾ ਕੇਂਦਰੀ ਵਜ਼ਾਰਤ ‘ਚ ਰਹਿਣਾ ਔਖਾ
ਚੰਡੀਗੜ੍ਹ: ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਵਿਗੜ ਰਹੇ ਰਿਸ਼ਤਿਆਂ ਦੌਰਾਨ ਕੇਂਦਰੀ ਵਜ਼ਾਰਤ ਵਿਚ ਅਕਾਲੀ ਦਲ ਦੀ ਇਕਲੌਤੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਮੰਤਰੀ ਬਣਿਆ ਰਹਿਣਾ ਮੁਸ਼ਕਲ ਹੋ ਗਿਆ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਸੀਨੀਅਰ ਆਗੂਆਂ ਵਲੋਂ ਸਲਾਹ ਦਿੱਤੀ ਗਈ ਕਿ ਭਾਜਪਾ ਨਾਲ ਸਿਆਸੀ ਸਾਂਝ ਤਿੜਕਣ ਕਰਕੇ ਕੇਂਦਰੀ ਮੰਤਰੀ ਮੰਡਲ ਵਿਚ ਬਣੇ ਰਹਿਣ ਜਾਂ ਬਾਹਰ ਆਉਣ ਬਾਰੇ ਵੀ ਸਮੀਖਿਆ ਕਰ ਲੈਣੀ ਚਾਹੀਦੀ ਹੈ। ਇਸ ਆਗੂ ਮੁਤਾਬਕ ਬੀਬੀ ਬਾਦਲ ਨੂੰ ਕਦੋਂ ਅਸਤੀਫਾ ਦਿਵਾਉਣਾ ਹੈ, ਇਹ ਸਿਰਫ ਬਾਦਲ ਪਰਿਵਾਰ ਉਤੇ ਨਿਰਭਰ ਕਰਦਾ ਹੈ।