ਟਕਸਾਲੀ ਆਗੂਆਂ ਅਤੇ ਢੀਂਡਸਾ ਹਮਾਇਤੀਆਂ ਦੇ ਹੌਸਲੇ ਹੋਏ ਬੁਲੰਦ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਵਲੋਂ ਨਵੀਂ ਦਿੱਲੀ ਵਿਧਾਨ ਸਭਾ ਚੋਣਾਂ ‘ਚ ਪੁਰਾਣੇ ਭਾਈਵਾਲ ਅਕਾਲੀ ਦਲ ਨੂੰ ਦਿੱਤੇ ਝਟਕੇ ਮਗਰੋਂ ਟਕਸਾਲੀ ਆਗੂਆਂ ਅਤੇ ਢੀਂਡਸਾ ਪੱਖੀਆਂ ਦੇ ਹੌਸਲੇ ਵਧ ਗਏ ਹਨ। ਬਾਦਲ ਵਿਰੋਧੀ ਧੜਿਆਂ ਨੂੰ ਉਮੀਦ ਹੈ ਕਿ ਸੂਬੇ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੱਕ ਅਕਾਲੀ-ਭਾਜਪਾ ਗੱਠਜੋੜ ਟੁੱਟਣ ਕੰਢੇ ਪੁੱਜ ਜਾਵੇਗਾ ਤੇ ਭਾਜਪਾ, ਅਕਾਲੀਆਂ ਦੇ ਕਿਸੇ ਨਵੇਂ ਧੜੇ ਨਾਲ ਸਿਆਸੀ ਸਾਂਝ ਪਾ ਸਕਦੀ ਹੈ।

ਬਾਦਲ ਵਿਰੋਧੀ ਧੜਿਆਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਇਸੇ ਸਾਲ ਕਰਾਉਣ ਲਈ ਵੀ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚ ਕੀਤੀ ਜਾ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਨਾਰਾਜ਼ ਤੇ ਨਿਰਾਸ਼ ਆਗੂਆਂ ਵਲੋਂ ਇਕਜੁਟ ਹੋ ਕੇ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ਵਿਚੋਂ ਮੁਕਤ ਕਰਵਾ ਕੇ ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇਗਾ। ਸ੍ਰੀ ਅਕਾਲ ਤਖਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਰਵਾਇਤਾਂ, ਸਿਧਾਂਤਾਂ ਅਤੇ ਪਰੰਪਰਾਵਾਂ ਨੂੰ ਮੁੜ ਉਸਾਰੂ ਲੀਹਾਂ ਉਤੇ ਲਿਆਉਣ ਲਈ ਹਰ ਪੰਥ ਦਰਦੀ ਨੂੰ ਨਾਲ ਲਿਆ ਜਾਵੇਗਾ। ਇਸ ਸਬੰਧੀ ਪੰਜਾਬ ਭਰ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਲੋਕਾਂ ਦੀ ਕਚਹਿਰੀ ਵਿਚ ਬਾਦਲ ਪਰਿਵਾਰ ਦੀਆਂ ਪੰਥ ਵਿਰੋਧੀ ਕਾਰਵਾਈਆਂ ਦਾ ਕੱਚਾ ਚਿੱਠਾ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅੰਦਰ ਬੈਠੇ ਪੰਥ ਦਰਦੀ ਉਨ੍ਹਾਂ ਦੀਆਂ ਮੀਟਿੰਗਾਂ ਨੂੰ ਭਰਵਾਂ ਹੁੰਗਾਰਾ ਦੇਣ ਲਈ ਸੰਪਰਕ ਕਰ ਰਹੇ ਹਨ।
ਉਧਰ, ਅਕਾਲੀ ਦਲ ਨੇ ਆਪਣੇ ਦੋ ਬਾਗੀ ਨੇਤਾਵਾਂ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀਆਂ ਸਿਆਸੀ ਗਤੀਵਿਧੀਆਂ ਨੂੰ ਖੁੰਢਾ ਕਰਨ ਲਈ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜਨਤਕ ਮੀਟਿੰਗ ਕਰਨ ਲਈ ਮੈਦਾਨ ‘ਚ ਉਤਾਰਿਆ ਹੈ। ਇਸੇ ਕੜੀ ਤਹਿਤ 2 ਫਰਵਰੀ ਨੂੰ ਸੰਗਰੂਰ ‘ਚ ਹੋਣ ਵਾਲੀ ਅਕਾਲੀ ਦਲ ਦੀ ਰੈਲੀ ‘ਚ ਸ਼ਕਤੀ ਪ੍ਰਦਰਸ਼ਨ ਕਰਨ ਲਈ ਡਿਊਟੀਆਂ ਲਾਈਆਂ ਗਈਆਂ ਹਨ।
ਪਾਰਟੀ ਸੂਤਰਾਂ ਅਨੁਸਾਰ ਇਸ ਮੁਹਿੰਮ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਕੀਤੀ ਜਾ ਰਹੀ ਹੈ। ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਦੇ ਅਕਾਲੀ ਆਗੂਆਂ ਨਾਲ ਨਿੱਜੀ ਰਾਬਤਾ ਕਾਇਮ ਕਰ ਕੇ ਉਨ੍ਹਾਂ ਨੂੰ ਢੀਂਡਸਿਆਂ ਦੀ ਥਾਂ ਪਾਰਟੀ ਨਾਲ ਖੜ੍ਹਨ ਲਈ ਪ੍ਰੇਰਿਆ ਜਾ ਰਿਹਾ ਹੈ। ਪਾਰਟੀ ਵਲੋਂ 2 ਫਰਵਰੀ ਨੂੰ ਰੱਖੀ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਸੀਨੀਅਰ ਆਗੂਆਂ ਨੂੰ ਰੈਲੀ ਵਿਚ ਇਕੱਠ ਵਧਾਉਣ ਲਈ ਪਿੰਡ ਪੱਧਰ ਤੱਕ ਪਹੁੰਚ ਕਰਨ ਲਈ ਕਿਹਾ ਗਿਆ ਹੈ। ਅਕਾਲੀ ਦਲ ਨੇ ਸੰਗਰੂਰ ਅਤੇ ਬਰਨਾਲਾ ਹਲਕਿਆਂ ਵਿਚ ਢੀਂਡਸਾ ਵਿਰੋਧੀ ਅਤੇ ਪਾਰਟੀ ਦੇ ਪੱਖ ਵਿਚ ਗਤੀਵਿਧੀਆਂ ਨੂੰ ਮਘਾਉਣ ਲਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਆਦਿ ਦੀ ਡਿਊਟੀ ਲਾਈ ਹੈ। ਇਨ੍ਹਾਂ ਆਗੂਆਂ ਨੂੰ ਵਿਧਾਨ ਸਭਾ ਹਲਕਾ ਵਾਰ ਮੁਹਿੰਮ ਚਲਾਉਣ ਅਤੇ ਪਿੰਡ ਪੱਧਰ ‘ਤੇ ਮੀਟਿੰਗਾਂ ਕਰਨ ਲਈ ਕਿਹਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਕੁਝ ਦਿਨ ਪਹਿਲਾਂ ਚੰਡੀਗੜ੍ਹ ‘ਚ ਹੋਈ ਮੀਟਿੰਗ ਦੌਰਾਨ ਬਰਨਾਲਾ ਤੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਆਗੂਆਂ ਨੂੰ ਬੁਲਾਇਆ ਗਿਆ ਸੀ ਤੇ ਉਨ੍ਹਾਂ ਨੂੰ ਢੀਂਡਸਿਆਂ ਖਿਲਾਫ ਮੁਹਿੰਮ ਵਿੱਢਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਅਕਾਲੀ ਦਲ ਨੂੰ ਖਦਸ਼ਾ ਹੈ ਕਿ ਢੀਂਡਸਾ ਪਿਤਾ-ਪੁੱਤਰ ਦੀ ਜੋੜੀ ਸਿਆਸੀ ਤੌਰ ‘ਤੇ ਉਨ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਬਰਨਾਲਾ ਤੇ ਸੰਗਰੂਰ ਜ਼ਿਲ੍ਹਿਆਂ ‘ਚ ਹੀ ਕਰ ਸਕਦੀ ਹੈ। ਪਾਰਟੀ ਵਿਚ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਲੰਮੇ ਸਮੇਂ ਤੱਕ ਨੁੱਕਰੇ ਲੱਗਾ ਰਿਹਾ ਹੈ। ਬਾਦਲਾਂ ਨੇ ਹੁਣ ਇਸ ਪਰਿਵਾਰ ਦੇ ਮੈਂਬਰਾਂ ਨੂੰ ਵੀ ਤਵੱਕੋ ਦੇਣੀ ਸ਼ੁਰੂ ਕਰ ਦਿੱਤੀ ਹੈ। ਅਕਾਲੀ ਦਲ ‘ਚ ਸਥਿਤੀ ਭਿਆਨਕ ਬਣੀ ਹੋਈ ਹੈ ਤੇ ਭਾਜਪਾ ਵਲੋਂ ਨਵੀਂ ਦਿੱਲੀ ਵਿਧਾਨ ਸਭਾ ਚੋਣਾਂ ‘ਚ ਦਿੱਤੇ ਝਟਕੇ ਪਿਛੋਂ ਅਕਾਲੀ ਆਗੂ ਨਾਮੋਸ਼ ਹਨ।
_________________________________
ਅਕਾਲੀ ਦਲ ਨੂੰ ਸਿਧਾਂਤਕ ਲੀਹ ‘ਤੇ ਪਾਵਾਂਗੇ: ਢੀਂਡਸਾ
ਮੋਗਾ: ਸਾਬਕਾ ਕੇਂਦਰੀ ਮੰਤਰੀ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਜੋਕੀ ਹਾਲਤ ਲਈ ਜਿਥੇ ਮੁੱਖ ਤੌਰ ‘ਤੇ ਸੁਖਬੀਰ ਬਾਦਲ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ, ਉਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਤਰ ਮੋਹ ਰਵੱਈਏ ‘ਤੇ ਘੇਸਲ ਵੱਟਣ ਲਈ ਕਸੂਰਵਾਰ ਵੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਮਖਿਆਲੀ ਅਕਾਲੀ ਦਲ ਟਕਸਾਲੀ, ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਅਤੇ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ ਨਾਲ ਸਾਂਝਾ ਫਰੰਟ ਬਣਾਉਣ ਦੀ ਤਜਵੀਜ਼ ਹੈ। ਉਨ੍ਹਾਂ ਦਾ ਮੁੱਖ ਮਕਸਦ ਚੰਗੀ ਸੋਚ ਦੇ ਧਾਰਨੀ ਨੌਜਵਾਨਾਂ ਨੂੰ ਅੱਗੇ ਲਿਆਉਣਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ ‘ਤੇ ਲਿਆਉਣਾ ਹੈ।